Source :- BBC PUNJABI
ਕੀ ਇਹ ਅੰਡੇ ਦੇ ਆਕਾਰ ਦਾ ਢਾਂਚਾ ਭਵਿੱਖ ‘ਚ ਪੁਲਾੜ ਵਿੱਚ ਜਾਣੇ ਵਾਲੇ ਭਾਰਤੀ ਯਾਤਰੀਆਂ ਦਾ ਘਰ ਹੋਵੇਗਾ?
ਇਹ ਹੈ ਹੈਬ-1, ਭਾਰਤੀ ਪੁਲਾੜ ਏਜੰਸੀ ਇਸਰੋ ਦਾ ਪਹਿਲਾ “ਐਨਾਲਾਗ ਮਿਸ਼ਨ”। ਇਸ ਦਾ ਪੂਰਾ ਨਾਂ ਹੈਬੀਟੇਟ-1 ਹੈ।
ਇਹ ਸਿਮੂਲੇਸ਼ਨ ਯਾਨੀ ਇੱਕ ਅਜਿਹੀ ਪ੍ਰਣਾਲੀ ਹੈ ਜੋ ਕਿ ਪੁਲਾੜ ਦੀਆਂ ਸਥਿਤੀਆਂ ਦੀ ਨਕਲ ਕਰਦੀ ਹੈ ਤਾਂ ਜੋ ਪੁਲਾੜ ਯਾਤਰੀਆਂ ਨੂੰ ਅਸਲ ਮਿਸ਼ਨ ਲਈ ਤਿਆਰ ਕੀਤਾ ਜਾ ਸਕੇ।
ਇਸਦਾ ਹਾਲ ਹੀ ਵਿੱਚ ਲੱਦਾਖ ਦੇ ਉੱਚੇ ਹਿਮਾਲਿਆਈ ਪਹਾੜਾਂ ਵਿੱਚ ਤਿੰਨ ਹਫ਼ਤਿਆਂ ਲੰਬਾ ਪਰੀਖਣ ਕੀਤਾ ਗਿਆ ਸੀ।
ਗੁਜਰਾਤ-ਅਧਾਰਤ ਕੰਪਨੀ ਆਕਾ ਤੋਂ ਪੁਲਾੜ ਆਰਕੀਟੈਕਟ ਆਸਥਾ ਝਾਲਾ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਸਿਮੂਲੇਸ਼ਨ ਪੁਲਾੜ ਯਾਤਰੀਆਂ ਅਤੇ ਉਪਕਰਣਾਂ ਨੂੰ ਮਿਸ਼ਨਾਂ ਤੋਂ ਪਹਿਲਾਂ ਦਰਪੇਸ਼ ਆਉਣ ਵਾਲੀ ਸਮੱਸਿਆਵਾਂ ਦੀ ਪਛਾਣ ਅਤੇ ਹੱਲ ਕਰਨ ਵਿੱਚ ਸਹਾਇਤਾ ਕਰੇਗਾ।
ਹੈਬ-1 ਸਪੇਸ-ਗ੍ਰੇਡ ਦੇ ਟੈਫਲੋਨ ਨਾਲ ਬਣਿਆ ਹੈ ਅਤੇ ਇਸ ਨੂੰ ਉਦਯੋਗਿਕ-ਵਰਤੋਂ ਵਾਲੇ ਫੋਮ ਨਾਲ ਇੰਸੂਲੇਟ ਕੀਤਾ ਗਿਆ ਹੈ।
ਇਸ ਵਿੱਚ ਇੱਕ ਬਿਸਤਰਾ ਲੱਗਿਆ ਹੈ। ਇਸ ‘ਚ ਇੱਕ ਸਟੋਵੇਅ ਟ੍ਰੇ ਜਿਸ ਨੂੰ ਬਾਹਰ ਕੱਢਕੇ ਵਰਕ ਸਟੇਸ਼ਨ ਵਜੋਂ ਵਰਤਿਆ ਜਾ ਸਕਦਾ ਹੈ। ਨਾਲ ਹੀ, ਇਸ ਵਿੱਚ ਸਪਲਾਈ ਅਤੇ ਐਮਰਜੈਂਸੀ ਕਿੱਟਾਂ ਰੱਖਣ ਲਈ ਸਟੋਰੇਜ ਸਪੇਸ ਦਿੱਤੀ ਗਈ ਹੈ, ਭੋਜਨ ਗਰਮ ਕਰਨ ਲਈ ਇੱਕ ਛੋਟਾ ਰਸੋਈ ਘਰ ਅਤੇ ਇੱਕ ਟਾਇਲਟ ਵੀ ਬਣਾਇਆ ਗਿਆ ਹੈ।
ਇਸ ਸਿਮੂਲੇਸ਼ਨ ਦੀ ਟੈਸਟਿੰਗ ਲਈ ਇੱਕ ਪੁਲਾੜ ਯਾਤਰੀ ਨੇ ਇਸ ਵਿੱਚ ਤਿੰਨ ਹਫ਼ਤੇ ਬਿਤਾਏ ਸਨ।
ਚੰਨ ‘ਤੇ ਕਦੋਂ ਜਾਵੇਗਾ ਭਾਰਤ ਦਾ ਪਹਿਲਾ ਪੁਲਾੜ ਯਾਤਰੀ
ਆਸਥਾ ਝਾਲਾ ਕਹਿੰਦੇ ਹਨ, “ਚੰਨ ਜਾਂ ਮੰਗਲ ‘ਤੇ ਬਹੁਤ ਸੀਮਤ ਜਗ੍ਹਾ ਉਪਲਭਧ ਹੁੰਦੀ ਹੈ। ਇਸ ਗੱਲ ਨੂੰ ਧਿਆਨ ‘ਚ ਰੱਖ ਕੇ ਹੀ ਹੈਬ-1 ਨੂੰ ਤਿਆਰ ਕੀਤਾ ਗਿਆ ਹੈ। ਪੁਲਾੜ ਯਾਤਰੀ ਕੋਲ ਪਾਣੀ ਵੀ ਬਹੁਤ ਸੀਮਤ ਹੋਵੇਗਾ। ਇਸ ਲਈ ਅਸੀਂ ਡਰਾਈ ਟਾਇਲਟ ਭਾਵ ਪਾਣੀ ਦੀ ਵਰਤੋਂ ਬਿਨਾ ਕੰਮ ਕਰਨ ਵਾਲਾ ਟਾਇਲਟ ਡਿਜ਼ਾਈਨ ਕੀਤਾ ਹੈ। ਅਸੀਂ ਕੂੜੇ ਦੇ ਸਹੀ ਨਿਪਟਾਰੇ ਲਈ ਵੀ ਖ਼ਾਸ ਪ੍ਰਣਾਲੀ ਤਿਆਰ ਕੀਤੀ ਹੈ ਤਾਂ ਜੋ ਇਹ ਬਦਬੂ ਤੋਂ ਮੁਕਤ ਰਹੇ।”
ਝਾਲਾ ਹੁਣ ਇਸਰੋ ਨਾਲ ਲੱਦਾਖ ਵਿੱਚ ਭਾਰਤ ਦੀ ਪਹਿਲੀ ਸਥਾਈ ਸਿਮੂਲੇਸ਼ਨ ਸਪੇਸ ਬੇਸ ਬਣਾਉਣ ਲਈ ਗੱਲਬਾਤ ਕਰ ਰਹੇ ਹਨ।
ਇਹ ਮਿਸ਼ਨ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਭਾਰਤ ਆਪਣੇ ਪਹਿਲੇ ਯਾਤਰੀ ਨੂੰ ਪੁਲਾੜ ਵਿੱਚ ਭੇਜਣ ਦੀ ਤਿਆਰੀ ਕਰ ਰਿਹਾ ਹੈ।
ਇਸਰੋ ਦਾ ਗਗਨਯਾਨ ਮਿਸ਼ਨ ਤਿੰਨ ਪੁਲਾੜ ਯਾਤਰੀਆਂ ਨੂੰ ਤਿੰਨ ਦਿਨਾਂ ਲਈ 400 ਕਿਲੋਮੀਟਰ ਦੀ ਉਚਾਈ ‘ਤੇ ਲੌਅਰ ਅਰਥ ਆਰਬਿਟ ਵਿੱਚ ਭੇਜਣ ਦੀ ਯੋਜਨਾ ਬਣਾ ਰਿਹਾ ਹੈ।
ਯੋਜਨਾ ਮੁਤਾਬਕ ਇਹ ਮਿਸ਼ਨ ਅਗਲੇ ਸਾਲ ਲਾਂਚ ਹੋਵੇਗਾ।
ਭਾਰਤ 2035 ਤੱਕ ਆਪਣਾ ਪਹਿਲਾ ਪੁਲਾੜ ਸਟੇਸ਼ਨ ਸਥਾਪਤ ਕਰਨ ਅਤੇ 2040 ਤੱਕ ਚੰਦ ‘ਤੇ ਮਨੁੱਖ ਭੇਜਣ ਦੀ ਵੀ ਯੋਜਨਾ ਬਣਾ ਰਿਹਾ ਹੈ।
ਨਾਸਾ, ਯੂਰਪੀਅਨ ਸਪੇਸ ਏਜੰਸੀ, ਰੂਸ, ਚੀਨ ਅਤੇ ਹੋਰ ਦੇਸ਼ ਅਤੇ ਪੁਲਾੜ ਪ੍ਰੋਗਰਾਮਾਂ ਵਾਲੀਆਂ ਨਿੱਜੀ ਫਰਮਾਂ ਦਰਜਨਾਂ ਸਿਮੂਲੇਸ਼ਨ ਮਿਸ਼ਨ ਚਲਾ ਰਹੀਆਂ ਹਨ।
ਗਗਨਯਾਨ ਮਿਸ਼ਨ ਲਈ ਚੁਣੇ ਗਏ ਚਾਰ ਭਾਰਤੀ ਪੁਲਾੜ ਯਾਤਰੀਆਂ ਵਿੱਚੋਂ ਦੋ ਇਸ ਸਮੇਂ ਨਾਸਾ ਵਿਖੇ ਸਿਖਲਾਈ ਪ੍ਰਾਪਤ ਕਰ ਰਹੇ ਹਨ।
ਇਸ ਪ੍ਰੋਜੈਕਟ ਵਿੱਚ ਸਹਿਯੋਗ ਕਰਨ ਵਾਲੇ ਲੱਦਾਖ ਯੂਨੀਵਰਸਿਟੀ ਦੇ ਖੋਜ ਅਧਿਐਨ ਦੇ ਡੀਨ ਪ੍ਰੋਫੈਸਰ ਸੁਬਰਤ ਸ਼ਰਮਾ ਕਹਿੰਦੇ ਹਨ, “ਇੱਕ ਵਾਰ ਜਦੋਂ ਸਾਡਾ ਆਪਣਾ ਸਿਮੂਲੇਸ਼ਨ ਮਿਸ਼ਨ ਤਿਆਰ ਹੋ ਜਾਵੇਗਾ ਤਾਂ ਸਾਨੂੰ ਆਪਣੇ ਪੁਲਾੜ ਯਾਤਰੀਆਂ ਦੀ ਸਿਖਲਾਈ ਲਈ ਵਿਦੇਸ਼ੀ ਪੁਲਾੜ ਏਜੰਸੀਆਂ ‘ਤੇ ਨਿਰਭਰ ਨਹੀਂ ਰਹਿਣਾ ਪਵੇਗਾ।”
ਪ੍ਰਯੋਗ ਲਈ ਲੱਦਾਖ ਹੀ ਕਿਉਂ ?
ਪ੍ਰੋਫੈਸਰ ਸੁਬਰਤ ਸ਼ਰਮਾ ਨੇ ਬੀਬੀਸੀ ਨੂੰ ਦੱਸਿਆ ਕਿ ਭੂਗੋਲਿਕ ਦ੍ਰਿਸ਼ਟੀਕੋਣ ਤੋਂ ਲੱਦਾਖ ਨੂੰ ਇਸ ਪ੍ਰਯੋਗ ਲਈ ਚੁਣਿਆ ਗਿਆ ਕਿਉਂਕਿ ਇਥੋਂ ਦਾ ਪਥਰੀਲਾ ਰਸਤਾ, ਬੰਜਰ ਭੂ-ਦ੍ਰਿਸ਼ ਅਤੇ ਮਿੱਟੀ ਮੰਗਲ ਗ੍ਰਹਿ ਅਤੇ ਚੰਦ ਦੇ ਕੁਝ ਹਿੱਸਿਆਂ ‘ਤੇ ਪਾਏ ਜਾਣ ਵਾਲੀਆਂ ਸਮੱਗਰੀਆਂ ਅਤੇ ਚੱਟਾਨਾਂ ਨਾਲ ਮਿਲਦਾ ਹੈ। ਇਹ ਸਭ ਸਥਿਤੀਆਂ ਲੱਦਾਖ ਨੂੰ ਪੁਲਾੜ ਖੋਜ ਲਈ ਆਦਰਸ਼ ਸਥਾਨ ਬਣਾਉਂਦੀਆਂ ਹਨ।”
ਮਿਸ਼ਨ ਦੌਰਾਨ ਇਕੱਠੇ ਕੀਤੇ ਗਏ ਮਿੱਟੀ ਦੇ ਨਮੂਨਿਆਂ ਦੀ ਯੂਨੀਵਰਸਿਟੀ ਦੁਆਰਾ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਕਿਵੇਂ ਪੁਲਾੜ ਯਾਤਰੀ ਪੁਲਾੜ ਵਿੱਚ ਘਰ ਬਣਾਉਣ ਲਈ ਸਥਾਨਕ ਤੌਰ ‘ਤੇ ਪ੍ਰਾਪਤ ਸਮੱਗਰੀ ਦੀ ਵਰਤੋਂ ਕਰ ਸਕਣਗੇ।
ਭਾਰਤ-ਚੀਨ ਸਰਹੱਦ ਦਾ ਇਹ ਹਿਮਾਲਿਆਨ ਖੇਤਰ 3,500 ਮੀਟਰ (11,483 ਫੁੱਟ) ਦੀ ਉਚਾਈ ‘ਤੇ ਹੈ। ਇਥੋਂ ਦੀ ਮੌਸਮੀ ਸਥਿਤੀਆਂ ਬਹੁਤ ਸਖ਼ਤ ਹਨ ਅਤੇ ਹਵਾ ਬਹੁਤ ਘੱਟ ਹੈ।
ਏਥੋਂ ਦਾ ਤਾਪਮਾਨ ਇੱਕ ਦਿਨ ਵਿੱਚ ਹੀ 20 ਸੈਲਸੀਅਸ ਤੋਂ ਘੱਟ ਕੇ -18 ਸੈਲਸੀਅਸ ਤੱਕ ਜਾ ਸਕਦਾ ਹੈ।
ਹਾਲਾਂਕਿ ਇਹ ਮੰਗਲ ਗ੍ਰਹਿ ਦੇ -153 ਸੈਲਸੀਅਸ ਅਤੇ ਚੰਨ ਦੇ -250 ਸੈਲਸੀਅਸ ਤੋਂ ਵੀ ਹੇਠਾਂ ਦੇ ਤਾਪਮਾਨ ਦਾ ਕੋਈ ਵੀ ਮੁਕਾਬਲਾ ਨਹੀਂ ਕਰਦਾ ਪਰ ਫਿਰ ਵੀ ਇਹ ਮਨੁੱਖੀ ਸਹਿਣਸ਼ੀਲਤਾ ਦੀ ਪ੍ਰੀਖਿਆ ਲਈ ਅਹਿਮ ਹੈ।
ਜਿਵੇਂ ਕਿ ਪ੍ਰੋਫੈਸਰ ਸ਼ਰਮਾ ਕਹਿੰਦੇ ਹਨ, “ਕਿਉਂਕਿ ਤੁਸੀਂ ਹਰ ਵਾਰ ਟੈਸਟ ਕਰਨ ਲਈ ਪੁਲਾੜ ਵਿੱਚ ਨਹੀਂ ਜਾ ਸਕਦੇ, ਤੁਹਾਨੂੰ ਇਨ੍ਹਾਂ ਜਗ੍ਹਾਵਾਂ ਦੀ ਜ਼ਰੂਰਤ ਹੈ ਜਿੱਥੇ ਪੁਲਾੜ ਵਰਗੀਆਂ ਸਥਿਤੀਆਂ ਬਣਾਈਆਂ ਜਾ ਸਕਦੀਆਂ ਹਨ।”
ਉਹ ਅੱਗੇ ਕਹਿੰਦੇ ਹਨ,”ਲੱਦਾਖ ਭਾਰਤ ਦਾ ਇੱਕ ਅਜਿਹਾ ਖੇਤਰ ਹੈ ਜਿੱਥੇ ਮੀਲਾਂ ਤੱਕ ਬੰਜਰ ਜ਼ਮੀਨ ਫੈਲੀ ਹੋਈ ਹੈ, ਇਹ ਵਾਤਾਵਰਨ ਤੁਹਾਨੂੰ ਕਿਸੇ ਗ੍ਰਹਿ ‘ਤੇ ਇਕੱਲੇ ਹੋਣ ਦਾ ਅਹਿਸਾਸ ਦਿਵਾਉਂਦਾ ਹੈ।”
ਇਸ ਕੈਪਸੂਲ ‘ਚ ਤਿੰਨ ਹਫ਼ਤੇ ਬਿਤਾਉਣ ਵਾਲੇ ਯਾਤਰੀ ਨੇ ਕਿਹੋ ਜਿਹਾ ਮਹਿਸੂਸ ਕੀਤਾ ?
ਕੈਪਸੂਲ ਦੀ ਟੈਸਟਿੰਗ ਲਈ ਇਸ ਵਿੱਚ ਤਿੰਨ ਹਫ਼ਤੇ ਬਿਤਾਉਣ ਵਾਲੇ ਪੁਲਾੜ ਯਾਤਰੀ ਨੇ ਵੀ ਅਜਿਹਾ ਹੀ ਮਹਿਸੂਸ ਕੀਤਾ।
ਆਪਣਾ ਨਾਮ ਨਾ ਦੱਸਣ ਦੀ ਸ਼ਰਤ ਉੱਤੇ ਇਸ 24 ਸਾਲਾ ਨੌਜਵਾਨ ਪੁਲਾੜ ਯਾਤਰੀ ਨੇ ਦੱਸਿਆ, “ਮੈਂ ਮਨੁੱਖੀ ਵਾਤਾਵਰਣ ਤੋਂ ਬਿਲਕੁੱਲ ਅਲੱਗ-ਥਲੱਗ ਸੀ। ਮੇਰੀ ਹਰ ਹਰਕਤ ਸਮਾਂ-ਸਾਰਣੀ ਤਹਿਤ ਸੀ। ਕਦੋਂ ਜਾਗਣਾ ਹੈ, ਕੀ ਕਰਨਾ ਹੈ ਅਤੇ ਕਦੋਂ ਸੌਣਾ ਹੈ? ਇੱਕ ਕੈਮਰਾ 24×7 ਮੇਰੀ ਹਰ ਹਰਕਤ ਦੀ ਨਿਗਰਾਨੀ ਕਰਦਾ ਸੀ ਅਤੇ ਮੇਰੀਆਂ ਗਤੀਵਿਧੀਆਂ ਅਤੇ ਸਿਹਤ ਬਾਰੇ ਡਾਟਾ ਰਿਕਾਰਡ ਕਰਕੇ ਆਫਿਸ ਨੂੰ ਭੇਜਦਾ ਸੀ।”
ਉਨ੍ਹਾਂ ਨੇ ਅੱਗੇ ਕਿਹਾ, “ਸ਼ੁਰੂਆਤੀ ਕੁਝ ਦਿਨ ਬਹੁਤ ਵਧੀਆ ਸਨ, ਪਰ ਫਿਰ ਇਹ ਦੁਹਰਾਇਆ ਜਾ ਰਿਹਾ ਮਹਿਸੂਸ ਹੋਣ ਲੱਗਾ। ਇਸ ਦਾ ਮੇਰੇ ਰੋਜ਼ਾਨਾ ਦੇ ਪ੍ਰਦਰਸ਼ਨ ‘ਤੇ ਅਸਰ ਪੈਣਾ ਸ਼ੁਰੂ ਹੋ ਗਿਆ ਸੀ। ਮੇਰੀ ਨੀਂਦ ਦਾ ਸਮਾਂ ਥੋੜ੍ਹਾ ਪ੍ਰਭਾਵਿਤ ਹੋਇਆ ਅਤੇ ਮੇਰੀ ਇਕਾਗਰਤਾ ਬਹੁਤ ਹੱਦ ਤੱਕ ਵਿਗੜ ਗਈ ਸੀ।”
ਸਿਮੂਲੇਸ਼ਨ ਪੁਲਾੜ ਯਾਤਰੀ ਨੇ ਆਪਣੀ ਨੀਂਦ ਦੇ ਪੈਟਰਨ, ਦਿਲ ਦੀ ਧੜਕਣ ਅਤੇ ਤਣਾਅ ਦੇ ਪੱਧਰਾਂ ਦੀ ਨਿਗਰਾਨੀ ਕਰਨ ਲਈ ਬਾਇਓਮੈਟ੍ਰਿਕ ਡਿਵਾਈਸ ਪਹਿਨੇ ਸਨ। ਉਨ੍ਹਾਂ ਦੇ ਖੂਨ ਅਤੇ ਥੁੱਕ ਦੀ ਰੋਜ਼ਾਨਾ ਜਾਂਚ ਕੀਤੀ ਜਾਂਦੀ ਸੀ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਉਹ ਇਨ੍ਹਾਂ ਸਥਿਤੀਆਂ ਦਾ ਸਾਹਮਣਾ ਕਿਵੇਂ ਕਰ ਰਹੇ ਸਨ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਮਿਸ਼ਨ ਦੇ ਸਭ ਤੋਂ ਮਹੱਤਵਪੂਰਨ ਹਿੱਸਿਆਂ ਵਿੱਚੋਂ ਇੱਕ ਸੀ ਮਨੋਵਿਗਿਆਨਕ ਬਦਲਾਵਾਂ ਨੂੰ ਪਰਖਣਾ ਅਤੇ ਜਾਂਚਨਾ ਕਿ ਇਹ ਬਦਲਾਵ ਮਨੁੱਖਾਂ ਨੂੰ ਪੁਲਾੜ ਵਿੱਚ ਕਿਵੇਂ ਪ੍ਰਭਾਵਤ ਕਰਨਗੇ।
ਦੁਨੀਆ ਦੀਆਂ ਹੋਰ ਪੁਲਾੜ ਏਜੰਸੀਆਂ ਕੀ ਕਰ ਰਹੀਆਂ ਹਨ ?
ਦੁਨੀਆ ਭਰ ਦੀਆਂ ਪੁਲਾੜ ਏਜੰਸੀਆਂ ਦਾ ਉਦੇਸ਼ ਆਉਣ ਵਾਲੇ ਸਾਲਾਂ ਵਿੱਚ ਚੰਦ ‘ਤੇ ਪੁਲਾੜ ਯਾਤਰੀਆਂ ਨੂੰ ਭੇਜਣਾ ਅਤੇ ਸਥਾਈ ਅਧਾਰ ਸਥਾਪਤ ਕਰਨਾ ਹੈ।
ਅਜਿਹੇ ਸਿਮੂਲੇਸ਼ਨ ਮਿਸ਼ਨਾਂ ਦੀ ਖੋਜ ਅਤੇ ਸਿਖਲਾਈ ਵਿੱਚ ਮਹੱਤਵਪੂਰਨ ਭੂਮਿਕਾ ਰਹਿਣ ਦੀ ਸੰਭਾਵਨਾ ਹੈ।
ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਇੱਕ ਟੀਮ ਨੇ ਅਪ੍ਰੈਲ ਵਿੱਚ ਨਾਸਾ ਦੇ ਰੋਬੋਟ ਡਾਗ ਲੈਸੀ ਨੂੰ ਚੰਦ ਦੀ ਸਤ੍ਹਾ ‘ਤੇ ਤੁਰਨ ਲਈ ਤਿਆਰ ਕਰਨ ਲਈ ਓਰੇਗਨ ਵਿੱਚ ਅਜ਼ਮਾਇਸ਼ਾਂ ਸ਼ੁਰੂ ਕੀਤੀਆਂ ਸਨ। ਜੁਲਾਈ ਵਿੱਚ, ਚਾਰ ਵਲੰਟੀਅਰ ਨੇ “ਐਨਾਲਾਗ” ਸਹੂਲਤ ‘ਤੇ ਇੱਕ ਸਾਲ ਬਿਤਿਆ ਸੀ, ਜੋ ਕਿ ਮੰਗਲ ਗ੍ਰਹਿ ‘ਤੇ ਜੀਵਨ ਦੀ ਨਕਲ ਕਰਨ ਲਈ ਵਿਸ਼ੇਸ਼ ਤੌਰ ‘ਤੇ ਟੈਕਸਸ ਸ਼ਹਿਰ ਵਿੱਚ ਬਣਾਈ ਗਈ ਸੀ।
ਇਕਨਾਮਿਸਟ ਮੈਗਜ਼ੀਨ ਦੇ ਅਨੁਸਾਰ, ਨਾਸਾ ਸਿਰਫ਼ ਚੰਦ ਦੀ ਸਤ੍ਹਾ ‘ਤੇ ਪਾਈਆਂ ਜਾਣ ਵਾਲੀਆਂ ਸਮੱਗਰੀਆਂ ਦੀ ਵਰਤੋਂ ਕਰਕੇ ਇੱਕ ਬੇਸ ਨੂੰ 3D-ਪ੍ਰਿੰਟ ਕਰਨ ਦੀ ਯੋਜਨਾ ਬਣਾ ਰਿਹਾ ਹੈ। ਚੀਨ ਅਤੇ ਰੂਸ ਵੀ ਆਪਣੀਆਂ ਯੋਜਨਾਵਾਂ ਲਈ ਇੱਕ-ਦੂਜੇ ਦਾ ਸਹਿਯੋਗ ਕਰ ਰਹੇ ਹਨ।
ਇਸ ਸਭ ਵਿੱਚ ਭਾਰਤ ਵੀ ਪਿੱਛੇ ਨਹੀਂ ਰਹਿਣਾ ਚਾਹੁੰਦਾ। ਪ੍ਰੋਫੈਸਰ ਸ਼ਰਮਾ ਕਹਿੰਦੇ ਹਨ ਕਿ ਲੱਦਾਖ ਵਿੱਚ ਇਕੱਠੇ ਕੀਤੇ ਗਏ ਡੇਟਾ ਦਾ ਵਿਸ਼ਲੇਸ਼ਣ ਸਾਡੇ ਪੁਲਾੜ ਯਾਤਰੀਆਂ ਦੀਆਂ ਜ਼ਰੂਰਤਾਂ ਨਾਲ ਨਜਿੱਠਣ ਲਈ ਡਾਕਟਰੀ ਤਕਨਾਲੋਜੀ ਵਿਕਸਤ ਕਰਨ ਵਿੱਚ ਮਦਦ ਕਰੇਗਾ।ਉਨ੍ਹਾਂ ਨੂੰ ਪੁਲਾੜ ਵਿੱਚ ਆਉਣ ਵਾਲੀ ਕੋਈ ਸਮੱਸਿਆ ਸਮੇਂ ਵੀ ਮਦਦਗਾਰ ਸਾਬਤ ਹੋਵੇਗਾ।”
ਉਹ ਕਹਿੰਦੇ ਹਨ,”ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਸਾਡੇ ਸਰੀਰ ਚੰਦ ‘ਤੇ ਕਿਵੇਂ ਕੰਮ ਕਰਨਗੇ ਜਿੱਥੇ ਦਿਨ ਅਤੇ ਰਾਤ ਧਰਤੀ ਨਾਲੋਂ ਬਹੁਤ ਲੰਬੇ ਹਨ ਅਤੇ ਆਕਸੀਜਨ ਜ਼ਰੂਰੀ ਮਾਤਰਾ ਵਿੱਚ ਮੌਜੂਦ ਨਹੀਂ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI