Home rss national punjabi2ਰਾਸ਼ਟਰੀ ਖ਼ਬਰਾਂ ‘ਮੈਨੂੰ ਨਹਿਰ ‘ਚ ਧੱਕਾ ਦਿੱਤਾ ਅਤੇ ਮੇਰੇ ਪਤੀ ਦੇ ਕਿਰਪਾਨ ਮਾਰੀ, ‘ਅੰਤਰਜਾਤੀ...

‘ਮੈਨੂੰ ਨਹਿਰ ‘ਚ ਧੱਕਾ ਦਿੱਤਾ ਅਤੇ ਮੇਰੇ ਪਤੀ ਦੇ ਕਿਰਪਾਨ ਮਾਰੀ, ‘ਅੰਤਰਜਾਤੀ ਪ੍ਰੇਮ ਵਿਆਹ’ ਕਰਵਾਉਣ ਵਾਲੀ ਮਹਿਲਾ ਨੇ ਆਪਣੇ ਪਰਿਵਾਰ ‘ਤੇ ਲਾਏ ਇਲਜ਼ਾਮ

9
0

Source :- BBC PUNJABI

ਸਤਨਾਮ ਸਿੰਘ ਅਤੇ ਅਮਨਪ੍ਰੀਤ ਕੌਰ

ਤਸਵੀਰ ਸਰੋਤ, Bharat Bhushan/BBC

ਚੇਤਾਵਨੀ – ਇਸ ਖ਼ਬਰ ਦੇ ਕੁਝ ਵੇਰਵੇ ਪਰੇਸ਼ਾਨ ਕਰ ਸਕਦੇ ਹਨ।

ਇੱਕ ਮਹਿਲਾ ਵੱਲੋਂ ਆਪਣੇ ਹੀ ਪਰਿਵਾਰ ਖਿਲਾਫ਼ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਇਲਜਾਮ ਲਗਾਏ ਗਏ ਹਨ, ਉਸ ਦਾ ਇਲਜ਼ਾਮ ਹੈ ਕਿ ਅਜਿਹਾ ਅੰਤਰਜਾਤੀ ਪ੍ਰੇਮ ਵਿਆਹ ਕਾਰਨ ਹੋਇਆ ਹੈ।

ਮਾਮਲਾ ਗਿੱਦੜਬਾਹਾ ਦੇ ਪਿੰਡ ਕੁਰਾਈਵਾਲਾ ਦਾ ਹੈ। ਜਿੱਥੇ ਦੋ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਿਤ ਇੱਕ-ਮੁੰਡੇ ਨੇ ਅੰਤਰਜਾਤੀ ਪ੍ਰੇਮ ਵਿਆਹ ਕਰ ਲਿਆ ਸੀ। ਮਹਿਲਾ ਮੁਤਾਬਕ, ਉਸਦੇ ਪਰਿਵਾਰ ਵਾਲੇ ਇਸ ਵਿਆਹ ਨਾਲ ਖੁਸ਼ ਨਹੀਂ ਸਨ।

ਹੁਣ, ਮਹਿਲਾ ਨੇ ਆਪਣੇ ਪਰਿਵਾਰ ਦੁਆਰਾ ਜਾਨਲੇਵਾ ਹਮਲਾ ਕਰਨ ਦੇ ਇਲਜ਼ਾਮ ਲਗਾਏ ਗਏ ਹਨ।

ਅਮਨਪ੍ਰੀਤ ਕੌਰ ਨਾਮ ਦੀ ਇਸ ਮਹਿਲਾ ਦੇ ਇਲਜ਼ਾਮ ਹਨ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ ਅਤੇ ਨਹਿਰ ਵਿੱਚ ਧੱਕਾ ਦੇ ਦਿੱਤਾ।

ਮਹਿਲਾ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਉਨ੍ਹਾਂ ਦੇ ਪਿਤਾ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੀਬੀਸੀ ਪੰਜਾਬੀ ਨਾਲ ਫੋਨ ਉਤੇ ਹੋਈ ਗੱਲਬਾਤ ਵਿੱਚ ਡੀਐਸਪੀ ਗਿੱਦੜਬਾਹਾ ਨੇ ਕਿਹਾ ਕਿ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਤਿੰਨ ਸਾਲ ਪਹਿਲਾਂ ਹੋਇਆ ਸੀ ਵਿਆਹ

ਸਤਨਾਮ ਸਿੰਘ ਦੇ ਮਾਤਾ

ਤਸਵੀਰ ਸਰੋਤ, Bharat Bhushan/BBC

ਪਰਿਵਾਰ ਮੁਤਾਬਕ, ਜੋੜੇ ਨੇ ਕਰੀਬ ਤਿੰਨ ਸਾਲ ਪਹਿਲਾਂ ਹਾਈ ਕੋਰਟ ਦੀ ਸੁਰੱਖਿਆ ਹੇਠ ਵਿਆਹ ਕਰਵਾਇਆ ਸੀ। ਪਰਿਵਾਰ ਮੁਤਾਬਕ, “ਕੁੜੀ ਦਾ ਪਤੀ ਦਲਿਤ ਭਾਈਚਾਰੇ ਨਾਲ ਸਬੰਧਿਤ ਹੈ, ਜਦਕਿ ਕੁੜੀ ਜੱਟ ਸਿੱਖ ਪਰਿਵਾਰ ਨਾਲ ਸਬੰਧਿਤ ਹੈ।”

ਕੁੜੀ ਅਤੇ ਉਨ੍ਹਾਂ ਦੇ ਸਹੁਰੇ ਪਰਿਵਾਰ ਦਾ ਇਲਜ਼ਾਮ ਹੈ ਕਿ ਕੁਝ ਦਿਨ ਪਹਿਲਾਂ ਕਈ ਵਿਅਕਤੀ ਉਨ੍ਹਾਂ ਦੇ ਘਰ ਪਹੁੰਚੇ ਅਤੇ ਪਰਿਵਾਰਿਕ ਮੈਂਬਰਾਂ ‘ਤੇ ਹਮਲਾ ਕੀਤਾ, ਜਿਸ ਦੌਰਾਨ ਸਤਨਾਮ ਸਿੰਘ (ਇਲਜ਼ਾਮ ਲਗਾਉਣ ਵਾਲੀ ਕੁੜੀ ਦਾ ਪਤੀ) ਅਤੇ ਉਨ੍ਹਾਂ ਦੀ ਮਾਂ ਨੂੰ ਸੱਟਾਂ ਲੱਗੀਆਂ।

ਪਰਿਵਾਰ ਦਾ ਇਹ ਵੀ ਇਲਜ਼ਾਮ ਹੈ ਕਿ ਉਹ ਵਿਅਕਤੀ, ਸਤਨਾਮ ਸਿੰਘ ਦੇ ਪਤਨੀ ਅਮਨਪ੍ਰੀਤ ਕੌਰ ਨੂੰ ਉੱਥੋਂ ਜ਼ਬਰਦਸਤੀ ਆਪਣੇ ਨਾਲ ਲੈ ਗਏ।

ਪਰਿਵਾਰ ਦੇ ਮੁਤਾਬਕ, ਅਗਲੇ ਦਿਨ ਅਮਨਪ੍ਰੀਤ ਕੌਰ, ਜੋ ਲਗਭਗ ਸਾਢੇ ਪੰਜ ਮਹੀਨੇ ਦੇ ਗਰਭਵਤੀ ਹਨ, ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ ਗਿਆ।

ਮਹਿਲਾ ਨੇ ਦੱਸਿਆ ਕਿ ਉਹ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਹੇ ਅਤੇ ਬਾਅਦ ਵਿੱਚ ਡਾਕਟਰੀ ਸਹਾਇਤਾ ਲਈ ਹਸਪਤਾਲ ਪਹੁੰਚੇ।

ਅਮਨਪ੍ਰੀਤ ਮੁਤਾਬਕ ਉਸਦੇ ਪਰਿਵਾਰ ਨੇ ਹਮਲਾ ਕੀਤਾ ਹੈ

ਅਮਨਪ੍ਰੀਤ

ਤਸਵੀਰ ਸਰੋਤ, Bharat Bhushan/BBC

ਅਮਨਪ੍ਰੀਤ ਕੌਰ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਪਤੀ ਇੱਕ ਹੀ ਪਿੰਡ ਦੇ ਰਹਿਣ ਵਾਲੇ ਹਨ।

ਉਨ੍ਹਾਂ ਕਿਹਾ, ”ਮੇਰੇ ਘਰਦਿਆਂ ਨੇ ਪਰਸੋਂ ਆਕੇ ਸਾਡੇ ਉਤੇ ਹਮਲਾ ਕੀਤਾ। ਮੇਰੇ ਭਰਾਵਾਂ ਨੇ ਆਕੇ ਮੇਰੇ ਪਤੀ ਦੇ ਕਿਰਪਾਨਾਂ ਮਾਰੀਆਂ, ਉਨ੍ਹਾਂ ਨਾਲ ਉਨ੍ਹਾਂ ਦੇ ਦੋਸਤ ਵੀ ਸਨ। ਕੁੱਟਮਾਰ ਕੀਤੀ, ਮੈਨੂੰ ਵੀ ਕੁੱਟਿਆ ਅਤੇ ਨਾਲ ਲੈ ਗਏ।”

”ਉਨ੍ਹਾਂ ਨੇ ਸਾਰੀ ਰਾਤ ਮੈਨੂੰ ਆਪਣੇ ਕੋਲ ਰੱਖਿਆ, ਸਵੇਰੇ 7.30 ਦਾ ਸਮਾਂ ਸੀ ਜਦੋਂ ਉਨ੍ਹਾਂ ਨੇ ਮੈਨੂੰ ਨਹਿਰ ‘ਚ ਸੁੱਟ ਦਿੱਤਾ। ਕਿਸਮਤ ਚੰਗੀ ਸੀ ਕਿ ਮੈਂ ਕਿਸੇ ਤਰ੍ਹਾਂ ਬਚ ਗਈ ਤੇ ਬਾਹਰ ਨਿੱਕਲ ਆਈ।”

”ਸਾਡੇ ਪਿੰਡ ਦੇ ਸਰਪੰਚ ਨੇ ਮੇਰੀ ਮਦਦ ਕੀਤੀ ਅਤੇ ਪੁਲਿਸ ਨੂੰ ਫੋਨ ਕੀਤਾ। ਬਾਅਦ ਵਿੱਚ ਮੈਨੂੰ ਐਂਬੂਲੈਂਸ ਵਿੱਚ ਲੰਬੀ ਭੇਜਿਆ ਗਿਆ ਅਤੇ ਇਲਾਜ ਕਰਵਾਇਆ ਗਿਆ। ਉਸ ਤੋਂ ਬਾਅਦ ਮੈਂ ਇੱਥੇ ਗਿੱਦੜਬਾਹਾ ਆਈ, ਆਪਣੇ ਪਤੀ ਨੂੰ ਮਿਲੀ। ਸਾਨੂੰ ਇਨਸਾਫ਼ ਚਾਹੀਦਾ ਹੈ।”

ਅਮਨਪ੍ਰੀਤ ਕੌਰ ਨੇ ਇਲਜ਼ਾਮ ਲਗਾਇਆ ਕਿ ”ਮੇਰੇ ਪਿਤਾ ਸੀ, ਭਾਈ ਸੀ, ਤਾਏ ਦੇ ਮੁੰਡੇ ਸੀ, ਜਿਨ੍ਹਾਂ ਨੇ ਮੈਨੂੰ ਧੱਕਾ ਦਿੱਤਾ। ਮੇਰੇ ਪਿਤਾ ਨੇ ਕਿਹਾ ਕਿ ਸੁੱਟ ਦਿਓ ਇਸਨੂੰ ਨਹਿਰ ਵਿੱਚ। ਉਨ੍ਹਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ।”

”ਸਾਡੇ ਨਾਲ ਧੱਕਾ ਹੋਇਆ ਹੈ, ਅਸੀਂ ਤਾਂ ਚਾਹੁੰਦੇ ਹਾਂ ਕਿ ਪੁਲਿਸ ਉਨ੍ਹਾਂ ਨੂੰ ਫੜੇ। ਮੈਂ ਸਾਢੇ ਪੰਜ ਮਹੀਨਿਆਂ ਦੀ ਗਰਭਵਤੀ ਹਾਂ, ਉਨ੍ਹਾਂ ਨੇ ਇਹ ਵੀ ਨਹੀਂ ਸੋਚਿਆ ਕਿ ਮਾਂ ਬਣਨ ਵਾਲੀ ਹੈ ਅਤੇ ਨਹਿਰ ਵਿੱਚ ਧੱਕਾ ਦੇ ਦਿੱਤਾ।”

”ਉਨ੍ਹਾਂ ਨੇ ਮੇਰੀ ਸੱਸ ਨਾਲ ਵੀ ਕੁੱਟਮਾਰ ਕੀਤੀ, ਦਿਓਰ-ਦਰਾਣੀ ‘ਤੇ ਵੀ ਹਮਲਾ ਕੀਤਾ, ਉਹ ਬਚ ਕੇ ਨਿੱਕਲ ਗਏ। ਸਾਨੂੰ ਇਨਸਾਫ਼ ਚਾਹੀਦਾ ਹੈ।”

ਕੁੜੀ ਦੇ ਪਤੀ ਨੇ ਕੀ ਦੱਸਿਆ

ਗਿੱਦੜਬਾਹਾ ਸਿਵਲ ਹਸਪਤਾਲ

ਤਸਵੀਰ ਸਰੋਤ, Bharat Bhushan/BBC

ਜ਼ਖਮੀ ਹਾਲਤ ਵਿੱਚ ਹਸਪਤਾਲ ‘ਚ ਜ਼ੇਰੇ ਇਲਾਜ ਕੁੜੀ ਦੇ ਪਤੀ ਸਤਨਾਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ”ਅਸੀਂ ਤਿੰਨ ਸਾਲ ਪਹਿਲਾਂ ਹਾਈ ਕੋਰਟ ਤੋਂ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਕੁਝ ਸਮਾਂ, 4-5 ਮਹੀਨੇ ਅਸੀਂ ਬਾਹਰ ਰਹੇ। ਉਸ ਤੋਂ ਬਾਅਦ ਅਸੀਂ ਇੱਥੇ ਡੀਸੀ ਦਫ਼ਤਰ ਆ ਗਏ ਸੀ। ਉਥੇ ਕੁੜੀ ਦੇ ਪਰਿਵਾਰ ਦੇ ਬਿਆਨ ਹੋਏ ਅਤੇ ਸਾਡੇ ਵੀ ਬਿਆਨ ਹੋਏ ਸਨ। ਉਨ੍ਹਾਂ ਕਿਹਾ ਸੀ ਕਿ ‘ਸਾਡਾ ਇਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ’।”

”ਉਸ ਤੋਂ ਬਾਅਦ ਅਸੀਂ ਆਪਣੇ ਪਿੰਡ ਚਲੇ ਗਏ। ਦੂਜੇ ਦਿਨ ਹੀ ਇਹ ਸਾਡੇ ਘਰੇ ਆ ਗਏ, ਉਦੋਂ ਅਸੀਂ ਬਚ ਗਏ। ਫਿਰ ਅਸੀਂ ਹਾਈ ਕੋਰਟ ਜਾਕੇ ਫਿਰ ਇਨ੍ਹਾਂ ਖ਼ਿਲਾਫ਼ ਸ਼ਿਕਾਇਤ ਪਾਈ। ਹਾਈ ਕੋਰਟ ਨੇ ਇਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਇਨ੍ਹਾਂ ਦੇ ਘਰ ਨਹੀਂ ਜਾਣਾ, ਇਨ੍ਹਾਂ ਨੇ ਵੀ ਹਾਮੀ ਭਰੀ ਅਤੇ ਇਨ੍ਹਾਂ ਨੂੰ ਛੱਡ ਦਿੱਤਾ ਗਿਆ।”

”ਹੁਣ ਫਿਰ, ਘੱਟੋ-ਘੱਟ 2 ਸਾਲ ਬਾਅਦ ਇਹ ਫਿਰ ਰਾਤ ਨੂੰ ਸਾਡੇ ਘਰ ਆ ਗਏ। ਇਨ੍ਹਾਂ ਕੋਲ ਹਥਿਆਰ, ਤਲਵਾਰਾਂ ਸਨ। ਇਨ੍ਹਾਂ ਨੇ ਸਾਰੇ ਪਰਿਵਾਰ ‘ਤੇ ਹਮਲਾ ਬੋਲ ਦਿੱਤਾ।”

”ਇਨ੍ਹਾਂ ਨੇ ਮੇਰੀ ਮਾਤਾ ਦੇ ਕਿਰਪਾਨ ਮਾਰੀ, ਮੇਰੇ ਸਿਰ ‘ਚ ਵੱਜੀ ਹੋਈ ਹੈ, ਹੱਥ ‘ਤੇ ਵੱਜੀ ਹੈ। ਸਾਰੇ ਪਰਿਵਾਰ ਨੂੰ ਕੁੱਟਮਾਰ ਕੇ ਮੇਰੀ ਪਤਨੀ ਨੂੰ ਉੱਥੋਂ ਚੁੱਕ ਕੇ ਲੈ ਗਏ।10-12 ਜਣੇ ਸੀ, ਗੱਡੀ ‘ਤੇ ਆਏ ਸਨ। ਮੈਂ ਮੇਰੇ ਚਾਚੇ ਵੱਲ ਜਾਕੇ 112 ‘ਤੇ ਕਾਲ ਕੀਤੀ, ਜਿਸ ਮਗਰੋਂ ਕੁਝ ਪੁਲਿਸ ਵਾਲੇ ਆਏ, ਉਨ੍ਹਾਂ ਨੂੰ ਸਾਰੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਹੀ ਸੱਟਾਂ ਦੇਖ ਕੇ ਹਸਪਤਾਲ ਦਾਖਲ ਹੋਣ ਲਈ ਕਿਹਾ।”

”ਅਸੀਂ ਕਿਹਾ ਕਿ ਤੁਸੀਂ ਸਾਡੇ ਘਰ ਜਾਕੇ ਵੀ ਹਾਲ ਦੇਖ ਕੇ ਆਓ। ਉੱਥੇ ਗਏ ਮੁਲਾਜ਼ਮਾਂ ਨੇ ਕਿਹਾ ਕਿ ਉੱਥੇ ਤਾਂ ਕੋਈ ਖੂਨ ਆਦਿ ਦੇ ਨਿਸ਼ਾਨ ਨਹੀਂ ਹਨ। ਸਾਡੇ ਘਰ ਸੀਸੀਟੀਵੀ ਲੱਗੇ ਹੋਏ ਹਨ। ਇਹ ਨਹੀਂ ਪਤਾ ਕਿ ਉਨ੍ਹਾਂ ਨੇ ਆਉਂਦੇ ਸਾਰ ਹੀ ਤੋੜ ਦਿੱਤੇ ਸਨ ਕਿ ਜਾਂਦੇ ਹੋਏ ਤੋੜੇ। ਪਰ ਉਨ੍ਹਾਂ ਵਿੱਚ ਉਨ੍ਹਾਂ ਦੇ ਆਉਣ ਦੀ ਰਿਕਾਰਡਿੰਗ ਹੈ।”

ਪੁਲਿਸ ਨੇ ਕੀ ਦੱਸਿਆ

ਡੀਐਸਪੀ ਗਿਦੜਬਾਹਾ ਜਤਿੰਦਰ ਚੋਪੜਾ

ਤਸਵੀਰ ਸਰੋਤ, Bharat Bhushan / BBC

ਗਿੱਦੜਬਾਹਾ ਪੁਲਿਸ ਦਾ ਕਹਿਣਾ ਹੈ ਕਿ ਕੁੜੀ ਦੇ ਬਿਆਨਾਂ ਦੇ ਆਧਾਰ ‘ਤੇ ਉਨ੍ਹਾਂ ਦੇ ਪਿਤਾ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਡੀਐਸਪੀ ਗਿੱਦੜਬਾਹਾ ਜਤਿੰਦਰ ਚੋਪੜਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅਮਨਪ੍ਰੀਤ ਕੌਰ (ਉਮਰ ਕਰੀਬ 22 ਸਾਲ), ਵਾਸੀ ਪਿੰਡ ਕੁਰਾਈਵਾਲਾ, ਨਹਿਰ ਵਿੱਚ ਡਿੱਗ ਗਈ ਹੈ।

”ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਮਨਪ੍ਰੀਤ ਕੌਰ ਨੇ ਕਰੀਬ ਢਾਈ ਤੋਂ ਤਿੰਨ ਸਾਲ ਪਹਿਲਾਂ ਆਪਣੇ ਹੀ ਪਿੰਡ ਦੇ ਇੱਕ ਨੌਜਵਾਨ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਵਿਆਹ ਤੋਂ ਬਾਅਦ ਉਹ ਆਪਣੇ ਪਤੀ ਨਾਲ ਪਿੰਡ ਵਿੱਚ ਹੀ ਰਹਿ ਰਹੀ ਸੀ।”

ਪੁਲਿਸ ਦੇ ਅਨੁਸਾਰ, ”ਘਟਨਾ ਤੋਂ ਇੱਕ ਰਾਤ ਪਹਿਲਾਂ ਕੁੜੀ ਦੇ ਮਾਪਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਸ ਦੇ ਪਤੀ ਨਾਲ ਕੁੱਟਮਾਰ ਕੀਤੀ ਅਤੇ ਅਮਨਪ੍ਰੀਤ ਕੌਰ ਨੂੰ ਆਪਣੇ ਨਾਲ ਲੈ ਗਏ। ਅਗਲੇ ਦਿਨ, 7 ਤਰੀਕ ਦੀ ਸਵੇਰ ਕਰੀਬ 7:30 ਵਜੇ, ਉਸ ਨੂੰ ਨਹਿਰਾਂ ਦੇ ਜੋੜ ਨੇੜੇ ਲਿਆਂਦਾ ਗਿਆ ਅਤੇ ਕਥਿਤ ਤੌਰ ‘ਤੇ ਜਾਨੋਂ ਮਾਰਨ ਦੀ ਨੀਅਤ ਨਾਲ ਨਹਿਰ ਵਿੱਚ ਧੱਕਾ ਦੇ ਦਿੱਤਾ ਗਿਆ।”

”ਹਾਲਾਂਕਿ, ਅਮਨਪ੍ਰੀਤ ਕੌਰ ਨੂੰ ਸਮੇਂ ਸਿਰ ਬਚਾ ਲਿਆ ਗਿਆ। ਉਸ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।”

”ਇਸ ਕੇਸ ਵਿੱਚ ਕੁੱਲ ਛੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਕੁੜੀ ਦਾ ਪਿਤਾ ਅਤੇ ਉਸ ਦੇ ਹੋਰ ਰਿਸ਼ਤੇਦਾਰ ਸ਼ਾਮਿਲ ਹਨ। ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦੀ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।”

ਤਾਜਾ ਜਾਣਕਾਰੀ ਮੁਤਾਬਕ, ਮਾਮਲੇ ਵਿੱਚ ਸ਼ਾਮਿਲ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ”ਅੰਤਰਜਾਤੀ ਪ੍ਰੇਮ ਵਿਆਹ ਪੱਖ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਬਾਰੇ ਕੋਈ ਪੱਕਾ ਤੱਥ ਸਾਹਮਣੇ ਨਹੀਂ ਆਇਆ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਥਿਤੀ ਸਪਸ਼ਟ ਹੋ ਸਕੇਗੀ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI