Source :- BBC PUNJABI

ਸੈਫ਼ ਅਲੀ ਖ਼ਾਨ 'ਤੇ ਬੀਤੀ ਰਾਤ ਚਾਕੂ ਨਾਲ ਹਮਲਾ ਹੋਇਆ

ਤਸਵੀਰ ਸਰੋਤ, Getty Images

ਇੱਕ ਘੰਟਾ ਪਹਿਲਾਂ

ਬਾਲੀਵੁੱਡ ਦੇ ਜਾਣੇ-ਪਛਾਣੇ ਅਦਾਕਾਰ ਸੈਫ਼ ਅਲੀ ਖ਼ਾਨ ‘ਤੇ ਬੀਤੀ ਰਾਤ ਚਾਕੂ ਨਾਲ ਹਮਲਾ ਹੋਇਆ ਹੈ।

ਪੁਲਿਸ ਅਧਿਕਾਰੀ ਦੀਕਸ਼ਿਤ ਗੋਡਾਮ ਨੇ ਬੀਬੀਸੀ ਮਰਾਠੀ ਨੂੰ ਦੱਸਿਆ, “ਇੱਕ ਅਣਜਾਣ ਵਿਅਕਤੀ ਸੈਫ਼ ਅਲੀ ਖ਼ਾਨ ਦੇ ਘਰ ਵਿੱਚ ਦਾਖ਼ਲ ਹੋਇਆ। ਇਸ ਤੋਂ ਬਾਅਦ ਸੈਫ਼ ਅਤੇ ਇਸ ਵਿਅਕਤੀ ਵਿਚਕਾਰ ਹੱਥੋਪਾਈ ਹੋਈ।”

“ਇਸ ਦੌਰਾਨ ਅਦਾਕਾਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮਾਮਲੇ ਦੀ ਜਾਂਚ ਜਾਰੀ ਹੈ।”

ਖ਼ਬਰ ਏਜੰਸੀ ਏਐੱਨਆਈ ਨੇ ਮੁੰਬਈ ਪੁਲਿਸ ਦੇ ਹਵਾਲੇ ਨਾਲ ਦੱਸਿਆ ਹੈ ਕਿ ਇੱਕ ਵਿਅਕਤੀ ਨੇ ਸੈਫ਼ ਅਲੀ ਖ਼ਾਨ ਦੇ ਘਰ ਵਿੱਚ ਘੁਸਪੈਠ ਕੀਤੀ ਅਤੇ ਪਹਿਲਾਂ ਉਨ੍ਹਾਂ ਦੇ ਘਰੇਲੂ ਸਹਾਇਕ ਨਾਲ ਬਹਿਸ ਕੀਤੀ।

ਹਾਲਾਂਕਿ, ਜਦੋਂ ਸੈਫ਼ ਅਲੀ ਖ਼ਾਨ ਨੇ ਵਿਚਕਾਰ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ, ਤਾਂ ਘੁਸਪੈਠੀਏ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।

ਬੀਬੀਸੀ ਪੰਜਾਬੀ

ਹਸਪਤਾਲ ਨੇ ਕੀ ਦੱਸਿਆ?

ਅੰਗਰੇਜ਼ੀ ਅਖ਼ਬਾਰ, ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ, ਸੈਫ਼ ਅਲੀ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਕਰੀਨਾ ਕਪੂਰ ਦੇ ਬਾਂਦਰਾ ਸਥਿਤ ਘਰ ਵਿੱਚ ਸਵੇਰੇ ਲਗਭਗ 2.30 ਵਜੇ ਇੱਕ ਚੋਰ ਵੜ ਗਿਆ। ਇਸ ਦੌਰਾਨ ਸੈਫ਼ ਅਲੀ ਖ਼ਾਨ ਆਪਣੇ ਪਰਿਵਾਰ ਨਾਲ ਘਰ ਵਿੱਚ ਹੀ ਮੌਜੂਦ ਸਨ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੋਰ ਮੌਕੇ ਤੋਂ ਭੱਜ ਗਿਆ ਅਤੇ ਪੁਲਿਸ ਹਮਲਾਵਰ ਦੀ ਭਾਲ ਕਰ ਰਹੀ ਹੈ।

ਲੀਲਾਵਤੀ ਹਸਪਤਾਲ ਦੇ ਸੀਓਓ ਡਾਕਟਰ ਨੀਰਜ ਉੱਤਮਣੀ ਨੇ ਦੱਸਿਆ, “ਸੈਫ਼ ‘ਤੇ ਉਨ੍ਹਾਂ ਦੇ ਘਰ ਵਿੱਚ ਇੱਕ ਅਣਪਛਾਤੇ ਵਿਅਕਤੀ ਨੇ ਹਮਲਾ ਕੀਤਾ। ਉਨ੍ਹਾਂ ਨੂੰ ਲਗਭਗ 3:30 ਵਜੇ ਦੇ ਕਰੀਬ ਲੀਲਾਵਤੀ ਹਸਪਤਾਲ ਲਿਆਂਦਾ ਗਿਆ।”

“ਉਨ੍ਹਾਂ ਨੂੰ ਛੇ ਥਾਵਾਂ ‘ਤੇ ਸੱਟਾਂ ਲੱਗੀਆਂ ਹਨ, ਜਿਨ੍ਹਾਂ ਵਿੱਚੋਂ ਦੋ ਜ਼ਖ਼ਮ ਡੂੰਘੇ ਹਨ ਅਤੇ ਇੱਕ ਜ਼ਖ਼ਮ ਰੀੜ੍ਹ ਦੀ ਹੱਡੀ ਦੇ ਨੇੜੇ ਹੈ। ਉਨ੍ਹਾਂ ਦੀ ਸਰਜਰੀ ਕੀਤੀ ਜਾ ਰਹੀ ਹੈ। ਇਹ ਸੱਟ ਕਿੰਨੀ ਡੂੰਘੀ ਹੈ, ਇਸ ਦਾ ਪਤਾ ਸਰਜਰੀ ਤੋਂ ਬਾਅਦ ਹੀ ਲਗਾਇਆ ਜਾ ਸਕੇਗਾ।”

ਡਾਕਟਰ ਉੱਤਮਣੀ ਨੇ ਇਹ ਵੀ ਕਿਹਾ ਹੈ ਕਿ ਸੈਫ਼ ਦੀ ਗਰਦਨ ‘ਤੇ ਵੀ ਸੱਟ ਲੱਗੀ ਹੈ। ਇਹ ਦੇਖਣਾ ਬਾਕੀ ਹੈ ਕਿ ਸੱਟ ਕਿੰਨੀ ਡੂੰਘੀ ਹੈ। ਉਨ੍ਹਾਂ ਕਿਹਾ ਕਿ ਸਰਜਰੀ ਸਵੇਰੇ 5:30 ਵਜੇ ਸ਼ੁਰੂ ਹੋ ਗਈ ਸੀ।

ਇਹ ਵੀ ਪੜ੍ਹੋ-

ਸੈਫ਼ ਅਲੀ ਖ਼ਾਨ ਅਤੇ ਕਰੀਨਾ ਕਪੂਰ ਦੀ ਟੀਮ ਦਾ ਪ੍ਰਤੀਕਰਮ

ਸੈਫ਼ ਅਲੀ ਖ਼ਾਨ

ਤਸਵੀਰ ਸਰੋਤ, Getty Images

ਅਦਾਕਾਰ ਸੈਫ਼ ਅਲੀ ਖ਼ਾਨ ਦੀ ਟੀਮ ਨੇ ਮੁੰਬਈ ਵਿੱਚ ਇੱਕ ਹਮਲਾਵਰ ਵੱਲੋਂ ਖ਼ਾਨ ‘ਤੇ ਕੀਤੇ ਗਏ ਹਮਲੇ ਬਾਰੇ ਅਧਿਕਾਰਤ ਬਿਆਨ ਜਾਰੀ ਕੀਤਾ ਹੈ।

ਟੀਮ ਨੇ ਬਿਆਨ ਵਿੱਚ ਕਿਹਾ, “ਸੈਫ਼ ਅਲੀ ਖ਼ਾਨ ਦੇ ਘਰ ‘ਤੇ ਚੋਰੀ ਦੀ ਕੋਸ਼ਿਸ਼ ਕੀਤੀ ਗਈ ਸੀ। ਉਹ ਇਸ ਸਮੇਂ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਨ। ਟੀਮ ਮੁਤਾਬਕ ਇਹ ਮਾਮਲਾ ਪੁਲਿਸ ਅਧੀਨ ਹੈ।”

ਸੈਫ਼ ਅਲੀ ਖ਼ਾਨ ਅਤੇ ਕਰੀਨਾ ਕਪੂਰ ਖਾਨ

ਤਸਵੀਰ ਸਰੋਤ, Getty Images

ਇਸ ਮਸਲੇ ‘ਤੇ ਸੈਫ਼ ਅਲੀ ਖ਼ਾਨ ‘ਤੇ ਕੀਤੇ ਗਏ ਹਮਲੇ ‘ਤੇ ਕਰੀਨਾ ਕਪੂਰ ਦੀ ਟੀਮ ਵੱਲੋਂ ਵੀ ਬਿਆਨ ਆਇਆ ਹੈ

ਉਨ੍ਹਾਂ ਕਿਹਾ ਕਿ ਬੀਤੀ ਰਾਤ ਘਰ ਵਿੱਚ ਚੋਰੀ ਦੀ ਕੋਸ਼ਿਸ਼ ਹੋਈ ਸੀ।

ਇਸ ਹਮਲੇ ਕਾਰਨ ਸੈਫ਼ ਅਲੀ ਖ਼ਾਨ ਦੀ ਬਾਂਹ ‘ਤੇ ਸੱਟ ਲੱਗ ਗਈ ਸੀ, ਉਨ੍ਹਾਂ ਨੂੰ ਫਿਰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਬਾਕੀ ਪਰਿਵਾਰ ਠੀਕ ਹੈ।

ਉਨ੍ਹਾਂ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਬਰ ਰੱਖਣ ਅਤੇ ਕੋਈ ਅੰਦਾਜ਼ੇ ਨਾ ਲਗਾਉਣ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI