Source :- BBC PUNJABI
ਅਪਡੇਟ 5 ਮਿੰਟ ਪਹਿਲਾਂ
ਸ਼ਨੀਵਾਰ ਨੂੰ ਖਨੌਰੀ ਬਾਰਡਰ ਉੱਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਕੇਂਦਰ ਸਰਕਾਰ ਦੇ ਡੈਲੀਗੇਸ਼ਨ ਨਾਲ ਮੀਟਿੰਗ ਹੋਈ। ਇਸ ਮੀਟਿੰਗ ਮਗਰੋਂ ਕਿਸਾਨਾਂ ਨੇ ਕਿਹਾ ਹੈ ਕਿ ਉਹ ਮਰਨ ਵਰਤ ਉੱਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਸਹਾਇਤਾ ਲੈਣ ਲਈ ਅਪੀਲ ਕਰਨਗੇ।
ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਸਣੇ ਹੋਰ ਮੰਗਾਂ ਨੂੰ ਲੈ ਕੇ 50 ਦਿਨਾਂ ਤੋਂ ਵੱਧ ਸਮੇਂ ਤੋਂ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਅਤੇ ਕਿਸਾਨੀ ਮੰਗਾਂ ਨੂੰ ਲੈ ਕੇ ਸਵੇਰੇ ਹਾਈ ਲੈਵਲ ਡੈਲੀਕੇਸ਼ਨ ਭਾਰਤ ਸਰਕਾਰ ਵੱਲੋਂ ਖਨੌਰੀ ਬਾਰਡਰ ਭੇਜਿਆ ਗਿਆ ਸੀ।
ਮੀਟਿੰਗ ਤੋਂ ਬਾਅਦ ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਪ੍ਰਤੀਨਿਧੀਆਂ ਦੀ ਸਹਿਮਤੀ ਦੇ ਆਧਾਰ ਉੱਤੇ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਸਹਾਇਤਾ ਲੈਣ ਲਈ ਬੇਨਤੀ ਕੀਤੀ।
ਅਭਿਮੰਨਿਊ ਕੋਹਾੜ ਨੇ ਦੱਸਿਆ ਕਿ ਡੱਲੇਵਾਲ ਨੇ ਕਿਹਾ ਹੈ ਕਿ ਜੋ 121 ਕਿਸਾਨ ਪਹਿਲਾਂ ਮਰਨ ਵਰਤ ਉੱਤੇ ਬੈਠੇ ਹਨ ਉਨ੍ਹਾਂ ਨਾਲ ਗੱਲ ਕੀਤੀ ਜਾਵੇ, ਇਸ ਮਗਰੋਂ ਉਹ ਫੈਸਲਾ ਲੈਣਗੇ। ਇਸ ਦੇ ਨਾਲ ਹੀ ਡੱਲੇਵਾਲ ਨੇ ਕਿਹਾ ਹੈ ਕਿ ਉਹ ਮੰਗਾਂ ਪੂਰੀਆਂ ਹੋਣ ਤੱਕ ਭੋਜਨ ਨਹੀਂ ਛੱਕਣਗੇ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਜੁਆਇੰਟ ਸਕੱਤਰ ਪ੍ਰਿਆ ਰੰਜਨ ਦੀ ਅਗਵਾਈ ਵਿੱਚ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਸਾਬਕਾ ਏਡੀਜੀਪੀ ਜਸਕਰਨ ਸਿੰਘ ਮੌਜੂਦ ਸਨ।
ਕਿਸਾਨ ਆਗੂਆਂ ਵੱਲੋਂ ਅਭਿਮੰਨਿਊ ਕੋਹਾੜ ਅਤੇ ਕਾਕਾ ਸਿੰਘ ਕੋਟੜਾ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਨੁਮਾਇੰਦੇ ਮੌਜੂਦ ਸਨ।
ਮੀਟਿੰਗ ਤੋਂ ਬਾਅਦ ਅਭਿਮੰਨਿਊ ਕੋਹਾੜ ਨੇ ਸਟੇਜ ਤੋਂ ਕਿਹਾ ਕਿ, “ਕੇਂਦਰ ਤੋਂ ਆਈ ਟੀਮ ਦੀ ਇੱਛਾ ਮੁਤਾਬਕ ਅਸੀਂ ਉਨ੍ਹਾਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ।”
ਪ੍ਰਿਆ ਰੰਜਨ ਨੇ ਕਿਹਾ ਕਿ ਇਹ ਮੀਟਿੰਗ ਫ਼ਰਵਰੀ 2024 ਨੂੰ ਚੰਡੀਗੜ੍ਹ ਵਿੱਚ ਮੀਟਿੰਗ ਤੋਂ ਬਾਅਦ ਉਸੇ ਲੜੀ ਵਿੱਚ ਅੱਜ ਦੀ ਮੀਟਿੰਗ ਹੋਈ ਹੈ।
ਇਸ ਤੋਂ ਬਾਅਦ 14 ਫ਼ਰਵਰੀ 2025 ਨੂੰ ਸ਼ਾਮ ਪੰਜ ਵਜੇ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੂੰ ਮੀਟਿੰਗ ਲਈ ਬੁਲਾਇਆ ਹੈ। ਇਹ ਮੀਟਿੰਗ ਚੰਡੀਗੜ੍ਹ ਵਿੱਚ ਰੱਖੀ ਗਈ ਹੈੇ।
ਕਿਸਾਨਾਂ ਨੇ ਡੱਲੇਵਾਲ ਨੂੰ ਕੀਤੀ ਅਪੀਲ
ਅਭਿਮੰਨਿਊ ਕੋਹਾੜ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਗੱਲਬਾਤ ਲਈ ਤਿਆਰ ਕਰ ਦਿੱਤਾ ਹੈ।
“ਅੱਜ ਦੀ ਮੀਟਿੰਗ ਵਿੱਚ ਇਹ ਵੀ ਚਰਚਾ ਹੋਈ ਕਿ ਅਗਲੀ ਮੀਟਿੰਗ 14 ਜਨਵਰੀ ਤੋਂ ਪਹਿਲਾਂ ਹੋਣੀ ਚਾਹੀਦੀ ਹੈ। ਪਰ ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਵਿੱਚ 9 ਤਾਰੀਕ ਤੱਕ ਚੋਣ ਜਾਬਤਾ ਲੱਗਿਆ ਹੋਵੇਗਾ ਅਤੇ ਉਸ ਸਮੇਂ ਸਰਕਾਰ ਕੋਈ ਵੀ ਐਲਾਨ ਨਹੀਂ ਕਰ ਸਕੇਗੀ।”
“ਕੇਂਦਰ ਸਰਕਾਰ ਚਾਹੁੰਦੀ ਹੈ ਕਿ ਦੋਵਾਂ ਪੱਖਾਂ ਦਰਮਿਆਨ ਜੋ ਵੀ ਗੱਲ ਹੋਵੇ ਉਸ ਸਮੇਂ ਮੀਟਿੰਗ ਵਿੱਚ ਜਗਜੀਤ ਸਿੰਘ ਡੱਲੇਵਾਲ ਮੌਜੂਦ ਹੋਣ।”
ਉਨ੍ਹਾਂ ਕਿਹਾ, “ਅਸੀਂ ਵੀ ਇਸ ਗੱਲ ਨੂੰ ਮੰਨਦੇ ਹਾਂ ਕੇ ਸਾਡੇ ਸਾਰਿਆਂ ਵਿੱਚੋਂ ਕੋਈ ਵੀ ਡੱਲੇਵਾਲ ਸਾਹਿਬ ਜਿੰਨਾ ਤਜ਼ਰਬੇਕਾਰ ਨਹੀਂ ਅਤੇ ਉਨ੍ਹਾਂ ਦੀ ਗੱਲਬਾਤ ਵਿੱਚ ਮੌਜੂਦਗੀ ਯਕੀਨੀ ਬਣਾਉਣ ਲਈ ਡੱਲੇਵਾਲ ਸਾਹਿਬ ਨੂੰ ਮੈਡੀਕਲ ਸਹਾਇਤਾ ਦੀ ਅਪੀਲ ਕਰਦੇ ਹਾਂ।”
“ਡਾਕਟਰਾਂ ਮੁਤਾਬਕ ਡੱਲੇਵਾਲ ਦੀ ਬੀਤੇ ਤਿੰਨ ਦਿਨਾਂ ਤੋਂ ਉਲਟੀਆਂ ਦੇ ਚਲਦਿਆਂ ਸਿਹਤ ਨਾਜ਼ੁਕ ਬਣੀ ਹੋਈ ਹੈ।”
“ਦੋਵਾਂ ਫ਼ੋਰਮਾਂ ਵੱਲੋਂ ਕਹਿ ਰਿਹਾ ਹਾਂ, ਅੱਜ ਤੱਕ ਡੱਲੇਵਾਲ ਦੇ ਕਹੇ ਸਾਰੇ ਹੁਕਮ ਅਸੀਂ ਸਾਰਿਆਂ ਨੇ ਮੰਨੇ ਹਨ। ਸਾਡੀ ਸਾਰਿਆਂ ਦੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਿ ਗੱਲਬਾਤ ਦੌਰਾਨ ਤੁਹਾਡੀ ਮੌਜੂਦਗੀ ਨੂੰ ਯਕੀਨੀ ਬਣਾਉਣ ਲਈ
ਤੁਸੀਂ ਮੈਡੀਕਲ ਏਡ ਲੈਣਾ ਸ਼ੁਰੂ ਕਰ ਦਿਓ।”
ਉਨ੍ਹਾਂ ਡੱਲੇਵਾਲ ਨੂੰ ਸੰਬੋਧਿਤ ਹੁੰਦਿਆਂ ਕਿਹਾ, “ਪ੍ਰਧਾਨ ਜੀ ਜੋ ਤੁਸੀਂ ਹੁਕਮ ਦਿੱਤੇ ਅਸੀਂ ਸਾਰਿਆਂ ਨੇ ਮੰਨੇ। ਹੁਣ ਤੁਸੀਂ ਸਾਡੀ ਬੇਨਤੀ ਪੂਰੀ ਕਰੋ। ਨਹੀਂ ਤਾਂ ਅਸੀਂ ਸਾਰੇ ਵੀ ਤੁਹਾਡੀ ਟਰਾਲੀ ਦੇ ਬਾਹਰ ਬੈਠਾਂਗੇ ਅਤੇ ਖਾਣਾ-ਪੀਣਾ ਛੱਡ ਦੇਵਾਂਗੇ। ਪਾਣੀ ਵੀ ਨਹੀਂ ਪੀਵਾਂਗੇ। “
ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ, “ਅਸੀਂ ਡੱਲੇਵਾਲ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਉਹ ਮੈਡੀਕਲ ਸਹਾਇਤਾ ਲੈਣ ਨੂੰ ਰਾਜ਼ੀ ਹੋ ਜਾਣ।”
“ਡੱਲੇਵਾਲ ਸਾਹਿਬ ਦਾ ਕਹਿਣਾ ਹੈ ਕਿ ਜਦੋਂ ਤੱਕ ਐੱਮਐੱਸਪੀ ਕਾਨੂੰਨ ਨਹੀਂ ਬਣਦਾ ਉਦੋਂ ਤੱਕ ਨਹੀਂ ਖਾਵਾਂਗਾ। ਅਸੀਂ ਇਸ ਗੱਲ ਨੂੰ ਮੰਨਦੇ ਹਾਂ ਪਰ ਨਾਲ ਹੀ ਸਾਡੀ ਬੇਨਤੀ ਹੈ ਕਿ ਮੈਡੀਕਲ ਸਹਾਇਤਾ ਜ਼ਰੂਰ ਲੈਣ।”
“ਕੇਂਦਰ ਸਰਕਾਰ ਮੰਗਾਂ ਬਾਰੇ ਗੱਲਬਾਤ ਕਰਨ ਨੂੰ ਤਿਆਰ ਹੈ। “
ਕਾਕਾ ਕੋਟੜਾ ਨੇ ਕਿਹਾ, “111 ਲੋਕ ਜਿਹੜੇ ਮਰਨ ਵਰਤ ਉੱਤੇ ਬੈਠੇ ਹਨ। ਉਨ੍ਹਾਂ ਨੂੰ ਵੀ ਮਰਨ ਵਰਤ ਉੱਤੇ ਬੈਠਿਆਂ 4 ਦਿਨ ਹੋ ਗਏ ਹਨ ਅਤੇ ਉਨ੍ਹਾਂ ਬਾਰੇ ਫ਼ੈਸਲਾ ਐਤਵਾਰ ਨੂੰ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI