Home rss national punjabi2ਰਾਸ਼ਟਰੀ ਖ਼ਬਰਾਂ ਸ਼ਹਿਜ਼ਾਦ ਭੱਟੀ ਕੌਣ ਹੈ, ਜਿਸ ਦੇ ਕਥਿਤ ਨੈੱਟਵਰਕ ਦਾ ਨਾਮ ਅਮਿਤ ਸ਼ਾਹ...

ਸ਼ਹਿਜ਼ਾਦ ਭੱਟੀ ਕੌਣ ਹੈ, ਜਿਸ ਦੇ ਕਥਿਤ ਨੈੱਟਵਰਕ ਦਾ ਨਾਮ ਅਮਿਤ ਸ਼ਾਹ ਅਤੇ ਐੱਨਆਈਏ ਨੇ ਲਿਆ ਹੈ

6
0

Source :- BBC PUNJABI

ਸ਼ਹਿਜ਼ਾਦ ਭੱਟੀ

ਤਸਵੀਰ ਸਰੋਤ, Facebook/OfficialShahzadBhatti

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 9 ਮਿੰਟ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਆਪਣੇ ਐਕਸ ਅਕਾਊਂਟ ‘ਤੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਮੋਦੀ ਸਰਕਾਰ ਨੇ ਆਜ਼ਾਦੀ ਦਿਵਸ ਤੋਂ ਪਹਿਲਾਂ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਵੱਲੋਂ ਸਮਰਥਿਤ ਕਥਿਤ ਅੱਤਵਾਦੀ ਸੰਗਠਨ ‘ਸ਼ਹਿਜ਼ਾਦ ਭੱਟੀ ਨੈੱਟਵਰਕ’ ਨੂੰ ਖ਼ਤਮ ਕਰ ਦਿੱਤਾ ਸੀ।

ਇਸ ਦੇ ਨਾਲ ਹੀ ਗ੍ਰਹਿ ਮੰਤਰੀ ਨੇ ਦੱਸਿਆ ਕਿ ਇਸ ਨੈੱਟਵਰਕ ਦੇ 200 ਤੋਂ ਵੱਧ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਸੰਗਠਨ ਵੱਲੋਂ ਕੀਤੇ ਜਾਣ ਵਾਲੇ ਵਿਨਾਸ਼ਕਾਰੀ ਹਮਲਿਆਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰ ਦਿੱਤਾ ਗਿਆ।

ਉਸੇ ਦਿਨ, ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਅਮਿਤ ਸ਼ਾਹ ਦੇ ਦਾਅਵੇ ਨੂੰ ਖ਼ਾਰਜ ਕਰਦਿਆਂ ਕਿਹਾ, “ਇਸ ਤਰ੍ਹਾਂ ਦਾ ਪ੍ਰਚਾਰ ਪਾਕਿਸਤਾਨ ਦੇ ਖ਼ਿਲਾਫ਼ ਭਾਰਤ ਦੀ ਨਾਪਾਕ ਮੁਹਿੰਮ ਦਾ ਇੱਕ ਹੋਰ ਸਬੂਤ ਹੈ, ਜਿਸ ਦਾ ਮਕਸਦ ਆਪਣੀਆਂ ਅੰਦਰੂਨੀ ਸੁਰੱਖਿਆ ਚੁਣੌਤੀਆਂ ਤੋਂ ਧਿਆਨ ਹਟਾਉਣਾ ਅਤੇ ਆਪਣੇ ਛੋਟੇ ਰਾਜਨੀਤਿਕ ਹਿੱਤਾਂ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾਉਣਾ ਹੈ।”

ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬਿਆਨ ਵਿੱਚ ਅੱਗੇ ਕਿਹਾ ਗਿਆ, “ਭਾਰਤ ਦੇ ਬੇਬੁਨਿਆਦ ਅਤੇ ਗੁੰਮਰਾਹ ਕਰਨ ਵਾਲੇ ਬਿਆਨ ਭਾਰਤ ਦੇ ਸਰਕਾਰੀ ਸਰਪ੍ਰਸਤੀ ਵਾਲੇ ਅੱਤਵਾਦ, ਨਿਸ਼ਾਨਾਬੱਧ ਕਤਲ ਅਤੇ ਵਿਦੇਸ਼ੀ ਇਲਾਕਿਆਂ ਵਿੱਚ ਵਿਨਾਸ਼ਕਾਰੀ ਗਤੀਵਿਧੀਆਂ ਤੋਂ ਕੌਮਾਂਤਰੀ ਧਿਆਨ ਨਹੀਂ ਹਟਾ ਸਕਦੇ।”

ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤੀ ਅਧਿਕਾਰੀਆਂ ਨੇ ਦੇਸ਼ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਲੈ ਕੇ ‘ਸ਼ਹਿਜ਼ਾਦ ਭੱਟੀ ਨੈੱਟਵਰਕ’ ਨਾਮ ਦੀ ਵਰਤੋਂ ਕੀਤੀ ਹੈ।

ਸ਼ਹਿਜ਼ਾਦ ਭੱਟੀ ਕੌਣ ਹੈ, ਜੋ ਇਸ ਕਥਿਤ ਅੱਤਵਾਦੀ ਨੈੱਟਵਰਕ ਨੂੰ ਚਲਾਉਂਦਾ ਹੈ ਅਤੇ ਭਾਰਤੀ ਅਧਿਕਾਰੀਆਂ ਨੇ ਉਸ ਦੇ ਖ਼ਿਲਾਫ਼ ਕੀ ਇਲਜ਼ਾਮ ਲਗਾਏ ਹਨ?

ਅਮਿਤ ਸ਼ਾਹ ਨੇ ਕੀ ਦਾਅਵਾ ਕੀਤਾ?

ਐਕਸ ‘ਤੇ ਜਾਰੀ ਇੱਕ ਬਿਆਨ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਭਾਰਤੀ ਸੁਰੱਖਿਆ ਬਲਾਂ ਨੇ 14 ਸੂਬਿਆਂ ਵਿੱਚ ਵੱਖ-ਵੱਖ ਥਾਵਾਂ ‘ਤੇ ਤਾਲਮੇਲ ਨਾਲ ਚਲਾਏ ਗਏ ਅਭਿਆਨ ਦੌਰਾਨ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਵੱਲੋਂ ਸਮਰਥਿਤ ਇੱਕ ਕਥਿਤ ਮਿਲੀਟੈਂਟ ਸੰਗਠਨ ‘ਸ਼ਹਿਜ਼ਾਦ ਭੱਟੀ ਨੈੱਟਵਰਕ’ ਨੂੰ ਖ਼ਤਮ ਕਰ ਦਿੱਤਾ ਹੈ।

ਅਮਿਤ ਸ਼ਾਹ ਨੇ ਇਸ ਨੂੰ ਅੱਤਵਾਦ ਦੇ ਖ਼ਿਲਾਫ਼ ਭਾਰਤ ਦੀ ‘ਜ਼ੀਰੋ ਟੋਲਰੈਂਸ’ ਨੀਤੀ ਦੀ ਇੱਕ ਉਦਾਹਰਣ ਦੱਸਿਆ।

ਗ੍ਰਹਿ ਮੰਤਰੀ ਨੇ ਦੱਸਿਆ ਕਿ ਨੈੱਟਵਰਕ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ-ਬਾਰੂਦ, ਜਿਨ੍ਹਾਂ ਵਿੱਚ ਪਾਕਿਸਤਾਨ ਆਰਡਨੈਂਸ ਫੈਕਟਰੀ ਦੇ ਨਿਸ਼ਾਨ ਵਾਲੇ ਹੈਂਡ ਗ੍ਰੇਨੇਡ, ਪਿਸਤੌਲ, ਕਾਰਤੂਸ ਅਤੇ ਜਾਸੂਸੀ ਲਈ ਵਰਤੇ ਜਾਣ ਵਾਲੇ ਸੀਸੀਟੀਵੀ ਕੈਮਰੇ ਸ਼ਾਮਲ ਹਨ, ਬਰਾਮਦ ਕੀਤੇ ਗਏ।

ਭਾਰਤ ਨੇ ਹੁਣ ਤੱਕ ਇਸ ਨੈੱਟਵਰਕ ਬਾਰੇ ਕੀ-ਕੀ ਕਿਹਾ ਹੈ?

ਅਮਿਤ ਸ਼ਾਹ

ਤਸਵੀਰ ਸਰੋਤ, NurPhoto via Getty Images

ਇਸ ਸਾਲ 9 ਜੂਨ ਨੂੰ ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਨੇ ਸ਼ਹਿਜ਼ਾਦ ਭੱਟੀ ਨੈੱਟਵਰਕ ਦੇ ਖ਼ਿਲਾਫ਼ ਅਭਿਆਨ ਬਾਰੇ ਇੱਕ ਬਿਆਨ ਜਾਰੀ ਕੀਤਾ।

ਬਿਆਨ ਵਿੱਚ ਕਿਹਾ ਗਿਆ ਕਿ ਕਥਿਤ ਅੱਤਵਾਦੀ ਸ਼ਹਿਜ਼ਾਦ ਭੱਟੀ ਨਾਲ ਜੁੜੇ ਅੱਤਵਾਦੀ ਗੈਂਗਸਟਰ ਨੈੱਟਵਰਕ ਦੇ ਖ਼ਿਲਾਫ਼ ਤਿੰਨ ਮਾਮਲਿਆਂ ਦੇ ਸਬੰਧ ਵਿੱਚ ਭਾਰਤ ਦੇ ਦੋ ਸੂਬਿਆਂ, ਪੰਜਾਬ ਅਤੇ ਹਰਿਆਣਾ ਦੇ ਨੌਂ ਜ਼ਿਲ੍ਹਿਆਂ ਵਿੱਚ 18 ਥਾਵਾਂ ‘ਤੇ ਤਾਲਮੇਲ ਨਾਲ ਅਭਿਆਨ ਚਲਾਏ ਗਏ ਅਤੇ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ।

ਐੱਨਆਈਏ ਨੇ ਕਿਹਾ ਕਿ ਛਾਪੇਮਾਰੀ ਦੌਰਾਨ ਵੱਖ-ਵੱਖ ਸੰਚਾਰ ਨੈੱਟਵਰਕਾਂ, ਵਿੱਤੀ ਲੈਣ-ਦੇਣ ਅਤੇ ਇਨ੍ਹਾਂ ਤਿੰਨ ਮਾਮਲਿਆਂ ਵਿੱਚ ਜਾਂਚ ਦੇ ਘੇਰੇ ਵਿੱਚ ਆਏ ਲੋਕਾਂ ਦੀਆਂ ਗਤੀਵਿਧੀਆਂ ਨਾਲ ਜੁੜੀ ਪੁੱਛਗਿੱਛ ਤੋਂ ਇਲਾਵਾ, ਕਈ ਡਿਜੀਟਲ ਉਪਕਰਣ ਅਤੇ ਦਸਤਾਵੇਜ਼ ਵੀ ਜ਼ਬਤ ਕੀਤੇ ਗਏ।

ਏਜੰਸੀ ਨੇ ਕਿਹਾ ਕਿ ਮਾਰਚ 2025 ਵਿੱਚ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਰੋਜਰ ਸੰਧੂ ਦੇ ਘਰ ‘ਤੇ ਹੋਏ ਗ੍ਰੇਨੇਡ ਹਮਲੇ ਵਿੱਚ ਸ਼ਹਿਜ਼ਾਦ ਭੱਟੀ ਦੇ ਸ਼ਾਮਲ ਹੋਣ ਦਾ ਪਤਾ ਲੱਗਾ ਹੈ ਅਤੇ ਅਪ੍ਰੈਲ 2026 ਵਿੱਚ ਸ਼ਹਿਜ਼ਾਦ ਭੱਟੀ ਨੂੰ ਇਸ ਮਾਮਲੇ ਵਿੱਚ ਭਗੌੜਾ ਮੁਲਜ਼ਮ ਐਲਾਨਿਆ ਗਿਆ ਸੀ।

ਐੱਨਆਈਏ ਨੇ ਦਾਅਵਾ ਕੀਤਾ ਕਿ ਸ਼ਹਿਜ਼ਾਦ ਭੱਟੀ ਨਵੰਬਰ 2025 ਵਿੱਚ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਮਹਿਲਾ ਪੁਲਿਸ ਥਾਣੇ ਅਤੇ ਜਨਵਰੀ 2026 ਵਿੱਚ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਬਲਦੇਵ ਨਗਰ ਪੁਲਿਸ ਥਾਣੇ ਵਿੱਚ ਹੋਏ ਧਮਾਕਿਆਂ ਦਾ ਵੀ ਕਥਿਤ ਮਾਸਟਰਮਾਈਂਡ ਸੀ।

ਐੱਨਆਈਏ ਵੱਲੋਂ 11 ਜੁਲਾਈ ਨੂੰ ਜਾਰੀ ਇੱਕ ਹੋਰ ਬਿਆਨ ਵਿੱਚ ਕਿਹਾ ਗਿਆ ਕਿ ਐੱਨਆਈਏ ਨੇ ਅੰਬਾਲਾ ਦੇ ਬਲਦੇਵ ਨਗਰ ਪੁਲਿਸ ਥਾਣੇ ਦੀ ਪਾਰਕਿੰਗ ਵਿੱਚ ਹੋਏ ਕਾਰ ਬੰਬ ਧਮਾਕੇ ਦੇ ਮਾਮਲੇ ਵਿੱਚ ਸ਼ਹਿਜ਼ਾਦ ਭੱਟੀ ਸਮੇਤ ਅੱਠ ਲੋਕਾਂ ਦੇ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ।

ਐੱਨਆਈਏ ਮੁਤਾਬਕ, ਹਰਿਆਣਾ ਦੇ ਪੰਚਕੂਲਾ ਦੀ ਵਿਸ਼ੇਸ਼ ਅਦਾਲਤ ਵਿੱਚ ਐੱਨਆਈਏ ਵੱਲੋਂ ਦਾਖ਼ਲ ਕੀਤੀ ਗਈ ਚਾਰਜਸ਼ੀਟ ਵਿੱਚ ਕਰਮਜੀਤ ਸਿੰਘ ਉਰਫ਼ ਟੋਨੀ, ਆਕਾਸ਼, ਸੌਰਿਬ ਉਰਫ਼ ਸੋਬੀ ਉਰਫ਼ ਸੌਰਭ, ਰਮਨ ਕੁਮਾਰ, ਸਤਿਅਮ, ਸੁਖਦੇਵ ਸਿੰਘ ਉਰਫ਼ ਸੁੱਖਾ ਅਤੇ ਅਮਰਜੀਤ ਸਿੰਘ ਉਰਫ਼ ਅੰਬੀ ਦੇ ਨਾਮ ਸ਼ਾਮਲ ਸਨ।

ਐੱਨਆਈਏ ਨੇ ਦਾਅਵਾ ਕੀਤਾ ਕਿ ਸ਼ਹਿਜ਼ਾਦ ਭੱਟੀ ਨੇ ਭਾਰਤ ਵਿੱਚ ਕਾਰਵਾਈਆਂ ਲਈ ਇੱਕ ਸਥਾਨਕ ਨੈੱਟਵਰਕ ਬਣਾਇਆ ਸੀ ਅਤੇ ਪੁਲਿਸ ਟਿਕਾਣਿਆਂ ‘ਤੇ ਹਮਲਿਆਂ ਲਈ ਲੋਜਿਸਟਿਕ ਸਹਾਇਤਾ ਦੇਣ ਅਤੇ ਵਿਸਫੋਟਕਾਂ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸਥਾਨਕ ਲੋਕਾਂ ਨੂੰ ਸੌਂਪੀ ਸੀ।

ਏਜੰਸੀ ਨੇ ਕਿਹਾ ਕਿ ਆਕਾਸ਼ ਭਾਰਤ ਵਿੱਚ ਸ਼ਹਿਜ਼ਾਦ ਭੱਟੀ ਦਾ ਮੁੱਖ ਸੰਪਰਕ ਸੀ ਅਤੇ ਦੂਜੇ ਮੁਲਜ਼ਮਾਂ ਨਾਲ ਹਮਲਿਆਂ ਦੀ ਯੋਜਨਾ ਬਣਾਉਣ ਅਤੇ ਤਾਲਮੇਲ ਕਰਨ ਲਈ ਜ਼ਿੰਮੇਵਾਰ ਸੀ।

ਐੱਨਆਈਏ ਨੇ ਕਿਹਾ ਕਿ ਜਾਂਚ ਵਿੱਚ ਇਹ ਵੀ ਪਤਾ ਲੱਗਾ ਕਿ ਸ਼ਹਿਜ਼ਾਦ ਭੱਟੀ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਸੀਕ੍ਰੇਟ ਕਮਿਉਨੀਕੇਸ਼ਨ ਚੈਨਲਾਂ ਰਾਹੀਂ ਮੁਲਜ਼ਮਾਂ ਦੀ ਭਰਤੀ ਕੀਤੀ ਅਤੇ ਉਨ੍ਹਾਂ ਨੂੰ ਅੱਤਵਾਦੀ ਵਿਚਾਰਧਾਰਾਵਾਂ ਵੱਲ ਪ੍ਰੇਰਿਤ ਕੀਤਾ।

ਬੀਬੀਸੀ ਨੇ ਇਸ ਬਾਰੇ ਵੇਰਵਿਆਂ ਲਈ ਦਿੱਲੀ ਪੁਲਿਸ ਅਤੇ ਨਵੀਂ ਦਿੱਲੀ ਵਿੱਚ ਮੌਜੂਦ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਦੇ ਬੁਲਾਰਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਮਿਲ ਸਕੀ।

ਉਨ੍ਹਾਂ ਦੀ ਪ੍ਰਤੀਕਿਰਿਆ ਆਉਂਦੇ ਹੀ ਉਸ ਨੂੰ ਇਸ ਸਟੋਰੀ ਵਿੱਚ ਸ਼ਾਮਲ ਕੀਤਾ ਜਾਵੇਗਾ।

ਸ਼ਹਿਜ਼ਾਦ ਭੱਟੀ

ਤਸਵੀਰ ਸਰੋਤ, Facebook/OfficialShahzadBhatti

ਸ਼ਹਿਜ਼ਾਦ ਭੱਟੀ ਨੇ ਆਈਐੱਸਆਈ ਨਾਲ ਸਬੰਧ ਤੋਂ ਕੀਤਾ ਇਨਕਾਰ

ਬੀਬੀਸੀ ਉਰਦੂ ਨੇ ਸ਼ਹਿਜ਼ਾਦ ਭੱਟੀ ਤੋਂ ਭਾਰਤੀ ਅਧਿਕਾਰੀਆਂ ਵੱਲੋਂ ਉਨ੍ਹਾਂ ‘ਤੇ ਲਗਾਏ ਗਏ ਇਲਜ਼ਾਮਾਂ ਬਾਰੇ ਉਨ੍ਹਾਂ ਦਾ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਸ ਸਟੋਰੀ ਦੇ ਲਿਖੇ ਜਾਣ ਤੱਕ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।

ਹਾਲਾਂਕਿ, 19 ਜੁਲਾਈ ਨੂੰ ਟਿਕਟੌਕ ਅਤੇ ਫੇਸਬੁੱਕ ‘ਤੇ ਸ਼ਹਿਜ਼ਾਦ ਭੱਟੀ ਵੱਲੋਂ ਜਾਰੀ ਇੱਕ ਵੀਡੀਓ ਵਿੱਚ ਉਨ੍ਹਾਂ ਨੇ ਭਾਰਤ ਸਰਕਾਰ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਉਨ੍ਹਾਂ ‘ਤੇ ਲਗਾਏ ਗਏ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ।

ਸ਼ਹਿਜ਼ਾਦ ਭੱਟੀ ਨੇ ਪਹਿਲਾਂ ਵੀ ਸੋਸ਼ਲ ਮੀਡੀਆ ‘ਤੇ ਭਾਰਤੀ ਅਧਿਕਾਰੀਆਂ ਵੱਲੋਂ ਉਨ੍ਹਾਂ ‘ਤੇ ਅੱਤਵਾਦ ਅਤੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਨਾਲ ਸਬੰਧਾਂ ਬਾਰੇ ਲਗਾਏ ਗਏ ਇਲਜ਼ਾਮਾਂ ਨੂੰ ਲੈ ਕੇ ਬਿਆਨ ਦਿੱਤੇ ਹਨ।

ਉਨ੍ਹਾਂ ਦੇ ਵੀਡੀਓ ਟਿਕਟੌਕ ਅਤੇ ਫੇਸਬੁੱਕ ‘ਤੇ ਸ਼ਹਿਜ਼ਾਦ ਭੱਟੀ ਦੇ ਨਾਮ ਵਾਲੇ ਅਕਾਊਂਟ ਤੋਂ ਦਿਖਾਈ ਦੇ ਰਹੇ ਹਨ।

ਐੱਨਆਈਏ ਵੱਲੋਂ 9 ਜੂਨ ਨੂੰ ਜਾਰੀ ਕੀਤੇ ਬਿਆਨ ਦੇ ਲਗਭਗ ਦੋ ਹਫ਼ਤਿਆਂ ਬਾਅਦ ਇਸ ਅਕਾਊਂਟ ਤੋਂ ਇੱਕ ਵੀਡੀਓ ਪ੍ਰਕਾਸ਼ਿਤ ਕੀਤਾ ਗਿਆ।

23 ਜੂਨ ਨੂੰ ਪ੍ਰਕਾਸ਼ਿਤ ਹੋਏ ਵੀਡੀਓ ਵਿੱਚ ਖ਼ੁਦ ਨੂੰ ਸ਼ਹਿਜ਼ਾਦ ਭੱਟੀ ਦੱਸਣ ਵਾਲੇ ਵਿਅਕਤੀ ਨੇ ਕਿਹਾ ਕਿ ਉਹ ਭਾਰਤ ਤੋਂ ਅਕਸਰ ਅਜਿਹੀਆਂ ਖ਼ਬਰਾਂ ਸੁਣ ਰਿਹਾ ਹੈ, ਜਿਨ੍ਹਾਂ ਵਿੱਚ “ਕਦੇ ਸ਼ਹਿਜ਼ਾਦ ਭੱਟੀ ਦੇ ਚਾਰ ਨੌਕਰ, ਤਾਂ ਕਦੇ ਪੰਜ ਨੌਕਰ ਗ੍ਰਿਫ਼ਤਾਰ ਹੋ ਰਹੇ ਹਨ।” ਉਸ ਨੇ ਕਿਹਾ ਕਿ “ਇਹ ਸਭ ਝੂਠੀਆਂ ਖ਼ਬਰਾਂ ਹਨ।”

“ਉਹ ਕਿਸੇ ਹੋਰ ਦੇ ਨੌਕਰਾਂ ਨੂੰ ਗ੍ਰਿਫ਼ਤਾਰ ਕਰਦੇ ਹਨ ਅਤੇ ਉਨ੍ਹਾਂ ‘ਤੇ ਮੇਰਾ ਨਾਮ ਪਾ ਦਿੰਦੇ ਹਨ, ਇਹ ਕਹਿੰਦੇ ਹੋਏ ਕਿ ਸ਼ਹਿਜ਼ਾਦ ਭੱਟੀ ਦੇ ਇੰਨੇ ਨੌਕਰ ਗ੍ਰਿਫ਼ਤਾਰ ਹੋਏ ਹਨ।”

ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਉਨ੍ਹਾਂ ਦੇ ਖ਼ਿਲਾਫ਼ ਕੋਈ ਸਬੂਤ ਹੈ ਤਾਂ ਉਸ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ। “ਸਬੂਤ ਦਿਖਾਓ, ਕੁਝ ਚੈਟ ਦਿਖਾਓ ਕਿ ਇਹ ਸੱਚਮੁੱਚ ਮੇਰੇ ਨੌਕਰ ਹਨ, ਸ਼ਹਿਜ਼ਾਦ ਭੱਟੀ ਦੇ ਨੌਕਰ ਹਨ।”

ਹਾਲਾਂਕਿ, ਆਪਣੇ ਵੀਡੀਓ ਵਿੱਚ ਖ਼ੁਦ ਨੂੰ ਸ਼ਹਿਜ਼ਾਦ ਭੱਟੀ ਦੱਸਣ ਵਾਲੇ ਵਿਅਕਤੀ ਨੇ ਮੰਨਿਆ ਕਿ ਭਾਰਤ ਵਿੱਚ ਕੁਝ ਲੋਕ ਉਸ ਲਈ ਕੰਮ ਕਰਦੇ ਹਨ, ਪਰ ਉਸ ਨੇ ਇਹ ਨਹੀਂ ਦੱਸਿਆ ਕਿ ਇਹ ਕੰਮ ਕਿਸ ਤਰ੍ਹਾਂ ਦਾ ਹੈ।

ਇਸੇ ਤਰ੍ਹਾਂ, 16 ਮਾਰਚ ਨੂੰ ਆਪਣੇ ਫੇਸਬੁੱਕ ਪੇਜ ‘ਤੇ ਜਾਰੀ ਇੱਕ ਵੀਡੀਓ ਵਿੱਚ ਸ਼ਹਿਜ਼ਾਦ ਭੱਟੀ ਨੇ ਕਿਹਾ ਕਿ ਭਾਰਤੀ ਸੰਸਥਾਵਾਂ ਦੇ ਇਸ ਦਾਅਵੇ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ ਕਿ ਅੰਬਾਲਾ ਤੋਂ ਆਰਡੀਐਕਸ ਬਰਾਮਦ ਕੀਤਾ ਗਿਆ ਸੀ।

“ਤੁਸੀਂ ਕਹਿ ਰਹੇ ਹੋ ਕਿ ਆਰਡੀਐਕਸ ਰਾਜਸਥਾਨ ਤੋਂ ਪੰਜਾਬ ਲਿਆਂਦਾ ਗਿਆ, ਉੱਥੋਂ ਅੰਬਾਲਾ ਹੁੰਦੇ ਹੋਏ ਹਨੂੰਮਾਨਗੜ੍ਹ ਅਤੇ ਫਿਰ ਵਾਪਸ ਲਿਆਂਦਾ ਗਿਆ। ਕੀ ਤੁਸੀਂ ਸੁੱਤੇ ਹੋਏ ਸੀ? ਤੁਹਾਡੀਆਂ ਸੰਸਥਾਵਾਂ ਕਿੱਥੇ ਸਨ?”

ਉਨ੍ਹਾਂ ਨੇ ਦਾਅਵਾ ਕੀਤਾ ਕਿ ਜਿਸ ਸੰਸਥਾ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ, ਉਸ ਨੇ ਭਾਰਤੀ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਵਿੱਚ ਫ਼ਰਜ਼ੀ ਪੁਲਿਸ ਮੁਕਾਬਲੇ ਬੰਦ ਨਾ ਹੋਏ ਤਾਂ ਸਰਕਾਰੀ ਸੰਸਥਾਵਾਂ ਜ਼ਿੰਮੇਵਾਰ ਹੋਣਗੀਆਂ।

ਭਾਰਤੀ ਜਾਂਚ ਏਜੰਸੀਆਂ ਵੱਲੋਂ ਆਈਐੱਸਆਈ ਨਾਲ ਉਨ੍ਹਾਂ ਦੇ ਸਬੰਧਾਂ ਦੇ ਇਲਜ਼ਾਮਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, “ਉਹ ਮੈਨੂੰ ਆਈਐੱਸਆਈ ਨਾਲ ਜੋੜਦੇ ਹਨ। ਜੇਕਰ ਮੈਂ ਆਈਐੱਸਆਈ ਦਾ ਕਰਮਚਾਰੀ ਹੁੰਦਾ ਤਾਂ ਮੈਂ ਛੇ ਸਾਲਾਂ ਤੋਂ ਪਾਕਿਸਤਾਨ ਤੋਂ ਬਾਹਰ ਨਾ ਰਹਿ ਰਿਹਾ ਹੁੰਦਾ। ਮੈਂ ਵਾਪਸ ਪਾਕਿਸਤਾਨ ਚਲਾ ਜਾਂਦਾ।”

“ਮੈਂ ਏਜੰਸੀ ਦਾ ਕਰਮਚਾਰੀ ਨਹੀਂ ਹਾਂ। ਮੇਰੀਆਂ ਆਪਣੀਆਂ ਸਮੱਸਿਆਵਾਂ ਹਨ। ਤੁਹਾਡੇ ਹੀ ਗੈਂਗਸਟਰਾਂ ਨਾਲ ਸਾਡੀ ਦੁਸ਼ਮਣੀ ਚੱਲ ਰਹੀ ਹੈ।”

ਸ਼ਹਿਜ਼ਾਦ ਭੱਟੀ

ਤਸਵੀਰ ਸਰੋਤ, .tiktok/shahzadbhatti_3

ਲਾਰੈਂਸ ਬਿਸ਼ਨੋਈ ਨਾਲ ਰਿਸ਼ਤੇ ਦਾ ਦਾਅਵਾ

ਸ਼ਹਿਜ਼ਾਦ ਭੱਟੀ ਨੇ ਇੱਕ ਹੋਰ ਵੀਡੀਓ ਵਿੱਚ ਦਾਅਵਾ ਕੀਤਾ ਕਿ ਉਨ੍ਹਾਂ ਦਾ ਲੰਬੇ ਸਮੇਂ ਤੋਂ ਭਾਰਤੀ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਸਬੰਧ ਰਿਹਾ ਹੈ।

ਉਨ੍ਹਾਂ ਦਾ ਕਹਿਣਾ ਸੀ ਕਿ ਭਾਰਤੀ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਉਨ੍ਹਾਂ ਨੇ ਰਿਸ਼ਤਾ ਸਿਰਫ਼ ਦੋ ਕਾਰਨਾਂ ਕਰਕੇ ਖ਼ਤਮ ਕੀਤਾ ਸੀ। “ਇੱਕ ਤਾਂ ਸਿੱਧੂ ਮੂਸੇਵਾਲਾ ਦੀ ਵਜ੍ਹਾ ਨਾਲ ਅਤੇ ਦੂਜਾ ਇਹ ਕਿ ਉਹ ਆਪਣੇ ਨੌਕਰਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੰਦਾ ਹੈ।”

“ਮੈਂ ਭਾਰਤ ਵਿੱਚ ਆਪਣੇ ਲਈ ਕੰਮ ਕਰਨ ਵਾਲਿਆਂ ਨੂੰ ਕਦੇ ਨਹੀਂ ਛੱਡਿਆ।”

ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਇੱਕ ਡੀਜੀਪੀ ਵੱਲੋਂ ਦਿੱਤੀ ਗਈ ਚੇਤਾਵਨੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਸਿਰਫ਼ ਪਾਕਿਸਤਾਨੀ ਸੰਸਥਾਵਾਂ ਪ੍ਰਤੀ ਜਵਾਬਦੇਹ ਹਨ। “ਜਦੋਂ ਮੈਂ ਪਾਕਿਸਤਾਨ ਜਾਵਾਂਗਾ, ਤਾਂ ਉੱਥੇ ਹੀ ਜਵਾਬ ਦਿਆਂਗਾ।”

“ਮੈਨੂੰ ਤੁਹਾਡੇ ਦੇਸ਼ ਵਿੱਚ ਆਉਣ ਜਾਂ ਉੱਥੇ ਨੈੱਟਵਰਕ ਬਣਾਉਣ ਵਿੱਚ ਕੋਈ ਦਿਲਚਸਪੀ ਨਹੀਂ ਹੈ।”

ਕਈ ਭਾਰਤੀ ਸੋਸ਼ਲ ਮੀਡੀਆ ਯੂਜ਼ਰਾਂ ਅਤੇ ਪੱਤਰਕਾਰਾਂ ਦਾ ਦਾਅਵਾ ਹੈ ਕਿ ਸ਼ਹਿਜ਼ਾਦ ਭੱਟੀ ਯੂਏਈ ਵਿੱਚ ਰਹਿੰਦਾ ਹੈ, ਪਰ ਬੀਬੀਸੀ ਇਸ ਦਾਅਵੇ ਦੀ ਪੁਸ਼ਟੀ ਨਹੀਂ ਕਰਦਾ।

ਇਸ ਸਾਲ 4 ਜੁਲਾਈ ਨੂੰ ਸ਼ਹਿਜ਼ਾਦ ਦੇ ਟਿਕਟੌਕ ਅਕਾਊਂਟ (ਜਿਸ ਦੇ 3.6 ਮਿਲੀਅਨ ਫ਼ਾਲੋਅਰਜ਼ ਹਨ) ‘ਤੇ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ ਉਸ ਨੂੰ ਦੁਬਈ ਦੇ ਇੱਕ ਰੈਸਟੋਰੈਂਟ ਵਿੱਚ ਬੈਠਾ ਦੇਖਿਆ ਜਾ ਸਕਦਾ ਹੈ।

31 ਜਨਵਰੀ, 2025 ਨੂੰ ਫੇਸਬੁੱਕ ‘ਤੇ ਪੋਸਟ ਕੀਤੀਆਂ ਤਸਵੀਰਾਂ ਵਿੱਚ ਸ਼ਹਿਜ਼ਾਦ ਨੂੰ ਦੁਬਈ ਮਾਲ ਵਿੱਚ ਵੀ ਦੇਖਿਆ ਜਾ ਸਕਦਾ ਹੈ।

ਭਾਰਤੀ ਪੱਤਰਕਾਰ ਪ੍ਰਵੀਣ ਸਵਾਮੀ ਨੇ ਐਕਸ ‘ਤੇ ਲਿਖਿਆ, “ਮੈਨੂੰ ਹੈਰਾਨੀ ਹੈ ਕਿ ਯੂਏਈ, ਜੋ ਮੱਧ ਪੂਰਬ ਵਿੱਚ ਭਾਰਤ ਦਾ ਸਭ ਤੋਂ ਕਰੀਬੀ ਭਾਈਵਾਲ ਹੈ, ਨੇ ਅਜੇ ਤੱਕ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ, ਜਿਸ ‘ਤੇ ਭਾਰਤ ਦੇ ਖ਼ਿਲਾਫ਼ ਅੱਤਵਾਦ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਹੈ।”

“ਅਮੀਰਾਤੀ ਸੁਰੱਖਿਆ ਏਜੰਸੀਆਂ ਬਹੁਤ ਪ੍ਰਭਾਵਸ਼ਾਲੀ ਹਨ ਅਤੇ ਪਹਿਲਾਂ ਵੀ ਭਾਰਤ ਦੀ ਬੇਨਤੀ ‘ਤੇ ਉਮੀਦ ਤੋਂ ਵੱਧ ਸਹਿਯੋਗ ਕਰਦੀਆਂ ਰਹੀਆਂ ਹਨ, ਇਸ ਲਈ ਇਹ ਮਾਮਲਾ ਖ਼ਾਸ ਤੌਰ ‘ਤੇ ਅਹਿਮ ਹੈ।”

ਸ਼ਹਿਜ਼ਾਦ ਭੱਟੀ ਅਤੇ ਫ਼ਾਰੂਖ਼ ਇਮਤਿਆਜ਼ ਖੋਖਰ

ਤਸਵੀਰ ਸਰੋਤ, Facebook/OfficialShahzadBhatti

9 ਸਤੰਬਰ, 2025 ਦੇ ਇੱਕ ਹੋਰ ਵੀਡੀਓ ਵਿੱਚ ਸ਼ਹਿਜ਼ਾਦ ਦੁਬਈ ਕ੍ਰੀਕ ਵਿੱਚ ਇੱਕ ਕਰੂਜ਼ ‘ਤੇ ਦੋਸਤਾਂ ਨਾਲ ਨਜ਼ਰ ਆ ਰਿਹਾ ਹੈ।

ਉਸ ਦੇ ਟਿਕਟੌਕ ਅਕਾਊਂਟ ‘ਤੇ ਪੋਸਟ ਕੀਤੇ ਗਏ ਕਈ ਵੀਡੀਓਜ਼ ਵਿੱਚ ਬੈਕਗ੍ਰਾਊਂਡ ਮਿਊਜ਼ਿਕ ਭਾਰਤੀ ਚੈਨਲਾਂ ‘ਤੇ ਉਸ ਨਾਲ ਜੁੜੀਆਂ ਖ਼ਬਰਾਂ ਦਾ ਹੈ, ਜਿਨ੍ਹਾਂ ਵਿੱਚ ਉਸ ਨੂੰ ਭਾਰਤ ਵਿੱਚ ਹਮਲਿਆਂ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।

ਸ਼ਹਿਜ਼ਾਦ ਦੇ ਕਈ ਵੀਡੀਓਜ਼ ਅਤੇ ਤਸਵੀਰਾਂ ਵਿੱਚ ਉਹ ਜਮੀਅਤ ਉਲੇਮਾ-ਏ-ਇਸਲਾਮ (ਐੱਫ) ਦੇ ਆਗੂ ਫ਼ਾਰੂਖ਼ ਇਮਤਿਆਜ਼ ਖੋਖਰ ਨਾਲ ਵੀ ਨਜ਼ਰ ਆ ਰਿਹਾ ਹੈ।

ਫ਼ਾਰੂਖ਼ ਇਮਤਿਆਜ਼ ਖੋਖਰ ਰਾਵਲਪਿੰਡੀ ਅਤੇ ਇਸਲਾਮਾਬਾਦ ਵਿੱਚ ਪ੍ਰਭਾਵਸ਼ਾਲੀ ਮੰਨੇ ਜਾਣ ਵਾਲੇ ਖੋਖਰ ਪਰਿਵਾਰ ਨਾਲ ਸਬੰਧਤ ਹਨ।

ਉਹ ਇਮਤਿਆਜ਼ ਉਰਫ਼ ਤਾਜੀ ਖੋਖਰ ਦੇ ਪੁੱਤਰ ਹਨ, ਜੋ ਨੈਸ਼ਨਲ ਅਸੈਂਬਲੀ ਦੇ ਸਾਬਕਾ ਡਿਪਟੀ ਸਪੀਕਰ ਹਾਜੀ ਨਵਾਜ਼ ਖੋਖਰ ਦੇ ਭਤੀਜੇ ਅਤੇ ਸਾਬਕਾ ਸੈਨੇਟਰ ਮੁਸਤਫ਼ਾ ਨਵਾਜ਼ ਖੋਖਰ ਦੇ ਚਚੇਰੇ ਭਰਾ ਹਨ।

ਉਹ ਕਾਰੋਬਾਰ, ਭਲਾਈ ਅਤੇ ਸੋਸ਼ਲ ਮੀਡੀਆ ਗਤੀਵਿਧੀਆਂ ਵਿੱਚ ਵੀ ਸਰਗਰਮ ਰਹੇ ਹਨ। ਹਾਲਾਂਕਿ, ਉਨ੍ਹਾਂ ਦਾ ਨਾਮ ਕਈ ਮਾਮਲਿਆਂ ਵਿੱਚ ਸਾਹਮਣੇ ਆਉਂਦਾ ਰਿਹਾ ਹੈ, ਜਿਨ੍ਹਾਂ ਵਿੱਚ ਕਤਲ ਅਤੇ ਐਂਟੀ-ਟੈਰਰਿਜ਼ਮ ਐਕਟ ਨਾਲ ਜੁੜੇ ਮਾਮਲੇ ਵੀ ਸ਼ਾਮਲ ਹਨ।

14 ਜੁਲਾਈ 2026 ਨੂੰ ਰਾਵਲਪਿੰਡੀ ਦੀ ਇੱਕ ਅਦਾਲਤ ਨੇ ਉਨ੍ਹਾਂ ਅਤੇ ਦੋ ਹੋਰ ਮੁਲਜ਼ਮਾਂ ਨੂੰ ਮਾਜਿਦ ਸੱਤੀ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI