Home ਰਾਸ਼ਟਰੀ ਖ਼ਬਰਾਂ ‘ਮੁਹੱਬਤ ਸਾਰੇ ਦਰਵਾਜ਼ੇ ਖੋਲ੍ਹਣ ‘ਤੇ ਮਜਬੂਰ ਕਰਦੀ ਹੈ’ ਭਾਰਤ-ਪਾਕ ਤਣਾਅ ਦਾ ਸੰਤਾਪ...

‘ਮੁਹੱਬਤ ਸਾਰੇ ਦਰਵਾਜ਼ੇ ਖੋਲ੍ਹਣ ‘ਤੇ ਮਜਬੂਰ ਕਰਦੀ ਹੈ’ ਭਾਰਤ-ਪਾਕ ਤਣਾਅ ਦਾ ਸੰਤਾਪ ਇਨ੍ਹਾਂ ਔਰਤਾਂ ਨੂੰ ਕਿਵੇਂ ਭੋਗਣਾ ਪੈਂਦਾ

6
0

Source :- BBC PUNJABI

ਸ਼ਾਹੀਦਾ ਇਦਰੀਸ

“ਤੁਸੀਂ ਹੁਣ ਤੱਕ ਨਹੀਂ ਸੁਣਿਆ ਹੋਵੇਗਾ ਕਿ ਕਿਸੇ ਪਿਓ ਨੂੰ ਸਰਹੱਦਾਂ ਉੱਤੇ ਰੋਕਿਆ ਗਿਆ ਹੋਵੇ ਬਹੁਤੀਆਂ ਮਾਵਾਂ ਨੂੰ ਹੀ ਰੋਕਿਆ ਜਾ ਰਿਹਾ ਹੈ।”

“ਜੇਕਰ ਮੇਰੇ ਨਾਲ ਅਜਿਹਾ ਹੁੰਦਾ ਤਾਂ ਮੈਂ ਆਪਣੇ ਬੱਚੇ ਨੂੰ ਛੱਡ ਕੇ ਕਿਵੇਂ ਜਾਂਦੀ।”

“ਸਾਡੀ ਹਕੂਮਤ ਨੂੰ ਅਪੀਲ ਹੈ ਕਿ ਜਾਂ ਤਾਂ ਸਾਨੂੰ ਇੱਥੇ ਰੱਖ ਲਵੋਂ ਜਾਂ ਮੇਰੇ ਨਾਲ ਮੇਰੇ ਪਰਿਵਾਰ ਨੂੰ ਰਵਾਨਾ ਕਰ ਦੇਣ। ਦੋਵਾਂ ਵਿਚੋਂ ਇੱਕ ਕੰਮ ਕਰ ਦੇਣ। ਮੈਂ ਆਪਣੇ ਪਰਿਵਾਰ ਨੂੰ ਕਿਉਂ ਛੱਡਾਂ। ਕੋਈ ਵੀ ਆਪਣੇ ਪਰਿਵਾਰ ਨੂੰ ਕਿਉਂ ਛੱਡੇ।”

ਪਾਕਿਸਤਾਨੀ ਦੇ ਸ਼ਹਿਰ ਕਰਾਚੀ ਵਿੱਚ ਜਨਮੀ 61 ਸਾਲਾ ਸ਼ਾਹੀਦਾ ਇਦਰੀਸ ਪਿਛਲੇ ਕਰੀਬ 22 ਸਾਲਾਂ ਤੋਂ ਪੰਜਾਬ ਦੇ ਮਲੇਰਕੋਟਲਾ ਸ਼ਹਿਰ ਵਿੱਚ ਰਹਿ ਰਹੇ ਹਨ।

ਉਨ੍ਹਾਂ ਦਾ ਸਾਲ 2002 ਵਿੱਚ ਮਲੇਰਕੋਟਲਾ ਦੇ ਅਦਰੀਸ ਖ਼ਾਨ ਨਾਲ ਵਿਆਹ ਹੋਇਆ ਸੀ।

ਵਿਆਹ ਦੇ ਇੰਨੇ ਸਾਲਾਂ ਬਾਅਦ ਵੀ ਸ਼ਾਹੀਦਾ ਨੂੰ ਭਾਰਤੀ ਨਾਗਰਿਕਤਾ ਨਹੀਂ ਮਿਲੀ ਹੈ ਤੇ ਉਹ ਲੌਂਗ ਟਰਮ ਵੀਜ਼ਾ ਉੱਤੇ ਭਾਰਤ ਵਿੱਚ ਰਹਿ ਰਹੇ ਹਨ।

22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਨਾਲ ਦੌਰਾਨ 26 ਮੌਤਾਂ ਹੋਈਆਂ ਹਨ। ਜਿਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਪੈਦਾ ਹੋ ਗਿਆ।

ਦੋਵਾਂ ਮੁਲਕਾਂ ਦੇ ਇੱਕ ਦੂਜੇ ਖ਼ਿਲਾਫ਼ ਕਈ ਕੂਟਨੀਤਿਕ ਫੈਸਲੇ ਲਏ ਹਨ। ਜਿਨ੍ਹਾਂ ਵਿੱਚ ਸਿੰਧੂ ਜਲ ਸਮਝੌਤਾ ਮੁਅੱਤਲ ਕਰਨਾ, ਅਟਾਰ ਬਾਹਗਾ ਬਾਰਡਰ ਬੰਦ ਕਰਨਾ ਅਤੇ ਇੱਕ ਦੂਜੇ ਦੇ ਨਾਗਰਿਕਾਂ ਦੇ ਵੀਜ਼ੇ ਰੱਦ ਕਰਕੇ ਤੁਰੰਤ ਸਵਦੇਸ਼ ਪਰਤਣ ਲਈ ਕਹਿਣਾ ਸ਼ਾਮਲ ਹੈ।

ਹਾਲਾਂਕਿ ‘ਲੌਂਗ ਟਰਮ ਵੀਜ਼ਾ’ ਅਤੇ ਡਿਪਲੋਮੈਟਿਕ ਵੀਜ਼ਾ ਵਾਲਿਆਂ ਨੂੰ ਛੋਟ ਦਿੱਤੀ ਗਈ ਹੈ।

ਦੋਵਾਂ ਮੁਲਕਾਂ ਦੇ ਫੈਸਲੇ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਸੈਂਕੜੇ ਲੋਕ ਆਪੋ-ਆਪਣੇ ਮੁਲਕਾਂ ਨੂੰ ਵਾਪਸ ਪਰਤ ਚੁੱਕੇ ਹਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

ਭਾਰਤ ਅਤੇ ਪਾਕਿਸਤਾਨ ਦਰਮਿਆਨ ਪੈਦਾ ਹੋਏ ਹਾਲਾਤ ਦਾ ਖ਼ਮਿਆਜ਼ਾ ਉਨ੍ਹਾਂ ਔਰਤਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ, ਜੋ ਸਰਹੱਦ ਦੇ ਆਰ-ਪਾਰ ਵਿਆਹੀਆਂ ਹੋਈਆਂ ਹਨ।

ਇਹ ਔਰਤਾਂ ਉਸ ਮੁਲਕ ਵਿੱਚ ਵਾਪਸ ਜਾਣਾ ਚਾਹੁੰਦੀਆਂ ਸਨ, ਜਿੱਥੇ ਉਨ੍ਹਾਂ ਦਾ ਵਿਆਹ ਹੋਇਆ ਸੀ।

ਸ਼ਾਹੀਦਾ ਨੇ ਦੱਸਿਆ ਕਿ ਉਨ੍ਹਾਂ ਨੇ 26 ਅਪ੍ਰੈਲ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵਿੱਚ ਆਪਣੀ ਬਿਮਾਰ ਮਾਸੀ ਨੂੰ ਮਿਲਣ ਲਈ ਜਾਣਾ ਸੀ ਪਰ ਪਹਿਲਗਾਮ ਹਮਲੇ ਤੋਂ ਬਾਅਦ ਉਹ ਹੁਣ ਨਹੀਂ ਜਾ ਰਹੇ।

ਸ਼ਾਹੀਦਾ ਨੂੰ ਫ਼ਿਕਰ ਹੈ ਕਿ ਉਹ ਆਪਣੀ ਬੀਮਾਰ ਮਾਸੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਮਿਲ ਸਕਣਗੇ ਜਾ ਨਹੀਂ।

ਮਲੇਰਕੋਟਲਾ ਰਹਿ ਰਹੇ ਸ਼ਾਹੀਦਾ ਨੇ ਦੱਸਿਆ, “ਮੈਨੂੰ ਡਰ ਸੀ ਕਿ ਮੈਨੂੰ ਵੀ ਜਾਣ ਲਈ ਨਾ ਕਹਿ ਦਿੱਤਾ ਜਾਵੇ, ਪਰ ਮੈਨੂੰ ਭਰੋਸਾ ਦਿੱਤਾ ਗਿਆ ਹੈ ਕਿ ਮੈਂ ਰਹਿ ਸਕਦੀ ਹਾਂ।”

ਸ਼ਾਹੀਦਾ ਇਦਰੀਸ

ਕਰੀਬ 22 ਸਾਲਾਂ ਦੌਰਾਨ ਲਗਾਤਾਰ ਜਾਂਦੇ ਰਹੇ ਪਾਕਿਸਤਾਨ

ਸ਼ਾਹੀਦਾ ਦੱਸਦੇ ਹਨ ਕਿ ਇਨ੍ਹਾਂ 22-23 ਸਾਲਾਂ ਦੌਰਾਨ ਉਹ ਲਗਾਤਾਰ ਭਾਰਤ ਤੋਂ ਪਾਕਿਸਤਾਨ ਜਾਂਦੀ ਰਹੀ ਹੈ ਅਤੇ ਆਪਣੇ ਪਰਿਵਾਰ ਨੂੰ ਮਿਲਦੀ ਰਹੀ ਹੈ।

ਇਸ ਦੌਰਾਨ ਉਨ੍ਹਾਂ ਨੂੰ ਭਾਰਤ ਪਾਕਿਸਤਾਨ ਸਬੰਧਾਂ ਵਿੱਚ ਤਣਾਅ ਦੇ ਦੋ ਮੌਕਿਆਂ ਤੋਂ ਇਲਾਵਾ ਕੋਈ ਦਿੱਕਤ ਨਹੀਂ ਆਈ।

ਇਹ ਵੀ ਪੜ੍ਹੋ-

ਭਾਰਤੀ ਨਾਗਰਿਕਤਾ ਲਈ ਜੱਦੋ-ਜਹਿਦ

ਸ਼ਾਹੀਦਾ ਦੱਸਦੇ ਹਨ ਕਿ ਉਨ੍ਹਾਂ ਨੇ ਵਿਆਹ ਤੋਂ 7 ਸਾਲਾਂ ਬਾਅਦ ਭਾਰਤੀ ਨਾਗਰਿਕਤਾ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਕਈ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਉਹ ਸਫ਼ਲ ਨਹੀਂ ਹੋਈ।

ਉਹ ਦੱਸਦੇ ਹਨ, “ਵਿਆਹ ਤੋਂ ਸੱਤ ਸਾਲ ਬਾਅਦ ਨਾਗਰਿਕਤਾ ਲਈ ਅਪਲਾਈ ਕੀਤਾ ਸੀ। ਪਰ ਕੋਈ ਜਵਾਬ ਨਹੀਂ ਆਇਆ।ਫਾਈਲ ਅੱਗੇ ਨਹੀਂ ਵਧੀ ਇਸ ਤੋਂ ਬਾਅਦ ਦੁਬਾਰਾ ਅਪਲਾਈ ਨਹੀਂ ਕੀਤਾ, ਕਿਉਂਕਿ ਸਾਨੂੰ ‘ਨੌਰੀ’ ਆਸਾਨੀ ਨਾਲ ਮਿਲ ਜਾਂਦਾ ਸੀ।”

ਸ਼ਾਹੀਦਾ ਨੇ ਜਦੋਂ ਉਸਨੂੰ ਪਾਕਿਸਤਾਨ ਆਪਣੇ ਪਰਿਵਾਰਕ ਮੈਂਬਰਾਂ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਜਾਣਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਭਾਰਤ ਸਰਕਾਰ ਤੋਂ ‘ਨੌਰੀ’ ਵੀਜ਼ਾ (ਨੋ ਓਬਜੈਕਸ਼ਨ ਟੂ ਰਿਟਰਨ ਟੂ ਇੰਡੀਆ) ਲੈਣਾ ਪੈਂਦਾ ਹੈ।

ਜਾਣਕਾਰਾਂ ਮੁਤਾਬਕ ‘ਨੌਰੀ ਵੀਜ਼ਾ’ ਗ੍ਰਹਿ ਮੰਤਰਾਲੇ ਅਧੀਨ ਵਿਦੇਸ਼ੀ ਰਜਿਸਟ੍ਰੇਸ਼ਨ ਦਫ਼ਤਰ (ਐੱਫਆਰਓ) ਵੱਲੋਂ ਉਨ੍ਹਾਂ ਪਾਕਿਸਤਾਨੀ ਔਰਤਾਂ ਨੂੰ ਜਾਰੀ ਕੀਤਾ ਜਾਂਦਾ ਹੈ ਜੋ ਭਾਰਤੀ ਮਰਦਾਂ ਨਾਲ ਵਿਆਹ ਕਰਦੀਆਂ ਹਨ। ਇਹ ਵੀਜ਼ਾ ਆਮ ਤੌਰ ‘ਤੇ ਵੱਧ ਤੋਂ ਵੱਧ 90 ਦਿਨਾਂ ਦੀ ਮਿਆਦ ਲਈ ਦਿੱਤਾ ਜਾਂਦਾ ਹੈ।

ਸ਼ਾਹੀਦਾ ਦੱਸਦੇ ਹਨ ਕਿ ਜਦੋਂ ਉਹ ਵਿਆਹ ਤੋਂ ਬਾਅਦ ਪਹਿਲੀ ਵਾਰੀ ਭਾਰਤ ਆਏ ਤਾਂ ਉਨ੍ਹਾਂ ਨੇ ਵਿਜ਼ੀਟਰ ਵੀਜ਼ਾ ਲਿਆ ਸੀ। ਇਸ ਮਗਰੋਂ ਉਨ੍ਹਾਂ ਦਾ ਲੌਂਗ ਟਰਮ ਵੀਜ਼ਾ (ਐੱਲਟੀਏ) ਲੱਗ ਗਿਆ। ਦੋ ਸਾਲ ਲਈ ਲੱਗਦੇ ਇਸ ਵੀਜ਼ਾ ਦੀ ਮਿਆਦ ਖ਼ਤਮ ਹੋਣ ਮਗਰੋਂ ਵਧਵਾਉਣੀ ਪੈਂਦੀ ਹੈ।

‘ਰਿਸ਼ਤੇ ਤਾਂ ਸਰਹੱਦ ਦੇ ਦੋਵੇਂ ਪਾਸੇ ਹਨ’

ਤਾਹਿਰਾ ਅਹਿਮਦ

ਸ਼ਾਹੀਦਾ ਦੱਸਦੀ ਹੈ ਕਿ ਉਨ੍ਹਾਂ ਦੇ ਪਰਿਵਾਰਾਂ ਵਿੱਚ ਰਿਵਾਜ ਹੈ ਕਿ ਰਿਸ਼ਤੇ ਅਕਸਰ ਪਰਿਵਾਰਾਂ ਵਿੱਚ ਜਾਂ ਰਿਸ਼ਤੇਦਾਰੀਆਂ ਵਿੱਚ ਹੀ ਹੁੰਦੇ ਹਨ।

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਤੀ ਇਦਰੀਸ ਉਨ੍ਹਾਂ ਦੀ ਮਾਸੀ ਦੇ ਪੁੱਤਰ ਹਨ।

“ਵਿਆਹ ਵਾਸਤੇ ਇਦਰੀਸ ਅਤੇ ਮੇਰੀ ਸੱਸ ਮਲੇਰਕੋਟਲੇ ਤੋਂ ਕਰਾਚੀ ਆਏ ਸਨ। ਇਦਰੀਸ਼ ਦਾ ਸਾਰਾ ਨਾਨਕਾ ਪਰਿਵਾਰ ਉੱਥੇ ਸੀ।”

‘ਮੁਹੱਬਤ ਸਾਰੇ ਦਰਵਾਜ਼ੇ ਖੋਲ੍ਹਣ ‘ਤੇ ਮਜਬੂਰ ਕਰਦੀ ਹੈ’

ਗੁਰਦਾਸਪੁਰ ਦੇ ਤਾਹਿਰਾ ਅਹਿਮਦ – ਮਕਬੂਲ ਅਹਿਮਦ ਦੀ ਕਹਾਣੀ ਵੀ ਔਕੜਾਂ ਭਰੀ ਹੈ।

ਪਾਕਿਸਤਾਨੀ ਨਾਗਰਿਕ ਤਾਹਿਰਾ ਅਹਿਮਦ ਨੇ ਮਕਬੂਲ ਨਾਲ ਸਾਲ 2003 ਵਿੱਚ ਵਿਆਹ ਕਰਵਾਇਆ ਸੀ।

ਜਦੋਂ ਵੀ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧਦਾ ਸੀ, ਉਨ੍ਹਾਂ ਨੂੰ ਇਹ ਡਰ ਰਹਿੰਦਾ ਸੀ ਕਿ ਕਿਤੇ ਉਨ੍ਹਾਂ ਨੂੰ ਵਾਪਸ ਨਾ ਭੇਜ ਦਿੱਤਾ ਜਾਵੇ

ਹਾਲਾਂਕਿ ਮਕਬੂਲ ਦੀ ਪਤਨੀ ਤਾਹਿਰਾ ਨੇ ਹੁਣ ਭਾਰਤੀ ਨਾਗਰਿਕਤਾ ਪ੍ਰਾਪਤ ਕਰ ਲਈ ਹੈ।

ਆਪਣੇ ਵਿਆਹ ਸਮੇਂ ਦੇ ਹਾਲਾਤ ਬਾਰੇ ਉਹ ਦੱਸਦੇ ਹਨ, “ਮੇਰਾ ਆਪਣਾ ਵਿਆਹ ਦੋ ਸਾਲਾਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ ਜਦੋਂ ਭਾਰਤੀ ਸੰਸਦ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਮੈਨੂੰ 2003 ਵਿੱਚ ਇਕੱਲੀ ਭਾਰਤ ਆਉਣਾ ਪਿਆ ਅਤੇ ਫਿਰ ਮੇਰਾ ਵਿਆਹ ਹੋਇਆ।”

ਉਨ੍ਹਾਂ ਨੂੰ ਆਸ ਹੈ ਕਿ ਹਾਲਾਤ ਸੁਧਰਨਗੇ, ਉਹ ਕਹਿੰਦੇ ਹਨ, “ਮੁਹੱਬਤ ਸਾਰੇ ਦਰਵਾਜ਼ੇ ਖੋਲ੍ਹਣ ‘ਤੇ ਮਜ਼ਬੂਰ ਕਰਦੀ ਹੈ।’

‘ਮੌਜੂਦਾ ਸਥਿਤੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਔਖੀ ਹੈ’

 ਮਕਬੂਲ ਅਹਿਮਦ

ਤਾਹਿਰਾ ਦੇ ਪਤੀ ਮਕਬੂਲ ਅਹਿਮਦ ਇੱਕ ਸਮਾਜਿਕ ਕਾਰਕੁਨ ਹਨ। ਉਹ ਭਾਰਤੀ ਅਤੇ ਪਾਕਿਸਤਾਨੀ ਨਾਗਰਿਕਾਂ ਦੇ ਵਿਆਹ ਕਰਵਾਉਣ ਵਿੱਚ ਮਦਦ ਕਰਦੇ ਹਨ।

ਉਹ ਕਹਿੰਦੇ ਹਨ, “ਪਾਕਿਸਤਾਨੀ ਕੁੜੀਆਂ ਜਾਂ ਔਰਤਾਂ ਜੋ ਵਿਆਹ ਤੋਂ ਬਾਅਦ ਭਾਰਤ ਵਿੱਚ ਰਹਿ ਰਹੀਆਂ ਹਨ ਪਰ ਉਨ੍ਹਾਂ ਕੋਲ ਲੌਂਗ ਟਰਮ ਵੀਜ਼ਾ ਨਹੀਂ ਹੈ, ਜਾਂ ਜਿਨ੍ਹਾਂ ਦੇ ਲੌਂਗ ਟਰਮ ਵੀਜ਼ੇ ਦੀ ਪ੍ਰਕਿਰਿਆ ਅਜੇ ਵੀ ਵਿਚਾਰ-ਅਧੀਨ ਹੈ। ਉਨ੍ਹਾਂ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਚੁੱਕੀਆਂ ਹਨ। ਅਜਿਹੇ ਪਰਿਵਾਰ ਚਿੰਤਾ ਵਿੱਚ ਹਨ।”

ਮਕਬੂਲ ਅਹਿਮਦ ਦੱਸਦੇ ਹਨ, “ਕਈ ਅਜਿਹੀਆਂ ਮਹਿਲਾਵਾਂ ਵੀ ਹਨ ਜਿਹਨਾਂ ਦੇ ਛੋਟ- ਛੋਟੇ ਬੱਚੇ ਹਨ ਅਤੇ ਭਾਰਤੀ ਨਾਗਰਿਕ ਹਨ। ਉਨ੍ਹਾਂ ਨੂੰ ਉਹ ਛੱਡ ਕੇ ਕਿਵੇ ਜਾਣ।”

ਉਹ ਦੱਸਦੇ ਹਨ, “ਭਾਰਤ ਵਿੱਚ ਰਹਿੰਦੀਆਂ ਗਰਭਵਤੀ ਮਹਿਲਾਵਾਂ ਜੇਕਰ ਪਾਕਿਸਤਾਨ ਜਾਂਦੀਆਂ ਹਨ ਤੇ ਬੱਚੇ ਦਾ ਜਨਮ ਉੱਥੇ ਹੁੰਦਾ ਹੈ ਤਾਂ ਉਹ ਬੱਚੇ ਨੂੰ ਭਾਰਤ ਕਿਵੇਂ ਲਿਆਉਣਗੀਆਂ।”

ਭਾਰਤ ਪਾਕਿਸਤਾਨ ਵੰਡ ਦੌਰਾਨ ਔਰਤਾਂ ਦੇ ਅਨੁਭਵਾਂ ਬਾਰੇ ਕਿਤਾਬ ਲਿਖ ਚੁੱਕੇ ਉਰਵਸ਼ੀ ਬੁਟਾਲੀਆ ਕਹਿੰਦੇ ਹਨ, “ਇਹ ਜ਼ਰੂਰੀ ਨਹੀਂ ਕਿ ਲੋਕਾਂ ਦੀਆਂ ਜ਼ਿੰਦਗੀਆਂ ਸਿਆਸੀ ਸਰਹੱਦਾਂ ਦੀ ਪਾਲਣਾ ਕਰਨ, ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅੱਤਵਾਦੀ ਕਾਰਵਾਈਆਂ ਜਾਂ ਸਿਆਸਤ ਦਾ ਲੋਕਾਂ ਦੇ ਮਨੁੱਖੀ ਰਿਸ਼ਤਿਆਂ ਨਾਲ ਸਬੰਧ ਨਹੀਂ ਹੁੰਦਾ ।”

“ਜੇਕਰ ਕੋਈ ਬਾਹਰੀ ਘਟਨਾ ਵਾਪਰਦੀ ਹੈ ਤਾਂ ਇਹ ਉਨ੍ਹਾਂ ਲੋਕਾਂ ਨੂੰ ਕਿਸੇ ਕਿਸਮ ਦੇ ਖ਼ਤਰੇ ਵਿੱਚ ਤਬਦੀਲ ਨਹੀਂ ਕਰਦੀ, ਅਜਿਹੀ ਸਥਿਤੀ ਬਣਨਾ ਦੁਖਦਾਈ ਹੈ।

ਇਹ ਵੀ ਪੜ੍ਹੋ-

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

source : BBC PUNJABI