Source :- BBC PUNJABI
ਇਹ ਕਿਸੇ ਆਮ ਕਤਲ ਵਾਂਗ ਲਗ ਰਿਹਾ ਸੀ।
ਅੱਜ ਤੋਂ ਕਰੀਬ 100 ਸਾਲ ਪਹਿਲਾ 12 ਜਨਵਰੀ 1925 ਦੇ ਦਿਨ ਬੰਬਈ (ਹੁਣ ਮੁੰਬਈ) ਵਿੱਚ ਇੱਕ ਕਾਰ ਵਿੱਚ ਸਵਾਰ ਜੋੜੇ ‘ਤੇ ਕੁਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ। ਹਮਲੇ ਦੌਰਾਨ ਕਾਰ ਵਿੱਚ ਸਵਾਰ ਆਦਮੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਮਹਿਲਾ ਦੇ ਚਿਹਰੇ ‘ਤੇ ਨੁਕੀਲਾ ਹਥਿਆਰ ਮਾਰਿਆ ਗਿਆ।
ਇਸ ਕਤਲ ਦੀ ਘਟਨਾ ਨੇ ਵਿਸ਼ਵ ਪੱਧਰ ‘ਤੇ ਧਿਆਨ ਖਿੱਚਿਆ ਅਤੇ ਕੇਸ ਦੀ ਗੁੰਝਲਤਾ ਨੇ ਦੇਸ਼ ਦੇ ਤਤਕਾਲੀ ਬਰਤਾਨਵੀ ਸ਼ਾਸਕਾਂ ਨੂੰ ਪਰੇਸ਼ਾਨ ਕਰ ਦਿੱਤਾ ਅਤੇ ਅਖੀਰ ਵਿੱਚ ਇੱਕ ਮਹਾਰਾਜੇ ਨੂੰ ਅਹੁਦਾ ਤਿਆਗਣ ਲਈ ਮਜਬੂਰ ਕਰ ਦਿੱਤਾ।
ਅਖ਼ਬਾਰਾਂ ਅਤੇ ਮੈਗਜ਼ੀਨਾਂ ਨੇ ਕਤਲ ਨੂੰ ਬਰਤਾਨਵੀ ਭਾਰਤ ਵਿੱਚ ਕੀਤਾ ਗਿਆ ਸਭ ਤੋਂ ਸਨਸਨੀਖੇਜ਼ ਅਪਰਾਧ ਦੱਸਿਆ ਅਤੇ ਇਹ ਕੇਸ ਜਾਂਚ ਅਤੇ ਟ੍ਰਾਇਲ ਦੌਰਾਨ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ।
ਕਾਰ ਵਿੱਚ ਸਵਾਰ 25 ਸਾਲਾ ਅਬਦੁਲ ਕਾਦਿਰ ਬਾਵਲਾ ਪੇੇਸ਼ੇ ਵਜੋਂ ਕੱਪੜਾ ਕਾਰੋਬਾਰੀ ਅਤੇ ਸ਼ਹਿਰ ਦੀ ਨਗਰਪਾਲਿਕਾ ਦੇ ਸਭ ਤੋਂ ਨੌਜਵਾਨ ਅਧਿਕਾਰੀ ਸੀ। ਉਨ੍ਹਾਂ ਦੀ ਮਹਿਲਾ ਸਾਥੀ 22 ਸਾਲਾ ਮੁਮਤਾਜ਼ ਬੇਗਮ ਸ਼ਾਹੀ ਸਨ ।
ਉਹ ਇੱਕ ਸ਼ਾਹੀ ਮਹਾਰਾਜੇ ਦੀ ਵੇਸਵਾ ਸਨ ਅਤੇ ਸ਼ਾਹੀ ਰਿਆਸਤ ਦੇ ਹਰਮ ਤੋਂ ਭੱਜ ਕੇ ਆਏ ਸਨ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਬਾਵਲਾ ਨਾਲ ਹੀ ਰਹਿ ਰਹੇ ਸਨ।
ਬਾਵਲਾ ਅਤੇ ਮੁਮਤਾਜ਼ ਬੇਗਮ ਤਿੰਨ ਹੋਰ ਜਣਿਆਂ ਨਾਲ ਮਾਲਾਬਾਰ ਹਿੱਲ ਵਿੱਚ ਗੱਡੀ ਵਿੱਚ ਸਫਰ ਕਰ ਰਹੇ ਸਨ, ਇਹ ਅਮੀਰ ਇਲਾਕਾ ਅਰਬ ਸਾਗਰ ਦੇ ਕੰਢੇ ਹੈ।
ਉਸ ਸਮੇਂ ਦੌਰਾਨ ਭਾਰਤ ਵਿੱਚ ਕਾਰਾਂ ਬਹੁਤ ਘੱਟ ਸਨ ਅਤੇ ਸਿਰਫ਼ ਅਮੀਰ ਲੋਕਾਂ ਕੋਲ ਕਾਰ ਖਰੀਦਣ ਦੀ ਸਮੱਰਥਾ ਹੁੰਦੀ ਸੀ।
ਉਨ੍ਹਾਂ ਦੀ ਕਾਰ ਨੂੰ ਅਚਾਨਕ ਇੱਕ ਕਾਰ ਨੇ ਓਵਰਟੇਕ ਕੀਤਾ। ਖੁਫੀਆ ਜਾਣਕਾਰੀ ਅਤੇ ਅਖਬਾਰਾਂ ਦੀਆਂ ਰਿਪੋਰਟਾਂ ਅਨੁਸਾਰ ਉਨ੍ਹਾਂ ਦੇ ਕੁਝ ਸਮਝਣ ਜਾਂ ਕਰਨ ਤੋਂ ਪਹਿਲਾ ਹੀ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਨੂੰ ਰੁਕਣਾ ਪਿਆ।
ਮੁਮਤਾਜ਼ ਬੇਗਮ ਨੇ ਬਾਅਦ ਵਿੱਚ ਬੰਬਈ ਹਾਈ ਕੋਰਟ ਨੂੰ ਦੱਸਿਆ ਸੀ ਕਿ ਹਮਲਾਵਰਾਂ ਨੇ ਬਾਵਲਾ ਨੂੰ ਅਪਸ਼ਬਦ ਬੋਲੇ ਅਤੇ ਉਹ ਚੀਕੇ ਕਿ ਇਸ ਮਹਿਲਾ ਨੂੰ ਬਾਹਰ ਕੱਢੋ।
ਫਿਰ ਹਮਲਾਵਰਾਂ ਨੇ ਬਾਵਲਾ ਨੂੰ ਗੋਲੀ ਮਾਰ ਦਿੱਤੀ, ਜਿਸ ਮਗਰੋਂ ਕੁਝ ਹੀ ਘੰਟਿਆਂ ਬਾਅਦ ਬਾਵਲਾ ਦੀ ਮੌਤ ਹੋ ਗਈ।
ਗੋਲਫ ਖੇਡਣ ਤੋਂ ਬਾਅਦ ਇੱਕ ਬ੍ਰਿਟਿਸ਼ ਸੈਨਿਕਾਂ ਦੇ ਸਮੂਹ ਨੇ ਅਣਜਾਣੇ ਵਿੱਚ ਗਲਤ ਮੋੜ ਲੈ ਲਿਆ ਸੀ। ਉਨ੍ਹਾਂ ਨੇ ਗੋਲੀਆਂ ਦੀ ਆਵਾਜ਼ ਸੁਣੀ ਅਤੇ ਮੌਕੇ ‘ਤੇ ਪਹੁੰਚ ਗਏ।
ਉਨ੍ਹਾਂ ਇੱਕ ਮੁਲਜ਼ਮ ਨੂੰ ਫੜ ਲਿਆ, ਪਰ ਹਮਲਾਵਰਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਇੱਕ ਅਧਿਕਾਰੀ ਨੂੰ ਗੋਲੀ ਲੱਗ ਗਈ।
ਹਮਲਾਵਰਾਂ ਨੇ ਦੋ ਵਾਰ ਜ਼ਖਮੀ ਮੁਮਤਾਜ਼ ਬੇਗਮ ਨੂੰ ਸੈਨਿਕਾਂ ਤੋਂ ਖੋਹਣ ਦੀ ਕੋਸ਼ਿਸ਼ ਕੀਤੀ। ਸੈਨਿਕ ਮੁਮਤਾਜ਼ ਨੂੰ ਹਸਪਤਾਲ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ।
ਅਖ਼ਬਾਰਾਂ ਮੁਤਾਬਕ ਹਮਲਾਵਰਾਂ ਦਾ ਮੰਤਵ ਮੁਮਤਾਜ਼ ਬੇਗਮ ਨੂੰ ਅਗਵਾ ਕਰਨਾ ਸੀ। ਮੁਮਤਾਜ਼ ਕੁਝ ਮਹੀਨੇ ਪਹਿਲਾਂ ਹੀ ਮੁੰਬਈ ਵਿੱਚ ਬਾਵਲਾ ਨੂੰ ਮਿਲੇ ਸਨ ਅਤੇ ਫਿਰ ਬਾਵਲਾ ਨਾਲ ਰਹਿ ਰਹੇ ਸਨ।
ਬਾਵਲਾ ਨੂੰ ਪਹਿਲਾਂ ਵੀ ਕਈ ਵਾਰ ਮੁਮਤਾਜ਼ ਨੂੰ ਪਨਾਹ ਦੇਣ ਲਈ ਕਈ ਧਮਕੀਆਂ ਮਿਲੀਆਂ ਸਨ।
ਮਰਾਠੀ ਅਖ਼ਬਾਰ ਨਵਕਾਲ ਦੀ ਰਿਪੋਰਟ ਮੁਤਾਬਕ ਇਲਸਟ੍ਰੇਟਿਡ ਵੀਕਲੀ ਆਫ਼ ਇੰਡੀਆ ਨੇ ਪਾਠਕਾਂ ਨੂੰ ਵਾਅਦਾ ਕੀਤਾ ਕਿ ਇਹ ਮੁਮਤਾਜ਼ ਬੇਗਮ ਦੀਆਂ ਐਕਸਕਲੁਸਿਵ ਤਸਵੀਰਾਂ ਹਨ ਯਾਨੀ ਇਹ ਤਸਵੀਰਾਂ ਉਨ੍ਹਾਂ ਤੋਂ ਇਲਾਵਾ ਹੋਰ ਕਿਸੇ ਕੋਲ ਨਹੀੰ ਹਨ। ਜਦੋਂ ਕਿ ਪੁਲਿਸ ਨੇ ਪ੍ਰੈਸ ਨੂੰ ਰੋਜ਼ਾਨਾ ਬੁਲੇਟਿਨ ਜਾਰੀ ਕਰਨਾ ਸ਼ੁਰੂ ਕੀਤਾ ਸੀ।
ਬਾਲੀਵੁੱਡ ਨੇ ਇਸ ਘਟਨਾ ‘ਤੇ ਮਹੀਨਿਆਂ ਦੇ ਅੰਦਰ ਹੀ ਇੱਕ ਕਤਲ ਥ੍ਰਿਲਰ ਫਿਲਮ ਬਣਾ ਦਿੱਤੀ ਸੀ।
ਦਿ ਬਾਵਲਾ ਮਰਡਰ ਕੇਸ: ਲਵ, ਲਸਟ ਐਂਡ ਕ੍ਰਾਈਮ ਇਨ ਕਲੋਨੀਅਲ ਇੰਡੀਆ ਦੇ ਲੇਖਕ ਧਵਲ ਕੁਲਕਰਨੀ ਕਹਿੰਦੇ ਹਨ, “ਇਹ ਮਾਮਲਾ ਆਮ ਕਤਲ ਦੇ ਰਹੱਸ ਤੋਂ ਜ਼ਿਆਦਾ ਵੱਡਾ ਹੋ ਗਿਆ ਸੀ ਕਿਉਂਕਿ ਇਸ ਵਿੱਚ ਇੱਕ ਅਮੀਰ ਅਤੇ ਨੌਜਵਾਨ ਕਾਰੋਬਾਰੀ, ਇੱਕ ਮਹਾਰਾਜਾ ਅਤੇ ਇੱਕ ਸੁੰਦਰ ਮਹਿਲਾ ਸ਼ਾਮਲ ਸਨ।
ਮੀਡੀਆ ਵਿੱਚ ਅੰਦਾਜ਼ੇ ਲਗਾਏ ਗਏ ਕਿ ਹਮਲਾਵਰਾਂ ਦੀ ਪੈੜ ਨਾਪਦਿਆਂ ਪੁਲਿਸ ਇੰਦੌਰ ਦੇ ਪ੍ਰਭਾਵਸ਼ਾਲੀ ਰਿਆਸਤ ਰਾਜ ਤੱਕ ਪਹੁੰਚ ਗਈ ਸੀ। ਇਹ ਮਹਾਰਾਜਾ ਬਰਤਨਾਵੀ ਸਹਿਯੋਗੀ ਸਨ।
ਮੁਸਲਿਮ ਮੁਮਤਾਜ਼ ਬੇਗਮ ਇੱਕ ਹਿੰਦੂ ਰਾਜਾ, ਮਹਾਰਾਜਾ ਤੁਕੋਜੀ ਰਾਓ ਹੋਲਕਰ III ਦੇ ਹਰਮ ਵਿੱਚ ਰਹਿੰਦੇ ਸਨ।
ਕੇਐੱਲ ਗੌਬਾ ਨੇ ਆਪਣੀ 1945 ਦੀ ਕਿਤਾਬ, ਫੇਮਸ ਟ੍ਰਾਇਲਜ਼ ਫਾਰ ਲਵ ਐਂਡ ਮਰਡਰ ਵਿੱਚ ਲਿਖਿਆ, “ਮੁਮਤਾਜ਼ ਬੇਗਮ ਆਪਣੀ ਸੁੰਦਰਤਾ ਲਈ ਮਸ਼ਹੂਰ ਸਨ। ਮੁਮਤਾਜ਼ ਦੀ ਖੁਬਸੂਰਤੀ ਦਾ ਕੋਈ ਮੇਲ ਨਹੀਂ ਸੀ।”
ਕੁਲਕਰਨੀ ਕਹਿੰਦੇ ਹਨ, “ਪਰ ਮਹਾਰਾਜਾ ਵੱਲੋਂ ਮੁਮਤਾਜ਼ ਨੂੰ ਕਾਬੂ ਵਿੱਚ ਰੱਖਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਸੀ। ਮਹਾਰਾਜਾ ਵੱਲੋਂ ਮੁਮਤਾਜ਼ ਨੂੰ ਉਨ੍ਹਾਂ ਦੇ ਪਰਿਵਾਰ ਨੂੰ ਇਕੱਲੇ ਮਿਲਣ ਤੋਂ ਰੋਕਣਾ ਅਤੇ ਲਗਾਤਾਰ ਨਿਗਰਾਨੀ ਹੇਠ ਰੱਖਣ ਦੀ ਕੋਸ਼ਿਸ਼ ਹੁੰਦੀ ਸੀ। ਇਸ ਸਭ ਨੇ ਉਨ੍ਹਾਂ ਦੇ ਰਿਸ਼ਤੇ ਨੂੰ ਖਰਾਬ ਕੀਤਾ ਸੀ।”
ਮੁਮਤਾਜ਼ ਬੇਗਮ ਨੇ ਅਦਾਲਤ ਵਿੱਚ ਗਵਾਹੀ ਦਿੱਤੀ ਸੀ, “ਮੈਨੂੰ ਨਿਗਰਾਨੀ ਹੇਠ ਰੱਖਿਆ ਗਿਆ ਸੀ। ਮੈਨੂੰ ਮਹਿਮਾਨਾਂ ਅਤੇ ਮੇਰੇ ਸਕੇ-ਸੰਬੰਧੀਆਂ ਨੂੰ ਮਿਲਣ ਦੀ ਇਜਾਜ਼ਤ ਸੀ ਪਰ ਕੋਈ ਨਾ ਕੋਈ ਹਮੇਸ਼ਾ ਮੇਰੇ ਨਾਲ ਮੌਜੂਦ ਰਹਿੰਦਾ ਸੀ।”
ਮੁਮਤਾਜ਼ ਨੇ ਇੰਦੌਰ ਵਿਖੇ ਇੱਕ ਬੱਚੀ ਨੂੰ ਜਨਮ ਦਿੱਤਾ ਪਰ ਜਲਦੀ ਹੀ ਬੱਚੀ ਦੀ ਮੌਤ ਹੋ ਗਈ ਸੀ।
ਮੁਮਤਾਜ਼ ਬੇਗਮ ਨੇ ਅਦਾਲਤ ਨੂੰ ਦੱਸਿਆ, “ਮੈਂ ਬੱਚੀ ਦੇ ਜਨਮ ਮਗਰੋਂ ਇੰਦੌਰ ਵਿੱਚ ਰਹਿਣ ਲਈ ਤਿਆਰ ਨਹੀਂ ਸੀ, ਕਿਉਂਕਿ ਨਰਸਾਂ ਨੇ ਨਵੀਂ ਜਨਮੀ ਬੱਚੀ ਨੂੰ ਮਾਰਿਆ ਸੀ।”
ਮੁਮਤਾਜ਼ ਕੁਝ ਮਹੀਨਿਆਂ ਦੇ ਅੰਦਰ ਹੀ ਅੰਮ੍ਰਿਤਸਰ ਚੱਲੇ ਗਏ। ਇਹ ਸ਼ਹਿਰ ਉਨ੍ਹਾਂ ਦੀ ਮਾਂ ਦਾ ਜਨਮ ਸਥਾਨ ਸੀ ਪਰ ਉਸ ਤੋਂ ਬਾਅਦ ਮੁਸੀਬਤਾਂ ਆਉਣ ਲੱਗੀਆਂ।
ਮੁਮਤਾਜ਼ ਬੇਗਮ ਦੇ ਮਤਰੇਏ ਪਿਤਾ ਨੇ ਅਦਾਲਤ ਨੂੰ ਦੱਸਿਆ, “ਉੱਥੇ (ਅੰਮ੍ਰਿਤਸਰ) ਵੀ ਉਨ੍ਹਾਂ ਦੀ ਨਿਗਰਾਨੀ ਕੀਤੀ ਜਾਂਦੀ ਸੀ। ਮਹਾਰਾਜਾ ਨੇ ਰੋਂਦਿਆ ਮੁਮਤਾਜ਼ ਨੂੰ ਵਾਪਸ ਆਉਣ ਲਈ ਬੇਨਤੀ ਕੀਤੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਅਤੇ ਬੰਬਈ (ਮੁੰਬਈ) ਚਲੇ ਗਏ। ਜਿੱਥੇ ਵੀ ਮਹਾਰਾਜਾ ਵੱਲੋਂ ਨਿਗਰਾਨੀ ਦਾ ਦੌਰ ਜਾਰੀ ਰਿਹਾ।”
ਮੁਕੱਦਮੇ ਦੇ ਟ੍ਰਾਇਲ ਦੌਰਾਨ ਮੀਡੀਆ ਦੇ ਅੰਦਾਜ਼ਿਆਂ ਦੀ ਪੁਸ਼ਟੀ ਹੋਈ, ਮਹਾਰਾਜਾ ਦੇ ਆਦਮੀਆਂ ਨੇ ਹੀ ਬਾਵਲਾ ਨੂੰ ਮੁਮਤਾਜ਼ ਬੇਗਮ ਨੂੰ ਪਨਾਹ ਦੇਣ ਕਰਕੇ ਧਮਕੀ ਦਿੱਤੀ ਸੀ, ਪਰ ਉਨ੍ਹਾਂ ਨੇ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ।
ਮੌਕੇ ‘ਤੇ ਫੜੇ ਗਏ ਹਮਲਾਵਰ ਸ਼ਫੀ ਅਹਿਮਦ ਦੀ ਜਾਣਕਾਰੀ ਅਨੁਸਾਰ ਬੰਬਈ ਪੁਲਿਸ ਨੇ ਇੰਦੌਰ ਤੋਂ ਸੱਤ ਆਦਮੀਆਂ ਨੂੰ ਗ੍ਰਿਫਤਾਰ ਕੀਤਾ।
ਜਾਂਚ ਦੌਰਾਨ ਸਾਹਮਣੇ ਆਏ ਤੱਥ ਮਹਾਰਾਜਾ ਨਾਲ ਹਮਲਾਵਰਾਂ ਦੇ ਸਬੰਧਾਂ ਦਾ ਖੁਲਾਸਾ ਕਰਦੇ ਸਨ, ਜਿਨ੍ਹਾਂ ਤੱਥਾਂ ਨੂੰ ਨਜ਼ਰਅੰਦਾਜ਼ ਕਰਨਾ ਔਖਾ ਸੀ।
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਜ਼ਿਆਦਾਤਰ ਵਿਅਕਤੀ ਇੰਦੌਰ ਰਿਆਸਤ ਵਿੱਚ ਨੌਕਰੀ ਕਰਦੇ ਸਨ। ਸਾਰੇ ਹਮਲਾਵਰ ਹਮਲਾ ਹੋਣ ਦੇ ਸਮੇਂ ਬੰਬਈ ਵਿੱਚ ਮੌਜੂਦ ਸਨ ਅਤੇ ਉਨ੍ਹਾਂ ਵੱਲੋਂ ਛੁੱਟੀ ਲਈ ਅਰਜ਼ੀ ਦਿੱਤੀ ਗਈ ਸੀ।
ਇਸ ਕਤਲ ਨੇ ਬਰਤਾਨਵੀ ਸਰਕਾਰ ਨੂੰ ਮੁਸ਼ਕਲਾਂ ਵਿੱਚ ਪਾ ਦਿੱਤਾ ਸੀ। ਹਾਲਾਂਕਿ ਇਹ ਬੰਬਈ ਵਿੱਚ ਹੋਇਆ ਸੀ, ਪਰ ਜਾਂਚ ਤੋਂ ਸਪੱਸ਼ਟ ਹੁੰਦਾ ਸੀ ਕਿ ਸਾਜ਼ਿਸ਼ ਇੰਦੌਰ ਵਿੱਚ ਬਣਾਈ ਗਈ ਸੀ। ਇਸ ਰਿਆਸਤ ਦੇ ਅੰਗਰੇਜ਼ਾਂ ਨਾਲ ਮਜ਼ਬੂਤ ਸਬੰਧ ਸਨ।
ਦ ਨਿਊ ਸਟੇਟਸਮੈਨ ਨੇ ਲਿਖਿਆ ਕਿ “ਇਹ ਬਰਤਾਨਵੀ ਸਰਕਾਰ ਲਈ ਅਜੀਬ ਮਾਮਲਾ ਸੀ, ਜੇਕਰ ਇਹ ਕੋਈ ਮਾਮੂਲੀ ਸੂਬੇ ਵਿੱਚ ਹੁੰਦਾ, ਤਾਂ ਪਰੇਸ਼ਾਨੀ ਵਾਲਾ ਮਸਲਾ ਨਹੀਂ ਹੁੰਦਾ, ਪਰ ਇੰਦੌਰ ਰਾਜ ਦਾ ਇੱਕ ਸ਼ਕਤੀਸ਼ਾਲੀ ਜਾਗੀਰਦਾਰ ਸੀ।”
ਬਰਤਾਨਵੀ ਸਰਕਾਰ ਨੇ ਸ਼ੁਰਆਤੀ ਸਮੇਂ ਵਿੱਚ ਜਨਤਕ ਤੌਰ ‘ਤੇ ਕਤਲ ਦੇ ਇੰਦੌਰ ਸਬੰਧਾਂ ਬਾਰੇ ਚੁੱਪ ਰਹਿਣ ਦੀ ਕੋਸ਼ਿਸ਼ ਕੀਤੀ ਪਰ ਬੰਬਈ ਸਰਕਾਰ ਅਤੇ ਬਰਤਾਨਵੀ ਸਰਕਾਰ ਵਿਚਕਾਰ ਸੰਚਾਰ ਦਰਸਾਉਂਦਾ ਹੈ ਕਿ ਨਿੱਜੀ ਤੌਰ ‘ਤੇੇ ਸਰਕਾਰ ਨੇ ਇਸ ਮੁੱਦੇ ‘ਤੇ ਬਹੁਤ ਚਿੰਤਾ ਨਾਲ ਚਰਚਾ ਕੀਤੀ ਗਈ ਸੀ।
ਬੰਬਈ ਪੁਲਿਸ ਕਮਿਸ਼ਨਰ ਪੈਟ੍ਰਿਕ ਕੈਲੀ ਨੇ ਬਰਤਾਨਵੀ ਸਰਕਾਰ ਨੂੰ ਦੱਸਿਆ ਕਿ ਇਸ ਵੇਲੇ ਸਾਰੇ ਸਬੂਤ ਸਾਜ਼ਿਸ਼ ਦੇ ਇੰਦੌਰ ਵਿੱਚ ਰਚੀ ਹੋਣ ਵੱਲ ਇਸ਼ਾਰਾ ਕਰਦੇ ਹਨ।
ਸਰਕਾਰ ਨੂੰ ਵੱਖ-ਵੱਖ ਪਾਸਿਆਂ ਤੋਂ ਦਬਾਅ ਦਾ ਸਾਹਮਣਾ ਕਰਨਾ ਪਿਆ।
ਬਾਵਲਾ ਦੇ ਅਮੀਰ ਮੇਮਨ ਭਾਈਚਾਰੇ ਨੇ ਸਰਕਾਰ ਕੋਲ ਇਹ ਮੁੱਦਾ ਉਠਾਇਆ। ਉਨ੍ਹਾਂ ਦੇ ਸਾਥੀ ਨਗਰਪਾਲਿਕਾ ਅਧਿਕਾਰੀਆਂ ਨੇ ਉਨ੍ਹਾਂ ਦੀ ਮੌਤ ‘ਤੇ ਸੋਗ ਪ੍ਰਗਟ ਕਰਦੇ ਹੋਏ ਕਿਹਾ, “ਪਰਦੇ ਦੇ ਪਿੱਛੇ ਜ਼ਰੂਰ ਕੁਝ ਹੋਰ ਹੋਵੇਗਾ।”
ਬਰਤਾਨਵੀ ਭਾਰਤ ਦੀ ਵਿਧਾਨ ਸਭਾ ਦੇ ਉਪਰਲੇ ਸਦਨ ਵਿੱਚ ਜਵਾਬ ਮੰਗੇ ਗਏ ਅਤੇ ਇਸ ਮਾਮਲੇ ‘ਤੇ ਬ੍ਰਿਟਿਸ਼ ਹਾਊਸ ਆਫ਼ ਕਾਮਨਜ਼ ਵਿੱਚ ਵੀ ਚਰਚਾ ਹੋਈ।
ਸਾਬਕਾ ਪੁਲਿਸ ਅਧਿਕਾਰੀ ਰੋਹਿਦਾਸ ਨਾਰਾਇਣ ਦੁਸਾਰ ਆਪਣੀ ਕਿਤਾਬ ਵਿੱਚ ਕਤਲ ਬਾਰੇ ਲਿਖਦੇ ਹਨ ਕਿ ਜਾਂਚਕਰਤਾਵਾਂ ‘ਤੇ ਜਾਂਚ ਨੂੰ ਹੌਲੀ ਕਰਨ ਦਾ ਦਬਾਅ ਸੀ, ਪਰ ਉਸ ਸਮੇਂ ਦੇ ਪੁਲਿਸ ਕਮਿਸ਼ਨਰ ਕੈਲੀ ਨੇ ਅਸਤੀਫ਼ਾ ਦੇਣ ਦੀ ਧਮਕੀ ਦੇ ਦਿੱਤੀ ਸੀ।
ਜਦੋਂ ਇਹ ਮਾਮਲਾ ਬੰਬੇ ਹਾਈ ਕੋਰਟ ਪਹੁੰਚਿਆ ਤਾਂ ਚੋਟੀ ਦੇ ਵਕੀਲ ਦੋਵੇ ਪੱਖਾਂ ਲਈ ਖੜੇ ਹੋਏ।
ਇਨ੍ਹਾਂ ਵਕੀਲਾਂ ਵਿੱਚੋਂ ਇੱਕ ਮੁਹੰਮਦ ਅਲੀ ਜਿਨਾਹ ਸਨ, ਜੋ ਬਾਅਦ ਵਿੱਚ 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਪਾਕਿਸਤਾਨ ਦੇ ਸੰਸਥਾਪਕ ਬਣੇ।
ਜਿਨਾਹ ਨੇ ਆਨੰਦਰਾਓ ਗੰਗਾਰਾਮ ਫਾਂਸੇ ਦਾ ਬਚਾਅ ਕੀਤਾ, ਜੋ ਕਿ ਮੁਕਦਮੇ ਦੇ ਮੁਲਜ਼ਮਾਂ ਵਿੱਚੋਂ ਇੱਕ ਸਨ ਅਤੇ ਇੰਦੌਰ ਫੌਜ ਵਿੱਚ ਜਨਰਲ ਸਨ। ਜਿਨਾਹ ਨੇ ਆਪਣੇ ਮੁਵੱਕਿਲ ਨੂੰ ਮੌਤ ਦੀ ਸਜ਼ਾ ਤੋਂ ਬਚਾਉਣ ਵਿੱਚ ਕਾਮਯਾਬ ਰਹੇ ਸਨ।
ਅਦਾਲਤ ਨੇ ਤਿੰਨ ਮੁਲਜ਼ਮਾਂ ਨੂੰ ਮੌਤ ਦੀ ਸਜ਼ਾ ਅਤੇ ਤਿੰਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ, ਪਰ ਅਦਾਲਤ ਮਹਾਰਾਜਾ ਨੂੰ ਜਵਾਬਦੇਹ ਠਹਿਰਾਉਣ ਤੋਂ ਅਸਫਲ ਰਹੀ।
ਮੁਕੱਦਮੇ ਦੀ ਅਗਵਾਈ ਕਰਨ ਵਾਲੇ ਜਸਟਿਸ ਐਲਸੀ ਕਰੰਪ ਨੇ ਹਾਲਾਂਕਿ ਨੋਟ ਕੀਤਾ ਕਿ “ਹਮਲੇ ਦੇ ਪਿੱਛੇ ਕੁਝ ਲੋਕ ਸਨ ਜਿਨ੍ਹਾਂ ਨੂੰ ਅਸੀਂ ਸਹੀ ਤਰੀਕੇ ਨਾਲ ਨਹੀਂ ਜ਼ਾਹਰ ਕਰ ਸਕਦੇ”।
ਜੱਜ ਨੇ ਟਿੱਪਣੀ ਕੀਤੀ, “ਪਰ ਜਿੱਥੇ ਇੱਕ ਔਰਤ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜੋ 10 ਸਾਲਾਂ ਤੱਕ ਇੰਦੌਰ ਦੇ ਮਹਾਰਾਜਾ ਦੀ ਪ੍ਰੇਮਿਕਾ ਰਹੀ, ਉੱਥੇ ਇਹ ਮੰਨਣਾ ਕਿ ਇੰਦੌਰ ਤੋਂ ਹਮਲੇ ਦੀ ਸਾਜ਼ਿਸ਼ ਹੋਈ ਹੋ ਸਕਦੀ ਹੈ ਇਹ ਬਿਲਕੁਲ ਵੀ ਗੈਰਵਾਜਬ ਨਹੀਂ ਹੋਵੇਗਾ।”
ਮਾਮਲੇ ਦੀ ਪ੍ਰਮੁੱਖਤਾ ਕਾਰਨ ਬਰਤਾਨਵੀ ਸਰਕਾਰ ਨੂੰ ਮਹਾਰਾਜਾ ਵਿਰੁੱਧ ਕਾਰਵਾਈ ਕਰਨੀ ਪਈ। ਉਨ੍ਹਾਂ ਨੇ ਮਹਾਰਾਜਾ ਨੂੰ ਵਿਕਲਪ ਦਿੱਤਾ ਕਿ ਜਾਂਚ ਕਮਿਸ਼ਨ ਦਾ ਸਾਹਮਣਾ ਕਰਨ ਜਾਂ ਫਿਰ ਅਹੁਦਾ ਛੱਡਣ। ਭਾਰਤ ਵਿੱਚ ਸੰਸਦ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ ਮਹਾਰਾਜਾ ਨੇ ਅਸਤੀਫ਼ਾ ਦੇਣ ਦਾ ਫੈਸਲਾ ਕੀਤਾ।
ਉਨ੍ਹਾਂ ਨੇ ਬਰਤਾਨਵੀ ਸਰਕਾਰ ਨੂੰ ਲਿਖਿਆ, “ਮੈਂ ਆਪਣੇ ਪੁੱਤਰ ਦੇ ਹੱਕ ਵਿੱਚ ਆਪਣਾ ਤਖ਼ਤ ਇਸ ਸਮਝ ‘ਤੇ ਤਿਆਗਦਾ ਹਾਂ ਕਿ ਮਾਲਾਬਾਰ ਹਿੱਲ ਘਟਨਾ ਨਾਲ ਮੇਰੇ ਕਥਿਤ ਸਬੰਧਾਂ ਦੀ ਕੋਈ ਹੋਰ ਜਾਂਚ ਨਹੀਂ ਕੀਤੀ ਜਾਵੇਗੀ।”
ਇਸ ਤੋਂ ਬਾਅਦ ਮਹਾਰਾਜਾ ਨੇ ਆਪਣੇ ਪਰਿਵਾਰ ਅਤੇ ਭਾਈਚਾਰੇ ਦੀ ਮਰਜ਼ੀ ਦੇ ਵਿਰੁੱਧ ਇੱਕ ਅਮਰੀਕੀ ਔਰਤ ਨਾਲ ਵਿਆਹ ਕਰਨ ‘ਤੇ ਹੋਰ ਵਿਵਾਦ ਛੇੜ ਦਿੱਤਾ।
ਅਖੀਰ ਵਿੱਚ ਅਮਰੀਕੀ ਔਰਤ ਨੇ ਹਿੰਦੂ ਧਰਮ ਅਪਣਾ ਲਿਆ ਅਤੇ ਬਰਤਾਨਵੀ ਗ੍ਰਹਿ ਵਿਭਾਗ ਦੀ ਰਿਪੋਰਟ ਦੇ ਅਨੁਸਾਰ, ਦੋਵਾਂ ਨੇ ਵਿਆਹ ਕਰਵਾ ਲਿਆ।
ਇਸ ਦੌਰਾਨ ਮੁਮਤਾਜ਼ ਬੇਗਮ ਨੂੰ ਹਾਲੀਵੁੱਡ ਤੋਂ ਕਈ ਪੇਸ਼ਕਸ਼ਾਂ ਮਿਲੀਆਂ ਅਤੇ ਉਹ ਆਪਣੀ ਕਿਸਮਤ ਅਜ਼ਮਾਉਣ ਲਈ ਅਮਰੀਕਾ ਚਲੇ ਗਏ। ਇਸ ਮਗਰੋਂ ਉਹ ਗੁਮਨਾਮੀ ਦੀ ਜ਼ਿੰਦਗੀ ਵਿੱਚ ਚਲੇ ਗਏ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI