Source :- BBC PUNJABI
Getty Images
ਜਰਮਨੀ ਦੇ ਦੱਖਣੀ ਸੂਬੇ ਬਵੇਰੀਆ ਦੀ ਪੁਲਿਸ ਨੇ ਅਡੋਲਫ ਹਿਟਲਰ ਦੇ ਪਹਾੜੀ ਟਿਕਾਣੇ ਕੇਲਸ਼ਟਾਈਨਹਾਊਸ ਵਿੱਚ ਲੱਗੀ ਅੱਗ ਦੌਰਾਨ ਇੱਕ 33 ਸਾਲਾ ਜਰਮਨ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਥਾਂ ਨੂੰ ਈਗਲਜ਼ ਨੇਸਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ 21:15 ਵਜੇ (19:15 ਜੀਐੱਮਟੀ) ਟਰਾਊਨਸ਼ਟਾਈਨ ਵਿੱਚ ਐਮਰਜੈਂਸੀ ਕੰਟਰੋਲ ਰੂਮ ਨੂੰ ਇਮਾਰਤ ਵਿੱਚ ਅੱਗ ਲੱਗਣ ਦਾ ਅਲਾਰਮ ਮਿਲਿਆ ਅਤੇ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੇ ਇਮਾਰਤ ਨੂੰ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਹੋਇਆ ਪਾਇਆ। ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਮਿਲੀ, ਜਦਕਿ ਔਖੇ ਪਹਾੜੀ ਇਲਾਕੇ ਕਾਰਨ ਅੱਗ ਬੁਝਾਉਣ ਵਿੱਚ ਮੁਸ਼ਕਲ ਆਈ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਘਟਨਾ ਵਾਲੀ ਥਾਂ ਦੇ ਨੇੜੇ ਮੋਟਰਸਾਈਕਲ ‘ਤੇ ਸਵਾਰ ਸ਼ੱਕੀ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਗ ਲਗਾਉਣ ਦੇ ਸੰਭਾਵਿਤ ਕਾਰਨ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।
ਲਗਭਗ 200 ਐਮਰਜੈਂਸੀ ਕਰਮਚਾਰੀਆਂ ਨੂੰ ਮੌਕੇ ‘ਤੇ ਤਾਇਨਾਤ ਕੀਤਾ ਗਿਆ ਅਤੇ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਸਥਾਨਕ ਪੁਲਿਸ ਅਧਿਕਾਰੀ ਗੇਰਹਾਰਟ ਹੋਲਜ਼ਿੰਗਰ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਇਸ ਸਮੇਂ ਕਿਸੇ ਹੋਰ ਸ਼ੱਕੀ ਵਿਅਕਤੀ ਦੇ ਸ਼ਾਮਲ ਹੋਣ ਦਾ ਕੋਈ ਸਬੂਤ ਨਹੀਂ ਹੈ।
ਬਰਖਟੇਸਗਾਡਨ ਸ਼ਹਿਰ ਦੇ ਉੱਪਰ ਸਥਿਤ ਇਹ ਨਿਵਾਸ ਇਲਾਕੇ ਦੀਆਂ ਉਨ੍ਹਾਂ ਕਈ ਇਮਾਰਤਾਂ ਵਿੱਚੋਂ ਇੱਕ ਸੀ, ਜਿਨ੍ਹਾਂ ਨੂੰ ਨਾਜ਼ੀ ਤਾਨਾਸ਼ਾਹ ਅਤੇ ਉਸਦੇ ਸਾਥੀਆਂ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਵਰਤਿਆ ਸੀ।
ਹਿਟਲਰ ਅਤੇ ਨਾਜ਼ੀ ਪਾਰਟੀ ਦੇ ਉੱਚ ਅਧਿਕਾਰੀਆਂ ਨੇ ਨੇੜੇ ਸਥਿਤ ਆਪਣੇ ਬਰਗਹੌਫ ਨਿਵਾਸ ਦੀ ਵਰਤੋਂ 1941 ਵਿੱਚ ਸੋਵੀਅਤ ਸੰਘ (ਯੂਐਸਐਸਆਰ) ਉੱਤੇ ਹਮਲੇ ਦੀ ਯੋਜਨਾ ਬਣਾਉਣ ਲਈ ਕੀਤੀ ਸੀ ਅਤੇ ਪੂਰੇ ਇਲਾਕੇ ਨੂੰ ਹਿਟਲਰ ਦੇ ਮੁੱਖ ਦਫ਼ਤਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ।
ਉਸ ਨੇ ਇਸ ਇਲਾਕੇ ਦੀ ਵਰਤੋਂ ਪ੍ਰੋਪੇਗੰਡਾ ਫ਼ਿਲਮਾਂ ਦੇ ਬੈਕਡ੍ਰੌਪ ਵਜੋਂ ਵੀ ਕੀਤੀ, ਜਿਨ੍ਹਾਂ ਵਿੱਚ ਉਸ ਨੂੰ ਜਾਨਵਰਾਂ ਅਤੇ ਕੁਦਰਤ ਦੇ ਪ੍ਰੇਮੀ ਵਜੋਂ ਦਿਖਾਇਆ ਗਿਆ ਸੀ।
ਸਥਾਨਕ ਮੀਡੀਆ ਨੇ ਦੱਸਿਆ ਕਿ ਇਹ ਇਮਾਰਤ “ਕਾਫ਼ੀ ਹੱਦ ਤੱਕ ਤਬਾਹ” ਹੋ ਚੁੱਕੀ ਹੈ, ਅਤੇ ਲੋਕਾਂ ਨੂੰ ਇਸ ਖੇਤਰ ਵੱਲ ਨਾ ਜਾਣ ਦੀ ਅਪੀਲ ਕੀਤੀ ਗਈ ਹੈ।
ਪ੍ਰਸਾਰਕ ਬੀਆਰ24 ਦੀ ਰਿਪੋਰਟ ਅਨੁਸਾਰ, ਬਾਵੇਰੀਆ ਦੇ ਗ੍ਰਹਿ ਮੰਤਰੀ ਜੋਆਕਿਮ ਹਰਮਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਜਗ੍ਹਾ “ਕਿਸੇ ਵੀ ਹਾਲਤ ਵਿੱਚ ਖੰਡਰ ਨਹੀਂ ਰਹੇਗੀ।”
ਉਸ ਨੇ ਕਿਹਾ, “ਇਹ ਮਹੱਤਵਪੂਰਨ ਹੈ ਕਿ ਅਸੀਂ ਇਤਿਹਾਸ ਨੂੰ ਯਾਦ ਰੱਖਣ ਦਾ ਆਪਣਾ ਕੰਮ ਜਾਰੀ ਰੱਖੀਏ।”
Getty Images
ਨਾਜ਼ੀਆਂ ਵੱਲੋਂ 1938 ਵਿੱਚ ਪੂਰਾ ਕੀਤਾ ਗਿਆ ਈਗਲਜ਼ ਨੈਸਟ, ਜੋ ਲਗਭਗ 1,800 ਮੀਟਰ (5,900 ਫੁੱਟ) ਦੀ ਉਚਾਈ ‘ਤੇ ਸਥਿਤ ਹੈ, 1945 ਵਿੱਚ ਉਨ੍ਹਾਂ ਦੀ ਹਾਰ ਤੋਂ ਬਾਅਦ ਤਬਾਹ ਹੋਣ ਤੋਂ ਬਚ ਗਿਆ ਸੀ।
ਉਦੋਂ ਤੋਂ ਇਹ ਇੱਕ ਮਸ਼ਹੂਰ ਸੈਰ-ਸਪਾਟਾ ਸਥਾਨ ਬਣ ਗਿਆ ਹੈ ਅਤੇ ਇੱਥੇ ਇੱਕ ਪਹਾੜੀ ਰੈਸਟੋਰੈਂਟ ‘ਇੰਨ’ ਵੀ ਹੈ।
ਇਸ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ, ਇਹ ਅਣਮਨੁੱਖੀ ਨਾਜ਼ੀ ਤਾਨਾਸ਼ਾਹੀ ਦੀਆਂ ਭਿਆਨਕ ਹੱਦਾਂ ਦੀ ਯਾਦ ਦਿਵਾਉਣ ਵਾਲੀ ਇੱਕ ਚੇਤਾਵਨੀ ਹੈ।
ਦੂਜੇ ਵਿਸ਼ਵ ਯੁੱਧ ਦੌਰਾਨ, ਹਿਟਲਰ ਅਤੇ ਉਸ ਦੇ ਸਾਥੀ ਕਰੋੜਾਂ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਸਨ, ਜਿਸ ਵਿੱਚ ਯੂਰਪੀਅਨ ਯਹੂਦੀਆਂ ਦਾ ਸਮੂਹਿਕ ਕਤਲੇਆਮ ਵੀ ਸ਼ਾਮਲ ਸੀ। ਸਮਲਿੰਗੀਆਂ, ਜਿਪਸੀਆਂ, ਅਪਾਹਜਾਂ ਅਤੇ ਨਸਲੀ ਘੱਟ ਗਿਣਤੀਆਂ ਨੂੰ ਤਸੀਹਾ ਕੈਂਪਾਂ (ਕੰਸੈਂਟਰੇਸ਼ਨ ਕੈਂਪਾਂ) ਵਿੱਚ ਭੇਜ ਕੇ ਮਾਰ ਦਿੱਤਾ ਗਿਆ ਸੀ।
ਜਰਮਨੀ ਅਤੇ ਵਿਆਨਾ ਵਿੱਚ ਇਸ ਗੱਲ ‘ਤੇ ਵੱਡੀ ਬਹਿਸ ਚੱਲ ਰਹੀ ਹੈ ਕਿ ਹਿਟਲਰ ਨਾਲ ਜੁੜੀਆਂ ਇਮਾਰਤਾਂ ਨੂੰ ਸੰਭਾਲ ਕੇ ਰੱਖਿਆ ਜਾਵੇ, ਕਿਸੇ ਹੋਰ ਕੰਮ ਲਈ ਵਰਤਿਆ ਜਾਵੇ ਜਾਂ ਢਾਹ ਦਿੱਤਾ ਜਾਵੇ।
ਜਦਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਇਮਾਰਤਾਂ ਨੂੰ ਇਤਿਹਾਸਕ ਕਾਰਨਾਂ ਕਰਕੇ ਸੰਭਾਲਿਆ ਜਾਣਾ ਚਾਹੀਦਾ ਹੈ, ਉੱਥੇ ਹੀ ਦੂਜਿਆਂ ਨੇ ਚਿੰਤਾ ਜਤਾਈ ਹੈ ਕਿ ਇਨ੍ਹਾਂ ਨੂੰ ਨਵ-ਨਾਜ਼ੀਆਂ (ਨਿਓ-ਨਾਜ਼ੀ) ਅਤੇ ਕੱਟੜ ਸੱਜੇ-ਪੱਖੀ ਕੱਟੜਪੰਥੀਆਂ ਵੱਲੋਂ ਸਮਾਰਕਾਂ ਜਾਂ ਤੀਰਥ ਸਥਾਨਾਂ ਵਜੋਂ ਵਰਤਿਆ ਜਾ ਸਕਦਾ ਹੈ।
ਜੂਨ ਵਿੱਚ, ਬਰਲਿਨ ਪ੍ਰਸ਼ਾਸਨ ਨੇ ਐਲਾਨ ਕੀਤਾ ਸੀ ਕਿ ਉਹ ਹਿਟਲਰ ਦੇ ਬੰਕਰਾਂ ਵਿੱਚੋਂ ਇੱਕ ਨੂੰ ਢਾਹ ਦੇਣਗੇ, ਜਿਸ ਨੂੰ ਉਸ ਸਮੇਂ “ਨਾਜ਼ੀ ਜਰਮਨੀ ਦਾ ਪਾਵਰ ਸੈਂਟਰ” ਕਿਹਾ ਜਾਂਦਾ ਸੀ, ਤਾਂ ਜੋ ਉਸ ਜਗ੍ਹਾ ‘ਤੇ ਫਲੈਟ ਅਤੇ ਦਫ਼ਤਰ ਬਣਾਏ ਜਾ ਸਕਣ।
ਇਸ ਯੋਜਨਾ ਦੇ ਆਲੋਚਕਾਂ ਨੇ ਕਿਹਾ ਕਿ ਇਸ ਬੰਕਰ ਦਾ “ਬਹੁਤ ਵੱਡਾ ਇਤਿਹਾਸਕ ਮਹੱਤਵ” ਸੀ ਅਤੇ ਇਸ ਨੂੰ ਯੁੱਧ ਦੇ ਅੰਤ ਬਾਰੇ ਪ੍ਰਦਰਸ਼ਨੀ ਦੇ ਨਾਲ ਇੱਕ ਅਜਾਇਬ ਘਰ ਅਤੇ ਯਾਦਗਾਰ ਵਿੱਚ ਬਦਲਿਆ ਜਾਣਾ ਚਾਹੀਦਾ ਸੀ।
ਅਤੇ ਜੁਲਾਈ ਵਿੱਚ, ਸਾਲਾਂ ਦੇ ਵਿਵਾਦ ਤੋਂ ਬਾਅਦ, ਆਸਟਰੀਆ ਦੇ ਪ੍ਰਸ਼ਾਸਨ ਨੇ ਬ੍ਰਾਊਨਾਉ ਐਮ ਇਨ ਕਸਬੇ ਵਿੱਚ ਉਸ ਘਰ ਦੀ ਮੁਰੰਮਤ ਕੀਤੀ ਜਿਸ ਵਿੱਚ ਹਿਟਲਰ ਦਾ ਜਨਮ ਹੋਇਆ ਸੀ ਅਤੇ ਇਸ ਨੂੰ ਇੱਕ ਪੁਲਿਸ ਸਟੇਸ਼ਨ ਵਿੱਚ ਤਬਦੀਲ ਕਰ ਦਿੱਤਾ।
source : BBC PUNJABI



