Source :- BBC PUNJABI

ਤਸਵੀਰ ਸਰੋਤ, tajammulkaleem/Insta
‘ਮਰਨ ਤੋਂ ਡਰਦੇ ਓ ਬਾਦਸ਼ਾਹੋ !
ਕਮਾਲ ਕਰਦੇ ਓ ਬਾਦਸ਼ਾਹੋ !
ਕਿਸੇ ਨੂੰ ਮਾਰਨ ਦਾ ਸੋਚਦੇ ਓ,
ਕਿਸੇ ‘ਤੇ ਮਰਦੇ ਓ ਬਾਦਸ਼ਾਹੋ !
ਇਨ੍ਹਾਂ ਸਤਰਾਂ ਦੇ ਲੇਖਕ ਲਹਿੰਦੇ ਪੰਜਾਬ ਦੇ ਪ੍ਰਸਿੱਧ ਸ਼ਾਇਰ ਤਜੱਮਲ ਕਲੀਮ ਬੀਤੇ ਕੱਲ੍ਹ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ।
ਉਹ ਬੀਤੇ ਕੁਝ ਸਾਲਾਂ ਤੋਂ ਸਰੀਰਕ ਦਿੱਕਤਾਂ ਦਾ ਸਾਹਮਣਾ ਕਰ ਰਹੇ ਸਨ। ਬਿਮਾਰੀ ਦੇ ਦਿਨਾਂ ਵਿੱਚ ਵੀ ਉਹ ਆਪਣੀਆਂ ਰਚਨਾਵਾਂ ਉਸੇ ਬਾਗ਼ੀ ਅੰਦਾਜ਼ ‘ਚ ਸੁਣਾਉਂਦੇ ਸਨ।
ਉਨ੍ਹਾਂ ਦਾ ਜਨਮ ਸਾਲ 1960 ਵਿੱਚ ਪਾਕਿਸਤਾਨ ਦੇ ਕਸੂਰ ਜ਼ਿਲ੍ਹੇ ਦੇ ਚੂਨੀਆਂ ਵਿੱਚ ਹੋਇਆ ਸੀ।
ਕਸੂਰ ਵਿੱਚ ਹੀ 18ਵੀਂ ਸਦੀ ਦੇ ਪੰਜਾਬੀ ਸ਼ਾਇਰ ਬਾਬਾ ਬੁੱਲ੍ਹੇ ਸ਼ਾਹ ਰਹੇ ਸਨ। ਤਜੱਮਲ ਕਹਿੰਦੇ ਸਨ ਕਿ ਉਨ੍ਹਾਂ ਨੂੰ ਜਿੰਨਾ ‘ਰੰਗ ਭਾਗ’ ਲੱਗਾ ਉਹ ਬੁੱਲ੍ਹੇ ਸ਼ਾਹ ਤੋਂ ਹੀ ਲੱਗਾ।
ਤਜੱਮਲ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿੱਚ ਹੀ ਨਹੀਂ ਸਗੋਂ ਆਸਟ੍ਰੇਲੀਆ, ਕੈਨੇਡਾ, ਯੂਕੇ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਵਿੱਚ ਵੀ ਉੰਨੇ ਹੀ ਮਕਬੂਲ ਸਨ।
ਉਨ੍ਹਾਂ ਦੀਆਂ ਕਵਿਤਾਵਾਂ ਇੰਸਟਾਗ੍ਰਾਮ ਜਿਹੇ ਪਲੇਟਫਾਰਮਜ਼ ਉੱਤੇ ਲੱਖਾਂ ਲੋਕ ਸੁਣਦੇ-ਵੇਖਦੇ ਹਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਨੌਜਵਾਨਾਂ ਦੀ ਹੈ।
ਤਜੱਮਲ ਕਲੀਮ ਨੂੰ ਪੰਜਾਬੀ ਗਜ਼ਲ ਨੂੰ ਆਧੁਨਿਕ ਰੂਪ ਦੇਣ ਦਾ ਸਿਹਰਾ ਦਿੱਤਾ ਜਾਂਦਾ ਹੈ।
ਲਹਿੰਦੇ ਪੰਜਾਬ ਵਿੱਚ ਰਹਿੰਦੇ ਅਕਰਮ ਰਿਹਾਨ ਤਜੱਮਲ ਕਲੀਮ ਦੇ ਸ਼ਗਿਰਦ ਵਜੋਂ ਬੀਤੇ 20 ਤੋਂ 25 ਸਾਲਾਂ ਤੋਂ ਉਨ੍ਹਾਂ ਨਾਲ ਜੁੜੇ ਹੋਏ ਸਨ।
ਉਨ੍ਹਾਂ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਤਜੱਮਲ ਕਲੀਮ ਪਿਛਲੇ 5 ਸਾਲਾਂ ਤੋਂ ਪਰਿਵਾਰਕ ਕਾਰਨਾਂ ਕਰਕੇ ਨਿਰਾਸ਼ ਸਨ, ਬ੍ਰੇਨ ਹੈਮਰੇਜ ਅਤੇ ਫਿਰ ਹੋਰ ਸਰੀਰਕ ਦਿੱਕਤਾਂ ਨੇ ਉਨ੍ਹਾਂ ਦੇ ਸਰੀਰ ਉੱਤੇ ਅਸਰ ਪਾਇਆ ਸੀ।
ਪੰਜਾਬੀ ਵਿੱਚ ਲਿਖਣਾ ਕਦੋਂ ਸ਼ੁਰੂ ਕੀਤਾ?
ਪੰਜਾਬੀ ਵਿੱਚ ਸ਼ਾਇਰੀ ਸ਼ੁਰੂ ਕਰਨ ਬਾਰੇ ਉਨ੍ਹਾਂ ਨੇ ਬੀਬੀਸੀ ਪੰਜਾਬੀ ਨੂੰ ਦਿੱਤੇ ਇੰਟਰਵਿਊ ਵਿੱਚ ਦੱਸਿਆ ਸੀ, “ਸਾਲ 1990 ਵਿੱਚ ਮੈਂ ਇੱਕ ਅਖ਼ਬਾਰ ਵਿੱਚ ਮੁਨੀਰ ਨਿਆਜ਼ੀ ਦਾ ਇੰਟਰਵਿਊ ਪੜ੍ਹਿਆ, ਜਿਸ ਵਿੱਚ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜਿਹੋ ਜਿਹਾ ਮੁਕਾਮ ਤੁਸੀਂ ਉਰਦੂ ਗਜ਼ਲ ਵਿੱਚ ਹਾਸਲ ਕੀਤਾ ਹੈ, ਪੰਜਾਬੀ ਵਿੱਚ ਨਹੀਂ ਕੀਤਾ।”
“ਉਨ੍ਹਾਂ ਨੇ ਜਵਾਬ ਵਿੱਚ ਫਰਮਾਇਆ ਕਿ ਪੰਜਾਬੀ ਜ਼ੁਬਾਨ ਇਸ ਕਾਬਲ ਨਹੀਂ।”
ਉਨ੍ਹਾਂ ਨੇ ਅੱਗੇ ਦੱਸਿਆ, “ਫਿਰ ਮੈਂ ਸੋਚਿਆ ਕਿ ਪੰਜਾਬੀ ਜ਼ੁਬਾਨ ਤੋਂ ਉਲ੍ਹਾਮਾ ਲਾਹੁਣਾ ਹੈ ਤੇ ਇਹ ਉਲ੍ਹਾਮਾ ਮੈਂ 1996 ਵਿੱਚ ਲਾਹ ਦਿੱਤਾ ਸੀ।”
ਅਕਰਮ ਰਿਹਾਨ ਦੱਸਦੇ ਹਨ ਕਿ ਤਜੱਮਲ ਐਜੂਕੇਸ਼ਨ ਮਹਿਕਮੇ ਤੋਂ ਸੀਨੀਅਰ ਕਲਰਕ ਵਜੋਂ ਰਿਟਾਇਰ ਹੋਏ ਸਨ।
ਉਨ੍ਹਾਂ ਦੱਸਿਆ, “ਸ਼ਾਇਰੀ ਤਜੱਮਲ ਕਲੀਮ ਦੇ ਖ਼ਾਨਦਾਨ ਵਿੱਚ ਹੀ ਸੀ, ਉਨ੍ਹਾਂ ਦੇ ਚਾਚਾ ਵੀ ਵੱਡੇ ਸ਼ਾਇਰ ਸਨ, 1996 ਵਿੱਚ ਉਨ੍ਹਾਂ ਨੇ ਪੰਜਾਬੀ ਵਿੱਚ ਗਜ਼ਲ ਲਿਖਣੀ ਸ਼ੁਰੂ ਕੀਤੀ ਅਤੇ ਇਸ ਨੂੰ ਨਵਾਂ ਮੁਹਾਂਦਰਾ ਤੇ ਨਵਾਂ ਸੁਭਾਅ ਦਿੱਤਾ।”
‘ਦੋਹਾਂ ਸਦੀਆਂ ਤੀਕਰ ਜੀਣਾ, ਚੱਜ ਦੇ ਸ਼ਿਅ਼ਰ ਤੇ ਚੱਜ ਦੇ ਬੰਦੇ’

ਤਸਵੀਰ ਸਰੋਤ, tajammulkaleem/Insta
ਅਕਰਮ ਰਿਹਾਨ ਦੱਸਦੇ ਹਨ ਕਿ ਤਜੱਮਲ ਪੰਜਾਬੀ ਸ਼ਾਇਰੀ ਵਿੱਚ ਹੀ ਨਹੀਂ ਉਰਦੂ ਸ਼ਾਇਰੀ ਵਿੱਚ ਵੀ ਉਹ ਬਤੌਰ ਉਸਤਾਦ ਕਬੂਲੇ ਜਾਣ ਲੱਗੇ ਸਨ।
ਉਹ ਦੱਸਦੇ ਹਨ ਕਿ ਹਾਲਾਂਕਿ ਬੀਤੇ ਕਰੀਬ 3 ਸਾਲਾਂ ਤੋਂ ਉਨ੍ਹਾਂ ਦਾ ਸਰੀਰ ਠੀਕ ਨਹੀਂ ਸੀ ਪਰ ਜਦੋਂ ਵੀ ਉਹ ਉਨ੍ਹਾਂ ਕੋਲ ਬੈਠਦੇ ਤਾਂ ਨਵੀਆਂ ਰਚਨਾਵਾਂ ਸੁਣਾਉਂਦੇ ਸਨ।
ਉਹ ਦੱਸਦੇ ਹਨ ਕਿ ਉਨ੍ਹਾਂ ਨੇ ਬਾਗ਼ੀ ਤਬੀਅਤ ਹੀਂ ਨਹੀਂ ਸਗੋਂ ਰੋਮਾਂਸ ਦੇ ਨਾਲ-ਨਾਲ ਹਰ ਕਿਸਮ ਦੇ ਵਿਸ਼ੇ ਉੱਤੇ ਕਵਿਤਾਵਾਂ ਲਿਖੀਆਂ।
ਇਸ ਦੀ ਮਿਸਾਲ ਵਜੋਂ ਉਹ ਇਸ ਰਚਨਾ ਦਾ ਹਵਾਲਾ ਦਿੰਦੇ ਹਨ,
ਬੱਦਲਾਂ ਵਾਂਗ ਨੇ ਗੱਜਦੇ ਬੰਦੇ
ਵੱਸਣ ਕਿਸਰਾਂ ਅੱਜ ਦੇ ਬੰਦੇ
ਤੂੰ ਜੇ ਪੱਲੂ ਕੀਤਾ ਹੁੰਦਾ
ਕੰਧਾਂ ਵਿਚ ਨਾ ਵੱਜਦੇ ਬੰਦੇ
ਰੱਬਾ ਤੈਨੂੰ ਥੋੜ ਏ ਕਿਹੜੀ
ਤੇਥੋਂ ਵੀ ਨਹੀਂ ਰੱਜਦੇ ਬੰਦੇ
ਕਸਮੇ਼ਂ ਮਨਜ਼ਿਲ ਮਿਲ ਜਾਣੀ ਸੀ
ਇਕ ਪਾਸੇ ਜੇ ਭੱਜਦੇ ਬੰਦੇ
ਦੋਹਾਂ ਸਦੀਆਂ ਤੀਕਰ ਜੀਣਾ
ਚੱਜ ਦੇ ਸ਼ਿਅ਼ਰ ਤੇ ਚੱਜ ਦੇ ਬੰਦੇ

‘ਦੋਵਾਂ ਪੰਜਾਬਾਂ ਵਿਚਲਾ ਪੁਲ਼’

ਤਸਵੀਰ ਸਰੋਤ, tajammulkaleem/Insta
‘ਜਿਸ ਦਿਨ ਨਾ ਮਜ਼ਦੂਰੀ ਲੱਭੇ
ਬੂਹੇ ਵੱਲੋਂ ਘਰ ਨਈਂ ਜਾਂਦਾ’
ਤਜੱਮਲ ਕਲੀਮ ਕਰੀਬ ਡੇਢ ਦਹਾਕੇ ਤੋਂ ਵੱਧ ਸਮਾਂ ਪਹਿਲਾਂ ਭਾਰਤ ਆਉਂਦੇ ਰਹੇ ਹਨ। ਇਨ੍ਹਾਂ ਫੇਰੀਆਂ ਦੌਰਾਨ ਉਨ੍ਹਾਂ ਨੇ ਆਪਣੇ ਦੋਸਤ ਪੰਜਾਬੀ ਗ਼ਜ਼ਲਗੋ ਗੁਰਤੇਜ ਕੋਹਾਰਵਾਲਾ ਨਾਲ ਵੀ ਸਮਾਂ ਬਿਤਾਇਆ ਸੀ।
ਉਹ ਦੱਸਦੇ ਹਨ, “ਤਜੱਮੁਲ ਨੇ ਸਾਦੀ ਜ਼ੁਬਾਨ ਵਿੱਚ ਸ਼ਾਇਰੀ ਕੀਤੀ, ਇਸੇ ਕਰਕੇ ਉਨ੍ਹਾਂ ਦੀਆਂ ਕਈ ਰਚਨਾਵਾਂ ਲੋਕ ਮੁਹਾਵਰੇ ਵਾਂਗ ਬਣ ਗਈਆਂ, ਉਨ੍ਹਾਂ ਦੀ ਸ਼ਾਇਰੀ ਨੂੰ ਨੌਜਵਾਨਾਂ ਵੱਲੋਂ ਵੀ ਉੰਨਾ ਹੀ ਪਿਆਰ ਮਿਲਦਾ।”
ਉਨ੍ਹਾਂ ਅੱਗੇ ਕਿਹਾ, “ਕੁਝ ਹੀ ਸ਼ਾਇਰ ਹਨ ਜੋ ਦੋਵਾਂ ਪੰਜਾਬਾਂ ਵਿੱਚ ਪੁਲ਼ ਦਾ ਕੰਮ ਕਰਦੇ ਹਨ, ਅੱਜ ਜਿਹੇ ਹਾਲਾਤ ਵਿੱਚ ਉਨ੍ਹਾਂ ਦਾ ਜਾਣਾ ਹੋਰ ਵੀ ਦੁੱਖਦਾਈ ਹੈ।”
ਉਨ੍ਹਾਂ ਅੱਗੇ ਦੱਸਿਆ, “ਵਿਦਰੋਹ ਅਤੇ ਭੁੱਖ ਦੀ ਗੱਲ ਕਰਨ ਵਾਲੀ ਪਾਕਿਸਤਾਨੀ ਪੰਜਾਬੀ ਸ਼ਾਇਰੀ ਦੇ ਉਹ ਪ੍ਰਤੀਨਿਧੀ ਸਨ।”
ਉਹ ਦੱਸਦੇ ਹਨ ਕਿ ਇੱਕ ਦੋਸਤ ਦੇ ਵਜੋਂ ਅੱਜ ਉਹ ਬਹੁਤ ਉਦਾਸ ਹਨ।
ਆਪਣੀਆਂ ਸੋਸ਼ਲ ਮੀਡੀਆ ਵੀਡੀਓਜ਼ ਵਿੱਚ ਤਜੱਮਲ ਕਹਿੰਦੇ ਰਹੇ ਹਨ ਕਿ ਉਹ ਮੁੜ ਭਾਰਤ ਆਉਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਵੀਜ਼ਾ ਲੈਣ ਵਿੱਚ ਦਿੱਕਤ ਕਾਰਨ ਅਜਿਹਾ ਨਹੀਂ ਹੋ ਰਿਹਾ।
ਗੁਰਤੇਜ ਦੱਸਦੇ ਹਨ ਕਿ ਤਜੱਮਲ ਕਲੀਮ ਇੱਕ ਚੰਗੇ ਗਵੱਈਏ ਵਾਲੇ ਸ਼ਖ਼ਸ ਵੀ ਸਨ।
ਤਜੱਮਲ ਕਲੀਮ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਇੱਕ ਫ਼ਿਲਮ ਵਿੱਚ ਗੀਤ ਲਈ ਆਵਾਜ਼ ਦਿੱਤੀ ਸੀ।

ਤਜੱਮਲ ਕਲੀਮ ਦੀਆਂ ਕਿਤਾਬਾਂ
ਯੂਟਿਊਬ ਉੱਤੇ ਪਈਆਂ ਮੁਸ਼ਾਇਰਿਆਂ ਦੀਆਂ ਵੀਡੀਓਜ਼ ਵਿੱਚ ਉਨ੍ਹਾਂ ਦੀਆਂ ਰਚਨਾਵਾਂ ਜਵਾਬ ਦੇ ਵਿੱਚ ਲੋਕਾਂ ਦੀ ਵਾਹ-ਵਾਹ ਦੀਆਂ ਆਵਾਜ਼ਾਂ ਤੋਂ ਉਨ੍ਹਾਂ ਦੀਆਂ ਮਕਬੂਲੀਅਤ ਦਾ ਅੰਦਾਜ਼ਾ ਲਗਾਇਆਂ ਜਾ ਸਕਦਾ ਹੈ।
ਤਜੱਮਲ ਕਲੀਮ ਦੀਆਂ ਇਹ ਕਿਤਾਬਾਂ ਛਪ ਚੁੱਕੀਆਂ ਹਨ- ‘ਬਰਫ਼ਾਂ ਹੇਠ ਤੰਦੂਰ'(1996)’ ‘ਵੇਹੜੇ ਦਾ ਰੁੱਖ'(2010), ‘ਹਾਣ ਦੀ ਸੂਲੀ'(2012), ‘ਚੀਕਦਾ ਮੰਜ਼ਰ'(2017), ‘ਕਮਾਲ ਕਰਦੇ ਹੋ ਬਾਦਸ਼ਾਹੋ’।
ਉਨ੍ਹਾਂ ਦੀਆਂ ਰਚਨਾਵਾਂ ਵਿੱਚ ਮੌਤ, ਦੁੱਖ, ਭੁੱਖ ਅਤੇ ਇੱਕ ਕਿਸਮ ਦੀ ਨਿਰਾਸ਼ਾ ਦਾ ਵਾਰ-ਵਾਰ ਜ਼ਿਕਰ ਮਿਲਦਾ ਹੈ।
ਦਿਨ ਤੇ ਗਿਣ ਮੈਂ ਮਰ ਜਾਣਾ ਈ
ਤੇਰੇ ਬਿਨ ਮੈਂ ਮਰ ਜਾਣਾ ਈ
ਮੈਂ ਗੁੱਡੀ ਦੇ ਕਾਗਜ਼ ਵਰਗਾ
ਤੂੰ ਕਿਣ ਮਿਣ ਮੈਂ ਮਰ ਜਾਣਾ ਈ
ਜਿਹੜੇ ਦਿਨ ਤੂੰ ਕੰਡ ਕਰਨੀ ਏ
ਓਸੇ ਦਿਨ ਮੈਂ ਮਰ ਜਾਣਾ ਈ
ਮੇਰੇ ਕੱਦ ਨੂੰ ਤੋਲ ਰਿਹਾ ਏਂ
ਤੋਲ ਨਾ, ਮਿਣ ਮੈਂ ਮਰ ਜਾਣਾ ਈ
ਜਾਨ ਦੀ ਬੋਲੀ ਲਾ ਦਿੱਤੀ ਊ
ਇੱਕ ਦੋ ਤਿੰਨ ਮੈਂ ਮਰ ਜਾਣਾ ਈ
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)
source : BBC PUNJABI