Source :- BBC PUNJABI

ਅੰਤੜੀਆਂ ਦੇ ਕੈਂਸਰ

ਤਸਵੀਰ ਸਰੋਤ, Getty Images

ਯੂਕੇ ਵਿੱਚ ਹੋਏ ਇੱਕ ਅਧਿਐਨ ‘ਚ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਲੋਕਾਂ ਦੀ ਖੁਰਾਕ ਵਿੱਚ ਵਧੇਰੇ ਕੈਲਸ਼ੀਅਮ ਹੁੰਦਾ ਹੈ ਭਾਵ ਕਿ ਇੱਕ ਦਿਨ ਵਿੱਚ ਇੱਕ ਗਲਾਸ ਦੁੱਧ ਦੇ ਬਰਾਬਰ, ਉਨ੍ਹਾਂ ਵਿੱਚ ਅੰਤੜੀਆਂ ਦੇ ਕੈਂਸਰ ਦਾ ਜੋਖਮ ਘੱਟ ਹੁੰਦਾ ਹੈ।

ਖੋਜਕਰਤਾਵਾਂ ਨੇ 16 ਸਾਲਾਂ ਤੋਂ ਵੱਧ ਉਮਰ ਦੀਆਂ ਪੰਜ ਲੱਖ ਤੋਂ ਵੱਧ ਔਰਤਾਂ ਦੀ ਖੁਰਾਕ ਦਾ ਵਿਸ਼ਲੇਸ਼ਣ ਕੀਤਾ।

ਅਧਿਐਨ ਵਿੱਚ ਪਾਇਆ ਗਿਆ ਕਿ ਪੱਤੇਦਾਰ ਸਬਜ਼ੀਆਂ, ਬਰੈੱਡ ਅਤੇ ਗੈਰ-ਡੇਅਰੀ ਦੁੱਧ, ਜਿਸ ਵਿੱਚ ਕੈਲਸ਼ੀਅਮ ਹੁੰਦਾ ਹੈ, ਦੀ ਵਰਤੋਂ ਕੈਂਸਰ ਦੇ ਜੋਖਮ ਨੂੰ ਘਟਾਉਂਦੀ ਹੈ।

ਖੋਜਕਰਤਾਵਾਂ ਨੂੰ ਹੋਰ ਅਜਿਹੇ ਸਬੂਤ ਵੀ ਮਿਲੇ ਕਿ ਬਹੁਤ ਜ਼ਿਆਦਾ ਸ਼ਰਾਬ ਅਤੇ ਪ੍ਰੋਸੈਸਡ ਮੀਟ ਦਾ ਸੇਵਨ ਕਰਨ ਨਾਲ ਉਲਟਾ ਪ੍ਰਭਾਵ ਪੈਂਦਾ ਹੈ, ਜਿਸ ਨਾਲ ਬਿਮਾਰੀ ਦਾ ਜੋਖਮ ਵੱਧ ਜਾਂਦਾ ਹੈ।

ਕੈਂਸਰ ਚੈਰਿਟੀ ਦਾ ਕਹਿਣਾ ਹੈ ਕਿ ਇੱਕ ਸਿਹਤਮੰਦ, ਸੰਤੁਲਿਤ ਖੁਰਾਕ, ਸਿਹਤਮੰਦ ਭਾਰ ਹੋਣਾ ਅਤੇ ਸਿਗਰਟਨੋਸ਼ੀ ਬੰਦ ਕਰਨਾ ਅੰਤੜੀਆਂ ਦੇ ਕੈਂਸਰ ਦੇ ਜੋਖਮ ਨੂੰ ਘਟਾਉਣ ਦੇ ਸਭ ਤੋਂ ਵਧੀਆ ਤਰੀਕੇ ਹਨ।

ਬੀਬੀਸੀ ਪੰਜਾਬੀ

ਪ੍ਰਭਾਵ ਕਿੰਨਾ ਵੱਡਾ ਹੈ?

ਇੱਕ ਹਾਲੀਆ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਡੇਅਰੀ ਉਤਪਾਦ ਸ਼ਾਇਦ ਕੋਲੋਰੈਕਟਲ (ਅੰਤੜੀਆਂ) ਦੇ ਕੈਂਸਰ ਦੇ ਜੋਖਮ ਨੂੰ ਘੱਟ ਕਰਦੇ ਹਨ।

ਆਕਸਫੋਰਡ ਯੂਨੀਵਰਸਿਟੀ ਅਤੇ ਕੈਂਸਰ ਰਿਸਰਚ ਯੂਕੇ ਦਾ ਇਹ ਅਧਿਐਨ ਦੱਸਦਾ ਹੈ ਕਿ ਖੁਰਾਕ ਵਿੱਚ ਇੱਕ ਦਿਨ ਵਿੱਚ ਵਾਧੂ 300 ਮਿਲੀਗ੍ਰਾਮ ਕੈਲਸ਼ੀਅਮ, ਜਾਂ ਦੁੱਧ ਦਾ ਇੱਕ ਵੱਡਾ ਗਲਾਸ, ਤੁਹਾਡੇ ਜੋਖਮ ਨੂੰ 17% ਘਟਾਉਂਦਾ ਹੈ।

ਆਕਸਫੋਰਡ ਤੋਂ ਮੁੱਖ ਖੋਜਕਰਤਾ ਡਾ. ਕੇਰੇਨ ਪੈਪੀਅਰ ਨੇ ਕਿਹਾ, “ਇਹ ਅੰਤੜੀਆਂ ਦੇ ਕੈਂਸਰ ਦੇ ਵਿਕਾਸ ਵਿੱਚ ਡੇਅਰੀ ਅਤੇ ਮੁੱਖ ਤੌਰ ‘ਤੇ ਕੈਲਸ਼ੀਅਮ ਦੇ ਕਾਰਨ ਦੇ ਸੰਭਾਵੀ ਸੁਰੱਖਿਅਤ ਪ੍ਰਭਾਵ ਦੀ ਭੂਮਿਕਾ਼ ਨੂੰ ਉਜਾਗਰ ਕਰਦਾ ਹੈ।”

ਨਾਸ਼ਤੇ ਦੇ ਅਨਾਜ, ਫਲ, ਸਾਬਤ ਅਨਾਜ, ਕਾਰਬੋਹਾਈਡਰੇਟ, ਫਾਈਬਰ ਅਤੇ ਵਿਟਾਮਿਨ ਸੀ ਵੀ ਕਿਸੇ ਹਦ ਤੱਕ ਕੈਂਸਰ ਦੇ ਜੋਖਮ ਨੂੰ ਘਟਾਉਂਦੇ ਹਨ।

ਇਹ ਪਹਿਲਾਂ ਹੀ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਕਿ ਬਹੁਤ ਜ਼ਿਆਦਾ ਪ੍ਰੋਸੈਸਡ ਮੀਟ ਅਤੇ ਸ਼ਰਾਬ ਦੇ ਸੇਵਨ ਨਾਲ ਅੰਤੜੀਆਂ ਦੇ ਕੈਂਸਰ ਦਾ ਜੋਖਮ ਵਧਦਾ ਹੈ।

ਇਹ ਅਧਿਐਨ ਹੋਰ ਸਬੂਤ ਪੇਸ਼ ਕਰਦਾ ਹੈ

  • ਦਿਨ ਵਿੱਚ ਇੱਕ ਵਾਧੂ ਵੱਡਾ ਗਲਾਸ ਵਾਈਨ, ਜਾਂ 0.7 ਔਂਸ (20 ਗ੍ਰਾਮ) ਸ਼ਰਾਬ ਪੀਣ ਨਾਲ, ਜੋਖਮ 15% ਵਧ ਜਾਂਦਾ ਹੈ
  • ਦਿਨ ਵਿੱਚ 30 ਗ੍ਰਾਮ ਦੇ ਕਰੀਬ ਹੋਰ ਲਾਲ ਅਤੇ ਪ੍ਰੋਸੈਸਡ ਮੀਟ ਖਾਣਾ, ਜੋਖਮ ਨੂੰ 8% ਵਧਾਉਂਦਾ ਹੈ

ਇਨ੍ਹਾਂ ਪ੍ਰਤੀਸ਼ਤਾਂ ਦਾ ਕੀ ਅਰਥ ਹੈ, ਇਹ ਮਾਪਣਾ ਮੁਸ਼ਕਲ ਹੈ, ਕਿਉਂਕਿ ਹਰ ਕਿਸੇ ਦੀ ਅੰਤੜੀਆਂ ਦੇ ਕੈਂਸਰ ਦਾ ਜੋਖਮ, ਉਨ੍ਹਾਂ ਦੀ ਜੀਵਨ ਸ਼ੈਲੀ, ਖੁਰਾਕ, ਆਦਤਾਂ ਅਤੇ ਜੈਨੇਟਿਕਸ ਦੇ ਅਧਾਰ ‘ਤੇ ਵੱਖਰਾ ਹੁੰਦਾ ਹੈ।

ਇਹ ਵੀ ਪੜ੍ਹੋ-

ਕੈਲਸ਼ੀਅਮ ਕੀ ਕਰਦਾ ਹੈ? ਇਹ ਕਿਹੜੇ ਭੋਜਨਾਂ ਤੋ ਮਿਲਦਾ ਹੈ?

ਕੈਲਸ਼ੀਅਮ ਦੁੱਧ

ਤਸਵੀਰ ਸਰੋਤ, Getty Images

ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਨ ਅਤੇ ਦੰਦਾਂ ਨੂੰ ਸਿਹਤਮੰਦ ਰੱਖਣ ਲਈ ਇੱਕ ਮਹੱਤਵਪੂਰਨ ਸਰੋਤ ਹੈ, ਪਰ ਇਹ ਵੀ ਸਬੂਤ ਮਿਲਦੇ ਹਨ ਕਿ ਇਹ ਕੁਝ ਕੈਂਸਰਾਂ ਤੋਂ ਵੀ ਬਚਾਉਂਦਾ ਹੈ।

ਦੁੱਧ, ਦਹੀਂ ਅਤੇ ਪਨੀਰ ਵਿੱਚ ਬਹੁਤ ਸਾਰਾ ਕੈਲਸ਼ੀਅਮ ਹੁੰਦਾ ਹੈ।

ਇਹ ਸੋਇਆ ਅਤੇ ਰਾਈਸ ਡਰਿੰਕ, ਵਾਇਟ ਬਰੈੱਡ, ਗਿਰੀ, ਬੀਜ ਅਤੇ ਫਲਾਂ ਜਿਵੇਂ ਕਿ ਸੁੱਕੇ ਅੰਜੀਰ,ਕੇਲ ਵਿੱਚ ਵੀ ਮੌਜੂਦ ਹੁੰਦਾ ਹੈ, ਅਤੇ ਨਾਲ ਹੀ ਇਹ ਲੈਕਟੋਜ ਫ੍ਰੀ ਦੁੱਧ ਵਿੱਚ ਵੀ ਮਿਲਦਾ ਹੈ।

ਅਧਿਐਨ ਵਿੱਚ ਕਿਹਾ ਗਿਆ ਹੈ ਕਿ ਕੈਲਸ਼ੀਅਮ ਅੰਤੜੀਆਂ ਦੇ ਕੈਂਸਰ ਤੋਂ ਬਚਾਅ ਕਰ ਸਕਦਾ ਹੈ, ਕਿਉਂਕਿ ਇਹ ਕੋਲਨ ਵਿੱਚ ਬਾਇਲ ਐਸਿਡ ਅਤੇ ਫੈਟੀ ਐਸਿਡ ਨੂੰ ਬੰਨ੍ਹਣ ਦੇ ਯੋਗ ਹੁੰਦਾ ਹੈ ਅਤੇ ਸੰਭਾਵੀ ਕੈਂਸਰ ਪੈਦਾ ਕਰਨ ਦੇ ਖਤਰਿਆਂ ਨੂੰ ਘਟਾਉਂਦਾ ਹੈ।”

ਅੰਤੜੀਆਂ ਦਾ ਕੈਂਸਰ ਇੰਨਾ ਆਮ ਕਿਉਂ ਹੈ?

ਯੂਕੇ ਵਿੱਚ ਹਰ ਸਾਲ ਅੰਤੜੀਆਂ ਦੇ ਕੈਂਸਰ ਦੇ ਲਗਭਗ 44,000 ਮਾਮਲੇ ਸਾਹਮਣੇ ਆਉਂਦੇ ਹਨ, ਜੋ ਇਸ ਨੂੰ ਚੌਥਾ ਸਭ ਤੋਂ ਆਮ ਕੈਂਸਰ ਬਣਾਉਂਦਾ ਹੈ।

ਹਾਲਾਂਕਿ ਜ਼ਿਆਦਾਤਰ ਮਾਮਲੇ ਬਜ਼ੁਰਗ ਲੋਕਾਂ ਵਿੱਚ ਹੁੰਦੇ ਹਨ, ਪਰ 50 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਵਿੱਚ ਇਸ ਕੈਂਸਰ ਦੀ ਦਰ ਵੱਧ ਰਹੀ ਹੈ ਪਰ ਅਜੇ ਤੱਕ ਇਸ ਦੇ ਵੱਧਣ ਦਾ ਕੋਈ ਸਪੱਸ਼ਟ ਕਾਰਨ ਨਹੀਂ ਪਤਾ ਲੱਗਦਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਮਾੜੀ ਖੁਰਾਕ ਅਤੇ ਮੋਟਾਪਾ ਇਸ ਦੇ ਮੁੱਖ ਕਾਰਨਾਂ ਵਿੱਚ ਸ਼ਾਮਲ ਹੋ ਸਕਦਾ ਹੈ।

ਅੰਤੜੀਆਂ ਦੇ ਕੈਂਸਰ ਦੇ ਲੱਛਣਾਂ ਵਿੱਚ ਸ਼ਾਮਲ ਹਨ:

  • ਤੁਹਾਡੀਆਂ ਅੰਤੜੀਆਂ ਦੀਆਂ ਆਦਤਾਂ ਵਿੱਚ ਤਬਦੀਲੀ, ਜਿਵੇਂ ਕਿ ਢਿੱਲਾ ਮਲ, ਜ਼ਿਆਦਾ ਵਾਰ ਮਲ ਕਰਨਾ ਜਾਂ ਕਬਜ਼
  • ਤੁਹਾਡੇ ਤਲ ਤੋਂ ਖੂਨ ਵਗਣਾ ਜਾਂ ਤੁਹਾਡੇ ਮਲ ਵਿੱਚ ਖੂਨ ਮਿਲਣਾ
  • ਅਚਾਨਕ ਭਾਰ ਘਟਣਾ
  • ਅਣਜਾਣ ਥਕਾਵਟ ਜਾਂ ਸਾਹ ਚੜ੍ਹਨਾ

ਸਲਾਹ ਇਹ ਹੈ ਕਿ ਜੇਕਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਲੱਛਣ ਦੇਖਦੇ ਹੋ ਤਾਂ ਡਾਕਟਰ ਨਾਲ ਸੰਪਰਕ ਕਰੋ।

ਮਾਹਰ ਕੀ ਕਹਿੰਦੇ ਹਨ?

ਇਹ ਇੱਕ ਅਧਿਐਨ ਸੀ ਨਾ ਕਿ ਕੋਈ ਟਰਾਇਲ। ਇਸ ਲਈ ਇਹ ਸਪੱਸ਼ਟ ਤੌਰ ‘ਤੇ ਸਾਬਤ ਨਹੀਂ ਕੀਤਾ ਜਾ ਸਕਦਾ ਕਿ ਕੈਲਸ਼ੀਅਮ ਜਾਂ ਕੋਈ ਹੋਰ ਭੋਜਨ ਉਤਪਾਦ ਤੁਹਾਨੂੰ ਪੂਰੀ ਤਰ੍ਹਾਂ ਕੈਂਸਰ ਤੋਂ ਬਚਾ ਸਕਦੇ ਹਨ।

ਹਾਲਾਂਕਿ, ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਅਧਿਐਨ ਖੁਰਾਕ ਅਤੇ ਅੰਤੜੀਆਂ ਦੇ ਕੈਂਸਰ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਅਧਿਐਨ ਹੈ।

ਇਸ ਵਿੱਚ 12,000 ਤੋਂ ਵੱਧ ਔਰਤਾਂ ਵਿੱਚ ਅੰਤੜੀਆਂ ਦਾ ਕੈਂਸਰ ਹੋਣ ਦਾ ਅਧਿਐਨ ਕੀਤਾ ਗਿਆ ਸੀ ਅਤੇ ਸੰਭਾਵੀ ਸਬੰਧਾਂ ਦਾ ਮੁਲਾਂਕਣ ਕਰਨ ਲਈ ਉਨ੍ਹਾਂ ਦੇ ਭੋਜਨ ਵਿੱਚ ਲਗਭਗ 100 ਭੋਜਨ ਉਤਪਾਦਾਂ ਅਤੇ ਪੌਸ਼ਟਿਕ ਤੱਤਾਂ ਦੀ ਜਾਂਚ ਕੀਤੀ ਗਈ ਸੀ।

ਲੀਡਸ ਯੂਨੀਵਰਸਿਟੀ ਦੇ ਪੋਸ਼ਣ ਮਾਹਿਰ ਪ੍ਰੋਫੈਸਰ ਜੈਨੇਟ ਕੇਡ ਨੇ ਕਿਹਾ ਕਿ ਇਹ ਅਧਿਐਨ ਮਹੱਤਵਪੂਰਨ ਸਬੂਤ ਪੇਸ਼ ਕਰਦਾ ਹੈ, ਜੋ ਦਰਸਾਉਂਦਾ ਹੈ ਕਿ ਸਮੁੱਚੀ ਖੁਰਾਕ ਅੰਤੜੀਆਂ ਦੇ ਕੈਂਸਰ ਦੇ ਜੋਖਮ ਨੂੰ ਪ੍ਰਭਾਵਤ ਕਰ ਸਕਦੀ ਹੈ।”

ਲੰਡਨ ਸਕੂਲ ਆਫ਼ ਹਾਈਜੀਨ ਐਂਡ ਟ੍ਰੋਪਿਕਲ ਮੈਡੀਸਨ ਦੇ ਪ੍ਰੋਫੈਸਰ ਐਂਡਰਿਊ ਪ੍ਰੈਂਟਿਸ ਕਹਿੰਦੇ ਹਨ, “ਅਧਿਐਨ ਦੇ ਨਤੀਜੇ ਕੈਲਸ਼ੀਅਮ ਨੂੰ ਸੁਰੱਖਿਆਤਮਕ ਪ੍ਰਭਾਵ ਦੇ ਤੌਰ ‘ਤੇ ਦਰਸਾਉਦੇ ਹਨ, ਹਾਲਾਂਕਿ ਜਿਊਰੀ ਇਸ ‘ਤੇ ਸਹਿਮਤ ਨਹੀਂ ਹੈ।”

ਕਿੰਗਜ਼ ਕਾਲਜ ਲੰਡਨ ਦੇ ਪ੍ਰੋਫੈਸਰ ਟੌਮ ਸੈਂਡਰਸ ਮੰਨਦੇ ਹਨ, “ਸ਼ਰਾਬ ਪੀਣ ਦੀਆਂ ਸੁਰੱਖਿਅਤ ਸੀਮਾਵਾਂ ਤੋਂ ਉੱਪਰ ਪੀਣਾ (ਪ੍ਰਤੀ ਹਫ਼ਤੇ 14 ਯੂਨਿਟ ਤੋਂ ਵੱਧ) ਔਰਤਾਂ ਵਿੱਚ ਅੰਤੜੀਆਂ ਦੇ ਕੈਂਸਰ ਦੇ ਜੋਖਮ ਨੂੰ ਵਧਾਉਂਦਾ ਹੈ, ਪਰ ਇਹ ਕਿ ਇੱਕ ਦਿਨ ਵਿੱਚ ਲਗਭਗ 250 ਐਮਐੱਲ ਦੇ ਕਰੀਬ ਦੁੱਧ ਪੀਣਾ ਕਿਸੇ ਹੱਦ ਤੱਕ ਸੁਰੱਖਿਅਤ ਪ੍ਰਭਾਵ ਪੈਦਾ ਕਰਦਾ ਹੈ।”

ਚੈਰਿਟੀ ਬੋਅਲ ਕੈਂਸਰ ਯੂਕੇ ਦੇ ਡਾ. ਲੀਜ਼ਾ ਵਾਈਲਡੇ ਕਹਿੰਦੇ ਹਨ, “ਹਰ 12 ਮਿੰਟਾਂ ਵਿੱਚ ਇੱਕ ਵਿਅਕਤੀ ਦਾ ਅੰਤੜੀਆਂ ਦੇ ਕੈਂਸਰ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਸਿਹਤਮੰਦ ਜੀਵਨ ਸ਼ੈਲੀ ਨਾਲ ਅੱਧੇ ਅੰਤੜੀਆਂ ਦੇ ਕੈਂਸਰਾਂ ਨੂੰ ਰੋਕਿਆ ਜਾ ਸਕਦਾ ਹੈ।

ਉਹ ਕਹਿੰਦੇ ਹਨ, “ਜੇ ਤੁਸੀਂ ਦੁੱਧ ਨਹੀਂ ਪੀਂਦੇ ਤਾਂ ਹੋਰ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਕੈਲਸ਼ੀਅਮ ਪ੍ਰਾਪਤ ਕਰ ਸਕਦੇ ਹੋ, ਉਦਾਹਰਨ ਲਈ ਬ੍ਰੋਕਲੀ ਜਾਂ ਟੋਫੂ, ਅਤੇ ਫਿਰ ਵੀ ਆਪਣੇ ਅੰਤੜੀਆਂ ਦੇ ਕੈਂਸਰ ਦੇ ਜੋਖਮ ਨੂੰ ਘਟਾ ਸਕਦੇ ਹੋ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI