Source :- BBC PUNJABI
- ਲੇਖਕ, ਜਸਪਾਲ ਸਿੰਘ
- ਰੋਲ, ਬੀਬੀਸੀ ਪੱਤਰਕਾਰ
-
31 ਜੁਲਾਈ 2023
ਅਪਡੇਟ 42 ਮਿੰਟ ਪਹਿਲਾਂ
ਸਾਲ 1933 ਚੱਲ ਰਿਹਾ ਸੀ, ਥਾਂ ਅਣਵੰਡੇ ਪੰਜਾਬ ਦਾ ਮੁੱਖ ਸ਼ਹਿਰ ਲਾਹੌਰ ਸੀ। ਉਦੈ ਸਿੰਘ, ਸ਼ੇਰ ਸਿੰਘ ਤੇ ਫਰੈਂਕ ਬ੍ਰਾਜ਼ੀਲ ਦੇ ਨਾਂ ਨਾਲ ਜਿਸ ਵਿਅਕਤੀ ਨੂੰ ਅਜੇ ਤੱਕ ਬਰਤਾਨਵੀਂ ਪੁਲਿਸ ਤੇ ਖੂਫ਼ੀਆ ਏਜੰਸੀਆਂ ਜਾਣਦੀਆਂ ਸਨ, ਹੁਣ ਉਸ ਦਾ ਨਾਂ ਪਾਸਪੋਰਟ ਵਿੱਚ ਊਧਮ ਸਿੰਘ ਦਰਜ ਹੋ ਗਿਆ ਸੀ।
ਇਸ ਜਾਅਲੀ ਬਰਤਾਨਵੀਂ ਪਾਸਪੋਰਟ ਉੱਤੇ ਦਸਤਖ਼ਤ ਊਧਮ ਸਿੰਘ ਦੇ ਨਾਂ ਨਾਲ ਕੀਤੇ ਗਏ ਸਨ ਤੇ ਉਸ ਦਾ ਨੰਬਰ ਸੀ 52753।
ਪੁਲਿਸ ਰਿਕਾਰਡ ਵਿੱਚ ਉਦੈ ਸਿੰਘ ਦੇ ਨਾਮ ਨਾਲ ਦਰਜ ਵਿਅਕਤੀ ਹੁਣ ਊਧਮ ਸਿੰਘ ਬਣ ਗਿਆ ਸੀ। ਇਸ ਪਾਸਪੋਰਟ ਨੂੰ ਹਾਸਲ ਕਰਨ ਪਿੱਛੇ ਊਧਮ ਸਿੰਘ ਦਾ ਮਕਸਦ ਪੁਲਿਸ ਦੀਆਂ ਨਜ਼ਰਾਂ ਤੋਂ ਬਚ ਕੇ ਭਾਰਤ ਤੋਂ ਬਾਹਰ ਜਾਣਾ ਸੀ।
ਇਹ ਜਾਣਕਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਇਤਿਹਾਸ ਦੇ ਪ੍ਰੋਫੈਸਰ, ਡਾ. ਨਵਤੇਜ ਸਿੰਘ ਨੇ ਆਪਣੀ ਕਿਤਾਬ ‘ਸ਼ਹੀਦ ਊਧਮ ਸਿੰਘ ਦੀ ਜੀਵਨ ਗਾਥਾ’ ਵਿੱਚ ਦਰਜ ਕੀਤੀ ਹੈ।
ਇਸੇ ਜਾਣਕਾਰੀ ਨੂੰ ਗਵਰਨਮੈਂਟ ਕੀਰਤੀ ਕਾਲਜ ਨਿਆਲ-ਪਾਤੜ੍ਹਾਂ, ਪਟਿਆਲਾ ਵਿੱਚ ਇਤਿਹਾਸ ਵਿਭਾਗ ਦੇ ਮੁਖੀ ਰਹੇ ਪ੍ਰਫੈਸਰ ਸਿਕੰਦਰ ਸਿੰਘ ਨੇ ਆਪਣੀ ਕਿਤਾਬ ‘ਏ ਸਾਗਾ ਆਫ ਫ੍ਰੀਡਮ ਮੂਵਮੈਂਟ ਐਂਡ ਜਲ੍ਹਿਆਂਵਾਲਾ ਬਾਗ’ ਵਿੱਚ ਲਿਖਿਆ ਹੈ।
ਦੋਵਾਂ ਨੇ ਆਪਣੀ ਕਿਤਾਬ ਵਿੱਚ ਬਰਤਾਨਵੀਂ ਸਰਕਾਰ ਦੇ ਰਿਕਾਰਡਜ਼ ਦਾ ਹਵਾਲਾ ਦਿੱਤਾ ਹੈ।
ਇਹ ਉਹੀ ਊਧਮ ਸਿੰਘ ਸੀ ਜਿਸ ਨੇ 13 ਮਾਰਚ, 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿਖੇ ਕਦੇ ਪੰਜਾਬ ਦੇ ਲੈਫੀਟੀਨੈਂਟ ਗਵਰਨਰ ਰਹੇ ਮਾਇਕਲ ਓਡਵਾਇਰ ਦਾ ਕਤਲ ਕੀਤਾ ਸੀ।
ਇਹ ਮੰਨਿਆ ਜਾਂਦਾ ਹੈ ਕਿ ਊਧਮ ਸਿੰਘ ਨੇ ਮਾਈਕਲ ਓਡਵਾਇਰ ਦਾ ਕਤਲ 1919 ਵਿੱਚ ਅੰਮ੍ਰਿਤਸਰ ਵਿੱਚ ਹੋਏ ਜਲ੍ਹਿਆਂਵਾਲਾ ਬਾਂਗ ਕਤਲ ਕਾਂਡ ਦਾ ਬਦਲਾ ਲੈਣ ਤੇ ਭਾਰਤ ਵਿੱਚ ਤਤਕਾਲੀ ਬਰਤਾਨਵੀਂ ਰਾਜ ਦਾ ਵਿਰੋਧ ਦਰਜ ਕਰਵਾਉਣ ਲਈ ਕੀਤਾ ਸੀ।
ਡਾ. ਨਵਤੇਜ ਨੇ ਬ੍ਰਿਟਿਸ਼ ਰਿਕਾਰਡਜ਼ ਦਾ ਹਵਾਲਾ ਦੇ ਕੇ ਊਧਮ ਸਿੰਘ ਦਾ ਬਿਆਨ ਆਪਣੀ ਕਿਤਾਬ ਵਿੱਚ ਦਰਜ ਕੀਤਾ ਹੈ ਜਿਸ ਵਿੱਚ ਉਹ ਬਰਤਾਨਵੀਂ ਰਾਜ ਖਿਲਾਫ਼ ਵਿਰੋਧ ਦਰਜ ਕਰਵਾਉਣ ਨੂੰ ਸਭ ਤੋਂ ਅਹਿਮ ਕਾਰਨ ਦੱਸਦਾ ਹੈ।
ਊਧਮ ਸਿੰਘ ਨੇ ਆਪਣੇ ਜੀਵਨ ਵਿੱਚ ਕਈ ਨਾਮ ਬਦਲੇ, ਕਈ ਦੇਸਾਂ ਦੀਆਂ ਯਾਤਰਾਵਾਂ ਕੀਤੀਆਂ ਤੇ ਕਈ ਤਰੀਕੇ ਦੇ ਪੇਸ਼ੇ ਵੀ ਅਪਣਾਏ।
ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਇਸ ਅਹਿਮ ਤੱਥ ਦੇ ਇਤਿਹਾਸਕ ਹਵਾਲਿਆਂ ਨਾਲ ਰੂਬਰੂ ਕਰਵਾ ਰਹੇ ਹਾਂ ਕਿ ਊਧਮ ਸਿੰਘ ਨੇ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ। ਇਸ ਬਾਰੇ ਦਾਅਵੇ ਕਈ ਕੀਤੇ ਜਾਂਦੇ ਹਨ ਪਰ ਕਿਹੜੇ ਦਸਤਾਵੇਜ਼ੀ ਸਬੂਤ ਮੌਜੂਦ ਹਨ, ਇਸ ਬਾਰੇ ਅਸੀਂ ਤੁਹਾਨੂੰ ਦੱਸਾਂਗੇ।
ਇਸ ਦੇ ਨਾਲ ਹੀ ਊਧਮ ਸਿੰਘ ਦੀ ਸ਼ਖਸ਼ੀਅਤ ਦੇ ਕੁਝ ਖਾਸ ਪਹਿਲੂਆਂ ਬਾਰੇ ਵੀ ਚਰਚਾ ਕਰਾਂਗੇ।
ਊਧਮ ਸਿੰਘ ਨੇ ਫਿਲਮਾਂ ਵਿੱਚ ਕੰਮ ਕੀਤਾ
ਡਾ. ਨਵਤੇਜ ਅਨੁਸਾਰ 1934 ਵਿੱਚ ਕਿਸੇ ਵੇਲੇ ਊਧਮ ਸਿੰਘ ਬ੍ਰਿਟੇਨ ਪਹੁੰਚ ਗਏ ਸਨ।
ਉਹ ਅੱਗੇ ਦੱਸਦੇ ਹਨ, “ਊਧਮ ਸਿੰਘ ਪਹਿਲਾਂ ਇਟਲੀ ਪਹੁੰਚੇ ਜਿੱਥੇ ਉਹ 3-4 ਮਹੀਨੇ ਰਹੇ। ਫਿਰ ਫਰਾਂਸ, ਸਵਿੱਟਰਜ਼ਰਲੈਂਡ ਤੇ ਆਸਟ੍ਰੀਆ ਹੁੰਦੇ ਹੋਏ ਉਹ 1934 ਦੇ ਆਖੀਰ ਵਿੱਚ ਇੰਗਲੈਂਡ ਪਹੁੰਚੇ।”
“1936 ਤੋਂ 1937 ਦੇ ਵਿਚਾਲੇ ਊਧਮ ਸਿੰਘ ਨੇ ਰੂਸ, ਪੋਲੈਂਡ, ਲਤਵੀਆ ਤੇ ਇਸਟੋਨੀਆ ਘੁੰਮਿਆ ਤੇ 1937 ਵਿੱਚ ਇੰਗਲੈਂਡ ਵਾਪਸ ਆ ਗਏ।”
ਊਧਮ ਸਿੰਘ ਉੱਤੇ 4 ਕਿਤਾਬਾਂ ਤੇ ਇੱਕ ਨਾਟਕ ਲਿਖ ਚੁੱਕੇ ਰਾਕੇਸ਼ ਕੁਮਾਰ ਅਨੁਸਾਰ ਊਧਮ ਸਿੰਘ ਨੇ ਆਪਣੇ ਜੀਵਨ ਵਿੱਚ ਕਰੀਬ 18 ਦੇਸਾਂ ਦੀ ਯਾਤਰਾ ਕੀਤੀ ਹੈ। ਉਨ੍ਹਾਂ ਮੁਤਾਬਕ ਊਧਮ ਸਿੰਘ ਨੇ ਉਨ੍ਹਾਂ ਦੇਸਾਂ ਦੀ ਯਾਤਰਾ ਖਾਸਕਰ ਕੀਤੀ ਹੈ ਜਿੱਥੇ ਗਦਰ ਪਾਰਟੀ ਨਾਲ ਜੁੜੇ ਲੋਕ ਵਸਦੇ ਸੀ।
ਬੀਤੇ ਕੁਝ ਸਾਲਾਂ ਵਿੱਚ ਕਈ ਫਿਲਮਾਂ ਦੇ ਕਲਿੱਪ ਸੋਸ਼ਲ ਮੀਡੀਆ ਉੱਤੇ ਚਰਚਾ ਵਿੱਚ ਆਏ। ਇਨ੍ਹਾਂ ਵੀਡੀਓਜ਼ ਬਾਰੇ ਇਹ ਇਹ ਦਾਅਵਾ ਕੀਤਾ ਗਿਆ ਕਿ ਇਨ੍ਹਾਂ ਫਿਲਮਾਂ ਵਿੱਚ ਊਧਮ ਸਿੰਘ ਨੇ ਕੰਮ ਕੀਤਾ ਹੈ।
ਇਸ ਦੀ ਤਸਦੀਕ ਕਰਨ ਲਈ ਅਸੀਂ ਬ੍ਰਿਟੇਨ ਤੇ ਭਾਰਤ ਵਿੱਚ ਇਤਿਹਾਸ ਅਤੇ ਖਾਸਕਰ ਊਧਮ ਸਿੰਘ ਬਾਰੇ ਰਿਸਰਚ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਕਿਤਾਬਾਂ ਤੋਂ ਵੀ ਹਵਾਲੇ ਲਏ।
ਸਾਰਿਆਂ ਸਰੋਤਾਂ ਤੋਂ ਇਹ ਗੱਲ ਤਾਂ ਸਾਫ ਹੋ ਗਈ ਕਿ ਊਧਮ ਸਿੰਘ ਨੇ ਬ੍ਰਿਟੇਨ ਵਿੱਚ ਕੁਝ ਫਿਲਮਾਂ ਵਿੱਚ ਕੰਮ ਕੀਤਾ ਸੀ।
ਬ੍ਰਿਟੇਨ ਵਿੱਚ ਮਹਾਰਾਜਾ ਦਲੀਪ ਸਿੰਘ ਤੇ ਪੰਜਾਬ ਅਤੇ ਸਿੱਖਾਂ ਨਾਲ ਜੁੜੇ ਇਤਿਹਾਸ ਬਾਰੇ ਪੀਟਰ ਬੈਂਸ ਰਿਸਰਚ ਕਰਦੇ ਹਨ।
ਪੀਟਰ ਦੱਸਦੇ ਹਨ, “ਸਾਲ 2004 ਵਿੱਚ ਮੈਂ ਆਪਣੀ ਕਿਤਾਬ ਲਿਖੀ ਸੀ ਜਿਸ ਦਾ ਨਾਂ ਸੀ, ‘ਸਿਖਸ ਇਨ ਬ੍ਰਿਟੇਨ’। ਉਸ ਵੇਲੇ ਮੈਂ ਬ੍ਰਿਟੇਨ ਵਿੱਚ ਰਹਿੰਦੇ ਕਈ ਪੰਜਾਬੀ ਪਰਿਵਾਰਾਂ ਨੂੰ ਮਿਲਿਆ ਸੀ। ਉਨ੍ਹਾਂ ਵਿੱਚੋਂ ਕੁਝ ਬਜ਼ੁਰਗ ਅਜਿਹੇ ਵੀ ਸਨ ਜਿਨ੍ਹਾਂ ਦੀ ਮੁਲਾਕਾਤ ਊਧਮ ਸਿੰਘ ਨਾਲ ਹੋਈ ਸੀ।”
“ਉਨ੍ਹਾਂ ਨੇ ਮੈਨੂੰ ਦੱਸਿਆ ਸੀ ਕਿ 1930ਵਿਆਂ ਵਿੱਚ ਬ੍ਰਿਟੇਨ ਵਿੱਚ ਰਹਿਣ ਵਾਲੇ ਕਈ ਪੰਜਾਬੀ ਫਿਲਮਾਂ ਵਿੱਚ ਛੋਟੇ-ਮੋਟੇ ਰੋਲ ਕਰਦੇ ਸਨ।”
“ਬ੍ਰਿਟੇਨ ਵਿੱਚ ਖਾਲਸਾ ਜੱਥਾ ਇੱਕ ਕਾਫੀ ਪੁਰਾਣਾ ਸਿੱਖ ਗੁਰਦੁਆਰਾ ਸਾਹਿਬ ਹੈ। ਇਸ ਨੂੰ ਉਸ ਵੇਲੇ ਪਟਿਆਲਾ ਦੇ ਮਹਾਰਾਜਾ, ਮਹਾਰਾਜਾ ਭੁਪਿੰਦਰ ਸਿੰਘ ਦੀ ਮਦਦ ਨਾਲ ਉਸਾਰਿਆ ਗਿਆ ਸੀ ਤੇ ਇਸ ਦਾ ਨਾਂ ‘ਮਹਾਰਾਜਾ ਭੁਪਿੰਦਰ ਸਿੰਘ ਧਰਮਸ਼ਾਲਾ’ ਰੱਖਿਆ ਗਿਆ ਸੀ।”
“ਫਿਲਮ ਕੰਪਨੀਆਂ ਸਿੱਧਾ ਖ਼ਾਲਸਾ ਜੱਥਾ ਨਾਲ ਸੰਪਰਕ ਕਰਦੀਆਂ ਸਨ ਤੇ ਜੱਥੇ ਵਾਲੇ ਫਿਲਮ ਕੰਪਨੀਆਂ ਨੂੰ ਭੀੜ ਦਾ ਰੋਲ ਕਰਨ ਲਈ ਅਤੇ ਹੋਰ ਕਿਰਦਾਰਾਂ ਦਾ ਰੋਲ ਨਿਭਾਉਣ ਲਈ ਭਾਰਤੀ ਲੋਕ ਭੇਜਦੇ ਸਨ।”
“ਇਨ੍ਹਾਂ ਵਿੱਚੋਂ ਆਸਾ ਸਿੰਘ ਗਰੇਵਾਲ ਤੇ ਬੱਬੂ ਸਿੰਘ ਬੈਂਸ ਕਈ ਫਿਲਮਾਂ ਵਿੱਚ ਨਜ਼ਰ ਆਏ ਸਨ। ਉਸੇ ਤਰ੍ਹਾਂ ਊਧਮ ਸਿੰਘ ਨੇ ਵੀ ਕੁਝ ਫਿਲਮਾਂ ਵਿੱਚ ਕੰਮ ਕੀਤਾ ਹੈ।”
ਫਿਲਮਾਂ ‘ਚ ਭੀੜ ਦੇ ਹਿੱਸੇ ਵਜੋਂ ਨਜ਼ਰ ਆਏ
ਰੌਜਰ ਪਰਕਿੰਸ ਨੇ ਬੀਤੇ 40 ਸਾਲਾਂ ਵਿੱਚ ਬਰਤਾਨਵੀਂ ਫੌਜ ਤੇ ਸਮੁੰਦਰੀ ਫੌਜ ਦੇ ਇਤਿਹਾਸ ਉੱਤੇ ਕਈ ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਨੇ ਜਲ੍ਹਿਆਂਵਾਲੇ ਬਾਗ ਦੇ ਕਤਲ ਕਾਂਡ ਅਤੇ ਊਧਮ ਸਿੰਘ ਵੱਲੋਂ ਕੀਤੇ ਮਾਇਕਲ ਓਡਵਾਇਰ ਦੇ ਕਤਲ ਉੱਤੇ ਇੱਕ ਕਿਤਾਬ ਲਿਖੀ ਹੈ।
ਉਸ ਕਿਤਾਬ ਦਾ ਨਾਂ ਹੈ, ‘ਦਿ ਅੰਮ੍ਰਿਤਸਰ ਲੈਗੇਸੀ’। 1989 ਵਿੱਚ ਛਪੀ ਇਸ ਕਿਤਾਬ ਵਿੱਚ ਊਧਮ ਸਿੰਘ ਦੇ ਫਿਲਮਾਂ ਵਿੱਚ ਕੰਮ ਕਰਨ ਬਾਰੇ ਜ਼ਿਕਰ ਹੈ।
ਰੌਜਰਸ ਲਿਖਦੇ ਹਨ, “ਹੰਗਰੀ ਦੇ ਰਹਿਣ ਵਾਲੇ ਪੱਤਰਕਾਰ ਤੇ ਫਿਲਮ ਪ੍ਰੋਡੀਊਸਰ ਐਲਕਸਜ਼ੈਂਡਰ ਕੋਰਡਾ ਨੇ ਡੈਨਹੈਮ ਵਿੱਚ ਆਪਣਾ ਸਟੂਡੀਓ ਸਥਾਪਿਤ ਕੀਤਾ ਸੀ।”
“1930ਵਿਆਂ ਵਿੱਚ ਉਨ੍ਹਾਂ ਨੇ ਦੋ ਫਿਲਮਾਂ ਅਜਿਹੀਆਂ ਬਣਾਈਆਂ ਸਨ ਜਿਨ੍ਹਾਂ ਵਿੱਚ ਗੈਰ-ਯੂਰਪੀ ਸਹਾਇਕ ਕਲਾਕਾਰਾਂ ਦੀ ਲੋੜ ਸੀ।”
“ਊਧਮ ਸਿੰਘ ਨੇ ‘ਸਾਬੂ ਦਿ ਐਲੀਫੈਂਟ ਬੁਆਏ’ ਤੇ ‘ਦਿ ਫੋਰ ਫੈਦਰਜ਼’ ਵਿੱਚ ਸਹਾਇਕ ਕਲਾਕਾਰ ਵਜੋਂ ਕੰਮ ਕੀਤਾ ਸੀ। ਉਹ ਇਨ੍ਹਾਂ ਵੀਡੀਓਜ਼ ਵਿੱਚ ਭੀੜ ਦੇ ਹਿੱਸੇ ਵਜੋਂ ਨਜ਼ਰ ਆਏ ਸਨ।”
ਰੋਜ਼ਰਸ ਅਨੁਸਾਰ ਇਹ ਉਮੀਦ ਨਹੀਂ ਹੈ ਕਿ ਇਸ ਤਰ੍ਹਾਂ ਫਿਲਮਾਂ ਵਿੱਚ ਕੰਮ ਕਰਕੇ ਉਹ ਕੋਈ ਚੰਗਾ ਪੈਸਾ ਕਮਾਉਂਦੇ ਹੋਣਗੇ।
ਪੀਟਰ ਬੈਂਸ ਕਹਿੰਦੇ ਹਨ ਕਿ ਉਹ ਅਦਾਕਾਰ ਆਸਾ ਸਿੰਘ ਗਰੇਵਾਲ ਦੇ ਪੁੱਤਰ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ ਜਿਨ੍ਹਾਂ ਨੇ ਆਪਣੇ ਪਿਤਾ ਤੇ ਊਧਮ ਸਿੰਘ ਦੇ ਫਿਲਮਾਂ ਵਿੱਚ ਕੰਮ ਕਰਨ ਦੀ ਪੁਸ਼ਟੀ ਕੀਤੀ ਸੀ।
ਡਾ. ਨਵਤੇਜ ਸਿੰਘ ਨੇ ਵੀ ਆਪਣੀ ਕਿਤਾਬ ਵਿੱਚ ਊਧਮ ਸਿੰਘ ਦਾ ਡੈਨਹਮ ਸਟੂਡੀਓਜ਼ ਲਈ ਫਿਲਮਾਂ ਕਰਨ ਦਾ ਜ਼ਿਕਰ ਕੀਤਾ ਹੈ।
ਅਜੇ ਕਿਸ਼ੋਰ ਬ੍ਰਿਟੇਨ ਵਿੱਚ ਰਹਿੰਦੇ ਹਨ ਤੇ ਊਧਮ ਸਿੰਘ ਦੇ ਬਾਰੇ ਉਨ੍ਹਾਂ ਕਾਫੀ ਰਿਸਰਚ ਦਾ ਕੰਮ ਕੀਤਾ ਹੈ। ਅਜੇ ਨੇ ਊਧਮ ਸਿੰਘ ਨਾਲ ਜੁੜੀਆਂ ਕਈ ਪੁਰਾਣੀਆਂ ਤਤਕਾਲੀ ਅਖ਼ਬਾਰਾਂ ਦੀਆਂ ਖ਼ਬਰਾਂ ਸਾਂਭ ਕੇ ਰੱਖੀਆਂ ਹਨ।
ਕੁਝ ਵਕਤ ਪਹਿਲਾਂ ਉਨ੍ਹਾਂ ਨੂੰ ਇੱਕ ਅਜਿਹੀ ਅਖ਼ਬਾਰ ਦੀ ਕਟਿੰਗ ਮਿਲੀ ਹੈ ਜਿਸ ਵਿੱਚ ਊਧਮ ਸਿੰਘ ਦੀ 1938 ਵਿੱਚ ਹੋਈ ਗ੍ਰਿਫ਼ਤਾਰੀ ਦੀ ਖ਼ਬਰ ਸੀ।
ਡਾ. ਨਵਤੇਜ ਇਸ ਘਟਨਾ ਬਾਰੇ ਜ਼ਿਕਰ ਕਰਦੇ ਹਨ ਕਿ ਊਧਮ ਸਿੰਘ ਤੇ ਉਸ ਦੇ ਇੱਕ ਸਾਥੀ ਉੱਤੇ ਇੱਕ ਵਿਅਕਤੀ ਨੂੰ ਧਮਕੀ ਦੇ ਕੇ ਪੈਸੇ ਮੰਗਣ ਦਾ ਇਲਜ਼ਾਮ ਲਗਿਆ ਸੀ।
ਇਸ ਮਾਮਲੇ ਵਿੱਚ ਜੂਰੀ ਦੇ ਸਹਿਮਤ ਨਾ ਹੋਣ ਕਾਰਨ ਊਧਮ ਸਿੰਘ ਨੂੰ ਰਿਹਾਅ ਕਰ ਦਿੱਤਾ ਗਿਆ ਸੀ।
ਉਸੇ ਖ਼ਬਰ ਨੂੰ ਲਿਖਣ ਵੇਲੇ ਊਧਮ ਸਿੰਘ ਦੀ ਪਛਾਣ ਬਾਰੇ ਦੱਸਦੇ ਹੋਏ ਇਹ ਅੰਕਿਤ ਕੀਤਾ ਗਿਆ ਸੀ ਕਿ ਊਧਮ ਸਿੰਘ ਨੇ ‘ਦਿ ਡ੍ਰਮ’ ਫਿਲਮ ਵਿੱਚ ਕੰਮ ਕੀਤਾ ਸੀ।
ਇਸ ਤਰ੍ਹਾਂ ‘ਦਿ ਐਲੀਫੈਂਟ ਬੁਆਏ’ ਦੀਆਂ ਕੁਝ ਕਲਿੱਪਾਂ ਨੂੰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾਂਦਾ ਹੈ ਕਿ ਇਨ੍ਹਾਂ ਕਲਿੱਪਾਂ ਵਿੱਚ ਊਧਮ ਸਿੰਘ ਹੈ।
ਊਧਮ ਸਿੰਘ ਬਾਰੇ ਮੁੱਖ ਗੱਲਾਂ:
- ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਵਿਖੇ ਹੋਇਆ ਸੀ
- 13 ਮਾਰਚ, 1940 ਨੂੰ ਲੰਡਨ ਦੇ ਕੈਕਸਟਨ ਹਾਲ ’ਚ ਮਾਇਕਲ ਓਡਵਾਇਰ ਦਾ ਕਤਲ ਕੀਤਾ ਸੀ
- ਊਧਮ ਸਿੰਘ ਨੇ ਜੀਵਨ ‘ਚ ਕਈ ਨਾਂ ਬਦਲੇ, ਕਈ ਦੇਸਾਂ ਦੀ ਯਾਤਰਂ ਕੀਤੀ ਤੇ ਕਈ ਤਰੀਕੇ ਦੇ ਪੇਸ਼ੇ ਵੀ ਅਪਣਾਏ
- ਸਰੋਤਾਂ ਤੋਂ ਇਹ ਗੱਲ ਤਾਂ ਸਾਫ ਹੋ ਗਈ ਕਿ ਊਧਮ ਸਿੰਘ ਨੇ ਬ੍ਰਿਟੇਨ ਵਿੱਚ ਕੁਝ ਫਿਲਮਾਂ ਵਿੱਚ ਕੰਮ ਕੀਤਾ ਸੀ
- 31 ਜੁਲਾਈ 1940 ਨੂੰ ਸਵੇਰੇ ਨੌ ਵਜੇ ਊਧਮ ਸਿੰਘ ਨੂੰ ਪੈਂਟਨਵਿਲ ਜੇਲ੍ਹ ਵਿੱਚ ਫ਼ਾਂਸੀ ਦੇ ਦਿੱਤੀ ਗਈ
ਕਈ ਕਲਿੱਪਾਂ ਬਾਰੇ ‘ਪੁਸ਼ਟੀ’ ਹੋਈ
ਇਹ ਤਾਂ ਸਾਰੇ ਇਤਿਹਾਸਕਾਰਾਂ ਨੇ ਮੰਨਿਆ ਹੈ ਕਿ ਊਧਮ ਸਿੰਘ ਨੇ ‘ਦਿ ਐਲੀਫੈਂਟ ਬੁਆਏ’ ਵਿੱਚ ਕੰਮ ਕੀਤਾ ਹੈ ਪਰ ਕਲਿੱਪਾਂ ਬਾਰੇ ਦਾਅਵਿਆਂ ’ਤੇ ਉਨ੍ਹਾਂ ਦੀ ਵੱਖ-ਵੱਖ ਰਾਇ ਹੈ।
ਅਜੇ ਕਿਸ਼ੋਰ ਨੇ ਵੀ ਕੁਝ ਕਲਿੱਪਾਂ ਆਪਣੇ ਇੰਸਟਾਗ੍ਰਾਮ ਐਕਾਊਂਟ ਉੱਤੇ ਸਾਂਝੀ ਕੀਤੀਆਂ ਹਨ। ਅਜੇ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਫਿਲਮ ਦੇ ਹਰ ਫਰੇਮ ਨੂੰ ਸਹੀ ਤਰ੍ਹਾਂ ਪਰਖ ਕੇ ਉਨ੍ਹਾਂ ਕਲਿੱਪਾਂ ਦੀ ਚੋਣ ਕੀਤੀ ਹੈ ਜਿਸ ਵਿੱਚ ਉਨ੍ਹਾਂ ਮੁਤਾਬਕ ਊਧਮ ਸਿੰਘ ਨਜ਼ਰ ਆ ਰਹੇ ਹਨ।
ਪਰ ਕਈ ਇਤਿਹਾਸਕਾਰ ਇਸ ਗੱਲ ਤੋਂ ਇਤਫ਼ਾਕ ਨਹੀਂ ਰੱਖਦੇ ਹਨ ਤੇ ਵੀਡੀਓ ਕਲਿੱਪਸ ਦੀ ਵਿਗਿਆਨਿਕ ਜਾਂਚ ਦੀ ਗੱਲ ਕਰਦੇ ਹਨ।
ਰਾਕੇਸ਼ ਕੁਮਾਰ ਕਹਿੰਦੇ ਹਨ ਕਿ ਇਸ ਬਾਰੇ ਅਜੇ ਵਿਗਿਆਨਕ ਜਾਂਚ ਹੋਣੀ ਚਾਹੀਦੀ ਹੈ ਕਿ ਕਿਹੜੇ ਸੀਨ ਵਿੱਚ ਊਧਮ ਸਿੰਘ ਨਜ਼ਰ ਆ ਰਹੇ ਹਨ।
ਊਧਮ ਸਿੰਘ ਨੇ ਕਈ ਨਾਮ ਬਦਲੇ
ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਵਿਖੇ ਹੋਇਆ ਸੀ। ਜਨਮ ਦੀ ਤਰੀਖ ਤੇ ਸਾਲ ਬਾਰੇ ਵੱਖ-ਵੱਖ ਰਾਇ ਜ਼ਰੂਰ ਹੈ ਪਰ ਜ਼ਿਆਦਾਤਰ ਇਤਿਹਾਸਕਾਰਾਂ ਦੀ ਰਾਇ ਇਸੇ ਤਰੀਖ ਤੇ ਸਾਲ ਲਈ ਬਣਦੀ ਹੈ। ਡਾ. ਨਵਤੇਜ ਨੇ ਵੀ ਇਹੀ ਤਰੀਖ ਲਿਖੀ ਹੈ।
ਊਧਮ ਸਿੰਘ ਦਾ ਪਹਿਲਾ ਨਾਮ ਸ਼ੇਰ ਸਿੰਘ ਸੀ। ਊਧਮ ਸਿੰਘ ਦੀ ਮਾਤਾ ਦਾ ਨਾਂ ਨਰੈਣੀ ਸੀ ਤੇ ਪਿਤਾ ਦਾ ਨਾਂ ਚੂਹੜ ਰਾਮ ਸੀ। ਮਾਤਾ ਪਿਤਾ ਦੀ ਬਚਪਨ ਵਿੱਚ ਹੀ ਮੌਤ ਮਗਰੋਂ ਜਦੋਂ ਊਧਮ ਸਿੰਘ ਨੂੰ ਅੰਮ੍ਰਿਤਸਰ ਦੇ ਖਾਲਸਾ ਯਤੀਮ ਘਰ ਵਿੱਚ ਰਹਿਣਾ ਪਿਆ ਤਾਂ ਉੱਥੇ ਵੀ ਨਾਂ ਸ਼ੇਰ ਸਿੰਘ ਹੀ ਲਿਖਿਆ ਹੋਇਆ ਹੈ। ਇਸ ਦੀ ਤਸਦੀਕ ਡਾ. ਨਵਤੇਜ ਸਿੰਘ ਨੇ ਕੀਤੀ ਹੈ।
ਇਸ ਮਗਰੋਂ ਊਧਮ ਸਿੰਘ ਨੇ ਕਈ ਵਾਰ ਆਪਣੇ ਨਾਂ ਬਦਲੇ ਸਨ।
ਰਾਕੇਸ਼ ਕੁਮਾਰ ਇਸ ਬਾਰੇ ਕਹਿੰਦੇ ਹਨ, “ਬਚਪਨ ਵਿੱਚ ਤਾਂ ਉਨ੍ਹਾਂ ਦਾ ਨਾਂ ਸ਼ੇਰ ਸਿੰਘ ਸੀ ਪਰ ਜਦੋਂ 1927 ਵਿੱਚ ਅੰਮ੍ਰਿਤਸਰ ਵਿੱਚ ਊਧਮ ਸਿੰਘ ਗ੍ਰਿਫ਼ਤਾਰ ਹੋਏ ਤਾਂ ਉਨ੍ਹਾਂ ਦੇ ਦੋ ਨਾਂ ਉਦੈ ਸਿੰਘ ਤੇ ਫਰੈਂਕ ਬ੍ਰਾਜ਼ੀਲ ਸਾਹਮਣੇ ਆਏ ਸੀ।”
“ਰਿਹਾਈ ਮਗਰੋਂ ਉਹ ਨਵੇਂ ਬ੍ਰਿਟਿਸ਼ ਪਾਸਪੋਰਟ ਨਾਲ ਊਧਮ ਸਿੰਘ ਬਣ ਗਏ। ਇਸ ਤੋਂ ਬਾਅਦ ਜਿਹੜੇ ਬ੍ਰਿਟੇਨ ਦੇ ਸਰਕਾਰੀ ਰਿਕਾਰਡ ਸਾਹਮਣੇ ਆਏ ਹਨ ਉਸ ਵਿੱਚ ਮੋਹਨ ਸਿੰਘ, ਯੂਐੱਸ ਸਿੱਧੂ, ਮੋਹਨ ਸਿੰਘ, ਯੂਐੱਸ ਅਜ਼ਾਦ, ਸਿੱਧੂ ਸਿੰਘ ਸ਼ਾਮਿਲ ਹਨ। ਇਸ ਦੇ ਨਾਲ ਹੀ ਜਦੋਂ ਉਹ 1940 ਵਿੱਚ ਕੈਕਸਟਨ ਹਾਲ ਵਿੱਚ ਮੌਕੇ ਉੱਤੇ ਓਡਵਾਇਰ ਦੇ ਕਤਲ ਮਗਰੋਂ ਗ੍ਰਿਫ਼ਤਾਰ ਹੋਏ ਸੀ ਤਾਂ ਉਨ੍ਹਾਂ ਨੇ ਆਪਣਾ ਨਾਂ ਮੁਹੰਮਦ ਸਿੰਘ ਅਜ਼ਾਦ ਦੱਸਿਆ ਸੀ।”
“ਇਸ ਮਗਰੋਂ ਜੇਲ੍ਹ ਤੋਂ ਜਿੰਨੀਆਂ ਵੀ ਚਿੱਠੀਆਂ ਲਿਖਿਆ ਸਨ ਉਹ ਮੁਹੰਮਦ ਸਿੰਘ ਅਜ਼ਾਦ ਦੇ ਨਾਂ ਜਾਂ ਦਸਤਖ਼ਤ ਹੇਠ ਲਿਖੀਆਂ ਸਨ। ਉਨ੍ਹਾਂ ਨੇ ਇੱਕ ਚਿੱਠੀ ਇਹ ਵੀ ਲਿਖੀ ਸੀ ਕਿ ਉਨ੍ਹਾਂ ਨੂੰ ਕਿਸੇ ਹੋਰ ਨਾਮ ਨਾਲ ਨਾ ਬੁਲਾਇਆ ਜਾਵੇ।”
‘ਊਧਮ ਸਿੰਘ ਭਗਤ ਸਿੰਘ ਤੋਂ ਪ੍ਰਭਾਵਿਤ ਸਨ’
ਇਤਿਹਾਸਕਾਰ ਪ੍ਰੋਫੈਸਰ ਚਮਨ ਲਾਲ ਕਹਿੰਦੇ ਹਨ, “ਊਧਮ ਸਿੰਘ ਇੱਕ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ। ਉਨ੍ਹਾਂ ਉੱਤੇ ਭਗਤ ਸਿੰਘ ਤੇ ਉਸ ਦੇ ਨਾਲ ਜੁੜੀ ਲਹਿਰ ਦਾ ਕਾਫ਼ੀ ਅਸਰ ਸੀ। ਊਧਮ ਸਿੰਘ ਭਗਤ ਸਿੰਘ ਵਰਗੇ ਲੇਖਕ ਨਹੀਂ ਸਨ।”
“ਰਿਕਾਰਡ ਵਿੱਚ ਮੌਜੂਦ ਉਨ੍ਹਾਂ ਦੀਆਂ ਚਿੱਠੀਆਂ ਜ਼ਿਆਦਾਤਰ ਨਿੱਜੀ ਪੱਧਰ ਦੀਆਂ ਲਿਖੀਆਂ ਸਨ ਪਰ ਕੁਝ ਚਿੱਠੀਆਂ ਵਿੱਚ ਸਿਆਸੀ ਗੱਲਾਂ ਦਾ ਵੀ ਜ਼ਿਕਰ ਸੀ।”
“ਊਧਮ ਸਿੰਘ ਨੂੰ ਆਪਣੀ ਗੱਲ ਜ਼ੋਰਦਾਰ ਤਰੀਕੇ ਨਾਲ ਰੱਖਣੀ ਆਉਂਦੀ ਸੀ। ਅਦਾਲਤ ਵਿੱਚ ਉਨ੍ਹਾਂ ਦੀਆਂ ਤਕਰੀਰਾਂ ਭਗਤ ਸਿੰਘ ਦੇ ਤਰਜ ’ਤੇ ਹੀ ਸਨ। ਉੱਥੇ ਉਨ੍ਹਾਂ ਨੇ ਵਧੀਆ ਤਰੀਕੇ ਨਾਲ ਗੱਲਾਂ ਕੀਤੀਆਂ ਸਨ।”
ਊਧਮ ਸਿੰਘ ਨੇ ਕਈ ਕਿੱਤੇ ਅਪਣਾਏ
ਡਾ. ਨਵਤੇਜ ਮੁਤਾਬਕ ਜਦੋਂ 1919-1921 ਵਿਚਾਲੇ ਅਫ਼ਗਾਨਿਸਤਾਨ ਦੀ ਸਰਹੱਦ ਲਾਗੇ ਬ੍ਰਿਟਿਸ਼ ਸਰਕਾਰ ਤੇ ਕਬੀਲਿਆਂ ਵਿਚਾਲੇ ਸੰਘਰਸ਼ ਚੱਲ ਰਿਹਾ ਸੀ ਤਾਂ ਉਸ ਵੇਲੇ ਰੇਲਵੇ ਰਾਹੀਂ ਬ੍ਰਿਟਿਸ਼ ਫੌਜੀਆਂ ਨੂੰ ਅਸਲੇ ਤੇ ਸਾਜੋ-ਸਮਾਨ ਦੀ ਮਦਦ ਦਿੱਤੀ ਜਾ ਰਹੀ ਸੀ।
ਇਸ ਮੁਹਿੰਮ ਵਿੱਚ ਕਈ ਭਾਰਤੀਆਂ ਨੂੰ ਉੱਤੇ ਮਦਦ ਲਈ ਭੇਜਿਆ ਗਿਆ ਸੀ। ਊਧਮ ਸਿੰਘ ਨੇ ਸਾਲ 1919 ਤੋਂ 1921 ਤੱਕ ਰੇਲਵੇ ਦੀ ਨੌਕਰੀ ਕੀਤੀ ਸੀ ਜਿਸ ਲਈ ਉਨ੍ਹਾਂ ਨੂੰ ‘ਸੇਵਾ ਮੈਡਲ’ ਮਿਲਿਆ ਸੀ।
ਡਾ. ਨਵਤੇਜ ਮੁਤਾਬਕ ਇਸ ਤੋਂ ਇਲਾਵਾ ਨੈਰੋਬੀ ਵਿੱਚ ਊਧਮ ਸਿੰਘ ਨੇ ਮੋਟਰ ਮਕੈਨਿਕ ਅਤੇ ਅਮਰੀਕਾ ਵਿੱਚ ਫੋਰਡ ਕੰਪਨੀ ਵਿੱਚ ਮਕੈਨਿਕ ਵਜੋਂ ਕੰਮ ਕੀਤਾ। ਉਨ੍ਹਾਂ ਨੇ ਇਸ ਦੇ ਨਾਲ ਹੀ ਇੱਕ ਤਰਖਾਣ ਵਜੋਂ ਵੀ ਕੰਮ ਕੀਤਾ।
ਜਦੋਂ 1934 ਨੂੰ ਊਧਮ ਸਿੰਘ ਬਰਤਾਨੀਆ ਪਹੁੰਚਿਆ ਤਾਂ ਉਸ ਨੇ ਵੱਖ-ਵੱਖ ਕੰਪਨੀਆਂ ਵਿੱਚ ਤਰਖਾਣ ਦਾ ਹੀ ਕੰਮ ਕੀਤਾ।
ਊਧਮ ਮਦਨ ਲਾਲ ਢੀਂਗਰਾ ਦੇ ਨੇੜੇ ਦਫ਼ਨ ਹੋਇਆ
ਮਾਇਕਲ ਓਡਵਾਇਰ ਦੇ ਕਤਲ ਮਗਰੋਂ ਊਧਮ ਸਿੰਘ ਉੱਤੇ ਮੁਕੱਦਮਾ ਚਲਿਆ ਜਿਸ ਮਗਰੋਂ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। 31 ਜੁਲਾਈ 1940 ਨੂੰ ਸਵੇਰੇ ਨੌ ਵਜੇ ਊਧਮ ਸਿੰਘ ਨੂੰ ਪੈਂਟਨਵਿਲ ਜੇਲ੍ਹ ਵਿੱਚ ਫ਼ਾਂਸੀ ਦੇ ਦਿੱਤੀ ਗਈ।
ਊਧਮ ਸਿੰਘ ਦੀਆਂ ਅੰਤਿਮ ਰਸਮਾਂ ਦੀ ਇਜਾਜ਼ਤ ਨਹੀਂ ਸੀ। ਡਾ. ਨਵਤੇਜ ਸਰਕਾਰੀ ਰਿਕਾਰਡਜ਼ ਦੇ ਹਵਾਲੇ ਨਾਲ ਲਿਖਦੇ ਹਨ ਕਿ ਉਨ੍ਹਾਂ ਦੀ ਕਬਰ ਉੱਤੇ ਉਕਰੇ ਸ਼ਬਦ ਸਨ, ‘ਯੂ.ਐੱਸ’ ਅਤੇ ਉਨ੍ਹਾਂ ਨੂੰ ਪੈਂਟਨਵਿਲ ਜੇਲ੍ਹ ਵਿੱਚ ਹੀ ਮਦਨ ਲਾਲ ਢੀਂਗਰਾ ਦੀ ਕਬਰ ਨੇੜੇ ਦਫਨਾਇਆ ਗਿਆ, ਜਿਨ੍ਹਾਂ ਨੂੰ 1909 ਵਿੱਚ ਫ਼ਾਂਸੀ ਦਿੱਤੀ ਗਈ ਸੀ।
ਬਾਅਦ ਵਿੱਚ ਊਧਮ ਸਿੰਘ ਦੀ ਮ੍ਰਿਤਕ ਦੇਹ ਨੂੰ 19 ਜੁਲਾਈ 1974 ਵਿੱਚ ਵਾਪਸ ਭਾਰਤ ਲੈ ਕੇ ਆਇਆ ਗਿਆ ਤੇ ਇੱਥੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ।
2 ਅਗਸਤ, 1974 ਨੂੰ ਉਨ੍ਹਾਂ ਦੀਆਂ ਅਸਥੀਆਂ ਇਕੱਠੀਆਂ ਕੀਤੀਆਂ ਗਈਆਂ ਸਨ ਅਤੇ ਉਨ੍ਹਾਂ ਨੂੰ 7 ਕਲਸ਼ਾਂ ‘ਚ ਰੱਖਿਆ ਗਿਆ ਸੀ।
ਇੰਨ੍ਹਾਂ ‘ਚੋਂ ਇੱਕ ਹਰਿਦੁਆਰ, ਦੂਜੇ ਨੂੰ ਗੁਰਦੁਆਰਾ ਕੀਰਤਪੁਰ ਸਾਹਿਬ ਅਤੇ ਤੀਜੇ ਨੂੰ ਰੋਜ਼ਾ ਸ਼ਰੀਫ਼ ਭੇਜਿਆ ਗਿਆ ਸੀ। ਆਖਰੀ ਕਲਸ਼ ਨੂੰ 1919 ‘ਚ ਹੋਏ ਕਤਲੇਆਮ ਵਾਲੀ ਥਾਂ ਜਲ੍ਹਿਆਂਵਾਲੇ ਬਾਗ਼ ਵਿਖੇ ਲਿਜਾਇਆ ਗਿਆ ਸੀ।
source : BBC PUNJABI