Source :- BBC PUNJABI
ਤਸਵੀਰ ਸਰੋਤ, Getty Images
ਖਾਣਾ ਖਾਂਦੇ ਸਾਰ ਹੀ ਕੁਝ ਮਿੰਟਾਂ ਦੇ ਅੰਦਰ-ਅੰਦਰ ਟਾਇਲਟ ਜਾਣ ਦੀ ਇੱਛਾ ਮਹਿਸੂਸ ਹੋਣਾ ਇੱਕ ਅਜਿਹੀ ਸਮੱਸਿਆ ਹੈ ਜਿਸਦਾ ਸਾਹਮਣਾ ਬਹੁਤ ਸਾਰੇ ਲੋਕਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕਰਨਾ ਪੈਂਦਾ ਹੈ।
ਇਹ ਭਾਵਨਾ ਇਸ ਬਾਰੇ ਵੀ ਸ਼ੱਕ ਪੈਦਾ ਕਰ ਸਕਦੀ ਹੈ ਕਿ ਕੀ ਤੁਸੀਂ ਜੋ ਭੋਜਨ ਖਾਂਦੇ ਹੋ, ਉਸ ਦੇ ਪੌਸ਼ਟਿਕ ਤੱਤ ਤੁਹਾਡੇ ਸਰੀਰ ਵਿੱਚ ਰਹਿੰਦੇ ਵੀ ਹਨ ਜਾਂ ਫ਼ਿਰ ਉਹ ਫ਼ੌਰਨ ਰਹਿੰਦ-ਖੂੰਹਦ ਵਿੱਚ ਬਦਲ ਜਾਂਦੇ ਹਨ।
ਡਾਕਟਰੀ ਮਾਹਰਾਂ ਦਾ ਕਹਿਣਾ ਹੈ ਕਿ ਇਸੇ ਭਾਵਨਾ ਕਰਕੇ ਲੋਕ ਕੰਮਕਾਜ ਦੇ ਸਮੇਂ ਦੌਰਾਨ ਥੋੜ੍ਹਾ-ਥੋੜ੍ਹਾ ਖਾਂਦੇ ਰਹਿੰਦੇ ਹਨ ਅਤੇ ਛੁੱਟੀ ਵਾਲੇ ਦਿਨ ਆਪਣਾ ਮਨਪਸੰਦ ਭੋਜਨ ਜੀਅ ਭਰ ਕੇ ਖਾਣ ਦੀ ਕੋਸ਼ਿਸ਼ ਕਰਦੇ ਹਨ।
ਪਰ, ਕੀ ਇਸ ਤਰ੍ਹਾਂ ਖਾਣ ਤੋਂ ਬਾਅਦ ਮਲ-ਮੂਤਰ ਲਈ ਜਾਣ ਦੀ ਇੱਛਾ ਮਹਿਸੂਸ ਹੋਣਾ ਆਮ ਹੈ ਜਾਂ ਇਹ ਕਿਸੇ ਬਿਮਾਰੀ ਦੀ ਨਿਸ਼ਾਨੀ ਹੈ?
ਕੀ ਦਿਨ ਵਿੱਚ ਕਈ ਵਾਰ ਟਾਇਲਟ ਜਾਣਾ ਇੱਕ ਸਮੱਸਿਆ ਹੈ? ਇਸ ਰਿਪੋਰਟ ਵਿੱਚ ਅਸੀਂ ਡਾਕਟਰੀ ਮਾਹਰਾਂ ਅਤੇ ਵੱਖ-ਵੱਖ ਅਧਿਐਨਾਂ ਜ਼ਰੀਏ ਮਿਲੇ ਜਵਾਬਾਂ ਨੂੰ ਦੇਖਾਂਗੇ।
ਕੀ ਖਾਧਾ ਗਿਆ ਭੋਜਨ ਤੁਰੰਤ ਰਹਿੰਦ-ਖੂੰਹਦ ਵਿੱਚ ਬਦਲ ਜਾਂਦਾ ਹੈ?
ਤਸਵੀਰ ਸਰੋਤ, Getty Images
ਗੈਸਟ੍ਰੋਐਂਟਰੌਲੋਜਿਸਟ ਡਾਕਟਰ ਮਹਾਦੇਵਨ ਕਹਿੰਦੇ ਹਨ,”ਖਾਣ ਤੋਂ ਥੋੜ੍ਹੀ ਦੇਰ ਬਾਅਦ ਮਲ ਤਿਆਗਣ ਦੀ ਇੱਛਾ ਨੂੰ ਗੈਸਟ੍ਰੋਕੋਲਿਕ ਰਿਫਲੈਕਸ ਕਿਹਾ ਜਾਂਦਾ ਹੈ। ਹਾਲਾਂਕਿ ਜਿਵੇਂ ਕਿ ਬਹੁਤ ਸਾਰੇ ਲੋਕ ਸੋਚਦੇ ਹਨ, ਉਸ ਸਮੇਂ ਖਾਧਾ ਗਿਆ ਭੋਜਨ ਤੁਰੰਤ ਮਲ ਵਿੱਚ ਨਹੀਂ ਬਦਲਦਾ।”
ਇੱਕ ਅਧਿਐਨ ਸੁਝਾਅ ਦਿੰਦਾ ਹੈ ਕਿ, ਆਮ ਤੌਰ ‘ਤੇ ਸਾਡੇ ਵੱਲੋਂ ਖਾਧੇ ਜਾਣ ਵਾਲੇ ਭੋਜਨ ਨੂੰ ਮਲ ਵਿੱਚ ਬਦਲਣ ਅਤੇ ਸਰੀਰ ਤੋਂ ਬਾਹਰ ਨਿਕਲਣ ਵਿੱਚ 10 ਤੋਂ 73 ਘੰਟੇ ਲੱਗ ਸਕਦੇ ਹਨ।
ਹਾਲਾਂਕਿ, ਇਹ ਕਈ ਕਾਰਕਾਂ ‘ਤੇ ਨਿਰਭਰ ਕਰਦਾ ਹੈ ਜਿਵੇਂ ਕਿ ਉਮਰ, ਲਿੰਗ ਅਤੇ ਸਰੀਰ ਦੇ ਭਾਰ ਉੱਤੇ।
ਇਸ ਅਧਿਐਨ ਮੁਤਾਬਕ, “ਜਦੋਂ ਅਸੀਂ ਜੋ ਭੋਜਨ ਖਾਂਦੇ ਹਾਂ ਉਹ ਪੇਟ ਵਿੱਚ ਜਾਂਦਾ ਹੈ ਤਾਂ ਨਾੜੀਆਂ ਕੋਲਨ ਦੀਆਂ ਮਾਸਪੇਸ਼ੀਆਂ ਨੂੰ ਸੰਕੇਤ ਭੇਜਦੀਆਂ ਹਨ।”
“ਇਹ ਸੰਕੇਤ ਕੋਲਨ ਦੇ ਸੁੰਗੜਨ ਦਾ ਕਾਰਨ ਬਣਦੇ ਹਨ, ਜਿਸ ਨਾਲ ਪਹਿਲਾਂ ਤੋਂ ਮੌਜੂਦ ਰਹਿੰਦ-ਖੂੰਹਦ ਗੁਦਾ ਵਿੱਚ ਚਲੀ ਜਾਂਦੀ ਹੈ। ਇਸ ਤੋਂ ਬਾਅਦ ਸਰੀਰ ਵਿੱਚੋਂ ਇਸਨੂੰ ਬਾਹਰ ਕੱਢਣ ਦੀ ਇੱਛਾ ਪੈਦਾ ਹੁੰਦੀ ਹੈ।”
“ਜਿਵੇਂ ਹੀ ਕੋਲਨ ਤੋਂ ਰਹਿੰਦ-ਖੂੰਹਦ ਗੁਦਾ ਵਿੱਚ ਜਾਂਦੀ ਹੈ, ਕੋਲਨ ਹੋਰ ਭੋਜਨ ਨੂੰ ਸੋਖਣ ਲਈ ਜਗ੍ਹਾ ਬਣਾਉਂਦਾ ਹੈ। ਇਹ ਗੈਸਟ੍ਰੋਕੋਲਿਕ ਰਿਫਲੈਕਸ ਹੈ।”
ਤਸਵੀਰ ਸਰੋਤ, Getty Images
ਮਹਾਦੇਵਨ ਕਹਿੰਦੇ ਹਨ, “ਇਹ ਸਰੀਰ ਦੀ ਇੱਕ ਆਮ ਪ੍ਰਤੀਕ੍ਰਿਆ ਹੈ। ਇਹ ਬੱਚਿਆਂ ਵਿੱਚ ਵਧੇਰੇ ਆਮ ਹੈ, ਇਸੇ ਕਰਕੇ ਬੱਚੇ ਦੁੱਧ ਪੀਣ ਤੋਂ ਬਾਅਦ ਮਲ ਤਿਆਗਦੇ ਹਨ।”
ਇਹ ਅਹਿਸਾਸ ਖਾਣ ਤੋਂ ਕੁਝ ਮਿੰਟਾਂ ਤੋਂ ਇੱਕ ਘੰਟੇ ਬਾਅਦ ਹੋ ਸਕਦਾ ਹੈ।
ਇੱਕ ਹੋਰ ਅਧਿਐਨ ਸੁਝਾਅ ਦਿੰਦਾ ਹੈ ਕਿ ਇਹ ਪ੍ਰਕਿਰਿਆ ਬੱਚਿਆਂ ਵਿੱਚ ਵਧੇਰੇ ਤੇਜ਼ੀ ਨਾਲ ਅਤੇ ਬਾਲਗਾਂ ਵਿੱਚ ਹੌਲੀ-ਹੌਲੀ ਹੁੰਦੀ ਹੈ।
ਮਹਾਦੇਵਨ ਕਹਿੰਦੇ ਹਨ ਕਿ ਭਾਵੇਂ ਇਹ ਆਮ ਗੱਲ ਹੈ ਪਰ ਜੇਕਰ ਇਹ ਭਾਵਨਾ ਇੰਨੀ ਤੇਜ਼ ਹੈ ਕਿ ਇਹ ਅਸਹਿ ਹੈ, ਤਾਂ ਇਹ ਪੇਟ ਦੀਆਂ ਬਿਮਾਰੀਆਂ ਜਾਂ ਅੰਤੜੀਆਂ ਦੀਆਂ ਬਿਮਾਰੀਆਂ ਦੇ ਲੱਛਣਾਂ ਵਿੱਚੋਂ ਇੱਕ ਹੋ ਸਕਦੀ ਹੈ।
ਉਹ ਪੇਟ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਇਰੀਟੇਬਲ ਬਾਲ ਸਿੰਡਰੋਮ ਦੱਸਦੇ ਹਨ, ਪਰ ਇਹ ਵੀ ਧਿਆਨ ਰਹੇ ਕਿ ਇਹ ਸਮੱਸਿਆ ਠੀਕ ਹੋਣ ਯੋਗ ਹੈ।
ਇਰੀਟੇਬਲ ਬਾਲ ਸਿੰਡਰੋਮ ਕੀ ਹੈ
ਤਸਵੀਰ ਸਰੋਤ, Getty Images
ਯੂਕੇ ਦੀ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਮੁਤਾਬਕ ਇਰੀਟੇਬਲ ਬਾਲ ਸਿੰਡਰੋਮ (ਆਈਬੀਐੱਸ) ਇੱਕ ਆਮ ਸਥਿਤੀ ਹੈ ਜੋ ਪਾਚਨ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀ ਹੈ।
ਇਸਦੇ ਕੁਝ ਲੱਛਣ
- ਪੇਟ ਵਿੱਚ ਦਰਦ ਜਾਂ ਮਾਸਪੇਸ਼ੀਆਂ ਵਿੱਚ ਕੜਵੱਲ, ਆਮ ਤੌਰ ‘ਤੇ ਮਲ-ਮੂਤਰ ਕਰਨ ਦੀ ਇੱਛਾ ਨਾਲ ਜੁੜਿਆ ਹੁੰਦਾ ਹੈ
- ਬਹੁਤ ਜ਼ਿਆਦਾ ਗੈਸ ਬਣਨਾ ਅਤੇ ਪੇਟ ਦਾ ਫੁੱਲਣਾ
- ਦਸਤ, ਕਬਜ਼, ਜਾਂ ਦੋਵਾਂ ਵਿਚਕਾਰ ਬਦਲਣਾ
- ਮਲ ਤਿਆਗਣ ਤੋਂ ਬਾਅਦ ਵੀ ਗੁਦਾ ਖਾਲੀ ਨਾ ਹੋਣ ਦਾ ਅਹਿਸਾਸ
ਐੱਨਐੱਚਐੱਸ ਸਿਫ਼ਾਰਸ਼ ਕਰਦਾ ਹੈ ਕਿ ਜੇਕਰ ਇਹ ਲੱਛਣ ਚਾਰ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਰਹਿੰਦੇ ਹਨ ਤਾਂ ਤੁਸੀਂ ਡਾਕਟਰ ਨਾਲ ਸਲਾਹ ਕਰੋ।
ਭਾਵੇਂ ਕੋਈ ਸਪੱਸ਼ਟ ਕਾਰਨ ਨਾ ਵੀ ਹੋਣ ਪਰ ਇਰੀਟੇਬਲ ਬਾਲ ਸਿੰਡਰੋਮ ਸ਼ਰਾਬ, ਕੈਫ਼ੀਨ, ਮਸਾਲੇਦਾਰ ਜਾਂ ਚਰਬੀ ਵਾਲੇ ਭੋਜਨ, ਤਣਾਅ ਅਤੇ ਨਿਯਮਤ ਐਂਟੀਬਾਇਓਟਿਕ ਵਰਤੋਂ ਕਾਰਨ ਸ਼ੁਰੂ ਹੋ ਸਕਦਾ ਹੈ।

ਇਰੀਟੇਬਲ ਬਾਲ ਸਿੰਡਰੋਮ ਨਾ ਸਿਰਫ਼ ਖਾਣ ਤੋਂ ਬਾਅਦ ਮਲ-ਮੂਤਰ ਤਿਆਗਣ ਦੀ ਇੱਛਾ ਦਾ ਕਾਰਨ ਬਣਦਾ ਹੈ, ਬਲਕਿ ਇਸ ਨਾਲ ਕੁਝ ਹੋਰ ਦਿੱਕਤਾਂ ਵੀ ਜੁੜੀਆਂ ਹੁੰਦੀਆਂ ਹਨ।
- ਪੇਟ ਫੁੱਲਣ
- ਥਕਾਵਟ ਅਤੇ ਊਰਜਾ ਦੀ ਘਾਟ
- ਮਤਲੀ
- ਪਿੱਠ ਦਰਦ
- ਵਾਰ-ਵਾਰ ਪਿਸ਼ਾਬ ਕਰਨ ਦੀ ਇੱਛਾ
ਐੱਨਐੱਚਐੱਸ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਪਿਸ਼ਾਬ ਨਾ ਕਰ ਸਕਣ ਦੀ ਭਾਵਨਾ ਵੀ ਹੋ ਸਕਦੀ ਹੈ।

ਇੱਕ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਦੁਨੀਆਂ ਦੀ 5 ਤੋਂ 10 ਫ਼ੀਸਦ ਆਬਾਦੀ ਨੂੰ ਇਰੀਟੇਬਲ ਬਾਲ ਸਿੰਡਰੋਮ ਹੈ ਅਤੇ ਇਸ ਤੋਂ ਪੀੜਤ ਤਿੰਨ ਵਿੱਚੋਂ ਇੱਕ ਵਿਅਕਤੀ ਚਿੰਤਾ ਜਾਂ ਡਿਪਰੈਸ਼ਨ ਦਾ ਅਨੁਭਵ ਕਰਦਾ ਹੈ ।
ਡਾਕਟਰ ਅਤੇ ਡਾਇਟੀਸ਼ੀਅਨ ਅਰੁਣ ਕੁਮਾਰ ਕਹਿੰਦੇ ਹਨ,”ਆਈਬੀਐੱਸ ਇੱਕ ਅਜਿਹੀ ਚੀਜ਼ ਹੈ ਜਿਸਦਾ ਬਹੁਤ ਸਾਰੇ ਲੋਕ ਅਨੁਭਵ ਕਰਦੇ ਹਨ। ਭਾਵੇਂ ਤੁਸੀਂ ਸਰੀਰਕ ਤੌਰ ‘ਤੇ ਸਿਹਤਮੰਦ ਹੋ, ਤੁਹਾਨੂੰ ਆਪਣੇ ਪੇਟ ਵਿੱਚ ਬੇਅਰਾਮੀ ਦਾ ਅਨੁਭਵ ਹੋ ਸਕਦਾ ਹੈ। ਇਹ ਦੋ ਤਰ੍ਹਾਂ ਦਾ ਹੋ ਸਕਦਾ ਹੈ, ਆਈਬੀਐੱਸ-ਸੀ-ਜੋ ਕਿ ਕਬਜ਼ ਦੇ ਨਾਲ ਪੇਟ ਦਰਦ ਹੈ।”
“ਦੂਜਾ ਆਈਬੀਐੱਸ-ਡੀ ਜੋ ਕਿ ਦਸਤ ਦੇ ਨਾਲ ਹੁੰਦਾ ਹੈ।”
ਡਾਕਟਰ ਮਹਾਦੇਵਨ ਕਹਿੰਦੇ ਹਨ, “ਆਈਬੀਐੱਸ ਦੇ ਲੱਛਣਾਂ ਨੂੰ ਖੁਰਾਕ ਅਤੇ ਜੀਵਨ ਸ਼ੈਲੀ ਵਿੱਚ ਬਦਲਾਅ, ਤਣਾਅ ਪ੍ਰਬੰਧਨ ਅਤੇ ਹੋਰ ਉਪਾਵਾਂ ਨਾਲ ਠੀਕ ਕੀਤਾ ਜਾ ਸਕਦਾ ਹੈ। ਜੇਕਰ ਲੱਛਣ ਗੰਭੀਰ ਹੋਣ ਤਾਂ ਡਾਕਟਰੀ ਸਲਾਹ ਜਾਂ ਇਲਾਜ ਲੈਣਾ ਸਭ ਤੋਂ ਵਧੀਆ ਹੈ।”
ਕੀ ਇਹ ਅੰਤੜੀਆਂ ਦੀਆਂ ਬਿਮਾਰੀਆਂ ਦਾ ਲੱਛਣ ਹੋ ਸਕਦਾ ਹੈ?
ਤਸਵੀਰ ਸਰੋਤ, Getty Images
ਇੱਕ ਗੈਸਟ੍ਰੋਐਂਟਰੌਲੋਜਿਸਟ ਡਾਕਟਰ ਰਵਿੰਦਰਨ ਕੁਮਾਰਨ ਕਹਿੰਦੇ ਹਨ,”ਕਈ ਸਾਲਾਂ ਤੋਂ ਜੇ ਕਿਸੇ ਵਿਅਕਤੀ ਨੂੰ ਖਾਣਾ ਖਾਣ ਤੋਂ ਥੋੜ੍ਹੀ ਦੇਰ ਬਾਅਦ ਮਲ ਤਿਆਗਣ ਦੀ ਆਦਤ ਰਹੀ ਹੈ ਅਤੇ ਜੇਕਰ ਇਸ ਨਾਲ ਉਸਨੂੰ ਕੋਈ ਸਰੀਰਕ ਜਾਂ ਮਾਨਸਿਕ ਬੇਅਰਾਮੀ ਨਹੀਂ ਹੁੰਦੀ, ਤਾਂ ਇਹ ਕੋਈ ਸਮੱਸਿਆ ਨਹੀਂ ਹੈ।”
“ਹਾਲਾਂਕਿ, ਜੇਕਰ ਅਜਿਹੀ ਇੱਛਾ ਅਚਾਨਕ ਕਿਸੇ ਵਿਅਕਤੀ ਨੂੰ ਨਿਯਮਤ ਤੌਰ ‘ਤੇ ਆਉਂਦੀ ਹੈ, ਤਾਂ ਇਹ ਇੱਕ ਅਜਿਹੀ ਚੀਜ਼ ਹੈ ਜਿਸ ਵੱਲ ਧਿਆਨ ਦੇਣਾ ਚਾਹੀਦਾ ਹੈ।”
ਉਹ ਕਹਿੰਦੇ ਹਨ, “ਜੋ ਲੋਕ ਹਰ ਰੋਜ਼ ਦਫ਼ਤਰ ਜਾਂ ਸਕੂਲ/ਕਾਲਜ ਜਾਂਦੇ ਹਨ, ਉਹ ਇਸ ਤਰ੍ਹਾਂ ਵਾਰ-ਵਾਰ ਪੈਖਾਨਾ ਜਾਣ ਨਾਲ ਬੇਆਰਾਮੀ ਮਹਿਸੂਸ ਕਰ ਸਕਦੇ ਹਨ ਅਤੇ ਸਾਡੇ ਕੋਲ ਆਉਣ ‘ਤੇ ਅਸੀਂ ਉਨ੍ਹਾਂ ਨੂੰ ਜੀਵਨ ਸ਼ੈਲੀ ਵਿੱਚ ਕੁਝ ਬਦਲਾਅ ਕਰਨ ਦਾ ਸੁਝਾਅ ਦਿੰਦੇ ਹਾਂ।”
“ਨਹੀਂ ਤਾਂ ਇਸ ਗੱਲ ਦੀ ਕੋਈ ਹੱਦ ਨਹੀਂ ਹੈ ਕਿ ਉਨ੍ਹਾਂ ਨੂੰ ਇੱਕ ਦਿਨ ਵਿੱਚ ਕਿੰਨੀ ਵਾਰ ਮਲ ਤਿਆਗਣਾ ਚਾਹੀਦਾ ਹੈ। ਜੇਕਰ ਤੁਹਾਨੂੰ ਲਗਾਤਾਰ ਕਬਜ਼ ਜਾਂ ਦਸਤ ਰਹਿੰਦੇ ਹਨ ਤਾਂ ਤੁਸੀਂ ਡਾਕਟਰੀ ਸਲਾਹ ਲੈ ਸਕਦੇ ਹੋ।”
ਡਾਕਟਰ ਮਹਾਦੇਵਨ ਜੋ ਇਸੇ ਨੁਕਤੇ ‘ਤੇ ਜ਼ੋਰ ਦਿੰਦੇ ਹਨ ਕਹਿੰਦੇ ਹਨ, “ਜਦੋਂ ਤੁਸੀਂ ਆਪਣੀਆਂ ਨਿਯਮਤ ਅੰਤੜੀਆਂ ਦੀਆਂ ਗਤੀਵਿਧੀਆਂ ਵਿੱਚ ਇੱਕ ਨਿਰੰਤਰ ਤਬਦੀਲੀ ਦੇਖਦੇ ਹੋ, ਤਾਂ ਤੁਹਾਨੂੰ ਇਸਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਉਦਾਹਰਣ ਵਜੋਂ ਰਾਤ ਨੂੰ ਮਲ ਤਿਆਗਣ ਦੀ ਇੱਛਾ ਨਾਲ ਵਾਰ-ਵਾਰ ਜਾਗਣਾ ਇੱਕ ਖ਼ਤਰਨਾਕ ਬਦਲਾਅ ਹੈ। ਇਹ ਕਿਸੇ ਹੋਰ ਬਿਮਾਰੀ ਦਾ ਲੱਛਣ ਹੋ ਸਕਦਾ ਹੈ।”
ਉਹ ਇਹ ਵੀ ਕਹਿੰਦੇ ਹਨ ਕਿ ਤੁਹਾਡੇ ਮਲ ਵਿੱਚ ਬਲਗ਼ਮ (ਜੇ ਕੁਝ ਸਫ਼ੇਦ ਦਿਖਾਈ ਦਿੰਦਾ ਹੈ) ਜਾਂ ਖੂਨ, ਭਾਰ ਘਟਣਾ, ਲਗਾਤਾਰ ਕਬਜ਼ ਜਾਂ ਦਸਤ ਗੁਦਾ ਦੀਆਂ ਬਿਮਾਰੀਆਂ ਦੇ ਲੱਛਣ ਹੋ ਸਕਦੇ ਹਨ, ਜਿਸ ਲਈ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI







