Source :- BBC PUNJABI

ਸ਼ੁਭਮਨ ਗਿੱਲ

ਤਸਵੀਰ ਸਰੋਤ, Reuters

ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਬੱਲੇਬਾਜ਼ ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ।

ਰੋਹਿਤ ਸ਼ਰਮਾ ਵੱਲੋਂ ਸੰਨਿਆਸ ਦੇ ਐਲਾਨ ਬਾਅਦ ਵਿਰਾਟ ਕੋਹਲੀ ਨੇ ਵੀ ਟੈਸਟ ਕ੍ਰਿਕਟ ਨੂੰ ਅਲਵਿਦਾ ਆਖ ਦਿੱਤੀ ਹੈ। ਭਾਰਤੀ ਕ੍ਰਿਕਟ ਟੀਮ ਨੇ ਆਈਪੀਐੱਲ ਖ਼ਤਮ ਹੋਣ ਤੋਂ ਬਾਅਦ ਜੂਨ ਵਿੱਚ ਇੰਗਲੈਂਡ ਦੌਰੇ ‘ਤੇ ਜਾਣਾ ਹੈ।

ਇੰਗਲੈਂਡ ਦੌਰੇ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਨਵੇਂ ਗੇੜ ਦੀ ਸ਼ੁਰੂਆਤ ਹੋਵੇਗੀ। ਭਾਰਤ ਨੇ 20 ਜੂਨ ਤੋਂ ਇੰਗਲੈਂਡ ਦੇ ਖ਼ਿਲਾਫ਼ 5 ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ।

ਇਸ ਲੜੀ ਲਈ ਬੀਸੀਸੀਆਈ ਜਲਦ ਹੀ ਟੀਮ ਦਾ ਐਲਾਨ ਕਰ ਸਕਦੀ ਹੈ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਗ਼ੈਰ-ਮੌਜੂਦਗੀ ਵਿੱਚ ਟੀਮ ਇੰਡੀਆ ਦਾ ਅਗਲਾ ਕਪਤਾਨ ਕੌਣ ਹੋਵੇਗਾ?

ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ

ਤਸਵੀਰ ਸਰੋਤ, Getty Images

ਕਪਤਾਨ ਬਣਨ ਦੀ ਦੌੜ ਵਿੱਚ ਕੌਣ ਕੌਣ ਦਾਅਵੇਦਾਰ?

ਭਾਰਤੀ ਟੈਸਟ ਟੀਮ ਲਈ ਕਪਤਾਨ ਬਣਨ ਦੀ ਦੌੜ ਵਿੱਚ ਕਈ ਨਾਮਾਂ ਦੀ ਚਰਚਾ ਚੱਲ ਰਹੀ ਹੈ। ਇਸ ਵਿੱਚ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ, ਕੇਐੱਲ ਰਾਹੁਲ ਅਤੇ ਰਿਸ਼ਭ ਪੰਤ ਸ਼ਾਮਲ ਹਨ। ਇਨ੍ਹਾਂ ‘ਚੋਂ ਚੋਣਕਾਰ ਕਿਸ ‘ਤੇ ਭਰੋਸਾ ਜਤਾਉਂਦੇ ਹਨ ਇਹ ਆਉਣ ਵਾਲੇ ਕੁਝ ਦਿਨਾਂ ਵਿੱਚ ਸਾਫ਼ ਹੋ ਜਾਵੇਗਾ।

ਇਨ੍ਹਾਂ ‘ਚੋਂ ਕੋਈ ਵੀ ਭਾਰਤੀ ਟੈਸਟ ਟੀਮ ਦਾ ਕਪਤਾਨ ਬਣਦਾ ਹੈ ਤਾਂ ਇਹ ਪਹਿਲੀ ਵਾਰੀ ਹੋਵੇਗਾ ਕਿ ਭਾਰਤੀ ਕ੍ਰਿਕਟ ਟੀਮ ਦੇ ਤਿੰਨੋਂ ਫਾਰਮੈਟ ਵਿੱਚ ਵੱਖੋ ਵੱਖਰੇ ਕਪਤਾਨ ਹੋਣਗੇ।

ਰੋਹਿਤ ਸ਼ਰਮਾ ਨੇ ਟੈਸਟ ਤੇ ਟੀ-20 ਕ੍ਰਿਕਟ ਤੋਂ ਸੰਨਿਆਸ ਲਿਆ ਹੈ, ਵਨਡੇ ਵਿੱਚ ਫਿਲਹਾਲ ਰੋਹਿਤ ਹੀ ਕਪਤਾਨ ਹਨ। ਟੀ-20 ਵਿੱਚ ਭਾਰਤੀ ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਹਨ।

ਭਾਰਤੀ ਕ੍ਰਿਕਟ ਨਾਲ ਜੁੜੇ ਇੱਕ ਅਧਿਕਾਰੀ ਦੇ ਮੁਤਾਬਕ ਪੰਜਾਬ ਦੇ ਰਹਿਣ ਵਾਲੇ ਸ਼ੁਭਮਨ ਗਿੱਲ ਇਸ ਦੌੜ ਵਿੱਚ ਸਭ ਤੋਂ ਅੱਗੇ ਹਨ।

ਉਨ੍ਹਾਂ ਮੁਤਾਬਕ, “ਸਾਡੇ ਕੋਲ ਬਹੁਤ ਸਾਰੇ ਬਦਲ ਨਹੀਂ ਹਨ ਅਤੇ ਕਿਸੇ ਨਾ ਕਿਸੇ ਪੱਧਰ ‘ਤੇ ਕਿਸੇ ਨੂੰ ਇਹ ਕੰਮ ਸਿੱਖਣਾ ਹੋਵੇਗਾ।”

ਗਿੱਲ ਇੱਕ ਚੰਗਾ ਖਿਡਾਰੀ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਆਈਪੀਐੱਲ ਵਿੱਚ ਇਸ ਸਾਲ ਵੀ ਗੁਜਰਾਤ ਦੇ ਲਈ ਚੰਗਾ ਪ੍ਰਦਰਸ਼ਨ ਕੀਤਾ ਹੈ।

ਜਸਪ੍ਰੀਤ ਬੁਮਰਾਹ ਇੱਕ ਸਮੇਂ ਟੀਮ ਦੇ ਉਪ ਕਪਤਾਨ ਸਨ। ਪਿਛਲੇ ਸਾਲ ਆਸਟ੍ਰੇਲੀਆ ਦੇ ਦੌਰੇ ਉੱਤੇ ਜਦੋਂ ਰੋਹਿਤ ਸ਼ਰਮਾ ਨਹੀਂ ਖੇਡ ਰਹੇ ਸਨ ਤਾਂ ਜਸਪ੍ਰੀਤ ਬੁਮਰਾਹ ਨੇ ਟੀਮ ਦੀ ਕਪਤਾਨੀ ਕੀਤੀ ਸੀ।

ਉਸ ਵੇਲੇ ਉਨ੍ਹਾਂ ਨੂੰ ਭਵਿੱਖ ਦੇ ਕਪਤਾਨ ਵਜੋਂ ਦੇਖਿਆ ਜਾ ਰਿਹਾ ਸੀ।

ਸ਼ੁਭਮਨ ਗਿੱਲ

ਤਸਵੀਰ ਸਰੋਤ, Getty Images

ਸ਼ੁਭਮਨ ਗਿੱਲ ਕਿਉਂ ਹਨ ਕਪਤਾਨ ਬਣਨ ਦੀ ਦੌੜ ‘ਚ

ਸ਼ੁਭਮਨ ਗਿੱਲ ਦੇ ਟੈਸਟ ਟੀਮ ਦਾ ਕਪਤਾਨ ਬਣਨ ਦੀਆਂ ਕਿਆਸਆਰੀਆਂ ਬਾਰੇ ਬੀਬੀਸੀ ਨਾਲ ਗੱਲਬਾਤ ਦੌਰਾਨ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਖਿਡਾਰੀ ਅਤੁਲ ਵਾਸਨ ਕਹਿੰਦੇ ਹਨ ਕਿ ਗਿੱਲ ਕਪਤਾਨੀ ਲਈ ਸਹੀ ਚੋਣ ਹਨ।

ਹਾਲਾਂਕਿ ਅਤੁਲ ਵਾਸਨ ਕਹਿੰਦੇ ਹਨ ਕਿ ਚੋਣਕਰਤਾਵਾਂ ਨੂੰ ਪਹਿਲਾਂ ਟੀਮ ਚੁਣਨੀ ਚਾਹੀਦੀ ਹੈ ਜਿਸ ਵਿੱਚ ਚੰਗਾ ਤਾਲਮੇਲ ਹੋਵੇ। ਟੀਮ ਬਣਨ ਦੇ ਬਾਅਦ ਕਪਤਾਨ ਦੀ ਚੋਣ ਕਰਨੀ ਚਾਹੀਦੀ ਹੈ।

ਅਤੁਲ ਵਾਸਨ ਕਹਿੰਦੇ ਹਨ, “ਸ਼ੁਭਮਨ ਗਿੱਲ ਤਿੰਨੋਂ ਫਾਰਮੈਟ ਖੇਡ ਰਹੇ ਹਨ, ਉਨ੍ਹਾਂ ਵਿੱਚ ਕਾਬਲੀਅਤ ਹੈ ਟੀਮ ਨੂੰ ਨਾਲ ਲੈ ਕੇ ਚੱਲਣ ਦੀ। ਉਨ੍ਹਾਂ ਵਿੱਚ ਹਰ ਉਹ ਗੁਣ ਹੈ ਜੋ ਕਪਤਾਨ ਵਿੱਚ ਹੋਣੇ ਚਾਹੀਦੇ ਹਨ। ਸ਼ੁਭਮਨ ਗਿੱਲ ਦੀ ਵਿਸ਼ਵ ਕ੍ਰਿਕਟ ਵਿੱਚ ਰੈਂਕਿੰਗ ਵੀ ਚੰਗੀ ਹੈ। ਇਸ ਲਈ ਉਹ ਕਪਤਾਨੀ ਲਈ ਫਿੱਟ ਬੈਠਦੇ ਹਨ।”

ਕੇਐੱਲ ਰਾਹੁਲ ਦੇ ਨਾਮ ਦੀ ਚਰਚਾ ਨੂੰ ਅਤੁਲ ਵਾਸਨ ਨੇ ਸਿਰੇ ਤੋਂ ਖਾਰਜ ਕਰ ਦਿੱਤਾ। ਅਤੁਲ ਵਾਸਨ ਕਹਿੰਦੇ ਹਨ ਕਿ ਕੇ ਐਲ ਰਾਹੁਲ 6 ਮਹੀਨੇ ਪਹਿਲਾਂ ਤੋਂ ਚੰਗਾ ਪ੍ਰਦਰਸ਼ਨ ਕਰਨ ਲੱਗੇ ਹਨ। ਅਚਾਨਕ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਕਪਤਾਨ ਬਣਾਉਣਾ ਵੀ ਸਹੀ ਨਹੀਂ ਹੋਵੇਗਾ।

ਉਹ ਕਹਿੰਦੇ ਹਨ, “ਕਪਤਾਨ ਉਹ ਹੋਣਾ ਚਾਹੀਦਾ ਹੈ ਜੋ ਲਗਾਤਾਰ ਟੀਮ ਲਈ ਚੰਗਾ ਪ੍ਰਦਰਸ਼ਨ ਕਰੇ। ਅਤੁਲ ਵਾਸਨ ਇਹ ਵੀ ਕਹਿੰਦੇ ਹਨ ਕਿ ਕੇ ਐਲ ਰਾਹੁਲ ਕਪਤਾਨ ਲਈ ਚੰਗੇ ਦਾਅਵੇਦਾਰ ਨਹੀਂ ਹਨ ਉਨ੍ਹਾਂ ਨੂੰ ਉਪ ਕਪਤਾਨ ਬਣਾਉਣਾ ਸਹੀ ਹੋਵੇਗਾ।”

ਜਸਪ੍ਰੀਤ ਬੁਮਰਾਹ ਦੇ ਕਪਤਾਨ ਬਣਨ ਬਾਰੇ ਅਤੁਲ ਵਾਸਨ ਕਹਿੰਦੇ ਹਨ, “ਮੇਰੀ ਪਹਿਲੀ ਚੋਣ ਓਹੀ ਹਨ ਕਪਤਾਨ ਬਣਨ ਲਈ। ਪਰ ਜਦੋਂ ਫਿਟਨੈਸ ਦਾ ਸਵਾਲ ਆਉਂਦਾ ਹੈ ਤਾਂ ਉਸ ਕਾਰਨ ਉਹ ਕਪਤਾਨ ਲਈ ਫਿੱਟ ਨਹੀਂ ਬੈਠਦੇ।”

“ਜੇਕਰ ਜਸਪ੍ਰੀਤ ਬੁਮਰਾਹ ਨੂੰ ਕਪਤਾਨ ਬਣਾਇਆ ਜਾਵੇਗਾ ਤਾਂ ਕਪਤਾਨੀ ਦੇ ਬੋਝ ਹੇਠ ਹੋਰ ਚੰਗਾ ਪ੍ਰਦਰਸ਼ਨ ਕਰਨ ਦੇ ਚੱਕਰ ਵਿੱਚ ਅਨਫਿੱਟ ਵੀ ਹੋ ਸਕਦੇ ਹਨ, ਇਸ ਲਈ ਜਸਪ੍ਰੀਤ ਬੁਮਰਾਹ ਨੂੰ ਜੇਕਰ ਲੰਬਾ ਸਮਾਂ ਖਿਡਾਉਣਾ ਹੈ ਤਾਂ ਉਨ੍ਹਾਂ ‘ਤੇ ਕਪਤਾਨੀ ਦਾ ਬੋਝ ਨਹੀਂ ਪਾਉਣਾ ਚਾਹੀਦਾ।”

ਇਹ ਵੀ ਪੜ੍ਹੋ-

‘ਸ਼ੁਭਮਨ ਗਿੱਲ ਨੂੰ ਕਪਤਾਨ ਬਣਾਉਣ ਦਾ ਸਹੀ ਸਮਾਂ’

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਹਰਵਿੰਦਰ ਸਿੰਘ ਵੀ ਸ਼ੁਭਮਨ ਗਿੱਲ ਦੇ ਕਪਤਾਨ ਚੁਣੇ ਜਾਣ ਲਈ ਹਾਮੀ ਭਰਦੇ ਹਨ।

ਹਰਵਿੰਦਰ ਸਿੰਘ ਚੋਣਕਾਰ ਦੇ ਪੈਨਲ ਵਿੱਚ ਵੀ ਰਹਿ ਚੁੱਕੇ ਹਨ। ਹਰਵਿੰਦਰ ਸਿੰਘ ਕਹਿੰਦੇ ਹਨ ਇਹ ਸਹੀ ਸਮਾਂ ਹੈ ਜਦੋਂ ਸ਼ੁਭਮਨ ਗਿੱਲ ‘ਤੇ ਇਨਵੈਸਟ ਕਰਨ ਦਾ।

ਸ਼ੁਭਮਨ ਗਿੱਲ ਸ਼ਾਂਤ ਸੁਭਾਅ ਦੇ ਹਨ, ਉਹ ਪੰਜਾਬ ਟੀਮ ਦੇ ਵੀ ਕਪਤਾਨ ਰਹਿ ਚੁੱਕੇ ਹਨ। ਵਨਡੇ ਅਤੇ ਟੈਸਟ ਕ੍ਰਿਕਟ ਦੇ ਕਪਤਾਨ ਬਣਨ ਦੇ ਉਹ ਪੂਰੀ ਤਰ੍ਹਾਂ ਕਾਬਲ ਹਨ।

ਹਰਵਿੰਦਰ ਸਿੰਘ ਕੇਐੱਲ ਰਾਹੁਲ ਬਾਰੇ ਕਹਿੰਦੇ ਹਨ, “ਬਤੌਰ ਖਿਡਾਰੀ ਉਹ ਚੰਗੇ ਹਨ, ਪਰ ਕਪਤਾਨ ਇਸ ਲਈ ਉਨ੍ਹਾਂ ਨੂੰ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਉਨ੍ਹਾਂ ਨੇ ਲਗਾਤਾਰ ਰਨ ਨਹੀਂ ਬਣਾਏ ਹਨ।”

ਹਰਵਿੰਦਰ ਸਿੰਘ ਜਸਪ੍ਰੀਤ ਬੁਮਰਾਹ ਬਾਰੇ ਕਹਿੰਦੇ ਹਨ, “ਇਹ ਸੱਚਾਈ ਹੈ ਕਿ ਟੀਮ ਵਿੱਚ ਉਨ੍ਹਾਂ ਜਿਹਾ ਕੋਈ ਹੋਰ ਸੀਨੀਅਰ ਖਿਡਾਰੀ ਨਹੀਂ ਹੈ। ਇਕ ਤੇਜ਼ ਗੇਂਦਬਾਜ਼ ‘ਤੇ ਆਪਣੀ ਫਿਟਨੈਸ ਨੂੰ ਲੈ ਕੇ ਕਾਫੀ ਦਬਾਅ ਹੁੰਦਾ ਹੈ। ਪੰਜ ਦਿਨ ਦੇ ਟੈਸਟ ਮੈਚ ਵਿੱਚ ਤੇਜ਼ ਗੇਂਦਬਾਜ਼ ਨੂੰ ਆਰਾਮ ਵੀ ਚਾਹੀਦਾ ਹੁੰਦਾ ਇਸ ਲਈ ਉਨ੍ਹਾਂ ਨੂੰ ਕਪਤਾਨੀ ਦੇਣਾ ਸਹੀ ਨਹੀਂ ਹੋਵੇਗਾ।”

ਕੇਐੱਲ ਰਾਹੁਲ

ਤਸਵੀਰ ਸਰੋਤ, Getty Images

ਭਾਰਤੀ ਟੈਸਟ ਟੀਮ ਦੇ ਕਪਤਾਨ ਦੀਆਂ ਚਰਚਾਵਾਂ ਵਿਚਾਲੇ ਸੀਨੀਅਰ ਖੇਡ ਪੱਤਰਕਾਰ ਸ਼ੇਖਰ ਲੁਥਰਾ ਕਹਿੰਦੇ ਹਨ ਕਿ ਕੇਐੱਲ ਰਾਹੁਲ ਟੀਮ ਦੇ ਕਪਤਾਨ ਹੋਣੇ ਚਾਹੀਦੇ ਹਨ।

ਲੂਥਰਾ ਦਾ ਕਹਿਣਾ ਹੈ ਕਿ ਕੇਐੱਲ ਰਾਹੁਲ ਕੋਲ ਤਜ਼ਰਬਾ ਜ਼ਿਆਦਾ ਹੈ। ਇਸ ਲਈ ਉਹ ਵੱਡੇ ਦਾਅਵੇਦਾਰ ਹਨ। ਕੇਐੱਲ ਰਾਹੁਲ ਨੇ ਆਪਣੇ ਆਪ ਨੂੰ ਸਾਬਿਤ ਵੀ ਕੀਤਾ ਹੈ ਅਤੇ ਉਹ ਲੰਬੇ ਸਮੇਂ ਤੋਂ ਟੀਮ ਦੇ ਜੁੜੇ ਹੋਏ ਹਨ। ਕੇਐੱਲ ਦਬਾਅ ਝੱਲਣ ਲਈ ਵੀ ਪੂਰੀ ਕਾਬਲੀਅਤ ਰੱਖਦੇ ਹਨ।

ਸ਼ੁਭਮਨ ਗਿੱਲ ਦੇ ਨਾਮ ਦੀਆਂ ਚੱਲ ਰਹੀਆਂ ਚਰਚਾਵਾਂ ਨੂੰ ਹਾਲਾਂਕਿ ਸ਼ੇਖਰ ਲੂਥਰਾ ਨੇ ਨਕਾਰਿਆ ਨਹੀਂ। ਉਨ੍ਹਾਂ ਦਾ ਕਹਿਣਾ ਕਿ ਸ਼ੁਭਮਨ ਗਿੱਲ ਇਕ ਹੋਣਹਾਰ ਖਿਡਾਰੀ ਹਨ ਤੇ ਭਾਰਤੀ ਕ੍ਰਿਕਟ ਦਾ ਭਵਿੱਖ ਵੀ ਹਨ।

ਉਹ ਕਹਿੰਦੇ ਹਨ, “ਸ਼ੁਭਮਨ ਵਿੱਚ ਕਾਬਲੀਅਤ ਵੀ ਬਹੁਤ ਹੈ। ਉਹ ਕਹਿੰਦੇ ਹਨ ਕਿ ਮੇਰਾ ਮੰਨਣਾ ਹੈ ਕਿ ਸ਼ੁਭਮਨ ਨੂੰ ਫਿਲਹਾਲ ਇਸ ਦਬਾਅ ਤੋਂ ਦੂਰ ਰੱਖਣਾ ਚਾਹੀਦਾ ਹੈ, ਕਿਉਂਕਿ ਕਪਤਾਨ ਬਣਨ ਲਈ ਉਨ੍ਹਾਂ ਕੋਲ ਬਹੁਤ ਸਮਾਂ ਹੈ। ਕਈ ਵਾਰ ਜਲਦੀ ਕਪਤਾਨ ਬਣਾਉਣ ਨਾਲ ਉਸ ਦਾ ਅਸਰ ਖੇਡ ‘ਤੇ ਵੀ ਪੈ ਸਕਦਾ ਹੈ।”

ਲੂਥਰਾ ਦਾ ਮੰਨਣਾ ਹੈ ਜੇਕਰ ਸ਼ੁਭਮਨ ਕਪਤਾਨ ਬਣਦੇ ਹਨ ਤਾਂ ਉਨ੍ਹਾਂ ਲਈ ਪਹਿਲਾ ਹੀ ਦੌਰਾ ਚੁਣੌਤੀ ਭਰਿਆ ਹੋਵੇਗਾ ਜੋ ਕਿ ਇੰਗਲੈਂਡ ਨਾਲ ਉਸੇ ਦੀ ਧਰਤੀ ‘ਤੇ ਖੇਡਣਾ ਹੈ।

ਲੂਥਰਾ ਇਹ ਵੀ ਮੰਨਦੇ ਹਨ ਕਿ ਕਈ ਵਾਰ ਖਿਡਾਰੀ ‘ਤੇ ਪਾਇਆ ਹੋਇਆ ਦਬਾਅ ਉਸ ਨੂੰ ਹੋਰ ਵੀ ਨਿਖਾਰ ਦਿੰਦਾ ਹੈ। ਇਸ ਲਈ ਇਹ ਵੀ ਸੰਭਾਵਨਾ ਹਨ ਕਿ ਸ਼ੁਭਮਨ ਗਿੱਲ ਕਪਤਾਨੀ ਮਿਲਣ ‘ਤੇ ਹੋਰ ਵੀ ਨਿੱਖਰ ਕੇ ਸਾਹਮਣੇ ਆਉਣ।

ਰਿਸ਼ਭ ਪੰਤ

ਤਸਵੀਰ ਸਰੋਤ, Getty Images

ਰਿਸ਼ਭ ਪੰਤ ਤੇ ਸ਼ੁਭਮਨ ਗਿੱਲ ‘ਚੋਂ ਕੌਣ ਬਿਹਤਰ ?

ਟੈਸਟ ਟੀਮ ਦਾ ਕਪਤਾਨ ਬਣਨ ਦੀਆਂ ਚਰਚਾਵਾਂ ਖੱਬੇ ਹੱਥ ਦੇ ਬੱਲੇਬਾਜ਼ ਰਿਸ਼ਭ ਪੰਤ ਦੀਆਂ ਵੀ ਹਨ।

ਹਾਲਾਂਕਿ ਇਸ ਬਾਰੇ ਖੇਡ ਪੱਤਰਤਾਰ ਸ਼ਿਖਰ ਲੂਥਰਾ ਕਹਿੰਦੇ ਹਨ ਕਿ ਰਿਸ਼ਭ ਪੰਤ ਇਸ ਵਿੱਚ ਫਿੱਟ ਨਹੀਂ ਬੈਠਦੇ। ਕਿਉਂਕਿ ਰਿਸ਼ਭ ਪੰਤ ਦੀ ਹਾਲੀਆ ਫਾਰਮ ਚੰਗੀ ਨਹੀਂ ਰਹੀ ਹੈ। ਉਹ ਕ੍ਰਿਕਟ ਦੇ ਤਿੰਨੋ ਫਾਰਮੈਟ ਵੀ ਨਹੀਂ ਖੇਡ ਰਹੇ।

ਹਾਲਾਂਕਿ ਕਿ ਉਨ੍ਹਾਂ ਕਿ ਰਿਸ਼ਭ ਪੰਤ ਨੇ ਆਸਟ੍ਰੇਲੀਆ ਵਿੱਚ ਟੈਸਟ ਮੈਚਾਂ ਵਿੱਚ ਚੰਗੀਆਂ ਪਾਰੀਆਂ ਜ਼ਰੂਰ ਖੇਡੀਆਂ ਹਨ ਪਰ ਉਹ ਲਗਾਤਾਰ ਟੀਮ ਨੂੰ ਚੰਗਾ ਪ੍ਰਦਰਸ਼ਨ ਦੇਣ ਵਿੱਚ ਨਾਕਾਮ ਰਹੇ ਹਨ।

ਇਸੇ ਲਈ ਰਿਸ਼ਭ ਪੰਤ ਤੇ ਸ਼ੁਭਮਨ ‘ਚੋਂ ਸ਼ਿਖਰ ਲੂਥਰਾ ਗਿੱਲ ਨੂੰ ਅੱਗੇ ਮੰਨਦੇ ਹਨ। ਕਿਉਂਕਿ ਸ਼ੁਭਮਨ ਗਿੱਲ ਨੇ ਕ੍ਰਿਕਟ ਦੇ ਤਿੰਨੇ ਫਾਰਮੈਟ ‘ਚੋਂ ਚੰਗਾ ਪ੍ਰਦਰਸ਼ਨ ਕਰਕੇ ਦਿਖਾਇਆ ਹੈ।

ਸ਼ੁਭਮਨ ਗਿੱਲ

ਆਈਪੀਐੱਲ ਵਿੱਚ ਸ਼ੁਭਮਨ ਗਿੱਲ ਕਰ ਰਹੇ ਕਮਾਲ

ਸ਼ੁਭਮਨ ਗਿੱਲ ਦੇ ਕਪਤਾਨ ਬਣਨ ਦੀਆਂ ਚਰਚਾਵਾਂ ਦਰਮਿਆਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਦਿਲਸ਼ੇਰ ਖੰਨਾ ਨੇ ਕਿਹਾ, “ਪੰਜਾਬ ਲਈ ਚੰਗੀ ਗੱਲ ਹੋਵੇਗੀ ਕਿ ਜੇਕਰ ਉਹ ਟੈਸਟ ਕ੍ਰਿਕਟ ਟੀਮ ਦੇ ਕਪਤਾਨ ਬਣਦੇ ਹਨ।”

“ਸ਼ੁਭਮਨ ਨੂੰ ਜਦੋਂ ਵੀ ਇੰਨੀ ਘੱਟ ਉਮਰ ਵਿੱਚ ਕੋਈ ਜ਼ਿੰਮੇਦਾਰੀ ਮਿਲੀ ਹੈ ਉਨ੍ਹਾਂ ਨੇ ਉਸ ਨੂੰ ਬਾਖੂਬੀ ਨਿਭਾਇਆ ਹੈ। ਆਈਪੀਐੱਲ ਵਿੱਚ ਗੁਜਰਾਤ ਟੀਮ ਦੀ ਕਪਤਾਨੀ ਦੌਰਾਨ ਉਨ੍ਹਾਂ ਨੇ ਆਪਣੀ ਕਾਬਲੀਅਤ ਨੂੰ ਸਾਬਿਤ ਵੀ ਕੀਤਾ ਹੈ। ਸ਼ੁਭਮਨ ਹੋਣਹਾਰ ਖਿਡਾਰੀ ਹੈ ਤੇ ਭਾਰਤੀ ਕ੍ਰਿਕਟ ਦੀ ਭਵਿੱਖ ਵੀ।”

ਸ਼ੁਭਮਨ ਗਿੱਲ ਦਾ ਮੌਜੂਦਾ ਆਈਪੀਐੱਲ ਸੀਜ਼ਨ

ਆਈਪੀਐੱਲ ਵਿੱਚ ਸ਼ੁਭਮਨ ਦੀ ਕਪਤਾਨੀ ਵਿੱਚ ਗੁਜਰਾਤ ਟਾਈਟਨਜ਼ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।

ਗੁਜਰਾਤ ਨੇ ਹੁਣ ਤੱਕ 11 ਮੈਚਾਂ ‘ਚੋਂ 8 ਮੈਚ ਜਿੱਤੇ ਹਨ। ਅੰਕ ਸੂਚੀ ਵਿੱਚ ਗੁਜਾਰਤ ਦੀ ਟੀਮ 16 ਅੰਕਾਂ ਨਾਲ ਸਿਖਰ ‘ਤੇ ਹੈ। ਇਸ ਆਈਪੀਐੱਲ ਸੀਜ਼ਨ ਵਿੱਚ ਸ਼ੁਭਮਨ ਗਿੱਲ ਹੁਣ ਤੱਕ 508 ਦੌੜਾਂ ਬਣਾ ਚੁੱਕੇ ਹਨ। ਜਿਸ ਵਿੱਚ ਉਨ੍ਹਾਂ ਨੇ 5 ਅਰਧ ਸੈਂਕੜੇ ਵੀ ਜੜੇ ਹਨ।

ਸ਼ੁਭਮਨ ਗਿੱਲ

ਤਸਵੀਰ ਸਰੋਤ, Getty Images

ਸ਼ੁਭਮਨ ਗਿੱਲ ਦਾ ਟੈਸਟ ਕਰੀਅਰ

25 ਸਾਲ ਦੇ ਸ਼ੁਭਮਨ ਗਿੱਲ ਨੇ ਆਪਣੇ ਟੈਸਟ ਜੀਵਨ ਦੀ ਸ਼ੁਰੂਆਤ 2020 ਵਿੱਚ ਆਸਟ੍ਰੇਲੀਆ ਦੇ ਖ਼ਿਲਾਫ਼ ਕੀਤੀ ਸੀ। ਸ਼ੁਭਮਨ ਨੇ ਹੁਣ ਤੱਕ 32 ਟੈਸਟ ਮੈਚ ਖੇਡੇ ਹਨ।

ਇਨ੍ਹਾਂ 32 ਮੈਚਾਂ ਦੀਆਂ 59 ਪਾਰੀਆਂ ਵਿੱਚ ਸ਼ੁਭਮਨ ਨੇ 35 ਦੀ ਔਸਤ ਨਾਲ 1893 ਦੌੜਾਂ ਬਣਾਈਆਂ ਹਨ। ਇਸ ਵਿੱਚ 5 ਸੈਂਕੜੇ ਅਤੇ 7 ਅਰਧ ਸੈਂਕੜੇ ਸ਼ਾਮਿਲ ਹਨ। ਟੈਸਟ ਕ੍ਰਿਕਟ ਵਿੱਚ ਸ਼ੁਭਮਨ ਗਿੱਲ ਦਾ ਸਭ ਤੋਂ ਬਿਹਤਰ ਸਕੋਰ 128 ਰਿਹਾ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI