Source :- BBC PUNJABI
Getty Images
ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਪਣੇ ਵੱਲੋਂ ਬੈਂਕ ਡਾਕੇ ਦੀ ਅਜਿਹੀ ਯੋਜਨਾ ਬਣਾਈ ਸੀ, ਜਿਸ ਦੇ ਆਧਾਰ ‘ਤੇ ਉਨ੍ਹਾਂ ਨੂੰ ਲੱਗਿਆ ਸੀ ਕਿ ਉਹ ਕਦੇ ਫੜੇ ਨਹੀਂ ਜਾਣਗੇ। ਪਰ ਪੁਲਿਸ ਨੇ ਲਗਭਗ ਡੇਢ ਸਾਲ ਬਾਅਦ ਉਨ੍ਹਾਂ ਦਾ ਪਤਾ ਲਗਾ ਲਿਆ।
ਇਹ ਕਹਾਣੀ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਲਸਬੇਲਾ ਜ਼ਿਲ੍ਹੇ ਦੇ ਓਥਲ ਇਲਾਕੇ ਵਿੱਚ ਪਿਛਲੇ ਸਾਲ ਹੋਈ ਇੱਕ ਬੈਂਕ ਡਾਕੇ ਦੀ ਹੈ।
ਪੁਲਿਸ ਦੇ ਮੁਤਾਬਕ, ਹਥਿਆਰਬੰਦ ਲੋਕ 20 ਕਰੋੜ 20 ਲੱਖ ਪਾਕਿਸਤਾਨੀ ਰੁਪਏ ਲੁੱਟ ਕੇ ਫਰਾਰ ਹੋ ਗਏ ਸਨ। ਇਹ ਕੋਈ ਆਮ ਡਾਕਾ ਨਹੀਂ ਸੀ। ਡਾਕਾ ਮਾਰਨ ਵਾਲਿਆਂ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਪੂਰੀ ਯੋਜਨਾ ਤਿਆਰ ਕੀਤੀ ਹੋਈ ਸੀ।
ਉਹ ਸੁਰੱਖਿਆ ਬਲਾਂ ਦੀ ਵਰਦੀ ਪਾ ਕੇ ਬੈਂਕ ਵਿੱਚ ਕਿਸੇ ਲੈਣ-ਦੇਣ ਦੀ ਜਾਂਚ ਕਰਨ ਦੇ ਬਹਾਨੇ ਦਾਖਲ ਹੋਏ ਸਨ।
ਲਸਬੇਲਾ ਦੇ ਐੱਸਐੱਸਪੀ ਨਜੀਬੁੱਲਾਹ ਪੰਦਰਾਨੀ ਦੇ ਅਨੁਸਾਰ, ਜਾਂਚ ਦੌਰਾਨ ਮੁੱਖ ਮੁਲਜ਼ਮ ਦੇ ਬੈਂਕ ਖਾਤੇ ਤੋਂ ਇੱਕ ਅਹਿਮ ਸੁਰਾਗ ਮਿਲਿਆ।
ਉਨ੍ਹਾਂ ਨੇ ਕਿਹਾ, “ਡਾਕੇ ਤੋਂ ਪਹਿਲਾਂ ਉਨ੍ਹਾਂ ਦੇ ਖਾਤੇ ਵਿੱਚ ਹਜ਼ਾਰਾਂ ਰੁਪਏ ਦੇ ਲੈਣ-ਦੇਣ ਹੁੰਦੇ ਸਨ, ਪਰ ਵਾਰਦਾਤ ਤੋਂ ਬਾਅਦ ਇਹ ਰਕਮ ਕਰੋੜਾਂ ਰੁਪਏ ਤੱਕ ਪਹੁੰਚ ਗਈ ਸੀ।”
ਮਾਮਲੇ ਦੀ ਜਾਂਚ ਨਾਲ ਜੁੜੇ ਇੱਕ ਅਧਿਕਾਰੀ ਨੇ, ਨਾਮ ਨਾ ਛਾਪਣ ਦੀ ਸ਼ਰਤ ‘ਤੇ, ਬੀਬੀਸੀ ਉਰਦੂ ਨੂੰ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਇੱਕ ਵਿਅਕਤੀ ਪਹਿਲਾਂ ਇਸੇ ਬੈਂਕ ਵਿੱਚ ਨੌਕਰੀ ਕਰ ਚੁੱਕਿਆ ਸੀ। ਇਸ ਕਾਰਨ ਉਸ ਨੂੰ ਪਤਾ ਸੀ ਕਿ ਬੈਂਕ ਵਿੱਚ ਨਕਦੀ ਕਿੱਥੇ ਰੱਖੀ ਜਾਂਦੀ ਹੈ ਅਤੇ ਵੱਧ ਤੋਂ ਵੱਧ ਰਕਮ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ।
ਵਾਰਦਾਤ ਤੋਂ ਬਾਅਦ ਓਥਲ ਦੇ ਥਾਣਾ ਮੁਖੀ ਯਾਰ ਮੁਹੰਮਦ ਨੇ ਮੁਲਜ਼ਮਾਂ ਦਾ ਪਿੱਛਾ ਕੀਤਾ। ਹਾਲਾਂਕਿ, ਗੋਲੀਬਾਰੀ ਦੌਰਾਨ ਉਹ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦੀ ਇੱਕ ਅੱਖ ਦੀ ਰੌਸ਼ਨੀ ਚਲੀ ਗਈ।
ਪੁਲਿਸ ਅਧਿਕਾਰੀਆਂ ਦੇ ਮੁਤਾਬਕ, “ਮੁਲਜ਼ਮਾਂ ਨੇ ਨਾ ਸਿਰਫ਼ ਪੂਰੀ ਯੋਜਨਾ ਬਣਾਈ ਸੀ, ਸਗੋਂ ਵਾਰਦਾਤ ਵਿੱਚ ਵਰਤੀ ਗਈ ਗੱਡੀ ਨੂੰ ਵੀ ਬਾਅਦ ਵਿੱਚ ਸਾੜ ਦਿੱਤਾ ਸੀ, ਤਾਂ ਜੋ ਸਾਰੇ ਸਬੂਤ ਪੂਰੀ ਤਰ੍ਹਾਂ ਮਿਟਾਏ ਜਾ ਸਕਣ।”
ਬੀਤੇ ਦਿਨ ਓਥਲ ਵਿੱਚ ਹੋਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਲਸਬੇਲਾ ਦੇ ਐੱਸਐੱਸਪੀ ਨੇ ਦੱਸਿਆ ਕਿ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ ਹੈ।
ਲਗਭਗ ਡੇਢ ਸਾਲ ਪੁਰਾਣੀ ਵਾਰਦਾਤ
Umar Lasi
ਓਥਲ ਵਿੱਚ ਇਹ ਬੈਂਕ ਡਾਕਾ 28 ਫ਼ਰਵਰੀ 2025 ਨੂੰ ਪਿਆ ਸੀ।
ਬੈਂਕ ਮੈਨੇਜਰ ਫਲਕ ਸ਼ੇਰ ਦੀ ਸ਼ਿਕਾਇਤ ‘ਤੇ ਦਰਜ ਐੱਫਆਈਆਰ ਮੁਤਾਬਕ, ਛੇ ਹਥਿਆਰਬੰਦ ਵਿਅਕਤੀ ਸੁਰੱਖਿਆ ਬਲਾਂ ਦੀ ਵਰਦੀ ਪਾ ਕੇ ਇੱਕ ਗੱਡੀ ਵਿੱਚ ਬੈਂਕ ਦੇ ਮੁੱਖ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋਏ।
ਸ਼ਿਕਾਇਤ ਅਨੁਸਾਰ, “ਆਪਰੇਸ਼ਨ ਮੈਨੇਜਰ ਜਹਾਂਗੀਰ ਨੇ ਫ਼ੋਨ ‘ਤੇ ਦੱਸਿਆ ਕਿ ਬੈਂਕ ਪਹੁੰਚਦੇ ਹੀ ਮੁਲਜ਼ਮਾਂ ਨੇ ਪੁੱਛਿਆ ਕਿ ਮੈਨੇਜਰ ਕਿੱਥੇ ਹੈ, ਕਿਉਂਕਿ ਉਹ ਇੱਕ ਲੈਣ-ਦੇਣ ਦੀ ਜਾਂਚ ਕਰਨ ਆਏ ਹਨ।”
ਬੈਂਕ ਮੈਨੇਜਰ ਦੇ ਮੁਤਾਬਕ, “ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਵੇਖਿਆ ਕਿ ਵਿਰੋਧ ਕਰਨ ‘ਤੇ ਮੁਲਜ਼ਮਾਂ ਨੇ ਪੁਲਿਸਕਰਮੀ ਨਵਾਜ਼ ਅਲੀ ਅਤੇ ਮੁਹੰਮਦ ਦਾਊਦ ਨੂੰ ਰਾਈਫ਼ਲ ਦੇ ਬੱਟ ਨਾਲ ਮਾਰ ਕੇ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਨੇ ਪੁਲਿਸਕਰਮੀਆਂ ਤੋਂ ਇੱਕ ਜੀ-3 ਰਾਈਫ਼ਲ ਵੀ ਖੋਹ ਲਈ।”
ਫਲਕ ਸ਼ੇਰ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ, “ਆਪਰੇਸ਼ਨ ਮੈਨੇਜਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਸਣੇ ਬੈਂਕ ਦੇ ਸਾਰੇ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ ਸੀ।”
ਐੱਫਆਈਆਰ ਮੁਤਾਬਕ, ਮੁਲਜ਼ਮਾਂ ਨੇ ਬੈਂਕ ਵਿੱਚ ਰੱਖੇ 20 ਕਰੋੜ 20 ਲੱਖ ਰੁਪਏ ਛੇ ਬੋਰੀਆਂ ਵਿੱਚ ਭਰ ਕੇ ਗੱਡੀ ਦੀ ਡਿੱਗੀ ਵਿੱਚ ਰੱਖ ਲਏ। ਇਸ ਤੋਂ ਬਾਅਦ ਉਹ ਬੈਂਕ ਕਰਮਚਾਰੀਆਂ ਨੂੰ ਕੈਸ਼ ਵਾਲਟ ਵਿੱਚ ਬੰਦ ਕਰਕੇ ਫ਼ਰਾਰ ਹੋ ਗਏ।
ਪੁਲਿਸ ਨਾਲ ਮੁਕਾਬਲਾ
Umar Lasi
ਉਸ ਸਮੇਂ ਯਾਰ ਮੁਹੰਮਦ ਓਥਲ ਵਿੱਚ ਥਾਣਾ ਮੁਖੀ ਵਜੋਂ ਤਾਇਨਾਤ ਸਨ।
ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸਵੇਰੇ ਕਰੀਬ 9 ਤੋਂ 9:30 ਵਜੇ ਦੇ ਵਿਚਕਾਰ ਸੂਚਨਾ ਮਿਲੀ ਕਿ ਓਥਲ ਸਥਿਤ ਨੈਸ਼ਨਲ ਬੈਂਕ ਵਿੱਚ ਡਾਕਾ ਪਿਆ ਹੈ। ਜਦੋਂ ਉਹ ਪੁਲਿਸ ਟੀਮ ਨਾਲ ਬੈਂਕ ਪਹੁੰਚੇ ਤਾਂ ਮੁਲਜ਼ਮ ਉੱਥੋਂ ਫ਼ਰਾਰ ਹੋ ਚੁੱਕੇ ਸਨ।
ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਿਆ ਕਿ ਮੁਲਜ਼ਮ ਇੱਕ ਪੁਰਾਣੇ ਮਾਡਲ ਦੀ ਗੱਡੀ ਵਿੱਚ ਆਰਸੀਡੀ ਹਾਈਵੇਅ ਵੱਲ ਗਏ ਹਨ।
ਯਾਰ ਮੁਹੰਮਦ ਦੇ ਅਨੁਸਾਰ, ਬਾਅਦ ਵਿੱਚ ਪਤਾ ਲੱਗਿਆ ਕਿ ਗੱਡੀ ਬਲੋਚ ਗੋਠ ਵੱਲ ਗਈ ਹੈ।
ਉਨ੍ਹਾਂ ਦੱਸਿਆ ਕਿ ਗੱਡੀ ਦਾ ਪਿੱਛਾ ਕੀਤਾ ਗਿਆ।
“ਜਦੋਂ ਅਸੀਂ ਉਨ੍ਹਾਂ ਦੇ ਨੇੜੇ ਪਹੁੰਚੇ ਤਾਂ ਮੁਲਜ਼ਮਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਮੈਨੂੰ ਦੋ ਗੋਲੀਆਂ ਲੱਗੀਆਂ। ਇੱਕ ਲੱਤ ਵਿੱਚ ਅਤੇ ਦੂਜੀ ਅੱਖ ਦੇ ਨੇੜੇ।”
ਯਾਰ ਮੁਹੰਮਦ ਦੇ ਮੁਤਾਬਕ, ਉਨ੍ਹਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਮੁਲਜ਼ਮ ਪਹਾੜਾਂ ਵੱਲ ਭੱਜ ਗਏ ਅਤੇ ਆਪਣੀ ਗੱਡੀ ਨੂੰ ਅੱਗ ਲਗਾ ਦਿੱਤੀ।
ਮੁਲਜ਼ਮਾਂ ਨੇ ਗੱਡੀ ਨੂੰ ਅੱਗ ਕਿਉਂ ਲਗਾਈ?
Asim Hafeez/Bloomberg via Getty Images
ਜਾਂਚ ਟੀਮ ਨਾਲ ਜੁੜੇ ਇੱਕ ਅਧਿਕਾਰੀ ਨੇ ਨਾਮ ਜ਼ਾਹਿਰ ਨਾ ਕਰਨ ਦੀ ਸ਼ਰਤ ‘ਤੇ ਦੱਸਿਆ ਕਿ ਮੁਲਜ਼ਮ ਜਾਣਦੇ ਸਨ ਕਿ ਇਹ ਗੱਡੀ ਪੁਲਿਸ ਨੂੰ ਉਨ੍ਹਾਂ ਤੱਕ ਪਹੁੰਚਣ ਵਿੱਚ ਮਦਦ ਕਰ ਸਕਦੀ ਹੈ।
ਅਧਿਕਾਰੀ ਦੇ ਮੁਤਾਬਕ, ਗੱਡੀ ਤੋਂ ਫਿੰਗਰਪ੍ਰਿੰਟ ਅਤੇ ਹੋਰ ਫੋਰੈਂਸਿਕ ਸਬੂਤ ਮਿਲ ਸਕਦੇ ਸਨ। ਇਸ ਤੋਂ ਇਲਾਵਾ ਮੁਲਜ਼ਮ ਉਸ ਗੱਡੀ ਨੂੰ ਪਹਾੜੀ ਇਲਾਕੇ ਵਿੱਚ ਵੀ ਨਹੀਂ ਲੈ ਜਾ ਸਕਦੇ ਸਨ।
ਉਨ੍ਹਾਂ ਕਿਹਾ, “ਜੇ ਗੱਡੀ ਪਿੱਛੇ ਛੱਡ ਦਿੱਤੀ ਜਾਂਦੀ ਤਾਂ ਪੁਲਿਸ ਉਸਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦੀ। ਇਸ ਲਈ ਉਨ੍ਹਾਂ ਨੇ ਇਸ ਨੂੰ ਸਾੜ ਦਿੱਤਾ, ਤਾਂ ਜੋ ਫਿੰਗਰਪ੍ਰਿੰਟਾਂ ਸਮੇਤ ਸਾਰੇ ਸਬੂਤ ਮਿਟਾਏ ਜਾ ਸਕਣ।”
ਅਧਿਕਾਰੀ ਨੇ ਦੱਸਿਆ ਕਿ ਵਾਰਦਾਤ ਵਿੱਚ ਵਰਤੇ ਗਏ ਦੋ ਹਥਿਆਰ ਵੀ ਗੱਡੀ ਨਾਲ ਹੀ ਸਾੜ ਦਿੱਤੇ ਗਏ ਸਨ।
ਉਨ੍ਹਾਂ ਦੇ ਅਨੁਸਾਰ, “ਮੁਲਜ਼ਮਾਂ ਨੇ ਸ਼ੁਰੂ ਤੋਂ ਹੀ ਐਸੀ ਯੋਜਨਾ ਬਣਾਈ ਸੀ, ਜਿਸ ਦਾ ਮਕਸਦ ਇਸ ਵਾਰਦਾਤ ਨੂੰ ਇੱਕ ਆਮ ਡਾਕੇ ਤੋਂ ਵੱਖਰਾ ਦਿਖਾਉਣਾ ਅਤੇ ਪੁਲਿਸ ਨੂੰ ਗੁੰਮਰਾਹ ਕਰਨਾ ਸੀ।”
ਐੱਸਐੱਸਪੀ ਨਜੀਬੁੱਲ੍ਹਾ ਪੰਦਰਾਨੀ ਦੇ ਮੁਤਾਬਕ, “ਡਾਕੇ ਵਿੱਚ ਸ਼ਾਮਲ ਪੰਜ ਵਿਅਕਤੀ ਲਸਬੇਲਾ ਯੂਨੀਵਰਸਿਟੀ ਆਫ਼ ਮਰੀਨ ਸਾਇੰਸਿਜ਼ ਦੇ ਮੌਜੂਦਾ ਅਤੇ ਸਾਬਕਾ ਵਿਦਿਆਰਥੀ ਸਨ।”
ਉਨ੍ਹਾਂ ਦੱਸਿਆ ਕਿ ਮੁੱਖ ਮੁਲਜ਼ਮ, ਜਿਸ ਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਿਹਾ ਸੀ।
ਪੁਲਿਸ ਦੇ ਮੁਤਾਬਕ, ਬਾਕੀ ਮੁਲਜ਼ਮਾਂ ਵਿੱਚੋਂ ਕੁਝ ਹਾਲੇ ਵੀ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਹਨ, ਜਦਕਿ ਕੁਝ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਹਨ। ਮੁਲਜ਼ਮਾਂ ਦੀ ਉਮਰ 25 ਤੋਂ 26 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।
ਪੁਲਿਸ ਦਾ ਦਾਅਵਾ ਹੈ ਕਿ “ਮੁੱਖ ਮੁਲਜ਼ਮ ਹੀ ਇਸ ਪੂਰੀ ਵਾਰਦਾਤ ਦਾ ਮਾਸਟਰਮਾਈਂਡ ਸੀ। ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਯੋਜਨਾ ਬਣਾਈ ਅਤੇ ਡਾਕੇ ਨੂੰ ਅੰਜਾਮ ਦਿੱਤਾ।”
ਜਾਂਚ ਅਧਿਕਾਰੀ ਦੇ ਅਨੁਸਾਰ, ਵਾਰਦਾਤ ਵਿੱਚ ਸ਼ਾਮਲ ਇੱਕ ਮੁਲਜ਼ਮ ਪਹਿਲਾਂ ਤੁਰਬਤ ਦੇ ਇੱਕ ਬੈਂਕ ਵਿੱਚ ਕੰਮ ਕਰ ਚੁੱਕਿਆ ਸੀ।
ਉਨ੍ਹਾਂ ਦੱਸਿਆ ਕਿ ਇਸੇ ਕਾਰਨ ਉਸ ਨੂੰ ਬੈਂਕ ਦੇ ਕੰਮਕਾਜ ਦੇ ਢੰਗ ਅਤੇ ਨਕਦੀ ਰੱਖਣ ਵਾਲੀਆਂ ਥਾਵਾਂ ਬਾਰੇ ਜਾਣਕਾਰੀ ਸੀ।
ਇਸ ਜਾਣਕਾਰੀ ਦੇ ਆਧਾਰ ‘ਤੇ ਮੁਲਜ਼ਮਾਂ ਨੇ ਪਹਿਲਾਂ ਹੀ ਯੋਜਨਾ ਬਣਾਈ ਅਤੇ ਬੈਂਕ ਅੰਦਰ ਰੱਖੀ ਵੱਡੀ ਰਕਮ ਤੱਕ ਪਹੁੰਚਣ ਵਿੱਚ ਕਾਮਯਾਬ ਰਹੇ।
ਭੇਤ ਕਿਵੇਂ ਖੁੱਲਿਆ?
Getty Images
ਜਾਂਚ ਅਧਿਕਾਰੀ ਦੇ ਮੁਤਾਬਕ, ਮੁਲਜ਼ਮ ਚਾਹੁੰਦੇ ਸਨ ਕਿ ਉਹ ਬਿਨਾਂ ਕਿਸੇ ਵਿਰੋਧ ਦੇ ਬੈਂਕ ਦੇ ਅੰਦਰ ਤੱਕ ਪਹੁੰਚ ਜਾਣ। ਇਸ ਲਈ ਉਨ੍ਹਾਂ ਨੇ ਸੁਰੱਖਿਆ ਬਲਾਂ ਦੀਆਂ ਵਰਦੀਆਂ ਵਰਤਣ ਦਾ ਫ਼ੈਸਲਾ ਕੀਤਾ ਅਤੇ ਇਹ ਵਰਦੀਆਂ ਆਨਲਾਈਨ ਮੰਗਵਾਈਆਂ ਸਨ।
ਮੁਲਜ਼ਮਾਂ ਨੇ ਕੱਪੜਾ ਖਰੀਦ ਕੇ ਵਰਦੀਆਂ ਸਿਲਵਾਉਣ ਦੀ ਬਜਾਏ ਇੱਕ ਕੰਪਨੀ ਤੋਂ ਆਨਲਾਈਨ ਵਰਦੀਆਂ ਮੰਗਵਾਈਆਂ ਸਨ।
ਪੁਲਿਸ ਦਾ ਕਹਿਣਾ ਹੈ ਕਿ ਇਹ ਵਰਦੀਆਂ ਦਸੰਬਰ 2024 ਵਿੱਚ ਮੰਗਵਾਈਆਂ ਗਈਆਂ ਸਨ, ਜਦਕਿ ਡਾਕਾ ਫ਼ਰਵਰੀ 2025 ਵਿੱਚ ਪਿਆ ਸੀ।
ਐੱਸਐੱਸਪੀ ਪੰਦਰਾਨੀ ਦੇ ਮੁਤਾਬਕ, ਇਸ ਵਾਰਦਾਤ ਦੀ ਜਾਂਚ ਪੁਲਿਸ ਲਈ ਇੱਕ ਵੱਡੀ ਚੁਣੌਤੀ ਸੀ।
ਉਨ੍ਹਾਂ ਦੱਸਿਆ ਕਿ ਜਾਂਚ ਦੀ ਸ਼ੁਰੂਆਤ ਵਿੱਚ ਮੁਖਬਰਾਂ ਤੋਂ ਜਾਣਕਾਰੀ ਇਕੱਠੀ ਕੀਤੀ ਗਈ ਅਤੇ ਬਾਅਦ ਵਿੱਚ ਆਧੁਨਿਕ ਤਕਨੀਕੀ ਤਰੀਕਿਆਂ ਦੀ ਵਰਤੋਂ ਕੀਤੀ ਗਈ।
ਉਨ੍ਹਾਂ ਦੇ ਅਨੁਸਾਰ, ਮੁੱਖ ਮੁਲਜ਼ਮ ਦੇ ਬੈਂਕ ਖਾਤੇ ਨੇ ਜਾਂਚ ਵਿੱਚ ਅਹਿਮ ਭੂਮਿਕਾ ਨਿਭਾਈ। ਵਾਰਦਾਤ ਤੋਂ ਪਹਿਲਾਂ ਉਸ ਦੇ ਖਾਤੇ ਵਿੱਚ ਛੋਟੀ-ਮੋਟੀ ਰਕਮ ਦੇ ਲੈਣ-ਦੇਣ ਹੁੰਦੇ ਸਨ, ਪਰ ਬਾਅਦ ਵਿੱਚ ਇਹ ਰਕਮ ਕਰੋੜਾਂ ਰੁਪਏ ਤੱਕ ਪਹੁੰਚ ਗਈ।
ਐੱਸਐੱਸਪੀ ਦੇ ਮੁਤਾਬਕ, ਪਿਛਲੇ ਡੇਢ ਸਾਲ ਦੌਰਾਨ ਉਸ ਦੇ ਖਾਤੇ ਵਿੱਚ 17 ਕਰੋੜ ਰੁਪਏ ਦੇ ਲੈਣ-ਦੇਣ ਦਾ ਪਤਾ ਲੱਗਾ।
ਕਿਸੇ ਖਾਤੇ ਵਿੱਚ ਅਚਾਨਕ ਇੰਨੀ ਵੱਡੀ ਰਕਮ ਦੇ ਲੈਣ-ਦੇਣ ਕਾਰਨ ਪੁਲਿਸ ਨੂੰ ਸ਼ੱਕ ਹੋਇਆ ਅਤੇ ਇਸ ਦੀ ਜਾਂਚ ਕੀਤੀ ਗਈ। ਇਸ ਤੋਂ ਬਾਅਦ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਦੀ ਨਿਸ਼ਾਨਦੇਹੀ ‘ਤੇ ਦੋ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।
ਹੋਰ ਮੁਲਜ਼ਮਾਂ ਦੇ ਮੋਬਾਈਲ ਫ਼ੋਨਾਂ ਦਾ ਫੋਰੈਂਸਿਕ ਵਿਸ਼ਲੇਸ਼ਣ ਵੀ ਕੀਤਾ ਗਿਆ ਹੈ। ਇਹ ਉਪਕਰਣ ਅਗਲੀ ਜਾਂਚ ਲਈ ਪੰਜਾਬ ਫੋਰੈਂਸਿਕ ਲੈਬ ਭੇਜ ਦਿੱਤੇ ਗਏ ਹਨ।
ਐੱਸਐੱਸਪੀ ਦੇ ਮੁਤਾਬਕ, ਇੱਕ ਸਥਾਨਕ ਕਾਰੋਬਾਰੀ ਦੇ ਖਾਤੇ ਵਿੱਚ ਵੀ ਡਾਕੇ ਦੀ ਰਕਮ ਵਿੱਚੋਂ ਲਗਭਗ ਪੌਣੇ ਤਿੰਨ ਕਰੋੜ ਰੁਪਏ ਦੇ ਲੈਣ-ਦੇਣ ਦਾ ਪਤਾ ਲੱਗਿਆ ਹੈ। ਕਾਰੋਬਾਰੀ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ ਅਤੇ ਉਸ ਦਾ ਬਿਆਨ ਮੈਜਿਸਟ੍ਰੇਟ ਦੇ ਸਾਹਮਣੇ ਦਰਜ ਕੀਤਾ ਜਾ ਚੁੱਕਾ ਹੈ।
ਮਾਮਲੇ ਦੀ ਜਾਂਚ ਨਾਲ ਜੁੜੇ ਅਧਿਕਾਰੀ ਦਾ ਕਹਿਣਾ ਹੈ ਕਿ ਲੁੱਟੀ ਗਈ ਰਕਮ ਦਾ ਕੁਝ ਹਿੱਸਾ ਕਾਰੋਬਾਰੀ ਗਤੀਵਿਧੀਆਂ ਵਿੱਚ ਵੀ ਲਗਾਇਆ ਗਿਆ ਸੀ।
ਇਸ ਰਕਮ ਨਾਲ ਚਾਰ ਕਰੋੜ ਰੁਪਏ ਤੋਂ ਵੱਧ ਕੀਮਤ ਦੀਆਂ ਗੱਡੀਆਂ ਅਤੇ ਹੋਰ ਚੀਜ਼ਾਂ ਖਰੀਦੀਆਂ ਗਈਆਂ ਸਨ। ਇਨ੍ਹਾਂ ਵਿੱਚੋਂ ਕੁਝ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਬਾਕੀ ਰਕਮ ਅਤੇ ਸੰਪਤੀਆਂ ਦੀ ਬਰਾਮਦਗੀ ਲਈ ਕਾਰਵਾਈ ਜਾਰੀ ਹੈ।
ਐੱਸਐੱਸਪੀ ਨਜੀਬੁੱਲ੍ਹਾ ਪੰਦਰਾਨੀ ਦੇ ਮੁਤਾਬਕ, ਗ੍ਰਿਫ਼ਤਾਰ ਮੁਲਜ਼ਮਾਂ ਨੂੰ 14 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਗਿਆ।
ਗ੍ਰਿਫ਼ਤਾਰ ਮੁਲਜ਼ਮਾਂ ਨਾਲ ਸੰਪਰਕ ਨਾ ਹੋ ਸਕਣ ਕਾਰਨ, ਉਨ੍ਹਾਂ ਖ਼ਿਲਾਫ਼ ਲਗਾਏ ਗਏ ਇਲਜ਼ਾਮਾਂ ਬਾਰੇ ਉਨ੍ਹਾਂ ਦਾ ਪੱਖ ਸਾਹਮਣੇ ਨਹੀਂ ਆ ਸਕਿਆ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



