Source :- BBC PUNJABI

ਡੌਨਲਡ ਟਰੰਪ

ਤਸਵੀਰ ਸਰੋਤ, Getty Images

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਨੇ ਭਵਿੱਖ ਦੇ ‘ਗੋਲਡਨ ਡੋਮ’ ਮਿਜ਼ਾਇਲ ਡਿਫੈਂਸ ਸਿਸਟਮ ਦੇ ਲਈ ਇਕ ਡਿਜ਼ਾਇਨ ਚੁਣ ਲਿਆ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਪ੍ਰਣਾਲੀ ਉਨ੍ਹਾਂ ਦੇ ਕਾਰਜਕਾਲ ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ।

ਜਨਵਰੀ ਵਿੱਚ ਵ੍ਹਾਈਟ ਹਾਊਸ ਪਰਤਣ ਦੇ ਕੁਝ ਹੀ ਦਿਨਾਂ ਬਾਅਦ ਟਰੰਪ ਨੇ ਇਸ ਸਿਸਟਮ ਨੂੰ ਲੈ ਕੇ ਆਪਣੀਆਂ ਯੋਜਨਾਵਾਂ ਸਾਹਮਣੇ ਰੱਖੀਆਂ ਸਨ।

ਗੋਲਡਨ ਡੋਮ ਦਾ ਮਕਸਦ ਅਮਰੀਕਾ ‘ਤੇ ਹੋਣ ਵਾਲੇ ਹਵਾਈ ਹਮਲਿਆਂ ਦੇ ਖਤਰਿਆਂ ਨਾਲ ਨਜਿੱਠਣਾ ਹੈ। ਇਹ ਸੁਰੱਖਿਆ ਪ੍ਰਣਾਲੀ ਬੈਲਿਸਿਟਿਕ ਅਤੇ ਕਰੂਜ਼ ਮਿਜ਼ਾਇਲਾਂ ਨਾਲ ਵੀ ਲੜ ਸਕੇਗੀ।

ਇਸ ਸਿਸਟਮ ਲਈ 25 ਅਰਬ ਡਾਲਰ ਦਾ ਬਜਟ ਰੱਖਿਆ ਗਿਆ ਹੈ। ਪਰ ਸਰਕਾਰ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਸਿਸਟਮ ‘ਤੇ ਇਸ ਤੋਂ ਕਿਤੇ ਜ਼ਿਆਦਾ ਖਰਚ ਹੋ ਸਕਦਾ ਹੈ।

ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਹੁਣ ਮੌਜੂਦਾ ਡਿਫੈਂਸ ਸਿਸਟਮ ਸੰਭਾਵਿਤ ਦੁਸ਼ਮਣਾਂ ਦੇ ਹਥਿਆਰਾਂ ਨਾਲ ਲੜਨ ਵਿੱਚ ਸਮਰੱਥ ਨਹੀਂ ਹੈ।

ਰਾਸ਼ਟਰਪਤੀ ਟਰੰਪ ਨੇ ਇਹ ਵੀ ਐਲਾਨ ਕੀਤਾ ਕਿ ਸਪੇਸ ਫੋਰਸ ਦੇ ਜਨਰਲ ਮਾਈਕਲ ਗੁਇਟਲੀਨ ਇਸ ਪ੍ਰਾਜੈਕਟ ਦੀ ਦੇਖਰੇਖ ਕਰਨਗੇ। ਜਨਰਲ ਗੁਇਟਲੀਨ ਮੌਜੂਦਾ ਸਮੇਂ ਵਿੱਚ ਸਪੇਸ ਫੋਰਸ ‘ਚ ਪੁਲਾੜ ਸੰਚਾਲਨ ਦੇ ਉੱਪ ਪ੍ਰਮੁਖ ਹਨ।

ਇਹ ਵੀ ਪੜ੍ਹੋ-

ਆਪਣੇ ਦੂਜੇ ਪ੍ਰਸ਼ਾਸਨ ਦੇ ਸੱਤਵੇਂ ਦਿਨ ਟਰੰਪ ਨੇ ਰੱਖਿਆ ਵਿਭਾਗ ਨੂੰ ਇੱਕ ਅਜਿਹੀ ਪ੍ਰਣਾਲੀ ਦੇ ਲਈ ਯੋਜਨਾ ਪੇਸ਼ ਕਰਨ ਦਾ ਆਦੇਸ਼ ਦਿੱਤਾ, ਜੋ ਹਵਾਈ ਹਮਲਿਆਂ ਨੂੰ ਰੋਕ ਸਕੇ ਅਤੇ ਉਨ੍ਹਾਂ ਤੋਂ ਬਚਾਅ ਕਰ ਸਕੇ। ਇਸ ਬਾਰੇ ਵ੍ਹਾਈਟ ਹਾਊਸ ਨੇ ਕਿਹਾ ਕਿ ਇਹ ਅਮਰੀਕਾ ਸਾਹਮਣੇ ‘ਸਭ ਤੋਂ ਘਾਤਕ ਖਤਰਾ’ ਬਣਿਆ ਹੋਇਆ ਹੈ।

ਓਵਲ ਦਫ਼ਤਰ ਵਿੱਚ ਮੰਗਲਵਾਰ ਨੂੰ ਟਰੰਪ ਨੇ ਕਿਹਾ ਕਿ ਇਸ ਸਿਸਟਮ ਵਿੱਚ ਜ਼ਮੀਨ, ਸਮੁੰਦਰ ਅਤੇ ਪੁਲਾੜ ਵਿੱਚ ‘ਅਗਲੀ ਪੀੜ੍ਹੀ’ ਦੀਆਂ ਤਕਨੀਕਾਂ ਸ਼ਾਮਲ ਹੋਣਗੀਆਂ, ਜਿਸ ਵਿੱਚ ਪੁਲਾੜ ਆਧਾਰਿਤ ਸੈਂਸਰ ਅਤੇ ਇੰਟਰਸੇਪਟਰ ਸ਼ਾਮਲ ਹੋਣਗੇ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਨੇ ਇਸ ਸਿਸਟਮ ਦਾ ਹਿੱਸਾ ਬਣਨ ਦੇ ਲਈ ਕਿਹਾ ਹੈ।

ਇਸ ਸਾਲ ਦੀ ਸ਼ੁਰੂਆਤ ਵਿੱਚ ਵਾਸ਼ਿੰਗਟਨ ਦੇ ਦੌਰੇ ਦੌਰਾਨ ਤਤਕਾਲੀ ਕੈਨੇਡੀਅਨ ਰੱਖਿਆ ਮੰਤਰੀ ਬਿੱਲ ਬਲੇਅਰ ਨੇ ਸਵੀਕਾਰ ਕੀਤਾ ਕਿ ਕੈਨੇਡਾ ਦੀ ਡੋਮ ਪ੍ਰਾਜੈਕਟ ਵਿੱਚ ਭਾਗ ਲੈਣ ‘ਚ ਰੁਚੀ ਹੈ। ਉਨ੍ਹਾਂ ਨੇ ਤਰਕ ਦਿੱਤਾ ਕਿ ਇਹ ਰੁਖ਼ ‘ਸਮਝਦਾਰੀ ਵਾਲਾ’ ਅਤੇ ‘ਰਾਸ਼ਟਰੀ ਹਿੱਤ’ ਵਿੱਚ ਹੈ।

ਉਨ੍ਹਾਂ ਕਿਹਾ ਕਿ ‘ਕੈਨੇਡਾ ਨੂੰ ਪਤਾ ਹੋਣਾ ਚਾਹੀਦਾ ਕਿ ਖੇਤਰ ਵਿੱਚ ਕੀ ਚੱਲ ਰਿਹਾ ਹੈ’ ਅਤੇ ਆਰਕਟਿਕ ਸਣੇ ਆਉਣ ਵਾਲੇ ਖਤਰਿਆਂ ਬਾਰੇ ਵੀ ਜਾਗਰੂਕ ਹੋਣਾ ਚਾਹੀਦਾ।

ਟਰੰਪ ਨੇ ਕਿਹਾ ਕਿ ਇਹ ਸਿਸਟਮ ‘ਦੁਨੀਆ ਦੇ ਦੂਜੇ ਪਾਸਿਓਂ ਲਾਂਚ ਕੀਤੀ ਗਈ ਮਿਜ਼ਾਇਲਾਂ ਜਾਂ ਪੁਲਾੜ ਤੋਂ ਲਾਂਚ ਕੀਤੀ ਗਈ ਮਿਜ਼ਾਇਲਾਂ ਨੂੰ ਵੀ ਰੋਕਣ ਵਿੱਚ ਸਮਰੱਥ ਹੋਵੇਗਾ।’

ਡੌਨਲਡ ਟਰੰਪ ਤੇ ਅਮਰੀਕੀ ਅਧਿਕਾਰੀ

ਤਸਵੀਰ ਸਰੋਤ, Getty Images

ਇਹ ਸਿਸਟਮ ਮੁੱਖ ਤੌਰ ‘ਤੇ ਇਜ਼ਰਾਇਲ ਦੇ ਆਇਰਨ ਡੋਮ ਤੋਂ ਪ੍ਰੇਰਿਤ ਹੈ, ਜਿਸ ਦਾ ਉਪਯੋਗ ਦੇਸ਼ 2011 ਤੋਂ ਰਾਕੇਟਾਂ ਅਤੇ ਮਿਜ਼ਾਇਲਾਂ ਨੂੰ ਰੋਕਣ ਲਈ ਕਰਦਾ ਰਿਹਾ ਹੈ।

ਹਾਲਾਂਕਿ ਗੋਲਡਨ ਡੋਮ ਕਈ ਗੁਣਾਂ ਵੱਡਾ ਹੋਵੇਗਾ ਅਤੇ ਇਸ ਨੂੰ ਕਈ ਤਰ੍ਹਾਂ ਦੇ ਖਤਰਿਆਂ ਨਾਲ ਨਜਿੱਠਣ ਲਈ ਡਿਜ਼ਾਇਨ ਕੀਤਾ ਜਾਵੇਗਾ, ਜੋ ਅਵਾਜ਼ ਦੀ ਗਤੀ ਤੋਂ ਵੀ ਤੇਜ਼ ਚੱਲਣ ਦੇ ਸਮਰੱਥ ਹਾਈਪਰਸੋਨਿਕ ਹਥਿਆਰ ਅਤੇ ਫਰੈਕਸ਼ਨਲ ਔਰਬਿਟਲ ਬੰਬਾਰੀ ਸਿਸਟਮ, ਜਿਸ ਨੂੰ ਫਾਬਸ ਵੀ ਕਿਹਾ ਜਾਂਦਾ ਹੈ, ਸ਼ਾਮਲ ਹਨ। ਇਹ ਪੁਲਾੜ ਤੋਂ ਵਾਰਹੈੱਡ ਪਹੁੰਚਾ ਸਕਦੇ ਹਨ।

ਟਰੰਪ ਨੇ ਕਿਹਾ, ‘ਉਨ੍ਹਾਂ ਸਾਰਿਆਂ ਨੂੰ ਹਵਾ ਵਿੱਚ ਹੀ ਖਤਮ ਕਰ ਦਿੱਤਾ ਜਾਵੇਗਾ।’ ਕਾਮਯਾਬੀ ਦੀ ਦਰ 100 ਫ਼ੀਸਦ ਦੇ ਬੇਹੱਦ ਕਰੀਬ ਹੈ।’

ਅਮਰੀਕੀ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਗੋਲਡਨ ਡੋਮ ਦਾ ਉਦੇਸ਼ ਅਮਰੀਕਾ ਨੂੰ ਮਿਜ਼ਾਇਲਾਂ ਨੂੰ ਉਨ੍ਹਾਂ ਦੀ ਤਾਇਨਾਤੀ ਦੇ ਵੱਖ-ਵੱਖ ਪੜ੍ਹਾਵਾਂ ਵਿੱਚ ਰੋਕਣ ਦੀ ਆਗਿਆ ਦੇਣਾ ਹੋਵੇਗਾ। ਇਸ ਵਿੱਚ ਲਾਂਚ ਕਰਨ ਤੋਂ ਪਹਿਲਾਂ ਅਤੇ ਜਦੋਂ ਉਹ ਹਵਾ ਵਿੱਚ ਹੋਵੇ, ਸ਼ਾਮਲ ਹੈ।

ਅਮਰੀਕੀ ਰੱਖਿਆ ਅਧਿਕਾਰੀਆਂ ਨੇ ਕਿਹਾ ਹੈ ਕਿ ਸਿਸਟਮ ਦੇ ਕਈ ਪਹਿਲੂ ਇੱਕ ਕੇਂਦਰੀਕ੍ਰਿਤ ਕਮਾਨ ਦੇ ਅਧੀਨ ਆਉਣਗੇ।

ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਪ੍ਰੋਗਰਾਮ ਲਈ 25 ਬਿਲੀਅਨ ਡਾਲਰ ਦੇ ਸ਼ੁਰੂਆਤੀ ਨਿਵੇਸ਼ ਦੀ ਜ਼ਰੂਰਤ ਹੋਵੇਗੀ, ਜਿਸ ਦੀ ਕੁਲ ਲਾਗਤ ਸਮੇਂ ਦੇ ਨਾਲ 175 ਬਿਲੀਅਨ ਡਾਲਰ ਹੋਵੇਗੀ। ਸ਼ੁਰੂਆਤੀ 25 ਬਿਲੀਅਨ ਡਾਲਰ ਦੀ ਪਛਾਣ ਉਨ੍ਹਾਂ ਦੇ ਵਨ ਬਿੱਗ ਬਿਊਟੀਫੁਲ ਬਿੱਲ ਆਨ ਟੈਕਸ ਵਿੱਚ ਕੀਤੀ ਗਈ ਹੈ, ਜਿਸ ਨੂੰ ਹਾਲੇ ਤੱਕ ਪਾਸ ਨਹੀਂ ਕੀਤਾ ਗਿਆ ਹੈ।

ਹਾਲਾਂਕਿ ਕਾਂਗਰਸ ਦੇ ਬਜਟ ਪ੍ਰੋਗਰਾਮ ਨੇ ਅੰਦਾਜ਼ਾ ਲਗਾਇਆ ਹੈ ਕਿ ਸਰਕਾਰ ਅੰਤ ਵਿੱਚ ਇਸ ਪ੍ਰਣਾਲੀ ਦੇ ਪੁਲਾੜ ਆਧਾਰਿਤ ਭਾਗਾਂ ‘ਤੇ ਹੀ 20 ਸਾਲਾਂ ਵਿੱਚ 542 ਬਿਲੀਅਨ ਡਾਲਰ ਤੱਕ ਖਰਚ ਕਰ ਸਕਦੀ ਹੈ।

ਪੇਂਟਾਗਨ ਦੇ ਅਧਿਕਾਰੀਆਂ ਨੇ ਲੰਬੇ ਸਮੇਂ ਤੋਂ ਚਿਤਾਵਨੀ ਦਿੱਤੀ ਹੈ ਕਿ ਮੌਜੂਦਾ ਸਿਸਟਮ ਰੂਸ ਅਤੇ ਚੀਨ ਵੱਲੋਂ ਤਿਆਰ ਕੀਤੀ ਗਈ ਨਵੀ ਮਿਜ਼ਾਇਲ ਤਕਨੀਕ ਨਾਲ ਤਾਲਮੇਲ ਨਹੀਂ ਰੱਖ ਸਕਿਆ ਹੈ।

ਮੰਗਲਵਾਰ ਨੂੰ ਓਵਲ ਦਫ਼ਤਰ ਵਿੱਚ ਟਰੰਪ ਨੇ ਕਿਹਾ, “ਅਸਲ ਵਿੱਚ ਕੋਈ ਮੌਜੂਦਾ ਸਿਸਟਮ ਨਹੀਂ ਹੈ। ਸਾਡੇ ਕੋਲ ਮਿਜ਼ਾਇਲਾਂ ਅਤੇ ਮਿਜ਼ਾਇਲ ਰੱਖਿਆ ਦੇ ਕੁਝ ਖੇਤਰ ਹਨ ਪਰ ਕੋਈ ਸਿਸਟਮ ਨਹੀਂ ਹੈ..ਅਜਿਹਾ ਪਹਿਲਾਂ ਕਦੇ ਨਹੀਂ ਹੋਇਆ।”

ਹਾਲ ਹੀ ਵਿੱਚ ਰੱਖਿਆ ਖੁਫੀਆ ਏਜੰਸੀ ਵੱਲੋਂ ਜਾਰੀ ਇੱਕ ਬ੍ਰੀਫਿੰਗ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਮਿਜ਼ਾਇਲ ਖਤਰੇ “ਪੈਮਾਨੇ ਅਤੇ ਸੂਝ-ਬੂਝ ਵਿੱਚ ਵਧਣਗੇ”। ਚੀਨ ਅਤੇ ਰੂਸ ਸਰਗਰਮੀ ਨਾਲ ‘ਅਮਰੀਕੀ ਰੱਖਿਆ ਦੀਆਂ ਕਮਜ਼ੋਰੀਆਂ ਦਾ ਫਾਇਦਾ ਚੁੱਕਣ’ ਲਈ ਸਿਸਟਮ ਡਿਜ਼ਾਇਨ ਕਰ ਰਿਹਾ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI