Source :- BBC PUNJABI

ਕੈਨੇਡਾ

“ਇੱਥੇ ਸੁਪਨੇ ਵੀ ਟੈਨਸ਼ਨ ਭਰੇ ਆਉਂਦੇ ਹਨ, ਕਦੇ ਬਿਜਲੀ ਦੇ ਬਿੱਲ ਅਤੇ ਕਰਜ਼ੇ ਬਾਰੇ, ਨੌਕਰੀ ਬਾਰੇ, ਘਰ ਦੀਆਂ ਕਿਸ਼ਤਾਂ ਦਾ ਫ਼ਿਕਰ, ਬੱਸ ਇਹੀ ਕੁਝ ਮੇਰੀ ਜ਼ਿੰਦਗੀ ਦਾ ਹੁਣ ਹਿੱਸਾ ਬਣ ਗਿਆ ਹੈ।”

ਕੈਨੇਡਾ ਦੇ ਮੌਜੂਦਾ ਹਾਲਾਤ ਨੂੰ ਬਿਆਨ ਕਰਦੀ ਇਹ ਟਿੱਪਣੀ ਕੈਨੇਡੀਅਨ ਨਾਗਰਿਕ ਰਮਨਜੀਤ ਸਿੰਘ ਦੀ ਹੈ।

ਰਮਨਦੀਪ ਸਿੰਘ ਦਾ ਪਿਛੋਕੜ ਪੰਜਾਬ ਦੇ ਫਰੀਦਕੋਟ ਸ਼ਹਿਰ ਨਾਲ ਹੈ। ਉਹ ਕਰੀਬ 10 ਸਾਲ ਪਹਿਲਾਂ ਭਾਰਤ ਤੋਂ ਕੈਨੇਡਾ ਪਰਵਾਸ ਕਰਕੇ ਆਏ ਸਨ। ਹੁਣ ਉਹ ਇੱਥੋਂ ਦੇ ਨਾਗਰਿਕ ਹਨ।

ਕੈਨੇਡਾ ਆਉਣ ਤੋਂ ਪਹਿਲਾਂ ਰਮਨਦੀਪ ਸਿੰਘ ਪੰਜਾਬ ਵਿੱਚ ਐਡਹਾਕ ਉੱਤੇ ਲੈਕਚਰਾਰ ਦੀ ਨੌਕਰੀ ਕਰਦੇ ਸਨ।

ਰਮਨਦੀਪ ਸਿੰਘ ਆਖਦੇ ਹਨ, “ਸੰਘਰਸ਼ ਦਾ ਦੂਜਾ ਨਾਮ ਹੀ ਕੈਨੇਡਾ ਹੈ, ਪਰ ਮੈਂ ਇਹ ਨਹੀਂ ਆਖ਼ ਸਕਦਾ ਕਿ ਕੈਨੇਡਾ ਬੁਰਾ ਦੇਸ਼ ਹੈ, ਕੈਨੇਡਾ ਬੈਸਟ ਹੈ ਅਤੇ ਮੈਂ ਇਸ ਨੂੰ ਪਿਆਰ ਕਰਦਾ ਹਾਂ। ਪਰ ਕੋਰੋਨਾ ਤੋਂ ਬਾਅਦ ਇੱਥੋਂ ਦੇ ਹਾਲਤ ਪੂਰੀ ਤਰਾਂ ਬਦਲ ਗਏ ਹਨ।”

ਕੈਨੇਡਾ ਵਿੱਚ ਅੱਜ-ਕੱਲ੍ਹ ਆਮ ਚੋਣਾਂ ਦਾ ਮੈਦਾਨ ਭਖਿਆ ਹੋਇਆ ਹੈ। ਇੱਥੇ ਘਰਾਂ ਦੀ ਕਮੀ, ਬੇਰੁਜ਼ਗਾਰੀ ਅਤੇ ਮਹਿੰਗਾਈ ਮੁੱਖ ਮੁੱਦੇ ਹਨ।

ਪਿਛਲੇ ਕੁਝ ਸਾਲਾਂ ਦੌਰਾਨ ਬੇਰੋਕ-ਪਰਵਾਸ ਨੀਤੀਆਂ ਕਾਰਨ ਵਧੀ ਅਬਾਦੀ ਨੂੰ ਇਸ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।

ਰਮਨਦੀਪ ਸਿੰਘ

ਕਦੋਂ ਅਤੇ ਕਿਵੇਂ ਬਦਲੇ ਹਾਲਾਤ

ਰਮਨਦੀਪ ਸਿੰਘ ਉਸਾਰੀ ਦਾ ਕੰਮ ਕਰਦੇ ਹਨ, ਜੋ ਕਿ ਚੰਗੀ ਆਮਦਨ ਵਾਲਾ ਕਾਰੋਬਾਰ ਮੰਨਿਆ ਜਾਂਦਾ ਹੈ।

ਉਹ ਮੌਜੂਦਾ ਹਾਲਾਤ ਬਾਰੇ ਆਪਣਾ ਨਿੱਜੀ ਤਜਰਬਾ ਦੱਸਦੇ ਹਨ, “ਇਸ ਸਮੇਂ ਇੱਥੇ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ, ਕਾਰਨ ਨੌਕਰੀਆਂ ਦੇ ਘੱਟਦੇ ਮੌਕੇ ,ਵਧਦੀ ਮਹਿੰਗਾਈ ਅਤੇ ਘਰਾਂ ਦੀਆਂ ਕਿਸ਼ਤਾਂ, ਜਿਸ ਕਰਕੇ ਕੈਨੇਡਾ ਵਿੱਚ ਰਹਿਣ ਵਾਲੇ ਪਰਵਾਸੀ ਚਿੰਤਾ ਵਿੱਚ ਹਨ।”

ਰਮਨ ਦੱਸਦੇ ਹਨ, “ਮੈਂ ਅਤੇ ਮੇਰੀ ਪਤਨੀ ਨੇ ਦਿਨ ਰਾਤ ਕੰਮ ਕਰ ਕੇ ਪਹਿਲਾਂ ਇੱਕ ਘਰ ਲਿਆ ਅਤੇ ਜ਼ਿੰਦਗੀ ਬਹੁਤ ਆਰਾਮ ਨਾਲ ਚੱਲਣ ਲੱਗੀ। ਥੋੜ੍ਹੇ ਸਾਲਾਂ ਬਾਅਦ ਉਨ੍ਹਾਂ ਨੂੰ ਲੱਗਿਆ ਪੁਰਾਣਾ ਘਰ ਵੇਚ ਕੇ ਵੱਡਾ ਘਰ ਲਿਆ ਜਾਵੇ ਅਤੇ ਉਨ੍ਹਾਂ ਨੇ ਦੁੱਗਣੀ ਕੀਮਤ ਉੱਤੇ ਵੱਡਾ ਘਰ ਲੈ ਲਿਆ।”

ਪਰ ਅਚਾਨਕ ਕੋਰੋਨਾ ਤੋਂ ਬਾਅਦ ਹਾਊਸਿੰਗ ਮਾਰਕੀਟ ਵਿੱਚ ਨਿਘਾਰ ਆਉਣ ਸ਼ੁਰੂ ਹੋ ਗਿਆ, ਇੱਥੋਂ ਹੀ ਉਨ੍ਹਾਂ ਦੀਆਂ ਦਿੱਕਤਾਂ ਸ਼ੁਰੂ ਹੋ ਗਈਆਂ ਜੋ ਅਜੇ ਤੱਕ ਜਾਰੀ ਹਨ।

ਉਨ੍ਹਾਂ ਦੱਸਿਆ ਕਿ ਘਰਾਂ ਦੀਆਂ ਕੀਮਤਾਂ ਦਿਨ ਪ੍ਰਤੀ ਦਿਨ ਹੇਠਾਂ ਆ ਰਹੀਆਂ ਹਨ ਪਰ ਮੌਰਗੇਜ (ਕਰਜ਼ੇ ਦੀ ਕਿਸ਼ਤ) ਲਗਾਤਾਰ ਵਧਦੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ, ਹੁਣ ਕੀ ਕੀਤਾ ਜਾਵੇ। ਇਸ ਤੋਂ ਇਲਾਵਾ ਕੈਨੇਡਾ ਵਿੱਚ ਮਹਿੰਗਾਈ ਸਮੇਤ ਦੂਜੇ ਖ਼ਰਚਿਆ ਵਿੱਚ ਭਾਰੀ ਇਜ਼ਾਫਾ ਹੋਇਆ ਹੈ।

ਰਮਨਦੀਪ ਸਿੰਘ ਨੇ ਦੱਸਿਆ, “ਦਸ ਸਾਲਾਂ ਦੇ ਤਜਰਬੇ ਤੋਂ ਬਾਅਦ ਉਨ੍ਹਾਂ ਨੂੰ ਲੱਗਦਾ ਹੈ ਕਿ ਕੈਨੇਡਾ ਆਉਣ ਦਾ ਫ਼ੈਸਲਾ ਸਹੀ ਨਹੀਂ ਸੀ। ਜ਼ਿੰਦਗੀ ਅੱਧਵਾਟੇ ਹੈ।”

“ਕੈਨੇਡਾ ਵਿੱਚ ਰਹਿਣਾ ਮੁਸ਼ਕਿਲ ਹੋਇਆ ਪਿਆ ਹੈ ਅਤੇ ਪਰਤਣ ਦਾ ਬਦਲ ਅਸੀਂ ਪਹਿਲਾਂ ਹੀ ਖ਼ਤਮ ਕਰ ਦਿੱਤਾ ਹੈ। ਉਥੋਂ ਸਾਰਾ ਕੁਝ ਵੇਚ ਵੱਟ ਕੇ।”

ਰਮਨਦੀਪ ਆਖਦੇ ਹਨ, “ਇਹ ਦੇਸ਼ ਬਹੁਤ ਖ਼ੂਬਸੂਰਤ ਹੈ ਅਤੇ ਹਰ ਕਿਸੇ ਨੂੰ ਬਿਨਾਂ ਕਿਸੇ ਵਿਤਕਰੇ ਦੇ ਤਰੱਕੀ ਕਰਨ ਦਾ ਮੌਕਾ ਦਿੰਦਾ ਹੈ ਪਰ ਮੌਜੂਦਾ ਹਾਲਾਤ ਕਾਰਨ ਇੱਥੇ ਰਹਿਣਾ ਹੁਣ ਬਹੁਤ ਔਖਾ ਹੋਇਆ ਪਿਆ ਹੈ।”

ਕੈਨੇਡਾ ਦੇ ਇਹ ਹਾਲਾਤ ਪਰਵਾਸੀਆਂ ਲਈ ਮਾਨਸਿਕ ਤਣਾਅ ਦਾ ਕਾਰਨ ਬਣ ਰਹੇ ਹਨ।

ਕੈਨੇਡਾ

ਨਵੇਂ ਪਰਵਾਸੀਆਂ ਲਈ ਹਾਲਾਤ ਹੋਰ ਵੀ ਮੁਸ਼ਕਲ

ਕੈਨੇਡਾ ਵਿੱਚ ਨਵੇਂ ਪਰਵਾਸੀਆਂ ਦੇ ਸਾਹਮਣੇ ਇਸ ਸਮੇਂ ਚੁਣੌਤੀਆਂ ਹੋਰ ਵੀ ਗੰਭੀਰ ਹਨ।

ਮਹਿੰਗਾਈ, ਕਫ਼ਾਇਤੀ ਘਰ ਅਤੇ ਨੌਕਰੀਆਂ ਦੀ ਘਾਟ ਵਰਗੀਆਂ ਸਮੱਸਿਆਵਾਂ ਦੇ ਨਾਲ ਇੱਥੇ ਜ਼ਿੰਦਗੀ ਬਸਰ ਕਰਨ ਦੇ ਲਈ ਜੂਝਣਾ ਪੈ ਰਿਹਾ ਹੈ।

ਖ਼ਾਸ ਤੌਰ ਉੱਤੇ ਘਰਾਂ ਦਾ ਸੰਕਟ ਨਵੇਂ ਆਉਣ ਵਾਲੇ ਪਰਵਾਸੀਆਂ ਲਈ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ।

ਰਮਨਦੀਪ ਵਾਂਗ ਹੀ ਗੁਜਰਾਤ ਦੇ ਮਿਤੁਲ ਦੇਸਾਈ ਵੀ ਪਰਿਵਾਰ ਸਮੇਤ ਕੁਝ ਸਾਲ ਪਹਿਲਾਂ ਕੈਨੇਡਾ ਆਏ ਸਨ।

ਦੇਸਾਈ ਇਸ ਸਮੇਂ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਬਰੈਪਟਨ ਸ਼ਹਿਰ ਵਿੱਚ ਰਹਿੰਦੇ ਹਨ ਅਤੇ ਕੈਫ਼ੇ ਉੱਤੇ ਨੌਕਰੀ ਕਰਦੇ ਹਨ।

ਦੇਸਾਈ ਦੱਸਦੇ ਹਨ, “ਪਹਿਲਾਂ ਇੱਥੇ ਸਭ ਕੁਝ ਠੀਕ ਸੀ ਪਰ ਹੁਣ ਘਰ ਹੀ ਇੱਥੇ ਸਭ ਤੋਂ ਵੱਡੀ ਫਿਕਰ ਹੈ, ਜਿਸ ਕੋਲ ਹੈ, ਉਹ ਕਿਸ਼ਤਾਂ ਨੂੰ ਲੈ ਕੇ ਪਰੇਸ਼ਾਨ ਹੈ ਅਤੇ ਨਵਾਂ ਵਿਅਕਤੀ ਕੀਮਤਾਂ ਦੇ ਡਰੋਂ ਘਰ ਖ਼ਰੀਦਣ ਤੋਂ ਅਸਮਰੱਥ ਹੈ ਅਤੇ ਇਸ ਵਾਰ ਦੀਆਂ ਚੋਣਾਂ ਵਿੱਚ ਉਨ੍ਹਾਂ ਲਈ ਸਭ ਤੋਂ ਵੱਡਾ ਮੁੱਦਾ ਘਰ ਅਤੇ ਟੈਰਿਫ਼ ਹੈ।”

ਕੈਨੇਡਾ ਵਿੱਚ ਵਿਦਿਆਰਥੀ

ਦੇਸਾਈ ਮੁਤਾਬਕ, “ਕੌਮਾਂਤਰੀ ਵਿਦਿਆਰਥੀ ਦੇ ਕੈਨੇਡਾ ਆਉਣ ਕਰਕੇ ਇੱਥੋਂ ਦੀ ‘ਰੈਂਟ ਮਾਰਕੀਟ’ ਵਿੱਚ ਰਿਕਾਰਡ ਤੋੜ ਵਾਧਾ ਹੋਇਆ। ਘਰ ਦੀ ਬੇਸਮੈਂਟ ਦਾ ਕਿਰਾਇਆ ਜੋ ਕਿਸੇ ਸਮੇਂ 300 ਡਾਲਰ ਹੁੰਦਾ ਸੀ ਉਹ 1500 ਤੋਂ ਲੈ ਕੇ 2000 ਹਜ਼ਾਰ ਤੱਕ ਪਹੁੰਚ ਗਿਆ।”

ਇਸ ਕਾਰਨ ਲੋਕਾਂ ਨੇ ਕਿਰਾਇਆਂ ਨੂੰ ਆਪਣੀ ਕਮਾਈ ਦਾ ਹਿੱਸਾ ਬਣਾ ਕੇ ਨਵੇਂ ਘਰਾਂ ਵਿੱਚ ਨਿਵੇਸ਼ ਕਰ ਦਿੱਤਾ ਪਰ ਹੁਣ ਕੌਮਾਂਤਰੀ ਵਿਦਿਆਰਥੀਆਂ ਦੀ ਥੁੜ ਦੇ ਕਾਰਨ ਘਰ ਖਾਲ੍ਹੀ ਪਏ ਹਨ ਅਤੇ ਮਕਾਨ ਮਾਲਕ ਕਿਸ਼ਤਾਂ ਨੂੰ ਲੈ ਕੇ ਚਿੰਤਤ ਹਨ।

ਸਾਲ 2023-2024 ਦੌਰਾਨ ਤਤਕਾਲੀ ਜਸਟਿਨ ਟਰੂਡੋ ਸਰਕਾਰ ਨੇ ਕੈਨੇਡਾ ਦੇ ਵਿਦਿਆਰਥੀ ਵੀਜ਼ਾ ਪ੍ਰੋਗਰਾਮ ਵਿੱਚ ਵੱਡੇ ਬਦਲਾਅ ਕੀਤੇ ਸਨ।

ਜਿਸ ਕਾਰਨ ਪਹਿਲਾਂ ਦੇ ਮੁਕਾਬਲੇ ਕੈਨੇਡਾ ਵਿੱਚ ਵਿਦਿਆਰਥੀਆਂ ਦੀ ਆਮਦ ਕਾਫੀ ਘੱਟ ਹੋਈ ਹੈ। ਇਸ ਦਾ ਸਿੱਧਾ ਅਸਰ ਇੱਥੋਂ ਦੀ ‘ਰੈਂਟ ਮਾਰਕੀਟ’ ਉੱਤੇ ਪੈਣ ਲੱਗਾ” ਅਤੇ ਹੁਣ ਇੱਥੇ ਘਰ ਅਤੇ ਕੰਮ ਦੋਵੇਂ ਟੈਨਸ਼ਨ ਬਣ ਗਏ ਹਨ।

ਵਿਦਿਆਰਥਣ
ਇਹ ਵੀ ਪੜ੍ਹੋ-

ਕੌਮਾਂਤਰੀ ਵਿਦਿਆਰਥੀਆਂ ਦੀ ਉਮੀਦ

ਕੈਨੇਡਾ ਪਿਛਲੇ ਕੁਝ ਸਾਲਾਂ ਤੋਂ ਭਾਰਤ ਸਮੇਤ ਕਈ ਹੋਰ ਮੁਲਕਾਂ ਦੇ ਵਿਦਿਆਰਥੀਆਂ ਦਾ ਪਸੰਦੀਦਾ ਦੇਸ਼ ਰਿਹਾ ਹੈ।

ਭਾਰਤ ਦੇ ਪੰਜਾਬ, ਗੁਜਰਾਤ, ਹਰਿਆਣਾ, ਤਾਮਿਲਨਾਡੂ, ਉੱਤਰ ਪ੍ਰਦੇਸ਼, ਬਿਹਾਰ, ਕੇਰਲਾ ਸਮੇਤ ਕਈ ਹੋਰ ਸੂਬਿਆਂ ਦੇ ਵਿਦਿਆਰਥੀ ਕੈਨੇਡਾ ਦੇ ਸਟੂਡੈਂਟ ਪ੍ਰੋਗਰਾਮ ਤਹਿਤ ਇੱਥੇ ਆਏ ਹਨ।

ਇਨ੍ਹਾਂ ਵਿੱਚ ਜ਼ਿਆਦਾਤਰ ਪੰਜਾਬੀ ਅਤੇ ਗੁਜਰਾਤੀ ਹਨ ਜੋ ਚੰਗੇ ਭਵਿੱਖ ਦੀ ਉਮੀਦ ਨਾਲ ਇਸ ਦੇਸ ਵਿੱਚ ਆਏ ਹਨ।

ਕੌਮਾਂਤਰੀ ਵਿਦਿਆਰਥਣ ਵਜੋਂ ਨਵਜੋਤ ਸਲਾਰੀਆਂ ਵੀ 2022 ਵਿੱਚ ਇਸ ਦੇਸ ਵਿੱਚ ਆਈ ਸੀ। ਨਵਜੋਤ ਦਾ ਸਬੰਧ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਹੈ।

ਨਵਜੋਤ ਇਸ ਸਮੇਂ ਵਰਕ ਪਰਮਿਟ ਉੱਤੇ ਹਨ, ਜਿਸ ਦੀ ਮਿਆਦ ਇਸ ਸਾਲ ਅਗਸਤ ਮਹੀਨੇ ਵਿੱਚ ਖ਼ਤਮ ਹੋ ਜਾਵੇਗੀ ਅਤੇ ਇਹੀ ਉਨ੍ਹਾਂ ਦੀ ਇਸ ਸਮੇਂ ਸਭ ਤੋਂ ਵੱਡੀ ਚਿੰਤਾ ਹੈ।

ਨਵਜੋਤ ਸਲਾਰੀਆ ਨੇ ਦੱਸਿਆ, “ਮੇਰੇ ਕੋਲ ਨੌਕਰੀ ਹੈ ਪਰ ਮੈਨੂੰ ਚਿੰਤਾ ਕੈਨੇਡਾ ਦੀ ਪੀਆਰ ਹਾਸਲ ਕਰਨਾ ਹੈ। ਜਿਸ ਬਾਰੇ ਅਜੇ ਤੱਕ ਕੁਝ ਨਹੀਂ ਹੋ ਰਿਹਾ ਹੈ।”

ਕੈਨੇਡਾ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਪੀਆਰ ਸਬੰਧੀ ਨਿਯਮਾਂ ਵਿੱਚ ਵੀ ਵੱਡੇ ਪੱਧਰ ਉੱਤੇ ਬਦਲਾਅ ਕੀਤੇ ਹਨ। ਜਿਸ ਦਾ ਅਸਰ ਇੱਥੇ ਰਹਿਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਦੇ ਭਵਿੱਖ ਉੱਤੇ ਪੈਣ ਲੱਗਾ ਹੈ।

ਬਹੁਤ ਸਾਰੇ ਕੌਮਾਂਤਰੀ ਵਿਦਿਆਰਥੀਆਂ ਦਾ ਵਰਕ ਪਰਮਿਟ ਖ਼ਤਮ ਹੋ ਗਿਆ ਹੈ। ਜਿਸ ਕਾਰਨ ਉਨ੍ਹਾਂ ਦਾ ਕੈਨੇਡਾ ਵਿੱਚ ਵਸਣ ਦਾ ਸੁਪਨਾ ਅੱਧ ਵਿਚਾਲੇ ਲਟਕਿਆ ਪਿਆ ਹੈ।

ਕੈਨੇਡਾ

ਅਜਿਹੇ ਹੀ ਵਿਦਿਆਰਥੀਆਂ ਵਿੱਚੋਂ ਇੱਕ ਪੰਜਾਬ ਦੇ ਤਰਨਤਾਰਨ ਦਾ ਸਿਮਰਪ੍ਰੀਤ ਸਿੰਘ ਵੀ ਹੈ।

ਸਿਮਰਪ੍ਰੀਤ ਸਿੰਘ ਨੇ ਦੱਸਿਆ, “ਮੇਰਾ ਵਰਕ ਪਰਮਿਟ ਖ਼ਤਮ ਹੋਣ ਕਰ ਕੇ ਹੁਣ ਮੈਂ ਕੈਨੇਡਾ ਵਿੱਚ ਕੰਮ ਨਹੀਂ ਕਰ ਸਕਦਾ ਅਤੇ ਇਸ ਨਾਲ ਮੈਨੂੰ ਆਪਣਾ ਖਰਚਾ ਚਲਾਉਣਾ ਔਖਾ ਹੋਇਆ ਪਿਆ ਹੈ।”

ਉਨ੍ਹਾਂ ਨੇ ਦੱਸਿਆ, “ਹੁਣ ਮੇਰੀਆਂ ਨਜ਼ਰਾਂ ਫੈਡਰਲ ਚੋਣਾਂ ਉੱਤੇ ਹਨ ਅਤੇ ਜਿਸ ਵੀ ਪਾਰਟੀ ਦੀ ਸਰਕਾਰ ਇੱਥੇ ਆਵੇਗੀ ਉਸ ਨਾਲ ਹੀ ਉਨ੍ਹਾਂ ਦਾ ਭਵਿੱਖ ਤੈਅ ਹੋਵੇਗਾ।”

ਸਟੱਡੀ ਵੀਜ਼ਾ ਉੱਤੇ ਕੈਨੇਡਾ ਗਏ ਵਿਦਿਆਰਥੀਆਂ ਨੂੰ ਭਵਿੱਖ ਦੀ ਫਿਕਰ ਸਤਾ ਰਹੀ ਹੈ

ਗੁਜਰਾਤੀ ਮੂਲ ਦੀ ਸੋਨਲ ਗੁਪਤਾ ਵੀ ਕੌਮਾਂਤਰੀ ਵਿਦਿਆਰਥਣ ਦੇ ਤੌਰ ਉੱਤੇ ਕੈਨੇਡਾ ਆਈ ਸੀ। ਉਸ ਨੂੰ ਪੀਆਰ ਦਾ ਇੰਤਜ਼ਾਰ ਹੈ।

ਸੋਨਲ ਮੁਤਾਬਕ ਕੈਨੇਡਾ ਹਾਲਾਤ ਪਹਿਲਾਂ ਦੇ ਮੁਕਾਬਲੇ ਕਾਫ਼ੀ ਬਦਲ ਗਏ ਹਨ।

ਸੋਨਲ ਗੁਪਤਾ ਕਹਿੰਦੇ ਹਨ, “ਕੈਨੇਡੀਅਨ ਨਾਗਰਿਕ ਦੇਸ ਦੇ ਮੌਜੂਦਾ ਹਾਲਾਤ ਲਈ ਕੌਮਾਂਤਰੀ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਮੰਨਦੇ ਹਨ। ਜਦਕਿ ਅਜਿਹਾ ਬਿਲਕੁਲ ਵੀ ਨਹੀਂ ਹੈ, ਵਿਦਿਆਰਥੀ ਲੱਖਾਂ ਰੁਪਏ ਖ਼ਰਚ ਕਰ ਕੇ ਇੱਥੇ ਆਏ ਹਨ ਅਤੇ ਸਥਾਨਕ ਲੋਕਾਂ ਨੂੰ ਸਹੂਲਤਾਂ ਦੇਣਾ ਦਾ ਕੰਮ ਸਰਕਾਰ ਦਾ ਹੁੰਦਾ ਹੈ।”

ਕੈਨੇਡੀਅਨ ਚੋਣਾਂ ਨੂੰ ਕੌਮਾਂਤਰੀ ਵਿਦਿਆਰਥੀਆਂ ਕਿਸੇ ਤਰੀਕੇ ਨਾਲ ਦੇਖ ਰਹੇ ਹਨ? ਇਸ ਦੇ ਜਵਾਬ ਵਿੱਚ ਸੋਨਲ ਆਖਦੀ ਹੈ ਕਿ ਹਾਲਾਤ ਠੀਕ ਵੀ ਹੋ ਸਕਦੇ ਹਨ ਅਤੇ ਨਹੀਂ ਵੀ, ਬੱਸ ਉਹ ਕੁਝ ਚੰਗਾ ਹੋਣ ਦੀ ਉਮੀਦ ਨਾਲ ਦਿਨ ਕੱਟ ਰਹੀ ਹੈ।

ਓਂਟਾਰੀਓ ਦੇ ਗ੍ਰੇਟਰ ਟੋਰਾਂਟੋ ਇਲਾਕੇ ਵਿੱਚ ਬੀਬੀਸੀ ਦੀ ਟੀਮ ਨੇ ਬਰੈਂਪਟਨ ਦੇ ਸ਼ੈਰਡਨ ਕਾਲਜ ਦੇ ਆਸ ਪਾਸ ਦੇ ਇਲਾਕੇ ਦਾ ਦੌਰਾ ਕੀਤਾ।

ਕੈਨੇਡਾ ਵਿੱਚ ਵੱਸਣ ਵਾਲੇ ਕੁਝ ਕੌਮਾਂਤਰੀ ਵਿਦਿਆਰਥੀਆਂ ਦੇ ਸੰਘਰਸ਼ ਦਾ ਪਹਿਲਾ ਪ੍ਰਤੀਕ ਸ਼ੈਰਡਨ ਕਾਲਜ ਸੀ, ਜਿੱਥੇ ਕਿਸੇ ਸਮੇਂ ਭਾਰਤੀ ਖ਼ਾਸ ਤੌਰ ਉੱਤੇ ਪੰਜਾਬੀ ਵਿਦਿਆਰਥੀਆਂ ਦਾ ਜਮਾਵੜਾ ਹੁੰਦਾ ਸੀ, ਪਰ ਹੁਣ ਇੱਥੇ ਬਹੁਤ ਘੱਟ ਰੌਣਕਾਂ ਹਨ।

ਸੋਨਲ

ਕੈਨੇਡਾ ‘ਚ ਘਰਾਂ ਦੀ ਘਾਟ ਦੇ ਅੰਕੜੇ

ਕੈਨੇਡਾ ਇਸ ਸਮੇਂ ਘਰਾਂ ਦੇ ਸੰਕਟ ਨਾਲ ਜੂਝ ਰਿਹਾ ਹੈ। ਕੈਨੇਡਾ ਦੇ ਸਰਕਾਰੀ ਅੰਕੜੇ ਦੱਸਦੇ ਹਨ ਕਿ ਦੇਸ ਵਿੱਚ ਕਰੀਬ ਚਾਰ ਲੱਖ ਘਰਾਂ ਦੀ ਕਮੀ ਹੈ।

ਕੈਨੇਡਾ ਦੇ ਸਕੋਸ਼ੀਆ ਬੈਂਕ ਦੀ 2021 ਦੀ ਰਿਪੋਰਟ ਦੇ ਅਨੁਸਾਰ ਕੈਨੇਡਾ ਵਿੱਚ ਪ੍ਰਤੀ 1000 ਨਿਵਾਸੀਆਂ ਮਗਰ ਘਰਾਂ ਦੀ ਗਿਣਤੀ ਬਾਕੀ ਜੀ-7 ਦੇਸਾਂ ਵਿਚੋਂ ਸਭ ਤੋਂ ਘੱਟ ਹੈ।

ਅੰਕੜੇ ਸਪੱਸ਼ਟ ਤੌਰ ‘ਤੇ ਦਰਸਾਉਂਦੇ ਹਨ ਕਿ 2016 ਤੋਂ ਬਾਅਦ ਆਬਾਦੀ ਦੇ ਮੁਕਾਬਲੇ ਘਰਾਂ ਦੀ ਉਸਾਰੀ ਦੀ ਗਤੀ ਵਿੱਚ ਗਿਰਾਵਟ ਆਈ ਹੈ। ਸਾਲ 2016 ਵਿੱਚ ਪ੍ਰਤੀ 1,000 ਕੈਨੇਡੀਅਨਾਂ ਲਈ 427 ਰਿਹਾਇਸ਼ੀ ਯੂਨਿਟ ਸਨ, ਜੋ ਕਿ 2020 ਤੱਕ ਘੱਟ ਕੇ 424 ਰਹਿ ਗਏ ਸਨ।

ਬਰੈਂਪਟਨ ਵਿੱਚ ਰੀਅਲ ਅਸਟੇਟ ਮਾਰਕੀਟ ਨਾਲ ਜੁੜੇ ਮਿੰਕਲ ਬਤਰਾ ਦੱਸਦੇ ਹਨ, “ਜਿਸ ਹਿਸਾਬ ਨਾਲ ਕੈਨੇਡਾ ਦੀ ਆਬਾਦੀ ਵਿੱਚ ਇਜ਼ਾਫਾ ਹੋਇਆ ਹੈ, ਉਸ ਹਿਸਾਬ ਨਾਲ ਇੱਥੇ ਘਰ ਨਹੀਂ ਉਸਾਰੇ ਗਏ, ਜਿਸ ਦਾ ਸਿੱਧਾ ਅਸਰ ਘਰਾਂ ਦੀਆਂ ਕੀਮਤਾਂ ਉੱਤੇ ਪੈ ਰਿਹਾ ਹੈ।”

ਮਿੰਕਲ ਦੱਸਦੇ ਹਨ, “ਕੈਨੇਡਾ ਵਿੱਚ ਘਰ ਲੈਣਾ ਹੁਣ ਇੱਕ ਸੁਪਨਾ ਬਣ ਗਿਆ ਹੈ ਅਤੇ ਪਿਛਲੇ ਕੁਝ ਮਹੀਨਿਆਂ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ 15-20 ਫੀਸਦ ਦਾ ਫ਼ਰਕ ਪੈ ਗਿਆ ਹੈ।”

ਰੈਂਟ ਮਾਰਕੀਟ ਉੱਤੇ ਵੀ ਇਸ ਦਾ ਵਿਆਪਕ ਅਸਰ ਹੈ, ਘਰਾਂ ਦੇ ਕਿਰਾਏ ਪਹਿਲਾਂ ਦੇ ਮੁਕਾਬਲੇ ਥੱਲੇ ਆਏ ਹਨ। ਜਿਸ ਕਾਰਨ ਜਿਨ੍ਹਾਂ ਲੋਕਾਂ ਨੇ ਨਿਵੇਸ਼ ਦੀ ਉਮੀਦ ਨਾਲ ਘਰ ਖਰੀਦੇ ਸਨ, ਉਹ ਹੁਣ ਕਿਸ਼ਤਾਂ ਵੀ ਨਹੀਂ ਤਾਰ ਪਾ ਰਹੇ।

ਕੈਨੇਡਾ

ਪਰਵਾਸੀਆਂ ਦੀ ਗਿਣਤੀ

ਕੈਨੇਡਾ ਦੀ ਇਮੀਗ੍ਰੇਸ਼ਨ, ਰਿਫ਼ਿਊਜੀ ਐਂਡ ਸਿਟੀਜ਼ਨਸ਼ਿਪ ਮਿਨਿਸਟਰੀ ਦੀ 2024 ਦੀ ਰਿਪੋਰਟ ਦੱਸਦੀ ਹੈ ਕਿ 2019 ਦੀ ਤੁਲਨਾ ਵਿੱਚ ਪੀਆਰ ਕਰਨ ਦੇ ਟਾਰਗੈਟ ਵਿੱਚ 41 ਫੀਸਦ ਦਾ ਵਾਧਾ ਹੋਇਆ ਹੈ।

ਨਾਨ ਪਰਮਾਨੈਂਟ ਯਾਨਿ ਪੜ੍ਹਾਈ ਜਾਂ ਕੰਮ ਕਰਨ ਲਈ ਕੈਨੇਡਾ ਆਉਣ ਵਾਲਿਆਂ ਦੇ ਕੋਟੇ ਵਿੱਚ ਵੀ ਇਜ਼ਾਫਾ ਹੋਇਆ ਹੈ। ਇਸ ਦੇ ਨਾਲ ਹੀ ਕੈਨੇਡਾ ਵਿੱਚ ਰਾਜਸੀ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਵਿੱਚ 126 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਜੇਕਰ ਕੈਨੇਡਾ ਸਰਕਾਰ ਦੇ ਅੰਕੜੇ ਦੇਖੇ ਜਾਣ ਤਾਂ ਇਸ ਦੇ ਮੁਤਾਬਕ 2023 ਵਿੱਚ 6 ਲੱਖ 82 ਹਜ਼ਾਰ 889 ਸਟੱਡੀ ਪਰਮਿਟ ਜਾਰੀ ਕੀਤੇ ਗਏ। ਇਸੇ ਤਰੀਕੇ ਨਾਲ 25 ਹਜ਼ਾਰ 605 ਕੌਮਾਂਤਰੀ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ 2023 ਵਿੱਚ ਕੈਨੇਡਾ ਦੀ ਪੀਆਰ ਮੁਹੱਈਆ ਕਰਵਾਈ ਗਈ। ਜੋ ਕਿ 2022 ਦੇ ਮੁਕਾਬਲੇ 30 ਫ਼ੀਸਦੀ ਜ਼ਿਆਦਾ ਸੀ।

2023 ਵਿੱਚ ਕੈਨੇਡਾ ਨੇ 4,71,808 ਪਰਵਾਸੀਆਂ ਨੂੰ ‘ਜੀ ਆਇਆ’ ਆਖਿਆ ਜੋ ਕਿ 2022 ਦੇ ਮੁਕਾਬਲੇ 7.8 ਫ਼ੀਸਦੀ ਜ਼ਿਆਦਾ ਸਨ। ਪਰ ਚੋਣਾਂ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਆਪਣੀਆਂ ਪਰਵਾਸ ਅਤੇ ਸਟੂਡੈਂਟ ਪਰਮਿਟ ਨੀਤੀਆਂ ਵਿੱਚ ਵੱਡੇ ਪੱਧਰ ਉੱਤੇ ਬਦਲਾਅ ਕੀਤਾ ਹੈ। ਜਿਸ ਕਾਰਨ ਹੁਣ ਅੰਕੜਿਆਂ ਵਿੱਚ ਕਮੀ ਆਈ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

source : BBC PUNJABI