Source :- BBC PUNJABI
- ਲੇਖਕ, ਰਾਜਵੀਰ ਕੌਰ ਗਿੱਲ
- ਰੋਲ, ਬੀਬੀਸੀ ਪੱਤਰਕਾਰ
-
10 ਜਨਵਰੀ 2025
ਅਪਡੇਟ 8 ਮਿੰਟ ਪਹਿਲਾਂ
ਪੰਜਾਬ ਤੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਅਤੇ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅੱਜ ਮੁਕਤਸਰ ਸਾਹਿਬ ‘ਚ ਹੋਣ ਵਾਲੇ ਮਾਘੀ ਮੇਲੇ ’ਤੇ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰਨ ਜਾ ਰਹੇ ਹਨ।
ਚੜ੍ਹੇ ਸਾਲ ਹੀ ਕੋਟਕਪੂਰਾ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਸਰਬਜੀਤ ਸਿੰਘ ਖ਼ਾਲਸਾ ਨੇ ਦੱਸਿਆ ਸੀ ਕਿ ਨਵੀਂ ਪਾਰਟੀ ਦਾ ਨਾਮ ‘ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ’ ਹੋਵੇਗਾ।
ਖ਼ਾਲਸਾ ਨੇ ਕਿਹਾ ਸੀ ਕਿ ਪਾਰਟੀ ਦੇ ਰਸਮੀ ਗਠਨ ਦਾ ਐਲਾਨ 14 ਜਨਵਰੀ ਨੂੰ ਮਾਘੀ ਮੇਲੇ ਵੇਲੇ ਕੀਤੀ ਜਾਣ ਵਾਲੀ ‘ਪੰਥ ਬਚਾਓ, ਪੰਜਾਬ ਬਚਾਓ’ ਕਾਨਫਰੰਸ ਦੌਰਾਨ ਕੀਤਾ ਜਾਵੇਗਾ।
ਪਰ ਕੀ ਪੰਜਾਬੀਆਂ ਨੂੰ ਕਿਸੇ ਹੋਰ ਨਾਂ ਹੇਠ ਇੱਕ ਹੋਰ ਅਕਾਲੀ ਦਲ ਦੀ ਲੋੜ ਹੈ ਜਾਂ ਇਹ ਨਵੀਂ ਪਾਰਟੀ ਪੰਜਾਬ ਦੇ ਮਸਲਿਆਂ ਨਾਲ ਨਜਿੱਠ ਸਕੇਗੀ।
14 ਦਸੰਬਰ, 1920 ਨੂੰ ਹੋਂਦ ਵਿੱਚ ਆਏ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਇੱਕ ਸਦੀ ਤੋਂ ਵੀ ਲੰਬਾ ਹੈ।
ਇਸ ਦੌਰਾਨ ਦਰਜਨ ਦੇ ਕਰੀਬ ਪਾਰਟੀਆਂ ਅਕਾਲੀ ਦਲ ਦੇ ਨਾਲ ਮੇਲ ਖਾਂਦੇ ਨਾਵਾਂ ਹੇਠ ਹੋਂਦ ਵਿੱਚ ਆਈਆਂ, ਪਰ ਇਹ ਜਾਂ ਤਾਂ ਖ਼ਤਮ ਹੋ ਗਈਆਂ ਜਾਂ ਹੋਰ ਸਿਆਸੀ ਪਾਰਟੀਆਂ ਦਾ ਪੱਲ਼ਾ ਫ਼ੜ ਤੁਰ ਪਈਆਂ।
ਸਰਬਜੀਤ ਖ਼ਾਲਸਾ ਤੇ ਅਮ੍ਰਿਤਪਾਲ ਦੇ ਇਸ ਸਾਂਝੇ ਐਲਾਨ ਤੋਂ ਬਾਅਦ ਸੂਬੇ ਵਿੱਚ ਪੰਥ ਦੇ ਨਾਮ ਉੱਤੇ ਬਣਨ ਵਾਲੀਆਂ ਪਾਰਟੀਆਂ ਦੇ ਸਰੋਕਾਰਾਂ ਅਤੇ ਭਵਿੱਖ ਬਾਰੇ ਸਵਾਲ ਖੜਾ ਹੁੰਦਾ ਹੈ।
ਇਹ ਵੀ ਜ਼ਹਿਨ ਵਿੱਚ ਆਉਂਦਾ ਹੈ ਕਿ ਜੇ ਸਾਰੀਆਂ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਹੇਠ ਬਣਨ ਵਾਲੀਆਂ ਪਾਰਟੀਆਂ ਪੰਥਕ ਹਿੱਤਾਂ ਦੀ ਰਾਖੀ ਕਰਨ ਵਾਲੀ ਸਿਆਸਤ ਦੀ ਗੱਲ ਕਰਦੀਆਂ ਹਨ ਤਾਂ ਫਿਰ ਵੱਖਰੇਵਾਂ ਕਿਸ ਗੱਲ ਦਾ ਹੈ।
ਇਸ ਬਾਰੇ ਸਮਝਣ ਤੋਂ ਪਹਿਲਾਂ ਜਾਣਦੇ ਹਾਂ, ਹੁਣ ਤੱਕ ਅਕਾਲੀ ਦਲ ਦੇ ਨਾਮ ਉੱਤੇ ਸਮੇਂ-ਸਮੇਂ ਬਣੀਆਂ ਪਾਰਟੀਆਂ ਬਾਰੇ।
ਇਸ ਦੇ ਨਾਲ ਹੀ ਸਮਝਾਂਗੇ ‘ਪੰਥ ਨੂੰ ਬਚਾਉਣ’ ਦਾ ਹੋਕਾ ਦੇਣ ਵਾਲੀਆਂ ਸਿਆਸੀ ਪਾਰਟੀਆਂ ਦੇ ਸਫ਼ਲ-ਅਸਫ਼ਲ ਰਹੇ ਸਫ਼ਰਾਂ ਬਾਰੇ।
ਅਕਾਲੀ ਦਲ ਬਨਾਮ ਸ਼੍ਰੋਮਣੀ ਅਕਾਲੀ ਦਲ-ਬਾਦਲ
ਅਕਾਲੀ ਦਲ ਦਾ ਗਠਨ 14 ਦਸੰਬਰ, 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਇਆ ਸੀ।
ਪਾਰਟੀ ਦੇ ਪਹਿਲੇ ਪ੍ਰਧਾਨ ਸੁਰਮੁਖ ਸਿੰਘ ਝਬਾਲ ਸਨ। ਪਾਰਟੀ ਦਾ ਜਨਮ 1920-25 ਦੌਰਾਨ ਚੱਲੀ ਗੁਰਦੁਆਰਾ ਸੁਧਾਰ ਲਹਿਰ ਦੀ ਦੇਣ ਸੀ।
ਸ਼੍ਰੋਮਣੀ ਅਕਾਲੀ ਦਲ ਦੀ ਅਧਿਕਾਰਿਤ ਵੈੱਬਸਾਈਟ ਮੁਤਾਬਕ ਅਕਾਲੀ ਦਲ ਪਾਰਟੀ ਕਾਂਗਰਸ ਤੋਂ ਬਾਅਦ ਭਾਰਤ ਦੀ ਦੂਜੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ।
ਗੁਰਦੁਆਰਾ ਸੁਧਾਰ ਲਹਿਰ ਦਾ ਮਕਸਦ ਇਤਿਹਾਸਕ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਛੁਡਾਉਣ ਅਤੇ ਇਨ੍ਹਾਂ ਦਾ ਪ੍ਰਬੰਧ ਸਿੱਖ ਸੰਗਤ ਦੇ ਹੱਥਾਂ ਵਿੱਚ ਦੇਣਾ ਸੀ।
ਇਸੇ ਲਹਿਰ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਨਾਮੀ ਜਥੇਬੰਦੀਆਂ ਹੋਂਦ ਵਿੱਚ ਆਈਆਂ ਸੀ।
ਸ਼ੁਰੂਆਤ ਵਿੱਚ ਗੁਰਦੁਆਰਿਆਂ ਦਾ ਪ੍ਰਬੰਧ ਹਾਸਲ ਕਰਨ ਲਈ ਲੋੜੀਂਦੇ ਵਾਲੰਟੀਅਰ ਇਕੱਠੇ ਕਰਨ ਲਈ ਬਣਾਏ ਗਏ ਗੁੱਟ ਨੂੰ ਅਕਾਲੀ ਦਲ ਕਿਹਾ ਗਿਆ, ਜੋ ਕਿ ਬਾਅਦ ਵਿੱਚ ਹੌਲੀ-ਹੌਲੀ ਇੱਕ ਸਿਆਸੀ ਪਾਰਟੀ ਦਾ ਰੂਪ ਲੈ ਗਿਆ।
ਕੁਝ ਸਮਾਂ ਬਾਅਦ ਵਿੱਚ ਅਕਾਲੀ ਦਲ ਦੇ ਨਾਲ ਸ਼੍ਰੋਮਣੀ ਸ਼ਬਦ ਵੀ ਜੋੜ ਦਿੱਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਕਈ ਲੋਕ ਪੱਖੀ ਘੋਲਾਂ ਦਾ ਹਿੱਸਾ ਰਿਹਾ ਹੈ।
ਵੱਖ-ਵੱਖ ਸਮਿਆਂ ਉੱਤੇ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਫ਼ਤਿਹ ਸਿੰਘ, ਹਰਚੰਦ ਸਿੰਘ ਲੌਂਗੋਵਾਲ ਅਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਸਿਆਸੀ ਆਗੂਆਂ ਨੇ ਅਕਾਲੀ ਦਲ ਦੀ ਅਗਵਾਈ ਕੀਤੀ।
ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਛੇ ਵਾਰ ਅਕਾਲੀ ਦਲ ਦੀ ਸਰਕਾਰ ਆਈ। ਪਾਰਟੀ ਦੇ ਆਗੂ ਜਸਟਿਸ ਗੁਰਨਾਮ ਸਿੰਘ ਤੇ ਸੁਰਜੀਤ ਸਿੰਘ ਬਰਨਾਲਾ ਵੱਖ-ਵੱਖ ਸਮੇਂ ਉੱਤੇ ਸੀਮਤ ਸਮੇਂ ਲਈ ਸੂਬੇ ਦੇ ਮੁੱਖ ਮੰਤਰੀ ਰਹੇ।
ਪੰਜਾਬ ਵਿੱਚ ਸਭ ਤੋਂ ਲੰਬਾ ਸਮਾਂ ਮੁੱਖ ਮੰਤਰੀ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਸਭ ਤੋਂ ਛੋਟੀ ਉਮਰ ਅਤੇ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਬਣੇ।
ਹਾਲਾਂਕਿ ਪ੍ਰਕਾਸ਼ ਸਿੰਘ ਦੀ ਅਗਵਾਈ ਦੌਰਾਨ ਅਜਿਹਾ ਕਈ ਵਾਰ ਹੋਇਆ ਕਿ ਉਨ੍ਹਾਂ ਉੱਤੇ ਪਰਿਵਾਰਵਾਦ ਦੇ ਇਲਜ਼ਾਮ ਲੱਗੇ। ਅਕਾਲੀ ਸਰਕਾਰ ਵਿੱਚ ਬਾਦਲ ਪਰਿਵਾਰ ਦੇ ਮੈਂਬਰਾਂ ਨੂੰ ਮੰਤਰੀ ਬਣਾਉਣ ਕਰਕੇ ਵੀ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ।
ਸਰਬਹਿੰਦ ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਸਿੱਖ ਧਾਰਮਿਕ-ਸਿਆਸੀ ਬਿਰਤਾਂਤ ਦੇ ਸਿਰਜਕ ਗੁਰਚਰਨ ਸਿੰਘ ਟੌਹੜਾ ਬਿਨਾ ਅਧੂਰਾ ਹੈ।
ਉਹ 1973 ਤੋਂ ਲੈ ਕੇ 1998 ਤੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਉੱਤੇ ਰਹੇ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਕਾਮਯਾਬ ਸਿਆਸੀ ਸਫ਼ਰ ਵਿੱਚ ਉਨ੍ਹਾਂ ਦੀ ਭੂਮਿਕਾ ਅਹਿਮ ਰਹੀ।
1999 ਵਿੱਚ ਗੁਰਚਰਨ ਸਿੰਘ ਟੌਹੜਾ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਗਿਆ। ਇਸ ਤੋਂ ਨਾਰਾਜ਼ ਟੌਹੜਾ ਨੇ ਆਪਣੀ ਪਾਰਟੀ ਬਣਾਈ- ਸਰਬਹਿੰਦ ਅਕਾਲੀ ਦਲ।
ਸਰਬਹਿੰਦ ਅਕਾਲੀ ਦਲ ਨੇ ਗੁਰਚਰਨ ਸਿੰਘ ਟੋਹੜਾ ਦੀ ਅਗਵਾਈ ਵਿੱਚ 1999 ਦੀ ਲੋਕ ਸਭਾ ਚੋਣ ਲੜੀ ਅਤੇ ਫ਼ਿਰ 2002 ਵਿੱਚ ਵੀ ਚੋਣ ਮੈਦਾਨ ਵਿੱਚ ਉੱਤਰੇ ਪਰ ਦੋਵੇਂ ਵਾਰ ਹਾਰ ਹੱਥ ਲੱਗੀ।
2003 ਵਿੱਚ ਸਰਬਹਿੰਦ ਅਕਾਲੀ ਦਲ ਵੀ ਸ਼੍ਰੋਮਣੀ ਅਕਾਲੀ ਦਲ ਦਾ ਹੀ ਹਿੱਸਾ ਬਣ ਗਿਆ।
1 ਅਪ੍ਰੈਲ 2004 ਨੂੰ ਟੋਹੜਾ ਦਾ ਦੇਹਾਂਤ ਹੋ ਗਿਆ ਸੀ।
ਸ਼੍ਰੋਮਣੀ ਅਕਾਲੀ ਦਲ – ਸੰਤ ਫ਼ਤਿਹ ਸਿੰਘ
ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਆਗੂਆਂ ਮਾਸਟਰ ਤਾਰਾ ਸਿੰਘ ਅਤੇ ਸੰਤ ਫ਼ਤਿਹ ਸਿੰਘ ਦਰਮਿਆਨ ਕੁਝ ਮਸਲਿਆਂ ਉੱਤੇ ਅਸਹਿਮਤੀ ਕਾਰਨ ਸੰਤ ਫ਼ਤਿਹ ਸਿੰਘ ਨੇ 1962 ਵਿੱਚ ਆਪਣੀ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ- ਸੰਤ ਫ਼ਤਿਹ ਸਿੰਘ ਬਣਾਈ।
1965 ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਪਾਰਟੀ ਨੇ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਦੁੱਗਣੀਆਂ ਸੀਟਾਂ ਲਈਆਂ ਅਤੇ ਕਮੇਟੀ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲਿਆ।
1967 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਨੇ ਲਛਮਣ ਸਿੰਘ ਦੀ ਅਗਵਾਈ ਵਾਲੀ ਜਨਤਾ ਪਾਰਟੀ ਨਾਲ ਮਿਲ ਕੇ ਸੂਬੇ ਵਿੱਚ ਸਰਕਾਰ ਵੀ ਬਣਾਈ। ਇਸ ਦੌਰਾਨ ਜਸਟਿਸ ਗੁਰਨਾਮ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ। ਪਰ ਆਪਸੀ ਵਿਵਾਦਾਂ ਦੇ ਕਾਰਨ ਸਰਕਾਰ ਚੱਲ ਨਾ ਸਕੀ।
1968 ਵਿੱਚ ਪਾਰਟੀ ਮੁੜ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣ ਗਈ।
ਕੈਪਟਨ ਅਮਰਿੰਦਰ ਸਿੰਘ ਦਾ ਸ਼੍ਰੋਮਣੀ ਅਕਾਲੀ ਦਲ-ਕਾਬਲ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਸਾਕਾ ਨੀਲਾ ਤਾਰਾ ਤੋਂ ਬਾਅਦ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਜੁਆਇਨ ਕੀਤਾ ਸੀ।
ਪਰ ਸਿਆਸੀ ਟਕਰਾਅ ਤੋਂ ਬਾਅਦ ਉਨ੍ਹਾਂ ਨੇ ਆਪਣੀ ਵੱਖਰੀ ਪਾਰਟੀ ਬਣਾਈ, ਜਿਸ ਦਾ ਨਾਮ ਸ਼੍ਰੋਮਣੀ ਅਕਾਲੀ ਦਲ-ਕਾਬਲ ਰੱਖਿਆ ਗਿਆ।
ਕੈਪਟਨ ਅਮਰਿੰਦਰ ਸਿੰਘ ਨੇ 1992 ਦੀਆਂ ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ- ਕਾਬਲ ਵੱਲੋਂ ਹੀ ਲੜੀਆਂ ਸਨ।
ਪਰ ਬਾਅਦ ਵਿੱਚ 1998 ਵਿੱਚ ਉਨ੍ਹਾਂ ਦੀ ਇਹ ਪਾਰਟੀ ਕਾਂਗਰਸ ਦਾ ਹਿੱਸਾ ਬਣ ਗਈ।
ਸਾਲ 1999 ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਰਜਿੰਦਰ ਕੌਰ ਭੱਠਲ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਦੇ ਦਿੱਤੀ ਗਈ।
ਸ਼੍ਰੋਮਣੀ ਅਕਾਲੀ ਦਲ- ਅੰਮ੍ਰਿਤਸਰ
ਸ਼੍ਰੋਮਣੀ ਅਕਾਲੀ ਦਲ-ਅੰਮ੍ਰਿਤਸਰ ਦਾ ਗਠਨ ਸਿੱਖ ਕੱਟੜਪੰਥੀ ਸਿਆਸਤਦਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ 1 ਮਈ, 1994 ਵਿੱਚ ਕੀਤਾ ਗਿਆ ਸੀ।
ਮਾਨ 1989 ਵਿੱਚ ਤਰਨ ਤਾਰਨ ਹਲਕੇ ਤੋਂ ਲੋਕ ਸਭਾ ਚੋਣ ਜਿੱਤੇ ਅਤੇ 1999 ਵਿੱਚ ਉਨ੍ਹਾਂ ਨੇ ਸੰਗਰੂਰ ਤੋਂ ਜਿੱਤ ਦਰਜ ਕਰਵਾਈ।
2022 ਦੀਆਂ ਲੋਕ ਸਭਾ ਚੋਣਾਂ ਵਿੱਚ ਕਰੀਬ ਦੋ ਦਹਾਕਿਆਂ ਬਾਅਦ ਸਿਮਰਨਜੀਤ ਸਿੰਘ ਮਾਨ ਲੋਕ ਸਭਾ ਚੋਣਾਂ ਵਿੱਚ ਸੰਗਰੂਰ ਤੋਂ ਜਿੱਤੇ।
ਹਾਲਾਂਕਿ ਸਿਆਸੀ ਮਾਹਰ ਇਸ ਜਿੱਤ ਪਿੱਛੇ ਕੁਝ ਤਤਕਾਲੀ ਕਾਰਨ ਜਿਵੇਂ ਕਿ ‘ਵਾਰਿਸ ਪੰਜਾਬ ਦੀ’ ਜਥੇਬੰਦੀ ਦੇ ਤਤਕਾਲੀ ਪ੍ਰਧਾਨ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉੱਠੀ ਲਹਿਰ ਨੂੰ ਵੀ ਮੰਨਦੇ ਹਨ।
ਪਰ ਸਿਮਰਨਜੀਤ ਸਿੰਘ ਮਾਨ ਆਪਣੀ ਪਾਰਟੀ ਅੱਜ ਵੀ ਚਲਾ ਰਹੇ ਹਨ ਅਤੇ ਉਹ ਪੰਜਾਬ ਦੇ ਇੱਕੋ ਇੱਕ ਪੰਥਕ ਆਗੂ ਹਨ ਜਿਹੜੇ ਖਾਲਿਸਤਾਨ ਦੇ ਮੁੱਦੇ ਉੱਤੇ ਪੰਜਾਬ ਦੀਆਂ ਵਿਧਾਨ ਸਭਾ ਅਤੇ ਭਾਰਤ ਦੀਆਂ ਲੋਕ ਸਭਾ ਚੋਣਾਂ ਲੜਦੇ ਹਨ।
ਸ਼੍ਰੋਮਣੀ ਅਕਾਲੀ ਦਲ- ਸੰਯੁਕਤ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਦੀ ਸਿਖ਼ਰਲੀ ਲੀਡਰਸ਼ਿਪ ਨਾਲ ਮੁਖ਼ਾਲਫ਼ਤ ਤੋਂ ਬਾਅਦ ਅਪ੍ਰੈਲ 2021 ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾਇਆ।
ਇਸ ਧੜੇ ਦੇ ਤੀਜੇ ਆਗੂ ਡਾਕਟਰ ਰਤਨ ਸਿੰਘ ਅਜਨਾਲਾ ਵੀ ਸਨ।
ਪਰ ਬਾਅਦ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਮੁੜ ਬਾਦਲ ਧੜੇ ਦੇ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣ ਗਏ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਬਾਦਲ ਦੇ ਬਾਗ਼ੀ ਆਗੂਆਂ ਦੀ ਬਾਂਹ ਫੜ ਲਈ।
ਸ਼੍ਰੋਮਣੀ ਅਕਾਲੀ ਦਲ- ਲੌਂਗੋਵਾਲ
ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਪਤਨੀ ਸੁਰਜੀਤ ਕੌਰ ਬਰਨਾਲਾ ਦੀ ਅਗਵਾਈ ਵਿੱਚ 2004 ਵਿੱਚ ਸ਼੍ਰੋਮਣੀ ਅਕਾਲੀ ਦਲ-ਲੌਂਗੋਵਾਲ ਹੋਂਦ ਵਿੱਚ ਆਈ।
ਸ਼੍ਰੋਮਣੀ ਅਕਾਲੀ ਦਲ- ਬਾਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਟਿਕਟ ਨਾ ਮਿਲਣ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ- ਲੌਂਗੋਵਾਲ ਜੁਆਇਨ ਕਰ ਲਈ ਸੀ।
ਪਰ ਸਾਲ 2007 ਵਿੱਚ ਉਹ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।
ਸ਼੍ਰੋਮਣੀ ਅਕਾਲੀ ਦਲ- ਪੰਥਕ
ਸ਼੍ਰੋਮਣੀ ਅਕਾਲੀ ਦਲ ਪੰਥਕ ਦਾ ਗਠਨ 1990 ਵਿੱਚ ਗਰਮਸੁਰ ਵਾਲੇ ਪੰਥਕ ਆਗੂ ਜਸਬੀਰ ਸਿੰਘ ਰੋਡੇ ਨੇ ਕੀਤਾ।
ਜਸਬੀਰ ਸਿੰਘ ਰੋਡੇ, ਜਰਨੈਲ ਸਿੰਘ ਭਿੰਡਰਾਵਾਲੇ ਦੇ ਭਤੀਜੇ ਹਨ।
ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ- ਡੈਮੋਕ੍ਰੇਟਿਕ
ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਵਡਾਲਾ ਨੇ ਵੀ 1996 ਵਿੱਚ ਆਪਣੀ ਵੱਖਰੀ ਪਾਰਟੀ ਬਣਾ ਲਈ ਸੀ। ਉਨ੍ਹਾਂ ਦੀ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ-ਡੈਮੋਕ੍ਰੇਟਿਕ ਸੀ।
ਕੁਲਦੀਪ ਸਿੰਘ ਵਡਾਲਾ ਦੁਆਬੇ ਨਾਲ ਸਬੰਧਤ ਅਕਾਲੀ ਦਲ ਦਾ ਵੱਡਾ ਨਾਂ ਸੀ। ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖਰਾ ਰਾਹ ਅਖ਼ਤਿਆਰ ਕਰਨ ਤੋਂ ਬਾਅਦ ਉਹ ਸੱਤਾ ਤੋਂ ਭਾਵੇਂ ਲਾਂਭੇ ਹੋ ਗਏ ਪਰ ਉਨ੍ਹਾਂ ਕਰਤਾਰਪੁਰ ਸਾਹਿਬ ਲਾਂਘੇ ਲਈ 18 ਸਾਲ ਆਪਣੀ ਮੁਹਿੰਮ ਜਾਰੀ ਰੱਖੀ।
ਉਨ੍ਹਾਂ ਦੇ ਦੇਹਾਂਤ ਤੋਂ ਇੱਕ ਸਾਲ ਬਾਅਦ 2019 ਵਿੱਚ ਭਾਰਤ ਅਤੇ ਪਾਕਿਸਤਾਨ ਸਰਕਾਰ ਨੇ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹਿਆ ਸੀ।
ਵਡਾਲਾ ਅਕਾਲੀ ਆਗੂ ਗੁਰਚਰਨ ਸਿੰਘ ਟੌਹੜਾ ਦੇ ਕਰੀਬੀ ਮੰਨੇ ਜਾਂਦੇ ਸਨ। 2004 ਵਿੱਚ ਉਨ੍ਹਾਂ ਦੇ ਪੁੱਤਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਸ਼੍ਰੋਮਣੀ ਅਕਾਲੀ ਦਲ-ਡੈਮੋਕ੍ਰੇਟਿਕ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰ ਦਿੱਤਾ।
ਇਸ ਤੋਂ ਬਾਅਦ ਉਹ ਦੂਜੀ ਵਾਰ ਨਕੋਦਰ ਤੋਂ ਵਿਧਾਇਕ ਬਣੇ। ਇਸ ਵੇੇਲੇ ਉਹ ਅਕਾਲੀ ਦਲ ਦੇ ਬਾਗੀ ਧੜ੍ਹੇ ਦਾ ਹਿੱਸਾ ਹਨ।
‘ਲੋੜ ਲੋਕ ਮਸਲਿਆਂ ਦੇ ਹੱਲ ਲੱਭਣ ਵਾਲੀ ਪਾਰਟੀ ਦੀ ਹੈ’- ਸੇਖੋਂ
‘ਪੰਥ ਨੂੰ ਬਚਾਉਣ’ ਦਾ ਹੋਕਾ ਦੇਣ ਵਾਲੀਆਂ ਸਿਆਸੀ ਪਾਰਟੀਆਂ ਦੇ ਹੋਂਦ ਵਿੱਚ ਆਉਣ ਅਤੇ ਉਨ੍ਹਾਂ ਦੇ ਹਸ਼ਰ ਬਾਰੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਅਤੇ ਕਾਰਗੁਜ਼ਾਰੀ ਬਾਰੇ ਡੂੰਘੀ ਸਮਝ ਰੱਖਣ ਵਾਲੇ ਸਿਆਸੀ ਮਾਹਰ ਡਾਕਟਰ ਜਗਰੂਪ ਸਿੰਘ ਸੇਖੋਂ ਨਾਲ ਗੱਲਬਾਤ ਕੀਤੀ।
ਜਗਰੂਪ ਸਿੰਘ ਸੇਖੋਂ ਨਵੀਂਂਆਂ ਬਣਨ ਵਾਲੀਆਂ ਪੰਥਕ ਪਾਰਟੀਆਂ ਦੇ ਭਵਿੱਖ ਵਿੱਚ ਕੁਝ ਵੱਖਰਾ ਜਾਂ ਵੱਡਾ ਕਰ ਸਕਣ ਉੱਤੇ ਖ਼ਦਸ਼ਾ ਪ੍ਰਗਟ ਕਰਦੇ ਹਨ।
ਉਹ ਪੰਥ ਦੇ ਨਾਮ ਉੱਤੇ ਪਾਰਟੀ ਬਣਾਉਣ ਵਾਲਿਆਂ ਨੂੰ ਸਵਾਲ ਕਰਦੇ ਹਨ ਕਿ ਅਸਲ ਵਿੱਚ ਉਹ ਕੀ ਬਚਾਉਣ ਦਾ ਦਾਅਵਾ ਕਰਦੇ ਹਨ ਅਤੇ ਕਿਹੜੇ ਮੁੱਦਿਆਂ ਨਾਲ ਨਜਿੱਠਣ ਦੀ ਗੱਲ ਕਰਦੇ ਹਨ ਤੇ ਇਸ ਲਈ ਨੀਤੀ ਕੀ ਅਪਣਾਉਣਗੇ।
ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਰਾਜਨੀਤੀ ਸ਼ਾਸ਼ਤਰ ਵਿਭਾਗ ਵਿੱਚ ਪ੍ਰੋਫ਼ੈਸਰ ਰਹੇ ਡਾਕਟਰ ਜਗਰੂਪ ਸਿੰਘ ਦੱਸਦੇ ਹਨ ਕਿ 90ਵਿਆਂ ਦਾ ਦੌਰ ਅਜਿਹਾ ਸੀ ਜਦੋਂ 18 ਦੇ ਕਰੀਬ ਪਾਰਟੀਆਂ ਅਕਾਲੀ ਦਲ ਦੇ ਨਾਮ ਉੱਤੇ ਹੀ ਸਨ। ਯਾਨੀ ਪੰਥ ਦੇ ਨਾਮ ਉੱਤੇ ਬਣਨ ਵਾਲੀਆਂ ਪਾਰਟੀਆਂ ਕਦੇ ਇੱਕ ਪਲੇਟਫ਼ਾਰਮ ਉੱਤੇ ਨਹੀਂ ਆ ਸਕੀਆਂ ਅਤੇ ਇਨ੍ਹਾਂ ਦਰਮਿਆਨ ਵਿਤਕਰੇ ਰਹੇ ਹਨ।
ਉਹ ਕਹਿੰਦੇ ਹਨ ਕਿ ਸਿੱਖ ਭਾਈਚਾਰਾ ਵੀ ਕਦੀ ਸਮਰੂਪ ਨਹੀਂ ਰਿਹਾ। ਸਿੱਖ ਵੀ ਵੱਖ-ਵੱਖ ਤਬਕਿਆਂ ਵਿੱਚ ਵੰਡੇ ਹੋਏ ਹਨ। ਫ਼ਿਰ ਚਾਹੇ ਉਹ ਆਰਥਿਕ ਜਮਾਤ ਹੋਵੇ ਜਾਂ ਫ਼ਿਰ ਜਾਤ ਦੇ ਆਧਾਰ ਉੱਤੇ ਵੰਡ ਹੋਵੇ। ਉਨ੍ਹਾਂ ਦੇ ਵਖਰੇਵੇਂ ਸਪੱਸ਼ਟ ਹਨ।
“ਉਨ੍ਹਾਂ ਦੀ ਸਿਆਸੀ ਸੋਚ ਤੇ ਸਮਝ ਵੀ ਵੱਖੋ-ਵੱਖਰੀ ਹੈ। ਇੱਥੋਂ ਤੱਕ ਕਿ ਆਜ਼ਾਦੀ ਤੋਂ ਪਹਿਲਾਂ 1920 ਵਿੱਚ ਜਦੋਂ ਅਕਾਲੀ ਦਲ ਹੋਂਦ ਵਿੱਚ ਆਇਆ ਸੀ ਉਸ ਸਮੇਂ ਵੀ ਸਿੱਖ ਭਾਈਚਾਰੇ ਦੀ ਸਿਆਸੀ ਚੇਤਨਾ ਇੱਕ ਨਹੀਂ ਸੀ।”
“ਜੇ ਇੱਕ ਤਬਕਾ ਅਕਾਲੀ ਦਲ ਦੇ ਹੱਕ ਵਿੱਚ ਸੀ ਤਾਂ ਉਸੇ ਸਮੇਂ ਕਾਂਗਰਸ ਦੀ ਹਮਾਇਤ ਕਰਨ ਵਾਲੇ ਵੀ ਸਨ ਅਤੇ ਖੱਬੇ-ਪੱਖੀਆਂ ਦੇ ਹੱਕ ਵਿੱਚ ਭੁਗਤਣ ਵਾਲੇ ਵੀ ਮੌਜੂਦ ਸਨ।”
ਉਹ ਕਹਿੰਦੇ ਹਨ,”ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਜਦੋਂ ਕੋਈ ਸਿਆਸੀ ਪਾਰਟੀ ਪੰਥਕ ਅਗਵਾਈ ਦੀ ਗੱਲ ਕਰਦੀ ਹੈ ਤਾਂ ਇਸ ਦਾ ਸਰਾਸਰ ਅਰਥ ਇਹ ਨਹੀਂ ਕਿ ਉਹ ਸਮੁੱਚੀ ਸਿੱਖ ਕੌਮ ਦੀ ਹਮਾਇਤ ਪ੍ਰਾਪਤ ਪਾਰਟੀ ਹੋ ਨਿਬੜੇਗੀ।”
ਸੇਖੋਂ ਕਹਿੰਦੇ ਹਨ ਕਿ ਪੰਜਾਬ ਵਿੱਚ ਧਰਮ ਦੇ ਨਾਮ ਉੱਤੇ ਸਿਆਸਤ ਕਰਨ ਦਾ ਦੌਰ ਖ਼ਤਮ ਹੋ ਚੁੱਕਾ ਹੈ। ਲੋਕ ਮਸਲੇ ਇਸ ਸਮੇਂ ਭਾਰੂ ਹਨ।
“ਲੋਕਾਂ ਲਈ ਖੇਤੀ ਦਾ ਮਸਲਾ ਬਹੁਤ ਗੰਭੀਰ ਹੈ, ਨਸ਼ਿਆਂ ਦਾ ਮੁੱਦਾ ਤੇ ਪਾਣੀ ਦਾ ਪ੍ਰਦੂਸ਼ਣ ਅਜਿਹੇ ਮਸਲੇ ਹਨ ਜੋ ਹਰ ਕੌਮ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਸਿੱਖ ਕੌਮ ਨੂੰ ਵੀ ਇਨ੍ਹਾਂ ਮਸਲਿਆਂ ਦਾ ਹੱਲ ਕਰਨ ਵਾਲੀ ਪਾਰਟੀ ਦੀ ਹੀ ਲੋੜ ਹੈ।”
“ਜੇ ਕੋਈ ਨਵੀਂ ਪਾਰਟੀ ਪੰਥ ਦੇ ਨਾਮ ਉੱਤੇ ਆਉਂਦੀ ਵੀ ਹੈ ਤਾਂ ਉਸ ਨੂੰ ਸਮਾਜਿਕ ਮੁੱਦਿਆਂ ਨਾਲ ਨਜਿੱਠਣ ਲਈ ਆਪਣੀ ਸੋਚ ਨੂੰ ਸਪੱਸ਼ਟ ਦੱਸਣ ਦੀ ਲੋੜ ਹੈ। ਨਾਲ ਹੀ ਇਹ ਦੱਸਣ ਦੀ ਵੀ ਕਿ ਪਹਿਲਾਂ ਤੋਂ ਮੌਜੂਦ ਪਾਰਟੀਆਂ ਦੇ ਮੁਕਾਬਲੇ ਕੀ ਬਿਹਤਰ ਕਰਨਗੇ ਅਤੇ ਕਿਸ ਤਰੀਕੇ ਨਾਲ ਕਰਨਗੇ।”
ਜਗਰੂਪ ਸਿੰਘ ਸੇਖੋਂ ਅਕਾਲੀ ਦਲ ਵਿੱਚ ਵੱਖ-ਵੱਖ ਧੜਿਆ ਵੱਲੋਂ ਸਮੇਂ-ਸਮੇਂ ਬਣਾਈਆਂ ਗਈਆਂ ਪਾਰਟੀਆਂ ਬਾਰੇ ਕਹਿੰਦੇ ਹਨ ਕਿ ਮੁੱਖ ਤੌਰ ਉੱਤੇ ਪੰਜਾਬ ਵਿੱਚ ਅਕਾਲੀ ਦਲ ਜੱਟ ਭਾਈਚਾਰੇ ਦੀ ਹਮਾਇਤ ਪ੍ਰਾਪਤ ਪਾਰਟੀ ਹੈ।
ਉਹ ਕਹਿੰਦੇ ਹਨ,” ਅਕਾਲੀ ਦਲ ਦੇ ਨਾਮ ਹੇਠ ਬਣਨ ਵਾਲੀਆਂ ਪਾਰਟੀਆਂ ਵਿੱਚੋਂ ਸਿਆਸੀ ਦੌੜ ਵਿੱਚ ਵੀ ਉਹ ਹੀ ਪਾਰਟੀ ਬਣੀ ਰਹਿ ਸਕੀ ਜਿਸ ਦੀ ਵਾਗਡੋਰ ਆਰਥਿਕ ਪੱਖੋਂ ਸਮਰੱਥ ਨੁਮਾਇੰਦਿਆਂ ਨੇ ਕੀਤੀ। ਫ਼ਿਰ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ-ਬਾਦਲ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ- ਮਾਨ। ਉਨ੍ਹਾਂ ਤੋਂ ਬਿਨ੍ਹਾਂ ਬਾਕੀ ਜਿੰਨੀਆਂ ਵੀ ਪਾਰਟੀਆਂ ਬਣੀਆਂ ਉਹ ਆਪਣੇ ਪੈਰ ਨਾ ਜਮ੍ਹਾ ਸਕੀਆਂ।”
ਨਵੀਂਆਂ ਬਣਨ ਵਾਲੀਆਂ ਪੰਥਕ ਪਾਰਟੀਆਂ ਦੇ ਭਵਿੱਖ ਉੱਤੇ ਵੀ ਜਗਰੂਪ ਸਿੰਘ ਸੇਖੋਂ ਸਵਾਲੀਆਂ ਚਿੰਨ੍ਹ ਲਾਉਣ ਤੋਂ ਗੁਰੇਜ਼ ਨਹੀਂ ਕਰਦੇ।
‘ਇਹ ਕਹਿਣਾ ਕਿ ਕੋਈ ਸਿਆਸੀ ਪਾਰਟੀ ਇੱਕ ਭਾਈਚਾਰੇ ਲਈ ਹੀ ਕੰਮ ਕਰੇਗੀ ਗ਼ਲਤ ਹੈ’- ਚੀਮਾ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਨਵੀਂ ਬਣਨ ਵਾਲੀ ਪਾਰਟੀ ਉੱਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਹਰ ਕਿਸੇ ਕੋਲ ਇਹ ਲੋਕਤੰਤਰਿਕ ਅਧਿਕਾਰ ਹੈ ਕਿ ਜੇ ਉਹ ਚਾਵੇ ਤਾਂ ਆਪਣੀ ਸਿਆਸੀ ਪਾਰਟੀ ਬਣਾਏ।
“ਪਰ ਲੋਕਾਂ ਨੂੰ ਇਹ ਕਹਿ ਕਿ ਭਰਮਾਉਣਾ ਕਿ ਕੋਈ ਪਾਰਟੀ ਸਿਰਫ਼ ਇੱਕ ਭਾਈਚਾਰੇ ਲਈ ਕੰਮ ਕਰੇਗੀ, ਗ਼ਲਤ ਹੈ।”
ਸੰਵਿਧਾਨਿਕ ਤੌਰ ‘ਤੇ ਭਾਰਤ ਵਿੱਚ ਕੋਈ ਪਾਰਟੀ ਬਣਾਉਣੀ ਹੋਵੇ ਤਾਂ ਉਸ ਨੂੰ ਆਪਣੇ ਧਰਮ- ਨਿਰਪੱਖ ਹੋਣ ਦਾ ਪ੍ਰਮਾਣ ਪੱਤਰ ਦੇਣਾ ਪੈਂਦਾ ਹੈ ਅਤੇ ਕਿਸੇ ਵੀ ਪਾਰਟੀ ਨੂੰ ਇਹ ਗੱਲ ਲੋਕਾਂ ਨੂੰ ਸਪੱਸ਼ਟ ਕਰਨੀ ਚਾਹੀਦੀ ਹੈ।
ਸ਼੍ਰੋਮਣੀ ਅਕਾਲੀ ਦਲ ਵਿੱਚ ਸਮੇਂ-ਸਮੇਂ ਉੱਠਦੀਆਂ ਰਹੀਆਂ ਬਾਗ਼ੀ ਸੁਰਾਂ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਹਰ ਸਿਆਸੀ ਪਾਰਟੀ ਵਿੱਚ ਹੁੰਦਾ ਹੈ।
2024 ਵਿੱਚ ਅਕਾਲੀ ਦਲ ਦੇ ਬਾਗ਼ੀ ਹੋਏ ਆਗੂਆਂ ਕਾਰਨ ਪਾਰਟੀ ਨੂੰ ਕਿੰਨੀ ਢਾਹ ਲੱਗੀ ਇਸ ਬਾਰੇ ਦਲਜੀਤ ਸਿੰਘ ਚੀਮਾ ਕਹਿੰਦੇ ਹਨ, “ਅਕਾਲੀ ਦਲ ਦਾ ਇੱਕ ਸਥਾਈ ਕਾਡਰ ਹੈ ਅਤੇ ਉਹ ਹਮੇਸ਼ਾ ਰਿਹਾ ਹੈ। ਬੇਸ਼ੱਕ ਅਸੀਂ ਪਿਛਲੀਆਂ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ।”
“ਅਸੀਂ ਜ਼ਮੀਨੀ ਪੱਧਰ ਉੱਤੇ ਆਪਣੀਆਂ ਜੜ੍ਹਾਂ ਮੁੜ ਜਮਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਆਉਣ ਵਾਲੀਆਂ ਚੋਣਾਂ ਵਿੱਚ ਸਾਡਾ ਪ੍ਰਦਰਸ਼ਨ ਬਿਹਤਰ ਹੋਵੇਗਾ।”
ਅਕਾਲੀ ਦਲ ਦੇ ਕਈ ਸੀਨੀਅਰ ਆਗੂ ਪੰਥਕ ਸਰੋਕਾਰਾਂ ਦਾ ਹਵਾਲਾ ਦੇ ਕੇ ਪਾਰਟੀ ਤੋਂ ਦੂਰੀ ਬਣਾਉਣ ਦੀ ਗੱਲ ਕਰ ਚੁੱਕੇ ਹਨ।
ਉਨ੍ਹਾਂ ਦੀ ਵਾਪਸੀ ਦੀ ਸੰਭਾਵਨਾ ਬਾਰੇ ਡਾਕਟਰ ਦਿਲਜੀਤ ਸਿੰਘ ਕਹਿੰਦੇ ਹਨ,”ਕਿਸ ਨੂੰ ਪਾਰਟੀ ਵਿੱਚ ਥਾਂ ਦੇਣੀ ਹੈ ਅਤੇ ਕਿਸ ਨੂੰ ਨਹੀਂ ਇਹ ਫ਼ੈਸਲਾ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਕਰਦੀ ਹੈ। ਜੇ ਕੋਈ ਵਾਪਸੀ ਲਈ ਪਹੁੰਚ ਕਰਦਾ ਹੈ ਤਾਂ ਕਮੇਟੀ ਹੀ ਇਸ ਬਾਰੇ ਆਖ਼ਰੀ ਫ਼ੈਸਲਾ ਲਵੇਗੀ।”
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਲੋਕ ਸਰੋਕਾਰਾਂ ਨਾਲ ਜੁੜੀ ਹੋਈ ਪਾਰਟੀ ਰਹੀ ਹੈ ਅਤੇ ਲੋਕਾਂ ਤੱਕ ਪਹੁੰਚ ਲਈ ਪਾਰਟੀ ਜੀਅ-ਜਾਨ ਨਾਲ ਮਿਹਨਤ ਕਰ ਰਹੀ ਹੈ।
ਬੀਬੀਸੀ ਸਹਿਯੋਗੀ ਭਾਰਤ ਭੂਸ਼ਣ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਫ਼ਰੀਦਕੋਟ ਤੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਅਤੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅੱਜ, 14 ਜਨਵਰੀ ਨੂੰ ਮਾਘੀ ਮੇਲੇ ‘ਤੇ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ- ਆਨੰਦਪੁਰ ਸਾਹਿਬ ਦਾ ਐਲਾਨ ਕਰਨਗੇ।
ਜ਼ਿਕਰਯੋਗ ਹੈ ਕਿ ਖ਼ਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਕੌਮੀ ਸੁਰੱਖਿਆ ਕਾਨੂੰਨ (ਐੱਨਐਸਏ) ਤਹਿਤ ਮਾਰਚ 2023 ਤੋਂ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਹਨ ਅਤੇ ਉਥੋਂ ਹੀ ਉਨ੍ਹਾਂ ਨੇ ਪੰਜਾਬ ਦੇ ਖਡੂਰ ਸਾਹਿਬ ਹਲਕੇ ਤੋਂ ਚੋਣ ਲੜੀ ਸੀ।
ਜੇਲ੍ਹ ਤੋਂ ਅਜ਼ਾਦ ਚੋਣ ਲੜਨ ਵਾਲੇ ਅਮ੍ਰਿਤਪਾਲ ਸਿੰਘ ਪੰਜਾਬ ਵਿੱਚ ਸਭ ਤੋਂ ਵੱਡੀ ਲੀਡ 1 ਲੱਖ 97 ਹਜ਼ਾਰ 120 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤੇ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI