Home ਰਾਸ਼ਟਰੀ ਖ਼ਬਰਾਂ ਰਾਜਸਥਾਨ: 12 ਸਾਲ ਦੀ ਬੱਚੀ ਨੂੰ ਚਾਰ ਦਿਨਾਂ ਤੱਕ ਬੰਦੀ ਬਣਾ ਕੇ...

ਰਾਜਸਥਾਨ: 12 ਸਾਲ ਦੀ ਬੱਚੀ ਨੂੰ ਚਾਰ ਦਿਨਾਂ ਤੱਕ ਬੰਦੀ ਬਣਾ ਕੇ ਰੱਖਿਆ, ਰੇਪ ਦੇ ਇਲਜ਼ਾਮ ਵਿੱਚ 18 ਗ੍ਰਿਫ਼ਤਾਰ

5
0

Source :- BBC PUNJABI

ਇਸ ਘਟਨਾ ਨੂੰ ਲੈ ਕੇ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਹੈ

ਤਸਵੀਰ ਸਰੋਤ, Mohar Singh

(ਇਸ ਕਹਾਣੀ ਦਾ ਵੇਰਵਾ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ)

ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਵਿੱਚ 12 ਸਾਲ ਦੀ ਇੱਕ ਬੱਚੀ ਨਾਲ ਰੇਪ ਦੇ ਇਲਜ਼ਾਮ ਵਿੱਚ 18 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦੇ ਮੁਤਾਬਕ ਇਸ ਮਾਮਲੇ ਵਿੱਚ ਜਲਦ ਹੀ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।

ਪੁਲਿਸ ਦੇ ਮੁਤਾਬਕ ਬੱਚੀ ਨੂੰ ਚਾਰ ਦਿਨਾਂ ਤੱਕ ਬੰਦੀ ਬਣਾ ਕੇ ਵੱਖ-ਵੱਖ ਥਾਵਾਂ ‘ਤੇ ਰੱਖਿਆ ਗਿਆ ਅਤੇ ਦੇਹ ਵਪਾਰ ਕਰਵਾਇਆ ਗਿਆ।

ਸ਼੍ਰੀਗੰਗਾਨਗਰ ਜ਼ਿਲ੍ਹੇ ਦੇ ਐੱਸਪੀ ਹਰੀਸ਼ੰਕਰ ਨੇ ਬੀਬੀਸੀ ਨੂੰ ਫ਼ੋਨ ‘ਤੇ ਦੱਸਿਆ ਹੈ, “ਇਸ ਮਾਮਲੇ ਦੀ ਜਾਂਚ ਲਗਭਗ ਆਖਰੀ ਪੱਧਰ ‘ਤੇ ਹੈ। ਅਸੀਂ 18 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।”

ਉਨ੍ਹਾਂ ਇਹ ਵੀ ਦੱਸਿਆ ਕਿ ਅਜੇ ਸੀਸੀਟੀਵੀ ਫੁਟੇਜ ਚੈੱਕ ਕੀਤੇ ਜਾ ਰਹੇ ਹਨ ਅਤੇ ਇਸ ਤੋਂ ਬਾਅਦ ਤਿੰਨ ਤੋਂ ਚਾਰ ਹੋਰ ਗ੍ਰਿਫ਼ਤਾਰੀਆਂ ਹੋਣਗੀਆਂ।

ਕੀ ਹੈ ਪੂਰਾ ਮਾਮਲਾ

ਇਸ ਮਾਮਲੇ ਦੇ ਜਾਂਚ ਅਧਿਕਾਰੀ ਅਤੇ ਐਡੀਸ਼ਨਲ ਐੱਸਪੀ ਕੈਲਾਸ਼ ਦਾਨ ਦੱਸਦੇ ਹਨ ਕਿ ਇਸ ਕੁੜੀ ਦਾ ਇੰਸਟਾਗ੍ਰਾਮ ‘ਤੇ ਇੱਕ ਦੋਸਤ ਸੀ, ਜਿਸ ਨੂੰ ਮਿਲਣ ਲਈ ਉਹ 18 ਜੂਨ ਨੂੰ ਸ਼੍ਰੀਗੰਗਾਨਗਰ ਤੋਂ ਸੌ ਕਿਲੋਮੀਟਰ ਦੂਰ ਵਿਜੇਨਗਰ ਗਈ ਸੀ। ਉੱਥੇ ਉਸ ਦੋਸਤ ਨੇ ਉਸ ਨਾਲ ਰੇਪ ਕੀਤਾ।

ਜਾਣਕਾਰੀ ਮੁਤਾਬਕ ਇਸ ਤੋਂ ਬਾਅਦ ਇਹ ਬੱਚੀ ਵਿਜੇਨਗਰ ਤੋਂ ਬੱਸ ਰਾਹੀਂ ਰਾਤ ਨੂੰ ਸ਼੍ਰੀਗੰਗਾਨਗਰ ਪਹੁੰਚੀ ਅਤੇ ਰਿਕਸ਼ਾ ਕੀਤਾ।

ਬੱਚੀ ਦੇ ਘਰ ਨਾ ਪਹੁੰਚਣ ‘ਤੇ ਉਸ ਦੀ ਮਾਂ ਨੇ ਕਈ ਥਾਵਾਂ ‘ਤੇ ਉਸ ਦੀ ਭਾਲ ਕੀਤੀ ਅਤੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ। ਪਰ ਜਦੋਂ 22 ਜੂਨ ਤੱਕ ਵੀ ਬੱਚੀ ਘਰ ਨਹੀਂ ਪਹੁੰਚੀ ਤਾਂ ਮਾਂ ਪੁਲਿਸ ਥਾਣੇ ਪਹੁੰਚੀ।

ਸਦਰ ਪੁਲਿਸ ਥਾਣੇ ਦੇ ਇੰਚਾਰਜ ਸੁਭਾਸ਼ ਚੰਦਰ ਬੀਬੀਸੀ ਨੂੰ ਕਹਿੰਦੇ ਹਨ, “ਬੱਚੀ ਦੀ ਮਾਂ ਦੇ ਥਾਣੇ ਪਹੁੰਚਣ ਤੋਂ ਪਹਿਲਾਂ ਹੀ ਸਾਨੂੰ ਬੱਚੀ ਨਾਲ ਹੋਈ ਘਟਨਾ ਦੀ ਜਾਣਕਾਰੀ ਮਿਲ ਗਈ ਸੀ। ਅਸੀਂ ਬੱਚੀ ਤੱਕ ਪਹੁੰਚ ਗਏ ਅਤੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ।”

“ਇਹ ਮਾਮਲਾ ਮਹਿਲਾ ਥਾਣੇ ਨਾਲ ਜੁੜਿਆ ਸੀ, ਇਸ ਲਈ ਮਹਿਲਾ ਥਾਣਾ ਇੰਚਾਰਜ ਅਤੇ ਚਾਈਲਡ ਵੈਲਫੇਅਰ ਕਮੇਟੀ ਦੇ ਮੈਂਬਰ ਆ ਗਏ ਸਨ। ਅਸੀਂ ਬੱਚੀ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ।”

ਮਹਿਲਾ ਪੁਲਿਸ ਥਾਣੇ ਦੀ ਇੰਚਾਰਜ ਕਲਾਵਤੀ ਚੌਧਰੀ ਨੇ ਬੀਬੀਸੀ ਨੂੰ ਕਿਹਾ, “ਬੱਚੀ ਦੀ ਸ਼ਿਕਾਇਤ ‘ਤੇ ਅਸੀਂ ਪੋਕਸੋ, ਜੂਵੇਨਾਈਲ ਜਸਟਿਸ ਐਕਟ, ਦੇਹ ਵਪਾਰ ਸਮੇਤ ਹੋਰ ਸਬੰਧਤ ਧਾਰਾਵਾਂ ਵਿੱਚ ਐੱਫਆਈਆਰ ਦਰਜ ਕੀਤੀਆਂ ਹਨ। ਮਾਮਲੇ ਦੀ ਜਾਂਚ ਐਡੀਸ਼ਨਲ ਐੱਸਪੀ ਕਰ ਰਹੇ ਹਨ।”

ਉਹ ਅੱਗੇ ਦੱਸਦੀ ਹੈ ਕਿ ਬੱਚੀ ਨੇ ਦੱਸਿਆ ਕਿ 20 ਤੋਂ 25 ਲੋਕਾਂ ਨੇ ਉਸ ਨਾਲ ਰੇਪ ਕੀਤਾ।

18 ਮੁਲਜ਼ਮ ਗ੍ਰਿਫ਼ਤਾਰ

ਜਿਨ੍ਹਾਂ ਹੋਟਲਾਂ ਵਿੱਚ ਨਾਬਾਲਗ ਨਾਲ ਕਥਿਤ ਤੌਰ 'ਤੇ ਬਲਾਤਕਾਰ ਹੋਇਆ ਸੀ, ਉਨ੍ਹਾਂ ਨੂੰ ਬੁਲਡੋਜ਼ਰ ਦੀ ਵਰਤੋਂ ਕਰਕੇ ਢਾਹ ਦਿੱਤਾ ਗਿਆ ਹੈ

ਤਸਵੀਰ ਸਰੋਤ, Mohar Singh

ਜਾਂਚ ਅਧਿਕਾਰੀ ਐਡੀਸ਼ਨਲ ਐੱਸਪੀ ਬੀਬੀਸੀ ਨੂੰ ਫ਼ੋਨ ‘ਤੇ ਦੱਸਦੇ ਹਨ ਕਿ ਬੱਚੀ ਨਾਲ 18 ਜੂਨ ਦੀ ਰਾਤ ਤੋਂ 22 ਜੂਨ ਦੀ ਦੁਪਹਿਰ ਦੇ ਵਿਚਕਾਰ ਇਹ ਘਟਨਾਵਾਂ ਹੋਈਆਂ ਹਨ।

ਉਹ ਦੱਸਦੇ ਹਨ, “ਬੱਚੀ ਆਪਣੇ ਦੋਸਤ ਨੂੰ ਮਿਲ ਕੇ ਰਾਤ ਨੂੰ ਸ਼੍ਰੀਗੰਗਾਨਗਰ ਬੱਸ ਸਟੈਂਡ ਪਹੁੰਚੀ। ਇੱਥੋਂ ਉਸ ਨੇ ਰਿਕਸ਼ਾ ਲਿਆ। ਰਿਕਸ਼ੇ ਵਾਲਾ ਉਸ ਨੂੰ ਇੱਕ ਹੋਟਲ ਵਿੱਚ ਲੈ ਗਿਆ, ਜਿਸ ਤੋਂ ਬਾਅਦ ਇਹ ਪੂਰੀ ਘਟਨਾ ਹੋਈ।”

“ਰਿਕਸ਼ੇ ਵਾਲਾ ਰਾਤ ਨੂੰ ਬੱਚੀ ਦੇ ਨਾਲ ਹੀ ਹੋਟਲ ਵਿੱਚ ਰੁਕਿਆ। ਰੇਪ ਦੇ ਮਾਮਲੇ ਵਿੱਚ ਰਿਕਸ਼ੇ ਵਾਲੇ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।”

ਉਹ ਅੱਗੇ ਦੱਸਦੇ ਹਨ, “ਜਿਸ ਹੋਟਲ ਵਿੱਚ ਬੱਚੀ ਨੂੰ ਲਿਆਂਦਾ ਗਿਆ, ਉੱਥੇ ਹੀ ਉਸ ਨਾਲ ਸਭ ਤੋਂ ਵੱਧ ਵਾਰ ਰੇਪ ਹੋਇਆ। ਇਸ ਤੋਂ ਇਲਾਵਾ ਦੋ ਹੋਰ ਹੋਟਲਾਂ ਵਿੱਚ ਵੀ ਬੱਚੀ ਨੂੰ ਲੈ ਕੇ ਗਏ, ਜਿੱਥੇ ਰੇਪ ਦੀ ਘਟਨਾ ਹੋਈ।”

ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਅਤੇ ਜਲਦ ਹੀ ਘੱਟੋ-ਘੱਟ ਚਾਰ ਲੋਕ ਹੋਰ ਗ੍ਰਿਫ਼ਤਾਰ ਹੋਣਗੇ। ਇਸ ਮਾਮਲੇ ਵਿੱਚ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਬਾਲਗ ਹਨ ਅਤੇ ਕੁੜੀ ਦੇ ਸੋਸ਼ਲ ਮੀਡੀਆ ਦੋਸਤ ਨੂੰ ਵਿਜੇਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਨੇ ਮੁਲਜ਼ਮਾਂ ਨੂੰ ਰਿਮਾਂਡ ‘ਤੇ ਵੀ ਲਿਆ ਅਤੇ ਹੁਣ ਉਹ ਜੁਡੀਸ਼ੀਅਲ ਕਸਟਡੀ ਵਿੱਚ ਜੇਲ੍ਹ ਵਿੱਚ ਹਨ। ਪੁਲਿਸ ਹੋਟਲਾਂ ਦੀ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਜਲਦ ਹੀ ਕੁਝ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕਰ ਸਕਦੀ ਹੈ।

ਬੱਚੀ ਨਾਲ ਜਿਨ੍ਹਾਂ ਤਿੰਨ ਹੋਟਲਾਂ ਵਿੱਚ ਰੇਪ ਦੇ ਇਲਜ਼ਾਮ ਹਨ, ਉਨ੍ਹਾਂ ਸਾਰਿਆਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਬੁਲਡੋਜ਼ਰ ਚਲਾਇਆ ਹੈ।

ਗੁੱਸੇ ਵਿੱਚ ਸਥਾਨਕ ਲੋਕ

ਪ੍ਰਦਰਸ਼ਨ ਕਰਦੇ ਲੋਕ

ਤਸਵੀਰ ਸਰੋਤ, Mohar Singh

ਘਟਨਾ ਤੋਂ ਬਾਅਦ ਮਹਿਲਾ ਪੁਲਿਸ ਥਾਣੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ। ਬੱਚੀ ਦਾ ਮੈਡੀਕਲ ਕੀਤਾ ਗਿਆ ਅਤੇ ਬਿਆਨ ਵੀ ਦਰਜ ਕੀਤੇ ਗਏ ਹਨ। ਪੁਲਿਸ ਨੇ ਬੱਚੀ ਤੋਂ ਮੁਲਜ਼ਮਾਂ ਦੀ ਪਛਾਣ ਵੀ ਕਰਵਾਈ ਹੈ।

ਜਾਂਚ ਅਧਿਕਾਰੀ ਦੱਸਦੇ ਹਨ ਕਿ ਬੱਚੀ ਅਜੇ ਆਪਣੇ ਮਾਤਾ-ਪਿਤਾ ਦੇ ਨਾਲ ਆਪਣੇ ਘਰ ਵਿੱਚ ਹੈ।

ਘਟਨਾ ਤੋਂ ਬਾਅਦ ਸ਼੍ਰੀਗੰਗਾਨਗਰ ਵਿੱਚ ਲਗਾਤਾਰ ਲੋਕ ਸੜਕਾਂ ‘ਤੇ ਉਤਰ ਕੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਉਠਾਈ ਜਾ ਰਹੀ ਹੈ।

ਦਿੱਲੀ ਐਮਜ਼ ਹਸਪਤਾਲ ਦੇ ਮਨੋਚਿਕਿਤਸਕ ਡਾ. ਗਣੇਸ਼ ਮੀਣਾ ਦੱਸਦੇ ਹਨ ਕਿ ਜਦੋਂ ਕੋਈ ਨਾਬਾਲਗ ਅਜਿਹੀ ਸਥਿਤੀ ਵਿੱਚੋਂ ਲੰਘਦਾ ਹੈ, ਜਿੱਥੇ ਉਸ ਨਾਲ ਰੇਪ ਦੀ ਘਟਨਾ ਹੁੰਦੀ ਹੈ, ਪਰਿਵਾਰ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਜਾਂ ਕੋਈ ਵੱਡਾ ਹਾਦਸਾ ਹੁੰਦਾ ਹੈ, ਤਾਂ ਉਹ ਪੋਸਟ ਟ੍ਰਾਮੇਟਿਕ ਸਟ੍ਰੈਸ ਡਿਸਆਰਡਰ (ਪੀਟੀਐੱਸਡੀ) ਵਿੱਚੋਂ ਲੰਘਦਾ ਹੈ।

ਡਾਕਟਰ ਮੀਣਾ ਦੇ ਮੁਤਾਬਕ, ਪੀਟੀਐੱਸਡੀ ਵਿੱਚ ਬੱਚੇ ਦੇ ਆਤਮਵਿਸ਼ਵਾਸ ਵਿੱਚ ਕਮੀ ਆਉਂਦੀ ਹੈ। ਉਹ ਕਿਸੇ ‘ਤੇ ਭਰੋਸਾ ਨਹੀਂ ਕਰਦਾ, ਚੁੱਪ ਰਹਿੰਦਾ ਹੈ, ਪੜ੍ਹਾਈ ਛੁੱਟ ਜਾਂਦੀ ਹੈ ਅਤੇ ਬਾਹਰ ਦੇ ਲੋਕਾਂ ਤੋਂ ਉਸ ਨੂੰ ਡਰ ਲੱਗਦਾ ਹੈ।

ਉਹ ਵਾਰ-ਵਾਰ ਉਸ ਘਟਨਾ ਨੂੰ ਯਾਦ ਕਰਕੇ ਸਹਿਮ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਬੱਚੇ ਦੀ ਪੂਰੀ ਜ਼ਿੰਦਗੀ ਪ੍ਰਭਾਵਿਤ ਹੋ ਸਕਦੀ ਹੈ।

ਬੱਚਿਆਂ ਨੂੰ ਇਸ ਸਥਿਤੀ ਤੋਂ ਉਭਰਨ ਲਈ ਹੱਲ ਦੱਸਦੇ ਹੋਏ ਉਹ ਕਹਿੰਦੇ ਹਨ ਕਿ ਅਜਿਹੀ ਸਥਿਤੀ ਵਿੱਚ ਸਾਈਕਿਆਟ੍ਰਿਸਟ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਦੇ ਨਾਲ ਦਵਾਈਆਂ ਅਤੇ ਥੈਰੇਪੀ ਵੀ ਹੁੰਦੀ ਹੈ, ਜੋ ਇੱਕ ਲੰਬੀ ਪ੍ਰਕਿਰਿਆ ਹੈ। ਬੱਚਿਆਂ ਵਿੱਚ ਇਸ ਦੌਰਾਨ ਪਰੇਸ਼ਾਨ ਕਰਨ ਵਾਲੇ ਵਿਚਾਰ ਆਉਂਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI