Source :- BBC PUNJABI
ਤਸਵੀਰ ਸਰੋਤ, Waris Punjab De
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਨੇ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ‘ਵਾਰਿਸ ਪੰਜਾਬ ਦੇ’ ਪਾਰਟੀ ਵਿੱਚ ਸ਼ਾਮਲ ਹੋ ਕੇ ਕਰ ਦਿੱਤੀ ਹੈ।
ਚੰਡੀਗੜ੍ਹ ਸਥਿਤ ਪ੍ਰੈੱਸ ਕਲੱਬ ਵਿੱਚ ਨਿਰੰਜਨ ਸਿੰਘ ਅਤੇ ਪੰਜਾਬ ਪੁਲਿਸ ਦੇ ਸਾਬਕਾ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਰਸਮੀ ਤੌਰ ਉੱਤੇ ‘ਵਾਰਿਸ ਪੰਜਾਬ ਦੇ’ ਪਾਰਟੀ ਵਿੱਚ ਸ਼ਾਮਲ ਹੋਏ।
ਇਸ ਮੌਕੇ ਖਡੂਰ ਸਾਹਿਬ ਤੋਂ ਐੱਮਪੀ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਅਤੇ ਫ਼ਰੀਦਕੋਟ ਤੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਸਮੇਤ ਕਈ ਹੋਰ ਆਗੂ ਮੌਜੂਦ ਸਨ।
ਨਿਰੰਜਨ ਸਿੰਘ ਈਡੀ ਦੇ ਕਾਫ਼ੀ ਚਰਚਿਤ ਅਧਿਕਾਰੀ ਰਹੇ ਹਨ ਅਤੇ ਕਈ ਮਾਮਲਿਆਂ ਖ਼ਾਸ ਤੌਰ ਉੱਤੇ ਨਸ਼ੇ ਨਾਲ ਸਬੰਧਿਤ ਹਾਈ ਪ੍ਰੋਫਾਈਲ ਕੇਸਾਂ ਅਤੇ ਮਨੀ ਲਾਂਡਰਿੰਗ ਦੇ ਕੇਸਾਂ ਦੀ ਜਾਂਚ ਕਰ ਚੁੱਕੇ ਹਨ।
ਇਸ ਤੋਂ ਇਲਾਵਾ ਪੰਜਾਬ ਦੀ ਇੱਕ ਸਿਆਸੀ ਧਿਰ ਨਾਲ ਸਬੰਧਿਤ ਆਗੂ ਦਾ ਨਾਮ ਡਰੱਗ ਕੇਸ ਵਿੱਚ ਆਉਣ ਤੋਂ ਬਾਅਦ ਕੀਤੀ ਗਈ ਪੁੱਛਗਿੱਛ ਦੇ ਕੁਝ ਸਮੇਂ ਬਾਅਦ ਉਨ੍ਹਾਂ ਦੇ ਤਬਾਦਲੇ ਨੂੰ ਲੈ ਕੇ ਵੀ ਵਿਵਾਦ ਖੜ੍ਹਾ ਹੋ ਗਿਆ ਸੀ ਅਤੇ ਇਸ ਤਬਾਦਲੇ ਨੂੰ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਵੀ ਦਿੱਤੀ ਸੀ।
ਨਿਰੰਜਨ ਸਿੰਘ ਜਲੰਧਰ ਸਥਿਤ ਈਡੀ ਦਫ਼ਤਰ ਵਿੱਚ ਲੰਬੇ ਸਮੇਂ ਤੱਕ ਤਾਇਨਾਤ ਰਹੇ ਅਤੇ ਉੱਥੋਂ ਹੀ ਸੇਵਾਮੁਕਤ ਹੋਏ।
‘ਵਾਰਿਸ ਪੰਜਾਬ ਦੇ’ ‘ਚ ਸ਼ਾਮਲ ਹੋਣ ਤੋਂ ਬਾਅਦ ਨਿਰੰਜਨ ਸਿੰਘ ਨੇ ਕੀ ਕਿਹਾ

ਚੰਡੀਗੜ੍ਹ ਸਥਿਤ ਪ੍ਰੈੱਸ ਕਲੱਬ ਵਿੱਚ ਪਾਰਟੀ ਵਿੱਚ ਸ਼ਾਮਲ ਹੋਣ ਮੌਕੇ ਸੱਦੀ ਗਈ ਪ੍ਰੈੱਸ ਕਾਨਫ਼ਰੰਸ ਵਿੱਚ ਬੋਲਦਿਆਂ ਨਿਰੰਜਨ ਸਿੰਘ ਨੇ ਆਖਿਆ ਕਿ ਉਨ੍ਹਾਂ ਨੇ ਬਹੁਤ ਸਾਰੀਆਂ ਸਰਕਾਰਾਂ ਦੇਖ ਲਈਆਂ, ਪਰ ਕਿਸੇ ਵੀ ਸਰਕਾਰ ਦੌਰਾਨ ਨਸ਼ੇ ਅਤੇ ਭ੍ਰਿਸ਼ਟਾਚਾਰ ਦਾ ਖ਼ਾਤਮਾ ਨਹੀਂ ਹੋਇਆ। ਇਸ ਕਰਕੇ ਉਨ੍ਹਾਂ ਨੇ ‘ਵਾਰਿਸ ਪੰਜਾਬ ਦੇ’ ਪਾਰਟੀ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ।
ਉਨ੍ਹਾਂ ਦੱਸਿਆ, ” ‘ਵਾਰਿਸ ਪੰਜਾਬ ਦੇ’ ਸੰਗਠਨ ਧਰਮ ਨਿਰਪੱਖ ਲੋਕਾਂ ਦਾ ਇਕੱਠ ਹੈ ਅਤੇ ਇਹ ਕਾਨੂੰਨ ਦੀ ਮਰਿਯਾਦਾ ਵਿੱਚ ਰਹਿ ਕੇ ਕੰਮ ਕਰਨ ਵਾਲੇ ਲੋਕ ਹਨ।”
” ‘ਵਾਰਿਸ ਪੰਜਾਬ ਦੇ’ ਨਸ਼ੇ, ਭ੍ਰਿਸ਼ਟਾਚਾਰ ਅਤੇ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਤੋਂ ਚਿੰਤਤ ਹੈ ਅਤੇ ਉਹ ਪਾਰਟੀ ਵਿੱਚ ਆਮ ਵਰਕਰ ਦੇ ਤੌਰ ਉੱਤੇ ਕੰਮ ਕਰਨ ਲਈ ਆਏ ਹਨ।”
ਉਨ੍ਹਾਂ ਮੁਤਾਬਕ, “ਪਹਿਲਾਂ 10 ਸਾਲ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਰਹੀ, ਉਸ ਵੇਲੇ ਵੀ ਲੋਕਾਂ ਨੂੰ ਨਸ਼ੇ ਤੋਂ ਕੋਈ ਰਾਹਤ ਨਹੀਂ ਮਿਲੀ।”
“ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰ ਆਈ, ਪਰ ਉਹ ਨਸ਼ੇ ਨੂੰ ਨਕੇਲ ਪਾਉਣ ਵਿੱਚ ਅਸਫ਼ਲ ਰਹੀ ਅਤੇ ਮੌਜੂਦਾ ਸਰਕਾਰ ਵਿੱਚ ਵੀ ਨਸ਼ਾ ਖ਼ਤਮ ਨਹੀਂ ਹੋਇਆ।”
ਅਮ੍ਰਿਤਪਾਲ ਦੇ ਕੇਸ ਦੇ ਸਬੰਧ ਵਿੱਚ ਉਨ੍ਹਾਂ ਆਖਿਆ ਕਿ ਕਾਨੂੰਨ ਆਪਣਾ ਕੰਮ ਕਰੇਗਾ ਅਤੇ ਅਦਾਲਤ ਫ਼ੈਸਲਾ ਕਰੇਗੀ।
ਚੋਣ ਲੜਨ ਦੇ ਸਵਾਲ ਦੇ ਜਵਾਬ ਵਿੱਚ ਨਿਰੰਜਨ ਸਿੰਘ ਨੇ ਆਖਿਆ ਕਿ ਇਹ ਪਾਰਟੀ ਦਾ ਫ਼ੈਸਲਾ ਹੈ ਅਤੇ ਪਾਰਟੀ ਜੋ ਵੀ ਹੁਕਮ ਕਰੇਗੀ, ਉਹ ਉਸ ਉੱਤੇ ਗ਼ੌਰ ਕਰਨਗੇ।
ਇਸ ਦੌਰਾਨ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਨੇ ਆਖਿਆ ਕਿ ਨਿਰੰਜਨ ਸਿੰਘ ਇੱਕ ਕਾਬਲ ਅਫ਼ਸਰ ਹਨ ਅਤੇ ਉਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ।
ਕੌਣ ਹਨ ਈਡੀ ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ?
ਤਸਵੀਰ ਸਰੋਤ, Niranjan Singh/FB
ਨਿਰੰਜਨ ਸਿੰਘ ਈਡੀ ਦੇ ਜਲੰਧਰ ਦਫ਼ਤਰ ਵਿੱਚ ਲੰਬੇ ਸਮੇਂ ਤੱਕ ਤਾਇਨਾਤ ਰਹੇ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਨਿਰੰਜਨ ਸਿੰਘ ਨੇ ਦੱਸਿਆ ਕਿ ਮੂਲ ਰੂਪ ਵਿੱਚ ਉਹ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਿਤ ਹਨ, ਪਰ ਨੌਕਰੀ ਦੇ ਕਾਰਨ ਉਹ ਲੰਬੇ ਸਮੇਂ ਤੋਂ ਜਲੰਧਰ ਵਿਖੇ ਰਹਿ ਰਹੇ ਹਨ ਅਤੇ ਹੁਣ ਉੱਥੋਂ ਦੇ ਹੀ ਪੱਕੇ ਨਿਵਾਸੀ ਹਨ।
ਨਿਰੰਜਨ ਸਿੰਘ ਕੇਂਦਰੀ ਸਰਕਾਰੀ ਸੇਵਾਵਾਂ ਰਾਹੀਂ ਈਡੀ ਵਿੱਚ ਬਤੌਰ ਅਸਿਸਟੈਂਟ ਡਾਇਰੈਕਟਰ ਭਰਤੀ ਹੋਏ ਸਨ। ਨੌਕਰੀ ਦੌਰਾਨ ਉਨ੍ਹਾਂ ਨੇ ਆਪਣੇ ਕਾਰਜਕਾਲ ਦਾ ਕਾਫ਼ੀ ਸਮਾਂ ਈਡੀ ਦੇ ਜਲੰਧਰ ਦੇ ਖੇਤਰੀ ਦਫ਼ਤਰ ਵਿੱਚ ਬਿਤਾਇਆ, ਜਿੱਥੇ ਉਨ੍ਹਾਂ ਨੇ ਪੰਜਾਬ ਨਾਲ ਜੁੜੇ ਕਈ ਚਰਚਿਤ ਡਰੱਗ ਅਤੇ ਮਨੀ ਲਾਂਡਰਿੰਗ ਕੇਸਾਂ ਦੀ ਜਾਂਚ ਕੀਤੀ।
2016 ਵਿੱਚ ਨਿਰੰਜਨ ਸਿੰਘ ਅਸਿਸਟੈਂਟ ਡਾਇਰੈਕਟਰ ਤੋਂ ਡਿਪਟੀ ਡਾਇਰੈਕਟਰ ਦੇ ਅਹੁਦੇ ‘ਤੇ ਪ੍ਰਮੋਟ ਹੋਏ ਅਤੇ ਫਿਰ 2021 ਵਿੱਚ ਇੱਥੋਂ ਹੀ ਸੇਵਾਮੁਕਤ ਹੋਏ।
ਚਰਚਾ ਵਿੱਚ ਕਿਵੇਂ ਆਏ
ਤਸਵੀਰ ਸਰੋਤ, Getty Images
ਨਿਰੰਜਨ ਸਿੰਘ ਕਈ ਕੇਸਾਂ ਕਰਕੇ ਚਰਚਾ ਵਿੱਚ ਰਹੇ, ਜਿਨ੍ਹਾਂ ਵਿੱਚ ਸਭ ਤੋਂ ਚਰਚਿਤ ਜਗਦੀਸ਼ ਸਿੰਘ ਭੋਲਾ ਡਰੱਗ-ਮਨੀ ਲਾਂਡਰਿੰਗ ਕੇਸ ਸੀ।
ਕੌਮਾਂਤਰੀ ਭਲਵਾਨ ਅਤੇ ਅਰਜੁਨ ਐਵਾਰਡੀ ਜਗਦੀਸ਼ ਸਿੰਘ ਭੋਲਾ ਪੰਜਾਬ ਪੁਲਿਸ ਵਿੱਚ ਡੀਐੱਸਪੀ ਦੇ ਅਹੁਦੇ ਉੱਤੇ ਕੰਮ ਕਰਦੇ ਸਨ ਅਤੇ 2013 ਵਿੱਚ ਉਨ੍ਹਾਂ ਨੂੰ ਡਰੱਗਜ਼ ਕੇਸ ਵਿੱਚ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
2013 ਵਿੱਚ ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ ਤਹਿਤ ਮਨੀ ਲਾਂਡਰਿੰਗ ਦੀ ਈਡੀ ਵੱਲੋਂ ਕੀਤੀ ਗਈ ਜਾਂਚ ਵਿੱਚ ਜਗਦੀਸ਼ ਭੋਲਾ ਅਤੇ ਉਸ ਦੇ ਸਾਥੀਆਂ ਨੂੰ ਸਿੰਥੈਟਿਕ ਨਸ਼ਾ ਰੈਕੇਟ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ।
ਇਸ ਤੋਂ ਬਾਅਦ ਮੁਹਾਲੀ ਸਥਿਤ ਵਿਸ਼ੇਸ਼ ਈਡੀ ਅਦਾਲਤ ਨੇ ਜਗਦੀਸ਼ ਸਿੰਘ ਭੋਲਾ ਡਰੱਗ ਸਬੰਧੀ ਮਨੀ ਲਾਂਡਰਿੰਗ ਮਾਮਲੇ ਦਾ ਨਿਪਟਾਰਾ ਕਰਦਿਆਂ 17 ਦੋਸ਼ੀਆਂ ਨੂੰ ਵੱਖ-ਵੱਖ ਸਜ਼ਾਵਾਂ ਦਿੱਤੀਆਂ।
ਇਸ ਮਾਮਲੇ ਦੀ ਜਾਂਚ ਨਿਰੰਜਨ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਕੀਤੀ ਸੀ।
ਇਸੇ ਤਰ੍ਹਾਂ ਇੱਕ ਹੋਰ ਚਰਚਿਤ ਡਰੱਗਜ਼ ਕੇਸ ਦੀ ਜਾਂਚ 2012 ਵਿੱਚ ਨਿਰੰਜਨ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਕੀਤੀ ਸੀ, ਜਿਸ ਵਿੱਚ ਜਲੰਧਰ ਦੀ ਵਿਸ਼ੇਸ਼ ਈਡੀ ਅਦਾਲਤ ਨੇ ਰਣਜੀਤ ਸਿੰਘ ਕੰਡੋਲਾ ਉਰਫ਼ ਰਾਜਾ ਕੰਡੋਲਾ ਅਤੇ ਉਸ ਦੀ ਪਤਨੀ ਨੂੰ ਵੀ ਦੋਸ਼ੀ ਠਹਿਰਾਇਆ ਗਿਆ।
ਇਸ ਤੋਂ ਇਲਾਵਾ 2014 ਤੋਂ 2019 ਦੇ ਸਮੇਂ ਦੌਰਾਨ ਪੰਜਾਬ ਦੇ ਕਈ ਨਾਮੀ ਗਾਇਕਾਂ ਅਤੇ ਫ਼ਿਲਮੀ ਕਲਾਕਾਰਾਂ ਨੂੰ ਵੱਖ-ਵੱਖ ਮਾਮਲਿਆਂ ਵਿੱਚ ਈਡੀ ਦੇ ਜਲੰਧਰ ਸਥਿਤ ਦਫ਼ਤਰ ਵਿੱਚ ਚੱਕਰ ਕੱਟਦੇ ਹੋਏ ਦੇਖਿਆ ਗਿਆ।
ਕਲਾਕਾਰਾਂ ਤੋਂ ਇਹ ਪੁੱਛਗਿੱਛ ਵਿਦੇਸ਼ੀ ਲੈਣ-ਦੇਣ, ਮਨੀ ਲਾਂਡਰਿੰਗ ਅਤੇ ਫ਼ਿਲਮਾਂ ਦੀ ਫੰਡਿੰਗ ਦੇ ਸਰੋਤਾਂ ਦੀ ਜਾਂਚ ਦੇ ਸਬੰਧ ਵਿੱਚ ਹੋਈ ਸੀ।
2014 ਵਿੱਚ ਅਕਾਲੀ ਲੀਡਰ ਬਿਕਰਮ ਮਜੀਠੀਆ ਤੋਂ ਪੁੱਛਗਿੱਛ
ਤਸਵੀਰ ਸਰੋਤ, Getty Images
ਜਲੰਧਰ ਸਥਿਤ ਈਡੀ ਦਫ਼ਤਰ ਵੱਲੋਂ 2014 ਵਿੱਚ ਤਤਕਾਲੀ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਭੋਲਾ ਡਰੱਗ-ਮਨੀ-ਲਾਂਡਰਿੰਗ ਜਾਂਚ ਦੇ ਸਿਲਸਿਲੇ ਵਿੱਚ ਪੁੱਛਗਿੱਛ ਕੀਤੀ ਸੀ।
ਪੁੱਛਗਿੱਛ ਵਿੱਚ ਨਿਰੰਜਨ ਸਿੰਘ ਦੇ ਨਾਲ ਈਡੀ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਸਨ। ਬਿਕਰਮ ਸਿੰਘ ਮਜੀਠੀਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਨਕਾਰ ਚੁੱਕੇ ਹਨ।
ਇਸ ਪੁੱਛਗਿੱਛ ਤੋਂ ਕੁਝ ਦਿਨਾਂ ਬਾਅਦ ਈਡੀ ਨੇ ਨਿਰੰਜਨ ਸਿੰਘ ਦਾ ਜਲੰਧਰ ਤੋਂ ਕੋਲਕਾਤਾ ਤਬਾਦਲਾ ਕਰ ਦਿੱਤਾ ਸੀ। ਇਹ ਮਾਮਲਾ ਉਸ ਸਮੇਂ ਰਾਜਨੀਤਕ ਤੌਰ ਉੱਤੇ ਕਾਫ਼ੀ ਚਰਚਾ ਵਿੱਚ ਰਿਹਾ।
ਬਾਅਦ ਵਿੱਚ ਨਿਰੰਜਨ ਸਿੰਘ ਨੇ ਤਬਾਦਲੇ ਦੇ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਕੀਤੀ।
ਅਦਾਲਤ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਆਖ਼ਰਕਾਰ ਨਵੰਬਰ 2015 ਵਿੱਚ ਈਡੀ ਨੇ ਉਨ੍ਹਾਂ ਦਾ ਤਬਾਦਲਾ ਰੱਦ ਕਰ ਦਿੱਤਾ।
ਹੁਣ ਤੱਕ ਕੌਣ-ਕੌਣ ਪ੍ਰਮੁੱਖ ਆਗੂ ਹੋਇਆ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ
ਤਸਵੀਰ ਸਰੋਤ, Akali Dal Waris Punjab De/FB
ਅਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ (ਜੋ ਇਸ ਵੇਲੇ ਜੇਲ੍ਹ ਵਿੱਚ ਹਨ) ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿੱਚ ਪਿਛਲੇ ਸਮੇਂ ਦੌਰਾਨ ਕਈ ਆਗੂ ਸ਼ਾਮਲ ਹੋਏ ਹਨ। ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਇਸ ਸਮੇਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਵਜੋਂ ਕੰਮ ਦੇਖ ਰਹੇ ਹਨ।
ਮਨਪ੍ਰੀਤ ਸਿੰਘ ਇਆਲ਼ੀ: ਦਾਖਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਜੂਨ 2026 ਵਿੱਚ ਇਸ ਪਾਰਟੀ ਵਿੱਚ ਸ਼ਾਮਲ ਹੋਏ। ਰਾਜਨੀਤੀ ਦੇ ਮਾਹਰ ਇਸ ਨੂੰ ਪਾਰਟੀ ਲਈ ਸਭ ਤੋਂ ਵੱਡੀ ਅਤੇ ਮਹੱਤਵਪੂਰਨ ਜੁਆਇਨਿੰਗ ਮੰਨਦੇ ਹਨ ਕਿਉਂਕਿ ਇਆਲ਼ੀ ਦੋ ਵਾਰ ਦੇ ਵਿਧਾਇਕ ਹਨ ਅਤੇ ਰਾਜਨੀਤਿਕ ਤਜਰਬੇ ਵਾਲੇ ਆਗੂ ਹਨ।
ਦਰਸ਼ਨ ਸਿੰਘ ਸ਼ਿਵਾਲਿਕ: ਸਾਬਕਾ ਵਿਧਾਇਕ ਦਰਸ਼ਨ ਸਿੰਘ ਗਿੱਲ ਵੀ ਜੂਨ ਮਹੀਨੇ ਵਿੱਚ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ ਹੋਏ ਸਨ।
ਅਦਾਕਾਰ ਰੱਬੀ ਕੰਦੋਲਾ: ਪੰਜਾਬੀ ਫ਼ਿਲਮਾਂ ਦੇ ਅਦਾਕਾਰ ਰੱਬੀ 23 ਜੁਲਾਈ 2026 ਨੂੰ ਚੰਡੀਗੜ੍ਹ ਸਥਿਤ ਪ੍ਰੈੱਸ ਕਾਨਫ਼ਰੰਸ ਵਿੱਚ ਸ਼ਾਮਲ ਹੋਏ ਸਨ। ਬਾਅਦ ਵਿੱਚ ਪਾਰਟੀ ਨੇ ਉਨ੍ਹਾਂ ਨੂੰ ਅਨੰਦਪੁਰ ਸਾਹਿਬ ਹਲਕੇ ਦਾ ਹਲਕਾ ਇੰਚਾਰਜ ਨਿਯੁਕਤ ਕਰ ਦਿੱਤਾ ਸੀ।
ਇਕਬਾਲ ਸਿੰਘ ਝੂੰਦਾ: ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ 13 ਅਗਸਤ 2026 ਨੂੰ ਲਗਭਗ ਇੱਕ ਦਰਜਨ ਹੋਰ ਨੇਤਾਵਾਂ ਨਾਲ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ ਹੋਏ ਸਨ।
ਝੂੰਦਾ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਰਹੇ ਹਨ। ਉਨ੍ਹਾਂ ਨੇ 2024 ਵਿੱਚ ਸੰਗਰੂਰ ਲੋਕ ਸਭਾ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਲੜੀ ਸੀ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿੱਚ ਗਏ ਸਨ ਅਤੇ ਉਸ ਤੋਂ ਬਾਅਦ ਹੁਣ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿੱਚ ਹਨ।
ਗੁਰਦੀਪ ਸਿੰਘ ਬਾਠ: 2024 ਵਿੱਚ ਬਰਨਾਲਾ ਉਪ-ਚੋਣ ਲੜ ਚੁੱਕੇ ਆਜ਼ਾਦ ਉਮੀਦਵਾਰ (ਪਹਿਲਾਂ ਆਪ ਨਾਲ ਜੁੜੇ) ਗੁਰਦੀਪ ਸਿੰਘ ਬਾਠ ਅਗਸਤ ਮਹੀਨੇ ਵਿੱਚ ਲੇਖਕ/ਗਾਇਕ ਹਰਪ੍ਰੀਤ ਸਿੰਘ ਬਾਬਾ ਬੇਲੀ ਦੇ ਨਾਲ ‘ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ ਹੋਏ ਸਨ। ਗੁਰਦੀਪ ਸਿੰਘ ਬਾਠ ਮੌਜੂਦਾ ਸਮੇਂ ਵਿੱਚ ਪਾਰਟੀ ਦੇ ਬਰਨਾਲਾ ਹਲਕੇ ਦੇ ਇੰਚਾਰਜ ਵੀ ਹਨ। ਇਸ ਤੋਂ ਇਲਾਵਾ ਕਈ ਹੋਰ ਆਗੂ ਵੀ ‘ਵਾਰਿਸ ਪੰਜਾਬ ਦੇ’ ਵਿੱਚ ਪਿਛਲੇ ਸਮੇਂ ਦੌਰਾਨ ਸ਼ਾਮਲ ਹੋਏ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




