Home ਰਾਸ਼ਟਰੀ ਖ਼ਬਰਾਂ ਲਿੰਗ ਮਰਦ ਦੀ ਸਿਹਤ ਦਾ ਸੰਕੇਤਕ ਕਿਵੇਂ ਹੈ ਤੇ ਕਿਸ ਤਰ੍ਹਾਂ ਭਵਿੱਖ...

ਲਿੰਗ ਮਰਦ ਦੀ ਸਿਹਤ ਦਾ ਸੰਕੇਤਕ ਕਿਵੇਂ ਹੈ ਤੇ ਕਿਸ ਤਰ੍ਹਾਂ ਭਵਿੱਖ ਵਿੱਚ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਦਾ ਸੰਕੇਤ ਦਿੰਦਾ ਹੈ

6
0

Source :- BBC PUNJABI

ਪੁਰਸ਼ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Serenity Strull/ BBC

ਖੋਜਕਾਰਾਂ ਮੁਤਾਬਕ ਇਰੈਕਟਾਈਲ ਡਿਸਫੰਕਸ਼ਨ ਯਾਨੀ ਨਪੁੰਸਕਤਾ ਦਿਲ ਦੇ ਦੌਰੇ, ਸਟ੍ਰੋਕ, ਸ਼ੂਗਰ ਅਤੇ ਡਿਮੈਨਸ਼ੀਆ ਵਰਗੀਆਂ ਗੰਭੀਰ ਬਿਮਾਰੀਆਂ ਦਾ ਸ਼ੁਰੂਆਤੀ ਸੰਕੇਤ ਹੋ ਸਕਦਾ ਹੈ। ਇਸ ਲਈ ਮਰੀਜ਼ਾਂ ਅਤੇ ਡਾਕਟਰਾਂ ਦੋਹਾਂ ਨੂੰ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਦੇਖਣ ਦੀ ਲੋੜ ਹੈ।

ਇਰੈਕਟਾਈਲ ਡਿਸਫੰਕਸ਼ਨ (ਨਪੁੰਸਕਤਾ) ਨੂੰ ਇੱਕ “ਖਾਮੋਸ਼ ਮਹਾਂਮਾਰੀ” ਵੀ ਕਿਹਾ ਜਾ ਸਕਦਾ ਹੈ। ਕਈ ਸਰਵੇਖਣਾਂ ਮੁਤਾਬਕ 40 ਸਾਲ ਤੋਂ ਵੱਧ ਉਮਰ ਦੇ ਅੱਧੇ ਤੋਂ ਜ਼ਿਆਦਾ ਮਰਦ ਇਸ ਸਮੱਸਿਆ ਨਾਲ ਪ੍ਰਭਾਵਿਤ ਹੁੰਦੇ ਹਨ। ਫਿਰ ਵੀ ਬਹੁਤ ਘੱਟ ਲੋਕ ਇਸ ਬਾਰੇ ਆਪਣੇ ਪਰਿਵਾਰ ਜਾਂ ਸਾਥੀ ਨਾਲ ਖੁੱਲ੍ਹ ਕੇ ਗੱਲ ਕਰਦੇ ਹਨ।

ਜੇ ਇਸ ਵਿਸ਼ੇ ‘ਤੇ ਗੱਲ ਹੁੰਦੀ ਵੀ ਹੈ ਤਾਂ ਅਕਸਰ ਇਸ ਨੂੰ ਮਜ਼ਾਕ ਜਾਂ ਹਾਸੇ ਦਾ ਵਿਸ਼ਾ ਸਮਝਿਆ ਜਾਂਦਾ ਹੈ ਬਜਾਏ ਇਸਦੇ ਕਿ ਇਸ ਨੂੰ ਕਿਸੇ ਗੰਭੀਰ ਬਿਮਾਰੀ ਦੀ ਚੇਤਾਵਨੀ ਦਾ ਸੰਕੇਤ ਸਮਝਿਆ ਜਾਵੇ।

ਪਰ ਨਵੀਂ ਖੋਜ ਦੱਸਦੀ ਹੈ ਕਿ ਲਿੰਗ ਮਰਦ ਦੀ ਸਮੁੱਚੀ ਸਿਹਤ ਦਾ ਇੱਕ ਮਹੱਤਵਪੂਰਨ ਸੰਕੇਤਕ ਜਾਂ ਬੈਰੋਮੀਟਰ ਹੋ ਸਕਦਾ ਹੈ। ਇਰੈਕਟਾਈਲ ਡਿਸਫੰਕਸ਼ਨ (ਨਪੁੰਸਕਤਾ) ਕਈ ਵਾਰ ਸ਼ੂਗਰ, ਦਿਲ ਦੇ ਰੋਗ, ਸਟ੍ਰੋਕ ਅਤੇ ਡਿਮੈਨਸ਼ੀਆ ਵਰਗੀਆਂ ਬਿਮਾਰੀਆਂ ਦਾ ਪਹਿਲਾਂ ਤੋਂ ਹੀ ਇਸ਼ਾਰਾ ਦੇ ਸਕਦਾ ਹੈ।

ਯੂਨੀਵਰਸਿਟੀ ਆਫ ਰੋਮ ਟੋਰ ਵੇਰਗਾਟਾ ਦੇ ਸੈਕਸੋਲੋਜਿਸਟ ਇਮੈਨੂਏਲ ਜੈਨਿਨੀ ਇਸ ਨੂੰ ‘ਆਉਣ ਵਾਲੀ ਮੁਸੀਬਤ ਦਾ ਸੰਕੇਤ’ ਮੰਨਦੇ ਹਨ। ਇਮੈਨੂਏਲ ਵੱਲੋਂ ਹਾਲ ਹੀ ‘ਚ ਇਸ ਬਾਬਤ ਹੁਣ ਤੱਕ ਸਾਹਮਣੇ ਆਏ ਤੱਥਾਂ ਸਬੰਧੀ ਅਧਿਐਨ ਕਿਤਾਬ ਦਾ ਸੰਪਾਦਨ ਕੀਤਾ ਹੈ।

ਇਰੈਕਟਾਈਲ ਡਿਸਫੰਕਸ਼ਨ (ਨਪੁੰਸਕਤਾ) ਦੀ ਸਮੇਂ ਸਿਰ ਜਾਂਚ ਕਰਨ ਨਾਲ ਡਾਕਟਰ ਪੁਰਸ਼ਾਂ ਵਿੱਚ ਹੋਣ ਵਾਲੀਆਂ ਕਈ ਗੰਭੀਰ ਬਿਮਾਰੀਆਂ ਦਾ ਪਤਾ ਸ਼ੁਰੂਆਤੀ ਪੜਾਅ ਵਿੱਚ ਹੀ ਲਗਾ ਸਕਦੇ ਹਨ।

ਪਰ ਜ਼ਿਆਦਾਤਰ ਮਰਦਾਂ ਵੱਲੋਂ ਆਪਣੀ ਜਿਨਸੀ ਸਿਹਤ ਬਾਰੇ ਗੱਲ ਕਰਨ ਤੋਂ ਸ਼ਰਮਾਉਣ ਕਾਰਨ ਉਹ ਸਮੇਂ ਸਿਰ ਜਾਂਚ ਅਤੇ ਇਲਾਜ ਦੇ ਮੌਕੇ ਗਵਾ ਬੈਠਦੇ ਹਨ।

ਆਓ ਜਾਣਦੇ ਹਾਂ ਕਿ ਇਸ ਸਧਾਰਨ ਜਿਹੀ ਸਮੱਸਿਆ ਬਾਰੇ ਜਾਗਰੂਕਤਾ ਕਿੰਨੀ ਅਹਿਮ ਹੈ ਅਤੇ ਕਿਵੇਂ ਇਹ ਡਾਕਟਰਾਂ ਲਈ ਸਮੇਂ ਸਿਰ ਬਿਮਾਰੀਆਂ ਦੀ ਪਛਾਣ ਕਰਨ ਅਤੇ ਇਲਾਜ ਵਿੱਚ ਮਦਦਗਾਰ ਸਾਬਿਤ ਹੋ ਸਕਦੀ ਹੈ।

ਲਿੰਗ ਤੱਕ ਖੂਨ ਪ੍ਰਵਾਹ ਕਰਨ ਵਾਲੀਆਂ ਕੋਸ਼ਿਕਾਵਾਂ ਬਾਬਤ ਸਮੱਸਿਆਵਾਂ

ਸੰਕੇਤਕ ਤਸਵੀਰ

ਤਸਵੀਰ ਸਰੋਤ, Serenity Strull/ BBC/ Getty Images

ਹੋਰਨਾਂ ਮੈਡੀਕਲ ਸਮੱਸਿਆਵਾਂ ਵਾਂਗ, ਇਰੈਕਟਾਈਲ ਡਿਸਫੰਕਸ਼ਨ (ਨਪੁੰਸਕਤਾ) ਕਿੰਨੇ ਮਰਦਾਂ ਨੂੰ ਪ੍ਰਭਾਵਿਤ ਕਰਦਾ ਹੈ, ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਇਸ ਦੀ ਪਰਿਭਾਸ਼ਾ ਕਿਵੇਂ ਕੀਤੀ ਜਾਂਦੀ ਹੈ ਅਤੇ ਇਸ ਨੂੰ ਮਾਪਣ ਲਈ ਕਿਹੜਾ ਤਰੀਕਾ ਵਰਤਿਆ ਜਾਂਦਾ ਹੈ।

ਇਸ ਕਾਰਨ ਵੱਖ-ਵੱਖ ਅਧਿਐਨਾਂ ਵਿੱਚ ਦੁਨੀਆ ਭਰ ਦੇ ਪੁਰਸ਼ਾਂ ਵਿੱਚ ਇਸ ਦੀ ਦਰ 3 ਫੀਸਦ ਤੋਂ ਲੈ ਕੇ 76.5 ਫੀਸਦ ਤੱਕ ਦੇਖਣ ਨੂੰ ਮਿਲਦੀ ਹੈ ਜੋ ਕਿ ਆਪਣੇ ਆਪ ਵਿੱਚ ਵੱਡਾ ਅੰਤਰ ਹੈ।

ਹਾਲਾਂਕਿ, ਇਸ ਵਿਸ਼ੇ ‘ਤੇ ਕੀਤੇ ਗਏ ਸਭ ਤੋਂ ਵਿਸਤ੍ਰਿਤ ਸਰਵੇਖਣਾਂ ਵਿੱਚੋਂ ਇੱਕ ਵਿੱਚ ਲਗਭਗ 1,200 ਮਰਦਾਂ ਦਾ ਵਿਸਥਾਰਪੂਰਵਕ ਪ੍ਰਸ਼ਨਾਵਲੀਆਂ ਰਾਹੀਂ ਅਧਿਐਨ ਕੀਤਾ ਗਿਆ।

ਇਸ ਵਿੱਚ ਪਤਾ ਲੱਗਿਆ ਕਿ 40 ਸਾਲ ਦੀ ਉਮਰ ਦੇ 39 ਫ਼ੀਸਦੀ ਮਰਦ ਨਿਯਮਿਤ ਤੌਰ ‘ਤੇ ਕਿਸੇ ਨਾ ਕਿਸੇ ਪੱਧਰ ਦੀ ਨਪੁੰਸਕਤਾ ਜਾਂ ਇਰੈਕਸ਼ਨ ਸਬੰਧੀ ਸਮੱਸਿਆ ਦਾ ਸਾਹਮਣਾ ਕਰਦੇ ਹਨ। ਇਹ ਅੰਕੜਾ 70 ਸਾਲ ਦੀ ਉਮਰ ਤੱਕ ਵੱਧ ਕੇ 67 ਫ਼ੀਸਦੀ ਹੋ ਜਾਂਦਾ ਹੈ।

ਇਰੈਕਟਾਈਲ ਡਿਸਫੰਕਸ਼ਨ ਜਾਂ ਨਪੁੰਸਕਤਾ ਖੂਨ ਦੇ ਪ੍ਰਵਾਹ ਨਾਲ ਜੁੜੀ ਸਮੱਸਿਆ ਹੈ।

ਲਿੰਗ ਵਿੱਚ ਦੋ ਸਪੰਜ ਵਰਗੀਆਂ ਬਣਤਰਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਕੋਰਪੋਰਾ ਕੈਵਰਨੋਸਾ ਕਿਹਾ ਜਾਂਦਾ ਹੈ। ਆਮ ਤੌਰ ‘ਤੇ ਇਹ ਢਿੱਲੀ ਅਵਸਥਾ ਵਿੱਚ ਰਹਿੰਦੀਆਂ ਹਨ।

ਜਦੋਂ ਕੋਈ ਮਰਦ ਜਿਨਸੀ ਤੌਰ ‘ਤੇ ਉਤੇਜਿਤ ਹੁੰਦਾ ਹੈ ਤਾਂ ਦਿਮਾਗ ਲਿੰਗ ਦੀਆਂ ਧਮਨੀਆਂ ਦੇ ਆਲੇ-ਦੁਆਲੇ ਦੀਆਂ ਮਾਸਪੇਸ਼ੀਆਂ ਨੂੰ ਢਿੱਲਾ ਕਰਨ ਲਈ ਸੰਕੇਤ ਭੇਜਦਾ ਹੈ। ਇਸ ਨਾਲ ਇਨ੍ਹਾਂ ਦੋਵੇਂ ਸਿਲੰਡਰਨੁਮਾ ਬਣਤਰਾਂ ਵਿੱਚ ਖੂਨ ਦਾ ਪ੍ਰਵਾਹ ਤੇਜ਼ੀ ਨਾਲ ਵਧ ਜਾਂਦਾ ਹੈ।

ਜਿਵੇਂ-ਜਿਵੇਂ ਇਹ ਬਣਤਰਾਂ ਫੈਲਦੀਆਂ ਹਨ, ਇਹ ਲਿੰਗ ਵਿੱਚੋਂ ਖੂਨ ਨੂੰ ਬਾਹਰ ਲਿਜਾਣ ਵਾਲੀਆਂ ਨਸਾਂ ਉੱਤੇ ਦਬਾਅ ਪਾਉਂਦੀਆਂ ਹਨ, ਜਿਸ ਕਾਰਨ ਖੂਨ ਅੰਦਰ ਹੀ ਫਸ ਜਾਂਦਾ ਹੈ।

ਜਿਵੇਂ ਹਵਾ ਭਰਨ ਨਾਲ ਗੁੱਬਾਰੇ ਦਾ ਆਕਾਰ ਵੱਧਦਾ ਹੈ, ਉਸੇ ਤਰ੍ਹਾਂ ਲਿੰਗ ਦਾ ਆਕਾਰ ਵੀ ਵੱਧਦਾ ਹੈ ਅਤ ਇਹ ਸਖਤ ਹੋ ਜਾਂਦਾ ਹੈ। ਕੋਈ ਵੀ ਅਜਿਹੀ ਚੀਜ਼ ਜੋ ਲਿੰਗ ਤੱਕ ਖੂਨ ਦੀ ਪਹੁੰਚ ਨੂੰ ਘਟਾਉਂਦੀ ਹੈ, ਮਰਦ ਦੀ ਇਰੈਕਸ਼ਨ ਪ੍ਰਾਪਤ ਕਰਨ ਜਾਂ ਉਸ ਨੂੰ ਕਾਇਮ ਰੱਖਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਇਹ ਸਮੱਸਿਆ ਅਕਸਰ ਮਨੋਵਿਗਿਆਨਕ ਕਾਰਨਾਂ ਨਾਲ ਵੀ ਜੁੜੀ ਹੁੰਦੀ ਹੈ। ਤਣਾਅ ਦੇ ਦੌਰਾਨ ਸਰੀਰ ਵਿੱਚ ਐਡ੍ਰੀਨਲਿਨ ਅਤੇ ਕੋਰਟੀਸੋਲ ਵਰਗੇ ਹਾਰਮੋਨ ਵੱਧ ਜਾਂਦੇ ਹਨ, ਜਿਸ ਨਾਲ ਖੂਨ ਦੀਆਂ ਨਲੀਆਂ ਸੁੰਗੜ ਸਕਦੀਆਂ ਹਨ ਅਤੇ ਕੋਰਪੋਰਾ ਕੈਵਰਨੋਸਾ ਪੂਰੀ ਤਰ੍ਹਾਂ ਸਖ਼ਤ ਨਹੀਂ ਹੋ ਪਾਉਂਦੀਆਂ।

ਵਧ ਤਣਾਅ ਟੈਸਟੋਸਟੇਰੋਨ ਹਾਰਮੋਨ ਦੇ ਉਤਪਾਦਨ ਵਿੱਚ ਵੀ ਰੁਕਾਵਟ ਪਾ ਸਕਦਾ ਹੈ, ਜਿਸ ਨਾਲ ਜਿਨਸੀ ਇੱਛਾ (ਲਿਬੀਡੋ) ਘੱਟ ਸਕਦੀ ਹੈ ਅਤੇ ਜਿਨਸੀ ਉਤੇਜਨਾ ਕਮਜ਼ੋਰ ਪੈ ਸਕਦੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਹਾਈਪੋਗੋਨਾਡਿਜ਼ਮ ਵਰਗੀਆਂ ਗ੍ਰੰਥੀ ਸਬੰਧੀ ਬਿਮਾਰੀਆਂ ਵਾਲੇ ਲੋਕਾਂ ਵਿੱਚ ਵੀ ਟੈਸਟੋਸਟੇਰੋਨ ਦਾ ਪੱਧਰ ਘੱਟ ਹੁੰਦਾ ਹੈ, ਜਿਸ ਕਾਰਨ ਇਹ ਸਮੱਸਿਆ ਹੋਰ ਵਧ ਸਕਦੀ ਹੈ।

ਤਣਾਅ ਅਕਸਰ ਮਾਨਸਿਕ ਇਕਾਗਰਤਾ ਵਿੱਚ ਕਮੀ ਲਿਆਉਂਦਾ ਹੈ ਜਿਸ ਨਾਲ ਜਿਨਸੀ ਸਬੰਧ ਬਣਾਉਣ ਸਮੇਂ ਧਿਆਨ ਕੇਂਦਰਿਤ ਕਰਨ ਵਿੱਚ ਪਰੇਸ਼ਾਨੀ ਹੁੰਦੀ ਹੈ।

ਵਿਕਾਸਵਾਦੀ ਇਤਿਹਾਸ ਵਿੱਚ ਇਸ ਦੇ ਪਿੱਛੇ ਇੱਕ ਵਾਜਬ ਕਾਰਨ ਰਿਹਾ ਹੋਵੇਗਾ। ਜੇ ਤਣਾਅ ਜਿਨਸੀ ਉਤੇਜਨਾ ਨੂੰ ਰੋਕ ਦਿੰਦਾ ਹੈ ਤਾਂ ਇਹ ਯਕੀਨੀ ਬਣਾਉਂਦਾ ਹੈ ਕਿ ਖ਼ਤਰੇ ਦੇ ਸਮੇਂ ਸਰੀਰ ਆਪਣੇ ਸਰੋਤਾਂ ਅਤੇ ਊਰਜਾ ਨੂੰ ਜੀਵਨ ਬਚਾਉਣ ਲਈ ਸੰਭਾਲ ਕੇ ਰੱਖੇ।

ਜੈਨਿਨੀ ਕਹਿੰਦੇ ਹਨ, “ਜੇ ਸਥਿਤੀ ਖ਼ਤਰਨਾਕ ਹੋਵੇ ਤਾਂ ਪ੍ਰਜਨਨ ਨਾ ਕਰਨਾ ਹੀ ਬਿਹਤਰ ਹੁੰਦਾ ਹੈ।”

ਹਾਲਾਂਕਿ ਆਧੁਨਿਕ ਦੁਨੀਆ ਵਿੱਚ ਅਸੀਂ ਕਈ ਅਜਿਹੇ ਕਾਰਨਾਂ ਕਰਕੇ ਤਣਾਅ ਦਾ ਸਾਹਮਣਾ ਕਰਦੇ ਹਾਂ ਜੋ ਜਾਨ ਲਈ ਖ਼ਤਰਨਾਕ ਨਹੀਂ ਹੁੰਦੇ। ਇਸ ਕਰਕੇ ਸਰੀਰ ਦੀ ਇਹ ਸੁਰੱਖਿਆ ਪ੍ਰਣਾਲੀ ਕਈ ਵਾਰ ਲੋੜ ਤੋਂ ਵੱਧ ਸਰਗਰਮ ਹੋ ਸਕਦੀ ਹੈ।

ਦਿਲ ਅਤੇ ਦਿਮਾਗ ਨਾਲ ਜੁੜੀਆਂ ਸਮੱਸਿਆਵਾਂ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਕਈ ਮਾਮਲਿਆਂ ਵਿੱਚ ਇਰੈਕਟਾਈਲ ਡਿਸਫੰਕਸ਼ਨ (ਨਪੁੰਸਕਤਾ) ਸਰੀਰ ਦੀਆਂ ਹੋਰ ਗੰਭੀਰ ਸਿਹਤ ਸਮੱਸਿਆਵਾਂ ਦਾ ਸੰਕੇਤ ਵੀ ਹੋ ਸਕਦਾ ਹੈ। ਉਦਾਹਰਣ ਵਜੋਂ, ਇਹ ਐਥੀਰੋਸਕਲੇਰੋਸਿਸ ਕਾਰਨ ਹੋ ਸਕਦਾ ਹੈ, ਇੱਕ ਅਜਿਹੀ ਸਥਿਤੀ ਜਿਸ ਵਿੱਚ ਖੂਨ ਦੀਆਂ ਨਲੀਆਂ ਸਖ਼ਤ ਅਤੇ ਤੰਗ ਹੋ ਜਾਂਦੀਆਂ ਹਨ।

ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਕਿਉਂਕਿ ਲਿੰਗ ਦੀਆਂ ਧਮਨੀਆਂ ਸਰੀਰ ਦੀਆਂ ਸਭ ਤੋਂ ਛੋਟੀਆਂ ਧਮਨੀਆਂ ‘ਚ ਸ਼ਾਮਿਲ ਹਨ, ਇਸ ਲਈ ਖੂਨ ਦੇ ਪ੍ਰਵਾਹ ਵਿੱਚ ਆਉਣ ਵਾਲੀ ਰੁਕਾਵਟ ਦਾ ਅਸਰ ਸਭ ਤੋਂ ਪਹਿਲਾਂ ਇਨ੍ਹਾਂ ‘ਤੇ ਹੀ ਦਿਖਾਈ ਦਿੰਦਾ ਹੈ।

ਇਸ ਕਾਰਨ ਇਰੈਕਟਾਈਲ ਡਿਸਫੰਕਸ਼ਨ (ਨਪੁੰਸਕਤਾ) ਕਈ ਵਾਰ ਦਿਲ ਅਤੇ ਖੂਨ ਦੀਆਂ ਨਲੀਆਂ ਨਾਲ ਸਬੰਧਤ ਗੰਭੀਰ ਸਮੱਸਿਆਵਾਂ ਦਾ ਸ਼ੁਰੂਆਤੀ ਚੇਤਾਵਨੀ ਸੰਕੇਤ ਸਾਬਤ ਹੋ ਸਕਦਾ ਹੈ।

1,54,794 ਲੋਕਾਂ ਦੇ ਅੰਕੜਿਆਂ ਦੇ ਵਿਸ਼ਲੇਸ਼ਣ ‘ਤੇ ਆਧਾਰਿਤ ਇੱਕ ਤਾਜ਼ਾ ਅਧਿਐਨ ਵਿੱਚ ਪਾਇਆ ਗਿਆ ਕਿ ਇਰੈਕਟਾਈਲ ਡਿਸਫੰਕਸ਼ਨ (ਨਪੁੰਸਕਤਾ) ਵਾਲੇ ਮਰਦਾਂ ਵਿੱਚ ਦਿਲ ਦੀ ਬਿਮਾਰੀ ਹੋਣ ਦੀ ਸੰਭਾਵਨਾ 59 ਫ਼ੀਸਦੀ ਵੱਧ ਸੀ, ਜਦਕਿ ਸਟ੍ਰੋਕ ਦਾ ਖ਼ਤਰਾ 34 ਫ਼ੀਸਦੀ ਵੱਧ ਪਾਇਆ ਗਿਆ।

ਯੂਕੇ ਦੀ ਮੈਨਚੈਸਟਰ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਪ੍ਰਜਨਨ ਵਿਗਿਆਨ ਮਾਹਰ ਮਾਈਕਲ ਕੈਰੋਲ ਕਹਿੰਦੇ ਹਨ, “ਖੂਨ ਦੀਆਂ ਨਲੀਆਂ ਦੀ ਚੰਗੀ ਸਿਹਤ ਦਾ ਇੱਕ ਵਧੀਆ ਮਾਪਦੰਡ ਚੰਗਾ ਇਰੈਕਸ਼ਨ (ਲਿੰਗ ਦਾ ਸਖ਼ਤ) ਹੋਣਾ ਹੈ।” ਕੈਰੋਲ ‘ਯੂਅਰ ਨਟਸ: ਦਿ ਸਾਇੰਸ ਆਫ ਹਾਓ ਦੇ ਵਰਕ ਐਂਡ ਵਟ ਇਟ ਮੀਨਸ ਫਾਰ ਯੂਅਰ ਫਰਟੀਲਿਟੀ’ ਕਿਤਾਬ ਦੇ ਲੇਖਕ ਵੀ ਹਨ।

ਕੁਝ ਸ਼ੁਰੂਆਤੀ ਖੋਜਾਂ ਇਹ ਵੀ ਸੰਕੇਤ ਦਿੰਦੀਆਂ ਹਨ ਕਿ ਲਿੰਗ ਦੀ ਖਰਾਬ ਸਿਹਤ ਦਿਮਾਗੀ ਸਮਰੱਥਾ ਵਿੱਚ ਆਉਣ ਵਾਲੀ ਕਮੀ ਦਾ ਵੀ ਸ਼ੁਰੂਆਤੀ ਸੰਕੇਤ ਹੋ ਸਕਦੀ ਹੈ। ਤਾਇਵਾਨ ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਜਿਨ੍ਹਾਂ ਮਰਦਾਂ ਵਿੱਚ ਇਰੈਕਟਾਈਲ ਡਿਸਫੰਕਸ਼ਨ ਦਾ ਨਿਦਾਨ ਹੋਇਆ ਸੀ, ਉਨ੍ਹਾਂ ਵਿੱਚ ਸੱਤ ਸਾਲਾਂ ਦੇ ਫੌਲੋ-ਅਪ ਦੌਰਾਨ ਡਿਮੈਨਸ਼ੀਆ (ਭੁੱਲਣ ਦੀ ਬਿਮਾਰੀ) ਵਿਕਸਿਤ ਹੋਣ ਦੀ ਸੰਭਾਵਨਾ 68 ਫ਼ੀਸਦੀ ਵੱਧ ਸੀ।

ਲਿੰਗ ਵਾਂਗ ਹੀ ਸਾਡਾ ਦਿਮਾਗ ਵੀ ਸਹੀ ਢੰਗ ਨਾਲ ਕੰਮ ਕਰਨ ਲਈ ਖੂਨ ਦੇ ਸਹੀ ਪ੍ਰਵਾਹ ‘ਤੇ ਨਿਰਭਰ ਕਰਦਾ ਹੈ। ਖੂਨ ਦਿਮਾਗ ਤੱਕ ਆਕਸੀਜਨ ਅਤੇ ਪੋਸ਼ਕ ਤੱਤ ਪਹੁੰਚਾਉਂਦਾ ਹੈ ਅਤੇ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।

ਸ਼ੂਗਰ ਨਾਲ ਸਬੰਧ

ਸੰਕੇਤਕ ਤਸਵੀਰ

ਤਸਵੀਰ ਸਰੋਤ, Serenity Strull/ BBC/ Getty Images

ਇਰੈਕਟਾਈਲ ਡਿਸਫੰਕਸ਼ਨ ਦੀ ਨਿਗਰਾਨੀ ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਲਈ ਮਹੱਤਵਪੂਰਨ ਹੋ ਸਕਦੀ ਹੈ ਜਿਨ੍ਹਾਂ ਨੂੰ ਸ਼ੂਗਰ ਦਾ ਖ਼ਤਰਾ ਹੈ। ਸ਼ੂਗਰ ਕਈ ਤਰੀਕਿਆਂ ਨਾਲ ਖੂਨ ਦੇ ਸੰਚਾਰ ਅਤੇ ਨਰਵਸ ਸਿਸਟਮ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਉਦਾਹਰਣ ਲਈ, ਜਦੋਂ ਸ਼ੂਗਰ ਠੀਕ ਤਰ੍ਹਾਂ ਕਾਬੂ ਵਿੱਚ ਨਾ ਹੋਵੇ ਤਾਂ ਖੂਨ ਵਿੱਚ ਸ਼ੂਗਰ ਦਾ ਪੱਧਰ ਵਾਰ-ਵਾਰ ਵੱਧ ਜਾਂਦਾ ਹੈ। ਇਸ ਨਾਲ ਵਾਧੂ ਗਲੂਕੋਜ਼ ਖੂਨ ਦੀਆਂ ਨਲੀਆਂ ਦੀਆਂ ਕੰਧਾਂ ਵਿੱਚ ਮੌਜੂਦ ਪ੍ਰੋਟੀਨਾਂ ਨਾਲ ਚਿਪਕਣ ਲੱਗਦਾ ਹੈ। ਇਸ ਕਾਰਨ ਖੂਨ ਦੀਆਂ ਨਲੀਆਂ ਆਪਣੀ ਲਚਕਤਾ ਗੁਆ ਬੈਠਦੀਆਂ ਹਨ। ਇਸ ਪ੍ਰਕਿਰਿਆ ਨੂੰ ਗਲਾਈਕੇਸ਼ਨ ਕਿਹਾ ਜਾਂਦਾ ਹੈ।

ਐਥੀਰੋਕਲੇਰੋਸਿਸ ਵਾਂਗ ਇਹ ਵੀ ਸਰੀਰ ਦੇ ਵੱਖ-ਵੱਖ ਅੰਗਾਂ ਤੱਕ ਖੂਨ ਦੀ ਪਹੁੰਚ ਨੂੰ ਘਟਾ ਦਿੰਦਾ ਹੈ, ਜਿੱਥੇ ਖੂਨ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਲਿੰਗ ਦੀਆਂ ਬਹੁਤ ਬਾਰੀਕ ਖੂਨ ਦੀਆਂ ਨਲੀਆਂ ਅਕਸਰ ਸਭ ਤੋਂ ਪਹਿਲਾਂ ਪ੍ਰਭਾਵਿਤ ਹੁੰਦੀਆਂ ਹਨ।

ਸਪੇਨ ਦੇ ਬਾਰਸੀਲੋਨਾ ਸਥਿਤ ਸਾਂਤ ਪਾਓ ਰਿਸਰਚ ਇੰਸਟੀਚਿਊਟ ਦੇ ਖੋਜਕਾਰ ਬੋਗਡਾਨ ਵਲੈਕੋ ਕਹਿੰਦੇ ਹਨ, “ਸ਼ੂਗਰ ਅਤੇ ਇਰੈਕਟਾਈਲ ਡਿਸਫੰਕਸ਼ਨ ਵਿਚਕਾਰ ਸਬੰਧ ਬਹੁਤ ਮਜ਼ਬੂਤ ਹੈ। ਟਾਈਪ-2 ਸ਼ੂਗਰ ਵਾਲੇ ਮਰਦਾਂ ਵਿੱਚ ਇਰੈਕਟਾਈਲ ਡਿਸਫੰਕਸ਼ਨ ਹੋਣ ਦੀ ਸੰਭਾਵਨਾ, ਸ਼ੂਗਰ ਨਾ ਹੋਣ ਵਾਲੇ ਮਰਦਾਂ ਦੇ ਮੁਕਾਬਲੇ ਲਗਭਗ ਤਿੰਨ ਗੁਣਾ ਵੱਧ ਹੁੰਦੀ ਹੈ।”

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤੱਥਾਂ ਦੀ ਤਾਜ਼ਾ ਸਮੀਖਿਆ ਦੌਰਾਨ ਵਲੈਕੋ ਨੇ ਇਹ ਵੀ ਪਾਇਆ ਕਿ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੇ ਨਾਲ-ਨਾਲ ਇਰੈਕਟਾਈਲ ਡਿਸਫੰਕਸ਼ਨ ਦੀ ਸਮੱਸਿਆ ਵੀ ਹੁੰਦੀ ਹੈ, ਉਨ੍ਹਾਂ ਵਿੱਚ ਪੈਰੀਫਿਰਲ ਨਿਊਰੋਪੈਥੀ ਯਾਨੀ ਹੱਥਾਂ ਅਤੇ ਪੈਰਾਂ ਦੀਆਂ ਨਸਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਕਾਫ਼ੀ ਵੱਧ ਹੁੰਦੀ ਹੈ।

ਇਸ ਤੋਂ ਇਲਾਵਾ, ਉਨ੍ਹਾਂ ਵਿੱਚ ਰੈਟੀਨੋਪੈਥੀ ਦਾ ਖ਼ਤਰਾ ਵੀ ਵੱਧ ਹੁੰਦਾ ਹੈ, ਜੋ ਨਜ਼ਰ ਦੀ ਕਮੀ ਜਾਂ ਅੰਨ੍ਹੇਪਣ ਦਾ ਕਾਰਨ ਬਣ ਸਕਦੀ ਹੈ। ਜ਼ਖ਼ਮਾਂ ਦੇ ਹੌਲੀ ਭਰਨ ਦੀ ਸਮੱਸਿਆ ਵੀ ਵੱਧ ਪਾਈ ਜਾਂਦੀ ਹੈ, ਜੋ ਕੁਝ ਮਾਮਲਿਆਂ ਵਿੱਚ ਅੰਗ ਕੱਟਣ ਤੱਕ ਦੀ ਨੌਬਤ ਲਿਆ ਸਕਦੀ ਹੈ।

ਹਾਲਾਂਕਿ, ਸ਼ੂਗਰ ਦੇ ਮਰੀਜ਼ਾਂ ਵਿੱਚ ਇਰੈਕਟਾਈਲ ਡਿਸਫੰਕਸ਼ਨ ਦੀ ਨਿਯਮਿਤ ਜਾਂਚ ਅਜੇ ਵੀ ਆਮ ਡਾਕਟਰੀ ਪ੍ਰਕਿਰਿਆ ਦਾ ਹਿੱਸਾ ਨਹੀਂ ਹੈ।

ਸਪੇਨ ਦੀ ਯੂਨੀਵਰਸਿਟੀ ਆਫ ਬਾਰਸੀਲੋਨਾ ਦੇ ਐਂਡੋਕ੍ਰਾਈਨੋਲੋਜਿਸਟ ਸੈਨਤਿਆਗੋ ਮਾਰਟੀਨੇਜ਼, ਜੋ ਇਸ ਸਮੀਖਿਆ ਦੇ ਸਹਿ-ਲੇਖਕ ਵੀ ਹਨ, ਕਹਿੰਦੇ ਹਨ, “ਸਬੂਤ ਦਰਸਾਉਂਦੇ ਹਨ ਕਿ ਸਿਹਤ ਸੰਭਾਲ ਪੇਸ਼ੇਵਰ ਅਕਸਰ ਮਰੀਜ਼ਾਂ ਨਾਲ ਇਸ ਮੁੱਦੇ ਬਾਰੇ ਗੱਲ ਹੀ ਨਹੀਂ ਕਰਦੇ।”

ਸੰਭਾਵੀ ਇਲਾਜ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਯੂਕੇ ਦੀ ਯੂਰੋਲੋਜੀ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਵਿੱਚ ਪਤਾ ਲੱਗਿਆ ਕਿ ਇਰੈਕਟਾਈਲ ਡਿਸਫੰਕਸ਼ਨ ਜਾਂ ਨਪੁੰਸਕਤਾ ਨਾਲ ਪੀੜਤ ਅੱਧੇ ਤੋਂ ਵੱਧ ਮਰਦ ਸ਼ਰਮ ਅਤੇ ਚਿੰਤਾ ਕਾਰਨ ਡਾਕਟਰੀ ਮਦਦ ਲੈਣ ਤੋਂ ਕਤਰਾਉਂਦੇ ਹਨ।

ਇੱਥੋਂ ਤੱਕ ਕਿ 20 ਫ਼ੀਸਦ ਮਰਦਾਂ ਨੇ ਕਿਹਾ ਕਿ ਉਹ ਇਸ ਸਮੱਸਿਆ ਬਾਰੇ ਕਿਸੇ ਸਿਹਤ ਮਾਹਰ ਨਾਲ ਗੱਲ ਕਰਨ ਦੀ ਬਜਾਏ ਇੱਕ ਮਹੀਨੇ ਤੱਕ ਬੀਅਰ ਛੱਡਣਾ ਪਸੰਦ ਕਰਨਗੇ।

ਪਰ ਕੈਰੋਲ ਮੁਤਾਬਕ ਇਰੈਕਟਾਈਲ ਡਿਸਫੰਕਸ਼ਨ (ਨਪੁੰਸਕਤਾ) ਨਾਲ ਪੀੜਤ ਹਰ ਮਰਦ ਨੂੰ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਇਸ ਨਾਲ ਨਾ ਸਿਰਫ਼ ਇਸ ਸਮੱਸਿਆ ਕਾਰਨ ਹੋਣ ਵਾਲੇ ਤਣਾਅ ਅਤੇ ਪਰੇਸ਼ਾਨੀ ਤੋਂ ਰਾਹਤ ਮਿਲ ਸਕਦੀ ਹੈ, ਸਗੋਂ ਸਮੁੱਚੀ ਸਰੀਰਕ ਸਿਹਤ ਬਾਰੇ ਡਾਕਟਰ ਨਾਲ ਤੁਹਾਡੀ ਗੱਲਬਾਤ ਸ਼ੁਰੂ ਹੋ ਸਕਦੀ ਹੈ, ਜੋ ਕਈ ਵਾਰ ਜਾਨ ਬਚਾਉਣ ਵਾਲੀ ਸਾਬਤ ਹੋ ਸਕਦੀ ਹੈ।

ਕੈਰੋਲ ਕਹਿੰਦੇ ਹਨ, “ਸਮੱਸਿਆ ਦਾ ਸ਼ੁਰੂਆਤੀ ਪੜਾਅ ਵਿੱਚ ਇਲਾਜ ਕਰਨਾ ਹੀ ਬਹੁਤ ਮਹੱਤਵਪੂਰਨ ਹੈ।”

ਇਰੈਕਟਾਈਲ ਡਿਸਫੰਕਸ਼ਨ ਜਾਂ ਨਪੁੰਸਕਤਾ ਦਾ ਇਲਾਜ ਸੰਭਵ ਹੈ। ਵਾਇਆਗਰਾ (ਸਿਲਡੇਨਾਫਿਲ) ਵਰਗੀਆਂ ਦਵਾਈਆਂ ਲਿੰਗ ਦੀਆਂ ਖੂਨ ਦੀਆਂ ਨਲੀਆਂ ਨੂੰ ਫੈਲਾਉਂਦੀਆਂ ਹਨ, ਜਿਸ ਨਾਲ ਖੂਨ ਦਾ ਪ੍ਰਵਾਹ ਵਧਦਾ ਹੈ ਅਤੇ ਇਰੈਕਸ਼ਨ ਵਿੱਚ ਮਦਦ ਮਿਲਦੀ ਹੈ।

ਹਾਲਾਂਕਿ ਕੁਝ ਗੈਰ-ਰਸਮੀ ਸਬੂਤ ਇਹ ਵੀ ਦਰਸਾਉਂਦੇ ਹਨ ਕਿ ਜਿਨ੍ਹਾਂ ਲੋਕਾਂ ਨੇ ਆਪਣੀ ਜਿਨਸੀ ਸਿਹਤ ਸੁਧਾਰਨ ਲਈ ਇਹ ਦਵਾਈਆਂ ਲਈਆਂ, ਉਨ੍ਹਾਂ ਵਿੱਚ ਦਿਲ ਦੀ ਸਿਹਤ ਦੇ ਨਤੀਜੇ ਵੀ ਬਿਹਤਰ ਦੇਖੇ ਗਏ, ਜਿਸ ਵਿੱਚ ਹਾਰਟ ਫੇਲ੍ਹ ਹੋਣ ਦਾ ਘੱਟ ਖ਼ਤਰਾ ਵੀ ਸ਼ਾਮਿਲ ਹੈ।

ਹਾਲਾਂਕਿ, ਕਲੀਨਿਕਲ ਟ੍ਰਾਇਲਸ ਵਿੱਚ ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। (ਦਿਲਚਸਪ ਗੱਲ ਇਹ ਹੈ ਕਿ ਵਾਇਆਗਰਾ ਨੂੰ ਸ਼ੁਰੂ ਵਿੱਚ ਉੱਚ ਰਕਤਚਾਪ ਅਤੇ ਦਿਲ ਨਾਲ ਸਬੰਧਿਤ ਸਮੱਸਿਆਵਾਂ ਦੇ ਇਲਾਜ ਲਈ ਵਿਕਸਿਤ ਕੀਤਾ ਗਿਆ ਸੀ ਹਾਲਾਂਕਿ ਬਾਅਦ ਵਿੱਚ ਖੋਜਕਾਰਾਂ ਨੇ ਇਸ ਦੇ ਸਾਈਡ ਇਫੈਕਟ ਵੀ ਦੇਖੇ)

ਕੁਝ ਖੋਜਾਂ ਇਹ ਵੀ ਸੁਝਾਅ ਦਿੰਦੀਆਂ ਹਨ ਕਿ ਇਹ ਦਵਾਈਆਂ ਡਿਮੈਨਸ਼ੀਆ ਦੇ ਖ਼ਤਰੇ ਨੂੰ ਘਟਾ ਸਕਦੀਆਂ ਹਨ। 8.85 ਲੱਖ ਤੋਂ ਵੱਧ ਮਰੀਜ਼ਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਵਾਲੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਇਹ ਅਲਜ਼ਾਈਮਰ ਰੋਗ ਦੇ ਵਿਕਾਸ ਦੇ ਖ਼ਤਰੇ ਨੂੰ ਲਗਭਗ ਅੱਧਾ ਕਰ ਸਕਦੀਆਂ ਹਨ।

ਪ੍ਰਜਨਨ ਵਿਗਿਆਨ ਮਾਹਰ ਮਾਈਕਲ ਕੈਰੋਲ ਦੀ ਟਿੱਪਣੀ

ਘੱਟੋ-ਘੱਟ, ਜੇ ਤੁਸੀਂ ਆਪਣੀ ਇਰੈਕਟਾਈਲ ਡਿਸਫੰਕਸ਼ਨ ਬਾਰੇ ਡਾਕਟਰ ਨਾਲ ਗੱਲ ਕਰਦੇ ਹੋ, ਤਾਂ ਉਹ ਤੁਹਾਡੀ ਜਾਂਚ ਕਰਕੇ ਦਿਲ ਦੀ ਬਿਮਾਰੀ ਦੇ ਆਮ ਖ਼ਤਰੇ ਦੇ ਕਾਰਕਾਂ ਜਿਵੇਂ ਕਿ ਹਾਈਪਰਟੈਨਸ਼ਨ ਅਤੇ ਐਥੀਰੋਸਕਲੇਰੋਸਿਸ ਦਾ ਪਤਾ ਲਗਾ ਸਕਦੇ ਹਨ। ਉਹ ਮੋਟਾਪੇ ਵਰਗੀਆਂ ਸਮੱਸਿਆਵਾਂ ਬਾਰੇ ਵੀ ਸਲਾਹ ਦੇ ਸਕਦੇ ਹਨ, ਜੋ ਦਿਲ ਅਤੇ ਖੂਨ ਦੀਆਂ ਨਲੀਆਂ ਦੀ ਸਿਹਤ ਨੂੰ ਪ੍ਰਭਾਵਿਤ ਕਰਦੀਆਂ ਹਨ।

ਕਈ ਵਾਰ ਖੁਰਾਕ ਵਿੱਚ ਸੁਧਾਰ ਅਤੇ ਨਿਯਮਿਤ ਕਸਰਤ ਵਰਗੇ ਸਧਾਰਨ ਉਪਾਅ ਵੀ ਲਾਭਦਾਇਕ ਸਾਬਤ ਹੋ ਸਕਦੇ ਹਨ। ਸ਼ੂਗਰ ਵਾਲੇ ਮਰੀਜ਼ਾਂ ਲਈ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਕਾਬੂ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ।

ਹਾਲਾਂਕਿ, ਖੋਜਕਾਰ ਮਾਰਟੀਨੇਜ਼ ਅਤੇ ਵਲੈਕੋ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਇਰੈਕਟਾਈਲ ਡਿਸਫੰਕਸ਼ਨ ਦੇ ਇਲਾਜ ਅਤੇ ਇਸ ਨਾਲ ਜੁੜੀਆਂ ਹੋਰ ਪੇਚੀਦਗੀਆਂ ਦੇ ਖਤਰੇ ਘਟਾਉਣ ਸਬੰਧੀ ਖੋਜ ਅਤੇ ਸ਼ੁਰੂਆਤੀ ਪੜਾਅ ਵਿੱਚ ਹੈ।

ਇਰੈਕਟਾਈਲ ਡਿਸਫੰਕਸ਼ਨ ਦੇ ਕਾਰਨਾਂ ਨੂੰ ਸਮਝਣ ਲਈ ਗਹਿਰੇ ਅਧਿਐਨ ਦੀ ਲੋੜ ਹੈ, ਕਿਉਂਕਿ ਇਹ ਕਈ ਵਾਰ ਪੋਰਨ ਐਡੀਕਸ਼ਨ ਜਾਂ ਜਿਨਸੀ ਸਬੰਧਾਂ ਨਾਲ ਜੁੜੀਆਂ ਸਰੀਰਕ ਸਮੱਸਿਆਵਾਂ ਕਾਰਨ ਵੀ ਹੁੰਦਾ ਹੈ।

ਕੈਰੋਲ ਕਹਿੰਦੇ ਹਨ, “ਜੇਕਰ ਪੁਰਸ਼ ਨੂੰ ਸ਼ੂਗਰ ਜਾਂ ਦਿਲ ਨਾਲ ਜੁੜੀ ਬਿਮਾਰੀ ਹੈ ਤਾਂ ਇਸ ਨਾਲ ਜੋੜ ਕੇ ਇਲਾਜ ਕਰਨਾ ਆਸਾਨ ਹੁੰਦਾ ਹੈ। ਕਈ ਵਾਰ ਜੀਵਨਸ਼ੈਲੀ ਨਾਲ ਜੁੜੀਆਂ ਆਦਤਾਂ ਜਿਵੇਂ ਸ਼ਰਾਬ ਜਾਂ ਸਿਗਰਟ ਦਾ ਸੇਵਨ, ਪੋਰਨ ਦੇਖਣ ਦਾ ਆਦੀ ਹੋਣ ਵਰਗੀਆਂ ਮਾਨਸਿਕ ਸਮੱਸਿਆਵਾਂ ਵੀ ਇਸ ਦਾ ਕਾਰਨ ਬਣ ਸਕਦੀਆਂ ਹਨ, ਜਿਸ ਕਾਰਨ ਇਸ ਦੀ ਪਛਾਣ ਕਰਨਾ ਮੁਸ਼ਕਿਲ ਹੋ ਸਕਦਾ ਹੈ। ਅਕਸਰ ਅਜਿਹੇ ਲੋਕ ਆਪਣੀਆਂ ਆਦਤਾਂ ਬਾਰੇ ਖੁੱਲ੍ਹ ਕੇ ਦੱਸਣਾ ਵੀ ਨਹੀਂ ਚਾਹੁੰਦੇ।”

ਵਿਕਾਸਵਾਦ ਦੌਰਾਨ ਲਿੰਗ ਦੀ ਬਣਤਰ ‘ਚ ਬਦਲਾਅ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਇਨ੍ਹਾਂ ਖੋਜਾਂ ਤੋਂ ਮੌਜੂਦਾ ਸਮੇਂ ਵਿੱਚ ਸਿਹਤ ਦੀ ਮਹੱਤਤਾ ਤੋਂ ਇਲਾਵਾ ਜੈਨਿਨੀ ਇਸ ਗੱਲ ‘ਤੇ ਵੀ ਵਿਚਾਰ ਕਰ ਰਹੇ ਹਨ ਕਿ ਵਿਕਾਸਵਾਦ ਦੀ ਦ੍ਰਿਸ਼ਟੀ ਤੋਂ ਲਿੰਗ ਪੁਰਸ਼ ਦੀ ਸਮੁੱਚੀ ਸਿਹਤ ਦਾ ਮਹੱਤਵਪੂਰਨ ਸੰਕੇਤਕ ਦਾਂ ਬੈਰੋਮੀਟਰ ਕਿਉਂ ਹੈ।

ਇੱਕ ਪ੍ਰਜਾਤੀ ਵਜੋਂ ਮਨੁੱਖ ਇਸ ਮਾਮਲੇ ਵਿੱਚ ਕੁਝ ਅਸਧਾਰਨ ਹਨ ਕਿ ਮਜ਼ਬੂਤ ਇਰੈਕਸ਼ਨ ਲਈ ਉਹ ਮੁੱਖ ਤੌਰ ‘ਤੇ ਖੂਨ ਦੇ ਪ੍ਰਵਾਹ ‘ਤੇ ਨਿਰਭਰ ਕਰਦੇ ਹਨ। ਮਨੁੱਖੀ ਪ੍ਰਜਾਤੀ ਦੇ ਸਭ ਤੋਂ ਨੇੜਲੇ ਜੀਵ, ਜਿਨ੍ਹਾਂ ਵਿੱਚ ਚਿੰਪੈਜ਼ੀ ਸ਼ਾਮਲ ਹਨ, ਦੇ ਲਿੰਗ ਵਿੱਚ ਬੈਕੂਲਮ ਨਾਂਅ ਦੀ ਇੱਕ ਛੋਟੀ ਹੱਡੀ ਹੁੰਦੀ ਹੈ।

ਜਿਨਸੀ ਉਤੇਜਨਾ ਦੇ ਸਮੇਂ ਇਹ ਹੱਡੀ ਸਰਗਰਮ ਹੋ ਜਾਂਦੀ ਹੈ ਅਤੇ ਇਰੈਕਸ਼ਨ ਨੂੰ ਸਹਾਰਾ ਦਿੰਦੀ ਹੈ। ਨਤੀਜੇ ਵਜੋਂ, ਉਨ੍ਹਾਂ ਦੀ ਜਿਨਸੀ ਕਾਰਗੁਜ਼ਾਰੀ ਮਨੁੱਖੀ ਮਰਦਾਂ ਵਾਂਗ ਉਨ੍ਹਾਂ ਦੀ ਕੁੱਲ ਸਿਹਤ ਦਾ ਇੰਨਾ ਵੱਡਾ ਸੰਕੇਤਕ ਨਹੀਂ ਹੁੰਦੀ।

ਫਿਰ ਸਵਾਲ ਇਹ ਹੈ ਕਿ ਮਨੁੱਖਾਂ ਨੇ ਵਿਕਾਸਵਾਦ ਦੇ ਦੌਰਾਨ ਇਹ ਹੱਡੀ ਕਿਉਂ ਗੁਆ ਦਿੱਤੀ ਅਤੇ ਆਪਣੇ ਆਪ ਨੂੰ ਜਿਨਸੀ ਕਮਜ਼ੋਰੀ ਅਤੇ ਇਰੈਕਟਾਈਲ ਡਿਸਫੰਕਸ਼ਨ ਦੇ ਵਧੇਰੇ ਖ਼ਤਰੇ ਦੇ ਹਵਾਲੇ ਕਿਉਂ ਕਰ ਦਿੱਤਾ ?

ਇਹ ਇੱਕ ਅਜਿਹਾ ਸਵਾਲ ਹੈ ਜਿਸ ਨੇ ਕਈ ਵਿਕਾਸਵਾਦੀ ਜੀਵ ਵਿਗਿਆਨੀਆਂ ਨੂੰ ਲੰਬੇ ਸਮੇਂ ਤੋਂ ਹੈਰਾਨ ਕੀਤਾ ਹੋਇਆ ਹੈ। ਜੈਨਿਨੀ ਦਾ ਮੰਨਣਾ ਹੈ ਕਿ ਮਨੁੱਖੀ ਪੁਰਸ਼ਾਂ ਨੇ ਬੈਕੂਲਮ ਇਸ ਲਈ ਗੁਆ ਦਿੱਤਾ ਹੋ ਸਕਦਾ ਹੈ ਤਾਂ ਜੋ ਸਾਡੀਆਂ ਮਾਦਾ ਪੂਰਵਜਾਂ ਇਹ ਪਛਾਣ ਸਕਣ ਕਿ ਕਿਹੜਾ ਸਾਥੀ ਸਭ ਤੋਂ ਤੰਦਰੁਸਤ ਹੈ ਅਤੇ ਕੌਣ ਆਪਣੀ ਸੰਤਾਨ ਨੂੰ ਸਭ ਤੋਂ ਵਧੀਆ ਜੀਨ ਦੇ ਸਕਦਾ ਹੈ।

ਜੈਨਿਨੀ ਕਹਿੰਦੇ ਹਨ, “ਇਹ ਬਹੁਤ ਅਜੀਬ ਗੱਲ ਹੈ ਕਿ ਅਸੀਂ ਪ੍ਰਜਨਨ ਲਈ ਸਭ ਤੋਂ ਮਹੱਤਵਪੂਰਨ ਹੱਡੀ ਗੁਆ ਦਿੱਤੀ, ਕਿਉਂਕਿ ਸਾਡੀ ਪ੍ਰਤੀਕਿਰਿਆ ਇੰਨੀ ਅਨਿਸ਼ਚਿਤ ਹੈ। ਪਰ ਇਸ ਦਾ ਇਹ ਵੀ ਅਰਥ ਹੈ ਕਿ ਲਿੰਗ ਦੀ ਕਾਰਗੁਜ਼ਾਰੀ ਲੰਬੇ ਸਮੇਂ ਵਾਲੀਆਂ ਬਿਮਾਰੀਆਂ ਦਾ ਇੱਕ ਬਹੁਤ ਵਧੀਆ ਜੈਵਿਕ ਸੰਕੇਤਕ (ਬਾਇਓਮਾਰਕਰ) ਬਣ ਜਾਂਦੀ ਹੈ।”

ਦੂਜੇ ਸ਼ਬਦਾਂ ਵਿੱਚ, ਇਰੈਕਸ਼ਨ ਦੀ ਸਮੱਸਿਆ ਸਿਰਫ਼ ਜਿਨਸੀ ਸਿਹਤ ਦਾ ਮੁੱਦਾ ਨਹੀਂ ਹੋ ਸਕਦੀ; ਇਹ ਸਰੀਰ ਵਿੱਚ ਚੱਲ ਰਹੀਆਂ ਕਈ ਗੰਭੀਰ ਅਤੇ ਲੰਬੇ ਸਮੇਂ ਦੀਆਂ ਬਿਮਾਰੀਆਂ ਦਾ ਸ਼ੁਰੂਆਤੀ ਚੇਤਾਵਨੀ ਸੰਕੇਤ ਵੀ ਹੋ ਸਕਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI