Source :- BBC PUNJABI
ਇੱਕ ਘੰਟਾ ਪਹਿਲਾਂ
ਡੌਨਲਡ ਟਰੰਪ ਇੱਕ ਵਾਰ ਫਿਰ ਵ੍ਹਾਈਟ ਹਾਊਸ ਵਿੱਚ ਦਾਖ਼ਲ ਹੋ ਗਏ ਹਨ।
ਅਮਰੀਕਾ ਦੇ ਰਾਸ਼ਟਰਪਤੀ ਵਜੋਂ ਉਨ੍ਹਾਂ ਦਾ ਦੂਜਾ ਕਾਰਜਕਾਲ ਵਿਦੇਸ਼ ਨੀਤੀ ਨੂੰ ਨਵਾਂ ਆਕਾਰ ਦੇਣ ਵਾਲਾ ਹੈ ਕਿਉਂਕਿ ਉਹ ਆਪਣੇ ਏਜੰਡੇ ਨੂੰ ਅਮਲੀ ਜਾਮਾ ਪਹਿਨਾਉਣਗੇ, ਜਿਸ ਨੂੰ ਉਹ ʻਅਮਰੀਕਾ ਫਰਸਟʼ ਕਹਿੰਦੇ ਹਨ।
ਇਸ ਸੰਭਾਵਿਤ ਤੌਰ ʼਤੇ ਅਮਰੀਕਾ ਦੀ ਸਰਹੱਦ ਪਾਰਲੇ ਲੋਕਾਂ ਦੇ ਜੀਵਨ ʼਤੇ ਕਾਫੀ ਅਸਰ ਕਰੇਗਾ।
ਇਸ ਤੋਂ ਪਹਿਲਾਂ ਸਾਲ 2017 ਤੋਂ 2021 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ ਟਰੰਪ ਹੁਣ ਦੂਜੀ ਵਾਰ ਕੌਮਾਂਤਰੀ ਮੁੱਦਿਆਂ ʼਤੇ ਕਿਵੇਂ ਕੰਮ ਕਰ ਸਕਦੇ, ਆਓ ਇੱਕ ਝਾਤ ਮਾਰਦੇ ਹਾਂ।
ਯੂਕਰੇਨ
ਚੁਣੇ ਗਏ ਰਾਸ਼ਟਰਪਤੀ ਨੇ ਚੋਣ ਪ੍ਰਚਾਰ ਦੌਰਾਨ ਟਰੰਪ ਨੇ ਵਾਰ-ਵਾਰ ਕਿਹਾ ਸੀ ਕਿ ਉਹ ਆਪਣੇ ਰਾਸ਼ਟਰਪਤੀ ਬਣਨ ਦੇ ਪਹਿਲੇ ਦਿਨ ਹੀ ਟਕਰਾਅ ਨੂੰ ਖ਼ਤਮ ਕਰ ਦੇਣਗੇ, ਪਰ ਇਸ ਬਾਰੇ ਵਧੇਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ।
ਉਹ ਲੰਬੇ ਸਮੇਂ ਤੱਕ ਕਰੋੜਾਂ ਡਾਲਰ ਦੀ ਅਮਰੀਕੀ ਫੌਜ ਸਹਾਇਤਾ ਬਾਰੇ ਆਲੋਚਨਾ ਕਰਦੇ ਰਹੇ ਹਨ, ਜੋ 2022 ਵਿੱਚ ਰੂਸ ਵੱਲੋਂ ਹਮਲੇ ਤੋਂ ਬਾਅਦ ਯੂਕਰੇਨ ਨੂੰ ਮਿਲੀ ਸੀ।
ਇਸ ਨਾਲ ਯੂਕਰੇਨ ਦੇ ਸਮਰਥਕਾਂ ਵਿਚਾਲੇ ਚਿੰਤਾ ਪੈਦਾ ਹੋ ਗਈ ਹੈ ਕਿ ਉਹ ਜੰਗ ਨੂੰ ਖ਼ਤਮ ਕਰਨ ਲਈ ਦੇਸ਼ ਨੂੰ ਖੇਤਰੀ ਸਮਝੌਤੇ ਕਰਨ ਲਈ ਮਜਬੂਰ ਕੀਤਾ ਜਾਵੇਗਾ।
ਯੂਕਰੇਨ ਅਤੇ ਰੂਸ ਲਈ ਟਰੰਪ ਦੇ ਵਿਸ਼ੇਸ਼ ਦੂਤ ਵਜੋਂ ਨਾਮਜ਼ਦ ਕੀਥ ਕੈਲੋਗ ਨੇ ਜਨਵਰੀ ਦੇ ਸ਼ੁਰੂ ਵਿੱਚ ਫੌਕਸ ਨਿਊਜ਼ ਨੂੰ ਦੱਸਿਆ ਸੀ ਕਿ ਉਨ੍ਹਾਂ 100 ਦਿਨਾਂ ਦੇ ਅੰਦਰ ਇੱਕ ਹੱਲ ਲੱਭਣ ਦਾ ਟੀਚਾ ਮਿੱਥਿਆ ਹੈ।
ਕੈਲੋਗ ਨੇ ਪਿਛਲੇ ਅਪ੍ਰੈਲ ਵਿੱਚ ਇੱਕ ਦਸਤਾਵੇਜ਼ੀ ਪ੍ਰਸਤਾਵ ਰੱਖਿਆ ਸੀ ਕਿ ਯੂਕਰੇਨ ਨੂੰ ਸਿਰਫ਼ ਤਾਂ ਹੀ ਹੋਰ ਅਮਰੀਕੀ ਸਹਾਇਤਾ ਮਿਲਣੀ ਚਾਹੀਦੀ ਹੈ ਜੇਕਰ ਉਹ ਮਾਸਕੋ ਨਾਲ ਸ਼ਾਂਤੀ ਵਾਰਤਾ ਵਿੱਚ ਹਿੱਸਾ ਲੈਣ ਲਈ ਸਹਿਮਤ ਹੋਵੇ।
ਟਰੰਪ ਨੇ ਕਿਹਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਟੀਮ ʻਇਸ ਦਾ ਪ੍ਰਬੰਧʼ ਕਰ ਰਹੀ ਹੈ।
ਨਾਟੋ
ਦਿ ਨੌਰਥ ਅਟਲਾਂਟਿਕ ਟ੍ਰਿਟੀ ਆਰਗਾਈਨੇਸ਼ਨ (ਨਾਟੋ) ਅਮਰੀਕਾ, ਯੂਕੇ, ਜਰਮਨੀ ਅਤੇ ਫਰਾਂਸ ਸਣੇ 32 ਦੇਸ਼ਾਂ ਦਾ ਫੌਜੀ ਗਠਜੋੜ ਹੈ, ਜਿਸ ਨਾਲ ਟਰੰਪ ਨੂੰ ਸਭ ਤੋਂ ਵੱਧ ਨਫ਼ਰਤ ਹੈ।
ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਧਮਕੀ ਦਿੱਤੀ ਸੀ ਕਿ ਜੇਕਰ ਕੋਈ ਦੇਸ਼ ਰੱਖਿਆ ʼਤੇ ਸਕਲ ਘਰੇਲੂ ਉਤਪਾਦ (ਜੀਡੀਪੀ) ਦਾ 2 ਫੀਸਦ ਖਰਚ ਕਰਨ ਦੇ ਮਿੱਥੇ ਟੀਚੇ ਵਿੱਚ ਅਸਫ਼ਲ ਰਿਹਾ ਤਾਂ ਉਹ ਅਮਰੀਕਾ ਨੂੰ ਨਾਟੋ ਵਿੱਚੋਂ ਵਾਪਸ ਲੈ ਲੈਣਗੇ।
ਉਨ੍ਹਾਂ ਨੇ ਵੀ ਸੁਝਾਅ ਦਿੱਤਾ ਸੀ ਕਿ ਜੇਕਰ ਹਮਲਾ ਹੁੰਦਾ ਹੈ ਤਾਂ ਅਮਰੀਕਾ ਉਸ ਮੈਂਬਰ ਦਾ ਬਚਾਅ ਨਹੀਂ ਕਰੇਗਾ, ਜੋ ਆਪਣਾ ਹਿੱਸਾ ਨਹੀਂ ਦੇ ਰਿਹਾ।
ਜਨਵਰੀ 2025 ਦੀ ਸ਼ੁਰੂਆਤ ਵਿੱਚ, ਉਨ੍ਹਾਂ ਨੇ ਨਾਟੋ ਦੇ ਯੂਰਪੀ ਮੈਂਬਰਾਂ ਨੂੰ ਆਪਣੀ ਕੌਮੀ ਆਮਦਨ ਦਾ 5 ਫੀਸਦ ਖਰਚ ਕਰਨ ਦੀ ਅਪੀਲ ਕੀਤੀ ਹੈ।
ਟਰੰਪ ਦੀ ਮੁਹਿੰਮ ਵੈਬਸਾਈਟ ਮੁਤਾਬਕ, ਉਨ੍ਹਾਂ ਦਾ ਟੀਚਾ ਨਾਟੋ ਦੇ ਉਦੇਸ਼ ਅਤੇ ਮਿਸ਼ਨ ਦਾ “ਬੁਨਿਆਦੀ ਤੌਰ ‘ਤੇ ਮੁੜ ਮੁਲਾਂਕਣ” ਕਰਨਾ ਸੀ।
ਕੀ ਉਹ ਕਦੇ ਵੀ ਅਮਰੀਕਾ ਨੂੰ ਗਠਜੋੜ ਤੋਂ ਵਾਪਸ ਲੈ ਲੈਣਗੇ, ਇਸ ਬਾਰੇ ਪ੍ਰਤੀਕਿਰਿਆ ਮਿਲੀ-ਜੁਲੀ ਹੈ।
ਪਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਜੇ ਵੀ ਅਜਿਹੇ ਤਰੀਕੇ ਹਨ ਜਿਨ੍ਹਾਂ ਨਾਲ ਉਹ ਬਿਨਾਂ ਪਿੱਛੇ ਹਟੇ ਗੱਠਜੋੜ ਨੂੰ ਕਮਜ਼ੋਰ ਕਰ ਸਕਦੇ ਹਨ, ਉਦਾਹਰਣ ਵਜੋਂ ਯੂਰਪ ਵਿੱਚ ਅਮਰੀਕੀ ਫੌਜਾਂ ਦੀ ਗਿਣਤੀ ਘਟਾ ਕੇ।
ਪੱਛਮ ਏਸ਼ੀਆ
ਗਾਜ਼ਾ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਦੇ ਸਮਝੌਤੇ ਦੇ ਲਾਗੂ ਹੋਣ ਤੋਂ ਤੁਰੰਤ ਬਾਅਦ ਹੀ ਟਰੰਪ ਨੇ ਅਹੁਦਾ ਸੰਭਾਲਿਆ ਹੈ।
ਉਨ੍ਹਾਂ ਦੇ ਸਲਾਹਕਾਰਾਂ ਨੇ ਸਾਬਕਾ ਰਾਸ਼ਟਰਪਤੀ ਬਾਈਡਨ ਦੀ ਟੀਮ ਅਤੇ ਕਤਰ ਤੇ ਮਿਸਰ ਦੇ ਵਾਰਤਾਕਾਰਾਂ ਨਾਲ ਗੱਲਬਾਤ ਕਰਨ ʼਤੇ ਕੰਮ ਕੀਤਾ। ਦੋਵੇਂ ਹੀ ਇਸ ਸਮਝੌਤੇ ਦਾ ਸਿਹਰਾ ਆਪਣੇ ਸਿਰ ਲੈਂਦੇ ਹਨ।
ਪਰ ਸਮਝੌਤੇ ਨੂੰ ਲਾਗੂ ਕਰਨ ਵਿੱਚ ਅੱਗੇ ਚੁਣੌਤੀਆਂ ਹੋਣਗੀਆਂ, ਖ਼ਾਸ ਕਰਕੇ ਬਾਅਦ ਦੇ ਪੜਾਵਾਂ ਨੂੰ ਅੰਤਿਮ ਰੂਪ ਦੇਣ ਵਿੱਚ, ਜਿਸ ਵਿੱਚ ਬਾਈਡਨ ਦੇ ਸ਼ਬਦਾਂ ਵਿੱਚ, “ਯੁੱਧ ਦਾ ਸਥਾਈ ਅੰਤ” ਸ਼ਾਮਲ ਹੈ।
ਪਹਿਲੇ ਕਾਰਜਕਾਲ ਵਿੱਚ ਟਰੰਪ ਨੇ ਜ਼ੋਰਦਾਰ ਢੰਗ ਨਾਲ ਇਜ਼ਰਾਈਲ ਪੱਖੀ ਨੀਤੀਆਂ ਲਾਗੂ ਕੀਤੀਆਂ, ਜਿਨ੍ਹਾਂ ਵਿੱਚ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਨਾਮ ਦੇਣਾ ਅਤੇ ਤੇਲ ਅਵੀਵ ਤੋਂ ਅਮਰੀਕੀ ਦੂਤਾਵਾਸ ਨੂੰ ਉੱਥੇ ਲੈ ਕੇ ਜਾਣਾ ਸ਼ਾਮਲ ਸੀ।
ਉਨ੍ਹਾਂ ਦੇ ਪ੍ਰਸ਼ਾਸਨ ਨੇ ਈਰਾਨ ਪ੍ਰਤੀ ਵੀ ਸਖ਼ਤ ਰੁਖ਼ ਅਪਣਾਇਆ, ਜਿਨ੍ਹਾਂ ਵਿੱਚ ਪਰਮਾਣੂ ਸਮਝੌਤੇ ਤੋਂ ਬਾਹਰ ਨਿਕਲਣਾ, ਪਾਬੰਦੀਆਂ ਵਧਾਉਣਾ ਅਤੇ ਈਰਾਨ ਦੇ ਸਭ ਤੋਂ ਸ਼ਕਤੀਸ਼ਾਲੀ ਫੌਜੀ ਕਮਾਂਡਰ, ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰਨਾ ਸ਼ਾਮਲ ਸੀ।
ਆਲੋਚਕਾਂ ਦਾ ਤਰਕ ਹੈ ਕਿ ਟਰੰਪ ਦੀਆਂ ਨੀਤੀਆਂ ਨੇ ਇਲਾਕੇ ʼਤੇ ਅਸਥਿਰ ਪ੍ਰਭਾਵ ਪਾਇਆ ਹੈ ਅਤੇ ਫ਼ਲਸਤੀਨੀਆਂ ਨੂੰ ਅਲੱਗ-ਥਲੱਗ ਕਰ ਦਿੱਤਾ।
ਉਨ੍ਹਾਂ ਨੇ ਅਬਰਾਹਿਮ ਸਮਝੌਤੇ ਦੀ ਵਿਚੋਲਗੀ ਕੀਤੀ, ਇਹ ਇੱਕ ਇਤਿਹਾਸਕ ਸਮਝੌਤਾ ਸੀ ਜੋ ਇਜ਼ਰਾਈਲ ਅਤੇ ਸੰਯੁਕਤ ਅਰਬ ਅਮੀਰਾਤ, ਬਹਿਰੀਨ, ਸੂਡਾਨ ਅਤੇ ਮੋਰੱਕੋ ਵਿਚਕਾਰ ਕੂਟਨੀਤਕ ਸਬੰਧਾਂ ਨੂੰ ਆਮ ਬਣਾਉਂਦਾ ਹੈ।
ਪਰ ਇਨ੍ਹਾਂ ʼਤੇ ਸਹਿਮਤੀ ਬਿਨਾਂ ਇਜ਼ਾਰਈਲ ਨੂੰ ਭਵਿੱਖ ਵਿੱਚ ਇੱਕ ਆਜ਼ਾਦ ਫ਼ਲਸਤੀਨੀ ਰਾਜ ਨੂੰ ਸਵੀਕਾਰ ਕਰਨ ਲਈ ਵਚਨਬਧ ਕੀਤੇ ਬਿਨਾ ਦਿੱਤੀ ਗਈ ਸੀ, ਪਹਿਲਾਂ ਇਸ ਤਰ੍ਹਾਂ ਦੇ ਸਮਝੌਤਿਆਂ ਲਈ ਅਰਬ ਦੇਸ਼ਾਂ ਦੀ ਇੱਕ ਸ਼ਰਤ ਸੀ।
ਗਾਜ਼ਾ ਜੰਗਬੰਦੀ ਦੇ ਐਲਾਨ ਤੋਂ ਬਾਅਦ, ਟਰੰਪ ਨੇ ਕਿਹਾ ਕਿ ਉਹ ਖੇਤਰ ਵਿੱਚ “ਤਾਕਤ ਰਾਹੀਂ ਸ਼ਾਂਤੀ” ਨੂੰ ਵਧਾਵਾ ਦੇਣਗੇ ਅਤੇ ਅਬਰਾਹਿਮ ਸਮਝੌਤਿਆਂ ‘ਤੇ ਕੰਮ ਕਰਨਗੇ।
ਇਸ ਦਾ ਅਰਥ ਸਾਊਦੀ ਅਰਬ ਅਤੇ ਇਜ਼ਰਾਈਲ ਵਿਚਕਾਰ ਇੱਕ ਸਮਝੌਤੇ ‘ਤੇ ਕੰਮ ਕਰਨਾ ਹੋ ਸਕਦਾ ਹੈ।
ਚੀਨ
ਚੀਨ ਪ੍ਰਤੀ ਅਮਰੀਕਾ ਦੇ ਦ੍ਰਿਸ਼ਟੀਕੋਣ ਦਾ ਵਿਸ਼ਵ ਦੀ ਰੱਖਿਆ ਅਤੇ ਕਾਰੋਬਾਰ ਦਾ ਵੱਡਾ ਅਸਰ ਪੈਂਦਾ ਹੈ।
ਪਹਿਲੇ ਕਾਰਜਕਾਲ ਵਿੱਚ ਟਰੰਪ ਨੇ ਚੀਨ ਨਾਲ ਬੇਹੱਦ ਕੌੜੀ ਵਪਾਰਕ ਜੰਗ ਛੇੜ ਦਿੱਤੀ ਸੀ। ਇਸ ਵਾਰ ਉਨ੍ਹਾਂ ਨੇ ਅਮਰੀਕਾ ਵਿੱਚ ਚੀਨ ਦੇ ਆਯਾਤ ʼਤੇ 60 ਫੀਸਦ ਟੈਰਿਫ ਲਗਾਉਣ ਦਾ ਸੁਝਾਅ ਦਿੱਤਾ ਹੈ।
ਵਿਦੇਸ਼ ਮੰਤਰੀ ਵਜੋਂ ਉਨ੍ਹਾਂ ਦੇ ਚੁਣੇ ਮਾਰਕੋ ਰੂਬੀਓ ਅਤੇ ਕੌਮੀ ਸੁਰੱਖਿਆ ਸਲਾਹਕਾਰ ਮਾਈਕ ਵਾਲਟਜ਼ ਦੋਵੇਂ ਹੀ ਚੀਨ ਪ੍ਰਤੀ ਹਮਲਾਵਰ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਬੀਜਿੰਗ ਨੂੰ ਵੱਡਾ ਖ਼ਤਰਾ ਮੰਨਦੇ ਹਨ।
ਤਾਇਵਾਨ ਅਜੇ ਵੀ ਇੱਕ ਅਹਿਮ ਮੁੱਦਾ ਬਣਿਆ ਹੋਇਆ ਹੈ। ਅਮਰੀਕਾ ਨੇ ਸਵੈ-ਸ਼ਾਸਿਤ ਟਾਪੂ ਲਈ ਸਹਾਇਤਾ ਜਾਰੀ ਰੱਖੀ ਹੋਈ ਹੈ।
ਦਰਅਸਲ, ਇਸ ਟਾਪੂ ਨੂੰ ਚੀਨ ਇੱਕ ਵੱਖਰੇ ਪ੍ਰਾਂਤ ਵਜੋਂ ਦੇਖਦਾ ਹੈ ਜੋ ਅਖ਼ੀਰ ਬੀਜਿੰਗ ਦੇ ਕਾਬੂ ਵਿੱਚ ਹੋਵੇਗਾ।
ਅਮਰੀਕਾ ਇਤਿਹਾਸਕ ਤੌਰ ‘ਤੇ ਜਾਣਬੁੱਝ ਕੇ ਇਸ ਬਾਰੇ ਅਸਪਸ਼ਟ ਰਿਹਾ ਹੈ ਕਿ ਜੇਕਰ ਚੀਨ ਤਾਈਵਾਨ ‘ਤੇ ਹਮਲਾ ਕਰਦਾ ਹੈ ਤਾਂ ਉਹ ਕਿਵੇਂ ਪ੍ਰਤੀਕਿਰਿਆ ਕਰੇਗਾ।
ਹਾਲਾਂਕਿ ਬਾਈਡਨ ਹੁਣ ਤੱਕ ਕਿਸੇ ਵੀ ਅਮਰੀਕੀ ਨੇਤਾ ਨਾਲੋਂ ਸਭ ਤੋਂ ਸਪੱਸ਼ਟ ਰਹੇ ਹਨ ਕਿ ਅਮਰੀਕਾ ਇਸ ਦਾ ਬਚਾਅ ਕਰੇਗਾ।
ਚੋਣ ਮੁਹਿੰਮ ਦੌਰਾਨ, ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਤਾਇਵਾਨ ਦੀ ਨਾਕਾਬੰਦੀ ਨੂੰ ਰੋਕਣ ਲਈ ਫੌਜੀ ਤਾਕਤ ਦੀ ਵਰਤੋਂ ਨਹੀਂ ਕਰਨੀ ਪਵੇਗੀ, ਕਿਉਂਕਿ ਰਾਸ਼ਟਰਪਤੀ ਸ਼ੀ “ਮੇਰਾ ਸਤਿਕਾਰ ਕਰਦੇ ਹਨ ਅਤੇ ਉਹ ਜਾਣਦੇ ਹਨ ਕਿ ਮੈਂ ਕੁਝ ਵੀ ਕਰ ਸਕਦਾ ਹਾਂ” ਅਤੇ ਕਿਹਾ ਹੈ ਕਿ ਜੇਕਰ ਅਜਿਹਾ ਹੋਇਆ ਤਾਂ ਉਹ ਚੀਨ ʼਤੇ ਟੈਰਿਫ ਲਗਾ ਦੇਣਗੇ।
ਜਲਵਾਯੂ ਪਰਿਵਰਤਨ
ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਇੱਕ ਜਾਣੇ-ਪਛਾਣੇ ਜਲਵਾਯੂ ਪਰਿਵਰਤਨ ਬਾਰੇ ਸ਼ੱਕ ਕਰਨ ਵਾਲੇ ਵਿਅਕਤੀ ਹਨ, ਜਿਨ੍ਹਾਂ ਨੇ ਹਰੀ ਊਰਜਾ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਨੂੰ “ਘਪਲਾ” ਕਿਹਾ ਹੈ।
ਸੰਭਾਵਨਾ ਹੈ ਕਿ ਉਹ 2015 ਦੇ ਜਲਵਾਯੂ ਪਰਿਵਰਤਨ ‘ਤੇ ਪੈਰਿਸ ਸਮਝੌਤੇ ਤੋਂ ਇੱਕ ਵਾਰ ਫਿਰ ਅਮਰੀਕਾ ਨੂੰ ਬਾਹਰ ਕੱਢਣ।
ਦਰਅਸਲ ਉਨ੍ਹਾਂ ਨੇ ਆਪਣੇ ਪਹਿਲੇ ਕਾਰਜਕਾਲ ਵਿੱਚ ਵੀ ਅਜਿਹਾ ਕੀਤਾ ਸੀ ਪਰ ਜੋਅ ਬਾਈਡਨ ਨੇ 2021 ਵਿੱਚ ਇਸ ਨੂੰ ਉਲਟਾ ਦਿੱਤਾ ਸੀ।
ਚੁਣੇ ਹੋਏ ਰਾਸ਼ਟਰਪਤੀ ਨੇ ਸਸਤੀ ਊਰਜਾ ਦਾ ਵਾਅਦਾ ਕਰਦੇ ਹੋਏ ਤੇਲ ਲਈ “ਡ੍ਰਿਲ, ਬੇਬੀ, ਡ੍ਰਿਲ” ਕਰਨ ਦੀ ਸਹੁੰ ਖਾਧੀ ਹੈ।
ਚੋਣਾਂ ਤੋਂ ਪਹਿਲਾਂ, ਟਰੰਪ ਮੁਹਿੰਮ ਨੇ ਵਾਤਾਵਰਣ ਪ੍ਰੇਮੀਆਂ ਦੁਆਰਾ “ਫਜ਼ੂਲ ਮੁਕੱਦਮੇਬਾਜ਼ੀ” ਨੂੰ ਰੋਕਣ, ਹਵਾ ਊਰਜਾ ਲਈ ਸਬਸਿਡੀਆਂ ਖ਼ਤਮ ਕਰਨ, ਤੇਲ, ਗੈਸ ਅਤੇ ਕੋਲਾ ਉਤਪਾਦਕਾਂ ‘ਤੇ ਟੈਕਸ ਘਟਾਉਣ ਅਤੇ ਬਾਈਡਨ ਦੁਆਰਾ ਲਿਆਂਦੇ ਗਏ ਵਾਹਨ ਨਿਕਾਸ ਨਿਯਮਾਂ ਨੂੰ ਵਾਪਸ ਲੈਣ ਦਾ ਵਾਅਦਾ ਕੀਤਾ ਸੀ।
ਜਦਕਿ ਵਾਤਾਵਰਨ ਮਾਹਰ ਟਰੰਪ ਦੇ ਚੁਣੇ ਜਾਣ ਨੂੰ ਵਿਸ਼ਵ ਜਲਵਾਯੂ ਕਾਰਵਾਈ ਲਈ ਇੱਕ ਝਟਕੇ ਵਜੋਂ ਦੇਖਦੇ ਹਨ। ਉਹ ਇਹ ਵੀ ਕਹਿੰਦੇ ਹਨ ਕਿ ਨਵਿਆਉਣਯੋਗ ਊਰਜਾ ਵੱਲ ਤਬਦੀਲੀ ਫਿਰ ਵੀ ਅਮਰੀਕਾ ਅਤੇ ਵਿਸ਼ਵ ਅਰਥਵਿਵਸਥਾਵਾਂ ਦੋਵਾਂ ਵਿੱਚ ਸ਼ਾਮਲ ਹੋ ਰਹੀ ਹੈ।
ਪਰਵਾਸ
ਟਰੰਪ ਨੇ ਅਮਰੀਕਾ ਵਿੱਚ ਬਿਨਾਂ ਅਧਿਕਾਰ ਦੇ ਰਹਿ ਰਹੇ ਲੱਖਾਂ ਪਰਵਾਸੀਆਂ ਨੂੰ ਦੇਸ਼ ਵਿੱਚੋਂ ਬਾਹਰ ਕਰਨ ਦਾ ਫ਼ੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਸੀ ਕਿ ਉਹ ਵ੍ਹਾਈਟ ਹਾਊਸ ਵਿੱਚ ਆਪਣੇ ਪਹਿਲੇ ਦਿਨ ਹੀ “ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡਾ ਸਮੂਹਿਕ ਦੇਸ਼ ਨਿਕਾਲੇ ਦਾ ਕਾਰਜ” ਸ਼ੁਰੂ ਕਰਨਗੇ।
ਅਮਰੀਕਾ ਵਿੱਚ ਅੰਦਾਜ਼ਨ 11 ਮਿਲੀਅਨ ਗ਼ੈਰ-ਦਸਤਾਵੇਜ਼ੀ ਪਰਵਾਸੀ ਰਹਿ ਰਹੇ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਕਈ ਸਾਲਾਂ ਤੋਂ ਉੱਥੇ ਰਹਿ ਰਹੇ ਹਨ ਅਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਉਹ “ਅਪਰਾਧੀਆਂ” ਤੋਂ ਸ਼ੁਰੂਆਤ ਕਰਨਗੇ, ਪਰ ਇਸ ਬਾਰੇ ਵੀ ਬੇਹੱਦ ਘੱਟ ਵੇਰਵੇ ਦਿੱਤੇ ਗਏ ਹਨ।
ਆਪਣੀ ਚੋਣ ਮੁਹਿੰਮ ਦੌਰਾਨ ਉਨ੍ਹਾਂ ਨੇ ਇਮੀਗ੍ਰੇਸ਼ਨ ‘ਤੇ ਤਿੱਖੀ ਬਿਆਨਬਾਜ਼ੀ ਕੀਤੀ, ਇਹ ਕਹਿੰਦੇ ਹੋਏ ਕਿ ਉਹ ਸਰਹੱਦੀ ਸੁਰੱਖਿਆ ਨੂੰ ਸਖ਼ਤ ਕਰਨਗੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਉਹ ਕੁਝ ਦੇਸ਼ਾਂ ਦੇ ਲੋਕਾਂ ‘ਤੇ ਆਪਣੀਆਂ ਪਿਛਲੀਆਂ ਬਹੁਤ ਹੀ ਵਿਵਾਦਪੂਰਨ ਯਾਤਰਾ ਪਾਬੰਦੀਆਂ ਨੂੰ ਮੁੜ ਲਾਗੂ ਕਰਨਗੇ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਬਹੁਗਿਣਤੀ ਮੁਸਲਿਮ ਦੇਸ਼ ਹਨ।
ਹਾਲਾਂਕਿ, ਇਮੀਗ੍ਰੇਸ਼ਨ ਮਾਹਰਾਂ ਦਾ ਤਰਕ ਹੈ ਕਿ ਟਰੰਪ ਦੀਆਂ ਯੋਜਨਾਵਾਂ ਵਿੱਚ ਮਹੱਤਵਪੂਰਨ ਕਾਨੂੰਨੀ, ਲੌਜਿਸਟਿਕਲ, ਵਿੱਤੀ ਅਤੇ ਰਾਜਨੀਤਿਕ ਚੁਣੌਤੀਆਂ ਸ਼ਾਮਲ ਹੋਣਗੀਆਂ।
ਗ੍ਰੀਨਲੈਂਡ ਅਤੇ ਪਨਾਮਾ ਨਹਿਰ
ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਨੇ ਇਹ ਕਹਿ ਕੇ ਭਾਜੜਾ ਪਾ ਦਿੱਤੀਆਂ ਕਿ ਉਹ ਗ੍ਰੀਨਲੈਂਡ ਖਰੀਦਣਾ ਚਾਹੁੰਦੇ ਹਨ ਅਤੇ ਪਨਾਮਾ ਨਹਿਰ ਦਾ ਕੰਟਰੋਲ ਆਪਣੇ ਹੱਥ ਵਿੱਚ ਲੈਣਾ ਚਾਹੁੰਦੇ ਹਨ।
ਜਦੋਂ ਜਨਵਰੀ ਦੇ ਸ਼ੁਰੂ ਵਿੱਚ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਕੀ ਉਹ ਇਨ੍ਹਾਂ ਟੀਚਿਆਂ ਲਈ ਫੌਜੀ ਜਾਂ ਆਰਥਿਕ ਤਾਕਤ ਦੀ ਵਰਤੋਂ ਕਰਨਗੇ ਤਾਂ ਉਨ੍ਹਾਂ ਦਾ ਜਵਾਬ ਸੀ “ਨਹੀਂ, ਮੈਂ ਤੁਹਾਨੂੰ ਇਨ੍ਹਾਂ ਦੋਵਾਂ ਵਿੱਚੋਂ ਕਿਸੇ ‘ਤੇ ਵੀ ਭਰੋਸਾ ਨਹੀਂ ਦੇ ਸਕਦਾ।”
ਘੱਟ ਆਬਾਦੀ ਵਾਲਾ ਡੈਨਿਸ਼ ਖੇਤਰ ਇੱਕ ਵੱਡੀ ਅਮਰੀਕੀ ਪੁਲਾੜ ਸਹੂਲਤ ਦਾ ਘਰ ਹੈ ਅਤੇ ਇਸ ਵਿੱਚ ਦੁਰਲੱਭ ਧਰਤੀ ਦੇ ਖਣਿਜਾਂ ਦੇ ਕੁਝ ਸਭ ਤੋਂ ਵੱਡੇ ਭੰਡਾਰ ਹਨ, ਜੋ ਬੈਟਰੀਆਂ ਅਤੇ ਉੱਚ-ਤਕਨੀਕੀ ਯੰਤਰਾਂ ਦੇ ਨਿਰਮਾਣ ਵਿੱਚ ਮਹੱਤਵਪੂਰਨ ਹਨ।
ਡੈਨਮਾਰਕ ਅਤੇ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਨੇ ਵੀ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਖੇਤਰ ਵਿਕਰੀ ਲਈ ਨਹੀਂ ਹੈ।
ਦਸੰਬਰ ਵਿੱਚ ਟਰੰਪ ਨੇ ਕਿਹਾ ਸੀ ਕਿ ਪਨਾਮਾ ਨਹਿਰ ਵਿੱਚੋਂ ਲੰਘਣ ਲਈ “ਬਹੁਤ ਹੀ ਅਨੁਚਿਤ” ਫੀਸ ਵਸੂਲ ਰਿਹਾ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ “ਧੋਖਾਧੜੀ” ਬੰਦ ਨਹੀਂ ਹੋਈ, ਤਾਂ ਉਹ ਇਸ ਨੂੰ ਅਮਰੀਕਾ ਦੇ ਨਿਯੰਤਰਣ ਵਿੱਚ ਵਾਪਸ ਕਰ ਦਿੱਤਾ ਜਾਵੇ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਚੀਨ ਬਾਰੇ ਚਿੰਤਤ ਹੈ, ਜੋ ਇਸ ਨਹਿਰ ਦੀ ਲਗਾਤਾਰ ਵਰਤੋਂ ਕਰਦਾ ਹੈ ਅਤੇ ਜਿਸ ਦਾ ਪਨਾਮਾ ਵਿੱਚ ਵੱਡਾ ਆਰਥਿਕ ਨਿਵੇਸ਼ ਹੈ।
ਪਨਾਮਾ ਨੇ ਕਿਹਾ ਹੈ ਕਿ ਨਹਿਰ ʼਤੇ ਉਸ ਦੀ ਪ੍ਰਭੂਸੱਤਾ “ਗ਼ੈਰ-ਸਮਝੌਤੇਯੋਗ” ਹੈ ਅਤੇ ਜਲ ਮਾਰਗ ਵਿੱਚ “ਕੋਈ ਚੀਨੀ ਦਖ਼ਲਅੰਦਾਜ਼ੀ” ਨਹੀਂ ਹੈ।
ਅਜਿਹਾ ਮੰਨਿਆ ਜਾਂਦਾ ਹੈ ਕਿ ਅਮਰੀਕਾ ਨੂੰ ਇਨ੍ਹਾਂ ਵਿੱਚੋਂ ਕਿਸੇ ਵੀ ਖੇਤਰ ʼਤੇ ਆਪਣਾ ਕੰਟਰੋਲ ਨਹੀਂ ਲੈ ਸਕੇਗਾ, ਪਰ ਟਰੰਪ ਦੇ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ “ਅਮਰੀਕਾ ਫਰਸਟ” ਦ੍ਰਿਸ਼ਟੀਕੋਣ ਵਿੱਚ ਆਪਣੀਆਂ ਸਰਹੱਦਾਂ ਤੋਂ ਬਾਹਰ ਅਮਰੀਕੀ ਤਾਕਤ ਦਾ ਪ੍ਰਦਰਸ਼ਨ ਵੀ ਸ਼ਾਮਲ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI