Source :- BBC PUNJABI

ਤਸਵੀਰ ਸਰੋਤ, MD. SARTAJ ALAM
ਪੱਛਮੀ ਅਫਰੀਕੀ ਦੇਸ਼ ਨੀਜੇਰ ਵਿੱਚ ਝਾਰਖੰਡ ਦੇ ਪੰਜ ਮਜ਼ਦੂਰਾਂ ਨੂੰ ਅਗਵਾ ਕੀਤਾ ਗਿਆ ਹੈ।
25 ਅਪ੍ਰੈਲ ਨੂੰ ਨੀਜੇਰ ਦੇ ਤਿਲਾਬੇਰੀ ਟਾਊਨ ਦੇ ਨੇੜੇ ਨਿਰਮਾਣ ਕਾਰਜਾਂ ਦੇ ਦੌਰਾਨ ਹਥਿਆਰਬੰਦ ਬਾਈਕ ਸਵਾਰਾਂ ਨੇ ਹਮਲਾ ਕੀਤਾ ਸੀ।
ਅਚਾਨਕ ਹੋਏ ਇਸ ਹਮਲੇ ਵਿੱਚ ਨੀਜੇਰ ਦੇ ਕੁਝ ਸੁਰੱਖਿਆ ਮੁਲਾਜ਼ਮ ਵੀ ਮਾਰੇ ਗਏ ਸਨ।
ਹਮਲੇ ਦੇ ਬਾਅਦ ਪੰਜ ਭਾਰਤੀ ਮਜ਼ਦੂਰਾਂ ਸਣੇ ਕੁੱਲ 6 ਲੋਕਾਂ ਨੂੰ ਅਗਵਾ ਕਰ ਲਿਆ ਗਿਆ ਸੀ।
ਝਾਰਖੰਡ ਸਰਕਾਰ ਦਾ ਕਹਿਣਾ ਹੈ ਕਿ ਭਾਰਤੀ ਅੰਬੈਸੀ ਨੀਜੇਰ ਸਰਕਾਰ ਦੇ ਨਾਲ ਸੰਪਰਕ ਵਿੱਚ ਹੈ ਅਤੇ ਮਜ਼ਦੂਰਾਂ ਦੀ ਰਿਹਾਈ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੋਈ ਠੋਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਤਸਵੀਰ ਸਰੋਤ, MD. SARTAJ ALAM
ਮਜ਼ਦੂਰਾਂ ਦੇ ਅਗਵਾ ਹੋਣ ਬਾਰੇ ਕਿਵੇਂ ਪਤਾ ਲੱਗਿਆ

ਤਸਵੀਰ ਸਰੋਤ, MD. SARTAJ ALAM
ਇਹ ਸਾਰੇ ਮਜ਼ਦੂਰ ਝਾਰਖੰਡ ਦੇ ਗਿਰੀਡੀਹ ਜ਼ਿਲ੍ਹੇ ਤੋਂ ਕੰਮ ਕਰਨ ਲਈ ਨੀਜੇਰ ਗਏ ਸਨ। ਉਨ੍ਹਾਂ ਦੇ ਪਿੰਡ ਵਿੱਚ ਬੇਚੈਨੀ ਹੈ ਅਤੇ ਮਜ਼ਦੂਰਾਂ ਦੇ ਪਰਿਵਾਰ ਕਿਸੇ ਚੰਗੀ ਖ਼ਬਰ ਦੀ ਉਡੀਕ ਕਰ ਰਹੇ ਹਨ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਗਵਾ ਹੋਣ ਦੀ ਜਾਣਕਾਰੀ ਤੁਰੰਤ ਨਹੀਂ ਦਿੱਤੀ ਗਈ ਸੀ। ਪਰਿਵਾਰ ਨੂੰ ਇਸ ਬਾਰੇ ਅਗਵਾ ਹੋਏ ਲੋਕਾਂ ਦੇ ਸਾਥੀਆਂ ਤੋਂ ਪਤਾ ਲੱਗਿਆ, ਜੋ ਇਸ ਘਟਨਾ ਦੌਰਾਨ ਬਚ ਗਏ ਸਨ।
ਸੁਰੱਖਿਅਤ ਵਾਪਸ ਆਉਣ ਤੋਂ ਬਾਅਦ, ਕੁਝ ਮਜ਼ਦੂਰਾਂ ਨੇ ਆਪਣੇ ਪਰਿਵਾਰਾਂ ਨੂੰ ਫ਼ੋਨ ‘ਤੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਪੰਜ ਸਾਥੀਆਂ ਨੂੰ ਅਗਵਾ ਕਰ ਲਿਆ ਗਿਆ ਹੈ।
ਝਾਰਖੰਡ ਸਰਕਾਰ ਦੇ ਕਿਰਤ, ਰੁਜ਼ਗਾਰ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਜਤਿੰਦਰ ਸਿੰਘ ਨੇ ਬੀਬੀਸੀ ਨਾਲ ਗੱਲ ਕੀਤੀ।
ਉਨ੍ਹਾਂ ਕਿਹਾ, “ਜਿਨ੍ਹਾਂ ਮਜ਼ਦੂਰਾਂ ਨੂੰ ਬੰਧਕ ਬਣਾਇਆ ਗਿਆ ਹੈ ਉਨ੍ਹਾਂ ਨੂੰ ਰਿਹਾਅ ਕਰਵਾਉਣ ਦੇ ਲਈ ਨੀਜੇਰ ਸਰਕਾਰ ਨੂੰ ਹੀ ਕੋਸ਼ਿਸ਼ ਕਰਨੀ ਹੋਵੇਗੀ,ਜੋ ਕਿ ਉਹ ਕਰ ਵੀ ਰਹੇ ਹਨ।”
ਜਤਿੰਦਰ ਸਿੰਘ ਨੇ ਕਿਹਾ ਕਿ ਹੁਣ ਤੱਕ ਭਾਰਤੀ ਦੂਤਾਵਾਸ ਤੋਂ ਕੋਈ ਨਵੀਂ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ।
25 ਅਪ੍ਰੈਲ ਨੂੰ ਕੀ ਹੋਇਆ ਸੀ?
ਇਹ ਘਟਨਾ 25 ਅਪ੍ਰੈਲ ਨੂੰ ਵਾਪਰੀ ਜਦੋਂ ਕਲਪਤਰੂ ਕੰਪਨੀ ਦੇ 12 ਭਾਰਤੀ ਮੁਲਾਜ਼ਮਾਂ ਸਮੇਤ ਕੁੱਲ 38 ਕਾਮੇ ਨੀਜੇਰ ਸੁਰੱਖਿਆ ਬਲਾਂ ਦੀ ਮੌਜੂਦਗੀ ਵਿੱਚ ਇੱਕ ਟ੍ਰਾਂਸਮਿਸ਼ਨ ਲਾਈਨ ਲਈ ਟਾਵਰ ਬਣਾ ਰਹੇ ਸਨ।
ਘਟਨਾ ਸਮੇਂ ਮੌਜੂਦ ਮੋਜੀਲਾਲ ਮਹਤੋ ਉਨ੍ਹਾਂ ਮਜ਼ਦੂਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਅਤੇ ਵਾਪਸ ਪਰਤ ਆਏ।
28 ਸਾਲਾ ਮੋਜੀਲਾਲ ਇੱਕ ਡੂੰਘੇ ਨਾਲੇ ਵਿੱਚ ਚਲੇ ਗਏ ਅਤੇ ਉੱਥੇ ਲੁਕੇ ਰਹੇ। ਉਨ੍ਹਾਂ ਨੇ ਉੱਥੋਂ ਸਾਰਾ ਦ੍ਰਿਸ਼ ਦੇਖਿਆ ਅਤੇ ਬੀਬੀਸੀ ਨਾਲ ਆਪਣੀ ਕਹਾਣੀ ਸਾਂਝੀ ਕੀਤੀ ਹੈ।
ਉਹ ਦੱਸਦੇ ਹਨ ਕਿ ਆਮ ਵਾਂਗ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ, ਸਾਰੇ ਮੁਲਾਜ਼ਮ ਸਾਈਟ ‘ਤੇ ਵਾਪਸ ਆ ਗਏ ਸਨ, ਜਿੱਥੇ ਵੱਡੀ ਗਿਣਤੀ ਵਿੱਚ ਨੀਜੇਰ ਦੇ ਸੁਰੱਖਿਆ ਮੁਲਾਜ਼ਮ ਤੈਨਾਤ ਸਨ।
ਉਹ ਅੱਗੇ ਕਹਿੰਦੇ ਹਨ ਕਿ ਅਚਾਨਕ ਲਗਭਗ ਪੰਜਾਹ ਬਾਈਕ ਸਵਾਰ ਹਮਲਾਵਰਾਂ ਨੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਨਾਲ ਹਫੜਾ-ਦਫੜੀ ਮੱਚ ਗਈ।
ਮੋਜੀਲਾਲ ਮਹਤੋ ਨੇ ਕਿਹਾ, “ਸੁਰੱਖਿਆ ਮੁਲਾਜ਼ਮਾਂ ਦੀ ਆਵਾਜ਼ ਸੁਣ ਕੇ, ਅਸੀਂ ਸਾਰੇ ਨੇੜੇ ਖੜ੍ਹੀ ਕੰਪਨੀ ਦੀ ਬੱਸ ਵਿੱਚ ਚੜ੍ਹ ਗਏ। ਬੱਸ ਲਗਭਗ 20 ਮੀਟਰ ਅੱਗੇ ਵਧੀ ਅਤੇ ਫਿਰ ਰੇਤਲੀ ਮਿੱਟੀ ਵਿੱਚ ਫਸ ਗਈ। ਡਰ ਦੇ ਮਾਰੇ, ਅਸੀਂ ਸਾਰੇ ਬੱਸ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ।”
“ਦੌੜਦੇ ਹੋਏ, ਕੁਝ ਕਾਮੇ ਅੱਗੇ ਵਧ ਗਏ। ਇਸ ਮੌਕੇ ਫਲਜੀਤ ਮਹਾਤੋ, ਰਾਜੂ ਮਹਾਤੋ, ਚੰਦਰਿਕਾ ਮਹਤੋ, ਸੰਜੇ ਮਹਤੋ ਅਤੇ ਉੱਤਮ ਮਹਤੋ ਤੋਂ ਇਲਾਵਾ ਇੱਕ ਸਥਾਨਕ ਮਜ਼ਦੂਰ ਵੀ ਮੌਜੂਦ ਸੀ।”

ਤਸਵੀਰ ਸਰੋਤ, MD. SARTAJ ALAM
ਉਹ ਦੱਸਦੇ ਹਨ, “ਉਨ੍ਹਾਂ ਪੰਜਾਂ ਦੇ ਨੇੜੇ ਪਹੁੰਚਣ ਵਾਲੇ ਹਮਲਾਵਰਾਂ ਨੇ ਪਹਿਲਾਂ ਫਲਜੀਤ ਮਹਤੋ ਨੂੰ ਫੜਿਆ, ਫਿਰ ਬਾਕੀ ਚਾਰਾਂ ਨੂੰ ਅਤੇ ਉਦੋਂ ਤੱਕ ਅਸੀਂ ਬਾਕੀ ਮਜ਼ਦੂਰਾਂ ਨੇ ਪਿੱਛੇ ਇੱਕ ਨਾਲੇ ਵਿੱਚ ਲੁਕ ਕੇ ਆਪਣੀ ਜਾਨ ਬਚਾਈ।”
ਉਹ ਅੱਗੇ ਕਹਿੰਦੇ ਹਨ, “ਉੱਥੋਂ ਲੁਕ ਕੇ, ਅਸੀਂ ਇਹ ਦਰਦਨਾਕ ਦ੍ਰਿਸ਼ ਦੇਖਿਆ।”
“ਲਗਭਗ ਇੱਕ ਘੰਟੇ ਬਾਅਦ, ਸੁਰੱਖਿਆ ਬਲਾਂ ਦੀ ਇੱਕ ਨਵੀਂ ਟੁਕੜੀ ਮੌਕੇ ‘ਤੇ ਪਹੁੰਚੀ ਅਤੇ ਗੋਲੀਬਾਰੀ ਬੰਦ ਹੋ ਗਈ।”
ਉਹ ਦੱਸਦੇ ਹਨ, “ਉਸ ਸਮੇਂ ਰਾਤ ਦੇ 11 ਵੱਜ ਚੁੱਕੇ ਸਨ। ਸਾਡੇ ਮੋਬਾਈਲ ‘ਤੇ ਬਹੁਤ ਸਾਰੀਆਂ ਮਿਸਡ ਕਾਲਜ਼ ਆਈਆਂ। ਪਰ ਉਸ ਰਾਤ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਦੱਸਣ ਦੀ ਹਿੰਮਤ ਨਹੀਂ ਕਰ ਸਕੇ।”
26 ਅਪ੍ਰੈਲ ਨੂੰ ਵੀ, ਉਹ ਡਰ ਅਤੇ ਤਣਾਅ ਕਾਰਨ ਦਿਨ ਭਰ ਆਪਣੇ ਪਰਿਵਾਰ ਵੱਲੋਂ ਕੀਤੀਆਂ ਕਾਲਜ਼ ਨਹੀਂ ਚੁੱਕ ਸਕੇ।
ਉਹ ਦੱਸਦੇ ਹਨ, “ਕੰਪਨੀ ਦੇ ਅਧਿਕਾਰੀ ਸਾਨੂੰ ਹੌਸਲਾ ਦਿੰਦੇ ਰਹੇ ਪਰ ਉਸ ਦਿਨ ਸ਼ਾਮ ਤੱਕ ਪੰਜ ਸਾਥੀਆਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਸੀ। ਫਿਰ ਮੈਨੂੰ ਆਪਣੀ ਪਤਨੀ ਦੀ ਭਰਜਾਈ ਸੋਨੀ ਦੇਵੀ ਦਾ ਫ਼ੋਨ ਆਇਆ ਅਤੇ ਮੈਂ ਉਨ੍ਹਾਂ ਨੂੰ ਦੱਸਿਆ ਕਿ ਪਿੰਡ ਦੇ ਚਾਰ ਸਾਥੀ, ਜਿਨ੍ਹਾਂ ਵਿੱਚ ਸੰਜੇ ਮਹਤੋ ਵੀ ਸ਼ਾਮਲ ਸੀ, ਉਸ ਨੂੰ ਅਗਵਾ ਕਰ ਲਿਆ ਗਿਆ ਹੈ।”

ਤਸਵੀਰ ਸਰੋਤ, MD. SARTAJ ALAM
ਪਰਿਵਾਰ ਵਿੱਚ ਬੇਚੈਨੀ, ਆਪਣਿਆਂ ਦੀ ਉਡੀਕ
ਅਗਵਾ ਕੀਤੇ ਗਏ ਪੰਜੇ ਮਜ਼ਦੂਰ ਝਾਰਖੰਡ ਦੇ ਗਿਰੀਡੀਹ ਜ਼ਿਲ੍ਹੇ ਦੇ ਦੋਂਦਲੋ ਪਿੰਡ ਦੇ ਰਹਿਣ ਵਾਲੇ ਹਨ।
ਸੰਜੇ ਮਹਤੋ ਦੀ ਪਤਨੀ ਸੋਨੀ ਦੇਵੀ ਕਹਿੰਦੇ ਹਨ ਕਿ ਉਨ੍ਹਾਂ ਨੇ ਆਖ਼ਰੀ ਵਾਰ 25 ਅਪ੍ਰੈਲ ਨੂੰ ਦੁਪਹਿਰ ਦੇ ਖਾਣੇ ਦੇ ਸਮੇਂ ਆਪਣੇ ਪਤੀ ਨਾਲ ਗੱਲ ਕੀਤੀ ਸੀ।
ਉਹ ਦੱਸਦੇ ਹਨ, “ਮੇਰੇ ਵਾਂਗ, ਹੋਰ ਪਰਿਵਾਰ ਵੀ ਗੱਲ ਨਹੀਂ ਕਰ ਪਾ ਰਹੇ ਸਨ। ਅੰਤ ਵਿੱਚ ਮੈਂ ਆਪਣੇ ਰਿਸ਼ਤੇਦਾਰ ਮੋਜੀਲਾਲ ਮਹਤੋ ਨੂੰ ਫ਼ੋਨ ਕੀਤਾ। ਫਿਰ ਮੈਨੂੰ ਪਤਾ ਲੱਗਾ ਕਿ ਮੇਰੇ ਪਤੀ ਨੂੰ ਅਗਵਾ ਕਰ ਲਿਆ ਗਿਆ ਹੈ।”
ਪਰਿਵਾਰ ਦਾ ਕਹਿਣਾ ਹੈ ਕਿ ਸੰਜੇ ਜਨਵਰੀ 2023 ਵਿੱਚ ਨੀਜੇਰ ਗਏ ਸਨ ਅਤੇ ਦੋ ਮਹੀਨਿਆਂ ਬਾਅਦ ਵਾਪਸ ਆਉਣਾ ਸੀ।
ਸੋਨੀ ਦੇਵੀ ਨੇ ਕਿਹਾ, “ਕੱਲ੍ਹ ਐੱਸਡੀਐਮ ਸਾਹਿਬ ਸਾਡੇ ਘਰ ਆਏ। ਉਨ੍ਹਾਂ ਨੇ ਸਾਨੂੰ ਦਿਲਾਸਾ ਦਿੱਤਾ ਅਤੇ ਕਿਹਾ ਕਿ ਚਿੰਤਾ ਨਾ ਕਰੋ, ਤੁਹਾਡਾ ਪਤੀ ਜਲਦੀ ਹੀ ਵਾਪਸ ਆ ਜਾਵੇਗਾ। ਪਰ ਕਿਸੇ ਕੋਲ ਇਸ ਸਵਾਲ ਦਾ ਜਵਾਬ ਨਹੀਂ ਹੈ ਕਿ ਉਹ ਕਦੋਂ ਵਾਪਸ ਆਵੇਗਾ।”
ਰਾਜੂ ਮਹਤੋ ਦੀ ਪਤਨੀ ਲਕਸ਼ਮੀ ਦੇਵੀ ਨੇ ਆਖ਼ਰੀ ਵਾਰ 25 ਅਪ੍ਰੈਲ ਨੂੰ ਸਵੇਰੇ 11 ਵਜੇ ਆਪਣੇ ਪਤੀ ਨਾਲ ਗੱਲ ਕੀਤੀ ਸੀ।
ਉਹ ਕਹਿੰਦੇ ਹਨ, “ਉਸ ਨੇ ਮੈਨੂੰ ਦੱਸਿਆ ਕਿ ਉਸਦਾ ਦੋ ਮਹੀਨੇ ਦਾ ਕੰਮ ਬਾਕੀ ਹੈ ਅਤੇ ਫਿਰ ਉਹ ਘਰ ਆਵੇਗਾ। ਹੁਣ ਮੈਨੂੰ ਸਮਝ ਨਹੀਂ ਆ ਰਿਹਾ ਕਿ ਅਚਾਨਕ ਕੀ ਹੋਇਆ। ਸਿਰਫ਼ ਸਰਕਾਰ ਹੀ ਕੁਝ ਕਰ ਸਕਦੀ ਹੈ। ਅਸੀਂ ਬੇਵੱਸ ਹਾਂ, ਸਾਡਾ ਪਰਿਵਾਰ ਸਿਰਫ਼ ਪ੍ਰਾਰਥਨਾ ਕਰ ਸਕਦਾ ਹੈ।”

ਤਸਵੀਰ ਸਰੋਤ, MD. SARTAJ ALAM
ਫਲਜੀਤ ਮਹਤੋ ਦੇ ਪਤਨੀ ਰੂਪਾ ਦੇਵੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪਤੀ ਦੇ ਅਗਵਾ ਹੋਣ ਦੀ ਜਾਣਕਾਰੀ ਬੈਜਨਾਥ ਮਹਤੋ ਤੋਂ ਮਿਲੀ।
ਉਹ ਕਹਿੰਦੇ ਹਨ, “ਆਖ਼ਰੀ ਵਾਰ ਉਨ੍ਹਾਂ ਦਾ ਫ਼ੋਨ 25 ਤਰੀਕ ਦੀ ਦੁਪਹਿਰ ਨੂੰ ਆਇਆ ਸੀ। ਕੰਮ ਕਾਰਨ ਮੈਂ ਜ਼ਿਆਦਾ ਗੱਲ ਨਹੀਂ ਕਰ ਸਕੀ। ਹੁਣ ਮੈਨੂੰ ਨਹੀਂ ਪਤਾ ਕਿ ਮੈਂ ਉਨ੍ਹਾਂ ਨਾਲ ਗੱਲ ਕਰ ਸਕਾਂਗੀ ਜਾਂ ਨਹੀਂ। ਸਿਰਫ਼ ਰੱਬ ਹੀ ਜਾਣਦਾ ਹੈ ਕਿ ਮੇਰਾ ਪਤੀ ਕਿਸ ਹਾਲਤ ਵਿੱਚ ਹੈ। ਹੁਣ ਮੈਂ ਆਪਣੇ ਦੋ ਬੱਚਿਆਂ ਨੂੰ ਕਿਵੇਂ ਪਾਲਾਂਗੀ? ਮੈਂ ਦਿਨ-ਰਾਤ ਉਨ੍ਹਾਂ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕਰਦੀ ਹਾਂ ਪਰ ਉਨ੍ਹਾਂ ਦਾ ਮੋਬਾਈਲ ਬੰਦ ਹੈ।”
ਚੰਦਰਿਕਾ ਮਹਤੋ ਦੀ ਪਤਨੀ ਬੁੱਧਨੀ ਦੇਵੀ ਕਹਿੰਦੀ ਹੈ ਕਿ ਆਖਰੀ ਗੱਲਬਾਤ 25 ਅਪ੍ਰੈਲ ਨੂੰ ਹੋਈ ਸੀ।
ਬੁੱਧਨੀ ਦੇਵੀ ਨੇ ਕਿਹਾ, “ਉਨ੍ਹਾਂ ਨਾਲ ਗੱਲਬਾਤ ਦੌਰਾਨ, ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਬਿਹਤਰ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਮੇਰੇ ਵਾਂਗ ਕੰਮ ਲਈ ਘਰ-ਘਰ ਭਟਕਣਾ ਨਾ ਪਵੇ। 25 ਅਪ੍ਰੈਲ ਤੋਂ ਬਾਅਦ, ਮੈਂ ਅੱਜ ਤੱਕ ਉਨ੍ਹਾਂ ਦੀ ਆਵਾਜ਼ ਨਹੀਂ ਸੁਣ ਸਕੀ। ਹਰ ਕੋਈ ਦਿਲਾਸਾ ਦਿੰਦਾ ਹੈ ਅਤੇ ਚਲਾ ਜਾਂਦਾ ਹੈ। ਪਰ ਕੀ ਇਸ ਪਰਿਵਾਰ ਲਈ ਦਿਲਾਸਾ ਕਾਫ਼ੀ ਹੈ?”
ਉੱਤਮ ਮਹਤੋ ਦੇ ਪਤਨੀ ਜੁਗਨੀ ਦੇਵੀ ਕਹਿੰਦੇ ਹਨ ਕਿ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ 25 ਅਪ੍ਰੈਲ ਨੂੰ ਹਮੇਸ਼ਾ ਵਾਂਗ ਦੁਪਹਿਰ ਦੇ ਖਾਣੇ ਦੇ ਸਮੇਂ ਫੋਨ ਕੀਤਾ ਸੀ।
ਉਹ ਆਪਣੀ ਹਾਲਤ ਬਾਰੇ ਕਹਿੰਦੇ ਹਨ, “ਮੇਰੀ ਸੱਸ ਦਾ ਦੇਹਾਂਤ ਹੋ ਗਿਆ ਹੈ। ਹਰ ਮਹੀਨੇ ਮੇਰੇ ਬਿਮਾਰ ਸਹੁਰੇ ਦੇ ਇਲਾਜ ‘ਤੇ ਦੋ ਹਜ਼ਾਰ ਰੁਪਏ ਖਰਚ ਹੁੰਦੇ ਹਨ। ਮੇਰੇ ਛੋਟੇ ਬੱਚੇ ਹਨ। ਅਜਿਹੀ ਸਥਿਤੀ ਵਿੱਚ, ਇਹ ਪਰਿਵਾਰ ਮੇਰੇ ਪਤੀ ਤੋਂ ਬਿਨ੍ਹਾਂ ਕਿਵੇਂ ਗੁਜ਼ਾਰਾ ਕਰੇਗਾ? ਇਸ ਲਈ, ਜਿਸ ਤਰ੍ਹਾਂ ਕੰਪਨੀ ਉਨ੍ਹਾਂ ਨੂੰ ਨੀਜੇਰ ਲੈ ਗਈ, ਉਸੇ ਤਰ੍ਹਾਂ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਇੱਥੇ ਰੁਜ਼ਗਾਰ ਦੇਣਾ ਚਾਹੀਦਾ ਹੈ।”
ਝਾਰਖੰਡ ਸਰਕਾਰ ਕੀ ਕਹਿ ਰਹੀ ਹੈ?

ਤਸਵੀਰ ਸਰੋਤ, MD. SARTAJ ALAM
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ, ਝਾਰਖੰਡ ਸਰਕਾਰ ਨੇ ਸਟੇਟ ਮਾਈਗ੍ਰੈਂਟ ਕੰਟਰੋਲ ਰੂਮ ਨੂੰ ਸਰਗਰਮ ਕਰ ਦਿੱਤਾ ਹੈ।
27 ਅਪ੍ਰੈਲ ਨੂੰ, ਸਾਬਕਾ ਵਿਧਾਇਕ ਵਿਨੋਦ ਸਿੰਘ ਨੇ ਕਿਰਤ, ਰੁਜ਼ਗਾਰ ਅਤੇ ਸਿਖਲਾਈ ਵਿਭਾਗ ਨੂੰ ਇੱਕ ਰਸਮੀ ਪੱਤਰ ਭੇਜ ਕੇ ਦਖਲ ਦੀ ਮੰਗ ਕੀਤੀ ਸੀ। ਗਿਰੀਡੀਹ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਮਨ ਪ੍ਰਿਆਸ਼ ਲਕੜਾ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਮਾਮਲਾ ਕੇਂਦਰ ਸਰਕਾਰ, ਭਾਰਤੀ ਦੂਤਾਵਾਸ ਅਤੇ ਨੀਜੇਰ ਪ੍ਰਸ਼ਾਸਨ ਦੇ ਸਾਹਮਣੇ ਰੱਖਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ, “ਅਸੀਂ ਇਹ ਪਤਾ ਲਗਾਉਣ ਲਈ ਮੈਪਿੰਗ ਕਰ ਰਹੇ ਹਾਂ ਕਿ ਪੰਜ ਨੌਜਵਾਨਾਂ ਦੇ ਪਰਿਵਾਰਾਂ ਨੂੰ ਰਿਹਾਈ ਤੋਂ ਬਾਅਦ ਕਿਸ ਯੋਜਨਾ ਨਾਲ ਜੋੜਿਆ ਜਾ ਸਕਦਾ ਹੈ।”
ਅਜਿਹੀਆਂ ਕਿਹੜੀਆਂ ਯੋਜਨਾਵਾਂ ਹਨ ਜਿਨ੍ਹਾਂ ਦਾ ਲਾਭ ਮਿਲ ਸਕਦਾ ਹੈ?
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੂੰ ਰਿਹਾਇਸ਼ ਲਈ ਅੰਬੇਡਕਰ ਹਾਊਸਿੰਗ ਸਕੀਮ ਦੀ ਸਹੂਲਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਨਿਯਮਤ ਆਮਦਨ ਲਈ ਮਨਰੇਗਾ ਦਾ ਲਾਭ ਵੀ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਇਨ੍ਹਾਂ ਸਾਰੇ ਪਰਿਵਾਰਾਂ ਨੂੰ ਮੁੱਖ ਮੰਤਰੀ ਸਿਹਤ ਸਹਾਇਤਾ ਯੋਜਨਾ ਨਾਲ ਜੋੜਿਆ ਜਾਵੇਗਾ। ਜਿਸ ਤਹਿਤ ਪ੍ਰਤੀ ਮੈਂਬਰ ਪੰਜ ਤੋਂ ਦਸ ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ।
ਰਿਹਾਈ ਸਬੰਧੀ ਕੀ ਕੋਈ ਨਵੀਂ ਜਾਣਕਾਰੀ ਹੈ,ਇਸ ਸਵਾਲ ਦੇ ਜਵਾਬ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ, “ਫਿਲਹਾਲ ਕੋਈ ਅਪਡੇਟ ਨਹੀਂ ਹੈ। ਪਰ ਭਾਰਤੀ ਦੂਤਾਵਾਸ ਅਤੇ ਕੰਪਨੀ ਮੈਨੇਜਰ ਨਾਲ ਗੱਲਬਾਤ ਚੱਲ ਰਹੀ ਹੈ।”
‘ਹਮਲਾਵਰ ਕੌਣ ਸਨ , ਕਹਿਣਾ ਮੁਸ਼ਕਿਲ ਹੈ’

ਤਸਵੀਰ ਸਰੋਤ, MD. SARTAJ ALAM
ਨੀਜੇਰ ਵਿੱਚ ਤਾਇਨਾਤ ਕਲਪਤਰੂ ਕੰਪਨੀ ਦੇ ਮੈਨੇਜਰ ਜਗਨ ਮੋਹਨ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਪੁਸ਼ਟੀ ਕੀਤੀ ਕਿ ਘਟਨਾ ਸਮੇਂ ਉਹ ਵੀ ਮੌਕੇ ‘ਤੇ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਕੰਪਨੀ ਸੁਰੱਖਿਆ ਲਈ ਸਥਾਨਕ ਸੁਰੱਖਿਆ ਬਲਾਂ ਦੀ ਮਦਦ ਲੈ ਰਹੀ ਸੀ, ਅਤੇ ਇਹ ਹਮਲਾ ਅਚਾਨਕ ਹੋ ਗਿਆ।
ਉਹ ਕਹਿੰਦੇ ਹਨ, “ਘਟਨਾ ਦੇ ਸਮੇਂ ਮੈਂ ਵੀ ਉੱਥੇ ਮੌਜੂਦ ਸੀ। ਸੁਰੱਖਿਆ ਮੁਲਾਜ਼ਮ ਸਾਡੀ ਰੱਖਿਆ ਲਈ ਮੌਜੂਦ ਸਨ। ਉਸ ਸਮੇਂ ਫਰੰਟ ਲਾਈਨ ‘ਤੇ ਮੌਜੂਦ ਸੁਰੱਖਿਆ ਮੁਲਾਜ਼ਮਾਂ ‘ਤੇ ਗੋਲੀਆਂ ਚੱਲ ਰਹੀਆਂ ਸਨ।”
ਕੀ ਹਮਲਾਵਰਾਂ ਦਾ ਨਿਸ਼ਾਨਾ ਮਜ਼ਦੂਰ ਸਨ ਜਾਂ ਸੁਰੱਖਿਆ ਮੁਲਾਜ਼ਮ?
ਉਨ੍ਹਾਂ ਕਿਹਾ, “ਇਹ ਕਹਿਣਾ ਮੁਸ਼ਕਲ ਹੈ ਕਿਉਂਕਿ ਅਸੀਂ ਇਸ ਟਰਾਂਸਮਿਸ਼ਨ ਲਾਈਨ ਪ੍ਰੋਜੈਕਟ ‘ਤੇ ਤਿੰਨ ਸਾਲਾਂ ਤੋਂ ਕੰਮ ਕਰ ਰਹੇ ਹਾਂ। ਅਸੀਂ 90 ਫ਼ੀਸਦ ਸਿਵਲ ਕੰਮ ਪੂਰਾ ਕਰ ਲਿਆ ਹੈ। ਪਰ ਇਸ ਸਮੇਂ ਦੌਰਾਨ ਕਦੇ ਵੀ ਕੋਈ ਘਟਨਾ ਨਹੀਂ ਵਾਪਰੀ। ਇਹ ਕਹਿਣਾ ਮੁਸ਼ਕਲ ਹੈ ਕਿ ਅਗਵਾਕਾਰ ਕੌਣ ਹਨ ਅਤੇ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube ‘ਤੇ ਜੁੜੋ।)
source : BBC PUNJABI