Source :- BBC PUNJABI
ਅਮਰੀਕਾ ਦੇ ਲਾਸ ਏਂਜਲਸ ਦੇ ਕਈ ਹਿੱਸਿਆਂ ‘ਚ ਜੰਗਲ ਨੂੰ ਲੱਗੀ ਆਗੂ ਬੇਕਾਬੂ ਹੋਣ ਨਾਲ ਭਾਰੀ ਨੁਕਸਾਨ ਹੋਇਆ ਹੈ। ਅੱਗ ਕਾਰਨ ਹੁਣ ਤੱਕ ਘੱਟੋ-ਘੱਟ 7 ਜਾਨਾਂ ਜਾ ਚੁੱਕੀਆਂ ਅਤੇ ਸੈਂਕੜੇ ਇਮਾਰਤਾਂ ਸੜ ਗਈਆਂ ਹਨ।
ਇਲਾਕੇ ਦੇ ਕਰੀਬ 1.8 ਲੱਖ ਵਸਨੀਕਾਂ ਨੂੰ ਆਪੋ- ਆਪਣੇ ਘਰ ਛੱਡ ਕੇ ਜਾਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਅੱਗ ਬੁਝਾਉਣ ਵਾਲੇ ਅਮਲੇ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਕਈ ਥਾਵਾਂ ਉੱਤੇ ਅੱਗ ਪੂਰੀ ਤਰ੍ਹਾਂ ਬੇਕਾਬੂ ਹੈ।
ਮੌਸਮ ਦੀਆਂ ਸਥਿਤੀਆਂ ਅਤੇ ਜਲਵਾਯੂ ਪਰਿਵਰਤਨ ਦੇ ਗੰਭੀਰ ਪ੍ਰਭਾਵ ਦੇ ਕਰਕੇ ਆਉਣ ਵਾਲੇ ਦਿਨਾਂ ਵਿੱਚ ਅੱਗ ਦਾ ਕਰੋਪ ਜਾਰੀ ਰਹਿਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਮੌਜੂਦਾ ਹਾਲਾਤ ਕੀ ਹਨ?
ਤਕਰਬੀਨ 1.79 ਲੱਖ ਲੋਕਾਂ ਨੂੰ ਲਾਸ ਏਂਜਲਸ ਕਾਉਂਟੀ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਆਪਣੇ ਘਰ ਛੱਡ ਕੇ ਜੋ ਵੀ ਸਮਾਨ ਲੈ ਸਕਦੇ ਹਨ ਉਹ ਲੈ ਕੇ ਜਾ ਰਹੇ ਹਨ।
ਇਸ ਤੋਂ ਇਲਾਵਾ 2 ਲੱਖ ਦੇ ਕਰੀਬ ਲੋਕਾਂ ਨੂੰ ਜਲਦ ਹੀ ਪਲਾਇਨ ਕਰਨ ਦੀ ਲੋੜ ਬਾਰੇ ਚੇਤਾਵਨੀ ਦਿੱਤੀ ਜਾ ਚੁੱਕੀ ਹੈ, ਜਿਸ ਦਾ ਅਰਥ ਹੈ ਉਨ੍ਹਾਂ ਨੂੰ ਵੀ ਜਲਦੀ ਹੀ ਆਪਣੇ ਘਰ ਛੱਡਣ ਦੀ ਲੋੜ ਪੈ ਸਕਦੀ ਹੈ।
ਅਧਿਕਾਰਿਤ ਜਾਣਕਾਰੀ ਮੁਤਾਬਕ ਹੁਣ ਤੱਕ ਘੱਟੋ ਘੱਟ 7 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਦੀਆਂ ਲਾਸ਼ਾਂ ਈਟਨ ਫ਼ਾਇਰ ਦੇ ਨੇੜੇ ਮਿਲੀਆਂ ਹਨ। ਹਾਲਾਂਕਿ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਲਾਸ ਏਂਜਲਸ ਕਾਉਂਟੀ ਦੇ ਸ਼ੈਰਿਫ ਰੌਬਰਟ ਲੂਨਾ ਨੇ ਕਿਹਾ ਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।
ਉਨ੍ਹਾਂ ਕਿਹਾ ਕਿ ਪ੍ਰਭਾਵਿਤ ਖੇਤਰਾਂ ਵਿੱਚ ਅੱਗ ਲੱਗਣ ਦੇ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਜੰਗਲ ਵਿੱਚ ਬੰਬ ਸੁੱਟਿਆ ਗਿਆ ਹੋਵੇ।”
ਸ਼ੈਰਿਫ ਲੂਨਾ ਨੇ ਕਿਹਾ ਕਿ ਕਈ ਖਾਲੀ ਕਰਵਾਏ ਗਏ ਇਲਾਕਿਆਂ ਵਿੱਚ ਲੁੱਟਾਂ-ਖੋਹਾਂ ਅਤੇ ਚੋਰੀ ਦੇ ਮਾਮਲੇ ਸਾਹਮਣੇ ਆਏ ਹਨ। ਅਜਿਹੇ ਮਾਮਲਿਆਂ ਵਿੱਚ 20 ਗ੍ਰਿਫ਼ਤਾਰੀਆਂ ਵੀ ਹੋਈਆਂ ਹਨ।
ਹਾਲੇ ਤੱਕ ਈਟਨ ਫ਼ਾਇਰ ਪੂਰੀ ਤਰ੍ਹਾਂ ਬੇਕਾਬੂ ਹੈ। ਦੂਜੇ ਪਾਸੇ, ਮਸ਼ਹੂਰ ਹਾਲੀਵੁੱਡ ਹਿੱਲਜ਼ ਖੇਤਰ ਨੂੰ ਖ਼ਤਰੇ ਵਿੱਚ ਪਾਉਣ ਵਾਲੀ ਸਨਸੈੱਟ ਅੱਗ ਕਾਬੂ ਵਿੱਚ ਆਉਣੀ ਸ਼ੁਰੂ ਹੋ ਗਈ ਹੈ ਪਰ ਅਜੇ ਤੱਕ ਮੁਕੰਮਲ ਤੌਰ ‘ਤੇ ਖ਼ਤਮ ਨਹੀਂ ਹੋਈ ਹੈ।
ਪਹਿਲਾਂ ਹਾਲੀਵੁੱਡ ਹਿਲਸ ਵੈਸਟ ਇਲਾਕੇ ਨੂੰ ਖ਼ਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਜੋ ਬਾਅਦ ਵਿੱਚ ਵਾਪਸ ਲੈ ਲਏ ਗਏ।
ਇੱਕ ਅੱਗ ਬਝਾਉਣ ਵਾਲੇ ਅਮਲੇ ਦੇ ਮੈਂਬਰ ਨੇ ਬੀਬੀਸੀ ਨੂੰ ਦੱਸਿਆ,”ਆਲੇ-ਦੁਆਲੇ ਸਭ ਕੁਝ ਤਬਾਹ ਹੋ ਗਿਆ ਹੈ।”
5,300 ਤੋਂ ਵੱਧ ਇਮਾਰਤਾਂ ਇਸ ਅੱਗ ਵਿੱਚ ਢਹਿ-ਢੇਰੀ ਹੋ ਸਕਦੀਆਂ ਹਨ। ਜਿਨ੍ਹਾਂ ਵਿੱਚ ਘਰ, ਸਕੂਲ ਅਤੇ ਮਸ਼ਹੂਰ ਸਨਸੈਟ ਬੁਲੇਵਾਰਡ ਦੀਆਂ ਕਾਰੋਬਾਰੀ ਇਮਾਰਤਾਂ ਸ਼ਾਮਲ ਹਨ।
ਆਪਣੇ ਘਰ ਗੁਆਉਣ ਵਾਲੀਆਂ ਮਸ਼ਹੂਰ ਹਸਤੀਆਂ ਵਿੱਚ ਲੇਟਨ ਮੀਸਟਰ ਅਤੇ ਐਡਮ ਬ੍ਰੋਡੀ, ਜੋ ਕੁਝ ਦਿਨ ਪਹਿਲਾਂ ਗੋਲਡਨ ਗਲੋਬ ਸਮਾਗਮ ਦਾ ਹਿੱਸਾ ਸਨ ਅਤੇ ਇਸੇ ਤਰ੍ਹਾਂ ਪੈਰਿਸ ਹਿਲਟਨ ਨੂੰ ਵੀ ਆਪਣਾ ਘਰ ਅੱਗ ਵਿੱਚ ਗਵਾਉਣਾ ਪਿਆ।
ਬੀਮਾ ਉਦਯੋਗ ਨੂੰ ਡਰ ਹੈ ਕਿ ਇਹ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਜੰਗਲੀ ਅੱਗ ਦਾ ਪ੍ਰਕੋਪ ਸਾਬਤ ਹੋ ਸਕਦਾ ਹੈ।
ਹੁਣ ਤੱਕ ਜਿੰਨੀਆਂ ਜਾਇਦਾਦਾਂ ਅਤੇ ਜਨਤਕ ਢਾਂਚੇ ਅੱਗ ਦੀ ਲਪੇਟ ਵਿੱਚ ਆਏ ਹਨ, ਉਸ ਤੋਂ ਲੱਗੇ ਅੰਦਾਜ਼ੇ ਮੁਤਾਬਕ ਇਹ ਨੁਕਸਾਨ 800 ਕਰੋੜ ਅਮਰੀਕੀ ਡਾਲਰ ਤੋਂ ਵੱਧ ਦਾ ਹੋ ਸਕਦਾ ਹੈ।
ਅੱਗ ਬੁਝਾਉਣ ਵਾਲਿਆਂ ਲਈ ਥੋੜ੍ਹੀ ਰਾਹਤ ਦੀ ਖ਼ਬਰ ਇਹ ਹੈ ਕਿ ਦੱਖਣੀ ਕੈਲੀਫੋਰਨੀਆ ਵਿੱਚ ਅੱਗ ਪਹਿਲਾਂ ਦੇ ਮੁਕਾਬਲੇ ਘੱਟ ਹੋਣ ਦੀ ਸੰਭਾਵਨਾ ਹੈ।
ਪਰ ਬੀਬੀਸੀ ਲਈ ਮੌਸਮ ਦੀ ਭਵਿੱਖਬਾਣੀ ਕਰਨ ਵਾਲੇ ਸਾਰਾਹ ਕੀਥ-ਲੂਕਾਸ ਦਾ ਕਹਿਣਾ ਹੈ ਕਿ ਘੱਟੋ-ਘੱਟ ਅਗਲੇ ਹਫ਼ਤੇ ਤੱਕ ਇਸ ਇਲਾਕੇ ਵਿੱਚ ਮੀਂਹ ਦੀ ਕੋਈ ਭਵਿੱਖਬਾਣੀ ਨਹੀਂ ਹੈ, ਜਿਸ ਦਾ ਅਰਥ ਹੈ ਕਿ ਹਾਲਾਤ ਹੋਰ ਅੱਗ ਲਈ ਤਿਆਰ ਹਨ।
ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਬਿਜਲੀ ਕੱਟ ਦਿੱਤੀ ਗਈ ਹੈ ਅਤੇ ਸੜਕਾਂ ਉੱਤੇ ਟ੍ਰੈਫਿਕ ਜਾਮ ਹੈ।
ਲਾਸ ਏਂਜਲਸ ਦੇ ਬਹੁਤ ਸਾਰੇ ਸਕੂਲਾਂ ਅਤੇ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਨੂੰ ਬੰਦ ਕਰਨਾ ਪਿਆ ਹੈ।
ਅਜਿਹੀ ਕਿਸੇ ਘਟਨਾ ਦੀ ਸੰਭਾਨਵਾ ਤੋਂ ਪਹਿਲਾਂ ਦੀ ਤਿਆਰੀ ਨੂੰ ਲੈ ਕੇ ਸਿਆਸਤ ਭੜਕ ਗਈ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀ ਇਹ ਮੁੱਦਾ ਚੁੱਕਿਆ ਹੈ।
ਅੱਗ ਬੁਝਾਉਣ ਵਾਲੇ ਅਮਲੇ ਅੱਗ ਦੇ ਫ਼ੈਲਾਅ ਨੂੰ ਕਾਬੂ ਪਾਉਣ ਲਈ ਪਾਣੀ ਦੀ ਘਾਟ ਨਾਲ ਵੀ ਜੂਝ ਰਹੇ ਹਨ।
ਲਾਸ ਏਂਜਲਸ ਕਾਉਂਟੀ ਦੇ ਫ਼ਾਇਰ ਚੀਫ਼ ਐਂਥਨੀ ਮੈਰੋਨ ਨੇ ਵੀਰਵਾਰ ਦੁਪਹਿਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਇਹ ਰਿਪੋਰਟ ਨਹੀਂ ਮਿਲੀ ਸੀ ਕਿ ਅੱਗ ਬੁਝਾਉਣ ਵਾਲੇ ਵਾਹਨਾਂ ਵਿੱਚ ਵਿੱਚ ਪਾਣੀ ਜਾਂ ਤਾਂ ਖ਼ਤਮ ਹੋ ਗਿਆ ਹੈ ਜਾਂ ਫ਼ਿਰ ਪਾਣੀ ਦਾ ਦਬਾਅ ਘੱਟ ਗਿਆ ਹੈ।
ਪਰ ਗੁਆਂਢੀ ਪਾਸਡੇਨਾ ਵਿੱਚ, ਫਾਇਰ ਚੀਫ਼ ਚੈਡ ਆਗਸਟਿਨ ਨੇ ਕਿਹਾ ਕਿ ਅਜਿਹਾ ਥੋੜ੍ਹੇ ਸਮੇਂ ਲਈ ਹੋਇਆ ਸੀ ਪਰ ਹੁਣ ਸਾਰੇ ਮਸਲੇ ਹੱਲ ਹੋ ਗਏ ਹਨ।
ਅੱਗ ਕਿਹੜੇ ਇਲਾਕਿਆਂ ਵਿੱਚ ਲੱਗੀ ਹੈ?
ਵੀਰਵਾਰ ਨੂੰ ਕੈਲੀਫੋਰਨੀਆ ਦੇ ਫਾਇਰ ਅਧਿਕਾਰੀਆਂ ਨੇ ਦੱਸਿਆ, ਵਿਆਪਕ ਖੇਤਰ ਵਿੱਚ ਘੱਟੋ ਘੱਟ ਪੰਜ ਇਲਾਕਿਆਂ ਵਿੱਚ ਅੱਗ ਭੜਕ ਰਹੀ ਹੈ:
ਪਾਲੀਸਾਡੇਸ: ਮੰਗਲਵਾਰ ਨੂੰ ਅੱਗ ਪਾਲੀਸਾਡੇਸ ਤੋਂ ਸ਼ੁਰੂ ਹੋਈ ਅਤੇ ਇਹ ਅਮਰੀਕਾ ਦੇ ਇਤਿਹਾਸ ਦੀ ਸਭ ਤੋਂ ਵਿਨਾਸ਼ਕਾਰੀ ਅੱਗ ਸਾਬਤ ਹੋ ਸਕਦੀ ਹੈ।
ਅੱਗ 17,000 ਏਕੜ ਵਿੱਚ ਫ਼ੈਲੀ ਹੋਈ ਹੈ।
ਈਟਨ: ਇਸ ਨੇ ਲਾਸ ਏਂਜਲਸ ਦੇ ਉੱਤਰੀ ਹਿੱਸੇ ਨੂੰ ਆਪਣੀ ਮਾਰ ਹੇਠ ਲਿਆ। ਇਸ ਖੇਤਰ ਵਿੱਚ ਅੱਗ ਨੇ ਤਕਰੀਬਨ 14,000 ਏਕੜ ਜ਼ਮੀਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਹਰਸਟ: ਸੈਨ ਫਰਨਾਂਡੋ ਦੇ ਬਿਲਕੁਲ ਉੱਤਰ ਵਿੱਚ ਸਥਿਤ ਇਸ ਖੇਤਰ ਵਿੱਚ 670 ਏਕੜ ਤੱਕ ਅੱਗ ਨੇ ਮਾਰ ਕੀਤੀ। ਹਾਲਾਂਕਿ ਅੱਗ ਬੁਝਾਉਣ ਵਾਲਾ ਅਮਲਾ ਇਸ ਨੂੰ ਕਾਬੂ ਕਰਨ ਵਿੱਚ ਕੁਝ ਸੀਮਤ ਸਫਲਤਾ ਮਿਲੀ ਹੈ।
ਲਿਡੀਆ: ਲਾਸ ਏਂਜਲਸ ਦੇ ਉੱਤਰ ਵਿੱਚ ਪਹਾੜੀ ਐਕਟਨ ਖੇਤਰ ਵਿੱਚ ਬੁੱਧਵਾਰ ਦੁਪਹਿਰ ਨੂੰ ਅੱਗ ਫ਼ੈਲੀ ਅਤੇ ਤਕਰੀਬਨ 350 ਏਕੜ ਤੱਕ ਪਹੁੰਚ ਗਈ।
ਕੇਨੇਥ: ਇਹ ਅੱਗ ਵੀਰਵਾਰ ਨੂੰ ਲਾਸ ਏਂਜਲਸ ਅਤੇ ਵੈਨਟੂਰਾ ਕਾਉਂਟੀ ਦੀ ਸਰਹੱਦ ‘ਤੇ ਲੱਗੀ। ਇਹ ਹੁਣ ਤੱਕ 50 ਏਕੜ ਨੂੰ ਕਵਰ ਕਰ ਚੁੱਕੀ ਹੈ।
ਸਨਸੈੱਟ: ਇਹ ਬੁੱਧਵਾਰ ਸ਼ਾਮ ਨੂੰ ਹਾਲੀਵੁੱਡ ਹਿਲਸ ਵਿੱਚ ਫੈਲ ਗਈ, ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਤਕਰਬੀਨ 20 ਏਕੜ ਇਲਾਕਾ ਇਸ ਦੀ ਲਪੇਟ ਵਿੱਚ ਸੀ। ਇਸ ਨੂੰ ਹੁਣ ਕਾਬੂ ਕਰ ਲਿਆ ਗਿਆ ਹੈ
ਲਾਸ ਏਂਜਲਸ ਵਿੱਚ ਅੱਗ ਕਿਵੇਂ ਸ਼ੁਰੂ ਹੋਈ?
ਅਧਿਕਾਰੀਆਂ ਨੇ ਇਸ ਖੇਤਰ ਵਿੱਚ ਚੱਲੀਆਂ ਤੇਜ਼ ਹਵਾਵਾਂ ਅਤੇ ਸੋਕੇ ਕਾਰਨ ਅੱਗ ਲੱਗਣ ਦੀ ਸੰਭਾਵਨਾ ਵੱਲ ਇਸ਼ਾਰਾ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਇਸ ਨਾਲ ਬਨਸਪਤੀ ਬਹੁਤ ਖੁਸ਼ਕ ਹੋ ਕੇ ਸੜਣ ਦੇ ਅਨੁਕੂਲ ਬਣ ਗਈ ਸੀ।
ਫਿਲਹਾਲ, ਅਧਿਕਾਰੀਆਂ ਨੇ ਕਿਹਾ ਹੈ ਕਿ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੈ ਅਤੇ ਜਾਂਚ ਜਾਰੀ ਹੈ।
ਕੈਲੀਫੋਰਨੀਆ ਫਾਇਰ ਸਰਵਿਸ ਦੇ ਬਟਾਲੀਅਨ ਦੇ ਮੁਖੀ ਡੇਵਿਡ ਅਕੁਨਾ ਮੁਤਾਬਕ, ਇਲਾਕੇ ਦੇ ਜੰਗਲਾਂ ਵਿੱਚ ਲੱਗੀ ਅੱਗ ਦਾ ਵੱਡਾ ਕਾਰਨ ਮਨੁੱਖੀ ਗਤੀਵਿਧੀਆਂ ਰਹੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਉਹ ਇਸ ਬਾਰੇ ਜਾਂਚ ਕਰ ਰਹੇ ਹਨ ਕਿ ਅੱਗ ਲੱਗੀ ਕਿਵੇਂ ਸੀ।
ਜਲਵਾਯੂ ਤਬਦੀਲੀ ਨੇ ਕੀ ਭੂਮਿਕਾ ਨਿਭਾਈ ਹੈ?
ਫ਼ਿਲਹਾਲ ਤੇਜ਼ ਹਵਾਵਾਂ ਅਤੇ ਮੀਂਹ ਦੀ ਕਮੀ ਅੱਗ ਨੂੰ ਵਧਾ ਰਹੀ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਜਲਵਾਯੂ ਤਬਦੀਲੀ ਇਸ ਇਲਾਕੇ ਦੇ ਕੁਦਰਤੀ ਸੁਭਾਅ ਨੂੰ ਬਦਲ ਰਹੀ ਹੈ ਅਤੇ ਅੱਗ ਦੀਆਂ ਅਜਿਹੀਆਂ ਘਟਨਾਵਾਂ ਦੀਆਂ ਸੰਭਾਵਨਾ ਨੂੰ ਵਧਾ ਰਹੀ ਹੈ।
ਅਮਰੀਕਾ ਸਰਕਾਰ ਦੀ ਮੌਜੂਦਾ ਜਾਂਚ ਤੋਂ ਇਹ ਸਪੱਸ਼ਟ ਨਹੀਂ ਹੈ ਕਿ ਪੱਛਮੀ ਸੰਯੁਕਤ ਰਾਜ ਵਿੱਚ ਜਲਵਾਯੂ ਪਰਿਵਰਤਨ ਕਾਰਨ ਹੀ ਇੰਨੇ ਵੱਡੇ ਪੱਧਰ ਉੱਤੇ ਇੰਨੀ ਗੰਭੀਰ ਜੰਗਲੀ ਅੱਗ ਲੱਗੀ ਹੈ।
ਰਾਸ਼ਟਰੀ ਸਮੁੰਦਰੀ ਅਤੇ ਵਾਯੂਮੰਡਲ ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ, “ਵਧੀ ਹੋਈ ਗਰਮੀ, ਵਧਿਆ ਸੋਕਾ, ਅਤੇ ਪਾਣੀ ਦੀ ਘਾਟ ਸਣੇ, ਪੱਛਮੀ ਸੰਯੁਕਤ ਰਾਜ ਵਿੱਚ ਜੰਗਲੀ ਅੱਗ ਨੂੰ ਵਧਾਉਣ ਵਿੱਚ ਜਲਵਾਯੂ ਪਰਿਵਰਤਨ ਇੱਕ ਮੁੱਖ ਚਾਲਕ ਰਿਹਾ ਹੈ।”
ਅਤੇ ਹਾਲ ਹੀ ਦੇ ਮਹੀਨਿਆਂ ਵਿੱਚ ਕੈਲੀਫ਼ੋਰਨੀਆ ਸਖ਼ਤ ਗਰਮੀ ਅਤੇ ਮੀਂਹ ਦੀ ਘਾਟ ਵਿੱਚੋਂ ਲੰਘਿਆ ਹੈ।
ਦੱਖਣੀ ਕੈਲੀਫੋਰਨੀਆ ਵਿੱਚ ਆਮ ਤੌਰ ‘ਤੇ ਮਈ ਤੋਂ ਅਕਤੂਬਰ ਤੱਕ ਅੱਗ ਲੱਗਣ ਦੀ ਸੰਭਾਵਨਾ ਰਹਿੰਦੀ ਹੈ। ਪਰ ਰਾਜ ਦੇ ਗਵਰਨਰ, ਗੇਵਿਨ ਨਿਊਜ਼ਮ ਦੱਸਿਆ ਹੈ ਕਿ ਇਸ ਇਲਾਕੇ ਵਿੱਚ ਅੱਗ ਇੱਕ ਅਜਿਹਾ ਮਸਲਾ ਹੈ ਜੋ ਸਦਾ ਜੀਵਨ ਦੇ ਨਾਲ ਰਹਿੰਦਾ ਹੈ।
ਉਨ੍ਹਾਂ ਕਿਹਾ, “ਇੱਥੇ ਅੱਗ ਦਾ ਕੋਈ ਮੌਸਮ ਨਹੀਂ ਹੈ। ਬਲਕਿ ਪੂਰਾ ਸਾਲ ਹੀ ਅੱਗ ਦਾ ਸਾਲ ਰਹਿੰਦਾ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI