Source :- BBC PUNJABI

ਤਸਵੀਰ ਸਰੋਤ, Michael Bowles/Getty Images
ਹੁਰੈਮ ਸੁਲਤਾਨ ਓਟੋਮਨ ਸਾਮਰਾਜ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਔਰਤਾਂ ਵਿੱਚੋਂ ਇੱਕ ਲੀ। ਉਹ ਓਟੋਮਨ ਸਾਮਰਾਜ ਦੇ ਸਭ ਤੋਂ ਸ਼ਕਤੀਸ਼ਾਲੀ ਸੁਲਤਾਨ ‘ਸੁਲੇਮਾਨ ਦਿ ਮੈਗਨੀਫਿਸੈਂਟ’ ਦੀ ਪਤਨੀ ਸੀ।
ਉਨ੍ਹਾਂ ਦੀ ਰਹੱਸਮਈ ਸ਼ਖਸੀਅਤ ਦੀ ਵਿਰਾਸਤ ਬਾਰੇ ਅੱਜ ਵੀ ਲਿਖਿਆ ਜਾਂਦਾ ਹੈ। 1558 ਵਿੱਚ ਉਨ੍ਹਾਂ ਦੀ ਮੌਤ ਹੋਈ ਸੀ ਜਿਸ ਤੋਂ 400 ਸਾਲ ਬਾਅਦ ਵੀ, ਉਨ੍ਹਾਂ ਦੀ ਕਹਾਣੀ ਲੋਕਾਂ ਨੂੰ ਆਕਰਸ਼ਤ ਕਰਦੀ ਰਹਿੰਦੀ ਹੈ।
ਹੁਰੈਮ ਸੁਲਤਾਨ, ਜਿਨ੍ਹਾਂ ਨੂੰ ਰੋਕਸੇਲਾਨਾ ਵਜੋਂ ਜਾਣਿਆ ਜਾਂਦਾ ਹੈ, ਸਿਰਫ਼ ਇੱਕ ਸੁਲਤਾਨ ਦੀ ਪਤਨੀ ਨਹੀਂ ਸੀ।
ਉਨ੍ਹਾਂ ਦੇ ਜੀਵਨ ਦਾ ਸਫ਼ਰ ਆਮ ਨਹੀਂ ਸੀ। ਉਨ੍ਹਾਂ ਨੇ ਗ਼ੁਲਾਮੀ ਦੀ ਜ਼ਿੰਦਗੀ ਤੋਂ ਉੱਠ ਕੇ ਸਾਮਰਾਜ ਦੀ ਸੱਤਾ ਦੇ ਸਿਖ਼ਰ ਤੱਕ ਦਾ ਸਫ਼ਰ ਤੈਅ ਕੀਤਾ ਸੀ।
ਹੁਰੈਮ ਸੁਲਤਾਨ ਨੇ 16ਵੀਂ ਸਦੀ ਵਿੱਚ ਓਟੋਮਨ ਸਾਮਰਾਜ ਦੀ ਸਿਆਸਤ ਅਤੇ ਸ਼ਾਸਨ ਨੂੰ ਨਵਾਂ ਰੂਪ ਦਿੱਤਾ।

ਤਸਵੀਰ ਸਰੋਤ, Tims Productions
ਓਟੋਮਨ ਸਾਮਰਾਜ ਨੇ 14ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਦੀ ਸ਼ੁਰੂਆਤ ਤੱਕ ਦੁਨੀਆਂ ਦੇ ਵੱਡਿਆਂ ਹਿੱਸਿਆਂ ʼਤੇ ਰਾਜ ਕੀਤਾ। ਇਸ ਦਾ ਅਸਰ ਦੱਖਣ-ਪੂਰਵੀ ਯੂਰਪ, ਪੱਛਮੀ ਏਸ਼ੀਆ ਅਤੇ ਉੱਤਰੀ ਅਫ਼ਰੀਕਾ ਤੱਕ ਫੈਲਿਆ ਹੋਇਆ ਸੀ।
ਇਤਿਹਾਸ ਵਿੱਚ ਇਸ ਨੂੰ ਸਭ ਤੋਂ ਵੱਡੇ ਅਤੇ ਸਭ ਤੋਂ ਲੰਬੇ ਸਮੇਂ ਤੱਕ ਟਿਕੇ ਰਹਿਣ ਵਾਲੇ ਸਾਮਰਾਜਾਂ ਵਿੱਚੋਂ ਗਿਣਿਆ ਜਾਂਦਾ ਹੈ।
ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਸਮਾਨੀ ਇਤਿਹਾਸ ਦਾ “ਰਾਣੀਆਂ ਦਾ ਦੌਰ” ਯਾਨਿ ਉਹ ਸਮਾਂ ਜਦੋਂ ਸ਼ਾਹੀ ਔਰਤਾਂ ਸੱਤਾ ਅਤੇ ਫ਼ੈਸਲਿਆਂ ਵਿੱਚ ਇਤਿਹਾਸਕ ਭੂਮਿਕਾ ਨਿਭਾ ਰਹੀਆਂ ਸਨ, ਹੁਰੈਮ ਸੁਲਤਾਨ ਦੇ ਉਭਾਰ ਦੇ ਨਾਲ ਸ਼ੁਰੂ ਹੋਇਆ।
ਸੁਲਤਾਨ ਦੇ ਮਹਿਲ ਵਿੱਚ ਔਰਤਾਂ ਲਈ ਬਣੇ ਵਿਸ਼ੇਸ਼ ਹਿੱਸੇ ਨੂੰ ʻਹਰਮʼ ਕਿਹਾ ਜਾਂਦਾ ਸੀ।
ਇੱਥੇ ਸੁਲਤਾਨ ਦੀਆਂ ਪਤਨੀਆਂ, ਦਾਸੀਆਂ, ਔਰਤ ਰਿਸ਼ਤੇਦਾਰਾਂ ਅਤੇ ਹੋਰ ਦਾਸੀਆਂ ਰਹਿੰਦੀਆਂ ਸਨ। ਹੁਰੈਮ ਦਾ ਹਰਮ ਵਿੱਚ ਰਹਿਣ ਅਤੇ ਉੱਥੋਂ ਉਨ੍ਹਾਂ ਦੀ ਯਾਤਰਾ ਇਤਿਹਾਸ ਵਿੱਚ ਚੰਗੀ ਤਰ੍ਹਾਂ ਦਰਜ ਹੈ।
ਫਿਰ ਵੀ, ਉਨ੍ਹਾਂ ਦੀ ਅਸਲ ਪਛਾਣ ਹੁਣ ਤੱਕ ਰਹੱਸ ਬਣੀ ਹੋਈ ਹੈ। ਕੁਝ ਮੰਨਦੇ ਹਨ ਕਿ ਉਹ ਅੱਜ ਦੇ ਯੂਕਰੇਨ ਦੀ ਇੱਕ ਬੰਦੀ ਕੈਦੀ ਸੀ।
ਕੁਝ ਉਨ੍ਹਾਂ ਨੂੰ ਇੱਕ ਰੂੜੀਵਾਦੀ ਈਸਾਈ ਪਾਦਰੀ ਦੀ ਧੀ ਦੱਸਦੇ ਹਨ। ਉੱਥੇ ਹੀ ਇੱਕ ਹੋਰ ਦਾਅਵਾ ਹੈ ਕਿ ਉਹ ਇਟਲੀ ਦੇ ਇੱਕ ਅਮੀਰ ਪਰਿਵਾਰ ਵਿੱਚੋਂ ਸਨ ਅਤੇ ਸਮੁੰਦਰੀ ਡਾਕੂਆਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਸੀ।

ਤਸਵੀਰ ਸਰੋਤ, Tims Productions
ਬੰਦੀ ਤੋਂ ਦਰਬਾਰ ਤੱਕ ਦਾ ਸਫ਼ਰ
ਜ਼ਿਆਦਾਤਰ ਇਤਿਹਾਸਕਾਰ ਮੰਨਦੇ ਹਨ ਕਿ ਹੁਰੈਮ ਸੁਲਤਾਨ ਦਾ ਜਨਮ 1500 ਦੇ ਨੇੜੇ ਰੂਥੈਨੀਆ ਨਾਮ ਦੀ ਥਾਂ ਉੱਤੇ ਹੋਇਆ ਸੀ। ਇਸ ਦਾ ਇਲਾਕਾ ਅੱਜ ਦੇ ਯੂਕਰੇਨ, ਪੋਲੈਂਡ ਅਤੇ ਬੇਲਾਰੂਸ ਦੇ ਹਿੱਸਿਆ ਵਿੱਚ ਫੈਲਿਆ ਹੋਇਆ ਸੀ।
ਹੁਰੈਮ ਦਾ ਅਸਲੀ ਨਾਮ ਕੀ ਸੀ, ਇਸ ਨੂੰ ਲੈ ਕੇ ਕੋਈ ਠੋਸ ਸਬੂਤ ਨਹੀਂ ਹਨ। ਕੁਝ ਯੂਕਰੇਨੀ ਲੋਕ ਉਨ੍ਹਾਂ ਨੂੰ ਅਲੈਕਜ਼ੈਂਡਰਾ ਲਿਸੋਵਸਕਾ ਜਾਂ ਅਨਾਸਤਾਸੀਆ ਕਹਿੰਦੇ ਹਨ।
ਕੁਝ ਲੋਕ ਮੰਨਦੇ ਹਨ ਕਿ ਉਨ੍ਹਾਂ ਨੂੰ ਲਾ ਰੋਸਾ, ਰੋਜ਼ਾਨਾ, ਰੋਕਸੋਲਾਨ, ਰੋਕਸਾਨਾ ਜਾਂ ਪੱਛਮੀ ਯੂਰਪ ਵਿੱਚ ਰੋਕਸੇਲਾਨਾ ਵਰਗੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ।
ਹਾਲਾਂਕਿ, ਓਟੋਮਨ ਸਾਮਰਾਜ ਦੇ ਅਧਿਕਾਰਤ ਦਸਤਾਵੇਜ਼ਾਂ ਵਿੱਚ ਉਨ੍ਹਾਂ ਨੂੰ ਹਸੇਕੀ ਹੁਰੈਮ ਸੁਲਤਾਨ ਕਿਹਾ ਜਾਂਦਾ ਸੀ। ਫਾਰਸੀ ਵਿੱਚ ਹੁਰੈਮ ਦਾ ਅਰਥ ਹੈ ਖੁਸ਼ ਮਿਜ਼ਾਜ ਅਤੇ ਹਸੇਕੀ ਇੱਕ ਸਨਮਾਨਜਨਕ ਖ਼ਿਤਾਬ ਸੀ ਜੋ ਸੁਲਤਾਨ ਦੇ ਬੱਚੇ ਦੀ ਮਾਂ ਨੂੰ ਦਿੱਤਾ ਜਾਂਦਾ ਸੀ।
ਕੁਝ ਸੂਤਰਾਂ ਦਾ ਦਾਅਵਾ ਹੈ ਕਿ ਹੁਰੈਮ ਇੱਕ ਰੂੜੀਵਾਦੀ ਪਾਦਰੀ ਦੀ ਧੀ ਸੀ, ਜਦਕਿ ਕੁਝ ਦਾ ਮੰਨਣਾ ਹੈ ਕਿ ਉਹ ਇੱਕ ਕਿਸਾਨ ਪਰਿਵਾਰ ਤੋਂ ਆਈ ਸੀ।

ਤੁਰਕੀ ਦੇ ਪ੍ਰੋਫੈਸਰ ਫੇਰੀਦੁਨ ਐਮੇਚਨ ਦੱਸਦੇ ਹਨ ਕਿ ਕੁਝ ਇਤਿਹਾਸਕ ਸਰੋਤਾਂ ਦੇ ਅਨੁਸਾਰ, ਹੁਰੈਮ ਨੂੰ ਕ੍ਰੀਮੀਅਨ ਤਾਤਾਰ ਲੁਟੇਰਿਆਂ ਨੇ ਰੋਹਾਤਿਨ ਨਾਮਕ ਕਸਬੇ ਤੋਂ ਅਗਵਾ ਕਰ ਲਿਆ ਸੀ। ਇਹ ਸ਼ਹਿਰ ਉਸ ਸਮੇਂ ਪੋਲੈਂਡ ਦਾ ਹਿੱਸਾ ਸੀ ਅਤੇ ਹੁਣ ਪੱਛਮੀ ਯੂਕਰੇਨ ਵਿੱਚ ਪੈਂਦਾ ਸੀ।
ਜਦਕਿ, ਪ੍ਰੋਫੈਸਰ ਜ਼ੈਨਬ ਤਾਰੀਮ ਦੇ ਅਨੁਸਾਰ, ਹੁਰੈਮ ਨੂੰ ਗ਼ੁਲਾਮ ਵਜੋਂ ਵੇਚ ਦਿੱਤਾ ਗਿਆ ਸੀ।
ਕਿਸ਼ੋਰ ਅਵਸਥਾ ਵਿੱਚ ਉਨ੍ਹਾਂ ਨੂੰ ਓਟੋਮਨ ਸਾਮਰਾਜ ਲਿਆਂਦਾ ਗਿਆ ਅਤੇ ਰਾਜਕੁਮਾਰ ਸੁਲੇਮਾਨ (ਬਾਅਦ ਵਿੱਚ ਸੁਲੇਮਾਨ ਮਹਾਨ ਵਜੋਂ ਜਾਣਿਆ ਗਿਆ) ਦੀ ਮਾਂ ਨੂੰ ਤੋਹਫ਼ੇ ਵਜੋਂ ਸੌਂਪ ਦਿੱਤਾ ਗਿਆ।
ਇਤਿਹਾਸਕਾਰਾਂ ਦੇ ਅਨੁਸਾਰ, ਹੁਰੈਮ 1520 ਦੇ ਆਸਪਾਸ ਹਰਮ ਦਾ ਹਿੱਸਾ ਬਣ ਗਈ ਕਿਉਂਕਿ ਅਗਲੇ ਸਾਲ ਉਨ੍ਹਾਂ ਦਾ ਅਤੇ ਸੁਲੇਮਾਨ ਦੇ ਪੁੱਤਰ, ਪ੍ਰਿੰਸ ਮਹਿਮਤ ਦਾ ਜਨਮ ਹੋਇਆ ਸੀ।
ਸਦੀਆਂ ਪੁਰਾਣੀ ਪਰੰਪਰਾ ਨੂੰ ਤੋੜਦੇ ਹੋਏ, ਸੁਲੇਮਾਨ ਨੇ ਬਾਅਦ ਵਿੱਚ ਹੁਰੈਮ ਨਾਲ ਵਿਆਹ ਕਰਵਾ ਲਿਆ। ਇਹ ਇੱਕ ਅਜਿਹਾ ਕਦਮ ਸੀ ਜਿਸ ਨੇ ਪੂਰੇ ਸ਼ਾਹੀ ਦਰਬਾਰ ਨੂੰ ਹੈਰਾਨ ਕਰ ਦਿੱਤਾ ਅਤੇ ਹੁਰੈਮ ਦੇ ਰੁਤਬੇ ਨੂੰ ਪਹਿਲਾਂ ਨਾਲੋਂ ਕਿਤੇ ਉੱਚਾ ਕਰ ਦਿੱਤਾ।
ਇਸ ਤੋਂ ਪਹਿਲਾਂ, ਕਿਸੇ ਵੀ ਓਟੋਮਨ ਸੁਲਤਾਨ ਨੇ ਆਪਣੀ ਕਿਸੇ ਦਾਸੀ ਨਾਲ ਵਿਆਹ ਨਹੀਂ ਕੀਤਾ ਸੀ।
ਕੀ ਹੁਰੈਮ ਸੁਲਤਾਨ ਇਟਲੀ ਤੋਂ ਸੀ?
ਹਾਲਾਂਕਿ, ਜ਼ਿਆਦਾਤਰ ਇਤਿਹਾਸਕਾਰ ਮੰਨਦੇ ਹਨ ਕਿ ਹੁਰੈਮ ਸੁਲਤਾਨ ਰੂਥੈਲੀਆ ਤੋਂ ਸੀ, ਫਿਰ ਵੀ ਉਨ੍ਹਾਂ ਦੇ ਜਨਮ ਅਤੇ ਪਰਿਵਾਰ ਨੂੰ ਲੈ ਕੇ ਕੁਝ ਹੋਰ ਹੈਰਾਨ ਕਰਨ ਵਾਲੇ ਦਾਅਵੇ ਵੀ ਸਾਹਮਣੇ ਆਉਂਦੇ ਰਹੇ ਹਨ।
ਖੋਜਕਾਰ ਡਾ. ਰਿਨਾਲਡੋ ਮਰਮਾਰਾ ਨੇ ਵੀ ਅਜਿਹਾ ਹੀ ਵਿਵਾਦਪੂਰਨ ਦਾਅਵਾ ਕੀਤਾ ਹੈ।
ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਵੈਟੀਕਨ ਦੇ ਪੁਰਾਣੇ ਕਾਗਜ਼ਾਂ ਵਿੱਚ ਇੱਕ ਦਸਤਾਵੇਜ਼ ਮਿਲਿਆ ਹੈ, ਜਿਸ ਵਿੱਚ ਲਿਖਿਆ ਹੈ ਕਿ ਹੁਰੈਮ ਅਸਲ ਵਿੱਚ ਇੱਕ ਅਮੀਰ ਇਤਾਲਵੀ ਪਰਿਵਾਰ ਨਾਲ ਸਬੰਧਤ ਸਨ। ਉਨ੍ਹਾਂ ਦਾ ਨਾਮ ਮਾਰਗੇਰੀਟਾ ਸੀ ਅਤੇ ਉਹ ਸਿਏਨਾ ਦੇ ਮਾਰਸੀਲੀ ਪਰਿਵਾਰ ਨਾਲ ਸਬੰਧਤ ਸੀ।
ਇਨ੍ਹਾਂ ਦਸਤਾਵੇਜ਼ਾਂ ਦੇ ਅਨੁਸਾਰ, ਹੁਰੈਮ ਅਤੇ ਉਨ੍ਹਾਂ ਦੇ ਭਰਾ ਨੂੰ ਸਮੁੰਦਰੀ ਡਾਕੂਆਂ ਨੇ ਫੜ੍ਹ ਲਿਆ ਸੀ ਅਤੇ ਫਿਰ ਓਟੋਮਨ ਦਰਬਾਰ ਵਿੱਚ ਗ਼ੁਲਾਮ ਵਿੱਚ ਵੇਚ ਦਿੱਤਾ ਗਿਆ ਸੀ।

ਤਸਵੀਰ ਸਰੋਤ, Rinaldo Marmara
ਡਾ. ਮਰਮਾਰਾ ਅੱਗੇ ਦਾਅਵਾ ਕਰਦੇ ਹਨ ਕਿ ਇਸ ਦਸਤਾਵੇਜ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹੁਰੈਮ ਦੇ ਵੰਸ਼ਜ ਸੁਲਤਾਨ ਮਹਿਮਤ ਚੌਥੇ ਅਤੇ ਪੋਪ ਅਲੈਗਜ਼ੈਂਡਰ ਸੱਤਵੇਂ ਵਿਚਕਾਰ ਇੱਕ ਸਬੰਧ ਸੀ।
ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਹੁਰੈਮ ਨੇ ਆਪਣੀ ਪਛਾਣ ਰੁਥੇਨੀਆ ਤੋਂ ਨਹੀਂ ਬਲਕਿ ਇੱਕ ਲੁਕਵੇਂ ਅਮੀਰ ਪਰਿਵਾਰ ਨਾਲ ਸਬੰਧਤ ਸੀ।
ਹਾਲਾਂਕਿ, ਇਤਿਹਾਸਕਾਰ ਇਸ ਦਾਅਵੇ ‘ਤੇ ਸ਼ੱਕ ਪ੍ਰਗਟ ਕਰਦੇ ਹਨ। ਪ੍ਰੋਫੈਸਰ ਜ਼ੈਨਬ ਤਾਰੀਮ ਦਾ ਕਹਿਣਾ ਹੈ ਕਿ ਇਸ ਦਾਅਵੇ ਨੂੰ ਸੱਚ ਸਾਬਤ ਕਰਨ ਲਈ ਹੋਰ ਬਹੁਤ ਸਾਰੇ ਸਬੂਤਾਂ ਦੀ ਲੋੜ ਹੈ।
ਉਹ ਕਹਿੰਦੀ ਹੈ ਕਿ ਉਸ ਸਮੇਂ ਦੇ ਵੇਨੇਸ਼ੀਅਨ ਰਾਜਦੂਤਾਂ ਕੋਲ ਹਰ ਤਰ੍ਹਾਂ ਦੀਆਂ ਅਦਾਲਤੀ ਖ਼ਬਰਾਂ ਹੁੰਦੀਆਂ ਸਨ ਅਤੇ ਉਨ੍ਹਾਂ ਦੇ ਰਿਕਾਰਡ ਬਹੁਤ ਸਟੀਕ ਹੁੰਦੇ ਸਨ। ਪਰ ਉਨ੍ਹਾਂ ਦਸਤਾਵੇਜ਼ਾਂ ਵਿੱਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਹੈ ਕਿ ਹੁਰੈਮ ਇਟਲੀ ਤੋਂ ਹੈ।
ਉਹ ਕਹਿੰਦੇ ਹਨ, “ਜੇਕਰ ਅਜਿਹਾ ਕੁਝ ਹੁੰਦਾ, ਤਾਂ ਇਸ ਦਾ ਜ਼ਿਕਰ ਰਿਕਾਰਡਾਂ ਵਿੱਚ ਕਿਤੇ ਨਾ ਕਿਤੇ ਜ਼ਰੂਰ ਹੁੰਦਾ ਅਤੇ ਸਾਨੂੰ ਇਸ ਬਾਰੇ ਬਹੁਤ ਪਹਿਲਾਂ ਪਤਾ ਹੁੰਦਾ।”
ਪ੍ਰੋਫੈਸਰ ਅਮੇਚੇਨ ਵੀ ਇਸ ਦਾਅਵੇ ‘ਤੇ ਸ਼ੱਕ ਪ੍ਰਗਟ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਹੁਰੈਮ ਦੀ ਪੌਲੈਂਡ ਸ਼ਾਹੀ ਪਰਿਵਾਰ ਨਾਲ ਗੱਲਬਾਤ ਕੀਤੀ ਸੀ ਪਰ ਇਹ ਸਿਰਫ਼ ਕੂਟਨੀਤਕ ਕਾਰਨਾਂ ਕਰਕੇ ਸੀ ਨਾ ਕਿ ਕਿਸੇ ਪਰਿਵਾਰਕ ਸਬੰਧਾਂ ਕਰਕੇ।

ਰੂਸ ਨਾਲ ਸਬੰਧ
ਹੁਰੈਮ ਸੁਲਤਾਨ ਦੀ ਅਸਲ ਪਛਾਣ ਨੂੰ ਲੈ ਕੇ ਬਹੁਤ ਉਲਝਣਾਂ ਹਨ ਕਿਉਂਕਿ ਵੱਖ-ਵੱਖ ਸਮਿਆਂ ‘ਤੇ, ਵੱਖ-ਵੱਖ ਲੋਕਾਂ ਨੇ ਉਸਨੂੰ ਵੱਖ-ਵੱਖ ਨਾਵਾਂ ਨਾਲ ਸੱਦਿਆ।
ਓਟੋਮਨ ਕਾਲ ਦੇ ਓਟੋਮਨ ਦਸਤਾਵੇਜ਼ਾਂ ਅਤੇ ਕਵਿਤਾਵਾਂ ਵਿੱਚ ਉਨ੍ਹਾਂ ਨੂੰ ਕਈ ਵਾਰ “ਰੂਸੀ ਜਾਦੂਗਰਨੀ” ਕਿਹਾ ਜਾਂਦਾ ਸੀ।
ਇਹ ਨਾਮ ਉਨ੍ਹਾਂ ਦੇ ਵਿਰੋਧੀਆਂ ਨੇ ਅਪਮਾਨ ਵਜੋਂ ਦਿੱਤਾ ਸੀ। ਖ਼ਾਸ ਕਰ ਕੇ ਜਦੋਂ ਸੁਲਤਾਨ ਸੁਲੇਮਾਨ ਦੇ ਵੱਡੇ ਪੁੱਤਰ ਪ੍ਰਿੰਸ ਮੁਸਤਫ਼ਾ ਦੀ ਮੌਤ ਹੋ ਗਈ ਸੀ।
ਮੁਸਤਫ਼ਾ ਸੁਲਤਾਨ ਸੁਲੇਮਾਨ ਦੀ ਦੂਜੀ ਪਤਨੀ ਤੋਂ ਪੈਦਾ ਹੋਇਆ ਪੁੱਤਰ ਸੀ ਅਤੇ ਉਸ ਨੂੰ ਓਟੋਮਨ ਸਾਮਰਾਜ ਦਾ ਅਗਲਾ ਸ਼ਾਸਕ ਮੰਨਿਆ ਜਾਂਦਾ ਸੀ।
ਬਹੁਤ ਸਾਰੇ ਲੋਕਾਂ ਦਾ ਮੰਨਣਾ ਸੀ ਕਿ ਹੁਰੈਮ ਨੇ ਹੀ ਉਸ ਦੇ ਕਤਲ ਦੀ ਸਾਜ਼ਿਸ਼ ਰਚੀ ਸੀ ਤਾਂ ਜੋ ਉਸ ਦੇ ਪੁੱਤਰ ਨੂੰ ਰਾਜਾ ਬਣਾਇਆ ਜਾ ਸਕੇ।
ਹਾਲਾਂਕਿ, ਪ੍ਰੋਫੈਸਰ ਅਮੇਚੇਨ ਦੱਸਦੇ ਹਨ ਕਿ ਉਸ ਸਮੇਂ ‘ਰੂਸ’ ਸ਼ਬਦ ਅੱਜ ਦੇ ਰੂਸੀ ਲੋਕਾਂ ਨੂੰ ਨਹੀਂ ਦਰਸਾਉਂਦਾ ਸੀ।
ਉਸ ਵੇਲੇ ‘ਰੂਸੀ’ ਸ਼ਬਦ ਦੀ ਵਰਤੋਂ ਉਨ੍ਹਾਂ ਲੋਕਾਂ ਲਈ ਹੁੰਦਾ ਸੀ ਜੋ ਉੱਤਰ ਵੱਲ ਦੇ ਇਲਾਕਿਆਂ ਤੋਂ ਆਉਂਦੇ ਸਨ, ਜਿਵੇਂ ਕਿ ਅੱਜ ਦਾ ਯੂਕਰੇਨ ਜਾਂ ਬੇਲਾਰੂਸ।

ਤਸਵੀਰ ਸਰੋਤ, Pictures From History/Universal Images Group
ਪੱਛਮੀ ਦੇਸ਼ਾਂ ਦੇ ਯਾਤਰੀਆਂ ਅਤੇ ਵੇਨੇਸ਼ੀਅਨ ਡਿਪਲੋਮੈਟਾਂ ਵੀ ਹੁਰੈਮ ਨੂੰ ‘ਰੂਸੀ’ ਕਹਿੰਦੇ ਸੀ, ਪਰ ਇਸ ਤੋਂ ਉਨ੍ਹਾਂ ਦਾ ਮਤਲਬ ਸੀ ਕਿ ਉਹ ਉਸ ਭੂਗੋਲਿਕ ਖੇਤਰ ਤੋਂ ਸੀ, ਨਾ ਕਿ ਇਹ ਕਿ ਉਹ ਰੂਸ ਦੀ ਨਾਗਰਿਕ ਸੀ।
ਪ੍ਰੋਫੈਸਰ ਅਮੇਚੇਨ ਕਹਿੰਦੇ ਹਨ, “ਉਸ ਸਮੇਂ ਅੱਜ ਵਾਂਗ ਰੂਸ ਨਹੀਂ ਸੀ। ਜਦੋਂ ਕੋਈ ਕਹਿੰਦਾ ਸੀ ਕਿ ਕੋਈ ‘ਰੂਸੀ’ ਹੈ, ਤਾਂ ਇਸ ਦਾ ਮਤਲਬ ਹੁੰਦਾ ਸੀ ਕਿ ਉਹ ‘ਉਸ ਭੂਗੌਲਿਕ ਖੇਤਰ ਤੋਂ ਸੀ ਜਿਸ ਨੂੰ ਰੂਸੀ ਖੇਤਰ ਕਿਹਾ ਜਾਂਦਾ ਸੀ।”
ਬੀਬੀਸੀ ਨਿਊਜ਼ ਯੂਕਰੇਨੀ ਪੱਤਰਕਾਰ ਵਿਤਾਲੀ ਚੇਰਵੋਨੇਂਕੋ ਵੀ ਦੱਸਦੇ ਹਨ, “16ਵੀਂ ਸਦੀ ਵਿੱਚ, ਪੋਲੈਂਡ ਦੇ ਉਹ ਇਲਾਕੇ ਜਿੱਥੇ ਯੂਕਰੇਨੀ ਲੋਕ ਰਹਿੰਦੇ ਸਨ, ਉਨ੍ਹਾਂ ਨੂੰ ‘ਰੂਸਕੇ’ ਪ੍ਰਾਂਤ ਕਿਹਾ ਜਾਂਦਾ ਸੀ ਅਤੇ ਰੋਹਾਤਿਨ ਵੀ ਉੱਥੇ ਸੀ।”
“ਉਸ ਸਮੇਂ ਯੂਕਰੇਨੀ ਲੋਕਾਂ ਨੂੰ ‘ਰੂਸਿਨ’ ਕਿਹਾ ਜਾਂਦਾ ਸੀ, ਪਰ ਇਸ ਦਾ ਰੂਸ ਨਾਲ ਕੋਈ ਸਬੰਧ ਨਹੀਂ ਸੀ।”
ਅੱਜ ਦੇ ਸਮੇਂ ਵਿੱਚ, ਹੁਰੈਮ ਸੁਲਤਾਨ ਦੀ ਪਛਾਣ ਵੀ ਇੱਕ ਰਾਜਨੀਤਿਕ ਮੁੱਦਾ ਬਣ ਗਈ ਹੈ। ਖ਼ਾਸ ਕਰ ਕੇ ਯੂਕਰੇਨ ਵਿੱਚ, ਜਿੱਥੇ ਉਨ੍ਹਾਂ ਨੂੰ ਦੇਸ਼ ਦੀ ਇੱਕ ਮਹਾਨ ਔਰਤ ਮੰਨਿਆ ਜਾਂਦਾ ਹੈ।
ਉਨ੍ਹਾਂ ਦੇ ਸਨਮਾਨ ਵਿੱਚ ਉਨ੍ਹਾਂ ਦੇ ਜਨਮ ਸਥਾਨ, ਰੋਹਾਤਿਨ ਵਿੱਚ ਉਨ੍ਹਾਂ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਹਨ ਅਤੇ ਮਾਰੀਉਪੋਲ ਸ਼ਹਿਰ (ਜੋ ਹੁਣ ਰੂਸੀ ਕਬਜ਼ੇ ਹੇਠ ਹੈ) ਦੀ ਇੱਕ ਮਸਜਿਦ ਵਿੱਚ ਉਨ੍ਹਾਂ ਦਾ ਅਤੇ ਸੁਲਤਾਨ ਸੁਲੇਮਾਨ ਦਾ ਮੈਗਨੀਫਿਸੈਂਟ ਦਾ ਨਾਮ ਇਕੱਠੇ ਲਿਖਿਆ ਗਿਆ ਹੈ।
2019 ਵਿੱਚ, ਤੁਰਕੀ ਦੀ ਰਾਜਧਾਨੀ ਅੰਕਾਰਾ ਵਿੱਚ ਸਥਿਤ ਯੂਕਰੇਨੀ ਦੂਤਾਵਾਸ ਦੀ ਅਪੀਲ ‘ਤੇ, ਇਸਤਾਂਬੁਲ ਦੀ ਸੁਲੇਮਾਨੀ ਮਸਜਿਦ ਵਿੱਚ ਹੁਰੈਮ ਦੀ ਕਬਰ ‘ਤੇ ਲੱਗੀ ਤਖ਼ਤੀ ਤੋਂ ‘ਰੂਸੀ ਮੂਲ’ ਦਾ ਜ਼ਿਕਰ ਹਟਾ ਦਿੱਤਾ ਗਿਆ ਸੀ।
ਹੁਣ, ਤਖ਼ਤੀ ਉਨ੍ਹਾਂ ਦੀ ਪਛਾਣ ਇੱਕ ਯੂਕਰੇਨੀ ਔਰਤ ਵਜੋਂ ਕਰਦੀ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਹੁਰੈਮ ਦੀ ਕਹਾਣੀ ਅਜੇ ਵੀ ਜ਼ਿੰਦਾ ਹੈ ਅਤੇ ਉਨ੍ਹਾਂ ਦੀ ਪਛਾਣ ਅਜੇ ਵੀ ਇਤਿਹਾਸ ਅਤੇ ਰਾਜਨੀਤੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।

ਹੁਰੈਮ ਵੱਲੋਂ ਕੀਤੇ ਗਏ ਕੰਮ
ਹੁਰੈਮ ਦਾ ਪ੍ਰਭਾਵ ਸਿਰਫ਼ ਹਰਮ ਤੱਕ ਸੀਮਤ ਨਹੀਂ ਸੀ। ਦਰਅਸਲ, ਲੋਕ ਅਜੇ ਵੀ ਉਨ੍ਹਾਂ ਦੇ ਕੀਤੇ ਕੰਮ ਨੂੰ ਯਾਦ ਕਰਦੇ ਹਨ।
ਉਨ੍ਹਾਂ ਨੇ ਇਸਤਾਂਬੁਲ ਅਤੇ ਯੇਰੂਸ਼ਲਮ (ਜੋ ਉਸ ਸਮੇਂ ਓਟੋਮਨ ਸਾਮਰਾਜ ਦਾ ਹਿੱਸਾ ਸਨ) ਵਿੱਚ ਮਸਜਿਦਾਂ, ਲੰਗਰ ਅਤੇ ਚੈਰੀਟੇਬਲ ਸੰਸਥਾਵਾਂ ਬਣਾਈਆਂ ਸਨ।
ਇਸਤਾਂਬੁਲ ਦਾ ਹਾਸੇਕੀ ਇਲਾਕਾ ਅਜੇ ਵੀ ਉਨ੍ਹਾਂ ਦੇ ਨਾਮ ਉੱਤੇ ਹੈ।
ਇਤਿਹਾਸਕ ਰਿਕਾਰਡਾਂ ਅਨੁਸਾਰ, ਹੁਰੈਮ ਸੁਲਤਾਨ ਦੀ ਮੌਤ 15 ਅਪ੍ਰੈਲ 1558 ਨੂੰ ਇਸਤਾਂਬੁਲ ਵਿੱਚ ਹੋਈ ਸੀ। ਉਨ੍ਹਾਂ ਨੂੰ ਸੁਲੇਮਾਨੀਆ ਮਸਜਿਦ ਵਿੱਚ ਦਫ਼ਨਾਇਆ ਗਿਆ।
ਬਾਅਦ ਵਿੱਚ, ਸੁਲਤਾਨ ਸੁਲੇਮਾਨ ਨੇ ਉਨ੍ਹਾਂ ਦੀ ਕਬਰ ਉੱਤੇ ਇੱਕ ਮਕਬਰਾ ਵੀ ਬਣਵਾਇਆ ਸੀ।
ਭਾਵੇਂ ਉਨ੍ਹਾਂ ਦੀ ਮੌਤ ਗਈ ਹੋਵੇ ਪਰ ਉਨ੍ਹਾਂ ਨਾਲ ਜੁੜੀਆਂ ਕਹਾਣੀਆਂ ਅਤੇ ਰਹੱਸ ਅੱਜ ਵੀ ਖ਼ਤਮ ਨਹੀਂ ਹੋਏ ਹਨ।
ਭਾਵੇਂ ਉਹ ਇੱਕ ਰੂਥੇਨੀਅਨ ਕੈਦੀ ਸੀ ਜਾਂ ਇੱਕ ਅਮੀਰ ਇਤਾਲਵੀ ਔਰਤ ਸੀ ਜਾਂ ਇੱਕ ਔਰਤ ਜਿਸ ਨੂੰ ਸੱਤਾ ਵਿੱਚ ਬੈਠੇ ਲੋਕਾਂ ਦੁਆਰਾ ਗ਼ਲਤ ਸਮਝਿਆ ਗਿਆ ਸੀ।
ਹੁਰੈਮ ਸੁਲਤਾਨ ਅਜੇ ਵੀ ਓਟੋਮਨ ਇਤਿਹਾਸ ਦੀਆਂ ਸਭ ਤੋਂ ਰਹੱਸਮਈ ਅਤੇ ਦਿਲਚਸਪ ਸ਼ਖਸੀਅਤਾਂ ਵਿੱਚੋਂ ਇੱਕ ਹੈ, ਜਿਨ੍ਹਾਂ ਦਾ ਨਾਮ ਵਿਸ਼ਵ ਇਤਿਹਾਸ ਵਿੱਚ ਵੀ ਵਿਸ਼ੇਸ਼ ਮਹੱਤਵ ਰੱਖਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI