Source :- BBC PUNJABI

ਤਸਵੀਰ ਸਰੋਤ, EPA
- ਲੇਖਕ, ਅਜੀਤ ਗੜਵੀ
- ਰੋਲ, ਬੀਬੀਸੀ ਪੱਤਰਕਾਰ
-
25 ਮਈ 2025, 13:43 IST
ਅਪਡੇਟ ਇੱਕ ਘੰਟਾ ਪਹਿਲਾਂ
ਆਮਦਨ ਟੈਕਸ ਰਿਟਰਨ ਦਾਖਲ ਕਰਨ ਦੇ ਦਿਨ ਹਾਲੇ ਚੱਲ ਰਹੇ ਹਨ ਅਤੇ 31 ਜੁਲਾਈ, 2025 ਆਈਟੀ ਰਿਟਰਨ ਦਾਖਲ ਕਰਨ ਦੀ ਆਖਰੀ ਮਿਤੀ ਹੈ।
ਇਸ ਸਾਲ ਦੇ ਕੇਂਦਰੀ ਬਜਟ ਵਿੱਚ ਲੋਕਾਂ ਨੂੰ ਆਮਦਨ ਟੈਕਸ ਵਿੱਚ ਵੱਡੀ ਰਾਹਤ ਦਿੱਤੀ ਗਈ ਹੈ। ਹੁਣ ਤੋਂ ਤਨਖਾਹਦਾਰ ਵਰਗ ਨੂੰ 12.75 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ‘ਤੇ ਆਮਦਨ ਟੈਕਸ ਨਹੀਂ ਦੇਣਾ ਹੋਵੇਗਾ, ਜਦਕਿ ਹੋਰ ਟੈਕਸ ਦਾਤਾਵਾਂ ਦੇ ਲਈ 12 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਟੈਕਸ-ਮੁਕਤ ਰਹੇਗੀ।
ਇਸੇ ਕਾਰਨ ਇਸ ਵਾਰ ਆਮਦਨ ਟੈਕਸ ਰਿਟਰਨ ਦਾਖਲ ਕਰਨ ਨੂੰ ਲੈ ਕੇ ਕਈ ਲੋਕ ਭੰਬਲਭੂਸੇ ਵਿੱਚ ਹਨ।
ਭਾਰਤ ਵਿੱਚ ਪੈਨ ਕਾਰਡ ਅਤੇ ਆਮਦਨ ਟੈਕਸ ਰਿਟਰਨ ਨੂੰ ਲੈ ਕੇ ਆਮ ਟੈਕਸਦਾਤਾਵਾਂ ਦੇ ਵਿੱਚ ਪਹਿਲਾਂ ਤੋਂ ਹੀ ਕਈ ਗਲਤਫਹਿਮੀਆਂ ਹਨ, ਜਿਵੇਂ ਕਿ ਕਿਸ ਨੂੰ ਆਈਟੀ ਰਿਟਰਨ ਦਾਖਲ ਕਰਨਾ ਚਾਹੀਦਾ ਹੈ, ਰਿਟਰਨ ਦਾਖਲ ਕਰਨ ਦੇ ਲਈ ਕਿੰਨੀ ਆਮਦਨ ਜ਼ਰੂਰੀ ਹੈ, ਰਿਟਰਨ ਦਾਖਨ ਨਾ ਕਰਨ ‘ਤੇ ਕੀ ਹੋਵੇਗਾ, ਆਦਿ।
ਆਈਟੀ ਰਿਟਰਨ ਅਤੇ ਪੈਨ ਕਾਰਡ ਨਾਲ ਜੁੜੇ ਕੁਝ ਮਹੱਤਵਪੂਰਨ ਸਵਾਲਾਂ ਦੇ ਜਵਾਬ ਜਾਣਨ ਦੇ ਲਈ ਬੀਬੀਸੀ ਨੇ ਚਾਟਰਡ ਅਕਾਊਂਟੈਂਟ ਅਤੇ ਟੈਕਸ ਮਾਹਿਰ ਕਰੀਮ ਲਖਾਨੀ ਨਾਲ ਗੱਲਬਾਤ ਕੀਤੀ।
ਕਿਸ ਦੇ ਲਈ ਆਮਦਨ ਟੈਕਸ ਰਿਟਰਨ ਦਾਖਲ ਕਰਨਾ ਲਾਜ਼ਮੀ ਹੈ?

ਤਸਵੀਰ ਸਰੋਤ, Getty Images
ਕਰੀਮ ਲਖਾਨੀ ਨੇ ਕਿਹਾ ਕਿ ਜੇ ਤੁਹਾਡੀ ਕੁੱਲ ਆਮਦਨ ਮੂਲ ਛੋਟ ਸੀਮਾ ਤੋਂ ਜ਼ਿਆਦਾ ਹੈ, ਤਾਂ ਤੁਹਾਨੂੰ ਆਈਟੀ ਰਿਟਰਨ ਦਾਖਲ ਕਰਨੀ ਹੋਵੇਗੀ। ਯਾਨਿ ਜੇ ਕਿਸੇ ਆਮ ਕਰਦਾਤਾ (60 ਸਾਲ ਤੋਂ ਘੱਟ ਉਮਰ) ਦੀ ਸਾਲਾਨਾ ਆਮਦਨ 2.50 ਲੱਖ ਰੁਪਏ ਤੋਂ ਜ਼ਿਆਦਾ ਹੈ, ਜੇ ਕਿਸੇ ਸੀਨੀਅਰ ਨਾਗਰਿਕ (60 ਤੋਂ 80 ਸਾਲ) ਦੀ ਆਮਦਨ 3 ਲੱਖ ਰੁਪਏ ਤੋਂ ਜ਼ਿਆਦਾ ਹੈ, ਜੇ ਕਿਸੇ ਅਤਿ ਸੀਨੀਅਰ ਨਾਗਰਿਕ (80 ਸਾਲ ਤੋਂ ਜ਼ਿਆਦਾ) ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਜ਼ਿਆਦਾ ਹੈ ਤਾਂ ਉਸ ਨੂੰ ਆਈਟੀ ਰਿਟਰਨ ਦਾਖਲ ਕਰਨਾ ਲਾਜ਼ਮੀ ਹੈ।
ਅਜਿਹੇ ਮਾਮਲੇ ਵਿੱਚ ਜੇ ਕੁਲ ਆਮਦਨ (ਧਾਰਾ 80 ਦੇ ਤਹਿਤ ਕਟੌਤੀ ਤੋਂ ਪਹਿਲਾਂ) ਉਕਤ ਛੋਟ ਸੀਮਾ ਤੋਂ ਜ਼ਿਆਦਾ ਹੈ ਤਾਂ ਰਿਟਰਨ ਦਾਖਲ ਕਰਨਾ ਹੋਵੇਗਾਾ।
ਇਸ ਤੋਂ ਇਲਾਵਾ ਹਰੇਕ ਕੰਪਨੀ ਅਤੇ ਫਰਮ ਦੇ ਲਈ ਆਈਟੀ ਰਿਟਰਨ ਦਾਖਲ ਕਰਨਾ ਲਾਜ਼ਮੀ ਹੈ, ਚਾਹੇ ਉਸ ਨੂੰ ਲਾਭ ਹੋਇਆ ਹੋਵੇ ਜਾਂ ਘਾਟਾ।
ਆਮਦਨ ਰਿਟਰਨ ਦਾਖਲ ਨਾ ਕਰਨ ‘ਤੇ ਕਿੰਨਾ ਜੁਰਮਾਨਾ ਹੈ?

ਤਸਵੀਰ ਸਰੋਤ, Getty Images
ਸੀਏ ਕਰੀਮ ਲਖਾਨੀ ਦਾ ਕਹਿਣਾ ਹੈ ਕਿ ਜਿਨ੍ਹਾਂ ਵਿਅਕਤੀਆਂ ਜਾਂ ਫਰਮਾਂ ਦੇ ਖਾਤਿਆਂ ਦਾ ਆਡਿਟ ਕਰਨ ਦੀ ਲੋੜ ਨਹੀਂ ਹੈ, ਉਨ੍ਹਾਂ ਲਈ ਆਈਟੀ ਰਿਟਰਨ ਭਰਨ ਦੀ ਆਖਰੀ ਮਿਤੀ ਆਮ ਤੌਰ ‘ਤੇ 31 ਜੁਲਾਈ ਹੁੰਦੀ ਹੈ।
- ਜੇ ਤੁਹਾਡੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਜ਼ਿਆਦਾ ਹੈ ਅਤੇ ਰਿਟਰਨ ਦਾਖਲ ਕਰਨ ਦੀ ਆਖਰੀ ਮਿਤੀ ਤੋਂ ਬਾਅਦ ਰਿਟਰਨ ਦਾਖਲ ਕੀਤੀ ਜਾਂਦੀ ਹੈ ਤਾਂ 5000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।
- ਜੇ ਤੁਹਾਡੀ ਕੁਲ ਆਮਦਨ ਪੰਜ ਲੱਖ ਰੁਪਏ ਤੱਕ ਹੈ ਅਤੇ ਰਿਟਰਨ ਆਖਰੀ ਮਿਤੀ ਤੋਂ ਬਾਅਦ ਦਾਖਲ ਕੀਤੀ ਹੈ ਤਾਂ ਤੁਹਾਡੇ ‘ਤੇ ਇੱਕ ਹਜ਼ਾਰ ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ।
- ਜੇ ਤੁਹਾਡੀ ਆਮਦਨ ਮੂਲ ਛੋਟ ਸੀਮਾ ਤੋਂ ਘੱਟ ਹੈ ਤਾਂ ਕੋਈ ਜੁਰਮਾਨਾ ਨਹੀਂ ਲੱਗੇਗਾ। ਪਰ ਜੇ ਕੋਈ ਸ਼ਰਤ ਲਾਗੂ ਹੁੰਦੀ ਹੈ, ਜਿਵੇਂ ਬੈਂਕ ਵਿੱਚ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਜਮ੍ਹਾਂ ਕਰਨਾ ਜਾਂ ਵਿਦੇਸ਼ ਯਾਤਰਾ ‘ਤੇ ਦੋ ਲੱਖ ਰੁਪਏ ਤੋਂ ਜ਼ਿਆਦਾ ਖਰਚ ਕਰਨਾ ਤਾਂ ਦੇਰੀ ਨਾਲ ਰਿਟਰਨ ਦਾਖਲ ਕਰਨ ‘ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ।
- ਜੇ ਤੁਹਾਡਾ ਟੈਕਸ ਬਕਾਇਆ ਹੈ ਅਤੇ ਰਿਟਰਨ ਸਮੇਂ ਸਿਰ ਦਾਖਲ ਨਹੀਂ ਕੀਤੀ ਗਈ ਹੈ ਤਾਂ ਬਕਾਇਆ ਰਾਸ਼ੀ ‘ਤੇ ਇੱਕ ਫ਼ੀਸਦ ਪ੍ਰਤੀ ਮਹੀਨੇ ਦੀ ਦਰ ਨਾਲ ਸਾਧਾਰਨ ਵਿਆਜ ਲਗਾਇਆ ਜਾਵੇਗਾ।
- ਇਸ ਤੋਂ ਜ਼ਿਆਦਾ ਤੁਸੀਂ ਨੁਕਸਾਨ ਨੂੰ ਅੱਗੇ ਨਹੀਂ ਵਧਾ ਸਕਦੇ।
- ਇਸ ਤੋਂ ਇਲਾਵਾ ਜੇ ਤੁਸੀਂ ਜ਼ਿਆਦਾ ਟੈਕਸ ਦਾ ਭੁਗਤਾਨ ਕੀਤਾ ਹੈ ਅਤੇ ਰੀਫੰਡ ਦੇ ਹੱਕਦਾਰ ਹੋ ਤਾਂ ਦੇਰੀ ਨਾਲ ਰਿਟਰਨ ਦਾਖਲ ਕਰਨ ਨਾਲ ਤੁਹਾਨੂੰ ਰੀਫੰਡ ਮਿਲਣ ਵਿੱਚ ਦੇਰੀ ਹੋ ਸਕਦੀ ਹੈ।
- ਗੰਭੀਰ ਮਾਮਲਿਆਂ ਵਿੱਚ ਆਮਦਨ ਕਰ ਵਿਭਾਗ ਕਾਨੂੰਨੀ ਕਾਰਵਾਈ ਕਰ ਸਕਦਾ ਹੈ। ਜੇ 25000 ਰੁਪਏ ਤੋਂ ਜ਼ਿਆਦਾ ਕਰ ਬਕਾਇਆ ਹੈ ਤਾਂ ਛੇ ਮਹੀਨਿਆਂ ਤੋਂ ਸੱਤ ਸਾਲ ਤੱਕ ਦੀ ਕੈਦ ਅਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ।
- ਹੋਰ ਮਾਮਲਿਆਂ ਵਿੱਚ ਤਿੰਨ ਮਹੀਨਿਆਂ ਤੋਂ ਦੋ ਸਾਲ ਤੱਕ ਦੀ ਕੈਦ ਅਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ।

ਤਸਵੀਰ ਸਰੋਤ, Getty Images
ਜੇ ਮੇਰੇ ਕੋਲ ਪੈਨ ਕਾਰਡ ਹੈ ਤਾਂ ਕੀ ਮੈਨੂੰ ਆਮਦਨ ਟੈਕਸ ਰਿਟਰਨ ਦਾਖਲ ਕਰਨੀ ਹੋਵੇਗੀ?
ਸਿਰਫ ਇਸ ਲਈ ਕਿ ਤੁਹਾਡੇ ਕੋਲ ਪੈਨ ਕਾਰਡ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਆਮਦਨ ਕਰ ਰਿਟਰਨ ਦਾਖਲ ਕਰਨਾ ਲਾਜ਼ਮੀ ਹੈ। ਇਹ ਤੁਹਾਡੀ ਕੁੱਲ ਆਮਦਨ ਅਤੇ ਕੁਝ ਹੋਰ ਗੱਲਾਂ ‘ਤੇ ਨਿਰਭਰ ਕਰਦਾ ਹੈ।
ਜਿਵੇਂ ਕਿ ਉਪਰ ਦੱਸਿਆ ਗਿਆ ਹੈ, ਤੁਸੀਂ ਆਪਣੇ ਚਾਲੂ ਖਾਤੇ ਵਿੱਚ ਇੱਕ ਕਰੋੜ ਤੋਂ ਜ਼ਿਆਦਾ ਜਮ੍ਹਾ ਕੀਤਾ ਹੈ, ਤੁਸੀਂ ਬਚਤ ਖਾਤੇ ਵਿੱਚ 50 ਲੱਖ ਤੋਂ ਜ਼ਿਆਦਾ ਜਮ੍ਹਾ ਕੀਤੇ ਹਨ ਤੇ ਵਿਦੇਸ਼ ਯਾਤਰਾ ‘ਤੇ ਦੋ ਲੱਖ ਤੋਂ ਜ਼ਿਆਦਾ ਖਰਚ ਕੀਤਾ ਹੈ।
ਇੱਕ ਵਾਰ ਜਦੋਂ ਤੁਸੀਂ ਰਿਟਰਨ ਦਾਖਲ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਕੀ ਤੁਹਾਨੂੰ ਹਰ ਸਾਲ ਰਿਟਰਨ ਦਾਖਲ ਕਰਨਾ ਪੈਂਦਾ ਹੈ?

ਤਸਵੀਰ ਸਰੋਤ, Getty Images
ਕਰੀਮ ਲਖਾਨੀ ਕਹਿੰਦੇ ਹਨ, “ਇੱਕ ਵਾਰ ਜਦੋਂ ਤੁਸੀਂ ਆਈਟੀ ਰਿਟਰਨ ਦਾਖਲ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਹਰ ਸਾਲ ਰਿਟਰਨ ਦਾਖਲ ਕਰਨਾ ਜ਼ਰੂਰੀ ਨਹੀਂ ਹੁੰਦਾ, ਜਦੋਂ ਤੱਕ ਕਿ ਤੁਸੀਂ ਉਸ ਸਾਲ ਆਮਦਨ ਕਰ ਨਿਯਮਾਂ ਦੇ ਅਨੁਸਾਰ ਰਿਟਰਨ ਦਾਖਲ ਕਰਨ ਦੇ ਯੋਗ ਨਾ ਹੋਵੋ।”
“ਇਸ ਦਾ ਅਰਥ ਹੈ ਕਿ ਜੇ ਕਿਸੇ ਸਾਲ ਵਿੱਚ ਕੁੱਲ ਆਮਦਨ ਮੂਲ ਛੋਟ ਸੀਮਾ ਤੋਂ ਘੱਟ ਹੈ ਅਤੇ ਕੋਈ ਹੋਰ ਸ਼ਰਤ ਪੂਰੀ ਨਹੀਂ ਹੁੰਦੀ ਤਾਂ ਉਸ ਸਾਲ ਰਿਟਰਨ ਦਾਖਲ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।”
“ਉਦਾਹਰਨ ਦੇ ਲਈ ਜੇ ਤੁਸੀਂ ਮੁਲਾਂਕਣ ਸਾਲ 2023-2024 ਵਿੱਚ ਰਿਟਰਨ ਦਾਖਲ ਕੀਤਾ ਕਿਉਂਕਿ ਤੁਹਾਡੀ ਆਮਦਨ ਤਿੰਨ ਲੱਖ ਰੁਪਏ ਸੀ ਪਰ ਮੁਲਾਂਕਣ ਸਾਲ 2024-25 ਵਿੱਚ ਤੁਹਾਡੀ ਆਮਦਨ ਘੱਟ ਕੇ ਦੋ ਲੱਖ ਰੁਪਏ ਹੋ ਜਾਂਦੀ ਹੈ ਅਤੇ ਤੁਸੀਂ ਅਜਿਹੀ ਕੋਈ ਸ਼ਰਤ ਪੂਰੀ ਨਹੀਂ ਕਰਦੇ ਹੋ ਜੋ ਰਿਟਰਨ ਲਾਜ਼ਮੀ ਬਣਾਉਂਦੀ ਹੈ ਤਾਂ ਉਸ ਸਾਲ ਦੇ ਲਈ ਆਈਟੀ ਰਿਟਰਨ ਦਾਖਲ ਕਰਨਾ ਜ਼ਰੂਰੀ ਨਹੀਂ ਹੈ।”
ਹਾਲਾਂਕਿ ਲਖਾਨੀ ਸਲਾਹ ਦਿੰਦੇ ਹਨ ਕਿ ਨਿਯਮਤਤਾ ਲਈ ਆਈਟੀ ਰਿਟਰਨ ਫਾਈਲ ਕਰਨਾ ਉਚਿਤ ਹੈ। ਇਸ ਨਾਲ ਵਿੱਤੀ ਅਨੁਸ਼ਾਸਨ ਬਣਿਆ ਰਹੇਗਾ ਅਤੇ ਭਵਿੱਖ ਵਿੱਚ ਕਰਜ਼ੇ ਲੈਣਾ ਸੌਖਾ ਹੋ ਜਾਵੇਗਾ।
ਇਸ ਤੋਂ ਇਲਾਵਾ ਜਦੋਂ ਤੁਹਾਡਾ ਟੀਡੀਐੱਸ ਕੱਟ ਚੁੱਕਿਆ ਹੋਵੇ ਅਤੇ ਕੁੱਲ ਆਮਦਨ ਕਰ ਯੋਗ ਨਾ ਹੋਵੇ ਤਾਂ ਤੁਹਾਨੂੰ ਰੀਫੰਡ ਪਾਉਣ ਦੇ ਲਈ ਆਈਟੀ ਰਿਟਰਨ ਦਾਖਲ ਕਰਨਾ ਹੋਵੇਗਾ। ਇਕ ਵਾਰ ਜਦੋਂ ਤੁਸੀਂ ਰੀਫੰਡ ਦਾ ਦਾਅਵਾ ਕਰਨ ਦੇ ਲਈ ਰਿਟਰਨ ਦਾਖਲ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਨੂੰ ਟੀਡੀਐੱਸ ਰੀਫੰਡ ਦੇ ਲ਼ਈ ਹਰ ਸਾਲ ਆਈਟੀ ਰਿਟਰਨ ਦਾਖਲ ਕਰਨੀ ਪੈ ਸਕਦੀ ਹੈ।
ਇਸੇ ਪ੍ਰਕਾਰ ਤੁਹਾਨੂੰ ਭਵਿੱਖ ਦੇ ਸਾਲਾਂ ਵਿੱਚ ਕਾਰੋਬਾਰੀ ਘਾਟੇ ਨੂੰ ਐਡਜਸਟ ਕਰਨ ਲਈ ਹਰ ਸਾਲ ਰਿਟਰਨ ਫਾਈਲ ਕਰਨੀ ਹੋਵੇਗੀ, ਭਾਵੇਂ ਤੁਹਾਡੀ ਆਮਦਨ ਛੋਟ ਸੀਮਾ ਤੋਂ ਘੱਟ ਹੋਵੇ।
ਜੇ ਕਿਸੇ ਵਿਅਕਤੀ ਨੇ ਕਿਸੇ ਸਾਲ ਆਮਦਨ ਦੀ ਘਾਟ ਕਾਰਨ ਆਮਦਨ ਕਰ ਰਿਟਰਨ ਦਾਖਲ ਨਹੀਂ ਕੀਤੀ ਹੈ ਤਾਂ ਉਹ ਰਿਟਰਨ ਅਗਲੇ ਸਾਲ ਵੀ ਦਾਖਲ ਕੀਤੀ ਜਾ ਸਕਦੀ ਹੈ।
ਜੇਕਰ ਕੋਈ ਟੈਕਸਦਾਤਾ ਸੇਵਾਮੁਕਤ ਹੋ ਜਾਂਦਾ ਹੈ ਜਾਂ ਕੰਮ ਕਰਨਾ ਬੰਦ ਕਰ ਦਿੰਦਾ ਹੈ, ਤਾਂ ਕੀ ਉਸ ਨੂੰ ਆਮਦਨ ਟੈਕਸ ਰਿਟਰਨ ਭਰਨੀ ਪਵੇਗੀ?

ਤਸਵੀਰ ਸਰੋਤ, Getty Images
ਆਮਦਨ ਟੈਕਸ ਰਿਟਰਨ ਫਾਈਲ ਕਰਨ ਦੀ ਜ਼ਿੰਮੇਵਾਰੀ ਸਿਰਫ਼ ਸੇਵਾਮੁਕਤੀ ਜਾਂ ਨੌਕਰੀ ਛੱਡਣ ‘ਤੇ ਖ਼ਤਮ ਨਹੀਂ ਹੋ ਜਾਂਦੀ।
ਸੇਵਾ ਮੁਕਤੀ ਤੋਂ ਬਾਅਦ ਜਾਂ ਨੌਕਰੀ ਛੱਡਣ ਤੋਂ ਬਾਅਦ ਵੀ ਤੁਹਾਨੂੰ ਆਮਦਨ ਕਰ ਰਿਟਰਨ ਦਾਖਲ ਕਰਨੀ ਹੈ ਜਾਂ ਨਹੀਂ, ਇਹ ਕੁਝ ਗੱਲਾਂ ਉਪਰ ਨਿਰਭਰ ਕਰਦਾ ਹੈ।
ਆਮਦਨ: ਸੇਵਾ ਮੁਕਤੀ ਤੋਂ ਬਾਅਦ ਤੁਹਾਡੀ ਆਮਦਨ ਦੇ ਸਰੋਤ ਕੀ ਹਨ? ਕੀ ਤੁਹਾਨੂੰ ਪੈਨਸ਼ਨ ਮਿਲਦੀ ਹੈ? ਕੀ ਤੁਹਾਡੀ ਕੋਈ ਹੋਰ ਆਮਦਨ ਹੈ, ਜਿਵੇਂ ਬੈਂਕ ਵਿਆਜ, ਕਿਰਾਏ ਦੀ ਆਮਦਨ, ਸ਼ੇਅਰ ਬਾਜ਼ਾਰ ਤੋਂ ਆਮਦਨ ਆਦਿ? ਜੇ ਇਸ ਸਾਰੀ ਆਮਦਨ ਦਾ ਕੁੱਲ ਛੋਟ ਸੀਮਾ ਤੋਂ ਜ਼ਿਆਦਾ ਹੈ ਤਾਂ ਆਮਦਨ ਕਰ ਰਿਟਰਨ ਦਾਖਲ ਕਰਨੀ ਪਵੇਗੀ।
ਪੈਨਸ਼ਨ: ਸੇਵਾ ਮੁਕਤੀ ਦੇ ਬਾਅਦ ਪ੍ਰਾਪਤ ਪੈਨਸ਼ਨ ਨੂੰ ਵੀ ਆਮਦਨ ਮੰਨਿਆ ਜਾਂਦਾ ਹੈ ਅਤੇ ਇਹ ਆਮਦਨ ਕਰ ਦੇ ਅਧੀਨ ਹੈ। ਜੇ ਪੈਨਸ਼ਨ ਆਮਦਨ ਛੋਟ ਸੀਮਾ ਤੋਂ ਜ਼ਿਆਦਾ ਹੈ ਤਾਂ ਆਮਦਨ ਕਰ ਰਿਟਰਨ ਦਾਖਲ ਕਰਨੀ ਹੋਵੇਗੀ।
ਬੈਂਕ ਲੈਣ-ਦੇਣ: ਜੇ ਸੇਵਾ ਮੁਕਤੀ ਤੋਂ ਬਾਅਦ ਬੈਂਕ ਖਾਤੇ ਵਿੱਚ ਵੱਡੇ ਲੈਣ-ਦੇਣ ਹੁੰਦੇ ਹਨ, ਜਿਵੇਂ ਖਾਤੇ ਵਿੱਚ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਜ਼ਮ੍ਹਾ ਹੋਣਾ ਜਾਂ ਵਿਦੇਸ਼ ਯਾਤਰਾ ‘ਤੇ ਦੋ ਲੱਖ ਰੁਪਏ ਤੋਂ ਜ਼ਿਆਦਾ ਖਰਚ ਹੋਣਾ, ਤਾਂ ਕਰਦਾਤਾ ਨੂੰ ਆਈਟੀ ਰਿਟਰਨ ਦਾਖਲ ਕਰਨੀ ਹੋਵੇਗੀ, ਭਲੇ ਹੀ ਉਸ ਦੀ ਆਮਦਨ ਛੋਟ ਸੀਮਾ ਤੋਂ ਘੱਟ ਹੋਵੇ।
ਟੈਕਸ ਰੀਫੰਡ ਕਲੇਮ: ਜੇ ਸੇਵਾ ਮੁਕਤੀ ਤੋਂ ਪਹਿਲਾਂ ਸੈਲਰੀ ਤੋਂ ਜ਼ਿਆਦਾ ਟੀਡੀਐੱਸ ਕੱਟ ਗਿਆ ਹੈ ਅਤੇ ਤੁਸੀਂ ਉਸ ਦਾ ਰੀਫੰਡ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਈਟੀ ਰਿਟਰਨ ਦਾਖਲ ਕਰਨੀ ਹੋਵੇਗੀ।
ਹਾਂ ਜੇ ਕਿਸੇ ਸੇਵਾਮੁਕਤ ਵਿਅਕਤੀ ਦੀ ਆਮਦਨ ਛੋਟ ਸੀਮਾ ਤੋਂ ਘੱਟ ਹੈ ਅਤੇ ਕੋਈ ਹੋਰ ਸ਼ਰਤ ਪੂਰੀ ਨਹੀਂ ਹੁੰਦੀ ਹੈ, ਤਾਂ ਰਿਟਰਨ ਦਾਖਲ ਕਰਨੀ ਲਾਜ਼ਮੀ ਨਹੀਂ ਹੈ, ਪਰ ਰੀਫੰਡ ਦਾ ਦਾਅਵਾ ਕਰਨ ਜਾਂ ਹੋਰ ਕਾਰਨਾਂ ਕਰਕੇ ਮਰਜ਼ੀ ਨਾਲ ਰਿਟਰਨ ਦਾਖਲ ਕੀਤੀ ਜਾ ਸਕਦੀ ਹੈ।
ਰੈਗੂਲਰ ਆਈਟੀ ਰਿਟਰਨ ਦਾਖਲ ਕਰਨ ਦੇ ਕੀ ਲਾਭ ਹਨ?

ਤਸਵੀਰ ਸਰੋਤ, Getty Images
ਆਮਦਨ ਕਰ ਮਾਹਰ ਨਿਯਮਿਤ ਰੂਪ ਤੋਂ ਅਤੇ ਸਮੇਂ ਸੀਮਾ ਦੇ ਅੰਦਰ ਆਮਦਨ ਕਰ ਰਿਟਰਨ ਦਾਖਲ ਕਰਨ ਦੀ ਸਲਾਹ ਦਿੰਦੇ ਹਨ। ਇਸ ਦੇ ਕੁਝ ਕਾਰਨ ਹਨ:
- ਆਈਟੀਆਰ ਤੁਹਾਡੀ ਆਮਦਨ ਦਾ ਅਧਿਕਾਰਤ ਸਬੂਤ ਹੈ। ਇਹ ਸਾਰੇ ਪ੍ਰਕਾਰ ਦੇ ਕਰਜ਼ੇ, ਕ੍ਰੈਡਿਟ ਕਾਰਡ ਅਰਜ਼ੀਆਂ ਜਾਂ ਵੱਡੇ ਵਿੱਤੀ ਲੈਣ-ਦੇਣ ਦੌਰਾਨ ਉਪਯੋਗੀ ਹੈ। ਬੈਂਕ ਅਤੇ ਵਿੱਤੀ ਸੰਸਥਾਵਾਂ ਪਿਛਲੇ ਕੁਝ ਸਾਲਾਂ ਦਾ ਆਈਟੀਆਰ ਮੰਗਦੀਆਂ ਹਨ।
- ਵਿਦੇਸ਼ ਯਾਤਰਾ ਦੇ ਲਈ ਵੀਜ਼ਾ ਅਰਜ਼ੀ ਦੇਣ ਮੌਕੇ ਕਈ ਦੇਸ਼ਾਂ ਦੇ ਦੂਤਾਵਾਸ ਪਿਛਲੇ ਕੁਝ ਸਾਲਾਂ ਦੀ ਆਮਦਨ ਕਰ ਰਿਟਰਨ ਮੰਗਦੇ ਹਨ। ਇਹ ਤੁਹਾਡੀ ਵਿੱਤੀ ਸਥਿਰਤਾ ਅਤੇ ਆਮਦਨ ਦਾ ਸਬੂਤ ਹਨ, ਜਿਸ ਨਾਲ ਤੁਹਾਡੇ ਵੀਜ਼ਾ ਮਿਲਣ ਦੀ ਸੰਭਾਵਨਾ ਵਧ ਜਾਂਦੀ ਹੈ।
- ਟੈਕਸ ਰੀਫੰਡ ਦੇ ਲਈ ਆਈਟੀਆਰ ਦੀ ਜ਼ਰੂਰਤ ਹੁੰਦੀ ਹੈ।
- ਇਥੋਂ ਤੱਕ ਕਿ ਸਰਕਾਰੀ ਟੈਂਡਰਾਂ ਅਤੇ ਹੋਰ ਕੰਮਾਂ ਦੇ ਲਈ ਅਰਜ਼ੀ ਦੇਣ ਸਮੇਂ ਵੀ ਪਿਛਲੇ ਕੁਝ ਸਾਲਾਂ ਦੀ ਆਮਦਨ ਕਰ ਰਿਟਰਨ ਜਮ੍ਹਾਂ ਕਰਨੀ ਪੈਂਦੀ ਹੈ।
- ਇਸ ਤੋਂ ਇਲਾਵਾ ਆਈਟੀਆਰ ਨੂੰ ਤੁਹਾਡੇ ਪਤੇ ਦਾ ਸਬੂਤ ਵੀ ਮੰਨਿਆ ਜਾਂਦਾ ਹੈ।
- ਬੀਮਾ ਕੰਪਨੀਆਂ ਕੁਝ ਵੱਡੀ ਜੀਵਨ ਬੀਮਾ ਪਾਲਸੀਆਂ ਲੈਣ ਸਮੇਂ ਆਮਦਨ ਕਰ ਰਿਟਰਨ ਮੰਗ ਸਕਦੀਆਂ ਹਨ।
ਨਿਯਮਿਤ ਰੂਪ ਤੋਂ ਆਈਟੀ ਰਿਟਰਨ ਦਾਖਲ ਨਾ ਕਰਨ ਦੇ ਕੀ ਨੁਕਸਾਨ ਹਨ?

ਤਸਵੀਰ ਸਰੋਤ, Getty Images
ਨਿਯਮਤ ਆਮਦਨ ਕਰ ਰਿਟਰਨ ਦਾਖਲ ਕਰਨ ਦੇ ਕੁਝ ਫਾਇਦੇ ਹਨ, ਜਦਕਿ ਰਿਟਰਨ ਦਾਖਲ ਨਾ ਕਰਨ ਦੇ ਕੁਝ ਨੁਕਸਾਨ ਵੀ ਹਨ। ਜਿਵੇਂ ਕਿ-
- ਆਮਦਨ ਕਰ ਨਿਯਮਾਂ ਦੇ ਅਨੁਸਾਰ ਜੇ ਤੁਸੀਂ ਰਿਟਰਨ ਦਾਖਲ ਕਰਨ ਦੇ ਯੋਗ ਹੋ ਪਰ ਸਮੇਂ ‘ਤੇ ਰਿਟਰਨ ਦਾਖਲ ਨਹੀਂ ਕਰਦੇ ਹੋ ਤਾਂ ਤੁਹਾਡੇ ‘ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ ਅਤੇ ਬਕਾਇਆ ਟੈਕਸ ‘ਤੇ ਵਿਆਜ ਵੀ ਦੇਣਾ ਪੈ ਸਕਦਾ ਹੈ।
- ਜੇ ਤੁਹਾਨੂੰ ਕਾਰੋਬਾਰ ਜਾਂ ਪੂੰਜੀਗਤ ਹਾਨੀ ਹੁੰਦੀ ਹੈ ਪਰ ਤੁਸੀਂ ਸਮੇਂ ‘ਤੇ ਆਪਣਾ ਰਿਟਰਨ ਦਾਖਲ ਨਹੀਂ ਕਰਦੇ ਹੋ ਤਾਂ ਤੁਸੀਂ ਅਜਿਹੇ ਘਾਟੇ ਨੂੰ ਅਗਲੇ ਸਾਲ ਵਿੱਚ ਨਹੀਂ ਲਿਜਾ ਸਕਦੇ। ਇਮਾਰਤ ਦੀ ਜਾਇਦਾਦ ਨੂੰ ਹੋਣ ਵਾਲੇ ਨੁਕਸਾਨ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।
- ਹੋ ਸਕਦਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਕਰ ਦਿੱਤਾ ਹੋਵੇ ਅਤੇ ਹੁਣ ਤੁਸੀਂ ਰੀਫੰਡ ਦਾ ਦਾਅਵਾ ਕਰਨਾ ਚਾਹੁੰਦੇ ਹੋ ਪਰ ਰਿਟਰਨ ਦਾਖਲ ਨਾ ਕਰਨ ਨਾਲ ਇਸ ਵਿੱਚ ਦੇਰੀ ਹੋਵੇਗੀ।
- ਬੈਂਕ ਜਾਂ ਵਿੱਤੀ ਸੰਸਥਾਵਾਂ ਉਨ੍ਹਾਂ ਲੋਕਾਂ ਨੂੰ ਕਰਜ਼ਾ ਜਾਂ ਕ੍ਰੈਡਿਟ ਕਾਰਡ ਦੇਣ ਤੋਂ ਝਿਜਕਦੀਆਂ ਹਨ ਜੋ ਆਮਦਨ ਕਰ ਰਿਟਰਨ ਦਾਖਲ ਨਹੀਂ ਕਰਦੇ।
- ਕਈ ਦੇਸ਼ਾਂ ਦੇ ਲਈ ਵੀਜ਼ਾ ਅਰਜ਼ੀ ਦੇ ਨਾਲ ਆਈਟੀਆਰ ਦਾਖਲ ਕਰਨਾ ਲਾਜ਼ਮੀ ਹੈ। ਇਸ ਤੋਂ ਇਲਾਵਾ ਵੀਜ਼ਾ ਪ੍ਰਾਪਤ ਕਰਨਾ ਔਖਾ ਹੋ ਜਾਂਦਾ ਹੈ।
- ਗੰਭੀਰ ਮਾਮਲਿਆਂ ਵਿੱਚ ਜੇ ਜਾਣਬਝ ਕੇ ਰਿਟਰਨ ਦਾਖਲ ਨਹੀਂ ਕੀਤੀ ਗਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।
- ਜੋ ਲੋਕ ਨਿਯਮਤ ਰਿਟਰਨ ਦਾਖਲ ਨਹੀਂ ਕਰਦੇ ਹਨ ਉਨ੍ਹਾਂ ਦੀ ਵਿੱਤੀ ਭਰੋਸੇਯੋਗਤਾ ਘੱਟ ਮੰਨੀ ਜਾਂਦੀ ਹੈ।
- ਇਸ ਵਜ੍ਹਾ ਨਾਲ ਕੁਝ ਲੋਕਾਂ ਦੇ ਲਈ ਰਿਟਰਨ ਦਾਖਲ ਕਰਨਾ ਫਾਇਦੇਮੰਦ ਹੋ ਸਕਦਾ ਹੈ, ਭਾਵੇਂ ਹੀ ਤੁਹਾਡੀ ਆਮਦਨ ਛੋਟ ਸੀਮਾ ਤੋਂ ਘੱਟ ਹੋਵੇ।
ਆਈਟੀ ਰਿਟਰਨ ਅਤੇ ਪੈਨ ਕਾਰਡ ਨਾਲ ਸਬੰਧਤ ਗ਼ਲਤਫਹਿਮੀਆਂ

ਤਸਵੀਰ ਸਰੋਤ, Getty Images
ਆਮਦਨ ਕਰ ਰਿਟਰਨ ਅਤੇ ਪੈਨ ਕਾਰਡ ਦੇ ਸਬੰਧ ਵਿੱਚ ਭਾਰਤੀ ਕਰਦਾਤਾਵਾਂ ਵਿੱਚ ਕਈ ਗਲਤਫਹਿਮੀਆਂ ਹਨ। ਸੀਏ ਕਰੀਮ ਲਖਾਨੀ ਨੇ ਕੁਝ ਅਜਿਹੀਆਂ ਹੀ ਗਲਤਫਹਿਮੀਆਂ ਗਿਣਾਈਆਂ ਹਨ।
ਗਲਤਫਹਿਮੀ: ਜੇ ਕੰਪਨੀ ਨੇ ਟੀਡੀਐੱਸ ਕੱਟ ਲਿਆ ਹੈ ਤਾਂ ਰਿਟਰਨ ਦਾਖਲ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।
ਤੱਥ: ਜੇ ਤੁਹਾਡੀ ਕੁੱਲ ਆਮਦਨ ਮੂਲ ਛੋਟ ਸੀਮਾ ਤੋਂ ਜ਼ਿਆਦਾ ਹੈ ਤਾਂ ਰਿਟਰਨ ਦਾਖਲ ਕਰਨਾ ਲਾਜ਼ਮੀ ਹੈ, ਭਾਵੇਂ ਹੀ ਟੀਡੀਐੱਸ ਕੱਟ ਲਿਆ ਗਿਆ ਹੋਵੇ।
ਗਲਤਫਹਿਮੀ: ਮੇਰੀ ਆਮਦਨ ਕਰ ਯੋਗ ਨਹੀਂ ਹੈ, ਇਸ ਲਈ ਮੈਨੂੰ ਰਿਟਰਨ ਦਾਖਲ ਕਰਨ ਦੀ ਜ਼ਰੂਰਤ ਨਹੀਂ ਹੈ।
ਤੱਥ: ਜੇ ਤੁਹਾਡੀ ਆਮਦਨ ਮੂਲ ਛੋਟ ਸੀਮਾ ਤੋਂ ਘੱਟ ਹੈ ਤਾਂ ਆਮ ਤੌਰ ‘ਤੇ ਰਿਟਰਨ ਦਾਖਲ ਕਰਨਾ ਜ਼ਰੂਰੀ ਨਹੀਂ ਹੈ ਪਰ ਜਿਵੇਂ ਕਿ ਉਪਰ ਦੱਸਿਆ ਗਿਆ ਹੈ, ਜੇ ਤੁਹਾਡੇ ਕੋਲ ਬੈਂਕ ਲੈਣ-ਦੇਣ, ਵਿਦੇਸ਼ ਯਾਤਰਾ ਆਦਿ ਵਰਗੇ ਵੱਡੇ ਖਰਚ ਹਨ ਤਾਂ ਰਿਟਰਨ ਦਾਖਲ ਕਰਨਾ ਲਾਜ਼ਮੀ ਹੈ।
ਗਲਤਫਹਿਮੀ: ਆਈਟੀ ਰਿਟਰਨ ਭਰਨਾ ਇੱਕ ਬਹੁਤ ਹੀ ਗੁੰਝਲਦਾਰ ਅਤੇ ਜ਼ਿਆਦਾ ਸਮਾਂ ਲੈਣ ਵਾਲਾ ਕੰਮ ਹੈ।
ਤੱਥ: ਰਿਟਰਨ ਦਾਖਲ ਕਰਨ ਦੀ ਪ੍ਰਕਿਰਿਆ ਹੁਣ ਆਨਲਾਈਨ ਅਤੇ ਬਹੁਤ ਆਸਾਨ ਹੈ। ਜੇ ਤੁਹਾਡੀ ਆਮਦਨ ਸਾਧਾਰਨ ਹੈ ਤਾਂ ਤੁਸੀਂ ਖੁਦ ਵੀ ਰਿਟਰਨ ਦਾਖਲ ਕਰ ਸਕਦੇ ਹੋ। ਜੇ ਜ਼ਰੂਰਤ ਹੋਵੇ ਤਾਂ ਤੁਸੀਂ ਪੇਸ਼ੇਵਰਾਂ ਤੋਂ ਸਹਾਇਤਾ ਲੈ ਸਕਦੇ ਹੋ।
ਗਲਤਫਹਿਮੀ: ਤੋਹਫਿਆਂ ‘ਤੇ ਕੋਈ ਕਰ ਨਹੀਂ ਲੱਗਦਾ, ਇਸ ਲਈ ਉਨ੍ਹਾਂ ਨੂੰ ਰਿਟਰਨ ਵਿੱਚ ਦਿਖਾਉਣ ਦੀ ਜ਼ਰੂਰਤ ਨਹੀਂ ਹੈ।
ਤੱਥ: ਕੇਵਲ ਕੁਝ ਰਿਸ਼ਤੇਦਾਰਾਂ ਤੋਂ ਪ੍ਰਾਪਤ ਤੋਹਫੇ ਹੀ ਕਰ ਮੁਕਤ ਹੁੰਦੇ ਹਨ। ਕੁਝ ਤੋਹਫੇ ਕਰ ਯੋਗ ਹੁੰਦੇ ਹਨ ਅਤੇ ਉਨ੍ਹਾਂ ਨੂੰ ਤੁਹਾਡੇ ਰਿਟਰਨ ਵਿੱਚ ਐਡ ਕੀਤਾ ਜਾਣਾ ਚਾਹੀਦਾ ਹੈ।
ਕਰਦਾਤਾਵਾਂ ਨੂੰ ਪੈਨ ਕਾਰਡ ਦੇ ਬਾਰੇ ਇਹ ਗੱਲਾਂ ਜਾਣਨੀਆਂ ਜ਼ਰੂਰੀ

ਤਸਵੀਰ ਸਰੋਤ, Getty Images
- ਪੈਨ ਕਾਰਡ ਕੇਵਲ ਟੈਕਸ ਭਰਨ ਦੇ ਲਈ ਹੀ ਜ਼ਰੂਰੀ ਨਹੀਂ ਹੈ। ਇਹ ਪਛਾਣ ਦਾ ਪ੍ਰਮਾਣ ਵੀ ਹੈ। ਬੈਂਕ ਖਾਤਾ ਖੋਲਣ, ਨਿਵੇਸ਼ ਕਰਨ ਅਤੇ ਵੱਡੀ ਖਰੀਦ ਜਾਂ ਵਿਕਰੀ ਕਰਨ ਦੇ ਲਈ ਪੈਨ ਕਾਰਡ ਦੀ ਜ਼ਰੂਰਤ ਹੁੰਦੀ ਹੈ।
- ਸਿਰਫ ਪੈਨ ਕਾਰਡ ਹੋਣ ਨਾਲ ਰਿਟਰਨ ਦਾਖਲ ਕਰਨਾ ਜ਼ਰੂਰੀ ਨਹੀਂ ਹੈ। ਰਿਟਰਨ ਦੀ ਲੋੜ ਤੁਹਾਡੀ ਆਮਦਨ ਦੇ ਆਧਾਰ ਉਪਰ ਨਿਰਧਾਰਿਤ ਕੀਤੀ ਜਾਂਦੀ ਹੈ।
- ਪੈਨ ਕਾਰਡ ਵਿੱਚ ਪਤਾ ਬਦਲਣਾ ਮੁਸ਼ਕਲ ਨਹੀਂ ਹੈ। ਇਹ ਕੰਮ ਆਨਲਾਈਨ ਅਤੇ ਆਫਲਾਈਨ ਦੋਵੇਂ ਤਰ੍ਹਾਂ ਨਾਲ ਕੀਤਾ ਜਾ ਸਕਦਾ ਹੈ।
- ਇਹ ਵੀ ਗਲਤ ਧਾਰਨਾ ਹੈ ਕਿ ਜੇ ਤੁਹਾਡੇ ਕੋਲ ਆਧਾਰ ਕਾਰਡ ਹੈ ਤਾਂ ਤੁਹਾਨੂੰ ਪੈਨ ਕਾਰਡ ਦੀ ਜ਼ਰੂਰਤ ਨਹੀਂ ਹੈ। ਇਹ ਦੋ ਵੱਖਰੇ ਦਸਤਾਵੇਜ਼ ਹਨ। ਕੁਝ ਵਿੱਤੀ ਲੈਣ-ਦੇਣ ਲਈ ਪੈਨ ਕਾਰਡ ਦੀ ਜ਼ਰੂਰਤ ਹੁੰਦੀ ਹੈ ਅਤੇ ਰਿਟਰਨ ਦਾਖਲ ਕਰਨ ਦੇ ਲਈ ਪੈਨ ਕਾਰਡ ਅਤੇ ਆਧਾਰ ਕਾਰਡ ਨੂੰ ਲਿੰਕ ਕਰਨਾ ਜ਼ਰੂਰੀ ਹੈ।
- ਕੀ ਬੱਚਿਆਂ ਕੋਲ ਪੈਨ ਕਾਰਡ ਹੋਣਾ ਚਾਹੀਦਾ ਹੈ ਜਾਂ ਨਹੀਂ? ਮਾਹਰਾਂ ਦਾ ਕਹਿਣਾ ਹੈ ਕਿ ਜੇ ਕਿਸੇ ਨਿਵੇਸ਼ ਵਿੱਚ ਬੱਚਿਆਂ ਨੂੰ ਨਾਮਜ਼ਦ ਬਣਾਇਆ ਜਾਂਦਾ ਹੈ ਅਤੇ ਉਸ ਦੇ ਨਾਮ ‘ਤੇ ਵੱਡੇ ਵਿੱਤੀ ਲੈਣ-ਦੇਣ ਕੀਤੇ ਜਾਣੇ ਹਨ ਤਾਂ ਪੈਨ ਕਾਰਡ ਜ਼ਰੂਰੀ ਹੈ।
- ਇਸ ਤੋਂ ਇਲਾਵਾ ਇੱਕ ਤੋਂ ਵੱਧ ਪੈਨ ਕਾਰਡ ਰੱਖਣਾ ਗੈਰ-ਕਾਨੂੰਨੀ ਹੈ ਅਤੇ ਇਸ ਲਈ ਸਜ਼ਾ ਹੋ ਸਕਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI