Source :- BBC PUNJABI

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਤਸਵੀਰ ਸਰੋਤ, ANI

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ ਵਿੱਚ ਕਿਹਾ ਕਿ ‘ਆਪ੍ਰੇਸ਼ਨ ਸਿੰਦੂਰ’ ਨੇ ਭਾਰਤ ਦੀ ‘ਦਹਿਸ਼ਤਗਰਦਾਂ ਵਿਰੁੱਧ ਲੜਾਈ’ ਵਿੱਚ ਇੱਕ ਨਵਾਂ ਮਿਆਰ ਸਥਾਪਿਤ ਕੀਤਾ ਹੈ।

ਇਹ ਭਾਸ਼ਣ ਭਾਰਤ ਵੱਲੋਂ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 26 ਲੋਕਾਂ ਦੇ ਕਤਲ ਦੇ ਜਵਾਬ ਵਿੱਚ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ‘ਦਹਿਸ਼ਗਰਦਾਂ ਦੇ ਬੁਨਿਆਦੀ ਢਾਂਚੇ’ ‘ਤੇ ਮਿਜ਼ਾਇਲ ਹਮਲੇ ਸ਼ੁਰੂ ਕਰਨ ਤੋਂ ਪੰਜ ਦਿਨ ਬਾਅਦ ਆਇਆ।

ਇਨ੍ਹਾਂ ਹਮਲਿਆਂ ਦੇ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧ ਗਿਆ ਸੀ, ਜੋ ਸ਼ਨੀਵਾਰ ਨੂੰ ਉਦੋਂ ਰੁਕ ਗਿਆ ਜਦੋਂ ਪਰਮਾਣੂ ਹਥਿਆਰਾਂ ਨਾਲ ਸੰਪੰਨ ਦੋਵੇਂ ਗੁਆਂਢੀ ਦੇਸ਼ਾਂ ਵਿਚਕਾਰ ਸਰਹੱਦ ਪਾਰ ਫੌਜੀ ਕਾਰਵਾਈ ਰੋਕਣ ਲਈ ਇੱਕ ‘ਸਮਝੌਤੇ’ ‘ਤੇ ਸਹਿਮਤੀ ਬਣੀ।

ਹਾਲਾਂਕਿ, ਸੋਮਵਾਰ ਨੂੰ ਨਰਿੰਦਰ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਨੇ ਸਿਰਫ਼ ਆਪਣੀ ਜਵਾਬੀ ਕਾਰਵਾਈ ਮੁਲਤਵੀ ਕੀਤੀ ਹੈ।

ਉਨ੍ਹਾਂ ਨੇ ਕਿਹਾ, “ਆਉਣ ਵਾਲੇ ਦਿਨਾਂ ਵਿੱਚ ਅਸੀਂ ਪਾਕਿਸਤਾਨ ਦੇ ਹਰ ਕਦਮ ਨੂੰ ਇਸ ਕਸੌਟੀ ‘ਤੇ ਪਰਖਾਂਗੇ ਕਿ ਪਾਕਿਸਤਾਨ ਅੱਗੇ ਕਿਸ ਤਰ੍ਹਾਂ ਦਾ ਰਵੱਈਆ ਅਪਣਾਉਂਦਾ ਹੈ।”

ਰਾਜਨੀਤੀ ਦੇ ਮਾਹਿਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਮੁੱਦੇ ਨੂੰ ਉਠਾ ਕੇ ਪ੍ਰਧਾਨ ਮੰਤਰੀ ਨੇ ਆਪਣੇ ਸਮਰਥਕਾਂ ਦੇ ਇੱਕ ਹਿੱਸੇ ਵਿੱਚ ਭਾਰਤ ਦੇ ਫੌਜੀ ਕਾਰਵਾਈ ਨੂੰ ਰੋਕਣ ਅਤੇ ਪਾਕਿਸਤਾਨ ਖ਼ਿਲਾਫ਼ ਆਪਣੇ ਹਮਲੇ ਜਾਰੀ ਨਾ ਰੱਖਣ ਦੇ ਸਮਝੌਤੇ ‘ਤੇ ਮੌਜੂਦ ਅਸੰਤੁਸ਼ਟੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ।

ਮਾਹਰਾਂ ਨੇ ਇਹ ਵੀ ਦੱਸਿਆ ਕਿ ਇਹ ਮਹੱਤਵਪੂਰਨ ਹੈ ਕਿ ਨਰਿੰਦਰ ਮੋਦੀ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਅਮਰੀਕਾ ਵੱਲੋਂ ਵਿਚੋਲਗੀ ਦਾ ਕੋਈ ਜ਼ਿਕਰ ਨਹੀਂ ਕੀਤਾ, ਜਦਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਅਮਰੀਕਾ ਨੇ ‘ਸੰਪੂਰਨ ਅਤੇ ਤੁਰੰਤ ਜੰਗਬੰਦੀ’ ਲਈ ਵਿਚੋਲਗੀ ਕੀਤੀ ਹੈ।

ਨਰਿੰਦਰ ਮੋਦੀ

ਤਸਵੀਰ ਸਰੋਤ, Getty Images

‘ਰਿਕਾਰਡ ਨੂੰ ਸਹੀ ਰੱਖਣਾ’

ਟਰੰਪ ਤੋਂ ਇਲਾਵਾ, ਉਨ੍ਹਾਂ ਦੇ ਉਪ-ਰਾਸ਼ਟਰਪਤੀ ਡੇ ਡੀ ਵੈਂਸ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਵੀ ਸ਼ਨੀਵਾਰ ਨੂੰ ਦਾਅਵਾ ਕੀਤਾ ਸੀ ਕਿ ਇਹ ਅਮਰੀਕਾ ਹੀ ਹੈ ਜੋ ਭਾਰਤ ਅਤੇ ਪਾਕਿਸਤਾਨ ਨੂੰ ਗੱਲਬਾਤ ਦੀ ਮੇਜ਼ ‘ਤੇ ਲੈ ਕੇ ਆਇਆ।

ਮਾਰਕੋ ਰੂਬੀਓ ਨੇ ਦਾਅਵਾ ਕੀਤਾ ਕਿ ਦੋਵੇਂ ਦੇਸ਼ ‘ਨਿਰਪੱਖ ਥਾਂ ‘ਤੇ ਕਈ ਮੁੱਦਿਆਂ ‘ਤੇ ਗੱਲਬਾਤ ਸ਼ੁਰੂ ਕਰਨ’ ਲਈ ਸਹਿਮਤ ਹੋ ਗਏ ਹਨ।

ਸ਼ਨੀਵਾਰ ਰਾਤ ਨੂੰ ਦਿੱਤੇ ਗਏ ਭਾਸ਼ਣ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਤਣਾਅ ਨੂੰ ਘਟਾਉਣ ਲਈ ਨਾ ਸਿਰਫ਼ ਅਮਰੀਕਾ, ਬਲਕਿ ਬ੍ਰਿਟੇਨ, ਤੁਰਕੀ, ਸਾਊਦੀ ਅਰਬ, ਕਤਰ, ਯੂਏਈ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਦਾ ਵੀ ਧੰਨਵਾਦ ਕੀਤਾ।

ਇਸ ਦੇ ਉਲਟ ਮੋਦੀ ਨੇ ਕਿਸੇ ਤੀਜੀ ਧਿਰ ਦੀ ਭੂਮਿਕਾ ਨੂੰ ਸਵੀਕਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਉਦੋਂ ਹੀ ਪਿੱਛੇ ਹਟਿਆ ਜਦੋਂ “ਪਾਕਿਸਤਾਨ ਨੇ ਭਾਰੀ ਨੁਕਸਾਨ ਝੱਲਦੇ ਹੋਏ ਭਾਰਤ ਦੇ ਫੌਜੀ ਅਭਿਆਨਾਂ ਦੇ ਡਾਇਰੈਕਟਰ ਜਨਰਲ ਨਾਲ ਸੰਪਰਕ ਕੀਤਾ” ਅਤੇ ਕਿਹਾ, “ਉਹ ਅੱਗੇ ਕਿਸੇ ਵੀ ਤਰ੍ਹਾਂ ਦੀਆਂ ਦਹਿਸ਼ਤਗਰਦੀ ਦੀਆਂ ਗਤੀਵਿਧੀਆਂ ਜਾਂ ਫੌਜੀ ਕਾਇਰਤਾ ਵਿੱਚ ਸ਼ਾਮਲ ਨਹੀਂ ਹੋਵੇਗਾ।”

ਭਾਰਤੀ ਫੌਜ

ਤਸਵੀਰ ਸਰੋਤ, Getty Images

ਵਿਦੇਸ਼ ਮਾਮਲਿਆਂ ਦੀ ਸੀਨੀਅਰ ਪੱਤਰਕਾਰ ਇੰਦਰਾਣੀ ਬਾਗਚੀ ਦਾ ਮੰਨਣਾ ਹੈ ਕਿ ਆਪਣੇ ਭਾਸ਼ਣ ਵਿੱਚ ਨਰਿੰਦਰ ਮੋਦੀ ਨੇ ਇਸ ਮਾਮਲੇ ‘ਤੇ ਭਾਰਤ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਰੁਖ਼ ਨੂੰ ਦੁਹਰਾਇਆ ਹੈ।

ਉਨ੍ਹਾਂ ਕਿਹਾ, “ਭਾਰਤ ਨੇ ਹਮੇਸ਼ਾ ਇਹ ਕਿਹਾ ਹੈ ਕਿ ਉਹ ਪਾਕਿਸਤਾਨ ਦੇ ਸੰਦਰਭ ਵਿੱਚ ਕਿਸੇ ਵੀ ਵਿਚੋਲੇ ਜਾਂ ਤੀਜੀ ਧਿਰ ਦੀ ਗੱਲ ਨਹੀਂ ਮੰਨੇਗਾ।”

ਆਪਣੇ ਭਾਸ਼ਣ ਵਿੱਚ ਮੋਦੀ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨਾਲ ਗੱਲਬਾਤ ਸਿਰਫ਼ ਦੋ ਮੁੱਦਿਆਂ ‘ਤੇ ਕੇਂਦਰਿਤ ਹੋਵੇਗੀ – ਦਹਿਸ਼ਤਗਰਦੀ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ।

ਦਿੱਲੀ ਸਥਿਤ ਥਿੰਕ ਟੈਂਕ ਸੈਂਟਰ ਫਾਰ ਪਾਲਿਸੀ ਰਿਸਰਚ ਦੇ ਪ੍ਰੋਫੈਸਰ ਅਤੇ ਰਣਨੀਤਕ ਮਾਮਲਿਆਂ ਦੇ ਮਾਹਰ ਬ੍ਰਹਮਾ ਚੇਲਾਨੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਮੋਦੀ ਦਾ ਇਹ ਬਿਆਨ ਟਰੰਪ ਨੂੰ ‘ਅਪ੍ਰਤੱਖ ਫਟਕਾਰ’ ਹੈ, ਜਿਨ੍ਹਾਂ ਨੇ ਕਸ਼ਮੀਰ ਮੁੱਦੇ ਦਾ ‘ਹੱਲ’ ਕਰਨ ਦੀ ਪੇਸ਼ਕਸ਼ ਕੀਤੀ ਸੀ।

ਇੰਦਰਾਣੀ ਬਾਗਚੀ ਨੇ ਇਹ ਵੀ ਕਿਹਾ ਕਿ ਆਪਣੀ ਟਿੱਪਣੀ ਵਿੱਚ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਨੂੰ ਇੱਕ ਸੁਨੇਹਾ ਭੇਜਿਆ ਹੈ।

ਉਨ੍ਹਾਂ ਨੇ ਕਿਹਾ, “2019 ਵਿੱਚ ਆਰਟੀਕਲ 370 ਨੂੰ ਖਤਮ ਕਰਨ ਤੋਂ ਬਾਅਦ ਭਾਰਤ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕਸ਼ਮੀਰ ਮੁੱਦਾ ਗੱਲਬਾਤ ਵਿੱਚ ਨਹੀਂ ਸੀ।”

ਉਨ੍ਹਾਂ ਨੇ ਕਿਹਾ, “ਪ੍ਰਧਾਨ ਮੰਤਰੀ ਨੇ ਉਸ ਰਿਕਾਰਡ ਨੂੰ ਸਹੀ ਕਰ ਦਿੱਤਾ ਹੈ।”

ਨੀਰਜ ਚੌਧਰੀ
ਇਹ ਵੀ ਪੜ੍ਹੋ-

ਨਵਾਂ ਮਿਆਰ ਸਥਾਪਿਤ ਕਰਨਾ?

ਇਹ ਕਹਿੰਦੇ ਹੋਏ ਕਿ ‘ਆਪ੍ਰੇਸ਼ਨ ਸਿੰਦੂਰ’ ਨੇ ਇੱਕ ਨਵਾਂ ਮਿਆਰ ਸਥਾਪਿਤ ਕਰ ਦਿੱਤਾ ਹੈ, ਮੋਦੀ ਨੇ ਤਿੰਨ ਨੁਕਤੇ ਦੱਸੇ, ਜਿਨ੍ਹਾਂ ਵਿੱਚੋਂ ਇੱਕ ਇਹ ਸੀ ਕਿ ਭਾਰਤ ‘ਪਰਮਾਣੂ ਬਲੈਕਮੇਲ ਬਰਦਾਸ਼ਤ ਨਹੀਂ ਕਰੇਗਾ।’

ਇੰਦਰਾਣੀ ਬਾਗਚੀ ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਕਿ ਭਾਰਤ ਨੇ ਸੱਚਮੁੱਚ ਇੱਕ ਨਵੀਂ ਲਕੀਰ ਖਿੱਚੀ ਹੈ।

ਉਨ੍ਹਾਂ ਨੇ ਕਿਹਾ ਕਿ 2016 ਵਿੱਚ ਕੰਟਰੋਲ ਰੇਖਾ ਦੇ ਪਾਰ ‘ਸਰਜੀਕਲ ਸਟ੍ਰਾਈਕ’ ਕਰਨ ਤੋਂ ਲੈ ਕੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ‘ਆਪ੍ਰੇਸ਼ਨ ਸਿੰਦੂਰ’ ਦੇ ਮਿਜ਼ਾਇਲ ਹਮਲਿਆਂ ਤੱਕ, ਭਾਰਤ ਆਪਣੀਆਂ ਫੌਜੀ ਕਾਰਵਾਈਆਂ ਦੇ ਜਵਾਬ ਵਿੱਚ ਪਾਕਿਸਤਾਨ ਦੁਆਰਾ ਪਰਮਾਣੂ ਹਥਿਆਰ ਤਾਇਨਾਤ ਕਰਨ ਦੇ ਖ਼ਤਰੇ ਨੂੰ ਖਤਮ ਕਰਨ ਦੇ ਸਮਰੱਥ ਰਿਹਾ ਹੈ।

ਉਨ੍ਹਾਂ ਨੇ ਕਿਹਾ, “2016 ਤੋਂ ਪਹਿਲਾਂ, ਭਾਵੇਂ ਭਾਰਤ ਨੇ ਪਾਕਿਸਤਾਨ ਦੇ ਅੰਦਰ ਹਮਲੇ ਕੀਤੇ ਸਨ, ਪਰ ਇਸ ਦਾ ਪ੍ਰਚਾਰ ਨਹੀਂ ਕੀਤਾ ਗਿਆ। ਉੱਥੋਂ ਲੈ ਕੇ ਇਸ ਵਾਰ ਚਾਰ ਦਿਨਾਂ ਤੱਕ ਲਗਾਤਾਰ ਹਮਲਿਆਂ ਤੱਕ, ਭਾਰਤ ਨੇ ਪਰਮਾਣੂ ਸਮਰੱਥਾ ਦੀ ਸੀਮਾ ਨੂੰ ਵਧਾ ਦਿੱਤਾ ਹੈ।”

ਹਾਲਾਂਕਿ, ਰਾਜਨੀਤੀ ਮਾਮਲਿਆਂ ਦੇ ਕਾਲਮਨਵੀਸ ਅਦਿਤੀ ਫੜਨਿਸ ਨੇ ਕਿਹਾ ਕਿ ਨਰਿੰਦਰ ਮੋਦੀ ਦੁਆਰਾ ਦੱਸੀ ਗਈ ਨੀਤੀ ਵਿੱਚ ਕੁਝ ਵੀ ਨਵਾਂ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ‘ਨਵੇਂ ਮਿਆਰ ਸਥਾਪਿਤ ਹੋਣ’ ਦੇ ਆਪਣੇ ਸਿਧਾਂਤ ਵਿੱਚ ਮੋਦੀ ਨੇ ਕਿਹਾ ਕਿ ਭਾਰਤ ਅੱਤਵਾਦ ਨੂੰ ਆਪਣੇ ਤਰੀਕੇ ਨਾਲ ਢੁੱਕਵਾਂ ਜਵਾਬ ਦੇਵੇਗਾ, ਅਤੇ ਇਹ ‘ਦਹਿਸ਼ਗਰਦਾਂ ਨੂੰ ਸਪਾਂਸਰ ਕਰਨ ਵਾਲੀ ਸਰਕਾਰ ਅਤੇ ਦਹਿਸ਼ਤਗਰਦਾਂ ਦੇ ਮਾਸਟਰਮਾਈਂਡ’ ਵਿਚਕਾਰ ਕੋਈ ਫਰਕ ਨਹੀਂ ਕਰੇਗਾ।

ਅਦਿਤੀ ਫੜਨਿਸ ਨੇ ਕਿਹਾ ਕਿ ਮੋਦੀ ਸਰਕਾਰ ਨੇ ਇਹ ਗੱਲਾਂ 2016 ਵਿੱਚ ਵੀ ਕਹੀਆਂ ਸਨ ਜਦੋਂ ਉਰੀ ਫੌਜੀ ਅੱਡੇ ‘ਤੇ 19 ਭਾਰਤੀ ਸੈਨਿਕ ਮਾਰੇ ਗਏ ਸਨ, ਅਤੇ 2019 ਵਿੱਚ ਪੁਲਵਾਮਾ ਬੰਬ ਧਮਾਕੇ ਵਿੱਚ 40 ਭਾਰਤੀ ਅਰਧ ਸੈਨਿਕ ਬਲ ਦੇ ਜਵਾਨ ਮਾਰੇ ਗਏ ਸਨ।

“ਹਰ ਵਾਰ ਭਾਰਤ ਦੀ ਪ੍ਰਤੀਕਿਰਿਆ ਇੱਕ ਕਦਮ ਅੱਗੇ ਹੀ ਰਹੀ ਹੈ, ਅਤੇ ਇਸ ਵਾਰ ਵੀ ਅਜਿਹਾ ਹੀ ਸੀ। ਪਰ ਇਸ ਨਾਲ ਦਹਿਸ਼ਤਗਰਦੀ ਹਮਲਿਆਂ ਵਿੱਚ ਕਮੀ ਨਹੀਂ ਆਈ ਅਤੇ ਇਹ ਦੁਬਾਰਾ ਹੋ ਸਕਦਾ ਹੈ।”

ਪਾਕਿਸਤਾਨੀ ਫੌਜ ਮੁਖੀ ਆਸਿਮ ਮੁਨੀਰ

ਤਸਵੀਰ ਸਰੋਤ, Getty Images

ਰਾਜਨੀਤਿਕ ਸੰਦੇਸ਼

ਦੋਵੇਂ ਦੇਸ਼ਾਂ ਵੱਲੋਂ ਫੌਜੀ ਕਾਰਵਾਈਆਂ ਨੂੰ ਰੋਕਣ ‘ਤੇ ਸਹਿਮਤ ਹੋਣ ਦੇ ਬਾਅਦ ਤੋਂ ਦੋ ਦਿਨਾਂ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ ਸਮੇਤ ਬਹੁਤ ਸਾਰੇ ਲੋਕਾਂ ਨੇ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਇਸ ਨੂੰ ਪਾਕਿਸਤਾਨ ਨੂੰ ਹੋਰ ਜ਼ਿਆਦਾ ਨੁਕਸਾਨ ਪਹੁੰਚਾਉਣ ਦਾ ਇੱਕ ਖੁੰਝਿਆ ਹੋਇਆ ਮੌਕਾ ਮੰਨਦੇ ਹਨ।

ਪ੍ਰੋਫੈਸਰ ਚੇਲਾਨੀ ਨੇ ਵੀ ਇਸ ਫ਼ੈਸਲੇ ਨੂੰ ‘ਜਿੱਤ ਦੇ ਮੂੰਹ ਤੋਂ ਹਾਰ ਖੋਹਣ’ ਵਜੋਂ ਦਰਸਾਇਆ ਹੈ।

ਬੀਬੀਸੀ ਨਾਲ ਗੱਲ ਕਰਦੇ ਹੋਏ, ਸੀਨੀਅਰ ਪੱਤਰਕਾਰ ਨੀਰਜਾ ਚੌਧਰੀ ਨੇ ਕਿਹਾ ਕਿ ਸਪੱਸ਼ਟ ਤੌਰ ‘ਤੇ ਮੋਦੀ ਨੇ ਆਪਣੇ ਭਾਸ਼ਣ ਵਿੱਚ ਆਪਣੇ ਰਾਜਨੀਤਿਕ ਸਮਰਥਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।

ਨੀਰਜਾ ਚੌਧਰੀ ਨੇ ਕਿਹਾ, “ਇਹ ਕਹਿ ਕੇ ਕਿ ਮਿਜ਼ਾਈਲ ਹਮਲਿਆਂ ਵਿੱਚ 100 ਤੋਂ ਵੱਧ ਦਹਿਸ਼ਤਗਰਦਾਂ ਮਾਰੇ ਗਏ ਹਨ ਅਤੇ ਭਾਰਤ ਨੇ ਸਿਰਫ਼ ਆਪਣੀ ਕਾਰਵਾਈ ਨੂੰ ਮੁਅੱਤਲ ਕੀਤਾ ਹੈ ਅਤੇ ਪਾਕਿਸਤਾਨ ਨੂੰ ਜਵਾਬ ਦੇਣ ਲਈ ਆਪਣੀਆਂ ਸ਼ਰਤਾਂ ਤੈਅ ਕਰਨਾ ਜਾਰੀ ਰੱਖੇਗਾ, ਇਸ ਨਾਲ ਉਨ੍ਹਾਂ ਨੇ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ।”

ਉਨ੍ਹਾਂ ਨੇ ਇਹ ਵੀ ਕਿਹਾ ਕਿ ‘ਸਿੰਦੂਰ’ ਦੀ ਮਹੱਤਤਾ ‘ਤੇ ਜ਼ੋਰ ਦੇ ਕੇ ਪ੍ਰਧਾਨ ਮੰਤਰੀ ਨੇ ਇੱਕ ਭਾਵਨਾਤਮਕ ਸੰਦੇਸ਼ ਦੇਣ ਦਾ ਯਤਨ ਕੀਤਾ ਹੈ।

ਮੋਦੀ ਨੇ ਆਪਣੇ ਭਾਸ਼ਣ ਵਿੱਚ ਕਿਹਾ, “ਹਰ ਦਹਿਸ਼ਤਗਰਦਾਂ ਦਾ ਸੰਗਠਨ ਸਾਡੀਆਂ ਭੈਣਾਂ ਅਤੇ ਬੇਟੀਆਂ ਦੇ ਸਿੰਦੂਰ ਨੂੰ ਮਿਟਾਉਣ ਦੇ ਨਤੀਜੇ ਜਾਣਦਾ ਹੈ।”

ਚੌਧਰੀ ਨੇ ਕਿਹਾ ਕਿ ਇਸ ਦਾ ਉਦੇਸ਼ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣਾ ਹੈ।

ਉਨ੍ਹਾਂ ਨੇ ਕਿਹਾ, “ਪਹਿਲਗਾਮ ਹਮਲਾ ਹੋਰ ਦਹਿਸ਼ਤਗਰਦੀ ਹਮਲਿਆਂ ਨਾਲੋਂ ਅਲੱਗ ਸੀ। ਮਰਦਾਂ ਤੋਂ ਉਨ੍ਹਾਂ ਦੇ ਧਰਮ ਬਾਰੇ ਪੁੱਛਿਆ ਗਿਆ ਅਤੇ ਉਨ੍ਹਾਂ ਦੀਆਂ ਪਤਨੀਆਂ ਅਤੇ ਬੇਟੀਆਂ ਦੇ ਸਾਹਮਣੇ ਉਨ੍ਹਾਂ ਨੂੰ ਮਾਰ ਦਿੱਤਾ ਗਿਆ।”

“ਪ੍ਰਧਾਨ ਮੰਤਰੀ ਇਸ ਦੇ ਭਾਵਨਾਤਮਕ ਮਹੱਤਵ ਨੂੰ ਸਮਝਦੇ ਹਨ ਅਤੇ ਇਸ ਲਈ ਉਨ੍ਹਾਂ ਨੇ ਇਸ ‘ਤੇ ਖ਼ਾਸ ਤੌਰ ‘ਤੇ ਗੱਲ ਕੀਤੀ ਹੈ।”

ਹਾਲਾਂਕਿ, ਅਦਿਤੀ ਫੜਨੀਸ ਇਸ ਗੱਲ ‘ਤੇ ਸਹਿਮਤ ਨਹੀਂ ਹਨ ਕਿ ਪ੍ਰਧਾਨ ਮੰਤਰੀ ਦੇ ਭਾਸ਼ਣ ਨਾਲ ਉਨ੍ਹਾਂ ਦੇ ਸਮਰਥਕਾਂ ਵਿੱਚ ਫੈਲੀ ਅਸੰਤੁਸ਼ਟੀ ਸ਼ਾਂਤ ਹੋ ਗਈ ਹੈ।

ਉਨ੍ਹਾਂ ਨੇ ਕਿਹਾ, “ਪਾਕਿਸਤਾਨ ਨਾਲ ਨਜਿੱਠਣ ਵਿੱਚ ਪ੍ਰਧਾਨ ਮੰਤਰੀ ਦੀ ਸਖ਼ਤ ਬਿਆਨਬਾਜ਼ੀ ਦਾ ਮਤਲਬ ਹੈ ਕਿ ਸਰਕਾਰ ਕੁਝ ਹੱਦ ਤੱਕ ਆਪਣੇ ਹੀ ਬਿਰਤਾਂਤ ਦਾ ਸ਼ਿਕਾਰ ਬਣ ਗਈ ਹੈ। ਮੈਨੂੰ ਯਕੀਨ ਨਹੀਂ ਹੈ ਕਿ ਭਾਸ਼ਣ ਵਿੱਚ ਇਸ ਨੂੰ ਸੰਬੋਧਿਤ ਕਰਨ ਲਈ ਉਚਿਤ ਯਤਨ ਕੀਤੇ ਗਏ ਹਨ ਜਾਂ ਨਹੀਂ।”

ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਚੋਲਗੀ ਦਾ ਸਿਹਰਾ ਲੈਣ ਦਾ ਦਾਅਵਾ ਮੋਦੀ ਦੇ ਸਮਰਥਕਾਂ ਨੂੰ ਪਸੰਦ ਨਹੀਂ ਆਇਆ।

ਉਨ੍ਹਾਂ ਨੇ ਕਿਹਾ, “ਇਹ ਇੱਕ ਅਜਿਹੀ ਗੱਲ ਹੈ ਜਿਸ ਨੂੰ ਵਿਰੋਧੀ ਪਾਰਟੀਆਂ ਵੀ ਚੁੱਕ ਰਹੀਆਂ ਹਨ।”

ਨਰਿੰਦਰ ਮੋਦੀ ਅਤੇ ਟਰੰਪ

ਤਸਵੀਰ ਸਰੋਤ, Getty Images

ਆਲਮੀ ਸ਼ਕਤੀਆਂ ਨੂੰ ਸੁਨੇਹਾ

ਭਾਰਤ ਦੇ ਮਿਜ਼ਾਈਲ ਹਮਲਿਆਂ ਤੋਂ ਹੋਏ ਫਾਇਦਿਆਂ ਨੂੰ ਗਿਣਾਉਂਦੇ ਹੋਏ ਮੋਦੀ ਨੇ ਕਿਹਾ ਕਿ ਭਾਰਤ ਦੇ ਮਿਜ਼ਾਈਲ ਹਮਲਿਆਂ ਦੇ ਦੋ ਨਿਸ਼ਾਨੇ ਬਹਾਵਲਪੁਰ ਅਤੇ ਮੁਰੀਦਕੇ ‘ਆਲਮੀ ਪੱਧਰ ਦੀਆਂ ਦਹਿਸ਼ਤਗਰਦ ਦੀਆਂ ਯੂਨੀਵਰਸਿਟੀਆਂ’ ਸਨ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਰਤ ਵਿੱਚ ਹੋਏ ‘ਵੱਡੇ ਦਹਿਸ਼ਤਗਰਦੀ ਹਮਲਿਆਂ’ ਦੇ ਨਾਲ-ਨਾਲ ਅਮਰੀਕਾ ਦੇ ਵਰਲਡ ਟਰੇਡ ਸੈਂਟਰ ‘ਤੇ 9/11 ਦੇ ਹਮਲਿਆਂ ਅਤੇ 2005 ਦੇ ਲੰਡਨ ਟਿਊਬ ਬੰਬ ਧਮਾਕਿਆਂ ਦੀਆਂ ਜੜਾਂ ਇਨ੍ਹਾਂ ਥਾਵਾਂ ਨਾਲ ਜੁੜੀਆਂ ਹੋਈਆਂ ਹਨ।

ਇੰਦਰਾਣੀ ਬਾਗਚੀ ਦਾ ਮੰਨਣਾ ਹੈ ਕਿ ਅਜਿਹਾ ਕਰ ਕੇ ਪ੍ਰਧਾਨ ਮੰਤਰੀ ਨੇ ਭਾਰਤ ਦੀ ਕਾਰਵਾਈ ਲਈ ਵਿਸ਼ਵਵਿਆਪੀ ਸਮਰਥਨ ਜੁਟਾਉਣ ਦੀ ਕੋਸ਼ਿਸ਼ ਕੀਤੀ ਹੈ।

“ਅਮਰੀਕਾ ਵਿੱਚ ਇੱਕ ਪੀੜ੍ਹੀ 9/11 ਤੋਂ ਬਾਅਦ ਵੱਡੀ ਹੋਈ ਹੈ, ਇਸੇ ਤਰ੍ਹਾਂ ਬ੍ਰਿਟੇਨ ਵਿੱਚ ਇੱਕ ਪੀੜ੍ਹੀ 2005 ਤੋਂ ਬਾਅਦ ਪੈਦਾ ਹੋਈ। ਮੋਦੀ ਉਨ੍ਹਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਭਾਰਤ ਨੇ ਜੋ ਕੀਤਾ, ਉਹ ਦੁਨੀਆਂ ਦੀ ਭਲਾਈ ਲਈ ਕੀਤਾ।”

ਸੀਨੀਅਰ ਰਾਜਨੀਤਿਕ ਵਿਸ਼ਲੇਸ਼ਕ ਅਦਿਤੀ ਫੜਨੀਸ ਨੇ ਵੀ ਇਸ ਮਾਮਲੇ ‘ਤੇ ਸਹਿਮਤੀ ਪ੍ਰਗਟਾਈ।

ਉਨ੍ਹਾਂ ਨੇ ਕਿਹਾ, “ਮੋਦੀ ਇਸ ਸਾਲ ਦੇ ਅੰਤ ਵਿੱਚ ਭਾਰਤ ਵਿੱਚ ਕਵਾਡ ਸਿਖ਼ਰ ਸੰਮੇਲਨ ਲਈ ਟਰੰਪ ਨਾਲ ਮੁਲਾਕਾਤ ਕਰਨ ਦੌਰਾਨ ਜਾਂ ਅਗਲੀ ਵਾਰ ਸੰਯੁਕਤ ਰਾਸ਼ਟਰ ਨੂੰ ਸੰਬੋਧਨ ਕਰਦੇ ਸਮੇਂ ਇਸ ਮੁੱਦੇ ਨੂੰ ਉਠਾਉਣਗੇ।”

ਫੜਨੀਸ ਨੇ ਅੱਗੇ ਕਿਹਾ, “ਇਹ ਕਹਿਣਾ ਕਿ ਭਾਰਤ ਬੁੱਧ ਦਾ ਦੇਸ਼ ਹੈ, ਯੁੱਧ ਦਾ ਨਹੀਂ, ਹੁਣ ਬਦਲ ਗਿਆ ਹੈ। ਇੱਥੋਂ ਤੱਕ ਕਿ ਜਦੋਂ ਮੋਦੀ ਨੇ ਕਿਹਾ ਕਿ ਅੱਜ ਬੁੱਧ ਪੂਰਨਿਮਾ ਹੈ, ਤਾਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ਾਂਤੀ ਦਾ ਮਾਰਗ ਸ਼ਕਤੀ ਵਿੱਚੋਂ ਹੋ ਕੇ ਜਾਂਦਾ ਹੈ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI