Source :- BBC PUNJABI

ਮੇਸੀ ਦੇ ਕੋਲਕਾਤਾ ਵਾਲੇ ਪ੍ਰੋਗਰਾਮ ਵਿੱਚ ਹੰਗਾਮਾ

ਤਸਵੀਰ ਸਰੋਤ, ANI

ਇੱਕ ਘੰਟਾ ਪਹਿਲਾਂ

ਲਿਓਨੇਲ ਮੈਸੀ ਦੇ ਭਾਰਤ ਦੌਰੇ ਦੀ ਸ਼ੁਰੂਆਤ ਸ਼ਨੀਵਾਰ ਨੂੰ ਕੋਲਕਾਤਾ ਤੋਂ ਹੋਈ, ਪਰ ਇੱਥੇ ਸਾਲਟ ਲੇਕ ਸਟੇਡੀਅਮ ਤੋਂ ਜੋ ਵੀਡੀਓਜ ਸਾਹਮਣੇ ਆ ਰਹੇ ਹਨ ਉਨ੍ਹਾਂ ਵਿੱਚ ਦਰਸ਼ਕ ਸਟੇਡੀਅਮ ‘ਚ ਬੋਤਲਾਂ ਅਤੇ ਕੁਰਸੀਆਂ ਸੁੱਟਦੇ ਨਜ਼ਰ ਆ ਰਹੇ ਹਨ।

ਕਿਹਾ ਜਾ ਰਿਹਾ ਹੈ ਕਿ ਮੈਸੀ ਵੱਲੋਂ ਪ੍ਰੋਗਰਾਮ ‘ਚੋਂ ਜਲਦੀ ਚਲੇ ਜਾਣ ਕਾਰਨ ਪ੍ਰਸ਼ੰਸਕ ਨਾਰਾਜ਼ ਸਨ ਅਤੇ ਇਸੇ ਕਾਰਨ ਜ਼ਬਰਦਸਤ ਹੰਗਾਮਾ ਹੋ ਗਿਆ।

ਮੈਸੀ ਨੂੰ ਦੇਖਣ ਆਏ ਇੱਕ ਪ੍ਰਸ਼ੰਸਕ ਨੇ ਨਿਰਾਸ਼ਾ ਜ਼ਾਹਿਰ ਕਰਦੇ ਹੋਏ ਕਿਹਾ, “ਟਿਕਟ ਦੀ ਘੱਟੋ-ਘੱਟ ਕੀਮਤ 5 ਹਜ਼ਾਰ ਰੁਪਏ ਸੀ। ਵੀਵੀਆਈਪੀ ਲੋਕ ਕਿਉਂ ਮੈਸੀ ਦੇ ਆਲੇ-ਦੁਆਲੇ ਸਨ? ਅਸੀਂ ਉਨ੍ਹਾਂ ਨੂੰ (ਮੈਸੀ ਨੂੰ) ਦੇਖ ਵੀ ਨਹੀਂ ਸਕੇ… ਪੁਲਿਸ ਕਿਉਂ ਐਕਸ਼ਨ ਨਹੀਂ ਲੈ ਰਹੀ ਸੀ। ਮੈਨੂੰ ਕੁਝ ਨਹੀਂ ਪਤਾ। ਲੋਕ ਕਾਫ਼ੀ ਗੁੱਸੇ ਵਿੱਚ ਸਨ, ਸਾਨੂੰ ਰਿਫੰਡ ਚਾਹੀਦਾ ਹੈ।”

ਇੱਕ ਹੋਰ ਪ੍ਰਸ਼ੰਸਕ ਨੇ ਕਿਹਾ, “ਇਹ ਬਹੁਤ ਨਿਰਾਸ਼ਾਜਨਕ ਹੈ, ਅਸੀਂ ਦਾਰਜਿਲਿੰਗ ਤੋਂ ਇੱਥੇ ਆਏ ਸੀ। ਅਸੀਂ ਉਨ੍ਹਾਂ ਨੂੰ ਦੇਖ ਵੀ ਨਹੀਂ ਸਕੇ।”

ਆਪਣਾ ਵਿਆਹ ਛੱਡ ਕੇ ਮੈਸੀ ਨੂੰ ਦੇਖਣ ਪਹੁੰਚੇ ਇੱਕ ਪ੍ਰਸੰਸਕ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਕਿਹਾ, “13 ਤਾਰੀਕ ਹੈ, ਸਾਰਿਆਂ ਨੂੰ ਕੋਲਕੱਤਾ ਵਿੱਚ ਪਤਾ ਹੈ ਕਿ ਮੈਸੀ ਆਉਣ ਵਾਲਾ ਹੈ। ਮੇਰਾ ਵਿਆਹ ਹੈ ਅੱਜ…ਮੈਂ ਆਪਣਾ ਵਿਆਹ ਛੱਡ ਕੇ ਆਇਆ ਮੈਸੀ ਨੂੰ ਦੇਖਣ।”

“ਕੋਈ ਫ਼ਾਇਦਾ ਨਹੀਂ ਹੋਇਆ ਹਾਂ ਉਸ ਦਾ ਇੱਥੇ ਹੋਣਾ ਵੀ ਮੇਰੇ ਲਈ ਵੱਡੀ ਗੱਲ ਹੈ।”

 ਮੈਸੀ ਦੇ ਭਾਰਤ ਦੌਰੇ ਨਾਲ ਸਬੰਧਿਤ ਇੱਕ ਪੋਸਟਰ

ਤਸਵੀਰ ਸਰੋਤ, Messi Tour/Screen Grab

ਇੱਕ ਨਾਖੁਸ਼ ਪ੍ਰਸੰਸਕ ਨੇ ਕੀ ਕਿਹਾ,”ਇੰਨੇ ਲੋਕਾਂ ਦੀਆਂ ਭਾਵਨਾਵਾਂ,ਪੈਸਾ ਤੇ ਸਮਾਂ ਸਾਰਾ ਕੁਝ ਬਰਬਾਦ ਹੋਇਆ।”

ਲੋਕਾਂ ਨੇ ਇਲਜ਼ਾਮ ਲਾਇਆ ਕਿ ਮੈਸੀ ਦੇ ਆਲੇ-ਦੁਆਲੇ ਵੱਡੀ ਗਿਣਤੀ ਲੋਕਾਂ ਦਾ ਘੇਰਾ ਸੀ।

ਉਨ੍ਹਾਂ ਕਿਹਾ,”ਸਾਨੂੰ ਨਜ਼ਰ ਹੀ ਆਇਆ ਕਿ ਮੈਸੀ ਕਿੱਥੇ ਹੈ। ਮੈਨੇਜਮੈਂਟ ਬਹੁਤ ਖ਼ਰਾਬ ਸੀ।”

“ਕਈ ਪ੍ਰਸ਼ੰਸਕ, ਜਿਨ੍ਹਾਂ ਨੇ 10 ਹਜ਼ਾਰ ਤੱਕ ਦੀ ਟਿਕਟ ਖ਼ਰੀਦੀ ਸੀ ਉਹ ਵੀ ਮੈਸੀ ਨੂੰ ਦੇਖ ਨਾ ਸਕੇ।”

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ

ਤਸਵੀਰ ਸਰੋਤ, AFP via Getty Images

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਟੇਡੀਅਮ ਵਿੱਚ ਹੋਈ ‘ਅਵਿਵਸਥਾ’ ‘ਤੇ ਦੁੱਖ ਪ੍ਰਗਟਾਉਂਦਿਆਂ ਮਾਫ਼ੀ ਮੰਗੀ ਹੈ।

ਉਨ੍ਹਾਂ ਨੇ ਐਕਸ ‘ਤੇ ਲਿਖਿਆ, “ਸਾਲਟ ਲੇਕ ਸਟੇਡੀਅਮ ਵਿੱਚ ਅਵਿਵਸਥਾ ਦੇਖ ਕੇ ਮੈਂ ਹੈਰਾਨ ਹਾਂ। ਮੈਂ ਹਜ਼ਾਰਾਂ ਖੇਡ ਪ੍ਰੇਮੀਆਂ ਅਤੇ ਪ੍ਰਸ਼ੰਸਕਾਂ ਦੇ ਨਾਲ ਉਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਟੇਡੀਅਮ ਜਾ ਰਹੀ ਸੀ, ਜਿੱਥੇ ਸਾਰੇ ਆਪਣੇ ਪਸੰਦੀਦਾ ਫੁੱਟਬਾਲਰ ਲਿਓਨੇਲ ਮੈਸੀ ਦੀ ਇੱਕ ਝਲਕ ਦੇਖਣ ਲਈ ਇਕੱਠੇ ਹੋਏ ਸਨ।”

ਉਨ੍ਹਾਂ ਨੇ ਇਸ ਘਟਨਾ ਦੀ ਜਾਂਚ ਲਈ ਇੱਕ ਜਾਂਚ ਕਮੇਟੀ ਬਣਾਉਣ ਦੀ ਵੀ ਗੱਲ ਕਹੀ ਹੈ, ਜਿਸ ਵਿੱਚ ਮੁੱਖ ਸਕੱਤਰ ਵੀ ਸ਼ਾਮਲ ਹੋਣਗੇ।

ਮੁੱਖ ਮੰਤਰੀ ਨੇ ਲਿਖਿਆ, “ਕਮੇਟੀ ਇਸ ਘਟਨਾ ਦੀ ਪੂਰੀ ਜਾਂਚ ਕਰੇਗੀ, ਜ਼ਿੰਮੇਵਾਰੀ ਤੈਅ ਕਰੇਗੀ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੁਝਾਅ ਦਵੇਗੀ।”

ਮੈਸੀ

ਤਸਵੀਰ ਸਰੋਤ, Getty Images

ਮੈਸੀ ਦਾ ਦੌਰਾ ਦੇਸ਼ ਦੇ ਚਾਰ ਵੱਡੇ ਸ਼ਹਿਰਾਂ – ਕੋਲਕਾਤਾ, ਮੁੰਬਈ, ਨਵੀਂ ਦਿੱਲੀ ਅਤੇ ਹੈਦਰਾਬਾਦ ਤੱਕ ਸੀਮਿਤ ਰਹੇਗਾ।

2022 ਫ਼ੀਫ਼ਾ ਵਰਲਡ ਕੱਪ ਜੇਤੂ ਮੈਸੀ ਡੇਢ ਦਹਾਕੇ ਤੋਂ ਵੱਧ ਸਮੇਂ ਬਾਅਦ ਭਾਰਤ ਆਏ ਹਨ। ਇਸ ਤੋਂ ਪਹਿਲਾਂ ਉਹ ਸਾਲ 2009 ਵਿੱਚ ਕੋਲਕਾਤਾ ਵਿੱਚ ਇੱਕ ਮੈਤ੍ਰੀ ਫੁੱਟਬਾਲ ਮੈਚ ਖੇਡਣ ਲਈ ਭਾਰਤ ਆਏ ਸਨ।

ਉਨ੍ਹਾਂ ਦੇ ਵਰਤਮਾਨ ਦੌਰੇ ਦੌਰਾਨ, ਮੈਸੀ ਦੇ ਸਨਮਾਨ ਵਿੱਚ ਲਗਭਗ 70 ਫੁੱਟ ਉੱਚੀ ਇੱਹ ਮੂਰਤੀ ਵੀ ਤਿਆਰ ਕੀਤੀ ਗਈ ਹੈ। 27 ਦਿਨਾਂ ਵਿੱਚ 45 ਲੋਕਾਂ ਦੀ ਟੀਮ ਨੇ ਤਿਆਰ ਕੀਤਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI