Source :- BBC PUNJABI

ਪ੍ਰਾਈਡ ਪਰੇਡ

ਤਸਵੀਰ ਸਰੋਤ, Getty Images

“ਮੈਂ ਬਚਪਨ ਤੋਂ ਹੀ ਸਿੱਖੀ ਨਾਲ ਜੁੜਿਆ ਹੋਇਆ ਹਾਂ ਤੇ ਗੁਰਬਾਣੀ ਵੀ ਪੜ੍ਹਦਾ ਹਾਂ, ਦਸਤਾਰ ਸਜਾਉਣਾ ਮੇਰਾ ਧਰਮ ਹੈ, ਮੈਂ ਇਹ ਨਹੀਂ ਛੱਡ ਸਕਦਾ ਪਰ ਮੇਰੇ ਸਰੀਰ ਅੰਦਰ ਜੋ ਭਾਵਨਾਵਾਂ ਹਨ, ਉਹ ਕੁਦਰਤੀ ਹਨ।”

ਇਹ ਬੋਲ ਉਨ੍ਹਾਂ ਸਿੱਖ ਨੌਜਵਾਨਾਂ ਵਿੱਚੋਂ ਇੱਕ ਦੇ ਹਨ ਜਿਨ੍ਹਾਂ ਦੀਆਂ ਵੀਡੀਓਜ਼ ਬੀਤੇ ਦਿਨਾਂ ਵਿੱਚ ‘ਅੰਮ੍ਰਿਤਸਰ ਪ੍ਰਾਈਡ ਪ੍ਰੇਡ’ ਦੇ ਸੰਦਰਭ ‘ਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ।

ਉਨ੍ਹਾਂ ਨੇ ਆਪਣੀ ਪਛਾਣ ਨਾ ਜ਼ਾਹਰ ਕਰਨ ਦੀ ਸ਼ਰਤ ‘ਤੇ ਬੀਬੀਸੀ ਨਾਲ ਗੱਲ ਕੀਤੀ।

ਅੰਮ੍ਰਿਤਸਰ ਵਿੱਚ 27 ਅਪ੍ਰੈਲ ਨੂੰ ਰੱਖੀ ਗਈ ‘ਪ੍ਰਾਈਡ ਪਰੇਡ’ ਦਾ ਵੱਡੇ ਪੱਧਰ ‘ਤੇ ਵਿਰੋਧ ਹੋਣ ਮਗਰੋਂ ਪ੍ਰਬੰਧਕਾਂ ਵੱਲੋਂ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ।

ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਰੋਧ ਅਤੇ ਮੰਦੀ ਸ਼ਬਦਾਵਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰ ਕੇ ਉਨ੍ਹਾਂ ਨੇ ਇਹ ਫ਼ੈਸਲਾ ਲਿਆ।

‘ਪ੍ਰਾਈਡ ਅੰਮ੍ਰਿਤਸਰ’ ਦੇ ਇੰਸਟਾਗ੍ਰਾਮ ਪੇਜ ‘ਤੇ ਪੋਸਟ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਬੰਧਕਾਂ ਨੇ ਲਿਖਿਆ ਕਿ ਉਹ ਅੰਮ੍ਰਿਤਸਰ ਵਿੱਚ ਸਾਲ 2019 ਤੋਂ ‘ਪ੍ਰਾਈਡ ਪਰੇਡ’ ਕਰਵਾ ਰਹੇ ਹਨ। ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਦਾ ਮੰਤਵ ਐੱਲਜੀਬੀਟੀਕਿਊਆਈਏ+ (LGBTQIA+) ਸਮਾਜ ਦੀ ਸਹਾਇਤਾ ਕਰਨਾ ਹੈ।

ਬੀਬੀਸੀ ਪੰਜਾਬੀ

ਦਰਅਸਲ, ਇਸ ਪਰੇਡ ਬਾਰੇ ਸੋਸ਼ਲ ਮੀਡੀਆ ‘ਤੇ ਵੀਡੀਓਜ਼ ਜਾਰੀ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਧਿਰਾਂ ਨਾਲ ਸਬੰਧਤ ਲੋਕਾਂ ਵੱਲੋ ਇਸ ਦਾ ਵਿਰੋਧ ਕੀਤਾ ਗਿਆ।

ਇੱਕ ਵੀਡੀਓ ਵਿੱਚ ਕੁਝ ਦਸਤਾਰਧਾਰੀ ਸਿੱਖ ਨੌਜਵਾਨਾਂ ਨੂੰ ਨੱਚਦੇ ਵੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ‘ਤੇ ਲੋਕਾਂ ਵੱਲੋਂ ਇਨ੍ਹਾਂ ਲੋਕਾਂ ਦੇ ਪਹਿਰਾਵੇ ਬਾਰੇ ਵੀ ਮੰਦੀ ਸ਼ਬਦਾਵਲੀ ਵਰਤੀ ਗਈ ਸੀ।

ਵਿਰੋਧ ਕਰਨ ਵਾਲਿਆਂ ਵਿੱਚ ਸ਼ਾਮਲ ਸਮਾਜਿਕ-ਧਾਰਮਿਕ ਕਾਰਕੁੰਨਾਂ ਵੱਲੋਂ ਕਿਹਾ ਗਿਆ ਸੀ ਕਿ ਉਹ ‘ਸਿੱਖ ਧਰਮ ਦੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਅਜਿਹੀ ਪਰੇਡ ਨੂੰ ਨਹੀਂ ਹੋਣ ਦੇਣਗੇ।’

‘ਦਸਤਾਰ ਸਜਾਉਣਾ ਮੇਰਾ ਧਰਮ ਹੈ ਮੈਂ ਕਿਸੇ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੁੰਦਾ ਸੀ’

ਵਾਇਰਲ ਵੀਡੀਓ ਵਿੱਚ ਮੌਜੂਦ ਨੌਜਵਾਨ ਨੇ ਦੱਸਿਆ ਕਿ ਜੋ ਵੀਡੀਓ ਵਾਇਰਲ ਹੋਈ ਹੈ ਉਹ ਅੰਮ੍ਰਿਤਸਰ ਦੀ ਨਹੀਂ, ਚੰਡੀਗੜ੍ਹ ਦੀ ਹੈ, ਜੋ ਦੋ ਤੋਂ ਤਿੰਨ ਹਫ਼ਤੇ ਪੁਰਾਣੀ ਹੈ।

ਉਨ੍ਹਾਂ ਨੇ ਕਿਹਾ, “ਮੈਂ ਨਹੀਂ ਜਾਣਦਾ ਕਿ ਇਹ ਹੁਣ ਕਿਉਂ ਅਤੇ ਕਿਸ ਨੇ ਵਾਇਰਲ ਕੀਤੀ, ਇਸ ਨਾਲ ਮੈਨੂੰ ਤੇ ਮੇਰੇ ਪਰਿਵਾਰ ਨੂੰ ਮਾਨਸਿਕ ਪਰੇਸ਼ਾਨੀ ਵਿੱਚੋਂ ਲੰਘਣਾ ਪੈ ਰਿਹਾ ਹੈ।”

ਉਹ ਕਹਿੰਦੇ ਹਨ, “ਮੈਂ ਬਚਪਨ ਤੋਂ ਹੀ ਸਿੱਖੀ ਨਾਲ ਜੁੜਿਆ ਹੋਇਆ ਹਾਂ ਤੇ ਗੁਰਬਾਣੀ ਵੀ ਪੜ੍ਹਦਾ ਹਾਂ, ਦਸਤਾਰ ਸਜਾਉਣਾ ਮੇਰਾ ਧਰਮ ਹੈ, ਪਰ ਮੇਰੇ ਸਰੀਰ ਅੰਦਰ ਜੋ ਭਾਵਨਾਵਾਂ ਹਨ, ਉਹ ਕੁਦਰਤੀ ਹਨ।”

ਉਨ੍ਹਾਂ ਕਿਹਾ, “ਮੇਰਾ ਮੰਤਵ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਅਤੇ ਕਿਸੇ ਨੂੰ ਵੀ ਇਸ ਤੋਂ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ।”

‘ਕੁਈਰਿੰਗ ਇੰਨ ਚੰਡੀਗੜ੍ਹ’ ਅਤੇ ਪ੍ਰਾਈਡ ਚੰਡੀਗੜ੍ਹ ਨਾਲ ਜੁੜੀ ਕਾਰਕੁੰਨ ਸਿਮਰਨ ਕਹਿੰਦੇ ਹਨ, “ਮੈਂ ਸਿੱਖ ਧਰਮ ਨਾਲ ਸਬੰਧ ਰੱਖਦੀ ਹਾਂ ਅਤੇ ਧਾਰਮਿਕ ਭਾਵਨਾਵਾਂ ਦੇ ਅਧਾਰ ‘ਤੇ ਕਿਸੇ ਦੇ ਹੱਕਾਂ ਨੂੰ ਖੋਹਣਾ ਠੀਕ ਨਹੀਂ ਹੈ।”

ਪ੍ਰਾਈਡ ਪਰੇਡ

ਤਸਵੀਰ ਸਰੋਤ, Getty Images

ਸਿੱਖ ਜਥੇਬੰਦੀਆਂ ਕਿਉਂ ਕਰ ਰਹੀਆਂ ਵਿਰੋਧ?

ਸਿੱਖ ਕਾਰਕੁੰਨ ਪਰਮਜੀਤ ਸਿੰਘ ਅਕਾਲੀ ਨੇ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਪਰੇਡ ਦਾ ਵਿਰੋਧ ਕਰਨ ਦੇ ਕਾਰਨ ਦੱਸੇ।

ਪਰਮਜੀਤ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਵੀਡੀਓ ਦੇ ਵਿੱਚ ਸਿੱਖ ਮੁੰਡੇ ਦਿਖਾਏ ਗਏ, ਜੋ ਪੱਗ ਬੰਨ੍ਹ ਕੇ ਤੇ ਦਾਹੜੀ ਰੱਖ ਕੇ ਅਸ਼ਲੀਲ ਗਾਣਿਆਂ ‘ਤੇ ਨੱਚ ਰਹੇ ਸਨ।

ਪਰਮਜੀਤ ਮੰਨਦੇ ਹਨ ਕਿ ਇਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਉਨ੍ਹਾਂ ਕਿਹਾ, “ਪੰਜਾਬ ਸੂਰਬੀਰਾਂ ਦੀ ਧਰਤੀ ਹੈ, ਮੈਂ ਇੱਥੇ ਅਜਿਹੀ ਪਰੇਡ ਦਾ ਹੋਣਾ ਠੀਕ ਨਹੀਂ ਮੰਨਦਾ।”

ਕੁਝ ਕਾਰਕੁੰਨਾਂ ਵੱਲੋਂ ਆਪਣੇ ਇਸ ਵਿਰੋਧ ਨੂੰ ਅਮਰੀਕਾ ਵਿੱਚ ਡੌਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਮਗਰੋਂ ਅਮਰੀਕੀ ਸਰਕਾਰ ਵੱਲੋਂ ‘ਜੈਂਡਰ’ ਨੀਤੀਆਂ ਬਦਲੇ ਜਾਣ ਨਾਲ ਵੀ ਜੋੜਿਆ ਗਿਆ।

ਬਠਿੰਡਾ ਦੇ ਪ੍ਰੈੱਸ ਕਲੱਬ ਵਿੱਚ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਸਮਾਜਿਕ ਕਾਰਕੁੰਨ ਅਤੇ ਐੱਮਪੀ ਦੀ ਚੋਣ ਲੜ ਚੁੱਕੇ ਲੱਖਾ ਸਿਧਾਣਾ ਨੇ ਕਿਹਾ, “ਆਜ਼ਾਦੀ ਦੀਆਂ ਸੀਮਤਾਈਆਂ ਹੁੰਦੀਆਂ ਹਨ…,ਅਮਰੀਕਾ ਦੇ ਸਰਪੰਚ (ਰਾਸ਼ਟਰਪਤੀ) ਨੇ ਕਹਿ ਦਿੱਤਾ ਕਿ ਕੋਈ ‘ਥਰਡ ਜੈਂਡਰ’ ਲਾਗੂ ਨਹੀਂ ਹੋਵੇਗਾ, ਦੋ ਹੀ ਰਹਿਣਗੇ।”

ਪ੍ਰਾਈਡ ਪਰੇਡ

ਤਸਵੀਰ ਸਰੋਤ, Getty Images

ਇਹ ਵੀ ਪੜ੍ਹੋ-

‘ਵਿਦੇਸ਼ਾਂ ‘ਚ ਪੰਜਾਬੀ ਇਸ ਨੂੰ ਅਗਾਂਹਵਧੂ ਮੰਨਦੇ ਹਨ, ਪਰ ਪੰਜਾਬ ‘ਚ…’

ਫ਼ਿਲਮਸਾਜ਼ ਅਤੇ ਪੱਤਰਕਾਰ ਮੋਹਨ ਸਿੰਘ ਔਲਖ ਕਹਿੰਦੇ ਹਨ ਪੰਜਾਬ ਵਿੱਚ ਐੱਲਜੀਬੀਟੀਕਿਊਆਈਏ+ ਸਮਾਜ ਦੀ ਹਾਲਤ ਬਾਰੇ ਅਧਿਐਨ ਅਤੇ ਚਰਚਾ ਬਹੁਤ ਘੱਟ ਹੁੰਦੀ ਹੈ।

ਮੋਹਨ ਸਿੰਘ ਔਲਖ ਪੇਂਡੂ ਖੇਤਰ ਵਿੱਚ ਰਹਿਣ ਵਾਲੇ ਐੱਲਜੀਬੀਟੀਕਿਊਆਈਏ+ ਸਮਾਜ ਉੱਤੇ ਫ਼ਿਲਮ ਬਣਾ ਚੁੱਕੇ ਹਨ।

ਮੋਹਨ ਸਿੰਘ ਮੰਨਦੇ ਹਨ, “ਪੰਜਾਬੀ ਖ਼ੁਦ ਨੂੰ ਮਾਰਸ਼ਲ (ਜੰਗਜੂ) ਸਮਾਜ ਮੰਨਦੇ ਹਨ ਤੇ ਇੱਥੇ ਪਿੱਤਰ ਸੱਤਾ ਦਾ ਕਾਫੀ ਅਸਰ ਹੈ।”

ਉਹ ਦੱਸਦੇ ਹਨ, “ਐੱਲਜੀਬੀਟੀਕਿਊਆਈਏ+ ਬਾਰੇ ਗ਼ਲਤ ਵਤੀਰਾ ਤਾਂ ਦੂਰ ਦੀ ਗੱਲ, ਕਈ ਵਾਰ ਕਿਸੇ ਮੁੰਡੇ ਦੇ ਤੁਰਨ-ਫ਼ਿਰਨ ਦੇ ਤਰੀਕੇ ਨੂੰ ਲੈ ਕੇ ਵੀ ਉਸ ਨੂੰ ਸ਼ਰਮਿੰਦਾ ਕੀਤਾ ਜਾਂਦਾ ਹੈ।”

ਉਹ ਕਹਿੰਦੇ ਹਨ, “ਹਾਲੇ ਪਰੇਡ ਹੋਣ ਤੋਂ ਪਹਿਲਾਂ ਹੀ ਇਸ ਤਰੀਕੇ ਦੀਆਂ ਧਮਕੀਆਂ ਆਉਣਾ ਕਾਫੀ ਮੰਦਭਾਗਾ ਹੈ ਤੇ ਸਾਡੇ ਸਮਾਜ ਵਿੱਚ ਅਜ਼ਾਦੀ ਦੇ ਹਾਲਾਤ ਨੂੰ ਦਰਸਾਉਂਦਾ ਹੈ, ਸ਼ਹਿਰਾਂ ਵਿੱਚ ਐੱਲਜੀਬੀਟੀਕਿਊਆਈਏ+ ਸਮਾਜ ਦੇ ਕੋਲ ਆਪਣੇ ਆਪ ਦਾ ਪ੍ਰਗਟਾਅ ਕਰਨ ਦੇ ਮੌਕੇ ਹਨ ਪਰ ਪਿੰਡਾਂ ਵਿੱਚ ਉਨ੍ਹਾਂ ਦੀ ਜ਼ਿੰਦਗੀ ਹੋਰ ਵੀ ਮੁਸ਼ਕਲ ਹੈ।”

ਸੋਸ਼ਲ ਮੀਡੀਆ ਉੱਤੇ ਪ੍ਰਾਈਡ ਪਰੇਡ ਦੇ ਹੱਕ ਵਿੱਚ ਪੋਸਟ ਪਾਉਣ ਕਰ ਕੇ ਉਨ੍ਹਾਂ ਨੂੰ ਵੀ ਭਾਰੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਉਹ ਕਹਿੰਦੇ ਹਨ, “ਪੱਛਮੀ ਮੁਲਕਾਂ ਵਿੱਚ ਰਹਿੰਦੇ ਕਈ ਸਿੱਖ ਆਗੂ, ਜਿਵੇਂ ਜਗਮੀਤ ਸਿੰਘ ਵੀ ਐੱਲਜੀਬੀਟੀਕਿਊਆਈਏ+ ਸਮਾਜ ਦੇ ਪੱਖ ਵਿੱਚ ਰੈਲੀਆਂ ‘ਚ ਸ਼ਾਮਲ ਹੁੰਦੇ ਹਨ ਪਰ ਉੱਥੇ ਬਹੁਤਾ ਪੰਜਾਬੀ ਭਾਈਚਾਰਾ ਅਗਾਂਹਵਧੂ ਮੰਨਦਾ ਹੈ ਪਰ ਪੰਜਾਬ ਜਦੋਂ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਗਾਲ੍ਹਾਂ ਕੱਢੀਆਂ ਜਾ ਰਹੀਆਂ।”

ਪ੍ਰਾਈਡ ਪਰੇਡ

ਤਸਵੀਰ ਸਰੋਤ, Getty Images

ਜਦੋਂ ਪੰਜਾਬ ਵਿੱਚ ਸਮਲਿੰਗੀ ਵਿਆਹ ਉੱਤੇ ਵਿਵਾਦ ਉੱਠਿਆ ਸੀ

ਸਤੰਬਰ 2023 ਵਿੱਚ ਡਿੰਪਲ ਅਤੇ ਉਨ੍ਹਾਂ ਦੀ ਪ੍ਰੇਮਿਕਾ ਮਨੀਸ਼ਾ ਨੇ ਬਠਿੰਡਾ ਦੇ ਇੱਕ ਗੁਰਦੁਆਰੇ ਵਿੱਚ ਸਮਲਿੰਗੀ ਵਿਆਹ ਕਰਵਾਇਆ ਸੀ।

ਇਸ ਮਗਰੋਂ ਵਿਆਹ ਕਰਵਾਉਣ ਵਾਲੇ ਗ੍ਰੰਥੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਰਘਬੀਰ ਸਿੰਘ ਨੇ ਇਸ ਅਨੰਦ ਕਾਰਜ ਨੂੰ ਨੈਤਿਕ ਅਤੇ ਧਾਰਮਿਕ ਤੌਰ ਉੱਤੇ ਉਲੰਘਣਾ ਕਰਾਰ ਦਿੱਤਾ ਸੀ।

ਭਾਰਤ ਵਿੱਚ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਨਹੀਂ ਮਿਲੀ ਹੈ।

ਪ੍ਰਾਈਡ ਪਰੇਡ

ਤਸਵੀਰ ਸਰੋਤ, Getty Images

‘ਜਿਨਸੀ ਝੁਕਾਅ ਅਤੇ ਧਰਮ ਦਾ ਕੋਈ ਸਬੰਧ ਨਹੀਂ’

ਪੰਜਾਬ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਦੇ ਅਸਿਸਟੈਂਟ ਪ੍ਰੋਫ਼ੈਸਰ ਮਨਪ੍ਰੀਤ ਜੱਸ ਕਹਿੰਦੇ ਹਨ, ਹਾਲਾਂਕਿ ਵਿਸ਼ਵ ਪੱਧਰ ‘ਤੇ ਹਾਲਾਤ ਸੁਧਰੇ ਹਨ, ਪਰ ਸਾਡੇ ਸਮਾਜ ਵਿੱਚ ਹਾਲੇ ਵੀ ‘ਵੱਖਰੀ ਸੈਕਸ਼ੂਅਲ ਓਰੀਐਂਟੇਸ਼ਨ’ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ।

ਉਹ ਕਹਿੰਦੇ ਹਨ, “ਕਿਸੇ ਦੇ ਜਿਨਸੀ ਝੁਕਾਅ ਦੇ ਅਧਾਰ ‘ਤੇ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਤੋਂ ਵਾਂਝੇ ਕਰਨਾ ਠੀਕ ਨਹੀਂ ਹੈ, ਧਰਮ ਅਤੇ ਜਿਨਸੀ ਝੁਕਾਅ ਵਿੱਚ ਕੋਈ ਸਬੰਧ ਨਹੀਂ ਹੈ।”

ਪੰਜਾਬ ਯੂਨੀਵਰਸਿਟੀ ਵਿੱਚ ਵੁਮੈੱਨ ਸਟੱਡੀਜ਼ ਦੀ ਪ੍ਰੋਫ਼ੈਸਰ ਅਮੀਰ ਸੁਲਤਾਨਾ ਕਹਿੰਦੇ ਹਨ ਕਿ ਸਮਾਜ ਵਿੱਚ ਅਜੇ ਵੀ ਐੱਲਜੀਬੀਟੀਕਿਊਆਈਏ+ ਬਾਰੇ ਜਾਣਕਾਰੀ ਦੀ ਘਾਟ ਹੈ, ਇਹ ਵੀ ਲੋਕਾਂ ਵਿੱਚ ਪ੍ਰਵਾਨਗੀ ਨਾ ਹੋਣ ਦੀ ਵਜ੍ਹਾ ਹੈ।

ਉਹ ਦੱਸਦੇ ਹਨ, “ਕਿਤੇ ਨਾ ਕਿਤੇ ਸਮਾਜ ਵਿੱਚ ਓਨੀ ਸਾਖ਼ਰਤਾ ਨਹੀਂ ਆ ਸਕੀ ਤਾਂ ਜੋ ਸਮਾਜ ਐੱਲਜੀਬੀਟੀਕਿਊਆਈਏ+ ਸਮਾਜ ਨੂੰ ਆਮ ਨਾਗਰਿਕਾਂ ਵਾਂਗ ਪ੍ਰਵਾਨ ਕਰੇ।”

ਐਲਜੀਬੀਟੀ

ਤਸਵੀਰ ਸਰੋਤ, CHANDAN KHANNA

ਲੈਸਬੀਅਨ, ਗੇਅ, ਬਾਇਸੈਕਸ਼ੁਅਲ, ਟ੍ਰਾਂਸਜੈਂਡਰ ਤੇ ਕੁਈਰ (LGBTQ) ਵਿੱਚ ਕੀ ਫ਼ਰਕ ਹੁੰਦਾ ਹੈ

L – ‘ਲੈਸਬੀਅਨ’: ਉਹ ਔਰਤ ਜੋ ਔਰਤਾਂ ਨੂੰ ਚਾਹੁੰਦੀ ਹੈ।

G – ‘ਗੇਅ’: ਉਹ ਮਰਦ ਜੋ ਮਰਦਾਂ ਨੂੰ ਚਾਹੁੰਦੇ ਹਨ।

ਅਕਸਰ ‘ਗੇਅ’ ਸ਼ਬਦ ਦਾ ਇਸਤੇਮਾਲ ਪੂਰੇ ਸਮਲਿੰਗੀ ਭਾਈਚਾਰੇ ਲਈ ਵੀ ਕੀਤਾ ਜਾਂਦਾ ਹੈ। ਉਦਾਹਰਣ ਦੇ ਤੌਰ ’ਤੇ – ‘ਗੇਅ ਕਮਿਊਨਿਟੀ‘ ਜਾਂ ‘ਗੇਅ ਪੀਪਲ।’

B – ‘ਬਾਇਸੈਕਸ਼ੁਅਲ’: ਉਹ ਇਨਸਾਨ ਜੋ ਮਰਦ ਅਤੇ ਔਰਤ ਦੋਵਾਂ ਨੂੰ ਚਾਹੁੰਦੇ ਹਨ। ਇਹ ਇਨਸਾਨ ਮਰਦ ਵੀ ਹੋ ਸਕਦਾ ਹੈ ਜਾਂ ਔਰਤ ਵੀ।

T – ‘ਟ੍ਰਾਂਸਜੈਂਡਰ’: ਉਹ ਇਨਸਾਨ ਜਿਨ੍ਹਾਂ ਦੇ ਸਰੀਰ ਦੇ ਗੁਪਤ ਅੰਗਾਂ ਦੀ ਬਨਾਵਟ ਮੁਤਾਬਕ ਪੈਦਾ ਹੋਣ ਸਮੇਂ ਉਨ੍ਹਾਂ ਦਾ ਜੋ ਜੈਂਡਰ ਤੈਅ ਕੀਤਾ ਗਿਆ, ਜਦੋਂ ਉਹ ਵੱਡੇ ਹੋ ਕੇ ਖ਼ੁਦ ਨੂੰ ਸਮਝੇ ਤਾਂ ਉਸ ਤੋਂ ਉਲਟ ਮਹਿਸੂਸ ਕਰਨ ਲੱਗੇ।

‘ਟ੍ਰਾਂਸਜੈਂਡਰ ਵੂਮਨ‘: ਪੈਦਾਇਸ਼ ਸਮੇਂ ਬੱਚੇ ਦੇ ਗੁਪਤ ਅੰਗ ਦੇ ਹਿਸਾਬ ਨਾਲ ਉਸ ਨੂੰ ਮੁੰਡਾ ਮੰਨਿਆ ਗਿਆ ਪਰ ਸਮੇਂ ਦੇ ਨਾਲ ਉਨ੍ਹਾਂ ਨੇ ਸਮਝਿਆ ਕਿ ਉਹ ਕੁੜੀ ਵਾਂਗ ਮਹਿਸੂਸ ਕਰਦੇ ਹਨ।

‘ਟ੍ਰਾਂਸਜੈਂਡਰ ਮੈਨֹ’: ਪੈਦਾਇਸ਼ ਸਮੇਂ ਬੱਚੇ ਦੇ ਗੁਪਤ ਅੰਗ ਦੇ ਹਿਸਾਬ ਨਾਲ ਉਸ ਨੂੰ ਕੁੜੀ ਮੰਨਿਆ ਗਿਆ ਪਰ ਸਮੇਂ ਦੇ ਨਾਲ ਉਨ੍ਹਾਂ ਨੇ ਸਮਝਿਆ ਕਿ ਉਹ ਮੁੰਡੇ ਵਾਂਗ ਮਹਿਸੂਸ ਕਰਦੇ ਹਨ।

ਆਪਣੀ ਪਸੰਦ ਦੀ ਲਿੰਗਕ ਪਛਾਣ ਲਈ ਦਵਾਈ, ‘ਹਾਰਮੋਨ ਰਿਪਲੇਸਮੈਂਟ ਥੈਰੇਪੀ’ ਅਤੇ ‘ਸੈਕਸ ਰੀਅਸਾਇਨਮੈਂਟ ਸਰਜਰੀ’ ਰਾਹੀਂ ‘ਟ੍ਰਾਂਸਜੈਂਡਰ’ ਆਪਣੇ ਸਰੀਰ ਦੇ ਗੁਪਤ ਅੰਗਾਂ ਦੀ ਬਨਾਵਟ ਬਦਲਵਾਉਂਦੇ ਹਨ ਤਾਂ ਜੋ ਉਹ ਜਿਵੇਂ ਮਹਿਸੂਸ ਕਰਦੇ ਹਨ, ਉਨ੍ਹਾਂ ਦਾ ਸਰੀਰ ਵੀ ਉਸੇ ਤਰ੍ਹਾਂ ਹੀ ਹੋਵੇ।

ਕਿਸੇ ਮਰਦ ਜਾਂ ਔਰਤ ਵਾਂਗ ਹੀ ‘ਟ੍ਰਾਂਸਜੈਂਡਰ’ ਦੀ ਸਰੀਰਕ ਚਾਹਤ ਮੁਤਾਬਕ ਉਹ ‘ਲੈਸਬੀਅਨ ਟ੍ਰਾਂਸਜੈਂਡਰ’, ‘ਗੇਅ ਟ੍ਰਾਂਸਜੈਂਡਰ’ ਜਾਂ ‘ਬਾਇਸੈਕਸ਼ੁਅਲ ਟ੍ਰਾਂਸਜੈਂਡਰ’ ਹੋ ਸਕਦੇ ਹਨ।

ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿ ਰਹੇ ਟ੍ਰਾਂਸਜੈਂਡਰਜ਼ ਦੇ ਸਥਾਨਕ ਨਾਵਾਂ ਵਿੱਚ ਖੁਸਰਾ, ਹਿਜੜਾ, ਅਰਾਵਨੀ, ਕੋਥੀ, ਸ਼ਿਵ-ਸ਼ਕਤੀ, ਕਿੰਨਰ ਅਤੇ ਜੋਗਤੀ ਹਿਜੜਾ ਆਦਿ ਸ਼ਾਮਲ ਹਨ।

Q – ‘ਕੁਈਰ‘: ਸਭ ਤੋਂ ਪਹਿਲਾਂ ਇਸ ਸ਼ਬਦ ਦੀ ਵਰਤੋਂ ਸਮਲਿੰਗੀ ਭਾਈਚਾਰੇ ਪ੍ਰਤੀ ਨਫ਼ਰਤ ਦਿਖਾਉਣ ਲਈ ਹੁੰਦੀ ਸੀ।

ਹੁਣ ਭਾਈਚਾਰੇ ਦੇ ਕੁਝ ਲੋਕ ਇਸ ਨੂੰ ਮੁੜ ਅਪਣਾ ਰਹੇ ਹਨ। ਦੂਜੇ ਪਾਸੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਉਹ ਆਪਣੀ ਪਛਾਣ, ਸਿਰਫ਼ ਆਪਣੀ ਸਰੀਰਕ ਚਾਹਤਾਂ ਦੇ ‘ਲੇਬਲ’ ਤੱਕ ਸੀਮਤ ਨਹੀਂ ਰੱਖਣਾ ਚਾਹੁੰਦੇ।

Q – ‘ਕਵੇਸ਼ਚਨਿੰਗ’: ਉਹ ਇਨਸਾਨ ਜੋ ਹਾਲੇ ਆਪਣੀ ਲਿੰਗਕ ਪਛਾਣ ਅਤੇ ਸਰੀਰਕ ਚਾਹਤ ਤੈਅ ਨਹੀਂ ਕਰ ਸਕੇ ਹਨ।

I – ‘ਇੰਟਰ-ਸੈਕਸ’: ਪੈਦਾਇਸ਼ ਸਮੇਂ ਜਿਸ ਇਨਸਾਨ ਦੇ ਗੁਪਤ ਅੰਗਾਂ ਤੋਂ ਇਹ ਸਾਫ਼ ਨਹੀਂ ਹੁੰਦਾ ਕਿ ਉਹ ਮੁੰਡਾ ਹੈ ਜਾਂ ਕੁੜੀ, ਉਨ੍ਹਾਂ ਨੂੰ ‘ਇੰਟਰ-ਸੈਕਸ’ ਕਿਹਾ ਜਾਂਦਾ ਹੈ।

ਡਾਕਟਰ ਨੂੰ ਉਸ ਵੇਲੇ ਜੋ ਸਹੀ ਲੱਗਦਾ ਹੈ, ਉਸ ਬੱਚੇ ਨੂੰ ਉਸੇ ਲਿੰਗ ਦਾ ਮੰਨ ਲਿਆ ਜਾਂਦਾ ਹੈ ਅਤੇ ਉਸ ਨੂੰ ਉਸੇ ਤਰ੍ਹਾਂ ਪਾਲਿਆ ਪੋਸਿਆ ਜਾਂਦਾ ਹੈ।

ਵੱਡਾ ਹੋਣ ਤੋਂ ਬਾਅਦ ਉਹ ਇਨਸਾਨ ਖ਼ੁਦ ਨੂੰ ਮਰਦ, ਔਰਤ ਜਾਂ ‘ਟ੍ਰਾਂਸਜੈਂਡਰ’, ਕੁਝ ਵੀ ਮੰਨ ਸਕਦਾ ਹੈ।

ਸਾਲ 2014 ਵਿੱਚ ਸੁਪਰੀਮ ਕੋਰਟ ਨੇ ਇੱਕ ਇਤਿਹਾਸਿਕ ਫ਼ੈਸਲੇ ਵਿੱਚ ‘ਟ੍ਰਾਂਸਜੈਂਡਰਜ਼’ ਨੂੰ ਤੀਜੇ ਲਿੰਗ ਦੀ ਪਛਾਣ ਦਿੱਤੀ, ਜਿਸ ਤਹਿਤ ਉਨ੍ਹਾਂ ਨੂੰ ਨੌਕਰੀਆਂ, ਸਿੱਖਿਆ ਆਦਿ ਵਿੱਚ ਰਾਖਵਾਂਕਰਨ ਦਿੱਤੇ ਜਾਣ ਦੀ ਸਿਫ਼ਾਰਿਸ਼ ਕੀਤੀ।

A – ‘ਏਲਾਇਜ਼’: ਉਹ ਲੋਕ ਜੋ ਖ਼ੁਦ ਸਮਲਿੰਗੀ ਨਹੀਂ ਹਨ ਪਰ ਉਸ ਭਾਈਚਾਰੇ ਦਾ ਸਮਰਥਨ ਕਰਦੇ ਹਨ।

A – ‘ਅਸੈਕਸ਼ੁਅਲ’: ਉਹ ਇਨਸਾਨ ਜਿਸ ਨੂੰ ਕਿਸੇ ਵੀ ਹੋਰ ਇਨਸਾਨ ਪ੍ਰਤੀ ਸਰੀਰਕ ਤੌਰ ਉੱਤੇ ਖਿੱਚ ਨਹੀਂ ਹੈ।

P – ‘ਪੈਨਸੈਕਸ਼ੁਅਲ’: ਉਹ ਇਨਸਾਨ ਜੋ ਕਿਸੇ ਹੋਰ ਪ੍ਰਤੀ ਸਰੀਰਿਕ ਤੌਰ ਉੱਤੇ ਖਿੱਚ ਰੱਖਦੇ ਹਨ। ਉਨ੍ਹਾਂ ਦੀ ਆਪਣੀ ਲਿੰਗਕ ਅਤੇ ਸੈਕਸ਼ੁਅਲ ਪਛਾਣ ਵੀ ਤੈਅ ਨਹੀਂ ਹੁੰਦੀ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI