Source :- BBC PUNJABI
ਤਸਵੀਰ ਸਰੋਤ, Getty
‘ਪੈਸੇ ਦਿਓ, ਗਰਬਾ ਪਾਰਟਨਰ ਕਿਰਾਏ ‘ਤੇ ਲਓ’ ਅਤੇ ਸਭ ਤੋਂ ਮਹਿੰਗੇ ਪਲਾਨ ਵਿੱਚ ਮੱਥੇ ‘ਤੇ ਕਿੱਸ ਅਤੇ ‘ਆਫ਼ਟਰ ਪਾਰਟੀ’ ਦੇ ਆਫ਼ਰ, ਨਰਾਤਿਆਂ ਤੋਂ ਕਰੀਬ 25 ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਸ਼ੁਰੂ ਹੋਇਆ ‘ਰੈਂਟ ਏ ਗਰਬਾ ਪਾਰਟਨਰ’ (ਗਰਬਾ ਪਾਰਟਨਰ ਕਿਰਾਏ ‘ਤੇ ਲਓ) ਦਾ ਰੁਝਾਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ।
ਹੋ ਸਕਦਾ ਹੈ ਕਿ ਇਹ ਤੁਹਾਡੀ ਸੋਸ਼ਲ ਮੀਡੀਆ ਫੀਡ ‘ਤੇ ਵੀ ਦਿਖਾਈ ਦਿੱਤਾ ਹੋਵੇ।
ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕਈ ਅਕਾਊਂਟਸ ਵੱਲੋਂ ਨਰਾਤਿਆਂ ਦੌਰਾਨ ਗਰਬਾ ਖੇਡਣ ਲਈ ‘ਪਾਰਟਨਰ’ ਕਿਰਾਏ ‘ਤੇ ਲੈਣ ਦੀਆਂ ਪੇਸ਼ਕਸ਼ਾਂ ਦੇਖਣ ਨੂੰ ਮਿਲ ਰਹੀਆਂ ਹਨ।
ਇਨ੍ਹਾਂ ਪੋਸਟਾਂ ਵਿੱਚ ‘ਗੋਲਡ’, ‘ਸਿਲਵਰ’ ਅਤੇ ‘ਪਲੈਟੀਨਮ’ ਵਰਗੇ ਪਲਾਨ ਵੀ ਪੇਸ਼ ਕੀਤੇ ਗਏ ਸਨ। ਇਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪਲਾਨ ਦੇ ਆਧਾਰ ‘ਤੇ ਵੱਖ-ਵੱਖ ਸਹੂਲਤਾਂ ਮਿਲਣਗੀਆਂ। ਸਭ ਤੋਂ ਮਹਿੰਗੇ ਪਲਾਨ ਵਿੱਚ ‘ਮੱਥੇ ‘ਤੇ ਕਿੱਸ’ ਅਤੇ ‘ਆਫ਼ਟਰ ਪਾਰਟੀ’ ਦੇਣ ਦਾ ਦਾਅਵਾ ਕੀਤਾ ਗਿਆ ਹੈ।
ਇਹ ਪਤਾ ਲਗਾਉਣ ਲਈ ਕਿ ਕੀ ਇਹ ਅਕਾਊਂਟ ਸੱਚਮੁੱਚ ‘ਗਰਬਾ ਪਾਰਟਨਰ ਕਿਰਾਏ ‘ਤੇ ਦੇਣ ਦਾ ਸੌਦਾ’ ਕਰ ਰਹੇ ਸਨ, ਬੀਬੀਸੀ ਗੁਜਰਾਤੀ ਦੇ ਪੱਤਰਕਾਰ ਨੇ ਅਜਿਹੇ ਕੁਝ ਸੋਸ਼ਲ ਮੀਡੀਆ ਅਕਾਊਂਟਸ ਨੂੰ ਮੈਸੇਜ ਕੀਤੇ।
ਇਸ ਜਾਂਚ ਦੌਰਾਨ ਅਸੀਂ ਅਜਿਹੇ ‘ਅਕਾਊਂਟ ਚਲਾਉਣ ਵਾਲਿਆਂ’ ਨਾਲ ਗੱਲਬਾਤ ਕੀਤੀ। ਨਰਾਤੇ ਸ਼ੁਰੂ ਹੋ ਗਏ ਹਨ ਤਾਂ ਆਓ ਜਾਣਦੇ ਹਾਂ ਕਿ ਸੋਸ਼ਲ ਮੀਡੀਆ ਅਕਾਊਂਟਸ ਅਤੇ ‘ਪੈਸੇ ਦੇ ਕੇ ਗਰਬਾ ਪਾਰਟਨਰ ਹਾਸਲ ਕਰਨ’ ਦਾ ਦਾਅਵਾ ਕਰਨ ਵਾਲੇ ਸੋਸ਼ਲ ਮੀਡੀਆ ਪੋਸਟ ਦੀ ਜਾਂਚ ਵਿੱਚ ਕੀ ਪਤਾ ਲੱਗਿਆ?
ਇੱਥੇ ਯੂਜ਼ਰਨੇਮ ਅਤੇ ਪਲੇਟਫਾਰਮਾਂ ਦੇ ਨਾਂ ਨਹੀਂ ਲਿਖੇ ਗਏ ਹਨ, ਤਾਂ ਜੋ ਕਿਸੇ ਵੀ ਸੋਸ਼ਲ ਮੀਡੀਆ ਅਕਾਊਂਟ ਦਾ ਬੇਲੋੜਾ ਪ੍ਰਚਾਰ ਨਾ ਹੋਵੇ ਅਤੇ ਉਨ੍ਹਾਂ ਦੀ ਨਿੱਜਤਾ ਬਣੀ ਰਹੇ।
ਅਜਿਹੀਆਂ ਪੋਸਟਾਂ ਦੇਖਣ ਤੋਂ ਬਾਅਦ ਬੀਬੀਸੀ ਪੱਤਰਕਾਰ ਨੇ ਇੰਸਟਾਗ੍ਰਾਮ ‘ਤੇ ‘ਰੈਂਟ ਏ ਗਰਬਾ ਪਾਰਟਨਰ’ (ਕਿਰਾਏ ‘ਤੇ ਗਰਬਾ ਪਾਰਟਨਰ) ਵਰਗੀਆਂ ਪੋਸਟਾਂ ਲੱਭਣੀਆਂ ਸ਼ੁਰੂ ਕੀਤੀਆਂ। ਉਨ੍ਹਾਂ ਨੇ ਅਜਿਹੀਆਂ ਪੋਸਟਾਂ ਕਰਨ ਵਾਲੇ ਇੰਸਟਾਗ੍ਰਾਮ ਅਕਾਊਂਟਸ ਨੂੰ ਸਿੱਧੇ ਮੈਸੇਜ ਭੇਜ ਕੇ ਇਨ੍ਹਾਂ ਆਫਰ ਦੀ ਸੱਚਾਈ ਜਾਣਨ ਦੀ ਕੋਸ਼ਿਸ਼ ਵੀ ਕੀਤੀ।
‘ਰੈਂਟ ਏ ਗਰਬਾ ਪਾਰਟਨਰ’ ਦੀਆਂ ਪੋਸਟਾਂ ਕਰਨ ਵਾਲਿਆਂ ਵਿੱਚ ਕੁਝ ਸੋਸ਼ਲ ਮੀਡੀਆ ਇਨਫਲੂਐਂਸਰ ਵੀ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਕੁਝ ਦੇ ਹਜ਼ਾਰਾਂ ਫਾਲੋਅਰਜ਼ ਸਨ। ਇਸ ਦੇ ਨਾਲ ਹੀ, ਕੁਝ ਪੇਜਾਂ ਨੂੰ ਦੇਖ ਕੇ ਲੱਗਿਆ ਕਿ ਉਨ੍ਹਾਂ ਦੇ ਐਡਮਿਨ ਨੈਸਿੱਖੀਆ ਸਨ।
ਸਾਡੇ ਧਿਆਨ ਵਿੱਚ ਇਹ ਗੱਲ ਵੀ ਆਈ ਕਿ ਕੁਝ ਮੈਟ੍ਰਿਮੋਨੀਅਲ ਅਤੇ ਡੇਟਿੰਗ ਐਪਸ ਨੇ ਵੀ ਇਸ ਰੁਝਾਨ ਦਾ ਫ਼ਾਇਦਾ ਉਠਾਉਣ ਲਈ ਅਜਿਹੀਆਂ ਪੋਸਟਾਂ ਕਰਕੇ ਗਾਹਕਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਸੀ।
ਜਦੋਂ ਸਾਡੇ ਪੱਤਰਕਾਰ ਨੇ ਅਜਿਹੀਆਂ ਮੈਟ੍ਰਿਮੋਨੀਅਲ ਸਾਈਟਾਂ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਪਲੇਟਫਾਰਮ ਮੈਟ੍ਰਿਮੋਨੀਅਲ ਹੈ, ਭਾਵ ਵਿਆਹ ਨਾਲ ਸਬੰਧਤ ਹੈ। ਉਨ੍ਹਾਂ ਨੇ ਵਿਆਹ ਦੇ ਸੰਦਰਭ ਵਿੱਚ ‘ਗਰਬਾ ਪਾਰਟਨਰ’ ਲਈ ਪੋਸਟਾਂ ਕੀਤੀਆਂ ਸਨ।
ਇਸ ਦੇ ਨਾਲ ਹੀ, ਡੇਟਿੰਗ ਐਪ ਪਲੇਟਫਾਰਮ ਵੱਲੋਂ ਕੋਈ ਜਵਾਬ ਨਹੀਂ ਮਿਲਿਆ।
ਇੱਕ ਅਕਾਊਂਟ ਨੇ ‘ਗਰਬਾ ਪਾਰਟਨਰ’ ਲਈ ਇੱਕ ਖ਼ਾਸ ‘ਸ਼ੈਡੋ ਅਕਾਊਂਟ’ ਬਣਾਇਆ ਹੋਇਆ ਸੀ। ਸੰਪਰਕ ਕਰਨ ‘ਤੇ ਉਨ੍ਹਾਂ ਨੇ ਮੁੱਖ ਅਕਾਊਂਟ ਦਾ ਲਿੰਕ ਦਿੱਤਾ ਅਤੇ ਉਸ ਨੂੰ ਫਾਲੋ ਕਰਨ ਲਈ ਕਿਹਾ।
ਇਸ ਦਾ ਸਿੱਧਾ ਮਤਲਬ ਹੈ ਕਿ ਇਹ ਫਾਲੋਅਰਜ਼ ਅਤੇ ਪਹੁੰਚ ਵਧਾਉਣ ਦਾ ਇੱਕ ਤਰੀਕਾ ਸੀ। ਉਸੇ ਅਕਾਊਂਟ ਨੇ ਗੁਜਰਾਤ ਲਈ ‘ਗਰਬਾ ਪਾਰਟਨਰ’ ਮੁਹੱਈਆ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਮੱਧ ਪ੍ਰਦੇਸ਼ ਦੇ ਇੱਕ ਸ਼ਹਿਰ ਵਿੱਚ ਇਹ ਸੇਵਾ ਦੇਣ ਦੀ ਗੱਲ ਕਹੀ। ਜਦਕਿ ਜ਼ਿਆਦਾਤਰ ਇੰਸਟਾਗ੍ਰਾਮ ਅਕਾਊਂਟਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ।
ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ‘ਗਰਬਾ ਪਾਰਟਨਰ’ ਕਿਰਾਏ ‘ਤੇ ਮੁਹੱਈਆ ਕਰਵਾਉਣ ਬਾਰੇ ਪੋਸਟਾਂ ਕਰਨ ਵਾਲੇ ਜ਼ਿਆਦਾਤਰ ਇੰਸਟਾਗ੍ਰਾਮ ਅਕਾਊਂਟ ਸਤੰਬਰ 2026 ਵਿੱਚ ਬਣਾਏ ਗਏ ਸਨ।
ਭਾਵ, ਇਹ ਬਿਲਕੁਲ ਨਵੇਂ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਨੂੰ ਚਲਾਉਣ ਵਾਲੇ ਕਿਸੇ ਵੀ ਵਿਅਕਤੀ ਨੇ ਖ਼ਾਸ ਤੌਰ ‘ਤੇ ਇਸੇ ਮਕਸਦ ਲਈ ਇਹ ਅਕਾਊਂਟ ਬਣਾਇਆ ਹੈ ਅਤੇ ਹੋ ਸਕਦਾ ਹੈ ਕਿ ਕੁਝ ਹੋਰ ਸ਼ੈਡੋ ਅਕਾਊਂਟ ਵੀ ਹੋਣ।
ਹਾਲਾਂਕਿ, ਅਜਿਹੀਆਂ ਸੇਵਾਵਾਂ ਲਈ ਪੋਸਟਾਂ ਕਰਨ ਵਾਲੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੇ ਅਕਾਊਂਟ ਔਸਤਨ ਤਿੰਨ ਤੋਂ ਚਾਰ ਸਾਲ ਪਹਿਲਾਂ ਬਣਾਏ ਗਏ ਸਨ।
ਕੁੜੀਆਂ ਲਈ ਮੁਫ਼ਤ ਰਜਿਸਟ੍ਰੇਸ਼ਨ
ਤਸਵੀਰ ਸਰੋਤ, SOCILA MEDIA
ਆਖ਼ਰਕਾਰ, ਇੱਕ ਅਜਿਹਾ ਅਕਾਊਂਟ ਮਿਲਿਆ ਜਿਸ ਨੇ ‘ਗਰਬਾ ਪਾਰਟਨਰ’ ਮੁਹੱਈਆ ਕਰਵਾਉਣ ਵਾਲੀ ਸੇਵਾ ਨਾਲ ਜੁੜੇ ਹੋਣ ਦਾ ਦਾਅਵਾ ਕੀਤਾ।
ਜਿਸ ਅਕਾਊਂਟ ਨਾਲ ਗੱਲ ਕੀਤੀ ਅਤੇ ਜਿਸ ਨੇ ‘ਗਰਬਾ ਪਾਰਟਨਰ’ ਮੁਹੱਈਆ ਕਰਵਾਉਣ ਦੀ ਇੱਛਾ ਜਤਾਈ।
ਇਸ ਪੱਤਰਕਾਰ ਨੇ ‘ਗਰਬਾ ਪਾਰਟਨਰ’ ਦੀ ਭਾਲ ਕਰ ਰਹੇ ਇੱਕ ਨੌਜਵਾਨ ਵਜੋਂ ਇਸ ਅਕਾਊਂਟ ਨਾਲ ਗੱਲ ਕੀਤੀ। ਇਹ ਅਕਾਊਂਟ ਵੀ ਸਤੰਬਰ 2026 ਵਿੱਚ ਹੀ ਬਣਾਇਆ ਗਿਆ ਸੀ।
ਇਸ ਅਕਾਊਂਟ ‘ਤੇ ਨਰਾਤਿਆਂ ਦੀ ਥੀਮ ਵਾਲੀ ਇੱਕ ਆਕਰਸ਼ਕ ਤਸਵੀਰ ਪੋਸਟ ਕੀਤੀ ਗਈ ਸੀ। ਇਸ ‘ਤੇ ਲਿਖਿਆ ਸੀ, ‘ਫਾਈਂਡ ਯੋਰ ਪਾਰਟਰਨ, ਮੇਕ ਨਿਊ ਫ੍ਰੈਂਡਸ, ਡੌਂਟਸ ਟੂ ਗੇਥਰ, ਫ੍ਰੀ ਰਜਿਸਟ੍ਰੇਸ਼ਨ ਫਾਰ ਗਰਲਜ਼, ਭਾਵ ‘ਆਪਣਾ ਪਾਰਟਨਰ ਲੱਭੋ, ਨਵੇਂ ਦੋਸਤ ਬਣਾਓ, ਇਕੱਠੇ ਡਾਂਸ (ਗਰਬਾ) ਕਰੋ, ਕੁੜੀਆਂ ਲਈ ਮੁਫ਼ਤ ਰਜਿਸਟ੍ਰੇਸ਼ਨ।’
ਹੁਣ ਅਸੀਂ ਇਹ ਜਾਣਨਾ ਚਾਹੁੰਦੇ ਸੀ ਕਿ ਮੁੰਡਿਆਂ ਨੂੰ ਇਹ ਸੇਵਾ ਦੇਣ ਲਈ ਕਿੰਨੀ ਫ਼ੀਸ ਲਈ ਜਾਂਦੀ ਹੈ। ਇਸ ਤੋਂ ਇਲਾਵਾ, ਇਸ ਅਕਾਊਂਟ ਦੇ ਪੇਜ ‘ਤੇ ਗਰਬਾ ਗੀਤਾਂ ਦੇ ਨਾਲ ਇੱਕ ਨੌਜਵਾਨ ਅਤੇ ਮੁਟਿਆਰ ਵਿਚਕਾਰ ਨੇੜਤਾ ਦਿਖਾਉਣ ਵਾਲੀਆਂ ਪੋਸਟਾਂ ਵੀ ਸਾਂਝੀਆਂ ਕੀਤੀਆਂ ਗਈਆਂ ਸਨ।
ਇਨ੍ਹਾਂ ਵਿੱਚ ਬਾਇਓ ਵਿੱਚ ਦਿੱਤੇ ਲਿੰਕ ‘ਤੇ ਕਲਿੱਕ ਕਰਕੇ ਰਜਿਸਟਰ ਕਰਨ ਲਈ ਕਿਹਾ ਗਿਆ ਸੀ।
ਪੱਤਰਕਾਰ ਨੇ ਉਸ ਅਕਾਊਂਟ ਨੂੰ ਮੈਸੇਜ ਕਰਕੇ ਪੁੱਛਿਆ, ‘ਤੁਸੀਂ ਕਿਸ ਸ਼ਹਿਰ ਵਿੱਚ ਗਰਬਾ ਪਾਰਟਨਰ ਮੁਹੱਈਆ ਕਰਵਾ ਰਹੇ ਹੋ?’
ਜਵਾਬ ਮਿਲਿਆ, ‘ਮੁੱਖ ਤੌਰ ‘ਤੇ ਦਿੱਲੀ, ਨੋਇਡਾ ਅਤੇ ਹੋਰ ਸੂਬਿਆਂ ਵਿੱਚ।’
ਤਸਵੀਰ ਸਰੋਤ, Instagram
ਗਰਬਾ ਮੁੱਖ ਤੌਰ ‘ਤੇ ਗੁਜਰਾਤ ਵਿੱਚ ਹੁੰਦਾ ਹੈ, ਇਸ ਲਈ ਅਸੀਂ ਪੁੱਛਿਆ, ‘ਗੁਜਰਾਤ ਵਿੱਚ ਕਿਉਂ ਨਹੀਂ?’
ਜਵਾਬ ਮਿਲਿਆ, ‘ਗੁਜਰਾਤ ਸੂਬੇ ਦੀਆਂ ਕੁਝ ਕੁੜੀਆਂ ਨੇ ਵੀ ਰਜਿਸਟ੍ਰੇਸ਼ਨ ਕਰਵਾਈ ਹੈ।’
ਅਸੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਉਹ ਦਿੱਲੀ ਦੀਆਂ ਕੁੜੀਆਂ ਨੂੰ ਗੁਜਰਾਤ ਵਿੱਚ ‘ਗਰਬਾ ਪਾਰਟਨਰ’ ਕਿਵੇਂ ਮੁਹੱਈਆ ਕਰਵਾਉਣਗੇ।
ਗੱਲਬਾਤ ਦੌਰਾਨ ਸਾਹਮਣੇ ਵਾਲੇ ਵਿਅਕਤੀ ਨੇ ਕਿਹਾ, “ਤੁਸੀਂ ਜਾਣਦੇ ਹੋ ਕਿ ਕੁੜੀਆਂ ਵੀ ‘ਗਰਬਾ ਪਾਰਟਨਰ’ ਦੀ ਭਾਲ ਵਿੱਚ ਰਹਿੰਦੀਆਂ ਹਨ। ਉਹ ਇੱਥੇ ਰਜਿਸਟ੍ਰੇਸ਼ਨ ਕਰਵਾਉਂਦੀਆਂ ਹਨ ਅਤੇ ਅਸੀਂ ਉਨ੍ਹਾਂ ਨੂੰ ਰਜਿਸਟਰਡ ਮੁੰਡਿਆਂ ਨਾਲ ਭੇਜਦੇ ਹਾਂ। ਦਿੱਲੀ, ਯੂਪੀ ਅਤੇ ਨੋਇਡਾ ਦੀਆਂ ਕੁੜੀਆਂ ਨੇ ਸਾਡੇ ਕੋਲ ਰਜਿਸਟ੍ਰੇਸ਼ਨ ਕਰਵਾਈ ਹੈ। ਰਾਜਸਥਾਨ ਦੀਆਂ ਵੀ ਕੁਝ ਕੁੜੀਆਂ ਹਨ।”
ਸਾਡੇ ਸਵਾਲਾਂ ਦੇ ਜਵਾਬ ਵਿੱਚ ਸਾਹਮਣੇ ਵਾਲੇ ਵਿਅਕਤੀ ਨੇ ਕਿਹਾ, “‘ਮੁੰਡਿਆਂ ਨੂੰ ਰਜਿਸਟ੍ਰੇਸ਼ਨ ਲਈ 99 ਰੁਪਏ ਦੇਣੇ ਪੈਂਦੇ ਹਨ, ਜਦਕਿ ਕੁੜੀਆਂ ਲਈ ਰਜਿਸਟ੍ਰੇਸ਼ਨ ਮੁਫ਼ਤ ਹੈ। ਜੇਕਰ ਤੁਸੀਂ ਰਜਿਸਟ੍ਰੇਸ਼ਨ ਕਰਵਾਉਂਦੇ ਹੋ, ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ‘ਗਰਬਾ ਪਾਰਟਨਰ’ ਵਜੋਂ ਕੁੜੀ ਕਿਵੇਂ ਮਿਲੇਗੀ।”
ਅਸੀਂ ਪੁੱਛਿਆ, “ਮੁੰਡਿਆਂ ਅਤੇ ਕੁੜੀਆਂ ਵਿਚਾਲੇ ਇਹ ਵਿਤਕਰਾ ਕਿਉਂ ਹੈ?”
ਉਨ੍ਹਾਂ ਦਾ ਜਵਾਬ ਸੀ, “ਹਾਂ, ਜੇਕਰ ਮੈਂ ਇਸ ਨੂੰ ਮੁਫ਼ਤ ਨਾ ਰੱਖਿਆ ਹੁੰਦਾ, ਤਾਂ ਕੁੜੀਆਂ ਰਜਿਸਟ੍ਰੇਸ਼ਨ ਨਾ ਕਰਵਾਉਂਦੀਆਂ।”
ਤਸਵੀਰ ਸਰੋਤ, Instagram
‘ਪੂਰੀ ਨਿੱਜਤਾ ਅਤੇ ਸੁਰੱਖਿਆ ਦਾ ਭਰੋਸਾ’
ਤਸਵੀਰ ਸਰੋਤ, Instagram
ਜਦੋਂ ਅਸੀਂ ‘ਗਰਬਾ ਪਾਰਟਨਰ’ ਲੱਭਣ ਸਮੇਂ ਨਿੱਜਤਾ ਨੂੰ ਲੈ ਕੇ ਚਿੰਤਾ ਜਤਾਈ, ਤਾਂ ਉਨ੍ਹਾਂ ਨੇ ਕਿਹਾ, “ਤੁਹਾਡੀ ਜਾਣਕਾਰੀ 100 ਫ਼ੀਸਦੀ ਸੁਰੱਖਿਅਤ ਹੈ। ਅਸੀਂ ਸਿਰਫ਼ ਉਹੀ ਨਾਂ, ਉਮਰ ਅਤੇ ਸੰਪਰਕ ਨੰਬਰ ਲੈਂਦੇ ਹਾਂ, ਜੋ ਤੁਸੀਂ ਦਿੰਦੇ ਹੋ।”
ਗੱਲਬਾਤ ਦੌਰਾਨ, ਉਸ ਵਿਅਕਤੀ ਨੇ ਵਾਰ-ਵਾਰ ਸਾਨੂੰ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ। ਹਾਲਾਂਕਿ, ਅਸੀਂ ਉਸ ਨਾਲ ਗੱਲਬਾਤ ਕਰ ਕੇ ਹੋਰ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਰਹੇ।
ਮਿਸਾਲ ਵਜੋਂ, “ਕੀ ਇਹ 99 ਰੁਪਏ ਨਰਾਤਿਆਂ ਦੇ ਨੌਂ ਦਿਨਾਂ ਲਈ ਹਨ ਜਾਂ ਸਿਰਫ਼ ਇੱਕ ਦਿਨ ਲਈ? ਕੀ ਮੈਨੂੰ ਹਰ ਰੋਜ਼ ਉਹੀ ਪਾਰਟਨਰ ਮਿਲੇਗਾ ਜਾਂ ਉਹ ਬਦਲ ਜਾਵੇਗਾ? ਜੇਕਰ ਮੈਨੂੰ ਆਪਣਾ ਪਾਰਟਨਰ ਪਸੰਦ ਨਾ ਆਇਆ ਤਾਂ ਕੀ ਹੋਵੇਗਾ?”
ਸਾਹਮਣੇ ਵਾਲੇ ਵਿਅਕਤੀ ਨੇ ਜਵਾਬ ਦਿੱਤਾ, “ਅਸੀਂ ਸਿਰਫ਼ ਕੁੜੀ ਦਾ ਸੰਪਰਕ ਨੰਬਰ ਦੇਵਾਂਗੇ। ਅਸੀਂ ਵਿਚੋਲੇ ਹਾਂ, ਤੁਸੀਂ ਉਸ ਨਾਲ ਗੱਲ ਕਰ ਸਕਦੇ ਹੋ। ਜੇਕਰ ਤੁਹਾਨੂੰ ਦਿੱਤਾ ਗਿਆ ‘ਗਰਬਾ ਪਾਰਟਨਰ’ ਅਤੇ ਤੁਸੀਂ ਇੱਕ-ਦੂਜੇ ਨੂੰ ਪਸੰਦ ਨਹੀਂ ਕਰਦੇ, ਤਾਂ ਅਸੀਂ ਕਿਸੇ ਹੋਰ ਕੁੜੀ ਦਾ ਨੰਬਰ ਦੇ ਦੇਵਾਂਗੇ।”
ਅਕਾਊਂਟ ਦੇ ਬਾਇਓ ਵਿੱਚ ਦਿੱਤੇ ਲਿੰਕ ਵਿੱਚ ਕੀ ਸੀ?

ਅਸੀਂ ਅਕਾਊਂਟ ਦੀ ਜਾਣਕਾਰੀ ਅਤੇ ਬਾਇਓ ਵਿੱਚ ਦਿੱਤੇ ਲਿੰਕ ਨਾਲ ਅਹਿਮਦਾਬਾਦ ਦੀ ਸਾਈਬਰ ਕ੍ਰਾਈਮ ਬ੍ਰਾਂਚ ਪਹੁੰਚੇ।
ਏਸੀਪੀ ਹਾਰਦਿਕ ਮਕਾਡੀਆ ਨੇ ਇਨ੍ਹਾਂ ਅਕਾਊਂਟਸ ਦੀ ਜਾਣਕਾਰੀ ਲਈ ਅਤੇ ਆਪਣੇ ਕੰਪਿਊਟਰ ‘ਤੇ ਉਹ ਲਿੰਕ ਖੋਲ੍ਹਿਆ। ਉਸ ਵਿੱਚ ਇੱਕ ਗੂਗਲ ਫ਼ਾਰਮ ਸੀ, ਜਿਸ ਵਿੱਚ ਨਾਂ, ਈਮੇਲ ਆਈਡੀ, ਇੰਸਟਾਗ੍ਰਾਮ ਅਕਾਊਂਟ, ਤੁਹਾਨੂੰ ਮੇਲ ਪਾਰਟਨਰ ਚਾਹੀਦਾ ਹੈ ਜਾਂ ਫੀਮੇਲ, ਤੁਹਾਨੂੰ ਕਿਸ ਤਰ੍ਹਾਂ ਦਾ ‘ਗਰਬਾ ਪਾਰਟਨਰ’ ਚਾਹੀਦਾ ਹੈ, ਵਰਗੀ ਜਾਣਕਾਰੀ ਮੰਗੀ ਗਈ ਸੀ।
ਇਸ ਨੂੰ ਸਬਮਿਟ ਕਰਨ ‘ਤੇ ਇੱਕ ਕਿਊਆਰ ਕੋਡ ਖੁੱਲ੍ਹਦਾ ਸੀ। ਤੁਹਾਨੂੰ ਇਸ ਨੂੰ ਸਕੈਨ ਕਰਕੇ 99 ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਜਾਂਦਾ ਸੀ।
ਏਸੀਪੀ ਹਾਰਦਿਕ ਮਕਾਡੀਆ ਨੇ ਕਿਹਾ, “ਬਾਇਓ ਵਿੱਚ ਦਿੱਤਾ ਗਿਆ ਲਿੰਕ ਸਿਰਫ਼ ਇੱਕ ਗੂਗਲ ਫ਼ਾਰਮ ਹੈ। ਗੂਗਲ ਫ਼ਾਰਮ ਦੀ ਵਰਤੋਂ ਭਰੋਸੇਯੋਗ ਕੰਮਾਂ ਲਈ ਕੀਤੀ ਜਾਂਦੀ ਹੈ। ਇਸ ਰਾਹੀਂ ਕੋਈ ਵੀ ਸਰਵੇਖਣ ਕੀਤਾ ਜਾ ਸਕਦਾ ਹੈ ਜਾਂ ਕੋਈ ਸਮੀਖਿਆ ਸਬਮਿਟ ਕੀਤੀ ਜਾ ਸਕਦੀ ਹੈ।”
“ਪਰ ਇੱਥੇ ਦਿੱਤੇ ਗਏ ਗੂਗਲ ਫ਼ਾਰਮ ਨੂੰ ਸਬਮਿਟ ਕਰਨ ਤੋਂ ਬਾਅਦ ਅਸਲ ਖੇਡ ਸ਼ੁਰੂ ਹੁੰਦੀ ਹੈ। ਇਸ ਵਿੱਚ ਤੁਹਾਡੇ ਤੋਂ 99 ਰੁਪਏ ਦੀ ਫ਼ੀਸ ਮੰਗੀ ਜਾਂਦੀ ਹੈ, ਜਿਸ ਲਈ ਕਿਊਆਰ ਕੋਡ ਅਤੇ ਯੂਪੀਆਈ ਲਿੰਕ ਦਿੱਤਾ ਜਾਂਦਾ ਹੈ। ਭੁਗਤਾਨ ਕਰਨ ਤੋਂ ਬਾਅਦ ਤੁਹਾਨੂੰ ਭੁਗਤਾਨ ਹੋਣ ਦਾ ਸਕ੍ਰੀਨਸ਼ਾਟ ਸਬਮਿਟ ਕਰਨਾ ਪੈਂਦਾ ਹੈ।”
“ਇਸ ਤਰ੍ਹਾਂ ਲੋਕਾਂ ਤੋਂ 99 ਰੁਪਏ ਲੈ ਕੇ ਇੱਕ ਤਰ੍ਹਾਂ ਦੀ ਧੋਖਾਧੜੀ ਕੀਤੀ ਜਾ ਰਹੀ ਹੈ। ਅਸੀਂ ਇਸ ਪ੍ਰੋਫ਼ਾਈਲ ਨੂੰ ਟਰੇਸ ਵੀ ਕੀਤਾ ਹੈ। ਪੈਸੇ ਤਾਂ ਲੈ ਲਏ ਜਾਂਦੇ ਹਨ, ਪਰ ਕੋਈ ‘ਗਰਬਾ ਪਾਰਟਨਰ’ ਨਹੀਂ ਮਿਲਦਾ।”
ਏਸੀਪੀ ਹਾਰਦਿਕ ਮਕਾਡੀਆ ਨੇ ਅੱਗੇ ਕਿਹਾ, “ਇਹ ਲੋਕ ਜੋ ਜਾਣਕਾਰੀ ਲੈਂਦੇ ਹਨ, ਉਸ ਦੀ ਗ਼ਲਤ ਵਰਤੋਂ ਵੀ ਹੋ ਸਕਦੀ ਹੈ। ਉਹ ਅਜਿਹੇ ਲੋਕਾਂ ਦੀ ਭਾਲ ਵਿੱਚ ਰਹਿੰਦੇ ਹਨ, ਜੋ ਸਿੰਗਲ ਹਨ ਅਤੇ ਜਿਨ੍ਹਾਂ ਨੂੰ ਪਾਰਟਨਰ ਦੀ ਲੋੜ ਹੈ। ਉਹ ਤੁਹਾਡੇ ਵੱਲੋਂ ਦਿੱਤੇ ਗਏ ਸੰਪਰਕ ਨੰਬਰ ਅਤੇ ਇੰਸਟਾਗ੍ਰਾਮ ਆਈਡੀ ਰਾਹੀਂ ਭਵਿੱਖ ਵਿੱਚ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਨ।”
“ਜੇਕਰ ਤੁਸੀਂ ਪੁਰਸ਼ ਹੋ, ਤਾਂ ਉਹ ਕਿਸੇ ਮਹਿਲਾ ਰਾਹੀਂ ਤੁਹਾਡੇ ਨਾਲ ਚੈਟ ਕਰ ਸਕਦੇ ਹਨ ਅਤੇ ਜੇਕਰ ਤੁਸੀਂ ਮਹਿਲਾ ਹੋ, ਤਾਂ ਤੁਹਾਨੂੰ ਹਨੀਟ੍ਰੈਪ ਵਿੱਚ ਫਸਾ ਸਕਦੇ ਹਨ। ਤੁਹਾਡੇ ਨਾਲ ਚੈਟ ਕਰਨ ਤੋਂ ਬਾਅਦ ਉਹ ਨਰਾਤਿਆਂ ਦੇ ਮੁਫ਼ਤ ਪਾਸ ਦੇ ਨਾਂ ‘ਤੇ ਤੁਹਾਨੂੰ ਇੱਕ ਏਪੀਕੇ ਫ਼ਾਈਲ ਭੇਜ ਸਕਦੇ ਹਨ। ਇਸ ਨਾਲ ਤੁਹਾਡਾ ਵ੍ਹਟਸਐਪ ਹੈਕ ਹੋ ਸਕਦਾ ਹੈ ਅਤੇ ਤੁਹਾਡਾ ਬੈਂਕ ਖਾਤਾ ਖਾਲ੍ਹੀ ਹੋ ਸਕਦਾ ਹੈ।”
“ਅਜਿਹਾ ਕੋਈ ਵੀ ਫ਼ਿਸ਼ਿੰਗ ਪੇਜ ਤੁਹਾਡੀ ਜਾਣਕਾਰੀ ਚੋਰੀ ਕਰਕੇ ਤੁਹਾਡੇ ਨਾਲ ਕਿਸੇ ਹੋਰ ਤਰ੍ਹਾਂ ਦੀ ਧੋਖਾਧੜੀ ਕਰ ਸਕਦਾ ਹੈ।”
‘ਗਰਬਾ ਪਾਰਟਨਰ’ ਲੱਭਣ ਬਾਰੇ ਕਾਨੂੰਨ ਕੀ ਕਹਿੰਦਾ ਹੈ?
‘ਗਰਬਾ ਪਾਰਟਨਰ’ ਲੱਭਣ ਬਾਰੇ ਕਾਨੂੰਨ ਕੀ ਕਹਿੰਦਾ ਹੈ? ਅਸੀਂ ਇਸ ਬਾਰੇ ਵਕੀਲ ਅਮਿਤ ਕਚਵੇ ਨਾਲ ਗੱਲ ਕੀਤੀ।
ਵਕੀਲ ਅਮਿਤ ਕਚਵੇ ਕਹਿੰਦੇ ਹਨ, “ਜੇਕਰ ਦੋ ਬਾਲਗ ਆਪਣੀ ਮਰਜ਼ੀ ਨਾਲ ਗਰਬਾ ਖੇਡਣ ਜਾਂਦੇ ਹਨ ਅਤੇ ਇਸ ਵਿੱਚ ਪੈਸਿਆਂ ਦਾ ਲੈਣ-ਦੇਣ ਸ਼ਾਮਲ ਹੈ, ਤਾਂ ਇਹ ਕਾਨੂੰਨੀ ਤੌਰ ‘ਤੇ ਬੰਧਨ ਵਾਲਾ ਨਹੀਂ ਹੈ।”
“ਇਹ ਦੋਵਾਂ ਵਿਚਾਲੇ ਇੱਕ ਇਕਰਾਰਨਾਮਾ ਹੈ। ਚੀਨ ਅਤੇ ਹਾਂਗਕਾਂਗ ਵਰਗੇ ਦੇਸ਼ਾਂ ਵਿੱਚ ਬਾਹਰ ਜਾਣ ਲਈ ਅਜਿਹੇ ਪਾਰਟਨਰ ਲੱਭਣਾ ਆਮ ਗੱਲ ਹੈ, ਪਰ ਭਾਰਤ ਵਿੱਚ ਹਾਲੇ ਅਜਿਹਾ ਸ਼ੁਰੂ ਨਹੀਂ ਹੋਇਆ ਹੈ। ਇਸ ਲਈ ਅਜਿਹੇ ਇਸ਼ਤਿਹਾਰਾਂ ਨੂੰ ਦੇਖ ਕੇ ਅਜੀਬ ਲੱਗਣਾ ਸੁਭਾਵਿਕ ਹੈ।”
ਹਾਲਾਂਕਿ, ਉਹ ਅੱਗੇ ਕਹਿੰਦੇ ਹਨ, “ਕਿਸੇ ਅਜਨਬੀ ਨਾਲ ਬਾਹਰ ਜਾਣਾ ਜੋਖ਼ਮ ਭਰਿਆ ਹੋ ਸਕਦਾ ਹੈ।”
ਜੇਕਰ ਪਾਰਟਨਰ ਦੀ ਉਮਰ ਬਾਲਗ ਹੋਣ ਦੀ ਉਮਰ ਤੋਂ ਘੱਟ ਹੈ, ਤਾਂ ਸਥਿਤੀ ਵੱਖਰੀ ਹੁੰਦੀ ਹੈ।
ਤਸਵੀਰ ਸਰੋਤ, Google form
ਪੁਲਿਸ ਕੋਲ ਸ਼ਿਕਾਇਤ ਕਿਉਂ ਨਹੀਂ ਕੀਤੀ ਜਾ ਰਹੀ?
‘ਫੋਰੈਂਸਿਕ ਟੈਲੈਂਟ ਇੰਡੀਆ’ ਗੁਜਰਾਤ ਦੀ ਇੱਕ ਨਿੱਜੀ ਸਾਈਬਰ ਸੁਰੱਖਿਆ ਏਜੰਸੀ ਹੈ।
ਇਸ ਦੇ ਸਾਈਬਰ ਮਾਹਿਰ ਅਰੁਣ ਕੁਮਾਰ ਨੇ ਬੀਬੀਸੀ ਨੂੰ ਦੱਸਿਆ, “ਪੁਲਿਸ ਉਦੋਂ ਹੀ ਕਾਰਵਾਈ ਕਰ ਸਕਦੀ ਹੈ, ਜਦੋਂ ਉਸ ਨੂੰ ਕੋਈ ਸ਼ਿਕਾਇਤ ਮਿਲਦੀ ਹੈ। ਅਜਿਹੇ ਮਾਮਲਿਆਂ ਵਿੱਚ ਜ਼ਿਆਦਾਤਰ ਲੈਣ-ਦੇਣ ਦੀ ਰਕਮ ਘੱਟ ਹੁੰਦੀ ਹੈ, ਪਰ ਧੋਖੇਬਾਜ਼ਾਂ ਦਾ ਨਿਸ਼ਾਨਾ ਬਹੁਤ ਵੱਡਾ ਹੁੰਦਾ ਹੈ। ਜੇਕਰ ਰੋਜ਼ਾਨਾ 100 ਲੋਕ ਵੀ ਉਨ੍ਹਾਂ ਨੂੰ 99 ਰੁਪਏ ਦਿੰਦੇ ਹਨ, ਤਾਂ ਇਹ ਉਨ੍ਹਾਂ ਲਈ ਵੱਡੀ ਰਕਮ ਹੈ।”
“ਮਿਸਾਲ ਵਜੋਂ, ਜੇਕਰ ਮੇਰੇ 99 ਰੁਪਏ ਚਲੇ ਜਾਣ, ਤਾਂ ਮੈਂ ਸੋਚਾਂਗਾ ਕਿ ਇੰਨੀ ਛੋਟੀ ਰਕਮ ਲਈ ਪੁਲਿਸ ਕੋਲ ਕਿਉਂ ਜਾਵਾਂ। ਇਸੇ ਸੋਚ ਕਾਰਨ ਪੁਲਿਸ ਨੂੰ ਸਹੀ ਜਾਣਕਾਰੀ ਨਹੀਂ ਮਿਲ ਪਾਉਂਦੀ।”
ਉਨ੍ਹਾਂ ਅੱਗੇ ਕਿਹਾ, “ਜੇਕਰ ਘੱਟ ਰਕਮ ਦੀ ਧੋਖਾਧੜੀ ਦੀ ਸ਼ਿਕਾਇਤ ਪੁਲਿਸ ਕੋਲ ਜਾਂਦੀ ਵੀ ਹੈ, ਤਾਂ ਹੋ ਸਕਦਾ ਹੈ ਕਿ ਉਹ ਇਸ ‘ਤੇ ਕਾਰਵਾਈ ਨਾ ਕਰ ਸਕਣ, ਕਿਉਂਕਿ ਉਨ੍ਹਾਂ ਕੋਲ ਵੱਡੀਆਂ ਰਕਮਾਂ ਦੀ ਧੋਖਾਧੜੀ ਦੇ ਕਈ ਮਾਮਲੇ ਹੁੰਦੇ ਹਨ।”
“ਪਰ ਜੇਕਰ 100 ਲੋਕ ਘੱਟ ਰਕਮ ਦੀ ਧੋਖਾਧੜੀ ਲਈ ਪੁਲਿਸ ਕੋਲ ਜਾਣ, ਤਾਂ ਪੁਲਿਸ ਜ਼ਰੂਰ ਕਾਰਵਾਈ ਕਰੇਗੀ। ਪਰ ਜੇਕਰ ਲੋਕ ਖ਼ੁਦ ਹੀ ਇਸ ਬਾਰੇ ਜਾਗਰੂਕ ਨਹੀਂ ਹਨ, ਤਾਂ ਪੁਲਿਸ ਕੀ ਕਰ ਸਕਦੀ ਹੈ?”
ਘੱਟ ਰਕਮ ਵਾਲੀ ਆਨਲਾਈਨ ਧੋਖਾਧੜੀ ਬਾਰੇ ਅਰੁਣ ਕੁਮਾਰ ਨੇ ਕਿਹਾ, “ਇਸ ਸਬੰਧੀ ਜ਼ਿਆਦਾ ਸ਼ਿਕਾਇਤਾਂ ਨਹੀਂ ਆਉਂਦੀਆਂ। ਜਦੋਂ ਲੋਕਾਂ ਨਾਲ ਵੱਡੀ ਰਕਮ ਦੀ ਧੋਖਾਧੜੀ ਹੁੰਦੀ ਹੈ, ਉਦੋਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਨਾਲ ਕੁਝ ਗ਼ਲਤ ਹੋਇਆ ਹੈ। ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਕਿਸ ਪੜਾਅ ‘ਤੇ ਉਨ੍ਹਾਂ ਨੂੰ ਬਚਾਇਆ ਜਾ ਸਕਦਾ ਹੈ ਜਾਂ ਧੋਖਾਧੜੀ ਦੀ ਸੰਭਾਵਨਾ ਬਿਲਕੁਲ ਨਹੀਂ ਰਹਿੰਦੀ।”
ਤਸਵੀਰ ਸਰੋਤ, Getty
ਗੁਜਰਾਤ ਵਿੱਚ ਸਾਈਬਰ ਅਪਰਾਧ ਦੇ ਕਿੰਨੇ ਮਾਮਲੇ ਸਾਹਮਣੇ ਆਏ ਹਨ?
21 ਜੁਲਾਈ, 2026 ਨੂੰ ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਵੱਲੋਂ ਜਾਰੀ ਇੱਕ ਪ੍ਰੈੱਸ ਨੋਟ ਅਨੁਸਾਰ, ਸਾਲ 2021 ਤੋਂ 2025 ਦੇ ਵਿਚਕਾਰ ਸਾਈਬਰ ਅਪਰਾਧਾਂ ਸਬੰਧੀ ਸ਼ਿਕਾਇਤਾਂ ਦੀ ਗਿਣਤੀ 65 ਲੱਖ 89 ਹਜ਼ਾਰ 201 ਤੋਂ ਵੱਧ ਹੈ। ਨਾਲ ਹੀ, 55 ਹਜ਼ਾਰ 50 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਹੋਈ ਹੈ।
ਅਜਿਹੇ ਮਾਮਲਿਆਂ ਵਿੱਚ 1 ਲੱਖ 95 ਹਜ਼ਾਰ 760 ਤੋਂ ਵੱਧ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਸਿਰਫ਼ ਗੁਜਰਾਤ ਦੀ ਗੱਲ ਕਰੀਏ ਤਾਂ 2020 ਤੋਂ 2024 ਦੇ ਵਿਚਕਾਰ ਸਾਈਬਰ ਅਪਰਾਧ ਤਹਿਤ 7,923 ਮਾਮਲੇ ਦਰਜ ਕੀਤੇ ਗਏ ਹਨ।
ਦੇਸ਼ ਭਰ ਵਿੱਚ ਅਜਿਹੇ ਮਾਮਲਿਆਂ ਵਿੱਚ ਬੈਂਕ ਖਾਤਿਆਂ ਵਿੱਚ 8,189 ਕਰੋੜ ਰੁਪਏ ਤੋਂ ਵੱਧ ਦੀ ਰਕਮ ਫ੍ਰੀਜ਼ ਕੀਤੀ ਗਈ ਹੈ।
ਨਰਾਤੇ ਸ਼ੁਰੂ ਹੁੰਦਿਆਂ ਹੀ ਗਰਬਾ ਪਾਰਟਨਰ ਦਿਵਾਉਣ ਦਾ ਦਾਅਵਾ ਕਰਨ ਵਾਲਾ ਅਕਾਊਂਟ ਬੰਦ
ਇਸ ਬਾਰੇ ਕੋਈ ਪੱਕੇ ਅੰਕੜੇ ਨਹੀਂ ਹਨ ਕਿ ਕਿੰਨੇ ਲੋਕਾਂ ਨੇ ਇਸ ਪੇਜ ਰਾਹੀਂ 99 ਰੁਪਏ ਦਾ ਭੁਗਤਾਨ ਕੀਤਾ ਹੈ, ਕਿਉਂਕਿ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।
ਪਰ ਗੱਲਬਾਤ ਵਾਲੀ ਦੁਪਹਿਰ ਤੋਂ ਬਾਅਦ ਇਹ ਇੰਸਟਾਗ੍ਰਾਮ ਅਕਾਊਂਟ ਖੁੱਲ੍ਹ ਨਹੀਂ ਰਿਹਾ ਹੈ। ਹੋ ਸਕਦਾ ਹੈ ਕਿ ਨਰਾਤੇ ਸ਼ੁਰੂ ਹੋਣ ਕਾਰਨ, ਜਿਨ੍ਹਾਂ ਲੋਕਾਂ ਨੇ ਪੈਸੇ ਦਿੱਤੇ ਹਨ, ਉਹ ਆਪਣੇ ਪਾਰਟਨਰ ਬਾਰੇ ਪੁੱਛ-ਪੜਤਾਲ ਕਰ ਰਹੇ ਹੋਣ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



