Source :- BBC PUNJABI
ਖਨੌਰੀ ਬਾਰਡਰ ਤੇ ਐੱਮਐੱਸਪੀ ਦੀ ਕਾਨੂੰਨੀ ਗਰੰਟੀ ਅਤੇ ਹੋਰ ਮੰਗਾਂ ਨੂੰ ਲੈ ਕੇ ਲੱਗੇ ਮੋਰਚੇ ʼਤੇ ਆਪਣੇ ਕੈਮਰੇ ਦੀ ਅੱਖ ਨਾਲ ਖਿੱਚੀਆਂ ਵਿਲੱਖਣ ਤਸਵੀਰਾਂ ਕਰਕੇ ਇੱਕ ਬਜ਼ੁਰਗ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਅਸੀਂ ਗੱਲ ਕਰ ਰਹੇ ਹਾਂ ਜਗਦੇਵ ਸਿੰਘ ਦੀ, ਜੋ ਸਵੇਰੇ ਹੀ ਆਪਣੇ ਘਰੋਂ ਖਨੌਰੀ ਬਾਰਡਰ ʼਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਤਸਵੀਰਾਂ ਖਿੱਚਣ ਲਈ ਨਿਕਲ ਜਾਂਦੇ ਹਨ।
ਜ਼ਿਲ੍ਹਾ ਬਰਨਾਲਾ ਦੇ ਕਸਬਾ ਤਪਾ ਮੰਡੀ ਦੇ ਰਹਿਣ ਵਾਲੇ ਜਗਦੇਵ ਸਿੰਘ ਨੂੰ ਮੋਰਚੇ ʼਤੇ ਹਰ ਕੋਈ ਬਾਪੂ ਤਪੈ, ਦੇ ਨਾਮ ਨਾਲ ਜਾਣਦਾ ਹੈ।
ਉਨ੍ਹਾਂ ਦੀਆਂ ਤਸਵੀਰਾਂ ਹਮੇਸ਼ਾ ਸੰਘਰਸ਼ ਕਰਦੇ ਕਿਸਾਨਾਂ ਉੱਪਰ ਕੇਂਦਰਤ ਹੁੰਦੀਆਂ ਹਨ। ਮੋਰਚੇ ʼਤੇ ਉਹ ਹਮੇਸ਼ਾ ਕਹਿੰਦੇ ਹਨ ਕਿ ਜਿਹੜਾ ਉਨ੍ਹਾਂ ਦੇ ਫਰੇਮ ਵਿੱਚ ਵੇਖਦਾ ਹੈ ਉਸ ਵਿਅਕਤੀ ਨੂੰ ਉਹ ਫਰੇਮ ਵਿੱਚ ਨਹੀਂ ਲੈਂਦੇ।
ਖਨੌਰੀ ਮੋਰਚੇ ʼਤੇ ਉਨ੍ਹਾਂ ਕੋਲ ਆਪਣਾ ਸਾਈਕਲ ਹੈ ਤੇ ਉਹ ਉੱਥੇ ਹੀ ਕਿਸਾਨਾਂ ਦੇ ਟੈਂਟ ਵਿੱਚ ਰਾਤ ਗੁਜਾਰਦੇ ਹਨ, ਉਹ ਦਿਨ ਵਿੱਚ ਮੋਰਚੇ ਉੱਤੇ ਆਪਣੇ ਸਾਈਕਲ ਨਾਲ ਦੋ ਤੋਂ ਤਿੰਨ ਚੱਕਰ ਲਗਾਉਂਦੇ ਹਨ। ਅਪਾਹਜ ਹੋਣ ਦੇ ਬਾਵਜੂਦ ਉਹ ਆਪਣੇ ਇਸ ਸ਼ੌਂਕ ਨੂੰ ਸਮਰਪਿਤ ਹਨ।
ਜਗਦੇਵ ਸਿੰਘ ਦੱਸਦੇ ਹਨ ਕਿ 1985 ਵਿੱਚ ਉਨ੍ਹਾਂ ਨੇ ਫੋਟੋਗ੍ਰਾਫੀ ਦੇ ਕੰਮ ਦੀ ਸ਼ੁਰੂਆਤ ਕੀਤੀ ਸੀ ਅਤੇ ਪੰਜ ਸਾਲ ਤੱਕ ਸਿੱਖਿਆ। ਫਿਰ ਉਨ੍ਹਾਂ ਨੇ ਕੁਝ ਸਮਾਂ ਦੁਕਾਨਦਾਰੀ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ।
ਉਹ ਦੱਸਦੇ ਹਨ, “ਇਸ ਵਿਚਾਲੇ ਮੈਂ ਇੱਕ ਦਿਨ ਵਿਆਹ ʼਤੇ ਜਾ ਰਿਹਾ ਸੀ ਤੇ ਮੇਰਾ ਐਕਸੀਡੈਂਟ ਹੋ ਗਿਆ। ਮੇਰੀ ਲੱਤ ਤਿੰਨ ਥਾਵਾਂ ਤੋਂ ਟੁੱਟ ਗਈ। ਮੈਂ ਕੁਝ ਸਮਾਂ ਹੋਰ ਕਾਰੋਬਾਰ ਕੀਤਾ ਪਰ ਸਫ਼ਲ ਨਹੀਂ ਹੋ ਸਕਿਆ, ਖੇਤੀ ਵਿੱਚ ਵੀ ਕਾਮਯਾਬ ਨਹੀਂ ਰਿਹਾ।”
ਉਨ੍ਹਾਂ ਕੋਲੇ ਆਪਣੀ ਕੁਝ ਜ਼ਮੀਨ ਵੀ ਸੀ ਜੋ ਕਿ ਘਰ ਦੀਆਂ ਆਰਥਿਕ ਮਜਬੂਰੀਆਂ ਦੇ ਕਰਕੇ ਵੇਚਣੀ ਪਈ, ਫੇਰ ਇਸ ਤੋਂ ਬਾਅਦ ਉਹ ਲੋਕਾਂ ਦੇ ਸੰਘਰਸ਼ ਦੇ ਵਿੱਚ ਫੋਟੋਆਂ ਖਿੱਚਣ ਦੇ ਕੰਮ ਵਿੱਚ ਪੈ ਗਏ।
ਘਰ ਵਿੱਚ ਉਨ੍ਹਾਂ ਦੀ ਪਤਨੀ ਤੇ ਇੱਕ ਬੇਟਾ ਹੈ ਜੋ ਕਿ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਹੈ ਜਿਸ ਨਾਲ ਘਰ ਦਾ ਗੁਜ਼ਾਰਾ ਚਲਦਾ ਹੈ।
ਜਗਦੇਵ ਸਿੰਘ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੂੰ ਆਪਣੇ ਇਸ ਸ਼ੌਂਕ ਤੋਂ ਕੋਈ ਕਮਾਈ ਨਹੀਂ ਹੁੰਦੀ।
ਜਗਦੇਵ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਦਾ ਉਨ੍ਹਾਂ ਨੂੰ ਬਹੁਤ ਸਮਰਥਨ ਰਹਿੰਦਾ ਹੈ। ਉਹ ਜਦੋਂ ਵੀ ਮੋਰਚੇ ਉੱਤੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਘਰ ਦੀ ਕੋਈ ਚਿੰਤਾ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਦੀ ਪਤਨੀ ਤੇ ਪੁੱਤਰ ਸਭ ਸਾਂਭ ਲੈਂਦੇ ਹਨ।
ਜਗਦੇਵ ਸਿੰਘ ਦਾਅਵਾ ਕਰਦੇ ਹਨ ਕਿ ਉਨ੍ਹਾਂ ਕੋਲ ਕਿਸਾਨੀ ਸੰਘਰਸ਼ ਨਾਲ ਸੰਬਧਤ ਡੇਢ-ਦੋ ਲੱਖ ਦੇ ਕਰੀਬ ਫੋਟੋਆਂ ਹਨ। ਇਸ ਪਿੱਛੇ ਉਨ੍ਹਾਂ ਦਾ ਆਪਣਾ ਇੱਕ ਮਨੋਰਥ ਹੈ।
ਉਨ੍ਹਾਂ ਦਾ ਕਹਿਣਾ ਹੈ, “ਅੱਜ ਤੋਂ 20-30 ਸਾਲ ਬਾਅਦ ਆਉਣ ਵਾਲੀ ਸਾਡੀ ਪੀੜ੍ਹੀ ਲਈ ਮੈਂ ਇਹ ਤਸਵੀਰਾਂ ਸੰਭਾਲ ਕੇ ਰੱਖ ਰਿਹਾ ਹਾਂ ਤਂ ਜੋ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਪੁਰਖੇ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਬਚਾਉਣ ਲਈ ਲੜੇ ਸਨ।”
ਉਹ ਇਹ ਤਸਵੀਰਾਂ ਇੱਕ ਹਾਰਡ ਡਿਸਕ ਵਿੱਚ ਦੋ-ਤਿੰਨ ਵੱਖ-ਵੱਖ ਥਾਵਾਂ ਉੱਤੇ ਸੰਭਾਲ ਰਹੇ ਹਨ ਤਾਂ ਜੋ ਉਹ ਖ਼ਰਾਬ ਨਾ ਹੋਣ।
ਤਸਵੀਰਾਂ ਖਿੱਚਣ ਦਾ ਮਨੋਰਥ
ਸਾਲ 2020 ਵਿੱਚ ਤਿੰਨ ਖੇਤੀ ਕਾਨੂੰਨਾਂ ਸਬੰਧੀ ਦਿੱਲੀ ਦੀਆਂ ਬਰੂਹਾਂ ʼਤੇ ਚੱਲੇ ਅੰਦੋਲਨ ਵਿੱਚ ਵੀ ਉਹ ਲਗਾਤਾਰ 385 ਦਿਨ ਉੱਥੇ ਰਹੇ ਸਨ।
ਉਹ ਕਹਿੰਦੇ ਹਨ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਕਿਸਾਨੀ ਸੰਘਰਸ਼ ਨੂੰ ਲੈ ਕੇ ਮੋਰਚੇ ਲੱਗੇ ਹਨ ਤਾਂ ਉਨ੍ਹਾਂ ਦੀ ਫੋਟੋਗ੍ਰਾਫੀ ਬਹੁਤ ਘੱਟ ਹੋਈ ਹੈ।
“ਮੇਰੇ ਦਿਮਾਗ਼ ਵਿੱਚ ਆਇਆ ਕਿ ਮੇਰੇ ਕੋਲ ਇੱਕ ਛੋਟੀ ਜਿਹੀ ਕਲਾ ਹੈ ਕਿਉਂ ਨਾ ਮੈਂ ਇਸ ਉੱਥੇ ਜਾ ਕੇ ਵਰਤਾਂ। ਪੰਜਾਬ ਵਿੱਚ ਜੋ ਵੀ ਘੋਲ ਹੋਏ, ਮੋਰਚੇ ਲੱਗੇ, ਉਸ ਦੀ ਫੋਟੋਗ੍ਰਾਫੀ ਬਹੁਤ ਘੱਟ ਹੈ। ਵੀਡੀਓ ਤਾਂ ਹਨ।”
ਉਨ੍ਹਾਂ ਨੇ ਆਪਣੀ ਇੱਕ ਯਾਦ ਨੂੰ ਤਾਜ਼ਾ ਕਰਦਿਆਂ ਦੱਸਿਆ, “ਜਦੋਂ ਮੈਂ ਪਹਿਲੀ ਵਾਰ ਸਿੰਘੂ ਬਾਰਡਰ ਉੱਤੇ ਗਿਆ ਤਾਂ ਰਾਤੀਂ ਬਰਸਾਤ ਹੋਈ ਸੀ ਤੇ ਮੈਂ ਸਵੇਰੇ ਹੀ ਇੱਕ ਫੋਟੋ ਕਲਿੱਕ ਕੀਤੀ ਸੀ। ਮੇਰੀ ਉਹ ਤਸਵੀਰ ਵੱਖ-ਵੱਖ ਸੋਸ਼ਲ ਮੀਡੀਆ ਪੇਜਾਂ ਦੇ ਉੱਪਰ ਵਾਇਰਲ ਹੋਈ, ਜਿਸ ਤੋਂ ਬਾਅਦ ਮੈਨੂੰ ਬੰਗਾਲ ਦੀ ਮੁੱਖ ਮੰਤਰੀ ਵੱਲੋਂ ਵੀ ਪਸੰਦ ਕੀਤਾ ਗਿਆ ਤੇ ਇਸ ਨਾਲ ਮੇਰਾ ਉਤਸ਼ਾਹ ਹੋਰ ਵਧ ਗਿਆ।”
“ਇਸ ਤਸਵੀਰ ਵਿੱਚ ਇੱਕ ਨੌਜਵਾਨ ਹੱਥ ਨਾਲ ਪਾਣੀ ਚੁੱਕ ਕੇ ਲਾਗੇ ਪਈ ਇੱਕ ਬਾਲਟੀ ਵਿੱਚ ਪਾ ਰਿਹਾ ਸੀ। ਉਸ ਨੇ ਮੈਨੂੰ ਪ੍ਰਭਾਵਿਤ ਕੀਤਾ।”
ਉਨ੍ਹਾਂ ਦੀਆਂ ਤਸਵੀਰਾਂ ਨੂੰ ਸੰਘਰਸ਼ਾਂ ਦੇ ਉੱਪਰ ਲਿਖੀਆਂ ਗਈਆਂ ਕਿਤਾਬਾਂ ਦੇ ਵਿੱਚ ਵੀ ਛਾਪਿਆ ਗਿਆ ਹੈ ਪਰ ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਕਦੇ ਇਸ ਦੇ ਲਈ ਕਿਸੇ ਤੋਂ ਪੈਸੇ ਨਹੀਂ ਲਏ ਕਿਉਂਕਿ ਉਹ ਇਹ ਕੰਮ ਪੈਸੇ ਲਈ ਨਹੀਂ ਕਰਦੇ।
ਉਹ ਕਹਿੰਦੇ ਹਨ ਕਿ ਕਈਆਂ ਨੇ ਉਨ੍ਹਾਂ ਦੀਆਂ ਤਸਵੀਰਾਂ ਵਰਤੀਆਂ ਹਨ ਤੇ ਕਈਆਂ ਨੇ ਪੈਸੇ ਦੇਣ ਦੀ ਕੋਸ਼ਿਸ਼ ਵੀ ਕੀਤੀ ਪਰ ਉਨ੍ਹਾਂ ਨੇ ਨਹੀਂ ਲਏ।
ਨੁਕਸਾਨ ਦਾ ਸਾਹਮਣਾ ਵੀ ਕਰਨਾ ਪਿਆ
ਕਿਸਾਨੀ ਮੋਰਚਿਆਂ ਦੇ ਉੱਪਰ ਉਨ੍ਹਾਂ ਨੂੰ ਆਪਣੇ ਅਪਾਹਜ ਹੋਣ ਕਰ ਕੇ ਸ਼ਰਾਰਤੀ ਅਨਸਰਾਂ ਵੱਲੋਂ ਕਾਫੀ ਨੁਕਸਾਨ ਦਾ ਵੀ ਸਾਹਮਣਾ ਕਰਨਾ ਪਿਆ।
ਹਰਭਗਵਾਨ ਸਿੰਘ ਜ਼ਿਲ੍ਹਾ ਮੁਕਤਸਰ ਦੇ ਪਿੰਡ ਸੱਕਾਂਵਾਲੀ ਦੇ ਰਹਿਣ ਵਾਲੇ ਹਨ ਜੋ ਕਿ ਲੰਮੇ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵਿੱਚ ਕੰਮ ਕਰ ਰਹੇ ਹਨ।
ਉਹ ਦੱਸਦੇ ਹਨ ਕਿ ਜਗਦੇਵ ਸਿੰਘ ਤਪਾ ਵੱਲੋਂ ਖਿੱਚੀ ਉਨ੍ਹਾਂ ਦੀ ਇੱਕ ਤਸਵੀਰ ਦੇ ਨਾਲ ਉਨਾਂ ਨੂੰ ਖਨੌਰੀ ਬਾਰਡਰ ਤੇ ਆਪਣੇ ਮਨੋਰਥ ਦੇ ਨਵੇਂ ਰੂਪ ਦੇ ਨਾਲ ਜਾਣਿਆ ਜਾਣ ਲੱਗਾ ਹੈ।
ਉਹ ਆਪਣੇ ਟੈਂਟ ਦੇ ਵਿੱਚ ਡਾਕਟਰਾਂ, ਪੱਤਰਕਾਰਾਂ ਤੇ ਲੋੜਵੰਦਾਂ ਲਈ ਹਮੇਸ਼ਾ ਚਾਹ ਤਿਆਰ ਕਰਦੇ ਸਨ।
ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੀ ਦਿੱਲੀ ਅੰਦੋਲਨ ਵੇਲੇ ਤੋਂ ਜਗਦੇਵ ਸਿੰਘ ਤਪਾ ਨਾਲ ਜਾਣ ਪਛਾਣ ਹੋਈ ਸੀ ਤਾਂ ਖਨੌਰੀ ਆਉਣ ਵੇਲੇ ਵੀ ਉਨ੍ਹਾਂ ਨੇ ਆਪਸ ਵਿੱਚ ਗੱਲਬਾਤ ਕੀਤੀ ਸੀ।
ਜਗਦੇਵ ਸਿੰਘ ਖਨੌਰੀ ਬਾਰਡਰ ʼਤੇ ਹਰਭਗਵਾਨ ਸਿੰਘ ਦੇ ਟੈਂਟ ਦੇ ਵਿੱਚ ਹੀ ਰਹਿੰਦੇ ਹਨ। ਹਰਭਗਵਾਨ ਦੱਸਦੇ ਹਨ ਕਿ ਇਸ ਟੈਂਟ ਨੂੰ ਵੀ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਦੇ ਨਾਲ ਸਾਂਝੀ ਰਸੋਈ ਦੇ ਤੌਰ ʼਤੇ ਬਦਲ ਦਿੱਤਾ ਹੈ।
ਹੁਣ ਖਨੌਰੀ ਬਾਰਡਰ ‘ਤੇ ਇਹ ਟੈਂਟ ‘ਭਾਨੇ ਦੀ ਰਸੋਈ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਿੱਥੇ ਖਨੌਰੀ ਪਹੁੰਚਣ ਵਾਲੇ ਹਰ ਲੋੜਵੰਦ ਵਿਅਕਤੀ ਦੇ ਲਈ ਚਾਹ ਦਾ ਪ੍ਰਬੰਧ ਹਮੇਸ਼ਾ ਰਹਿੰਦਾ ਹੈ।
ਉਹ ਕਹਿੰਦੇ ਹਨ, “ਜਗਦੇਵ ਸਿੰਘ ਬਾਪੂ ਜੀ ਦੀਆਂ ਤਸਵੀਰਾਂ ਨੌਜਵਾਨਾਂ ਨੂੰ ਪ੍ਰਭਾਵਿਤ ਕਰਦੀਆਂ ਹਨ ਤੇ ਉਥੋਂ ਉਨ੍ਹਾਂ ਨੂੰ ਇੱਕ ਨਵੀਂ ਊਰਜਾ ਮਿਲਦੀ ਹੈ। ਉਨਾਂ ਦੀ ਆਪਣੇ ਸੰਘਰਸ਼ ਪ੍ਰਤੀ ਨਿਰਾਸ਼ਤਾ ਖ਼ਤਮ ਹੁੰਦੀ ਹੈ।”
ਉਹ ਕਹਿੰਦੇ ਹਨ ਕਿ ਉਹ ਇਹਨਾਂ ਦੀਆਂ ਤਸਵੀਰਾਂ ਦਾ ਹੀ ਕਮਾਲ ਹੈ ਕਿ ਹੁਣ ਹਰ ਕੋਈ ਕਲਾਕਾਰ ਖਨੌਰੀ ਬਾਰਡਰ ਪਹੁੰਚਣ ਵੇਲੇ ਉਨ੍ਹਾਂ ਦੀ ਰਸੋਈ ਦੇ ਵਿੱਚ ਜ਼ਰੂਰ ਹੋ ਕੇ ਜਾਂਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI