Source :- BBC PUNJABI
ਰੰਗਾ ਰਾਓ ਨੂੰ ਪਿਛਲੇ 10 ਸਾਲਾਂ ਤੋਂ ਸ਼ੂਗਰ ਹੈ।
ਇਸ ਨਾਲ ਨਜਿੱਠਣ ਲਈ ਉਹ ਚੰਗੀ ਖੁਰਾਕ ਲੈਂਦੇ ਹਨ, ਰੋਜ਼ਾਨਾ ਕਸਰਤ ਕਰਦੇ ਹਨ ਅਤੇ ਹਰ ਛੇ ਮਹੀਨਿਆਂ ਬਾਅਦ ਡਾਕਟਰ ਤੋਂ ਰੈਗੂਲਰ ਚੈਕਅੱਪ ਕਰਵਾ ਕੇ ਦਵਾਈ ਲੈਂਦੇ ਹਨ।
ਪਰ ਜਦੋਂ ਪਿਛਲੇ ਮਹੀਨੇ ਰੰਗਾ ਰਾਓ ਨੇ ਸੀਤਾਫਲ ਵੇਖੇ ਤਾਂ ਉਨ੍ਹਾਂ ਤੋਂ ਰਿਹਾ ਨਾ ਗਿਆ। ਉਨ੍ਹਾਂ ਨੇ ਇੱਕ ਟੋਕਰੀ ਭਰ ਕੇ ਸੀਤਾਫਲ ਖ਼ਰੀਦ ਲਏ ਅਤੇ ਹਰ ਰੋਜ਼ ਦਾ ਇੱਕ ਸੀਤਾਫਲ ਖਾਣ ਲੱਗ ਗਏ।
ਉਹ ਇਸ ਮਹੀਨੇ ਡਾਕਟਰ ਕੋਲ ਜਾਣਾ ਚਾਹੁੰਦੇ ਸੀ ਕਿਉਂਕਿ ਉਨ੍ਹਾਂ ਨੂੰ ਸ਼ੂਗਰ ਦਾ ਟੈਸਟ ਕਰਵਾਏ 8 ਮਹੀਨੇ ਹੋ ਗਏ ਸਨ।
ਪਰ ਉਨ੍ਹਾਂ ਨੂੰ ਡਰ ਸੀ ਕਿ ਡਾਕਟਰ ਉਨ੍ਹਾਂ ਨੂੰ ਝਿੜਕਣਗੇ। ਇਸ ਲਈ ਉਨ੍ਹਾਂ ਨੇ ਅਗਲੇ ਦੋ-ਤਿੰਨ ਲਈ ਰੋਟੀ ਖਾਣੀ ਛੱਡ ਦਿੱਤੀ।
ਡਾਕਟਰ ਕੋਲ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਦੁਪਹਿਰੇ ਅਤੇ ਰਾਤ ਨੂੰ ਸਿਰਫ਼ ਇੱਕ ਛੋਲਿਆਂ ਦੀ ਰੋਟੀ ਅਤੇ ਅੰਡਾ ਕਰੀ ਖਾਧੀ ਸੀ।
ਪਰ ਜਦੋ ਇਸ ਵਾਰ ਉਹ ਹਸਪਤਾਲ ਗਏ ਤਾਂ ਉੱਥੇ ਉਨ੍ਹਾਂ ਨੂੰ ਨਵਾਂ ਡਾਕਟਰ ਮਿਲਿਆ। ਉਨ੍ਹਾਂ ਦੱਸਿਆ ਕਿ ਪੁਰਾਣੇ ਡਾਕਟਰ ਦਸ ਦਿਨਾਂ ਦੀ ਛੁੱਟੀ ‘ਤੇ ਹਨ।
ਨਵੇਂ ਡਾਕਟਰ ਨੇ ਖਾਲ੍ਹੀ ਪੇਟ ਹੋਣ ਵਾਲੇ ਆਮ ਫਾਸਟਿੰਗ ਸ਼ੂਗਰ ਟੈਸਟ ਦੀ ਬਜਾਏ ਰਾਓ ਨੂੰ ਖਾਣ ਤੋਂ ਬਾਅਦ ਕੀਤੇ ਜਾਣ ਵਾਲਾ ਸ਼ੂਗਰ ਟੈਸਟ ਕਰਾਉਣ ਨੂੰ ਕਿਹਾ।
ਕਿਉਂਕਿ ਡਾਕਟਰ ਨੇ ਕਿਹਾ ਸੀ ਤਾਂ ਰਾਓ ਨੇ ਨਾ ਚਾਹੁੰਦੇ ਹੋਏ ਵੀ ਆਪਣਾ ਇਹ ਟੈਸਟ ਕਰਵਾਇਆ।
ਰੰਗਾ ਰਾਓ ਦਾ ਫਾਸਟਿੰਗ ਸ਼ੂਗਰ ਟੈਸਟ ਵਿੱਚ ਗਲੂਕੋਜ਼ ਦਾ ਮੁੱਲ 150 ਮਿਲੀਗ੍ਰਾਮ/ਡੀਐੱਲ ਸੀ, ਪਰ ਖਾਣ ਤੋਂ ਬਾਅਦ ਇਹ 270 ਮਿਲੀਗ੍ਰਾਮ/ਡੀਐੱਲ ਹੋ ਗਿਆ ਸੀ। ਡਾਕਟਰ ਵੱਲੋਂ ਕੀਤੇ ਗਏ ਨਵੇਂ ਟੈਸਟ ਵਿੱਚ 9 ਫੀਸਦੀ ਦਾ ਇਜ਼ਾਫਾ ਦੇਖਣ ਨੂੰ ਮਿਲਿਆ।
ਪੁਰਾਣਾ ਡਾਕਟਰ ਪਿਆਰ ਨਾਲ ਗੱਲ ਕਰਦਾ ਸੀ ਅਤੇ ਦਵਾਈਆਂ ਲਿਖਦਾ ਸੀ। ਪਰ ਨਵਾਂ ਡਾਕਟਰ ਥੋੜ੍ਹਾ ਸਖ਼ਤ ਸੀ।
ਉਨ੍ਹਾਂ ਨੇ ਪੁੱਛਿਆ “ਬਲੱਡ ਸ਼ੂਗਰ ਜ਼ਿਆਦਾ ਕਿਉਂ ਹੈ?”
ਰੰਗਾ ਰਾਓ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਹਿਣ।
“ਇਹ ਬਹੁਤ ਜ਼ਿਆਦਾ ਵੀ ਨਹੀਂ ਹੈ” ਰਾਓ ਨੇ ਕਿਹਾ।
“ਡਾਕਟਰ ਤੁਸੀਂ ਹੋ ਜਾਂ ਮੈਂ?”
ਇਹ ਕਹਿ ਕਿ ਨਵੇਂ ਡਾਕਟਰ ਨੇ ਕਾਗਜ਼ ਅਤੇ ਪੈੱਨ ਕੱਢ ਕੇ ਉਸ ਉੱਤੇ ਨੰਬਰ ਲਿਖਣੇ ਸ਼ੁਰੂ ਕਰ ਦਿੱਤੇ।
ਡਾਕਟਰ ਨੇ ਰਾਓ ਨੂੰ ਸਮਝਾਉਂਦਿਆਂ ਕਿਹਾ ਕਿ ਆਮ ਸ਼ੂਗਰ ਟੈਸਟ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਇਕ ਦਿਨ ਪਹਿਲਾਂ ਕੀ ਖਾਂਦੇ ਹਾਂ ਪਰ ਇਹ ਸਟੀਕ ਟੈਸਟ ਨਹੀਂ ਹੁੰਦਾ।
“ਤਿੰਨ ਮਹੀਨਿਆਂ ਦੇ ਸ਼ੂਗਰ ਟੈਸਟ ਨੂੰ ਐੱਚਬੀਏ1ਸੀ ਕਿਹਾ ਜਾਂਦਾ ਹੈ ਅਤੇ ਇਸ ਦਾ ਪੱਧਰ ਆਮ ਨਾਲੋਂ ਵੱਧ ਹੈ।”
ਉਨ੍ਹਾਂ ਨੇ ਰੰਗਾ ਰਾਓ ਨੂੰ ਸਮਝਾਇਆ ਕਿ ਜੇਕਰ ਅਜਿਹਾ ਹੈ ਤਾਂ ਸ਼ੂਗਰ ਅਸਲ ਵਿੱਚ ਕੰਟਰੋਲ ਵਿੱਚ ਨਹੀਂ ਹੈ ਅਤੇ ਅਜਿਹਾ ਜ਼ਿਆਦਾ ਮਿੱਠਾ ਖਾਣ ਨਾਲ ਹੁੰਦਾ ਹੈ।
ਐੱਚਬੀਏ1ਸੀ ਟੈਸਟ ਕੀ ਹੈ?
ਐੱਚਬੀਏ1ਸੀ ਟੈਸਟ ਨੂੰ ਏ1ਸੀ ਟੈਸਟ ਜਾਂ ਗਲਾਈਕੇਟਿਡ ਹੀਮੋਗਲੋਬਿਨ ਜਾਂ ਹੀਮੋਗਲੋਬਿਨ ਏ1ਸੀ ਟੈਸਟ ਵੀ ਕਿਹਾ ਜਾਂਦਾ ਹੈ। ਇਹ ਟੈਸਟ ਖੂਨ ਵਿੱਚ ਗਲੂਕੋਜ਼ ਨਾਲ ਜੁੜੇ ਹੀਮੋਗਲੋਬਿਨ ਪ੍ਰੋਟੀਨ ਦੀ ਮਾਤਰਾ ਨੂੰ ਮਾਪਦਾ ਹੈ।
ਐੱਚਬੀਏ1ਸੀ ਪਿਛਲੇ 3 ਮਹੀਨਿਆਂ (8 ਤੋਂ 12 ਹਫ਼ਤਿਆਂ) ਵਿੱਚ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਦਰਸਾਉਂਦਾ ਹੈ।
ਯਾਨਿ ਕਿ ਅਸੀਂ ਕੱਲ੍ਹ, ਇੱਕ ਦਿਨ ਪਹਿਲਾਂ ਜੋ ਭੋਜਨ ਖਾਧਾ ਹੈ, ਉਸ ਕਾਰਨ ਨਹੀਂ, ਸਗੋਂ ਪਿਛਲੇ ਤਿੰਨ ਮਹੀਨਿਆਂ ਵਿੱਚ ਜੋ ਭੋਜਨ ਅਸੀਂ ਖਾਂਦੇ ਹਾਂ, ਉਸ ਤੋਂ ਪਤਾ ਲੱਗਦਾ ਹੈ ਕਿ ਖ਼ੂਨ ਵਿੱਚ ਸ਼ੂਗਰ ਦੀ ਮਾਤਰਾ ਕਿੰਨੀ ਹੈ।
ਇਸ ਟੈਸਟ ਦੀ ਵਰਤੋਂ ਸ਼ੂਗਰ ਵਾਲੇ ਲੋਕਾਂ ਵਿੱਚ ਬਲੱਡ ਸ਼ੂਗਰ ਦੇ ਪੱਧਰ ਦੀ ਜਾਂਚ ਕਰਨ ਦੇ ਨਾਲ-ਨਾਲ ਡਾਇਬੀਟੀਜ਼ ਅਤੇ ਪ੍ਰੀ-ਡਾਇਬਟੀਜ਼ ਦਾ ਪਤਾ ਲਗਾਉਣ ਲਈ ਕੀਤੀ ਜਾ ਸਕਦੀ ਹੈ।
ਇਸ ਟੈਸਟ ਲਈ ਖਾਲ੍ਹੀ ਪੇਟ ਰਹਿਣ ਦੀ ਲੋੜ ਨਹੀਂ ਹੁੰਦੀ। ਇਹ ਟੈਸਟ ਦਿਨ ਦੇ ਕਿਸੇ ਵੀ ਸਮੇਂ ਭੋਜਨ ਦੀ ਪਰਵਾਹ ਕੀਤੇ ਬਿਨਾਂ ਕਰਵਾਇਆ ਜਾ ਸਕਦਾ ਹੈ।
ਐੱਚਬੀਏ1ਸੀ ਨਤੀਜੇ ਕਿਵੇਂ ਦੇਖਣੇ ਹਨ?
ਸਾਰੇ ਗ਼ੈਰ-ਸ਼ੂਗਰ ਰੋਗੀਆਂ ਲਈ ਇੱਕ ਆਮ ਹੀਮੋਗਲੋਬਿਨ ਏ1ਸੀ ਦਾ ਪੱਧਰ 4% ਅਤੇ 5.6% ਦੇ ਵਿਚਕਾਰ ਹੁੰਦਾ ਹੈ।
5.7% ਅਤੇ 6.4% ਦੇ ਵਿਚਕਾਰ ਇੱਕ ਹੀਮੋਗਲੋਬਿਨ ਏ1ਸੀ ਪੱਧਰ ਇੱਕ ਪ੍ਰੀ-ਡਾਇਬੀਟੀਜ਼ ਪੱਧਰ ਹੈ, ਜਿਸਦਾ ਮਤਲਬ ਹੈ ਕਿ ਲੋਕਾਂ ਵਿੱਚ ਸ਼ੂਗਰ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ। ਜੇਕਰ ਇਹ 6.5% ਜਾਂ ਵੱਧ ਹੈ, ਤਾਂ ਇਸਦਾ ਮਤਲਬ ਹੈ ਕਿ ਸ਼ੂਗਰ ਦੀ ਸਮੱਸਿਆ ਹੈ।
ਫਿਰ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ। 9% ਤੋਂ ਉੱਪਰ ਦੇ ਪੱਧਰ ਦਾ ਮਤਲਬ ਹੈ ਕਿ ਉਨ੍ਹਾਂ ਦੀ ਸ਼ੂਗਰ ਬਿਲਕੁਲ ਵੀ ਨਿਯੰਤਰਣ ਵਿੱਚ ਨਹੀਂ ਹੈ, ਜਿਸਦਾ ਮਤਲਬ ਹੈ ਕਿ ਉਨ੍ਹਾਂ ਨੂੰ ਸਰੀਰ ਦੇ ਕੁਝ ਅੰਗਾਂ ਨੂੰ ਨੁਕਸਾਨ ਹੋਣ ਦਾ ਵਧੇਰੇ ਜੋਖ਼ਮ ਹੁੰਦਾ ਹੈ।
ਇਹ ਟੈਸਟ ਕਦੋਂ ਕੀਤਾ ਜਾਣਾ ਚਾਹੀਦਾ ਹੈ?
45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਸਾਲ ਵਿੱਚ ਇੱਕ ਵਾਰ ਇਹ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਜੇਕਰ ਮਾਤਾ-ਪਿਤਾ, ਭੈਣਾਂ ਅਤੇ ਭਰਾਵਾਂ ਨੂੰ ਸ਼ੂਗਰ ਹੈ, ਤਾਂ ਉਮਰ ਦੀ ਪਰਵਾਹ ਕੀਤੇ ਬਿਨਾਂ ਸਾਲ ਵਿੱਚ ਇੱਕ ਵਾਰ ਐੱਚਬੀਏ1ਸੀ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਜਿਨ੍ਹਾਂ ਲੋਕਾਂ ਦਾ ਭਾਰ ਜ਼ਿਆਦਾ ਹੈ, ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ ਹੈ ਅਤੇ 30 ਤੋਂ 45 ਸਾਲ ਦੀ ਉਮਰ ਦੇ ਵਿਚਕਾਰ ਹੈ, ਉਨ੍ਹਾਂ ਨੂੰ ਹਰ ਦੋ ਸਾਲ ਬਾਅਦ ਇਹ ਟੈਸਟ ਕਰਵਾਉਣਾ ਚਾਹੀਦਾ ਹੈ।
ਜੇਕਰ ਤੁਹਾਨੂੰ ਸ਼ੱਕ ਹੈ ਕਿ ਤੁਹਾਨੂੰ ਸ਼ੂਗਰ ਦੇ ਕੋਈ ਲੱਛਣ ਹਨ, ਤਾਂ ਤੁਹਾਨੂੰ ਇਹ ਟੈਸਟ ਕਰਵਾਉਣਾ ਚਾਹੀਦਾ ਹੈ।
ਪ੍ਰੀ-ਡਾਇਬੀਟੀਜ਼ ਕੀ ਹੁੰਦਾ ਹੈ?
ਪ੍ਰੀ-ਡਾਇਬੀਟੀਜ਼ ਦਾ ਮਤਲਬ ਹੈ ਕਿ ਸਰੀਰ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਅਸਮਰੱਥ ਹੈ। ਦੂਜੇ ਸ਼ਬਦਾਂ ‘ਚ ਇਸ ਦਾ ਮਤਲਬ ਹੈ ਕਿ ਅੰਗ ਸਹੀ ਤਰ੍ਹਾਂ ਕੰਮ ਨਹੀਂ ਕਰਦੇ ਅਤੇ ਸ਼ੂਗਰ ਦਾ ਪੱਧਰ ਕੰਟਰੋਲ ਤੋਂ ਬਾਹਰ ਹੈ।
ਰੋਜ਼ਾਨਾ ਖੁਰਾਕ ਅਤੇ ਜੀਵਨ ਸ਼ੈਲੀ ਵਿੱਚ ਬਦਲਾਅ ਕਰਕੇ ਆਉਣ ਵਾਲੇ ਸਾਲਾਂ ਤੱਕ ਸ਼ੂਗਰ ਰੋਗ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਸਿਹਤਮੰਦ ਖੁਰਾਕ ਨਾਲ, ਸਰੀਰ ਸ਼ੂਗਰ ਦੇ ਪੱਧਰਾਂ ਨੂੰ ਨਿਯੰਤਰਿਤ ਕਰਨ ਦੀ ਆਪਣੀ ਯੋਗਤਾ ਨੂੰ ਮੁੜ ਪ੍ਰਾਪਤ ਕਰ ਸਕਦਾ ਹੈ।
ਜੇਕਰ ਐੱਚਬੀਏ1ਸੀ ਟੈਸਟ ਇਹ ਦਰਸਾਉਂਦਾ ਹੈ ਕਿ ਤੁਸੀਂ ਪ੍ਰੀ-ਡਾਇਬੀਟੀਜ਼ (ਪ੍ਰੀ-ਡਾਇਬੀਟੀਜ਼ ਪੜਾਅ) ਵਿੱਚ ਹੋ, ਤਾਂ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਇਹ ਟੈਸਟ ਕਿਵੇਂ ਕੀਤਾ ਜਾਂਦਾ ਹੈ?
ਐੱਚਬੀਏ1ਸੀ ਟੈਸਟ ਇੱਕ ਰੁਟੀਨ ਖੂਨ ਦੀ ਜਾਂਚ ਹੈ। ਇਹ ਟੈਸਟ ਕਿਸੇ ਵੀ ਮਾਨਤਾ ਪ੍ਰਾਪਤ ਲੈਬ ਵਿੱਚ ਕੀਤਾ ਜਾ ਸਕਦਾ ਹੈ।
ਪੰਜ ਮਿੰਟਾਂ ਵਿੱਚ ਖੂਨ ਲਿਆ ਜਾਂਦਾ ਹੈ, ਟੈਸਟ ਕੀਤਾ ਜਾਂਦਾ ਹੈ ਅਤੇ ਨਤੀਜੇ ਵੀ ਉਸੇ ਦਿਨ ਆ ਜਾਂਦੇ ਹਨ।
ਇਹ ਪਿਛਲੇ 2-3 ਮਹੀਨਿਆਂ ਵਿੱਚ ਔਸਤ ਬਲੱਡ ਸ਼ੂਗਰ ਦੇ ਪੱਧਰ ਨੂੰ ਦਰਸਾਉਂਦਾ ਹੈ। ਇਸ ਲਈ ਭਾਵੇਂ ਤੁਸੀਂ ਟੈਸਟ ਤੋਂ ਪਹਿਲਾਂ ਕੁਝ ਵੀ ਖਾਓ-ਪੀਓ ਇਹ ਐੱਚਬੀਏ1ਸੀ ਟੈਸਟ ਦੇ ਨਤੀਜੇ ਨੂੰ ਨਹੀਂ ਬਦਲੇਗਾ।
ਹਾਲਾਂਕਿ, ਡਾਕਟਰ ਸਿਰਫ਼ ਐੱਚਬੀਏ1ਸੀ ਟੈਸਟ ਦੇ ਆਧਾਰ ‘ਤੇ ਦਵਾਈ ਨਹੀਂ ਲਿਖ ਸਕਦੇ।
ਡਾਕਟਰ ਕੇਵਲ ਖਾਲ੍ਹੀ ਪੇਟ ਜਾਂ ਖਾਣਾ ਮਗਰੋਂ ਸ਼ੂਗਰ ਨੂੰ ਕੰਟਰੋਲ ਕਰਨ ਲਈ ਸਹੀ ਦਵਾਈਆਂ ਲਿਖ ਸਕਦੇ ਹਨ।
ਐੱਚਬੀਏ1ਸੀ ਦੇ ਪੱਧਰ ਨੂੰ ਕਿਵੇਂ ਘੱਟ ਕਰੀਏ?
ਕਿਉਂਕਿ ਐੱਚਬੀਏ1ਸੀ ਇੱਕ ਤਿੰਨ ਮਹੀਨਿਆਂ ਦਾ ਔਸਤ ਖੂਨ ਦਾ ਟੈਸਟ ਹੈ, ਇਸ ਨੂੰ ਖੁਰਾਕ ਵਿੱਚ ਤਬਦੀਲੀਆਂ ਜਾਂ ਦਵਾਈ ਦੁਆਰਾ ਦੋ ਜਾਂ ਤਿੰਨ ਦਿਨਾਂ ਵਿੱਚ ਘੱਟ ਨਹੀਂ ਕੀਤਾ ਜਾ ਸਕਦਾ ਹੈ।
ਐੱਚਬੀਏ1ਸੀ ਦਾ ਪੱਧਰ ਤਾਂ ਹੀ ਘਟੇਗਾ ਜੇਕਰ ਤੁਸੀਂ ਆਪਣੀ ਜੀਵਨ ਸ਼ੈਲੀ ਨੂੰ ਬਦਲਦੇ ਹੋ, ਰੋਜ਼ਾਨਾ ਕਸਰਤ ਕਰਦੇ ਹੋ ਅਤੇ ਘੱਟੋ-ਘੱਟ ਤਿੰਨ ਮਹੀਨਿਆਂ ਲਈ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਬਦਲਦੇ ਹੋ।
ਐੱਚਬੀਏ1ਸੀ ਨੂੰ ਸ਼ੂਗਰ ਦੀ ਦਵਾਈ ਦੀ ਰੋਜ਼ਾਨਾ ਵਰਤੋਂ ਨਾਲ ਹੀ ਕੰਟਰੋਲ ਕੀਤਾ ਜਾ ਸਕਦਾ ਹੈ।
ਸ਼ੂਗਰ ਵਾਲੇ ਲੋਕਾਂ ਨੂੰ ਹਰ ਛੇ ਮਹੀਨੇ ਬਾਅਦ ਇਹ ਟੈਸਟ ਕਰਵਾਉਣ ਦੀ ਲੋੜ ਹੁੰਦੀ ਹੈ।
ਐੱਚਬੀਏ1ਸੀ ਅਸਲ ਵਿੱਚ ਕੀ ਹੈ?
ਅਸੀਂ ਜੋ ਭੋਜਨ ਖਾਂਦੇ ਹਾਂ ਉਸ ਦੇ ਅਧਾਰ ‘ਤੇ ਗਲੂਕੋਜ਼ ਪਾਚਨ ਟ੍ਰੈਕਟ ਤੋਂ ਖੂਨ ਵਿੱਚ ਛੱਡਿਆ ਜਾਂਦਾ ਹੈ। ਇਹ ਖੂਨ ਵਿੱਚ ਸੁਤੰਤਰ ਰੂਪ ਵਿੱਚ ਘੁੰਮਦਾ ਹੈ।
ਪਰ ਖੂਨ ਵਿੱਚ ਕਈ ਤਰ੍ਹਾਂ ਦੇ ਪ੍ਰੋਟੀਨ ਵੀ ਹੁੰਦੇ ਹਨ। ਇਨ੍ਹਾਂ ਵਿੱਚੋਂ ਇੱਕ ਹੀਮੋਗਲੋਬਿਨ ਹੈ ਜੋ ਲਾਲ ਖੂਨ ਦੇ ਸੈੱਲਾਂ ਵਿੱਚ ਮੌਜੂਦ ਹੁੰਦਾ ਹੈ ਜੋ ਸਰੀਰ ਦੇ ਸਾਰੇ ਹਿੱਸਿਆਂ ਨੂੰ ਆਕਸੀਜਨ ਸਪਲਾਈ ਕਰਦਾ ਹੈ। ਇੱਕ ਸੁਤੰਤਰ ਤੌਰ ‘ਤੇ ਪ੍ਰਸਾਰਿਤ ਗਲੂਕੋਜ਼ ਦਾ ਅਣੂ ਇਸ ਹੀਮੋਗਲੋਬਿਨ ਨਾਲ ਜੁੜਦਾ ਹੈ। ਇਸ ਨੂੰ ਗਲਾਈਕੇਸ਼ਨ ਕਿਹਾ ਜਾਂਦਾ ਹੈ।
ਗਲੂਕੋਜ਼ ਨਾਲ ਜੁੜੇ ਹੀਮੋਗਲੋਬਿਨ ਨੂੰ ਗਲਾਈਕੇਟਿਡ ਹੀਮੋਗਲੋਬਿਨ ਕਿਹਾ ਜਾਂਦਾ ਹੈ।
ਕਿਉਂਕਿ ਲਾਲ ਰਕਤਾਣੂਆਂ ਦਾ ਜੀਵਨ ਕਾਲ ਸਿਰਫ ਦੋ ਤੋਂ ਤਿੰਨ ਮਹੀਨਿਆਂ ਦਾ ਹੁੰਦਾ ਹੈ, ਇਹ ਦਰਸਾਉਂਦਾ ਹੈ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਉਹਨਾਂ ਨਾਲ ਕਿੰਨੀ ਗਲੂਕੋਜ਼ (ਖੰਡ) ਜੁੜੀ ਹੋਈ ਹੈ।
ਜਿੰਨੀ ਜ਼ਿਆਦਾ ਸ਼ੂਗਰ ਖੂਨ ਵਿੱਚ ਘੁੰਮਦੀ ਹੈ, ਓਨੀ ਹੀ ਜ਼ਿਆਦਾ ਇਹ ਹੀਮੋਗਲੋਬਿਨ ਨਾਲ ਜੁੜਦੀ ਹੈ। ਇਸ ਟੈਸਟ ‘ਚ ਵੀ ਇਹੀ ਖੁਲਾਸਾ ਹੋਵੇਗਾ।
ਕੀ ਹਰ ਕਿਸੇ ਨੂੰ ਇਹ ਟੈਸਟ ਕਰਵਾਉਣ ਦੀ ਲੋੜ ਹੈ?
ਹੀਮੋਗਲੋਬਿਨ ਦੇ ਨਾਲ-ਨਾਲ ਗਲੂਕੋਜ਼ ਐਲਬਿਊਮਿਨ, ਫੇਰੀਟਿਨ ਅਤੇ ਫਾਈਬ੍ਰੀਨੋਜਨ ਵਰਗੇ ਪ੍ਰੋਟੀਨ ਨਾਲ ਵੀ ਜੁੜਦਾ ਹੈ। ਪਰ ਹਰ ਕਿਸੇ ਨੂੰ ਇਹਨਾਂ ਟੈਸਟਾਂ ਦੀ ਲੋੜ ਨਹੀਂ ਹੁੰਦੀ।
ਐੱਚਬੀਏ1ਸੀ ਟੈਸਟ ਦੇ ਨਤੀਜੇ ਗੰਭੀਰ ਅਨੀਮੀਆ (ਖੂਨ ਵਿੱਚ ਹੀਮੋਗਲੋਬਿਨ ਦਾ ਬਹੁਤ ਘੱਟ ਪੱਧਰ), ਗੁਰਦਿਆਂ ਦੀਆਂ ਸਮੱਸਿਆਵਾਂ ਕਾਰਨ ਖ਼ੂਨ ਦੇ ਮਾੜੇ ਉਤਪਾਦਨ ਵਾਲੇ ਲੋਕਾਂ, ਹੀਮੋਫਿਲੀਆ ਵਰਗੀਆਂ ਖੂਨ ਦੀਆਂ ਨਾੜੀਆਂ ਦੀਆਂ ਬਿਮਾਰੀਆਂ ਅਤੇ ਜਿਗਰ ਨਾਲ ਸਬੰਧਤ ਬਿਮਾਰੀਆਂ ਵਾਲੇ ਲੋਕਾਂ ਲਈ ਭਰੋਸੇਯੋਗ ਨਹੀਂ ਹੁੰਦੇ।
ਸਿਰਫ਼ ਅਜਿਹੇ ਲੋਕਾਂ ਨੂੰ ਦੂਜੇ ਪ੍ਰੋਟੀਨ ਨਾਲ ਜੁੜੇ ਗਲੂਕੋਜ਼ ਦੀ ਪ੍ਰਤੀਸ਼ਤਤਾ ਜਾਣਨ ਲਈ ਹੋਰ ਟੈਸਟਾਂ ਦੀ ਲੋੜ ਹੁੰਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI