Source :- BBC PUNJABI
ਤਸਵੀਰ ਸਰੋਤ, Police handout/BBC
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 6 ਮਿੰਟ
ਯੂਕੇ ਵਿੱਚ ਸਿੱਖ ਨੌਜਵਾਨ ਵੱਲੋਂ ਕਿਰਪਾਨ ਨਾਲ ਇੱਕ 21 ਸਾਲਾ ਨੌਜਵਾਨ ਦਾ ਕਤਲ ਕਰਨ ਦਾ ਮੁੱਦਾ ਹਾਊਸ ਆਫ ਕਾਮਨਜ਼ ਵਿੱਚ ਵੀ ਚੁੱਕਿਆ ਗਿਆ।
ਇਸ ਬਾਰੇ ਹੋਮ ਸਕੱਤਰ ਸਣੇ ਸਿੱਖ ਐੱਮਪੀਜ਼ ਨੇ ਆਪਣੀ ਪ੍ਰਤੀਕਿਰਿਆ ਦਿੱਤੀ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਦੋਸ਼ੀ ਵਿਕਰਮ ਡਿਗਵਾ ਉੱਤੇ ਹੋਰ ਵੀ ਵਾਧੂ ਇਲਜ਼ਾਮ ਲਗਾਏ ਗਏ ਹਨ।
ਅੱਜ ਉਹ ਹਥਿਆਰ ਰੱਖਣ ਸਬੰਧੀ ਵਾਧੂ ਇਲਜ਼ਾਮਾਂ ਦਾ ਸਾਹਮਣਾ ਕਰਨ ਲਈ ਮੁੜ ਅਦਾਲਤ ਵਿੱਚ ਪੇਸ਼ ਹੋਣ ਵਾਲਾ ਹੈ। ਇਸ ਮਾਮਲੇ ਵਿੱਚ ਉਸ ਦੇ ਭਰਾ ਅਤੇ ਪਿਤਾ ਵੀ ਸਹਿ-ਮੁਲਜ਼ਮ ਹਨ।
ਵਿਕਰਮ ਡਿਗਵਾ, ਉਸ ਦਾ 27 ਸਾਲਾ ਭਰਾ ਗੁਰਪ੍ਰੀਤ ਡਿਗਵਾ ਅਤੇ 52 ਸਾਲਾ ਪਿਤਾ ਮੋਗਾ ਸਿੰਘ ਉੱਤੇ ਨਿੱਜੀ ਥਾਂ ‘ਤੇ ਹਮਲਾਵਰ ਹਥਿਆਰ ਰੱਖਣ ਦੇ ਛੇ ਇਲਜ਼ਾਮ ਲਗਾਏ ਗਏ ਹਨ।
ਕਥਿਤ ਹਥਿਆਰਾਂ ਵਿੱਚ ਇੱਕ ਫਲਿਕ ਨਾਈਫ (ਬਟਨ ਨਾਲ ਖੁੱਲ੍ਹਣ ਵਾਲਾ ਚਾਕੂ), ਐਕਸਟੈਂਡੇਬਲ ਬੈਟਨ, ਨਕਲਡਸਟਰ, ਮਸ਼ੇਟੀ, ਤਲਵਾਰਾਂ ਅਤੇ ਕੁਸਾਰੀ (ਭਾਰ ਵਾਲੀ ਜ਼ੰਜੀਰ ਦੀ ਇੱਕ ਕਿਸਮ) ਸ਼ਾਮਲ ਹਨ।
ਇਸ ਤੋਂ ਇਲਾਵਾ ਵਿਕਰਮ ਡਿਗਵਾ ਉੱਤੇ ਚਾਰ ਹੋਰ ਇਲਜ਼ਾਮ ਵੀ ਲਗਾਏ ਗਏ ਹਨ-
- ਜਨਤਕ ਥਾਂ ‘ਤੇ ਐਸਪ (ਬੈਟਨ ਦੀ ਇੱਕ ਕਿਸਮ) ਰੱਖਣਾ
- ਇੱਕ ਪਾਬੰਦੀਸ਼ੁਦਾ ਹਥਿਆਰ (ਏਅਰ ਰਾਈਫਲ) ਰੱਖਣਾ
- ਜਨਤਕ ਥਾਂ ‘ਤੇ ਕੁਹਾੜੀ ਰੱਖਣਾ
- ਜਨਤਕ ਥਾਂ ‘ਤੇ ਚਾਕੂ (ਕਿਰਪਾਨ) ਰੱਖਣਾ
ਇਹ ਸਾਰੇ ਕਥਿਤ ਅਪਰਾਧ 4 ਦਸੰਬਰ 2025 ਦੇ ਹਨ, ਜੋ ਹੈਨਰੀ ਨੋਵਾਕ ਦੇ ਕਤਲ ਤੋਂ ਅਗਲਾ ਦਿਨ ਸੀ।
ਹਾਊਸ ਆਫ ਕਾਮਨਸ ਵਿੱਚ ਕੀ-ਕੀ ਹੋਇਆ
ਤਸਵੀਰ ਸਰੋਤ, Police handout
ਹੋਮ ਸਕੱਤਰ ਸ਼ਬਾਨਾ ਮਹਿਮੂਦ ਨੇ ਹਾਊਸ ਆਫ ਕਾਮਨਜ਼ ਵਿੱਚ 18 ਸਾਲਾ ਹੈਨਰੀ ਨੋਵਾਕ ਦੇ ਕਤਲ ਮਾਮਲੇ ਬਾਰੇ ਬਿਆਨ ਦਿੱਤਾ, ਜਿਸ ਵਿੱਚ 23 ਸਾਲਾ ਵਿਕਰਮ ਡਿਗਵਾ ਵੱਲੋਂ ਉਸ ਨੂੰ ਕਈ ਵਾਰ ਚਾਕੂ ਮਾਰੇ ਜਾਣ ਦੀ ਘਟਨਾ ਦਾ ਜ਼ਿਕਰ ਕੀਤਾ ਗਿਆ।
ਉਨ੍ਹਾਂ ਨੇ ਇਸ ਕਤਲ ਨੂੰ “ਭਿਆਨਕ” ਅਤੇ “ਦੁਸ਼ਟ ਕਾਰਾ” ਕਰਾਰ ਦਿੰਦਿਆਂ ਕਿਹਾ ਕਿ ਨੋਵਾਕ ਦੇ ਪਰਿਵਾਰ ਨੇ ਜਿਸ ਦਰਦ ਦਾ ਸਾਹਮਣਾ ਕੀਤਾ ਹੈ, ਉਹ “ਕਲਪਨਾ ਤੋਂ ਪਰੇ” ਹੈ।
ਉਨ੍ਹਾਂ ਦੀਆਂ ਹੋਰ ਮੁੱਖ ਟਿੱਪਣੀਆਂ-
- ਮਹਿਮੂਦ ਨੇ ਪੁਲਿਸ ਬਾਡੀਕੈਮ ਫੁਟੇਜ, ਜਿਸ ਵਿੱਚ ਅਧਿਕਾਰੀ ਮੌਤ ਨਾਲ ਜੂਝ ਰਹੇ ਨੋਵਾਕ ਨੂੰ ਹੱਥਕੜੀਆਂ ਲਗਾਉਂਦੇ ਦਿਖਾਈ ਦਿੰਦੇ ਹਨ, ਨੂੰ “ਪਰੇਸ਼ਾਨ ਕਰਨ ਵਾਲੀ ਅਤੇ ਦੁਖਦਾਈ” ਕਰਾਰ ਦਿੱਤਾ।
- ਉਨ੍ਹਾਂ ਕਿਹਾ ਕਿ ਇੰਡੀਪੈਂਡੈਂਟ ਆਫਿਸ ਫਾਰ ਪੁਲਿਸ ਕੰਡਕਟ (ਆਈਓਪੀਸੀ) ਨੂੰ ਸੱਚਾਈ ਸਾਹਮਣੇ ਲਿਆਉਣ ਲਈ ਪੂਰਾ ਮੌਕਾ ਦਿੱਤਾ ਜਾਵੇਗਾ ਅਤੇ “ਜੇ ਲੋੜ ਪਈ ਤਾਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਇਸ ਦੇ ਨਤੀਜੇ ਵੀ ਨਿਕਲਣ।”
- ਸ਼ਬਾਨਾ ਮਹਿਮੂਦ ਨੇ ਕਿਹਾ ਕਿ ਇਸ ਕਤਲ ਪ੍ਰਤੀ ਕੁਝ ਪ੍ਰਤੀਕਿਰਿਆਵਾਂ ਵਿੱਚ ਇੱਕ “ਖ਼ਤਰਨਾਕ ਅੰਦਰੂਨੀ ਰੁਝਾਨ” ਵੀ ਦੇਖਣ ਨੂੰ ਮਿਲਿਆ ਹੈ, ਜਿਸ ਕਾਰਨ ਇੱਕ ਗਲਤ ਪਛਾਣੇ ਗਏ ਪੁਲਿਸ ਅਧਿਕਾਰੀ ਨੂੰ ਆਪਣੀ ਸੁਰੱਖਿਆ ਲਈ ਰਹਿਣ ਦੀ ਥਾਂ ਬਦਲਣੀ ਪਈ।
- ਚਾਕੂਬਾਜ਼ੀ ਨਾਲ ਜੁੜੇ ਜੁਰਮਾਂ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ “ਇਸ ਦਹਾਕੇ ਦੌਰਾਨ ਚਾਕੂ ਅਪਰਾਧਾਂ ਨੂੰ ਅੱਧਾ ਕਰਨ ਲਈ ਵਚਨਬੱਧ ਹੈ” ਅਤੇ ਹੈਨਰੀ ਨੋਵਾਕ ਦਾ ਕਤਲ ਇਹ ਦਰਸਾਉਂਦਾ ਹੈ ਕਿ “ਸਾਨੂੰ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ।”
- ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿੱਖ ਧਰਮ ਜਾਂ ਨਸਲਵਾਦ ਬਾਰੇ ਨਹੀਂ, ਸਗੋਂ ਕਤਲ ਬਾਰੇ ਹੈ। ਉਨ੍ਹਾਂ ਇਹ ਵੀ ਜੋੜਿਆ ਕਿ “ਇਸ ਦੇਸ਼ ਵਿੱਚ ਅਸੀਂ ਸਮੂਹਿਕ ਸਜ਼ਾ ਦੇ ਸਿਧਾਂਤ ‘ਤੇ ਵਿਸ਼ਵਾਸ ਨਹੀਂ ਕਰਦੇ।”
ਮਹਿਮੂਦ ਨੇ ਇਹ ਵੀ ਕਿਹਾ ਕਿ ਡਿਗਵਾ ਦੀ ਮਾਂ ਨੂੰ ਵੀ ਇੱਕ ਅਪਰਾਧੀ ਦੀ ਮਦਦ ਕਰਨ ਦੇ ਇਲਜ਼ਾਮ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ, ਜਦਕਿ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ (ਸੀਪੀਐੱਸ) ਵੱਲੋਂ ਮਾਮਲੇ ਨਾਲ ਸਬੰਧਤ ਹੋਰ ਕਾਰਵਾਈ ਕੀਤੀ ਜਾ ਰਹੀ ਹੈ।
ਸਿੱਖ ਸੰਸਦ ਮੈਂਬਰਾਂ ਨੇ ਕਤਲ ਮਾਮਲੇ ਦੇ ਸਿਆਸੀਕਰਨ ਦੀ ਨਿੰਦਾ ਕੀਤੀ
ਤਸਵੀਰ ਸਰੋਤ, Parliament TV
ਗ੍ਰਹਿ ਮੰਤਰੀ ਦੇ ਬਿਆਨ ਤੋਂ ਬਾਅਦ ਹਾਊਸ ਆਫ ਕਾਮਨਜ਼ ਵਿੱਚ ਚਰਚਾ ਜਾਰੀ ਹੈ।
ਸਲੌ ਤੋਂ ਲੇਬਰ ਪਾਰਟੀ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਹੈਨਰੀ ਨੋਵਾਕ ਦੇ ਆਖ਼ਰੀ ਪਲਾਂ ਵਿੱਚ ਜਿਸ ਤਰ੍ਹਾਂ ਉਸ ਨਾਲ ਸਲੂਕ ਹੋਇਆ, ਉਹ “ਮੁੜ ਕਦੇ ਨਹੀਂ ਹੋਣਾ ਚਾਹੀਦਾ।”
ਉਹ ਕਹਿੰਦੇ ਹਨ ਕਿ ਇਹ “ਬਹੁਤ ਹੀ ਦੁਖਦਾਈ” ਗੱਲ ਹੈ ਕਿ ਰਿਫਾਰਮ ਯੂਕੇ ਅਤੇ ਰੀਸਟੋਰ ਪਾਰਟੀ ਨੇ ਲੋਕਾਂ ਦੇ ਦੁੱਖ ਨੂੰ “ਸਿਆਸੀ ਰੰਗ ਦੇਣ ਦਾ ਫ਼ੈਸਲਾ ਕੀਤਾ” ਅਤੇ ਰਸਮੀ ਕਿਰਪਾਨ ਧਾਰਨ ਕਰਨ ਨੂੰ ਲੈ ਕੇ ਸਿੱਖ ਭਾਈਚਾਰੇ ਉੱਤੇ “ਹਮਲਾ” ਕੀਤਾ, ਜਦਕਿ ਹਮਲੇ ਵਿੱਚ ਵਰਤਿਆ ਗਿਆ ਚਾਕੂ ਉਸ ਕਿਸਮ ਦਾ ਨਹੀਂ ਸੀ।
ਢੇਸੀ ਕਹਿੰਦੇ ਹਨ ਕਿ ਰਿਫਾਰਮ ਨੇ “ਪੂਰੇ ਇੱਕ ਭਾਈਚਾਰੇ ਨੂੰ ਬਲੀ ਦਾ ਬੱਕਰਾ ਬਣਾਉਣ ਅਤੇ ਬੱਸ ਹੇਠਾਂ ਸੁੱਟਣ ਦਾ ਫ਼ੈਸਲਾ ਕੀਤਾ ਹੈ” ਅਤੇ ਉਹ ਬਰਤਾਨੀਆ ਵਿੱਚ ਰਹਿੰਦੇ ਸਿੱਖਾਂ ਲਈ ਭਰੋਸੇ ਦੀ ਮੰਗ ਕਰਦੇ ਹਨ, ਜੋ ਇਸ “ਨਿਰਦਈ ਕਤਲ ਤੋਂ ਡਰੇ ਹੋਏ ਅਤੇ ਸ਼ਰਮਿੰਦਾ ਹਨ।”
ਇਸ ਦੇ ਜਵਾਬ ਵਿੱਚ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਕਿਹਾ ਕਿ “ਧਾਰਮਿਕ ਆਜ਼ਾਦੀ ਇੱਕ ਬਹੁਤ ਮਹੱਤਵਪੂਰਨ ਸਿਧਾਂਤ ਹੈ” ਅਤੇ ਬਰਤਾਨੀਆ “ਅਜਿਹਾ ਦੇਸ਼ ਨਹੀਂ ਹੈ ਜੋ ਕਿਸੇ ਵਿਅਕਤੀ ਦੀਆਂ ਕਰਤੂਤਾਂ ਲਈ ਪੂਰੇ ਭਾਈਚਾਰੇ ਨੂੰ ਸਾਂਝੀ ਸਜ਼ਾ ਦੇਵੇ।”
ਲੇਬਰ ਐੱਮਪੀ ਦਾ ਕਹਿਣਾ, ‘ਹਿੰਸਕ ਕਤਲ ਕਾਰਨ ਸਿੱਖ ਭਾਈਚਾਰਾ ‘ਡੂੰਘੇ ਸਦਮੇ’ ਵਿੱਚ ਹੈ’
ਤਸਵੀਰ ਸਰੋਤ, Parliament TV
ਲੇਬਰ ਪਾਰਟੀ ਦੇ ਐੱਮਪੀ ਗੁਰਿੰਦਰ ਸਿੰਘ ਜੋਸਨ, ਜੋ ਖ਼ੁਦ ਸਿੱਖ ਹਨ, ਕਹਿੰਦੇ ਹਨ ਕਿ ਉਹ ਆਪਣੇ ਧਾਰਮਿਕ ਅਕੀਦੇ ਦੇ ਹਿੱਸੇ ਵਜੋਂ ਹਰ ਰੋਜ਼ ਪੰਜ ਕਕਾਰ ਧਾਰਨ ਕਰਦੇ ਹਨ।
ਉਹ ਕਹਿੰਦੇ ਹਨ, “ਇੱਕ ਸਿੱਖ ਹੋਣ ਦੇ ਨਾਤੇ, ਮੈਂ ਸੱਚਮੁੱਚ ਇਹ ਬਿਆਨ ਕਰਨ ਵਿੱਚ ਮੁਸ਼ਕਲ ਮਹਿਸੂਸ ਕਰਦਾ ਹਾਂ ਕਿ ਇਸ ਮਾਮਲੇ ਨੇ ਮੇਰੇ ਅੰਦਰ, ਮੇਰੇ ਪਰਿਵਾਰ ਅਤੇ ਮੇਰੇ ਦੋਸਤਾਂ ਵਿੱਚ ਕਿੰਨਾ ਡੂੰਘਾ ਸਦਮਾ ਪੈਦਾ ਕੀਤਾ ਹੈ।”
ਜੋਸਨ ਕਹਿੰਦੇ ਹਨ ਕਿ ਹੈਨਰੀ ਦੇ ਕਤਲ ਦੀ “ਪੂਰੀ ਤਰ੍ਹਾਂ ਨਿੰਦਾ ਕੀਤੀ ਜਾਣੀ ਚਾਹੀਦੀ ਹੈ” ਅਤੇ ਉਹ ਕਹਿੰਦੇ ਹਨ ਕਿ ਉਸ ਦੇ ਪਰਿਵਾਰ ਨੇ ਆਪਣੇ ਦੁੱਖ ਵਿੱਚ “ਅਸਾਧਾਰਣ ਧੀਰਜ ਅਤੇ ਸਨਮਾਨ” ਦਿਖਾਇਆ ਹੈ।
ਉਹ ਕਹਿੰਦੇ ਹਨ, “ਉਸ ਦੀਆਂ ਕਰਤੂਤਾਂ ਕਿਸੇ ਵੀ ਤਰ੍ਹਾਂ ਧਾਰਮਿਕ ਤੌਰ ਉੱਤੇ ਜਾਇਜ਼ ਨਹੀਂ ਹੈ ਅਤੇ ਇਹੋ ਜਿਹੀ ਭਾਵਨਾ ਸਾਰੇ ਸਿੱਖ ਭਾਈਚਾਰੇ ਵਿੱਚ ਸਰਬਸੰਮਤੀ ਨਾਲ ਸਾਂਝੀ ਕੀਤੀ ਜਾਂਦੀ ਹੈ।”
ਤਸਵੀਰ ਸਰੋਤ, Crown Prosecution Service
ਜਦੋਂ ਮ੍ਰਿਤਕ ਕਹਿੰਦਾ ਰਿਹਾ, ‘ਮੈਨੂੰ ਸਾਹ ਨਹੀਂ ਆ ਰਿਹਾ’
ਬੌਡੀਕੈਮ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਵਿਦਿਆਰਥੀ ਹੈਨਰੀ ਨੋਵਾਕ ਨੇ ਕਿਰਪਾਨ ਮਾਰੇ ਜਾਣ ਤੋਂ ਬਾਅਦ ਹੱਥਕੜੀਆਂ ਵਿੱਚ ਪਏ ਹੋਏ ਵਾਰ-ਵਾਰ ਪੁਲਿਸ ਅਧਿਕਾਰੀਆਂ ਨੂੰ ਕਿਹਾ, “ਮੈਨੂੰ ਸਾਹ ਨਹੀਂ ਆ ਰਿਹਾ।”
18 ਸਾਲਾ ਸਾਊਥਹੈਂਪਟਨ ਦੇ ਵਿਦਿਆਰਥੀ ਨੂੰ ਹੱਥਕੜੀਆਂ ਲਗਾ ਦਿੱਤੀਆਂ ਗਈਆਂ ਸਨ, ਕਿਉਂਕਿ ਉਸ ਦੇ ਕਤਲ ਕਾਰਨ ਵਾਲੇ 23 ਸਾਲਾ ਵਿਕਰਮ ਡਿਗਵਾ ਨੇ 2025 ਵਿੱਚ ਹੋਏ ਇਸ ਕਿਰਪਾਨ ਵਾਲੇ ਹਮਲੇ ਵਾਲੀ ਥਾਂ ‘ਤੇ ਪੁਲਿਸ ਨਾਲ ਝੂਠ ਬੋਲਦਿਆਂ ਦਾਅਵਾ ਕੀਤਾ ਸੀ ਕਿ ਉਹ ਖ਼ੁਦ ਇੱਕ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਦੱਸਿਆ ਸੀ।
ਪੁਲਿਸ ਵੱਲੋਂ ਜਾਰੀ ਕੀਤੀ ਗਈ ਫੁਟੇਜ, ਜੋ ਨੋਵਾਕ ਦੇ ਪਰਿਵਾਰ ਦੀ ਇਜਾਜ਼ਤ ਨਾਲ ਜਾਰੀ ਕੀਤੀ ਗਈ ਹੈ, ਵਿੱਚ ਦਿਖਾਈ ਦਿੰਦਾ ਹੈ ਕਿ ਉਹ ਮਿੰਨਤਾਂ ਕਰਦਿਆਂ ਕਹਿ ਰਿਹਾ ਸੀ, “ਮੈਨੂੰ ਚਾਕੂ ਮਾਰਿਆ ਗਿਆ ਹੈ”, ਜਿਸ ਦੇ ਜਵਾਬ ਵਿੱਚ ਇੱਕ ਅਧਿਕਾਰੀ ਨੇ ਕਿਹਾ, “ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਚਾਕੂ ਮਾਰਿਆ ਗਿਆ ਹੈ, ਦੋਸਤ।”
ਨੋਵਾਕ ਦੇ ਪੈਰਾਂ ‘ਤੇ ਚਾਕੂ ਦੇ ਜ਼ਖ਼ਮ ਸਨ ਅਤੇ ਉਸ ਦੇ ਦਿਲ ‘ਤੇ ਇੱਕ ਘਾਤਕ ਜ਼ਖ਼ਮ ਲੱਗਿਆ ਸੀ, ਜੋ 21 ਸੈਂਟੀਮੀਟਰ (8 ਇੰਚ) ਲੰਬੇ ਬਲੇਡ ਨਾਲ ਲਾਇਆ ਗਿਆ ਸੀ।
ਇਸ ਦੌਰਾਨ, ਬਰਤਾਨੀਆ ਦੇ ਅਟਾਰਨੀ ਜਨਰਲ ਦੇ ਦਫ਼ਤਰ ਵੱਲੋਂ ਡਿਗਵਾ ਨੂੰ ਦਿੱਤੀ ਗਈ ਸਜ਼ਾ ‘ਤੇ ਵਿਚਾਰ ਕੀਤਾ ਜਾ ਰਿਹਾ ਹੈ, ਕਿਉਂਕਿ ਉਸ ਨੂੰ ਇਹ ਸਜ਼ਾ ਮੁੜ ਪਰਖਣ ਲਈ ਕਈ ਬੇਨਤੀਆਂ ਮਿਲੀਆਂ ਹਨ।
ਇਹ ਸਮੀਖਿਆ ਅਜਿਹੀ ਵਿਵਸਥਾ ਤਹਿਤ ਕੀਤੀ ਜਾ ਰਹੀ ਹੈ ਜਿਸ ਰਾਹੀਂ ਬਹੁਤ ਨਰਮ ਸਮਝੀਆਂ ਜਾਣ ਵਾਲੀਆਂ ਸਜ਼ਾਵਾਂ ਦੀ ਦੁਬਾਰਾ ਜਾਂਚ ਕੀਤੀ ਜਾਂਦੀ ਹੈ।
ਨੋਵਾਕ ਦੇ ਪਰਿਵਾਰ ਨੇ ਪੁਲਿਸ ਵੱਲੋਂ ਉਸ ਨਾਲ ਕੀਤੇ ਗਏ ਵਿਵਹਾਰ ਨੂੰ “ਗ਼ੈਰ-ਮਨੁੱਖੀ ਅਤੇ ਅਪਮਾਨਜਨਕ” ਕਰਾਰ ਦਿੱਤਾ ਹੈ ਅਤੇ ਪੁਲਿਸ ਨੇ ਇਸ ਲਈ ਮੁਆਫ਼ੀ ਮੰਗੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI







