Source :- BBC PUNJABI

ਠੰਢ

ਤਸਵੀਰ ਸਰੋਤ, Getty Images

ਸਰਦੀਆਂ ਵਿੱਚ ਠੰਢ ਬਾਰੇ ਬਹੁਤ ਸਾਰੇ ਮੀਮ ਬਣਨੇ ਸ਼ੁਰੂ ਹੋ ਜਾਂਦੇ ਹਨ। ਠੰਢ ਵਿੱਚ ਨਹਾਉਣ ਅਤੇ ਨਾ ਨਹਾਉਣ ਬਾਰੇ ਕਈ ਕਿੱਸੇ ਸੋਸ਼ਲ ਮੀਡੀਆ ਤੋਂ ਲੈ ਕੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਵਿੱਚ ਖੂਬ ਸੁਣੇ-ਸੁਣਾਏ ਜਾਂਦੇ ਹਨ।

ਕੋਈ ਕਹਿੰਦਾ ਹੈ, “ਜੀਵਨ ਵਿੱਚ ਕਦੇ ਵੀ ਕੋਸ਼ਿਸ਼ ਕਰਨਾ ਨਹੀਂ ਛੱਡਣਾ ਚਾਹੀਦਾ। ਮੈਂ 15 ਦਿਨਾਂ ਤੋਂ ਨਹਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਨਹਾ ਨਹੀਂ ਸਕਿਆ। ਫਿਰ ਵੀ ਕੋਸ਼ਿਸ਼ ਜਾਰੀ ਹੈ।”

ਕੁਝ ‘ਨਹਾਉਣ’ ਨੂੰ ਪਾਣੀ ਦੀ ਬਰਬਾਦੀ ਨਾਲ ਜੋੜ ਕੇ ਠੰਢ ਵਿੱਚ ਨਾ ਨਹਾਉਣ ਦੀ ਆਪਣੀ ਆਦਤ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਨ, ਜਦਕਿ ਕਈ ਸਮੇਂ ਦੀ ਘਾਟ ਜਾਂ ਹੋਰ ਬਹਾਨੇ ਲਗਾਉਂਦੇ ਹਨ।

ਇਸ ਰਿਪੋਰਟ ਵਿੱਚ, ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਅਜਿਹਾ ਕਿਉਂ ਹੁੰਦਾ ਹੈ ਕਿ ਇੱਕੋ ਪਰਿਵਾਰ ਜਾਂ ਇੱਕੋ ਇਲਾਕੇ ਦੇ ਕੁਝ ਲੋਕਾਂ ਨੂੰ ਠੰਢ ਜ਼ਿਆਦਾ ਮਹਿਸੂਸ ਹੁੰਦੀ ਹੈ, ਜਦਕਿ ਦੂਜਿਆਂ ਨੂੰ ਠੰਢ ਘੱਟ ਮਹਿਸੂਸ ਹੁੰਦੀ ਹੈ।

ਜੇ ਅਸੀਂ ਦਿੱਲੀ ਜਾਂ ਪਟਨਾ ਵਰਗੇ ਸ਼ਹਿਰਾਂ ਬਾਰੇ ਗੱਲ ਕਰੀਏ ਤਾਂ ਇੱਥੇ ਸਰਦੀਆਂ ਦੇ ਮੌਸਮ ‘ਚ ਉੱਤਰਾਖੰਡ ਜਾਂ ਹਿਮਾਚਲ ਪ੍ਰਦੇਸ਼ ਤੋਂ ਆਏ ਕਿਸੇ ਵਿਅਕਤੀ ਨੂੰ ਓਨੀ ਠੰਢ ਨਹੀਂ ਲੱਗੇਗੀ, ਜਿੰਨੀ ਕੇਰਲਾ ਜਾਂ ਤਾਮਿਲਨਾਡੂ ਦੇ ਕਿਸੇ ਵਿਅਕਤੀ ਨੂੰ ਲੱਗੇਗੀ।

ਇਸ ਦਾ ਕਾਰਨ ਵੀ ਸਪਸ਼ਟ ਹੈ: ਲੋਕ ਬਚਪਨ ਤੋਂ ਜਿਸ ਤਰ੍ਹਾਂ ਦੇ ਮੌਸਮ ‘ਚ ਰਹਿੰਦੇ ਅਤੇ ਵੱਡੇ ਹੁੰਦੇ ਹਨ, ਉਨ੍ਹਾਂ ਦਾ ਸਰੀਰ ਅਤੇ ਆਦਤਾਂ ਵੀ ਉਸੇ ਮੌਸਮ ਦੇ ਅਨੁਸਾਰ ਹੁੰਦੇ ਹਨ।

ਪਰ ਸਰਦੀਆਂ ਵਿੱਚ ਅਸੀਂ ਕਈ ਵਾਰ ਦੇਖਦੇ ਹਾਂ ਕਿ ਇੱਕੋ ਪਰਿਵਾਰ ਜਾਂ ਇੱਕੋ ਇਲਾਕੇ ਜਾਂ ਸਥਾਨ ਨਾਲ ਸਬੰਧਿਤ ਲੋਕਾਂ ਵਿੱਚ ਕੁਝ ਲੋਕ ਠੰਢ ਨਾਲ ਕੰਬ ਰਹੇ ਹੁੰਦੇ ਹਨ, ਜਦਕਿ ਕੁਝ ਬਿਲਕੁਲ ਸਹਿਜ ਨਜ਼ਰ ਆਉਂਦੇ ਹਨ।

ਕਿਨ੍ਹਾਂ ਲੋਕਾਂ ਨੂੰ ਲੱਗ ਸਕਦੀ ਹੈ ਜ਼ਿਆਦਾ ਠੰਢ

ਠੰਢ

ਤਸਵੀਰ ਸਰੋਤ, Getty Images

ਇਨ੍ਹਾਂ ਲੋਕਾਂ ਵਿੱਚੋਂ ਕਿਸੇ ਨੂੰ ਬਹੁਤ ਜ਼ਿਆਦਾ ਠੰਢ ਲੱਗਣ ਅਤੇ ਕਿਸੇ ਨੂੰ ਨਾ ਲੱਗਣ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਕੀ ਹੁੰਦਾ ਹੈ।

ਦਿੱਲੀ ਦੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ ਯਾਨੀ ਏਮਜ਼ ਦੇ ਕਮਿਊਨਿਟੀ ਮੈਡੀਸਿਨ ਡਿਪਾਰਟਮੈਂਟ ਦੇ ਪ੍ਰੋਫੈਸਰ ਸੰਜੇ ਰਾਇ ਕਹਿੰਦੇ ਹਨ, “ਹਰੇਕ ਇਨਸਾਨ ਦੀ ਬਣਤਰ ਵੱਖੋ-ਵੱਖਰੀ ਹੁੰਦੀ ਹੈ। ਇਸ ਲਈ ਕਿਸੇ ਨੂੰ ਵੱਧ ਠੰਢ ਲੱਗ ਸਕਦੀ ਹੈ ਅਤੇ ਕਿਸੇ ਨੂੰ ਘੱਟ। ਅਤੇ ਤੁਹਾਡਾ ਸਰੀਰ ਠੰਢ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰਦਾ ਹੈ, ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਡਿਵੈਲਪ ਕੀਤਾ ਹੈ।”

ਉਹ ਅੱਗੇ ਕਹਿੰਦੇ ਹਨ, “ਤੁਸੀਂ ਆਪਣੇ ਸਰੀਰ ਨੂੰ ਜਿਸ ਤਰ੍ਹਾਂ ਤਿਆਰ ਕਰੋਗੇ, ਸਰੀਰ ਦਾ ਵਿਵਹਾਰ ਵੀ ਉਸੇ ਤਰ੍ਹਾਂ ਦਾ ਹੋਵੇਗਾ। ਕਿਸੇ ਨੂੰ ਘੱਟ ਜਾਂ ਵੱਧ ਠੰਢ ਲੱਗਣ ਪਿੱਛੇ ਸਭ ਤੋਂ ਬੁਨਿਆਦੀ ਕਾਰਨ ਇਹੀ ਹੈ।”

ਸੰਜੇ ਰਾਇ ਕਹਿੰਦੇ ਹਨ, “ਪਹਿਲਾਂ ਗੀਜ਼ਰ ਨਹੀਂ ਹੁੰਦੇ ਸਨ, ਇਸ ਲਈ ਅਸੀਂ ਸਰਦੀਆਂ ਵਿੱਚ ਵੀ ਆਮ ਤੌਰ ‘ਤੇ ਨਾਰਮਲ ਪਾਣੀ ਨਾਲ ਹੀ ਨਹਾਉਂਦੇ ਸੀ। ਫਿਰ ਸਰੀਰ ਨੂੰ ਗੀਜ਼ਰ ਦੀ ਆਦਤ ਲੱਗ ਗਈ, ਤਾਂ ਅਸੀਂ ਸਰਦੀਆਂ ਵਿੱਚ ਗੀਜ਼ਰ ਦੇ ਪਾਣੀ ਨਾਲ ਨਹਾਉਂਦੇ ਹਾਂ। ਹੋ ਸਕਦਾ ਹੈ ਕਿ ਸਾਡੇ ਬੱਚਿਆਂ ਨੇ ਵੱਖਰੀ ਆਦਤ ਵਿਕਸਤ ਕਰ ਲਈ ਹੋਵੇ, ਤਾਂ ਉਹ ਸਰਦੀ ਕਾਫ਼ੀ ਘੱਟ ਹੋਣ ਦੇ ਬਾਵਜੂਦ ਵੀ ਗੀਜ਼ਰ ਦੇ ਪਾਣੀ ਨਾਲ ਨਹਾਉਣਗੇ।”

ਪ੍ਰੋਫੈਸਰ ਸੰਜੇ ਰਾਇ

ਇਹ ਆਦਤ ਸਾਨੂੰ ਆਪਣੇ ਆਲੇ-ਦੁਆਲੇ ਜਾਂ ਪਰਿਵਾਰ ਦੇ ਲੋਕਾਂ ਵਿੱਚ ਵੀ ਦੇਖਣ ਨੂੰ ਮਿਲਦੀ ਹੈ, ਜਿਸ ‘ਚ ਕੁਝ ਲੋਕ ਸਰਦੀਆਂ ਵਿੱਚ ਵੀ ਨਾਰਮਲ ਪਾਣੀ ਨਾਲ ਨਹਾ ਲੈਂਦੇ ਹਨ, ਜਦਕਿ ਕੁਝ ਲੋਕਾਂ ਨੂੰ ਨਹਾਉਣ ਲਈ ਗਰਮ ਪਾਣੀ ਚਾਹੀਦਾ ਹੁੰਦਾ ਹੈ।

ਕਈ ਲੋਕ ਅਜਿਹੇ ਵੀ ਹੁੰਦੇ ਹਨ ਜੋ ਬਹੁਤ ਵੱਧ ਠੰਢ ਪੈਣ ‘ਤੇ ਨਹਾਉਣ ਤੋਂ ਹੀ ਬਚਣ ਲੱਗੇ ਹਨ।

ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਦੇ ਸੀਨੀਅਰ ਡਾਕਟਰ ਮੋਹਸਿਨ ਵਲੀ ਕਹਿੰਦੇ ਹਨ, “ਇਹ ਕੀ ਗੱਲ ਹੋਈ ਕਿ ਤੁਹਾਨੂੰ ਹੋਰਾਂ ਨਾਲੋਂ ਵੱਧ ਠੰਢ ਲੱਗ ਰਹੀ ਹੈ। ਜੇਕਰ ਕੋਈ ਅਜਿਹਾ ਕਹਿੰਦਾ ਹੈ ਤਾਂ ਇਹ ਆਮ ਤੌਰ ‘ਤੇ ਆਲਸ ਅਤੇ ਦਿਮਾਗ ਨਾਲ ਜੁੜੀ ਗੱਲ ਹੈ।”

ਡਾਕਟਰ ਵਲੀ ਦੇ ਮੁਤਾਬਕ, ਥਾਇਰਾਇਡ ਦੇ ਮਰੀਜ਼, ਬਹੁਤ ਦੁਬਲੇ-ਪਤਲੇ ਇਨਸਾਨ, ਸ਼ੂਗਰ ਦੇ ਮਰੀਜ਼ ਜਾਂ ਬੀਪੀ ਕੰਟਰੋਲ ਵਿੱਚ ਰੱਖਣ ਲਈ ਬੀਟਾ ਲੌਕਰ ਵਰਗੀ ਦਵਾਈ ਲੈਣ ਵਾਲੇ ਲੋਕਾਂ ਨੂੰ ਵੱਧ ਠੰਢ ਲੱਗ ਸਕਦੀ ਹੈ।

ਉਹ ਕਹਿੰਦੇ ਹਨ, “ਇਨ੍ਹਾਂ ਤੋਂ ਇਲਾਵਾ, ਜੇ ਕੋਈ ਸਿਹਤਮੰਦ ਇਨਸਾਨ ਕਹੇ ਕਿ ਉਸ ਨੂੰ ਜ਼ਿਆਦਾ ਠੰਢ ਲੱਗਦੀ ਹੈ, ਤਾਂ ਇਸਦਾ ਮਤਲਬ ਹੈ ਕਿ ਉਨ੍ਹਾਂ ਦੇ ਸਰੀਰ ਦਾ ਹੀਟ ਪ੍ਰੋਡਕਸ਼ਨ ਘੱਟ ਹੈ।”

ਇਹ ਵੀ ਪੜ੍ਹੋ-

ਸਰੀਰ ਖੁਦ ਨੂੰ ਤਿਆਰ ਕਰਦਾ ਹੈ

ਠੰਢ

ਹੀਟ ਪ੍ਰੋਡਕਸ਼ਨ ਦਾ ਮਤਲਬ ਹੈ ਕਿ ਤੁਹਾਡਾ ਸਰੀਰ ਕਿੰਨੀ ਗਰਮੀ ਪੈਦਾ ਕਰ ਰਿਹਾ ਹੈ। ਇਹ ਕਸਰਤ, ਕੰਮਕਾਜ ਅਤੇ ਸਰੀਰ ਵਿੱਚ ਚਰਬੀ ਦੀ ਮਾਤਰਾ ਵਰਗੀਆਂ ਗੱਲਾਂ ‘ਤੇ ਨਿਰਭਰ ਕਰਦਾ ਹੈ।

ਜੇ ਦੋ ਸਿਹਤਮੰਦ ਭਰਾਵਾਂ ਵਿੱਚੋਂ ਇੱਕ ਨੂੰ ਵੱਧ ਠੰਢ ਲੱਗ ਰਹੀ ਹੈ, ਤਾਂ ਮਾਹਰਾਂ ਮੁਤਾਬਕ ਉਸ ਦੇ ਸਰੀਰ ਦਾ ਹੀਟ ਪ੍ਰੋਡਕਸ਼ਨ ਘੱਟ ਹੈ, ਜੋ ਮੁੱਢਲੇ ਤੌਰ ‘ਤੇ ਘੱਟ ਸਰੀਰਕ ਗਤੀਵਿਧੀਆਂ/ਐਕਟੀਵਿਟੀ ਕਾਰਨ ਹੁੰਦਾ ਹੈ।

ਡਾਕਟਰ ਸੰਜੇ ਰਾਇ ਕਹਿੰਦੇ ਹਨ, “ਜੇ ਕਿਸੇ ਨੇ ਸੜਿਆ ਹੋਇਆ ਜਾਂ ਵਿਸ਼ੈਲਾ ਖਾਣਾ ਖਾ ਲਿਆ ਹੋਵੇ, ਤਾਂ ਉਸ ਨੂੰ ਆਪਣੇ ਆਪ ਉਲਟੀ ਆਉਣ ਲੱਗ ਪੈਂਦੀ ਹੈ, ਕਿਉਂਕਿ ਸਰੀਰ ਉਸ ਨੂੰ ਪੇਟ ਤੋਂ ਬਾਹਰ ਕੱਢਣਾ ਚਾਹੁੰਦਾ ਹੈ। ਕਿਸੇ ਦੀ ਨੱਕ ਵਿੱਚ ਕੁਝ ਅਜੀਬ ਜਿਹਾ ਮਹਿਸੂਸ ਹੋਵੇ, ਤਾਂ ਉਹ ਬੰਦਾ ਛਿੱਕਾਂ ਮਾਰਨ ਲੱਗ ਪੈਂਦਾ ਹੈ, ਕਿਉਂਕਿ ਨੱਕ ਉਸ ਨੂੰ ਬਾਹਰ ਕੱਢਣਾ ਚਾਹੁੰਦਾ ਹੈ।”

ਡਾਕਟਰ ਸੰਜੇ ਰਾਇ ਮੁਤਾਬਕ, “ਸਰੀਰ ਹਰ ਤਰ੍ਹਾਂ ਦੇ ਮਾਹੌਲ ਲਈ ਖੁਦ ਨੂੰ ਤਿਆਰ ਕਰਦਾ ਹੈ। ਜੇ ਠੰਢ ਜ਼ਿਆਦਾ ਹੈ ਤਾਂ ਸਰੀਰ ਵੀ ਉਸ ਨਾਲ ਲੜਨ ਲਈ ਆਪਣੇ ਆਪ ਨੂੰ ਤਿਆਰ ਕਰਦਾ ਰਹਿੰਦਾ ਹੈ। ਅਤੇ ਤੁਹਾਡਾ ਸਰੀਰ ਕਿਸ ਤਰ੍ਹਾਂ ਤਿਆਰ ਹੋਵੇਗਾ, ਇਹ ਤੁਹਾਡੀਆਂ ਆਦਤਾਂ ‘ਤੇ ਨਿਰਭਰ ਕਰਦਾ ਹੈ।”

ਕੁਝ ਲੋਕ ਗਰਮੀਆਂ ਦੇ ਦਿਨਾਂ ਵਿੱਚ ਇੱਕ ਤੋਂ ਵੱਧ ਵਾਰ ਵੀ ਨਹਾ ਲੈਂਦੇ ਹਨ ਅਤੇ ਇਹ ਉਨ੍ਹਾਂ ਦੀ ਆਦਤ ਵਿੱਚ ਵੀ ਸ਼ਾਮਲ ਹੁੰਦਾ ਹੈ।

ਇਸੇ ਤਰ੍ਹਾਂ ਸਰਦੀਆਂ ਵਿੱਚ ਕੁਝ ਲੋਕ ਨਹਾਉਣ ਤੋਂ ਬਚਦੇ ਹਨ, ਤਾਂ ਕੁਝ ਲੋਕ ਸਿਰਫ਼ ਹੱਥ-ਪੈਰ ਧੋ ਕੇ ਜਾਂ ਵਾਲਾਂ ਨੂੰ ਗਿੱਲਾ ਕਰਕੇ ਕੰਮ ਸਾਰ ਲੈਂਦੇ ਹਨ ਤੇ ਮੰਨਦੇ ਹਨ ਕਿ ਸਰੀਰ ਸਾਫ ਹੋ ਗਿਆ।

ਪ੍ਰੋਫੈਸਰ ਅਮਿਤਾਵ ਬੈਨਰਜੀ

ਪੁਣੇ ਦੇ ਡੀਵਾਈ ਪਾਟਿਲ ਮੈਡੀਕਲ ਕਾਲਜ ਦੇ ਪ੍ਰੋਫੈਸਰ ਅਮਿਤਾਵ ਬੈਨਰਜੀ ਕਹਿੰਦੇ ਹਨ, “ਅਜਿਹੇ ਲੋਕਾਂ ਵਿੱਚ ਠੰਢ ਜ਼ਿਆਦਾ ਮਹਿਸੂਸ ਹੋਣਾ ਕਈ ਗੱਲਾਂ ‘ਤੇ ਨਿਰਭਰ ਕਰਦਾ ਹੈ। ਮਿਸਾਲ ਵਜੋਂ, ਉਸ ਥਾਂ ਦਾ ਤਾਪਮਾਨ, ਤੁਹਾਡੇ ਵੱਲੋਂ ਪਹਿਨੇ ਗਏ ਕੱਪੜੇ, ਤੁਸੀਂ ਕਿੰਨਾ ਪਾਣੀ ਪੀਂਦੇ ਹੋ, ਕਿਉਂਕਿ ਪਾਣੀ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਦਾ ਹੈ ਅਤੇ ਤੁਸੀਂ ਸਰੀਰਕ ਤੌਰ ‘ਤੇ ਕਿੰਨੇ ਐਕਟਿਵ ਹੋ।”

ਉਹ ਕਹਿੰਦੇ ਹਨ, “ਇੱਕੋ ਇਲਾਕੇ ਦੇ ਵੱਖ-ਵੱਖ ਲੋਕਾਂ ਨੂੰ ਘੱਟ ਜਾਂ ਜ਼ਿਆਦਾ ਠੰਢ ਲੱਗਣ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਉਨ੍ਹਾਂ ਦੀ ਆਦਤ ਹੁੰਦੀ ਹੈ। ਪਰ ਹਰ ਕਿਸੇ ਦਾ ਸਰੀਰ ਹਰ ਵੇਲੇ ਕੰਮ ਕਰਦਾ ਹੈ ਅਤੇ ਹਰੇਕ ਸਰੀਰ ਵੱਖਰਾ ਹੁੰਦਾ ਹੈ, ਇਸ ਲਈ ਵੱਖ-ਵੱਖ ਲੋਕਾਂ ਨੂੰ ਘੱਟ ਜਾਂ ਜ਼ਿਆਦਾ ਠੰਢ ਲੱਗ ਸਕਦੀ ਹੈ।”

ਉਨ੍ਹਾਂ ਦਾ ਕਹਿਣਾ ਹੈ ਕਿ “ਜਿਸ ਵਿਅਕਤੀ ਦੇ ਸਰੀਰ ਵਿੱਚ ਥਾਇਰਾਇਡ ਹਾਰਮੋਨ ਘੱਟ ਹੋਵੇਗਾ, ਉਸ ਨੂੰ ਹੋਰਾਂ ਦੇ ਮੁਕਾਬਲੇ ਠੰਢ ਜ਼ਿਆਦਾ ਲੱਗ ਸਕਦੀ ਹੈ। ਇਸੇ ਤਰ੍ਹਾਂ, ਜਿਸ ਵਿਅਕਤੀ ਦੇ ਸਰੀਰ ਵਿੱਚ ਵੱਧ ਫੈਟ ਹੋਵੇਗਾ, ਉਸ ਨੂੰ ਠੰਢ ਘੱਟ ਲੱਗ ਸਕਦੀ ਹੈ।”

ਸੈਰ

ਤਸਵੀਰ ਸਰੋਤ, Getty Images

ਅਮਿਤਾਵ ਬੈਨਰਜੀ ਕਹਿੰਦੇ ਹਨ, “70-80 ਸਾਲ ਦੀ ਉਮਰ ਦੇ ਲੋਕ ਜ਼ਿਆਦਾ ਸਰੀਰਕ ਕੰਮ ਨਹੀਂ ਕਰ ਸਕਦੇ, ਮਤਲਬ ਉਨ੍ਹਾਂ ਦੀ ਸਰੀਰਕ ਗਤੀਵਿਧੀ ਘਟ ਜਾਂਦੀ ਹੈ, ਇਸ ਲਈ ਅਜਿਹੇ ਲੋਕਾਂ ਨੂੰ ਜ਼ਿਆਦਾ ਠੰਢ ਲੱਗਦੀ ਹੈ।”

ਇਸ ਤੋਂ ਇਲਾਵਾ, ਠੰਡ ਮਹਿਸੂਸ ਹੋਣਾ ਬਾਡੀ ਮਾਸ ਇੰਡੈਕਸ ‘ਤੇ ਵੀ ਨਿਰਭਰ ਕਰਦਾ ਹੈ ਅਤੇ ਸਰੀਰ ਦੇ ਆਪਣੇ ਮੈਟਾਬੋਲਿਕ ਰੇਟ ‘ਤੇ ਵੀ। ਜ਼ਿਆਦਾ ਮਸਲਜ਼ ਵਾਲੇ ਲੋਕਾਂ ਨੂੰ ਠੰਢ ਘੱਟ ਲੱਗਦੀ ਹੈ।

ਇੰਨਾ ਹੀ ਨਹੀਂ, ਤੁਸੀਂ ਕਿਸ ਤਰ੍ਹਾਂ ਦੇ ਕੱਪੜੇ ਪਹਿਨਦੇ ਹੋ, ਇਹ ਚੀਜ਼ ਵੀ ਨਿਰਧਾਰਤ ਕਰਦੀ ਹੈ ਕਿ ਤੁਸੀਂ ਕਿੰਨੀ ਠੰਢ ਮਹਿਸੂਸ ਕਰਦੇ ਹੋ। ਤੁਹਾਡੇ ਸਰੀਰ ਦਾ ਜਿੰਨਾ ਹਿੱਸਾ ਖੁੱਲ੍ਹਾ ਰਹੇਗਾ, ਜਿਵੇਂ ਕਿ ਤੁਹਾਡੇ ਹੱਥ, ਪੈਰ ਅਤੇ ਸਿਰ, ਤਾਂ ਉਸ ਹਿੱਸੇ ਕਾਰਨ ਸਰੀਰ ਦੀ ਗਰਮੀ ਬਾਹਰ ਨਿੱਕਲ ਜਾਵੇਗੀ ਅਤੇ ਤੁਹਾਨੂੰ ਜ਼ਿਆਦਾ ਠੰਢ ਮਹਿਸੂਸ ਹੋਵੇਗੀ।

ਇਸ ਤੋਂ ਇਲਾਵਾ, ਕੁਝ ਲੋਕ ਸਰਦੀਆਂ ਵਿੱਚ ਆਪਣੀ ਸਰੀਰਕ ਗਤੀਵਿਧੀ ਘੱਟ ਕਰ ਦਿੰਦੇ ਹਨ ਅਤੇ ਕੁਝ ਲੋਕ ਲੰਬੇ ਸਮੇਂ ਤੱਕ ਰਜਾਈ ‘ਚ ਵੜੇ ਰਹਿੰਦੇ ਹਨ। ਇਸ ਨਾਲ ਉਨ੍ਹਾਂ ਦਾ ਸਰੀਰ ਤਾਂ ਗਰਮ ਰਹਿੰਦਾ ਹੈ ਪਰ ਠੰਢ ਸਹਿਣ ਦੀ ਉਨ੍ਹਾਂ ਦੀ ਆਦਤ ਬਦਲ ਜਾਂਦੀ ਹੈ।

ਇਸ ਲਈ, ਜੇਕਰ ਤੁਸੀਂ ਸਿਹਤਮੰਦ ਹੋ ਪਰ ਅਜਿਹੀ ਕੋਈ ਆਦਤ ਪਾ ਲਈ ਹੈ ਤਾਂ ਤੁਸੀਂ ਵੀ ਸਰਦੀਆਂ ਵਿੱਚ ਬਾਥਰੂਮ ਦੇ ਬਸ ਫਰਸ਼ ‘ਤੇ ਪਾਣੀ ਪਾ ਕੇ ਸਮਝ ਲਵੋਗੇ ਕਿ ਇਸ਼ਨਾਨ ਹੋ ਗਿਆ।

ਡਾਕਟਰਾਂ ਦੀ ਮੰਨੀਏ ਤਾਂ ਇਸ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਆਪਣੀਆਂ ਆਦਤਾਂ ਨੂੰ ਬਦਲਿਆ ਜਾਵੇ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI