Source :- BBC PUNJABI

ਤਸਵੀਰ ਸਰੋਤ, Getty Images
ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਜਦੋਂ ਆਪਣੇ ਸਿਖਰ ‘ਤੇ ਸੀ, ਉਦੋਂ ਸ਼ੇਅਰ ਬਾਜ਼ਾਰ ਵਿੱਚ ਚੀਨੀ ਰੱਖਿਆ ਕੰਪਨੀਆਂ ਦੇ ਸ਼ੇਅਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲ ਰਹੀ ਸੀ।
ਖ਼ਾਸ ਕਰਕੇ, ਉਨ੍ਹਾਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਵਾਧਾ ਹੋਇਆ ਜੋ ਪਾਕਿਸਤਾਨ ਨੂੰ ਹਥਿਆਰ ਅਤੇ ਲੜਾਕੂ ਜਹਾਜ਼ ਸਪਲਾਈ ਕਰਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਐਵਿਕ ਚੇਂਗਦੂ ਏਅਰਕ੍ਰਾਫਟ ਕਾਰਪੋਰੇਸ਼ਨ ਹੈ, ਜੋ ਕਿ J-10ਸੀ ਲੜਾਕੂ ਜਹਾਜ਼ ਬਣਾਉਣ ਵਾਲੀ ਕੰਪਨੀ ਹੈ।
ਸ਼ੇਅਰ ਵਿੱਚ ਵਾਧੇ ਦੇ ਪਿੱਛੇ ਇੱਕ ਕਾਰਨ ਪਾਕਿਸਤਾਨ ਦਾ ਉਹ ਦਾਅਵਾ ਹੈ ਜਿਸ ਵਿੱਚ ਉਸ ਨੇ ‘ਭਾਰਤ ਦੇ ਰਾਫ਼ੇਲ ਨੂੰ ਡੇਗਣ ਲਈ ਜੇ-10ਸੀ ਲੜਾਕੂ ਜਹਾਜ਼ ਦੀ ਵਰਤੋਂ ਕਰਨ’ ਦੀ ਗੱਲ ਕਹੀ ਸੀ।
ਇਹ ਦਾਅਵਾ ਵਿਦੇਸ਼ ਮੰਤਰੀ ਇਸਹਾਕ ਡਾਰ ਨੇ 7 ਮਈ ਨੂੰ ਪਾਕਿਸਤਾਨ ਦੀ ਸੰਸਦ ਵਿੱਚ ਕੀਤਾ ਸੀ। ਭਾਰਤ ਨੇ ਪਾਕਿਸਤਾਨ ਦੇ ਦਾਅਵੇ ‘ਤੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਹੈ ਅਤੇ ਨਾ ਹੀ ਰਾਫ਼ੇਲ ਦੇ ਨੁਕਸਾਨ ਨੂੰ ਸਵੀਕਾਰ ਕੀਤਾ ਹੈ।
ਜਦੋਂ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੂੰ ਪਾਕਿਸਤਾਨ ਦੇ ਦਾਅਵੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ।
ਚੀਨ ਇਸ ਤੋਂ ਇਨਕਾਰ ਕਰ ਰਿਹਾ ਹੋ ਸਕਦਾ ਹੈ, ਪਰ ਟਕਰਾਅ ਦੌਰਾਨ ਇਹ ਇਸ ਗੱਲ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੋ ਸਕਦਾ ਹੈ ਕਿ ਜੰਗ ਦੌਰਾਨ ਪੱਛਮੀ ਹਥਿਆਰਾਂ ਦੇ ਵਿਰੁੱਧ ਉਸਦੇ ਹਥਿਆਰਾਂ ਨੇ ਕਿਵੇਂ ਪ੍ਰਦਰਸ਼ਨ ਕੀਤਾ।
ਬਲੂਮਬਰਗ ਇੰਟੈਲੀਜੈਂਸ ਦੇ ਰੱਖਿਆ ਮਾਹਰ ਏਰਿਕ ਝੂ ਨੇ ਕਿਹਾ, “ਜ਼ਿਆਦਾਤਰ ਆਧੁਨਿਕ ਘਰੇਲੂ ਤੌਰ ‘ਤੇ ਵਿਕਸਤ ਚੀਨੀ ਹਥਿਆਰਾਂ ਦਾ ਅਜੇ ਤੱਕ ਜੰਗੀ ਪਰੀਖਣ ਨਹੀਂ ਕੀਤਾ ਗਿਆ ਹੈ।”
“ਪਾਕਿਸਤਾਨ ਆਪਣੇ ਜ਼ਿਆਦਾਤਰ ਹਥਿਆਰ ਚੀਨ ਤੋਂ ਖਰੀਦ ਰਿਹਾ ਹੈ, ਇਸ ਲਈ ਉਨ੍ਹਾਂ ਦਾ ਜੰਗੀ ਪਰੀਖਣ ਕਰਵਾਉਣਾ ਉਨ੍ਹਾਂ ਦੀ ਨਿਰਯਾਤ ਸਮਰੱਥਾ ਨੂੰ ਵਧਾਉਣ ਦਾ ਇੱਕ ਮੌਕਾ ਹੈ।”
ਪਾਕਿਸਤਾਨ ਦੀ ਹਥਿਆਰਾਂ ਲਈ ਚੀਨ ‘ਤੇ ਨਿਰਭਰਤਾ

ਤਸਵੀਰ ਸਰੋਤ, Getty Images
ਚੀਨ ਨੇ ਪਿਛਲੇ ਚਾਰ ਦਹਾਕਿਆਂ ਵਿੱਚ ਕੋਈ ਵੱਡੀ ਜੰਗ ਨਹੀਂ ਲੜੀ। ਪਰ ਇਸ ਸਮੇਂ ਦੌਰਾਨ, ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਗਵਾਈ ਹੇਠ, ਚੀਨ ਨੇ ਆਪਣੀ ਫੌਜ ਨੂੰ ਮਜ਼ਬੂਤ ਕਰਨ ਅਤੇ ਆਧੁਨਿਕ ਹਥਿਆਰ ਵਿਕਸਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ।
ਚੀਨ ਨੇ ਇਹ ਹਥਿਆਰ ਪਾਕਿਸਤਾਨ ਨੂੰ ਵੀ ਸਪਲਾਈ ਕੀਤੇ ਹਨ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਸੀਆਈਪੀਆਰਆਈ ਜਿਸ ਨੂੰ ਸਿਪਰੀ ਵੀ ਕਿਹਾ ਜਾਂਦਾ ਹੈ) ਦੇ ਅੰਕੜਿਆਂ ਮੁਤਾਬਕ ਚੀਨ ਨੇ ਪਿਛਲੇ ਪੰਜ ਸਾਲਾਂ (2020-24) ਵਿੱਚ ਪਾਕਿਸਤਾਨ ਦੇ ਦਰਾਮਦ ਕੀਤੇ ਗਏ ਹਥਿਆਰਾਂ ਦਾ 81 ਫ਼ੀਸਦ ਸਪਲਾਈ ਕੀਤਾ ਹੈ।
ਪਾਕਿਸਤਾਨ ਨੇ 2020-24 ਤੋਂ 2015-19 ਤੱਕ ਹਥਿਆਰਾਂ ਦੀ ਦਰਾਮਦ ਵਿੱਚ 61 ਫ਼ੀਸਦ ਵਾਧਾ ਕੀਤਾ ਹੈ।
ਪਾਕਿਸਤਾਨ ਨੂੰ ਚੀਨ ਤੋਂ ਮਿਲਣ ਵਾਲੇ ਹਥਿਆਰਾਂ ਵਿੱਚ ਆਧੁਨਿਕ ਲੜਾਕੂ ਜਹਾਜ਼, ਮਿਜ਼ਾਈਲਾਂ, ਰਡਾਰ ਅਤੇ ਹਵਾਈ ਰੱਖਿਆ ਪ੍ਰਣਾਲੀ ਸ਼ਾਮਲ ਹਨ।
ਪਾਕਿਸਤਾਨ ਵਿੱਚ ਬਣੇ ਕੁਝ ਹਥਿਆਰਾਂ ਵਿੱਚ ਚੀਨ ਦੀ ਵੀ ਭੂਮਿਕਾ ਹੈ। ਇਹ ਜਾਂ ਤਾਂ ਚੀਨੀ ਕੰਪਨੀਆਂ ਵਲੋਂ ਬਣਾਏ ਗਏ ਹਨ ਜਾਂ ਇਨ੍ਹਾਂ ਵਿੱਚ ਚੀਨੀ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ।
ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹਥਿਆਰ ਦਰਾਮਦ ਕਰਨ ਵਾਲਾ ਦੇਸ਼ ਹੈ। ਹਾਲਾਂਕਿ, 2015-19 ਅਤੇ 2020-24 ਦੇ ਵਿਚਕਾਰ ਇਸਦੀ ਦਰਾਮਦ ਵਿੱਚ 9.3 ਫ਼ੀਸਦ ਦੀ ਗਿਰਾਵਟ ਆਈ ਹੈ।
ਪਿਛਲੇ ਪੰਜ ਸਾਲਾਂ ਵਿੱਚ ਭਾਰਤੀ ਹਥਿਆਰਾਂ ਦੀ ਦਰਾਮਦ ਦਾ ਸਭ ਤੋਂ ਵੱਡਾ ਹਿੱਸਾ (36 ਫ਼ੀਸਦ) ਰੂਸ ਤੋਂ ਆਇਆ ਹੈ, ਜੋ ਕਿ 2015-19 (55 ਫ਼ੀਸਦ) ਅਤੇ 2010-14 (72 ਫ਼ੀਸਦ) ਦੇ ਮੁਕਾਬਲੇ ਕਾਫ਼ੀ ਘੱਟ ਹੈ। ਭਾਰਤ ਨੂੰ ਫਰਾਂਸੀਸੀ ਹਥਿਆਰਾਂ ਦੇ ਨਿਰਯਾਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਹਿੱਸਾ (28 ਫ਼ੀਸਦ) ਮਿਲਿਆ।
ਸਿਪਰੀ ਆਰਮਜ਼ ਟ੍ਰਾਂਸਫਰ ਪ੍ਰੋਗਰਾਮ ਦੇ ਸੀਨੀਅਰ ਖੋਜਕਰਤਾ ਸੀਮਨ ਵੇਜ਼ਮੈਨ ਕਹਿੰਦੇ ਹਨ, “ਏਸ਼ੀਆ ਅਤੇ ਓਸ਼ੇਨੀਆ 2020-24 ਵਿੱਚ ਦੁਨੀਆ ਦੇ ਸਭ ਤੋਂ ਵੱਡੇ ਹਥਿਆਰ ਦਰਾਮਦ ਕਰਨ ਵਾਲੇ ਖੇਤਰ ਰਹੇ ਹਨ, ਜਿਵੇਂ ਕਿ 1990 ਦੇ ਦਹਾਕੇ ਦੀ ਸ਼ੁਰੂਆਤ ਤੋਂ ਤਕਰੀਬਨ ਹਮੇਸ਼ਾ ਹੁੰਦਾ ਆਇਆ ਹੈ,”
“ਜ਼ਿਆਦਾਤਰ ਖਰੀਦ ਪਿੱਛੇ ਚੀਨ ਨਾਲ ਸਬੰਧਤ ਖ਼ਤਰੇ ਦੀਆਂ ਧਾਰਨਾਵਾਂ ਦਾ ਹੋਣਾ ਸੀ।”
ਪਾਕਿਸਤਾਨ ਵਿੱਚ ਮੌਜੂਦ ਚੀਨੀ ਹਥਿਆਰ

ਤਸਵੀਰ ਸਰੋਤ, Getty Images
ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ 1965 ਦੀ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ ਸ਼ੁਰੂ ਹੋਇਆ ਸੀ, ਜਦੋਂ ਅਮਰੀਕੀ ਹਥਿਆਰਾਂ ਦੀਆਂ ਪਾਬੰਦੀਆਂ ਨੇ ਪਾਕਿਸਤਾਨ ਨੂੰ ਚੀਨ ਵੱਲ ਲਿਆ ਕੇ ਖੜਾ ਕਰ ਦਿੱਤਾ ਸੀ। ਚੀਨ ਨੇ ਲੜਾਕੂ ਜਹਾਜ਼, ਟੈਂਕ ਅਤੇ ਤੋਪਖਾਨੇ ਦੀ ਸਪਲਾਈ ਕੀਤੀ, ਜਿਸ ਨਾਲ ਲੰਬੇ ਸਮੇਂ ਦੇ ਸਬੰਧਾਂ ਦੀ ਨੀਂਹ ਰੱਖੀ ਗਈ।
ਸ਼ੀਤ ਯੁੱਧ ਤੋਂ ਬਾਅਦ ਇਹ ਭਾਈਵਾਲੀ ਹੋਰ ਡੂੰਘੀ ਹੋ ਗਈ, ਜਦੋਂ ਚੀਨ ਨੇ ਪਾਕਿਸਤਾਨ ਦੇ ਮੁੱਖ ਸਪਲਾਇਰ ਵਜੋਂ ਅਮਰੀਕਾ ਦੀ ਥਾਂ ਲੈ ਲਈ।
ਦੋਵਾਂ ਨੇ 1963 ਦੇ ਚੀਨ-ਪਾਕਿਸਤਾਨ ਸਮਝੌਤੇ ‘ਤੇ ਦਸਤਖਤ ਕੀਤੇ, ਜਿਸ ਨੇ ਸਰਹੱਦੀ ਵਿਵਾਦਾਂ ਨੂੰ ਹੱਲ ਕੀਤਾ ਅਤੇ 1966 ਵਿੱਚ ਫੌਜੀ ਸਹਾਇਤਾ ਸ਼ੁਰੂ ਕਰ ਦਿੱਤੀ ਗਈ। ਹੁਣ ਪਾਕਿਸਤਾਨ ਵਿੱਚ ਚੀਨੀ ਹਥਿਆਰਾਂ ਦਾ ਇੱਕ ਵੱਡਾ ਹਿੱਸਾ ਹੈ।
ਲੜਾਕੂ ਜਹਾਜ਼: ਪਾਕਿਸਤਾਨ ਚੀਨੀ ਜੇ-10ਸੀ ਅਤੇ ਜੇਐੱਫ਼-17 ਥੰਡਰ ਲੜਾਕੂ ਜਹਾਜ਼ਾਂ ਦੀ ਵਰਤੋਂ ਕਰਦਾ ਹੈ। ਜੇ-10ਸੀ ਚੀਨੀ ਕੰਪਨੀ ਚੇਂਗਦੂ ਏਅਰਕ੍ਰਾਫਟ ਕਾਰਪੋਰੇਸ਼ਨ ਵਲੋਂ ਨਿਰਮਿਤ ਹੈ, ਜਦੋਂ ਕਿ ਜੇਐੱਫ਼ -17 ਥੰਡਰ ਚੀਨ ਅਤੇ ਪਾਕਿਸਤਾਨ ਵਲੋਂ ਸਾਂਝੇ ਤੌਰ ‘ਤੇ ਵਿਕਸਤ ਕੀਤਾ ਗਿਆ ਹੈ।
ਮਿਜ਼ਾਈਲ: ਸੋਮਵਾਰ ਨੂੰ, ਭਾਰਤੀ ਫ਼ੌਜ ਨੇ ਆਪਣੀ ਪ੍ਰੈਸ ਕਾਨਫ਼ਰੰਸ ਵਿੱਚ ਇੱਕ ਸੰਭਾਵਿਤ ਪੀਐੱਲ-15 ਮਿਜ਼ਾਈਲ ਦੇ ਬਾਕੀ ਬਚੇ ਹਿੱਸੇ ਦਿਖਾਏ।
ਫ਼ੌਜ ਦਾ ਦਾਅਵਾ ਹੈ ਕਿ ਇਸਨੂੰ ਸਫਲ ਹੋਣ ਤੋਂ ਪਹਿਲਾਂ ਹੀ ਮਾਰ ਸੁੱਟਿਆ ਗਿਆ। ਪੀਐੱਲ-15 ਇੱਕ ਚੀਨੀ ਮਿਜ਼ਾਈਲ ਹੈ ਜੋ ਪਾਕਿਸਤਾਨ ਇਸਤੇਮਾਲ ਕਰਦਾ ਹੈ। ਏਵੀਏਸ਼ਨ ਇੰਡਸਟਰੀ ਕਾਰਪੋਰੇਸ਼ਨ ਆਫ਼ ਚਾਈਨਾ (ਏਵੀਆਈਸੀ) ਦੁਆਰਾ ਵਿਕਸਤ, ਪੀਐੱਲ-15 ਇੱਕ ਲੰਬੀ ਦੂਰੀ ਦੀ ਰਾਡਾਰ-ਨਿਰਦੇਸ਼ਿਤ ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਹੈ।

ਡਰੋਨ: ਰੱਖਿਆ ਖੇਤਰ ਵਿੱਚ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਪਾਕਿਸਤਾਨ ਨੇ ਚੀਨ ਅਤੇ ਤੁਰਕੀ ਤੋਂ ਆਧੁਨਿਕ ਤਕਨਾਲੋਜੀ ਨਾਲ ਲੈਸ ਡਰੋਨ ਖਰੀਦੇ ਹਨ। ਇਨ੍ਹਾਂ ਵਿੱਚ ਚੀਨ ਦੇ ਸੀਐੱਚ-4 ਅਤੇ ਵਿੰਗ ਲੂੰਗ-II ਡਰੋਨ ਅਤੇ ਤੁਰਕੀ ਦੇ ਬਿਯਾਰਕਤਾਰ ਟੀਬੀ2 ਅਤੇ ਅਕਿੰਚੀ ਡਰੋਨ ਸ਼ਾਮਲ ਹਨ।
ਹਵਾਈ ਰੱਖਿਆ ਪ੍ਰਣਾਲੀ: ਪਾਕਿਸਤਾਨ ਕੋਲ ਚੀਨ ਵਿੱਚ ਬਣੇ ਐੱਚਕਿਊ, ਐੱਚਕਿਊ-16 ਅਤੇ ਐੱਫ਼ਐੱਨ-16 ਵਰਗੀਆਂ ਹਵਾਈ ਰੱਖਿਆ ਪ੍ਰਣਾਲੀਆਂ ਹਨ। ਇਨ੍ਹਾਂ ਵਿੱਚੋਂ, ਐੱਚਕਿਊ-9 ਨੂੰ ਪਾਕਿਸਤਾਨ ਨੇ ਸਾਲ 2021 ਵਿੱਚ ਹਥਿਆਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ। ਇਸਨੂੰ ਰੂਸ ਦੇ ਐੱਸ-300 ਦੇ ਬਰਾਬਰ ਮੰਨਿਆ ਜਾਂਦਾ ਹੈ ।
ਇਸ ਤੋਂ ਇਲਾਵਾ, ਪਾਕਿਸਤਾਨ ਨੇ 2015 ਵਿੱਚ ਚੀਨ ਨਾਲ ਅੱਠ ਹੰਗਰ ਕਲਾਸ ਪਣਡੁੱਬੀਆਂ ਲਈ ਇੱਕ ਸੌਦਾ ਕੀਤਾ ਸੀ। ਇਸ ਦੇ ਨਾਲ ਹੀ ਦੋਵਾਂ ਨੇ ਮਿਲ ਕੇ ਅਲ-ਖਾਲਿਦ ਟੈਂਕ ਵੀ ਬਣਾਇਆ ਹੈ ।
ਰੱਖਿਆ ਮਾਹਰ ਰਾਹੁਲ ਬੇਦੀ ਕਹਿੰਦੇ ਹਨ, “ਚੀਨ-ਪਾਕਿਸਤਾਨ ਸਬੰਧ ਦਹਾਕਿਆਂ ਪੁਰਾਣੇ ਹਨ ਅਤੇ ਸਮੇਂ ਦੇ ਨਾਲ ਮਜ਼ਬੂਤ ਹੁੰਦੇ ਜਾ ਰਹੇ ਹਨ। ਚੀਨ ਨੇ ਕਈ ਵਾਰ ਪਾਕਿਸਤਾਨ ਨੂੰ ਆਪਣਾ ਜੁੜਵਾਂ ਭਰਾ ਦੱਸਿਆ ਹੈ।”
“ਹਾਲੀਆ ਯੁੱਧ ਵਿੱਚ, ਪਾਕਿਸਤਾਨ ਨੇ ਚੀਨ ਦੀ ਪੀਐੱਲ-15 ਮਿਜ਼ਾਈਲ ਦੀ ਵਰਤੋਂ ਕੀਤੀ ਹੈ, ਜਿਸਦਾ ਜਵਾਬ ਬਹੁਤ ਸਾਰੇ ਪੱਛਮੀ ਦੇਸ਼ਾਂ ਕੋਲ ਨਹੀਂ ਹੈ। ਰੱਖਿਆ ਖੇਤਰ ਤੋਂ ਇਲਾਵਾ, ਪਾਕਿਸਤਾਨ ਚੀਨ ਦੇ ਵਨ ਬੈਲਟ ਵਨ ਰੋਡ ਪ੍ਰੋਜੈਕਟ ਅਤੇ ਗਵਾਦਰ ਬੰਦਰਗਾਹ ਲਈ ਵੀ ਬਹੁਤ ਮਹੱਤਵਪੂਰਨ ਹੈ।”
ਭਾਰਤ-ਪਾਕਿਸਤਾਨ ਟਕਰਾਅ ਵਿੱਚ ਚੀਨ

ਤਸਵੀਰ ਸਰੋਤ, Getty Images
1947 ਵਿੱਚ ਆਜ਼ਾਦੀ ਤੋਂ ਬਾਅਦ, ਭਾਰਤ ਅਤੇ ਪਾਕਿਸਤਾਨ ਕਸ਼ਮੀਰ ਮੁੱਦੇ ‘ਤੇ ਤਿੰਨ ਜੰਗਾਂ ਲੜ ਚੁੱਕੇ ਹਨ। ਸ਼ੀਤ ਯੁੱਧ ਦੌਰਾਨ, ਸੋਵੀਅਤ ਯੂਨੀਅਨ ਨੇ ਭਾਰਤ ਦਾ ਸਮਰਥਨ ਕੀਤਾ ਜਦੋਂ ਕਿ ਅਮਰੀਕਾ ਅਤੇ ਚੀਨ ਪਾਕਿਸਤਾਨ ਦੇ ਨਾਲ ਖੜ੍ਹੇ ਸਨ।
ਗ਼ੈਰ-ਗਠਜੋੜ ਦੀ ਆਪਣੀ ਰਵਾਇਤੀ ਨੀਤੀ ਦੇ ਬਾਵਜੂਦ, ਭਾਰਤ ਅਮਰੀਕਾ ਦੇ ਨੇੜੇ ਜਾਪਦਾ ਹੈ ਕਿਉਂਕਿ ਅਮਰੀਕਾ ਨੂੰ ਲੱਗਦਾ ਹੈ ਕਿ ਏਸ਼ੀਆ ਵਿੱਚ ਚੀਨ ਦੇ ਦਬਦਬੇ ਕਾਰਨ ਭਾਰਤ ਨੂੰ ਆਪਣੇ ਪਾਸੇ ਰੱਖਣਾ ਬਿਹਤਰ ਹੋਵੇਗਾ।
ਭਾਰਤ ਨੇ ਅਮਰੀਕਾ, ਫਰਾਂਸ ਅਤੇ ਇਜ਼ਰਾਈਲ ਸਣੇ ਹੋਰ ਸਹਿਯੋਗੀਆਂ ਤੋਂ ਹਥਿਆਰਾਂ ਦੀ ਖਰੀਦ ਵਧਾਈ ਹੈ ਅਤੇ ਰੂਸ ‘ਤੇ ਆਪਣੀ ਨਿਰਭਰਤਾ ਘਟਾਈ ਹੈ।
ਪ੍ਰੋਫੈਸਰ ਹਰਸ਼ ਵੀ.ਪੰਤ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਉਪ-ਪ੍ਰਧਾਨ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਟਕਰਾਅ ਨੂੰ ਅਮਰੀਕਾ-ਚੀਨ ਸ਼ਕਤੀ ਸੰਤੁਲਨ ਦੇ ਦ੍ਰਿਸ਼ਟੀਕੋਣ ਤੋਂ ਵੀ ਦੇਖਿਆ ਜਾਣਾ ਚਾਹੀਦਾ ਹੈ।
ਪ੍ਰੋਫ਼ੈਸਰ ਹਰਸ਼ ਵੀ. ਪੰਤ ਲਿਖਦੇ ਹਨ , “ਭਾਰਤ ਅਤੇ ਪਾਕਿਸਤਾਨ ਵਿਚਕਾਰ ਇਸ ਟਕਰਾਅ ਦਾ ਵਿਸ਼ਲੇਸ਼ਣ ਅਮਰੀਕਾ-ਚੀਨ ਸ਼ਕਤੀ ਸੰਤੁਲਨ ਦੇ ਨਜ਼ਰੀਏ ਤੋਂ ਵੀ ਕੀਤਾ ਜਾ ਸਕਦਾ ਹੈ।”
“ਜੰਗਬੰਦੀ ਲਈ ਅਮਰੀਕਾ ਦੇ ਯਤਨਾਂ ਨੂੰ ਇਸ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ ਕਿ ਅਮਰੀਕਾ ਭਾਰਤ ਨੂੰ ਨਾ ਸਿਰਫ਼ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਇੱਕ ਰਣਨੀਤਕ ਭਾਈਵਾਲ ਵਜੋਂ ਦੇਖਦਾ ਹੈ, ਸਗੋਂ ਇੱਕ ਮਹੱਤਵਪੂਰਨ ਵਪਾਰਕ ਭਾਈਵਾਲ ਵਜੋਂ ਵੀ ਦੇਖਦਾ ਹੈ। ਇਸ ਲਈ, ਅਮਰੀਕਾ ਨਹੀਂ ਚਾਹੇਗਾ ਕਿ ਭਾਰਤ ਆਪਣੀ ਊਰਜਾ, ਸਰੋਤ ਅਤੇ ਸਮਾਂ ਪਾਕਿਸਤਾਨ ‘ਤੇ ਬਰਬਾਦ ਕਰੇ।”
“ਇਸ ਦੌਰਾਨ, ਚੀਨ ਪਾਕਿਸਤਾਨ ਦਾ ਸਮਰਥਨ ਕਰਦਾ ਦਿਖਾਈ ਦਿੱਤਾ। ਪਾਕਿਸਤਾਨ ਨੇ ਨਾ ਸਿਰਫ਼ ਚੀਨੀ ਹਥਿਆਰਾਂ ਦੀ ਵਰਤੋਂ ਕੀਤੀ, ਸਗੋਂ ਚੀਨ ਨੇ ਜਨਤਕ ਬਿਆਨਾਂ ਰਾਹੀਂ ਵੀ ਇਸਦਾ ਸਮਰਥਨ ਕੀਤਾ।”
ਪਾਕਿਸਤਾਨ ਦੇ ਜ਼ਿਆਦਾਤਰ ਹਥਿਆਰ ਚੀਨ ਤੋਂ ਖਰੀਦੇ ਜਾਂਦੇ ਹਨ ਅਤੇ ਭਾਰਤ ਨੂੰ ਆਪਣੇ ਅੱਧੇ ਤੋਂ ਵੱਧ ਹਥਿਆਰ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਤੋਂ ਲੈਂਦਾ ਹੈ। ਇਸ ਲਈ, ਰਾਹੁਲ ਬੇਦੀ ਅਸਿੱਧੇ ਤੌਰ ‘ਤੇ ਇਸ ਟਕਰਾਅ ਨੂੰ ਚੀਨ ਅਤੇ ਪੱਛਮੀ ਦੇਸ਼ਾਂ ਵਿਚਕਾਰ ਟਕਰਾਅ ਵਜੋਂ ਵੇਖਦੇ ਹਨ।
ਰਾਹੁਲ ਬੇਦੀ ਦੱਸਦੇ ਹਨ, “ਭਾਵੇਂ ਪਾਕਿਸਤਾਨ ਜੰਗ ਲੜ ਰਿਹਾ ਸੀ, ਇਹ ਸਮਾਂ ਪੱਛਮੀ ਦੇਸ਼ਾਂ ਦੇ ਹਥਿਆਰਾਂ ਦੇ ਵਿਰੁੱਧ ਚੀਨ ਦੇ ਹਥਿਆਰਾਂ ਦੀ ਪਰਖ ਕਰਨ ਦਾ ਸੀ।”
“ਇਹ ਸ਼ਾਇਦ ਪਹਿਲੀ ਵਾਰ ਹੈ ਜਦੋਂ ਜੰਗ ਦੌਰਾਨ ਪੀਐੱਲ-15 ਮਿਜ਼ਾਈਲ ਦੇਖੀ ਗਈ ਹੈ। ਇਸ ਤੋਂ ਇਲਾਵਾ, ਚੀਨ ਦੇ ਲੜਾਕੂ ਜਹਾਜ਼ਾਂ ਨੂੰ ਫਰਾਂਸ ਦੇ ਬਣੇ ਰਾਫ਼ੇਲ ਨਾਲ ਵੀ ਮੁਕਾਬਲਾ ਕਰਨਾ ਪਿਆ।”
ਚੀਨ ਨੇ ਪਾਕਿਸਤਾਨ ਵਿਰੁੱਧ ਭਾਰਤ ਦੇ ਫ਼ੌਜੀ ਹਮਲਿਆਂ ‘ਤੇ ਅਫਸੋਸ ਪ੍ਰਗਟ ਕੀਤਾ ਹੈ ਅਤੇ ਸ਼ਾਂਤੀ ਅਤੇ ਸੰਜਮ ਦੀ ਅਪੀਲ ਕੀਤੀ ਹੈ।
ਹਾਲੀਆ ਝੜਪ ਤੋਂ ਪਹਿਲਾਂ, ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਆਪਣੇ ਹਮਰੁਤਬਾ ਨਾਲ ਫ਼ੋਨ ‘ਤੇ ਪਾਕਿਸਤਾਨ ਦਾ ਸਮਰਥਨ ਜ਼ਾਹਰ ਕੀਤਾ ਅਤੇ ਚੀਨ ਨੂੰ ਪਾਕਿਸਤਾਨ ਦਾ ‘ਅਡੋਲ ਦੋਸਤ’ ਦੱਸਿਆ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI