Source :- BBC PUNJABI

ਜ਼ਿੰਦਗੀ

ਤਸਵੀਰ ਸਰੋਤ, Getty Images

ਇੱਕ ਜਰਮਨ ਕ੍ਰਾਇਓਨਿਕਸ ਸਟਾਰਟ-ਅੱਪ ਇੱਕ ਸਪੋਰਟਸ ਕਾਰ ਦੀ ਕੀਮਤ ‘ਤੇ ਦੂਜੀ ਜ਼ਿੰਦਗੀ ਦਾ ਮੌਕਾ ਦੇ ਰਿਹਾ ਹੈ। ਪਰ ਕੀ ਕ੍ਰਾਇਓਨਿਕਸ ਵਾਕਈ ਅਜਿਹਾ ਕਰਨ ਦੇ ਕਾਬਿਲ ਹੈ ਜਾਂ ਫਿਰ ਇਹ ਮਹਿਜ਼ ਇੱਕ ਖੋਖਲਾ ਵਾਅਦਾ ਹੈ?

ਮੱਧ ਬਰਲਿਨ ਵਿੱਚ ਇੱਕ ਪਾਰਕ ਦੇ ਨੇੜੇ ਖੜ੍ਹੀ ਐਂਬੂਲੈਂਸ ਨਿੱਕੀ ਜਿਹੀ ਹੈ ਅਤੇ ਕਿਸੇ ਖਿਡੌਣੇ ਵਰਗੀ ਜਾਪਦੀ ਹੈ। ਇਸਦੇ ਕਿਨਾਰਿਆਂ ਦੇ ਨਾਲ ਇੱਕ ਮੋਟੀ ਸੰਤਰੀ ਧਾਰੀ ਹੈ ਅਤੇ ਛੱਤ ਤੋਂ ਲਟਕਦੀਆਂ ਤਾਰਾਂ ਦਾ ਜਾਲ ਬਣਿਆ ਹੋਇਆ ਹੈ।

ਇਹ ਯੂਰਪ ਦੀ ਪਹਿਲੀ ਕ੍ਰਾਇਓਨਿਕਸ ਲੈਬ, Tomorrow.bio ਦੁਆਰਾ ਸੰਚਾਲਿਤ ਤਿੰਨ ਰੀਟ੍ਰੋਫਿਟ ਵਿੱਚੋਂ ਇੱਕ ਹੈ।

ਇਸ ਕੰਪਨੀ ਦਾ ਉਦੇਸ਼ ਮੌਤ ਤੋਂ ਬਾਅਦ ਮਰੀਜ਼ਾਂ ਨੂੰ ਫ੍ਰੀਜ਼ ਕਰਨਾ ਅਤੇ ਇੱਕ ਦਿਨ ਉਨ੍ਹਾਂ ਨੂੰ ਮੁੜ ਜਿਉਂਦੇ ਕਰਨਾ ਹੈ। ਇਸ ਸਭ ਦਾ ਖਰਚਾ 200,000 ਡਾਲਰ ਆਵੇਗਾ।

ਐਮਿਲ ਕੇਂਡਜ਼ੀਓਰਾ Tomorrow.bio ਦੇ ਸਹਿ-ਸੰਸਥਾਪਕ ਹਨ ਅਤੇ ਇੱਕ ਸਾਬਕਾ ਕੈਂਸਰ ਖੋਜਕਰਤਾ ਹਨ। ਜਦੋਂ ਉਨ੍ਹਾਂ ਨੂੰ ਲੱਗਿਆ ਕਿ ਬਿਮਾਰੀ ਦੇ ਇਲਾਜ ਲੱਭਣ ਦਾ ਕੰਮ “ਬਹੁਤ ਹੌਲੀ” ਹੈ ਤਾਂ ਉਨ੍ਹਾਂ ਨੇ ਆਪਣਾ ਪੇਸ਼ਾ ਬਦਲ ਲਿਆ।

ਹਾਲਾਂਕਿ, ਦੁਨੀਆਂ ਦੀ ਪਹਿਲੀ ਕ੍ਰਾਇਓਨਿਕਸ ਲੈਬ ਲਗਭਗ ਅੱਧੀ ਸਦੀ ਪਹਿਲਾਂ ਮਿਸ਼ੀਗਨ ਵਿੱਚ ਖੁੱਲ੍ਹੀ ਸੀ – ਜਿਸਨੇ ਉਹਨਾਂ ਲੋਕਾਂ ਵਿਚਕਾਰ ਇੱਕ ਸਥਾਈ ਵੰਡ ਪੈਦਾ ਕਰ ਦਿੱਤੀ ਸੀ ਜੋ ਮੰਨਦੇ ਹਨ ਕਿ ਇਹ ਮਨੁੱਖਤਾ ਦਾ ਭਵਿੱਖ ਹੈ, ਅਤੇ ਦੂਸਰੇ ਜੋ ਇਸਨੂੰ ਖਾਰਜ ਕਰਦੇ ਹਨ।

ਬੀਬੀਸੀ ਪੰਜਾਬੀ

ਹੁਣ ਤੱਕ ਉਨ੍ਹਾਂ ਨੇ “ਤਿੰਨ ਜਾਂ ਚਾਰ” ਲੋਕਾਂ ਅਤੇ ਪੰਜ ਪਾਲਤੂ ਜਾਨਵਰਾਂ ਨੂੰ ਫ੍ਰੀਜ਼ (ਜਾਂ ਕ੍ਰਾਇਓਪ੍ਰੀਜ਼ਰਵਡ) ਕੀਤਾ ਹੈ ਅਤੇ ਤਕਰੀਬਨ 700 ਹੋਰ ਲੋਕਾਂ ਨੇ ਇਸ ਦੇ ਲਈ ਸਾਈਨ ਅੱਪ ਕੀਤਾ ਹੈ।

2025 ਦੌਰਾਨ ਉਹ ਪੂਰੇ ਅਮਰੀਕਾ ਵਿੱਚ ਕੰਮ ਕਾਰਨ ਲਈ ਆਪਣੇ ਕੰਮ ਦਾ ਵਿਸਤਾਰ ਕਰਨਗੇ।

ਕ੍ਰਾਇਓਪ੍ਰੀਜ਼ਰਵੇਸ਼ਨ ਤੋਂ ਬਾਅਦ ਕਦੇ ਵੀ ਕਿਸੇ ਨੂੰ ਸਫਲਤਾਪੂਰਵਕ ਮੁੜ ਸੁਰਜੀਤ ਨਹੀਂ ਕੀਤਾ ਗਿਆ ਹੈ, ਭਾਵੇਂ ਉਹ ਮੁੜ ਸੁਰਜੀਤ ਹੋਏ ਵੀ ਹੋਣ, ਪਰ ਉਨ੍ਹਾਂ ਦਾ ਦਿਮਾਗ ਪੂਰੀ ਤਰ੍ਹਾਂ ਖ਼ਤਮ ਰਿਹਾ ਹੋਵੇਗਾ।

ਕਿੰਗਜ਼ ਕਾਲਜ ਲੰਡਨ ਦੇ ਨਿਊਰੋਸਾਇੰਸ ਦੇ ਪ੍ਰੋਫੈਸਰ ਕਲਾਈਵ ਕੋਏਨ, ਇਸ ਵਿਚਾਰ ਨੂੰ ‘ਬੇਤੁਕਾ’ ਦੱਸਦੇ ਹੋਏ ਕਹਿੰਦੇ ਹਨ ਕਿ ਇਸ ਵੇਲੇ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਮਨੁੱਖਾਂ ਵਰਗੇ ਗੁੰਝਲਦਾਰ ਦਿਮਾਗੀ ਢਾਂਚੇ ਵਾਲੇ ਜੀਵਾਂ ਨੂੰ ਸਫਲਤਾਪੂਰਵਕ ਮੁੜ-ਸੁਰਜੀਤ ਕੀਤਾ ਜਾ ਸਕਦਾ ਹੋਵੇ।

ਉਹ ਇਨ੍ਹਾਂ ਘੋਸ਼ਣਾਵਾਂ ਨੂੰ ਵੀ ਅਤਿਕਥਨੀ ਮੰਨਦੇ ਹਨ ਕਿ ਨੈਨੋਟੈਕਨਾਲੋਜੀ (ਨੈਨੋਸਕੇਲ ‘ਤੇ ਪ੍ਰਕਿਰਿਆ ਤੱਤਾਂ ਨੂੰ ਲਾਗੂ ਕਰਨਾ) ਜਾਂ ਕਨੈਕਟੋਮਿਕਸ (ਦਿਮਾਗ ਦੇ ਨਿਊਰੋਨਸ ਦੀ ਮੈਪਿੰਗ) ਸਿਧਾਂਤਕ ਜੀਵ ਵਿਗਿਆਨ ਅਤੇ ਹਕੀਕਤ ਵਿਚਕਾਰ ਮੌਜੂਦਾ ਪਾੜੇ ਨੂੰ ਪੂਰਾ ਕਰੇਗੀ।

ਪਰ ਅਜਿਹੀਆਂ ਆਲੋਚਨਾਵਾਂ Tomorrow.bio ਦੇ ਉਦੇਸ਼ਾਂ ਨੂੰ ਕੋਈ ਫਰਕ ਨਹੀਂ ਪਾਉਂਦੀਆਂ।

ਇਹ ਕੰਮ ਕਿਵੇਂ ਕਰਦੀ ਹੈ

ਸਟਾਰਟ ਅੱਪ ਦੀ ਐਂਬੁਲੈਂਸ

ਤਸਵੀਰ ਸਰੋਤ, Charlotte Lytton

ਇੱਕ ਵਾਰ ਜਦੋਂ ਮਰੀਜ਼ ਫਰਮ ਨਾਲ ਸਾਈਨ ਅੱਪ ਕਰ ਲੈਂਦਾ ਹੈ ਅਤੇ ਡਾਕਟਰ ਪੁਸ਼ਟੀ ਕਰ ਦਿੰਦੇ ਹਨ ਕਿ ਉਹ ਵਿਅਕਤੀ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਹੈ, ਤਾਂ ਕੰਪਨੀ ਉਨ੍ਹਾਂ ਦੇ ਘਰ ਇੱਕ ਐਂਬੂਲੈਂਸ ਭੇਜਦੀ ਹੈ।

ਅਧਿਕਾਰਿਤ ਤੌਰ ‘ਤੇ ਮ੍ਰਿਤਕ ਐਲਾਨੇ ਜਾਣ ਤੋਂ ਬਾਅਦ, ਮਰੀਜ਼ ਨੂੰ Tomorrow.bio ਦੀ ਐਂਬੂਲੈਂਸ ਵਿੱਚ ਲੈ ਕੇ ਜਾਇਆ ਜਾਂਦਾ ਹੈ, ਜਿੱਥੇ ਕ੍ਰਾਇਓਨਿਕਸ ਪ੍ਰਕਿਰਿਆ ਸ਼ੁਰੂ ਹੁੰਦੀ ਹੈ।

ਇਹ ਸਟਾਰਟ-ਅੱਪ ਉਨ੍ਹਾਂ ਮਰੀਜ਼ਾਂ ਤੋਂ ਪ੍ਰੇਰਿਤ ਹੈ ਜਿਨ੍ਹਾਂ ਦੇ ਦਿਲ ਠੰਡੇ ਤਾਪਮਾਨ ਵਿੱਚ ਕੰਮ ਕਰਨਾ ਬੰਦ ਕਰ ਗਏ ਸਨ ਅਤੇ ਬਾਅਦ ਵਿੱਚ ਦੁਬਾਰਾ ਚੱਲਣ ਲੱਗੇ ਸਨ।

ਇਸ ਦਾ ਇੱਕ ਉਦਾਹਰਣ ਐਨਾ ਬੈਗਨਹੋਮ ਸਨ, ਜੋ 1999 ਵਿੱਚ ਨਾਰਵੇ ਵਿੱਚ ਇੱਕ ਛੁੱਟੀ ਦੌਰਾਨ ਦੋ ਘੰਟਿਆਂ ਲਈ ਡਾਕਟਰੀ ਤੌਰ ‘ਤੇ ਮਰ ਗਏ ਸਨ ਪਰ ਬਾਅਦ ਵਿੱਚ ਉਨ੍ਹਾਂ ਨੂੰ ਮੁੜ ਜੀਵਤ ਕਰ ਲਿਆ ਗਿਆ ਸੀ।

ਇਸ ਪ੍ਰਕਿਰਿਆ ਦੌਰਾਨ, ਲਾਸ਼ਾਂ ਨੂੰ ਜ਼ੀਰੋ ਤੋਂ ਵੀ ਘੱਟ ਤਾਪਮਾਨ ‘ਤੇ ਠੰਢਾ ਕੀਤਾ ਜਾਂਦਾ ਹੈ ਅਤੇ ਕ੍ਰਾਇਓਪ੍ਰੋਟੈਕਟਿਵ ਤਰਲ ਪਦਾਰਥ ਸਪਲਾਈ ਕੀਤਾ ਜਾਂਦਾ ਹੈ।

ਤਰਲ ਨੂੰ ਬਦਲਿਆਂ ਜਾਂਦਾ ਹੈ

ਐਮਿਲਸ

ਤਸਵੀਰ ਸਰੋਤ, Charlotte Lytton

ਕੇਂਡਜ਼ੀਓਰਾ ਦੀ ਫਰਮ ਕ੍ਰਾਇਓਨਿਕਸ ਦੇ ਵਿਹਾਰਕ ਅਤੇ ਖੋਜ ਦੋਵਾਂ ਖੇਤਰਾਂ ਵਿੱਚ ਕੰਮ ਕਰਦੀ ਹੈ।

ਉਹ ਕਹਿੰਦੇ ਹਨ ਕਿ “ਇੱਕ ਵਾਰ ਜਦੋਂ ਤੁਸੀਂ ਜ਼ੀਰੋ ਡਿਗਰੀ ਤੋਂ ਹੇਠਾਂ ਆ ਜਾਂਦੇ ਹੋ, ਤਾਂ ਤੁਸੀਂ ਸਰੀਰ ਨੂੰ ਫ੍ਰੀਜ਼ ਨਹੀਂ ਕਰਨਾ ਚਾਹੁੰਦੇ; ਤੁਸੀਂ ਇਸਨੂੰ ਕ੍ਰਾਇਓਪ੍ਰੀਜ਼ਰਵ ਕਰਨਾ ਚਾਹੁੰਦੇ ਹੋ। ਨਹੀਂ ਤਾਂ, ਸਰੀਰ ਦੇ ਹਰ ਪਾਸੇ ਬਰਫ਼ ਦੇ ਕ੍ਰਿਸਟਲ ਹੋਣਗੇ ਅਤੇ ਟਿਸ਼ੂ ਨਸ਼ਟ ਹੋ ਜਾਣਗੇ।”

“ਇਸਦਾ ਮੁਕਾਬਲਾ ਕਰਨ ਲਈ, ਤੁਸੀਂ ਆਪਣੇ ਸਰੀਰ ਦੇ ਸਾਰੇ ਪਾਣੀ ਅਤੇ ਸਰੀਰ ਵਿੱਚ ਜੰਮਣ ਵਾਲੀ ਹਰ ਚੀਜ਼, ਨੂੰ ਇੱਕ ਕ੍ਰਾਇਓਪ੍ਰੋਟੈਕਟਿਵ ਏਜੰਟ ਨਾਲ ਬਦਲ ਦਿੰਦੇ ਹੋ।”

ਇਹ ਇੱਕ ਅਜਿਹਾ ਘੋਲ ਹੈ ਜਿਸਦੇ ਮੁੱਖ ਹਿੱਸੇ ਡਾਈਮੇਥਾਈਲ ਸਲਫੋਕਸਾਈਡ (ਡੀਐੱਮਐੱਸਓ) ਅਤੇ ਐਥੀਲੀਨ ਗਲਾਈਕੋਲ (ਐਂਟੀਫ੍ਰੀਜ਼ ਵਰਗੇ ਉਤਪਾਦਾਂ ਵਿੱਚ ਵਰਤੇ ਜਾਂਦੇ ਹਨ) ਹਨ।

ਉਹ ਕਹਿੰਦੇ ਹਨ, “ਇੱਕ ਵਾਰ ਜਦੋਂ ਤੁਸੀਂ ਅਜਿਹਾ ਕਰ ਲੈਂਦੇ ਹੋ, ਤਾਂ ਤੁਸੀਂ ਇੱਕ ਬਹੁਤ ਹੀ ਖਾਸ ਕੂਲਿੰਗ ਕਰਵ ਨਾਲ ਜਾਂਦੇ ਹੋ, ਬਹੁਤ ਤੇਜ਼ੀ ਨਾਲ ਲਗਭਗ -125 ਡਿਗਰੀ ਸੈਲਸੀਅਸ ਤੱਕ ਅਤੇ ਫਿਰ ਬਹੁਤ ਹੌਲੀ ਹੌਲੀ ਇਸ ਨੂੰ -125 ਸੈਲਸੀਅਸ ਤੋਂ -196 ਸੈਲਸੀਅਸ ਤੱਕ ਲੈ ਕੇ ਜਾਇਆ ਜਾਂਦਾ ਹੈ।”

ਕੇਂਡਜ਼ੀਓਰਾ ਦੱਸਦੇ ਹਨ ਕਿ ਬਾਅਦ ਦੇ ਤਾਪਮਾਨ ‘ਤੇ ਆਉਣ ਮਗਰੋਂ ਮਰੀਜ਼ ਨੂੰ ਸਵਿਟਜ਼ਰਲੈਂਡ ਵਿੱਚ ਇੱਕ ਸਟੋਰੇਜ ਯੂਨਿਟ ਵਿੱਚ ਭੇਜ ਦਿੱਤਾ ਜਾਂਦਾ ਹੈ, ਜਿੱਥੇ ਮਰੀਜ਼ ਨੂੰ “ਇੰਤਜ਼ਾਰ ਕਰਨਾ” ਪੈਂਦਾ ਹੈ।

ਉਹ ਕਹਿੰਦੇ ਹਨ ਕਿ “ਯੋਜਨਾ ਇਹ ਹੈ ਕਿ ਭਵਿੱਖ ਵਿੱਚ ਕਿਸੇ ਸਮੇਂ, ਡਾਕਟਰੀ ਤਕਨਾਲੋਜੀ ਇੰਨੀ ਉੱਨਤ ਹੋ ਜਾਵੇਗੀ ਕਿ ਕੈਂਸਰ [ਜਾਂ] ਮਰੀਜ਼ ਦੀ ਮੌਤ ਦਾ ਕਾਰਨ ਬਣਨ ਵਾਲੀ ਕਿਸੇ ਵੀ ਚੀਜ਼ ਦਾ ਇਲਾਜ ਕਰਨਾ ਅਤੇ ਕ੍ਰਾਇਓਪ੍ਰੀਜ਼ਰਵੇਸ਼ਨ ਪ੍ਰਕਿਰਿਆ ਨੂੰ ਉਲਟਾਉਣਾ ਸੰਭਵ ਹੋ ਜਾਵੇਗਾ।”

ਉਹ ਕਹਿੰਦੇ ਹਨ ਕਿ ਹੋ ਸਕਦਾ ਹੈ ਕਿ ਇਸ ਸਭ ਵਿੱਚ 50 ਸਾਲ ਲੱਗਣ ਜਾਂ 100 ਸਾਲ ਜਾਂ ਫਿਰ 1,000 ਸਾਲ” ਪਰ ਅੰਤ ਵਿੱਚ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। “ਜਿੰਨਾ ਚਿਰ ਤੁਸੀਂ ਤਾਪਮਾਨ ਨੂੰ ਬਣਾਈ ਰੱਖਦੇ ਹੋ, ਤੁਸੀਂ ਉਸ ਸਥਿਤੀ ਨੂੰ ਲਗਭਗ ਅਣਮਿੱਥੇ ਸਮੇਂ ਲਈ ਬਣਾਈ ਰੱਖ ਸਕਦੇ ਹੋ।”

ਐਮਿਲ ਕੇਂਡਜ਼ੀਓਰਾ ਮੁਤਾਬਕ, ਬਹੁਤ ਸਾਰੀਆਂ ਚੀਜ਼ਾਂ ਜੋ ਇਸ ਵੇਲੇ ਕੰਮ ਕਰਨ ਲਈ ਸਾਬਤ ਨਹੀਂ ਹੋਈਆਂ ਹਨ, ਕੰਮ ਕਰ ਸਕਦੀਆਂ ਹਨ – ਬਸ ਕਿਸੇ ਨੇ ਇਸਨੂੰ ਅਜ਼ਮਾਇਆ ਨਹੀਂ ਹੈ।

ਕ੍ਰਾਇਓਨਿਕਸ ਤੋਂ ਬਾਹਰ ਦੇ ਲੋਕਾਂ ਲਈ, ਇਹ ਧਾਰਨਾ ਕਿਸੇ ਭਰਮ ਵਾਂਗ ਜਾਪ ਸਕਦੀ ਹੈ। ਜਦੋਂ ਕਿ ਕੇਂਡਜ਼ੀਓਰਾ ਨੂੰ ਪਤਾ ਹੈ ਕਿ “ਕੋਈ ਕਾਰਨ ਨਹੀਂ ਹੈ ਕਿ ਇਹ ਸਿਧਾਂਤਕ ਤੌਰ ‘ਤੇ ਸੰਭਵ ਕਿਉਂ ਨਹੀਂ ਹੋਣਾ ਚਾਹੀਦਾ”, ਕ੍ਰਾਇਓਪ੍ਰੀਜ਼ਰਵੇਸ਼ਨ ਤੋਂ ਬਾਅਦ ਸਫਲਤਾਪੂਰਵਕ ਮੁੜ ਸੁਰਜੀਤ ਹੋਏ ਮਨੁੱਖਾਂ ਦੀ ਮੌਜੂਦਾ ਗਿਣਤੀ ਜ਼ੀਰੋ ਹੈ।

ਜਾਨਵਰਾਂ ਉੱਤੇ ਕੀਤੇ ਗਏ ਅਧਿਐਨ ਦੇ ਨਤੀਜੇ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਇਸਦੀ ਸਮਰੱਥਾ ਨੂੰ ਦਰਸਾਉਂਦੇ ਜਾਨਵਰਾਂ ਦੇ ਤੁਲਨਾਤਮਕ ਅਧਿਐਨ ਦੀ ਵੀ ਘਾਟ ਹੈ।

ਹੁਣ ਚੂਹੇ ਦੇ ਦਿਮਾਗ ਨੂੰ ਸੁਰੱਖਿਅਤ ਕਰਨਾ ਸੰਭਵ ਹੈ।

ਇਸ ਦੇ ਨਾਲ ਭਵਿੱਖ ਵਿੱਚ ਮਨੁੱਖੀ ਦਿਮਾਗ ਬਾਰੇ ਵੀ ਉਮੀਦ ਜਗਦੀ ਹੈ ਪਰ ਇਹ ਪ੍ਰੀਕਿਰਿਆ ਉਸ ਸਮੇਂ ਹੁੰਦੀ ਹੈ ਜਦੋਂ ਹਾਲੇ ਜਾਨਵਰ ਜਿਉਂਦੇ ਹੁੰਦੇ ਹਨ।

ਕੇਂਡਜ਼ਿਓਰਾ ਦਾ ਕਹਿਣਾ ਹੈ ਕਿ ਵਿਰੋਧ ਜਿਆਦਾਤਰ ਇਸ ਗੱਲ ਦਾ ਹੈ ਕਿ ਮੁਰਦਿਆਂ ਨੂੰ ਵਾਪਸ ਲਿਆਉਣ ਦੀ ਧਾਰਨਾ ਹੀ ਅਜੀਬ ਲੱਗਦੀ ਹੈ।

ਪਰ ਇਹ ਵੀ ਸੱਚ ਹੈ ਕਿ ਜ਼ਿਆਦਾਤਰ ਡਾਕਟਰੀ ਪ੍ਰਕਿਰਿਆਵਾਂ ਨੂੰ ਮੁੱਖ ਧਾਰਾ ਵਿੱਚ ਆਉਣ ਤੋਂ ਪਹਿਲਾਂ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ।

ਉਹ ਕਹਿੰਦੇ, “ਕਿਸੇ ਇੱਕ ਵਿਅਕਤੀ ਦੇ ਦਿਲ ਨੂੰ ਕਿਸੇ ਦੂਜੇ ਮਨੁੱਖ ਦੇ ਸਰੀਰ ਵਿੱਚ ਪਾ ਦੇਣਾ, ਸੁਣਨ ਵਿੱਚ ਕਿੰਨਾ ਅਜੀਬ ਲੱਗਦਾ ਹੈ, ਪਰ ਅਸੀਂ ਇਹ ਹਰ ਰੋਜ਼ ਕਰਦੇ ਹਾਂ।”

ਉਹ ਮੰਨਦੇ ਹਨ ਕਿ ਕ੍ਰਾਇਓਨਿਕਸ ਹੈਰਾਨੀਜਨਕ ਸੱਚਾਈਆਂ ਦੀ ਸੂਚੀ ਵਿੱਚ ਸ਼ਾਮਲ ਹੋਣ ਵਾਲੀ ਇੱਕ ਹੋਰ ਕਾਢ ਹੋ ਸਕਦਾ ਹੈ।

ਉਹ ਇਹ ਵੀ ਸੋਚਦੇ ਹਨ ਕਿ ਸੀ ਐਲੇਗਨਜ਼ ਇੱਕ ਗੋਲ ਕੀੜਾ ਹੈ ਜਿਸ ਨੂੰ ਕ੍ਰਾਇਓਪ੍ਰੀਜ਼ਰਵ ਕੀਤਾ ਜਾ ਸਕਦਾ ਹੈ ਅਤੇ ਪੂਰੀ ਤਰ੍ਹਾਂ ਵਾਪਸ ਲਿਆਂਦਾ ਜਾ ਸਕਦਾ ਹੈ। ਇਸ ਗੱਲ ਦਾ ਉਤਸ਼ਾਹਜਨਕ ਸਬੂਤ ਹੈ ਕਿ ਇੱਕ ਪੂਰਾ ਜੀਵ ਮੌਤ ਨੂੰ ਮਾਤ ਦੇ ਸਕਦਾ ਹੈ।

ਚੂਹਿਆਂ ਵਿੱਚ ਅੰਗਾਂ ਦੀ ਪੁਨਰ ਸੁਰਜੀਤੀ ਦੇ ਵੀ ਕੁਝ ਸਬੂਤ ਹਨ।

2023 ਵਿੱਚ, ਮਿਨੇਸੋਟਾ ਟਵਿਨ ਸਿਟੀਜ਼ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਚੂਹਿਆਂ ਦੇ ਗੁਰਦਿਆਂ ਨੂੰ 100 ਦਿਨਾਂ ਤੱਕ ਕ੍ਰਾਇਓਜਨਿਕ ਤੌਰ ‘ਤੇ ਸਟੋਰ ਕੀਤਾ, ਉਨ੍ਹਾਂ ਨੂੰ ਦੁਬਾਰਾ ਗਰਮ ਕਰਨ ਅਤੇ ਕ੍ਰਾਇਓਪ੍ਰੋਟੈਕਟਿਵ ਤਰਲ ਪਦਾਰਥਾਂ ਤੋਂ ਸਾਫ਼ ਕਰਨ ਤੋਂ ਪਹਿਲਾਂ ਅਤੇ ਉਹਨਾਂ ਨੂੰ ਮੁੜ ਪੰਜ ਚੂਹਿਆਂ ਵਿੱਚ ਟ੍ਰਾਂਸਪਲਾਂਟ ਕੀਤਾ ਗਿਆ ਸੀ।

ਪੂਰਾ ਫੰਕਸ਼ਨ 30 ਦਿਨਾਂ ਦੇ ਅੰਦਰ ਸ਼ੁਰੂ ਕੀਤਾ ਗਿਆ ਸੀ।

ਸੰਭਾਵਨਾ ਹੈ ਕਿ ਇਹ ਬਿਲਕੁਲ ਵੀ ਕੰਮ ਨਾ ਕਰਨ, ਜਿਵੇਂ ਕਿ ਡਾਕਟਰੀ ਖੋਜ ਦੇ ਵਿਸ਼ਾਲ ਹਿੱਸੇ ਦੇ ਮਾਮਲੇ ਵਿੱਚ ਹੁੰਦਾ ਰਿਹਾ ਹੈ। ਜੋ ਤਜ਼ਰਬੇ ਚੂਹਿਆਂ ਜਾਂ ਕੀੜਿਆਂ ‘ਤੇ ਲਾਗੂ ਹੁੰਦੇ ਹਨ ਉਹ ਸਾਰੇ ਮਨੁੱਖਾਂ ‘ਤੇ ਨਹੀਂ ਹੁੰਦੇ।

ਕ੍ਰਾਇਓਨਿਕਸ ਵਧ ਰਹੇ ਜੀਵਨ-ਵਿਸਥਾਰ ਦੇ ਖੇਤਰ ਦਾ ਇੱਕ ਹਿੱਸਾ ਹੈ, ਜੋ ਹੁਣ ਜਿਆਦਾਤਰ ਲੰਬੀ ਉਮਰ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੈ। ਜੋ ਚੰਗੀ ਸਿਹਤ ਵਿੱਚ ਬਿਤਾਏ ਸਾਲਾਂ ਵਿੱਚ ਵਾਧੇ ਦਾ ਵਾਅਦਾ ਕਰਦਾ ਹੈ।

ਹਾਲਾਂਕਿ ਬੇਅੰਤ ਪੋਡਕਾਸਟ ਅਤੇ ਕਿਤਾਬਾਂ ਇਸ ਵਿਸ਼ੇ ‘ਤੇ ਮੌਜੂਦ ਹਨ। ਵਿਹਾਰਕ ਖੋਜ ਘੱਟੋ ਘੱਟ, ਨਿਯਮਤ ਕਸਰਤ ਕਰਨ ਅਤੇ ਸਾਫ਼ ਤੇ ਬਿਹਤਰ ਖਾਣ ਤੋਂ ਪਰੇ ਦੀ ਗੱਲ ਨਹੀਂ ਕਰਦੀ ਹੈ।

ਇੱਕ ਗੁੰਮਰਾਹਕੁੰਨ ਵਰਣਨ

ਕੋਏਨ ਕ੍ਰਾਇਓਨਿਕਸ ਨੂੰ ਇੱਕ ਗ਼ਲਤ ਧਾਰਨਾ ਵਜੋਂ ਦਰਸਾਉਂਦੇ ਹਨ। ਇਸ ਮੁਤਾਬਿਕ ਇਹ ਭੌਤਿਕ ਵਿਗਿਆਨ ਅਤੇ ਮੌਤ ਦੀ ਪ੍ਰਕਿਰਤੀ ਦੀ ਗ਼ਲਤ ਸਮਝ ਦਾ ਵਰਣਨ ਕਰਦਾ ਹੈ।

ਇੱਕ ਵਾਰ ਜਦੋਂ ਦਿਲ ਧੜਕਣਾ ਬੰਦ ਕਰ ਦਿੰਦਾ ਹੈ, ਤਾਂ ਸਾਡੇ ਸੈੱਲ ਸੜਨ ਲੱਗ ਪੈਂਦੇ ਹਨ, ਜਿਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ।

ਜਦੋਂ ਇੱਕ ਸਰੀਰ ਨੂੰ ਇੱਕ ਕ੍ਰਾਇਓਪ੍ਰੀਜ਼ਰਵਡ ਅਵਸਥਾ ਤੋਂ ਵਾਪਸ ਗਰਮ ਕੀਤਾ ਜਾਂਦਾ ਹੈ, ਤਾਂ ਮੌਤ ਤੋਂ ਬਾਅਦ ਦੇ ਸ਼ੁਰੂਆਤੀ ਪੜਾਅ ਵੀ ਦੁਹਹਾਏ ਜਾਣਗੇ।

ਉਹ ਸੁਝਾਅ ਦਿੰਦੇ ਹਨ ਕਿ ਫੋਕਸ ਦਾ ਬਿਹਤਰ ਖੇਤਰ ਕ੍ਰਾਇਓਜੇਨਿਕਸ ਹੈ। ਬਹੁਤ ਘੱਟ ਤਾਪਮਾਨਾਂ ‘ਤੇ ਉਨ੍ਹਾਂ ਟਿਸ਼ੂਆਂ ਅਤੇ ਅੰਗਾਂ ਨੂੰ ਰੱਖਿਆ ਜਾ ਸਕੇ ਜਿਨ੍ਹਾਂ ਨੂੰ ਪ੍ਰੀਜ਼ਰਵ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ-

ਮੌਤ ਨੂੰ ਉਲਟਾਉਣ ਦੀ ਕੁੰਜੀ

ਕਈ ਹੋਰ ਮਾਹਰ ਮੰਨਦੇ ਹਨ ਕਿ ਜੀਵਨ ਵਧਾਉਣ ਦੀ ਕੁੰਜੀ ਮੌਤ ਨੂੰ ਉਲਟਾ ਰਹੀ ਹੈ।

2012 ਵਿੱਚ ਨਿਊਯਾਰਕ ਵਿੱਚ ਇੱਕ ਪੁਨਰ-ਉਥਾਨਵਾਦੀ ਡਾਕਟਰ ਦੇ ਹਸਪਤਾਲ ਦੇ ਅੰਕੜੇ ਦਰਸਾਉਂਦੇ ਹਨ ਕਿ ਇੱਕ ਮਰੀਜ਼ ਦੇ ਫਲੈਟਲਾਈਨ ਹੋਣ ਤੋਂ ਬਾਅਦ ਅਮਰੀਕਾ ਅਤੇ ਯੂਕੇ ਵਿੱਚ ਪ੍ਰਾਪਤ ਸਿਹਤ ਸੁਵਿਧਾਵਾਂ ਦੇ ਚਲਦਿਆਂ ਅੱਧੀ ਔਸਤ ਦੇ ਮੁਕਾਬਲੇ, 33 ਫ਼ੀਸਦ ਮੁੜ ਸੁਰਜੀਤ ਹੋਣ ਦੀ ਦਰ ਸੀ।

ਅਲਟਰਾ-ਕੂਲਿੰਗ ਦਿਮਾਗਾਂ ਬਾਰੇ ਨੈਤਿਕ ਚਿੰਤਾਵਾਂ ਵੀ ਹਨ।

ਜਰਮਨ ਕੰਪਨੀ ਦੇ ਗਾਹਕਾਂ ਦੀਆਂ ਲਾਸ਼ਾਂ ਨੂੰ ਸਵਿਟਜ਼ਰਲੈਂਡ ਵਿੱਚ ਇੱਕ ਗੈਰ-ਲਾਭਕਾਰੀ ਫਾਊਂਡੇਸ਼ਨ ਵਿੱਚ ਸਟੋਰ ਕੀਤਾ ਜਾਂਦਾ ਹੈ।

ਇਸ ਬਾਰੇ ਕੈਂਡਜ਼ਿਓਰਾ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗਾ ਪਰ ਇਹ ਸਦੀਆਂ ਬਾਅਦ ਅਸਲ ਵਿੱਚ ਕਿਵੇਂ ਕੰਮ ਕਰ ਕਰਦਾ ਹੈ, ਇਹ ਦੇਖਣਾ ਪਵੇਗਾ। ਜਦੋਂ ਇੱਕ ਵੰਸ਼ਜ ਅਚਾਨਕ ਆਪਣੇ ਆਪ ਇਸ ਦਾ ਹੱਕਦਾਰ ਕਹੇਗਾ। ਉਨ੍ਹਾਂ ਦੇ ਪੂਰਵਜ ਦੀ ਲੰਬੇ ਸਮੇਂ ਤੋਂ ਜੰਮੀ ਹੋਈ ਲਾਸ਼, ਕਲਪਨਾ ਕਰਨਾ ਔਖਾ ਹੈ?

ਜਦੋਂ ਕਿ ਕ੍ਰਾਇਓਨਿਕਸ ਦੇ ਸਮਰਥਕਾਂ ਨੂੰ ਉਮੀਦ ਹੈ ਕਿ ਜਿਸ ਬਿਮਾਰੀ ਕਾਰਨ ਮਰੀਜ਼ ਦੀ ਮੌਤ ਹੋਈ ਹੈ ਉਸ ਸਮੇਂ ਤੱਕ ਉਸ ਦਾ ਇਲਾਜ ਲੱਭ ਲਿਆ ਜਾਵੇਗਾ, ਇਸਦੀ ਕੋਈ ਗਾਰੰਟੀ ਨਹੀਂ ਹੈ ਅਤੇ ਨਾ ਹੀ ਇਸ ਗੱਲ ਦੀ ਕੋਈ ਗਾਰੰਟੀ ਹੈ ਕਿ ਉਸ ਸਮੇਂ ਤੱਕ ਧਰਤੀ ਉੱਤੇ ਕੋਈ ਹੋਰ ਚੀਜ਼ ਨਹੀਂ ਆਵੇਗੀ ਜੋ ਉਮਰ ਨੂੰ ਘਟਾਏਗੀ।

ਇੱਥੇ ਬਹੁਤ ਜ਼ਿਆਦਾ ਲਾਗਤ ਦਾ ਮਾਮਲਾ ਵੀ ਹੈ। ਬਹੁਤ ਸਾਰੇ ਪਰਿਵਾਰਾਂ ਦੇ ਨਾਲ ਸੰਭਾਵਤ ਤੌਰ ‘ਤੇ ਕੋਈ ਵੀ ਆਪਣੀ ਵਿਰਾਸਤ ਨੂੰ ਆਪਣਾ ਅੰਤ ਲੰਬਾ ਕਰਨ ‘ਤੇ ਖਰਚ ਕਰਨ ਤੋਂ ਖੁਸ਼ ਨਹੀਂ ਹੋ ਸਕਦਾ।

ਕੇਂਡਜ਼ਿਓਰਾ ਕਹਿੰਦੇ ਹਨ, “ਮੈਂ ਬਹਿਸ ਕਰਾਂਗਾ ਕਿ ਆਪਣੇ ਲਈ ਚੋਣ ਕਰਨ ਦੀ ਆਜ਼ਾਦੀ ਹੋਰ ਸਾਰੇ ਸੰਭਾਵੀ ਨੈਤਿਕ ਵਿਚਾਰਾਂ ਤੋਂ ਅੱਗੇ ਹੈ।”

“ਇੱਥੇ ਬਹੁਤ ਸਾਰੇ ਲੋਕ ਹਨ ਜੋ ਆਪਣੀ ਦੂਜੀ ਸੁਪਰ ਯਾਟ ਖਰੀਦਦੇ ਹਨ, ਜੋ 85 ਸਾਲ ਦੇ ਹਨ, ਜਿਨ੍ਹਾਂ ਕੋਲ ਪਤਾ ਨਹੀਂ ਜ਼ਿੰਦਗੀ ਦੇ ਤਿੰਨ ਸਾਲ ਵੀ ਬਚੇ ਹਨ ਕਿ ਨਹੀਂ।”

ਉਸ ਦੇ ਆਧਾਰ ‘ਤੇ, ਸੰਭਾਵੀ ਤੌਰ ‘ਤੇ ਦੁਨੀਆ ਨੂੰ ਵਾਪਸ ਆਉਣ ਲਈ 200,000 ਡਾਲਰ ਦਾ ਨਿਵੇਸ਼ ਇੱਕ ਨਿਰਪੱਖ ਸੌਦੇ ਵਰਗਾ ਹੈ।

ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਜ਼ਿਆਦਾਤਰ ਗਾਹਕ 60 ਅਤੇ ਇਸ ਤੋਂ ਘੱਟ ਉਮਰ ਦੇ ਹਨ ਅਤੇ ਜੀਵਨ ਬੀਮੇ ਜ਼ਰੀਏ ਫੰਡਿੰਗ ਕਰਦੇ ਹਨ (ਇਹ ਫਰਮ ਵੱਲੋਂ ਜਾਂ ਸੁਤੰਤਰ ਤੌਰ ‘ਤੇ ਪ੍ਰਬੰਧ ਕੀਤਾ ਜਾ ਸਕਦਾ ਹੈ)।

ਉਤਸੁਕਤਾ ਕਾਰਨ ਬਣੀ

ਲੁਈਸ ਹੈਰੀਸਨ, 51 ਸਾਲ ਦੇ ਹਨ ਅਤੇ ਉਨ੍ਹਾਂ ਨੇ ਉਤਸੁਕਤਾ ਵਿੱਚੋਂ ਸਾਈਨ ਅੱਪ ਕੀਤਾ ਸੀ।

ਉਹ ਕਹਿੰਦੇ ਹਨ, “ਮੈਂ ਭਵਿੱਖ ਵਿੱਚ ਸੰਭਾਵਤ ਤੌਰ ‘ਤੇ ਜੀਵਨ ਨੂੰ ਬਹਾਲ ਕਰਨ ਦੇ ਵਿਚਾਰ ਵੱਲ ਆਕਰਸ਼ਤ ਹੋਈ ਸੀ। ਇਹ ਟਾਈਮ ਟਰੈਵਲ ਵਰਗਾ ਜਾਪਦਾ ਸੀ।”

“ਵਾਪਸ ਆਉਣ ਦਾ ਥੋੜਾ ਜਿਹਾ ਮੌਕਾ ਬਨਾਮ ਕੋਈ ਮੌਕਾ ਨਾ ਹੋਣਾ ਇੱਕ ਤਰਕਪੂਰਨ ਵਿਕਲਪ ਲੱਗਦਾ ਸੀ।”

ਹੈਰੀਸਨ, ਜੋ ਮੈਂਬਰਸ਼ਿਪ ਅਤੇ ਜੀਵਨ ਬੀਮੇ ਲਈ ਲਈ ਮਹੀਨੇ ਦੇ ਤਕਰੀਬਨ 87 ਡਾਲਰ ਅਦਾ ਕਰਦੇ ਹਨ ਕਹਿੰਦੇ ਹਨ ਕਿ ਉਨ੍ਹਾਂ ਦੇ ਫੈਸਲੇ ‘ਤੇ ਹੈਰਾਨੀ ਤਾਂ ਹੋਈ ਸੀ।

“ਲੋਕ ਅਕਸਰ ਮੈਨੂੰ ਕਹਿੰਦੇ ਹਨ,ਕਿੰਨਾ ਭਿਆਨਕ ਹੋਵੇਗਾ ਇਹ ਮੰਜ਼ਰ। ਜਿਸ ਕਿਸੇ ਨੂੰ ਵੀ ਤੁਸੀਂ ਜਾਣਦੇ ਹੋ ਉਹ ਸਭ ਖ਼ਤਮ ਹੋ ਚੁੱਕਾ ਹੋਵੇਗਾ।”

“ਪਰ ਇਸਨੇ ਮੈਨੂੰ ਰੋਕਿਆ ਨਹੀਂ ਅਸੀਂ ਸਾਰੀ ਉਮਰ ਲੋਕਾਂ ਨੂੰ ਗੁਆਉਂਦੇ ਹਾਂ, ਪਰ ਸਾਨੂੰ ਆਮ ਤੌਰ ‘ਤੇ ਜੀਉਂਦੇ ਰਹਿਣ ਦਾ ਕਾਰਨ ਮਿਲਦਾ ਰਹਿੰਦਾ ਹੈ।”

Tomorrow.Bio ਉਮੀਦ ਕਰ ਰਹੇ ਹਨ ਕਿ ਜਦੋਂ ਉਹ ਯੂਐੱਸ ਵਿੱਚ ਕੰਮ ਸ਼ੁਰੂ ਕਰਨਗੇ ਤਾਂ ਲੋਕ ਇਸ ਤੋਂ ਪ੍ਰਭਾਵਿਤ ਹੋਣਗੇ।

ਕ੍ਰਾਇਓਨਿਕਸ ਇੰਸਟੀਚਿਊਟ ਦੇ ਮੁਤਾਬਕ, 1976 ਵਿੱਚ ਲਾਂਚ ਕੀਤੀ ਗਈ ਸ਼ੁਰੂਆਤੀ ਯੂਐੱਸ ਕੰਪਨੀ, 2,000 ਲੋਕਾਂ ਸਾਈਨ ਅੱਪ ਕੀਤਾ ਹੈ।

ਉਹ ਕਹਿੰਦੇ ਹਨ,”ਅਸੀਂ ਹਾਲ ਹੀ ਦੇ ਸਾਲਾਂ ਵਿੱਚ ਸਥਿਰ ਵਾਧਾ ਦੇਖਿਆ ਹੈ ਕਿਉਂਕਿ ਇਹ ਲੋਕਾਂ ਨੂੰ ਸਮਝ ਆ ਰਿਹਾ ਹੈ।”

ਰਿਪੋਰਟਾਂ ਸੁਝਾਅ ਦਿੰਦੀਆਂ ਹਨ ਕਿ ਹਾਲ ਹੀ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਨੇ ਲੋਕਾਂ ਨੂੰ ਮੌਤ ਬਾਰੇ ਵਧੇਰੇ ਜਾਗਰੂਕ ਕੀਤਾ ਅਤੇ ਜੀਵਨ ਨੂੰ ਸੁਰੱਖਿਅਤ ਰੱਖਣ ਦੀ ਲੋੜ ਉੱਤੇ ਜ਼ੋਰ ਵਧਿਆ ਹੈ।

ਇਸ ਕਾਰਨ ਕਰਕੇ, ਸ਼ਾਇਦ, Tomorrow.Bio ਨੇ ਕੁਝ ਅਭਿਲਾਸ਼ੀ ਟੀਚੇ ਰੱਖੇ ਹਨ। ਸਾਲ 2028 ਤੱਕ ਮੈਮੋਰੀ, ਪਛਾਣ ਅਤੇ ਸ਼ਖਸੀਅਤ ਦੀ ਤੰਤੂ ਬਣਤਰ ਨੂੰ ਸੁਰੱਖਿਅਤ ਰੱਖਣ ਦੇ ਯੋਗ ਬਣਾਉਣ ਦੇ ਟੀਚੇ।

ਕੇਂਡਜ਼ਿਓਰਾ ਕਹਿੰਦੇ ਹਨ, “ਮੈਂ ਇਹ ਨਹੀਂ ਕਹਿ ਸਕਦਾ ਕਿ ਸੰਭਾਵਨਾ ਕਿੰਨੀ ਉੱਚੀ ਹੈ ਜਾਂ ਕਿ ਚੀਜ਼ਾਂ ਯੋਜਨਾ ਮੁਤਾਬਕ ਜਾਣਗੀਆਂ ਜਾਂ ਨਹੀਂ।”

“ਪਰ ਇਹ ਪੂਰੇ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਸੰਭਾਵਨਾ ਸਸਕਾਰ ਨਾਲੋਂ ਤਾਂ ਵੱਧ ਹੀ ਹੈ, ਜੇ ਹੋਰ ਕੁਝ ਨਹੀਂ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI