Source :- BBC PUNJABI

ਤਸਵੀਰ ਸਰੋਤ, Emmanuel Lafont/ BBC
ਇਹ ਸੰਤਰੀ ਰੰਗ ਦੀ, ਚਿਪਚਿਪੀ ਅਤੇ ਸ਼ਾਇਦ ਹੀ ਇਸ ਬਾਰੇ ਤੁਸੀਂ ਗੱਲਬਾਤ ਕਰਨਾ ਚਾਹੋ।
ਪਰ ਫਿਰ ਵੀ ਈਅਰਵੈਕਸ ਯਾਨਿ ਕੰਨ ਦੀ ਮੈਲ਼ ਵਿਗਿਆਨੀਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ, ਜੋ ਇਸ ਦੀ ਵਰਤੋਂ ਕੈਂਸਰ, ਦਿਲ ਦੀ ਬਿਮਾਰੀ ਅਤੇ ਟਾਈਪ 2 ਡਾਇਬਟੀਜ਼ ਵਰਗੀਆਂ ਮੈਟਾਬੋਲਿਕ ਬਿਮਾਰੀਆਂ ਬਾਰੇ ਹੋਰ ਜਾਣਕਾਰੀ ਹਾਸਿਲ ਕਰਨਾ ਚਾਹੁੰਦੇ ਹਨ।
ਇਸ ਚਿਪਚਿਪੇ ਪਦਾਰਥ ਦਾ ਸਹੀ ਨਾਮ ਸੇਰੂਮੈਨ ਹੈ ਅਤੇ ਇਹ ਕੰਨ ਦੀ ਬਾਹਰੀ ਨਲੀ ਵਿੱਚ ਮਿਲਣ ਵਾਲੀਆਂ ਦੋ ਕਿਸਮਾਂ ਦੀਆਂ ਗ੍ਰੰਥੀਆਂ, ਸੇਰੂਮਿਨਸ ਅਤੇ ਸੇਬੇਸੀਅਸ ਤੋਂ ਰਿਸਣ ਵਾਲਾ ਮਿਸ਼ਰਣ ਹੈ।
ਨਤੀਜੇ ਵਜੋਂ ਚਿਪਚਿਪੇ ਪਦਾਰਥ ਨੂੰ, ਮ੍ਰਿਤ ਚਮੜੀ ਦੇ ਟੁਕੜਿਆਂ ਅਤੇ ਹੋਰ ਸਰੀਰਕ ਮਲਬੇ ਨਾਲ ਮਿਲਾਇਆ ਜਾਂਦਾ ਹੈ ਜਦੋਂ ਤੱਕ ਇਹ ਮੋਮੀ ਇਕਸਾਰਤਾ ਤੱਕ ਨਹੀਂ ਪਹੁੰਚ ਜਾਂਦਾ ਜਿਸ ਬਾਰੇ ਅਸੀਂ ਸਾਰੇ ਜਾਣਦੇ ਹਾਂ।
ਇੱਕ ਵਾਰ ਕੰਨ ਦੀ ਨਲੀ ਵਿੱਚ ਬਣਨ ਤੋਂ ਬਾਅਦ, ਪਦਾਰਥ ਨੂੰ ਇੱਕ ਕਿਸਮ ਦੇ ਕਨਵੇਅਰ ਬੈਲਟ ਵਿਧੀ ਦੁਆਰਾ ਅੱਗੇ ਲਿਆਂਦਾ ਜਾਂਦਾ ਹੈ, ਜੋ ਚਮੜੀ ਦੇ ਸੈੱਲਾਂ ਨਾਲ ਚਿਪਕਿਆ ਰਹਿੰਦਾ ਹੈ।
ਕੰਨ ਦੀ ਮੈਲ਼ ਦਾ ਮੁੱਖ ਉਦੇਸ਼ ਬਹਿਸ ਦਾ ਵਿਸ਼ਾ ਹੈ ਪਰ ਇਸ ਦਾ ਸਭ ਤੋਂ ਵੱਧ ਸੰਭਾਵਤ ਕਾਰਜ ਕੰਨ ਦੀ ਨਲੀ ਨੂੰ ਸਾਫ਼ ਅਤੇ ਲੁਬਰੀਕੇਟ ਰੱਖਣਾ ਹੈ।

ਤਸਵੀਰ ਸਰੋਤ, Emmanuel Lafont/ BBC
ਹਾਲਾਂਕਿ, ਇਹ ਇੱਕ ਪ੍ਰਭਾਵਸ਼ਾਲੀ ਜਾਲ ਵਜੋਂ ਵੀ ਕੰਮ ਕਰਦਾ ਹੈ, ਜੋ ਬੈਕਟੀਰੀਆ, ਫੰਗਸ ਅਤੇ ਹੋਰ ਅਣਚਾਹੇ ਮਹਿਮਾਨ ਜਿਵੇਂ ਕਿ ਕੀੜੇ-ਮਕੌੜਿਆਂ ਨੂੰ ਸਾਡੇ ਸਿਰ ਵਿੱਚ ਜਾਣ ਤੋਂ ਰੋਕਦਾ ਹੈ।
ਹੁਣ ਤੱਕ, ਇਸ ਦੀ ਅਣਸੁਖਾਵੀਂ ਦਿੱਖ ਕਾਰਨ ਖੋਜਕਾਰਾਂ ਨੇ ਕੰਨ ਦੀ ਮੈਲ਼ ਨੂੰ ਕੁੱਝ ਹੱਦ ਤੱਕ ਨਜ਼ਰਅੰਦਾਜ਼ ਕੀਤਾ ਹੈ।
ਹਾਲਾਂਕਿ, ਇਹ ਹੁਣ ਬਦਲਣ ਲੱਗਾ ਹੈ, ਕਈ ਹੈਰਾਨੀਜਨਕ ਵਿਗਿਆਨਕ ਖੋਜਾਂ ਦੀ ਬਦੌਲਤ। ਪਹਿਲੀ ਗੱਲ ਇਹ ਹੈ ਕਿ ਕਿਸੇ ਵਿਅਕਤੀ ਦੇ ਕੰਨਾਂ ਦੀ ਮੈਲ਼ ਅਸਲ ਵਿੱਚ ਉਸ ਬਾਰੇ ਹੈਰਾਨੀਜਨਕ ਜਾਣਕਾਰੀ ਦੇ ਸਕਦੀ ਹੈ, ਮਾਮੂਲੀ ਅਤੇ ਮਹੱਤਵਪੂਰਨ ਦੋਵੇਂ ਤਰ੍ਹਾਂ ਦੀ।
ਉਦਾਹਰਣ ਵਜੋਂ, ਯੂਰਪੀਅਨ ਜਾਂ ਅਫ਼ਰੀਕੀ ਮੂਲ ਦੇ ਜ਼ਿਆਦਾਤਰ ਲੋਕਾਂ ਦੇ ਕੰਨਾਂ ਵਿੱਚ ਗਿੱਲੀ ਮੈਲ਼ ਹੁੰਦੀ ਹੈ,ਜਿਸ ਦਾ ਰੰਗ ਪੀਲਾ ਜਾਂ ਸੰਤਰੀ ਹੁੰਦਾ ਹੈ ਅਤੇ ਇਹ ਚਿਪਚਿਪਾ ਪਦਾਰਥ ਹੁੰਦਾ ਹੈ।
ਹਾਲਾਂਕਿ, 95% ਪੂਰਬੀ ਏਸ਼ੀਆਈ ਲੋਕਾਂ ਦੇ ਕੰਨਾਂ ਦੀ ਮੈਲ਼ ਸੁੱਕੀ ਹੁੰਦੀ ਹੈ, ਜੋ ਕਿ ਸਲੇਟੀ ਰੰਗ ਹੁੰਦੀ ਹੈ ਅਤੇ ਚਿਪਚਿਪੀ ਨਹੀਂ ਹੁੰਦੀ। ਕੰਨਾਂ ਦੀ ਮੈਲ਼ ਦੇ ਸੁੱਕੇ ਅਤੇ ਗਿੱਲੇ ਹੋਣ ਲਈ ਜ਼ਿੰਮੇਵਾਰ ਜੀਨ ਨੂੰ ਏਬੀਸੀਸੀ 11 ਕਿਹਾ ਜਾਂਦਾ ਹੈ, ਜੋ ਇਸ ਗੱਲ ਲਈ ਜ਼ਿੰਮੇਦਾਰ ਹੁੰਦਾ ਹੈ ਕਿ ਕਿਸੇ ਵਿਅਕਤੀ ਦੀਆਂ ਕੱਛਾਂ ਵਿੱਚੋਂ ਬਦਬੂ ਆਉਂਦੀ ਹੈ ਜਾਂ ਨਹੀਂ।
ਜਿਨ੍ਹਾਂ ਲੋਕਾਂ ਦੇ ਕੰਨਾਂ ਦੀ ਮੈਲ਼ ਸੁੱਕੀ ਹੁੰਦੀ ਹੈ ਉਨ੍ਹਾਂ ਵਿੱਚੋਂ ਜ਼ਿਆਦਾਤਰ ਵਿੱਚ ਇਸ ਜੀਨ ਦਾ ਇੱਕ ਸੰਸਕਰਣ ਹੁੰਦਾ ਹੈ ਜਿਸ ਦਾ ਮਤਲਬ ਹੈ ਕਿ ਉਨ੍ਹਾਂ ਦੀਆਂ ਕੱਛਾਂ ਵਿੱਚੋਂ ਬਦਬੂ ਨਹੀਂ ਆਉਂਦੀ।
ਹਾਲਾਂਕਿ, ਸ਼ਾਇਦ ਸਭ ਤੋਂ ਲਾਭਦਾਇਕ ਕੰਨਾਂ ਦੀ ਮੈਲ਼ ਨਾਲ ਸਬੰਧਤ ਖੋਜਾਂ ਇਸ ਗੱਲ ਬਾਰੇ ਹਨ ਕਿ ਸਾਡੇ ਕੰਨਾਂ ਵਿੱਚ ਚਿਪਚਿਪਾ ਪਦਾਰਥ ਸਾਡੀ ਸਿਹਤ ਬਾਰੇ ਕੀ ਦੱਸ ਸਕਦਾ ਹੈ।

ਮਹੱਤਵਪੂਰਨ ਸੁਰਾਗ਼ ਕਿਹੜੇ ਮਿਲੇ ਹਨ
1971 ਵਿੱਚ, ਕੈਲੀਫੋਰਨੀਆ ਯੂਨੀਵਰਸਿਟੀ, ਸੈਨ ਫਰਾਂਸਿਸਕੋ ਵਿੱਚ ਮੈਡੀਸਨ ਦੇ ਪ੍ਰੋਫੈਸਰ ਨਿਕੋਲਸ ਐੱਲ ਪੈਟਰਾਕਿਸ ਨੇ ਦੇਖਿਆ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਕਾਕੇਸ਼ੀਅਨ, ਅਫ਼ਰੀਕੀ-ਅਮਰੀਕੀ ਅਤੇ ਜਰਮਨ ਔਰਤਾਂ ਜਿਨ੍ਹਾਂ ਦੇ ਕੰਨਾਂ ਵਿੱਚ “ਗਿੱਲੀ” ਮੈਲ਼ ਸੀ, ਉਨ੍ਹਾਂ ਵਿੱਚ ਛਾਤੀ ਦੇ ਕੈਂਸਰ ਨਾਲ ਮਰਨ ਦੀ ਸੰਭਾਵਨਾ ਜਾਪਾਨੀ ਅਤੇ ਤਾਇਵਾਨੀ ਔਰਤਾਂ ਨਾਲੋਂ ਚਾਰ ਗੁਣਾ ਜ਼ਿਆਦਾ ਸੀ ਜਿਨ੍ਹਾਂ ਦੇ ਕੰਨਾਂ ਵਿੱਚ “ਸੁੱਕੀ” ਮੈਲ਼ ਸੀ।
ਹਾਲ ਹੀ ਵਿੱਚ 2010 ਵਿੱਚ, ਟੋਕੀਓ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਖੋਜਕਾਰਾਂ ਨੇ ਛਾਤੀ ਦੇ ਕੈਂਸਰ ਵਾਲੀਆਂ 270 ਮਹਿਲਾ ਮਰੀਜ਼ਾਂ ਅਤੇ 273 ਹੋਰ ਮਹਿਲਾ ਵਲੰਟੀਅਰਾਂ ਦੇ ਖ਼ੂਨ ਦੇ ਨਮੂਨੇ ਲਏ।
ਉਨ੍ਹਾਂ ਨੇ ਦੇਖਿਆ ਕਿ ਛਾਤੀ ਦੇ ਕੈਂਸਰ ਵਾਲੀਆਂ ਜਾਪਾਨੀ ਔਰਤਾਂ ਵਿੱਚ ਸਿਹਤਮੰਦ ਵਲੰਟੀਅਰਾਂ ਨਾਲੋਂ ਗਿੱਲੀ ਕੰਨ ਦੀ ਮੈਲ਼ ਲਈ ਜੀਨ ਕੋਡਿੰਗ ਹੋਣ ਦੀ ਸੰਭਾਵਨਾ 77% ਜ਼ਿਆਦਾ ਸੀ।
ਹਾਲਾਂਕਿ, ਇਹ ਖੋਜ ਵਿਵਾਦਪੂਰਨ ਬਣੀ ਹੋਈ ਹੈ ਅਤੇ ਜਰਮਨੀ, ਆਸਟ੍ਰੇਲੀਆ ਅਤੇ ਇਟਲੀ ਵਿੱਚ ਵੱਡੇ ਪੱਧਰ ‘ਤੇ ਕੀਤੇ ਗਏ ਅਧਿਐਨਾਂ ਵਿੱਚ ਗਿੱਲੀ ਅਤੇ ਸੁੱਕੀ ਈਅਰਵੈਕਸ (ਕੰਨ ਦੀ ਮੈਲ਼) ਵਾਲੇ ਲੋਕਾਂ ਵਿੱਚ ਛਾਤੀ ਦੇ ਕੈਂਸਰ ਦੇ ਜੋਖ਼ਮ ਵਿੱਚ ਕੋਈ ਅੰਤਰ ਨਹੀਂ ਪਾਇਆ ਗਿਆ, ਹਾਲਾਂਕਿ ਇਨ੍ਹਾਂ ਦੇਸ਼ਾਂ ਵਿੱਚ ਸੁੱਕੇ ਈਅਰਵੈਕਸ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ।
ਜੋ ਗੱਲ ਵਧੇਰੇ ਸਥਾਪਿਤ ਹੈ ਉਹ ਇਹ ਹੈ ਕਿ ਕੁਝ ਬਿਮਾਰੀਆਂ ਅਤੇ ਕੰਨ ਦੀ ਮੈਲ਼ ਵਿੱਚ ਪਾਏ ਜਾਣ ਵਾਲੇ ਪਦਾਰਥਾਂ ਵਿਚਕਾਰ ਸਬੰਧ।
ਮੈਪਲ ਸਿਰਪ ਪਿਸ਼ਾਬ ਦੀ ਬਿਮਾਰੀ ਨੂੰ ਹੀ ਲਓ, ਇੱਕ ਦੁਰਲੱਭ ਜੈਨੇਟਿਕ ਵਿਕਾਰ ਜੋ ਸਰੀਰ ਨੂੰ ਭੋਜਨ ਵਿੱਚ ਪਾਏ ਜਾਣ ਵਾਲੇ ਕੁਝ ਅਮੀਨੋ ਐਸਿਡਾਂ ਨੂੰ ਤੋੜਨ ਤੋਂ ਰੋਕਦਾ ਹੈ।
ਇਸ ਨਾਲ ਖ਼ੂਨ ਅਤੇ ਪਿਸ਼ਾਬ ਵਿੱਚ ਅਸਥਿਰ ਮਿਸ਼ਰਣ ਬਣਦੇ ਹਨ, ਜਿਸ ਨਾਲ ਪਿਸ਼ਾਬ ਨੂੰ ਇਸ ਦੀ ਵਿਲੱਖਣ ਮੈਪਲ ਸ਼ਰਬਤ ਵਰਗੀ ਗੰਧ ਮਿਲਦੀ ਹੈ।
ਮਿੱਠੀ ਮਹਿਕ ਵਾਲੇ ਪਿਸ਼ਾਬ ਲਈ ਜ਼ਿੰਮੇਵਾਰ ਅਣੂ ਸੋਟੋਲੋਨ ਹੈ ਅਤੇ ਇਹ ਇਸ ਸਥਿਤੀ ਵਾਲੇ ਲੋਕਾਂ ਦੇ ਕੰਨ ਦੀ ਮੈਲ਼ ਵਿੱਚ ਪਾਇਆ ਜਾ ਸਕਦਾ ਹੈ।
ਇਸ ਦਾ ਮਤਲਬ ਹੈ ਕਿ ਇਸ ਸਥਿਤੀ ਦਾ ਪਤਾ ਕਿਸੇ ਦੇ ਕੰਨ ਦੀ ਸਫਾਈ ਕਰ ਕੇ ਲਗਾਇਆ ਜਾ ਸਕਦਾ ਹੈ, ਜੋ ਕਿ ਜੈਨੇਟਿਕ ਟੈਸਟਿੰਗ ਕਰਨ ਨਾਲੋਂ ਬਹੁਤ ਸਰਲ ਅਤੇ ਸਸਤੀ ਪ੍ਰਕਿਰਿਆ ਹੈ।
ਹਾਲਾਂਕਿ, ਅਜਿਹੀ ਜਾਂਚ ਜ਼ਰੂਰੀ ਨਹੀਂ ਹੋ ਸਕਦੀ।

ਤਸਵੀਰ ਸਰੋਤ, Emmanuel Lafont/ BBC
ਲੁਈਸਿਆਨਾ ਸਟੇਟ ਯੂਨੀਵਰਸਿਟੀ ਦੇ ਇੱਕ ਵਾਤਾਵਰਣ ਰਸਾਇਣ ਵਿਗਿਆਨੀ, ਰਾਬੀ ਐਨ ਮੁਸਾਹ ਕਹਿੰਦੇ ਹਨ, “ਈਅਰਵੈਕਸ ਤੌਰ ‘ਤੇ ਮੈਪਲ ਸਿਰਪ ਵਰਗੀ ਗੰਧ ਦਿੰਦਾ ਹੈ, ਇਸ ਲਈ ਬੱਚੇ ਦੇ ਜਨਮ ਤੋਂ 12 ਘੰਟਿਆਂ ਦੇ ਅੰਦਰ, ਜਦੋਂ ਤੁਸੀਂ ਇਸ ਵਿਲੱਖਣ ਅਤੇ ਪਿਆਰੀ ਗੰਧ ਨੂੰ ਸੁੰਘਦੇ ਹੋ, ਤਾਂ ਇਹ ਤੁਹਾਨੂੰ ਦੱਸਦਾ ਹੈ ਕਿ ਉਨ੍ਹਾਂ ਵਿੱਚ ਮੈਟਾਬੋਲਿਜ਼ਮ ਦੀ ਇਹ ਜਨਮਜਾਤ ਵਿਗਾੜ ਹੈ।”
ਕੋਵਿਡ-19 ਦਾ ਪਤਾ ਕਈ ਵਾਰ ਕੰਨਾਂ ਦੀ ਮੈਲ਼ ਨਾਲ ਲਗਾਇਆ ਜਾ ਸਕਦਾ ਹੈ ਅਤੇ ਕਿਸੇ ਵਿਅਕਤੀ ਦੀ ਕੰਨਾਂ ਦੀ ਮੈਲ਼ ਤੁਹਾਨੂੰ ਇਹ ਵੀ ਦੱਸ ਸਕਦੀ ਹੈ ਕਿ ਉਸ ਨੂੰ ਟਾਈਪ 1 ਜਾਂ ਟਾਈਪ 2 ਸ਼ੂਗਰ ਹੈ।
ਸ਼ੁਰੂਆਤੀ ਖੋਜ ਸੁਝਾਅ ਦਿੰਦੀ ਹੈ ਕਿ ਕਿਸੇ ਵਿਅਕਤੀ ਦੀ ਕੰਨ ਮੈਲ਼ ਤੋਂ ਤੁਸੀਂ ਉਸ ਨੂੰ ਦੱਸ ਸਕਦੇ ਹੋ ਕਿ ਉਸ ਨੂੰ ਦਿਲ ਦੀ ਬਿਮਾਰੀ ਦਾ ਕੋਈ ਖ਼ਾਸ ਰੂਪ ਹੈ, ਹਾਲਾਂਕਿ ਖੂਨ ਦੀ ਜਾਂਚ ਨਾਲ ਸਥਿਤੀ ਦਾ ਪਤਾ ਲਗਾਉਣਾ ਅਜੇ ਵੀ ਆਸਾਨ ਹੈ।
ਮੇਨੀਅਰਜ਼ ਅੰਦਰੂਨੀ ਕੰਨ ਦੀ ਇੱਕ ਅਜਿਹੀ ਬਿਮਾਰੀ ਹੈ ਜਿਸ ਕਾਰਨ ਲੋਕਾਂ ਨੂੰ ਚੱਕਰ ਆਉਣੇ ਅਤੇ ਸੁਣਨ ਸ਼ਕਤੀ ਘੱਟ ਜਾਂਦੀ ਹੈ।
ਰਾਬੀ ਐਨ ਮੁਸਾਹ ਕਹਿੰਦੇ ਹਨ , “ਲੱਛਣ ਬਹੁਤ ਕਮਜ਼ੋਰ ਕਰ ਸਕਦੇ ਹਨ। ਇਸ ਵਿੱਚ ਗੰਭੀਰ ਮਤਲੀ ਅਤੇ ਚੱਕਰ ਆਉਣੇ ਸ਼ਾਮਲ ਹਨ। ਗੱਡੀ ਚਲਾਉਣਾ ਜਾਂ ਗੱਡੀ ਵਿੱਚ ਕਿਤੇ ਜਾਣਾ ਅਸੰਭਵ ਹੋ ਜਾਂਦਾ ਹੈ।”
“ਅੰਤ ਵਿੱਚ ਤੁਸੀਂ ਪ੍ਰਭਾਵਿਤ ਕੰਨ ਵਿੱਚ ਪੂਰੀ ਤਰ੍ਹਾਂ ਸੁਣਨ ਦੀ ਸਮਰੱਥਾ ਗੁਆ ਦਿੰਦੇ ਹੋ।”
ਮੁਸਾਹ ਨੇ ਹਾਲ ਹੀ ਵਿੱਚ ਇੱਕ ਟੀਮ ਦੀ ਅਗਵਾਈ ਕੀਤੀ ਜਿਸ ਵਿੱਚ ਦੇਖਿਆ ਗਿਆ ਕਿ ਮੇਨੀਅਰਜ਼ ਬਿਮਾਰੀ ਵਾਲੇ ਮਰੀਜ਼ਾਂ ਵਿੱਚ ਤਿੰਨ ਸਿਹਤਮੰਦ ਫੈਟੀ ਐਸਿਡ ਦਾ ਪੱਧਰ ਘੱਟ ਹੁੰਦਾ ਹੈ।
ਅਜਿਹਾ ਪਹਿਲੀ ਵਾਰ ਹੈ ਜਦੋਂ ਕਿਸੇ ਨੇ ਇਸ ਸਥਿਤੀ ਲਈ ਬਾਇਓਮਾਰਕਰ ਲੱਭਿਆ ਹੈ, ਜਿਸ ਦਾ ਆਮ ਤੌਰ ‘ਤੇ ਬਾਕੀ ਸਭ ਕੁਝ ਛੱਡ ਕੇ ਨਿਦਾਨ ਕੀਤਾ ਜਾਂਦਾ ਹੈ।
ਇਹ ਇੱਕ ਅਜਿਹੀ ਪ੍ਰਕਿਰਿਆ ਜਿਸ ਵਿੱਚ ਕਈ ਸਾਲ ਲੱਗ ਸਕਦੇ ਹਨ। ਇਸ ਖੋਜ ਨਾਲ ਉਮੀਦ ਜਾਗਦੀ ਹੈ ਕਿ ਭਵਿੱਖ ਵਿੱਚ ਡਾਕਟਰ ਇਸ ਸਥਿਤੀ ਦਾ ਪਤਾ ਲਗਾਉਣ ਲਈ ਕੰਨਾਂ ਦੀ ਮੈਲ਼ ਦੀ ਵਰਤੋਂ ਕਰਨ ਦੇ ਯੋਗ ਹੋਣਗੇ।
ਮੁਸਾਹ ਕਹਿੰਦੇ ਹਨ, “ਕੰਨ ਦੀ ਮੈਲ਼ ਵਿੱਚ ਸਾਡੀ ਦਿਲਚਸਪੀ ਉਨ੍ਹਾਂ ਬਿਮਾਰੀਆਂ ‘ਤੇ ਕੇਂਦ੍ਰਿਤ ਹੈ ਜਿਨ੍ਹਾਂ ਦਾ ਖ਼ੂਨ ਅਤੇ ਪਿਸ਼ਾਬ ਜਾਂ ਸੇਰੇਬਰਲ ਸਪਾਈਨਲ ਫਲੂਇਡ ਵਰਗੇ ਜੈਵਿਕ ਤਰਲਾਂ ਦੀ ਵਰਤੋਂ ਕਰ ਕੇ ਨਿਦਾਨ ਕਰਨਾ ਬਹੁਤ ਮੁਸ਼ਕਲ ਹੈ ਅਤੇ ਹੱਲ ਕੱਢਣ ਵਿੱਚ ਲੰਬਾ ਸਮਾਂ ਲੱਗ ਸਕਦਾ ਹੈ ਕਿਉਂਕਿ ਉਹ ਦੁਰਲਭ ਹਨ।”

ਤਸਵੀਰ ਸਰੋਤ, Emmanuel Lafont/ BBC
ਕੰਨਾਂ ਦੀ ਮੈਲ਼ ਵਿੱਚ ਅਜਿਹਾ ਕੀ ਹੈ ਜੋ ਇਸ ਨੂੰ ਸਿਹਤ ਜਾਣਕਾਰੀ ਦਾ ਖਜ਼ਾਨਾ ਬਣਾਉਂਦਾ ਹੈ?
ਪਤਾ ਲੱਗਾ ਹੈ ਕਿ ਇਸ ਦਾ ਮੁੱਖ ਕਾਰਨ ਮੋਮੀ ਰਿਸਾਵ ਸਰੀਰ ਦੇ ਅੰਦਰ ਹੋਣ ਵਾਲੀਆਂ ਅੰਦਰੂਨੀ ਰਸਾਇਣਕ ਪ੍ਰਤੀਕਿਰਿਆਵਾਂ ਨੂੰ ਦਰਸਾਉਣ ਦੀ ਯੋਗਤਾ ਰੱਖਦਾ ਹੈ – ਇੱਕ ਵਿਅਕਤੀ ਦਾ ਮੈਟਾਬੋਲਿਜ਼ਮ।
ਨੈਲਸਨ ਰੌਬਰਟੋ ਐਂਟੋਨੀਓਸੀ ਫਿਲਹੋ ਕਹਿੰਦੇ ਹਨ, “ਜੀਵਤ ਜੀਵਾਂ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਪਾਚਨ ਨਾਲ ਸਬੰਧਿਤ ਹੈ।”
ਨੈਲਸਨ ਰੌਬਰਟੋ ਐਂਟੋਨੀਓਸੀ ਫਿਲਹੋ ਬ੍ਰਾਜ਼ੀਲ ਦੀ ਫੈਡਰਲ ਯੂਨੀਵਰਸਿਟੀ ਆਫ਼ ਗੋਈਆਸ ਵਿੱਚ ਰਸਾਇਣ ਵਿਗਿਆਨ ਦੇ ਪ੍ਰੋਫੈਸਰ ਹਨ, ਜੋ ਸ਼ੂਗਰ, ਕੈਂਸਰ, ਪਾਰਕਿੰਸਨਸ ਅਤੇ ਅਲਜ਼ਾਈਮਰ ਰੋਗ ਨੂੰ ਉਦਾਹਰਣਾਂ ਵਜੋਂ ਸੂਚੀਬੱਧ ਕਰਦੇ ਹਨ।
“ਇਨ੍ਹਾਂ ਮਾਮਲਿਆਂ ਵਿੱਚ, ਮਾਈਟੋਕੌਂਡਰੀਆ-ਲਿਪਿਡ, ਕਾਰਬੋਹਾਈਡਰੇਟ ਅਤੇ ਪ੍ਰੋਟੀਨ ਨੂੰ ਊਰਜਾ ਵਿੱਚ ਬਦਲਣ ਲਈ ਜ਼ਿੰਮੇਵਾਰ ਸੈੱਲ ਆਰਗੇਨੇਲ- ਸਿਹਤਮੰਦ ਸੈੱਲਾਂ ਨਾਲੋਂ ਵੱਖਰੇ ਢੰਗ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਉਹ ਵੱਖ-ਵੱਖ ਰਸਾਇਣ ਬਣਾਉਣਾ ਸ਼ੁਰੂ ਕਰ ਦਿੰਦੇ ਹਨ ਅਤੇ ਹੋਰ ਪੈਦਾ ਕਰਨਾ ਵੀ ਬੰਦ ਕਰ ਸਕਦੇ ਹਨ।”
ਐਂਟੋਨੀਓਸੀ ਫਿਲਹੋ ਦੀ ਪ੍ਰਯੋਗਸ਼ਾਲਾ ਨੇ ਦੇਖਿਆ ਹੈ ਕਿ ਪਦਾਰਥਾਂ ਦੀ ਇਹ ਵਿਸ਼ਾਲ ਵਿਭਿੰਨਤਾ ਖ਼ੂਨ, ਪਿਸ਼ਾਬ, ਪਸੀਨਾ ਅਤੇ ਹੰਝੂ ਵਰਗੇ ਹੋਰ ਜੈਵਿਕ ਤਰਲਾਂ ਦੇ ਮੁਕਾਬਲੇ ਕੰਨਾਂ ਦੀ ਮੈਲ਼ ਵਿੱਚ ਵਧੇਰੇ ਕੇਂਦ੍ਰਿਤ ਹੈ।
ਫਿਲਾਡੇਲਫੀਆ ਸਥਿਤ ਖੋਜ ਸੰਸਥਾ, ਮੋਨੇਲ ਕੈਮੀਕਲ ਸੈਂਸ ਸੈਂਟਰ ਦੇ ਇੱਕ ਰਸਾਇਣਕ ਵਾਤਾਵਰਣ ਵਿਗਿਆਨੀ ਬਰੂਸ ਕਿਮਬਾਲ ਕਹਿੰਦੇ ਹਨ, “ਇਹ ਸਮਝ ਵਿੱਚ ਆਉਂਦਾ ਹੈ ਕਿਉਂਕਿ ਕੰਨਾਂ ਦੀ ਮੈਲ਼ ਬਹੁਤੀ ਨਹੀਂ ਬਦਲਦੀ। ਇਹ ਇੱਕ ਤਰ੍ਹਾਂ ਨਾਲ ਬਣਦਾ ਹੈ ਅਤੇ ਇਸ ਲਈ ਇਹ ਸੋਚਣ ਦਾ ਇੱਕ ਕਾਰਨ ਹੈ ਕਿ ਇਹ ਮੈਟਾਬੋਲਿਜ਼ਮ ਵਿੱਚ ਤਬਦੀਲੀਆਂ ਦੇ ਲੰਬੇ ਸਮੇਂ ਦੇ ਸਨੈਪਸ਼ਾਟ ਨੂੰ ਕੈਪਚਰ ਕਰਨ ਲਈ ਇੱਕ ਚੰਗੀ ਜਗ੍ਹਾ ਹੋ ਸਕਦੀ ਹੈ।”

ਤਸਵੀਰ ਸਰੋਤ, BBC/Getty
‘ਕੈਂਸਰ ਦੀ ਜਾਂਚ ਲਈ ਇੱਕ ਕਿਸਮ ਦੇ “ਫਿੰਗਰਪ੍ਰਿੰਟ” ਵਜੋਂ ਕੰਮ ਕਰਦੇ ਹਨ’
ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ, ਐਂਟੋਨੀਓਸੀ ਫਿਲਹੋ ਅਤੇ ਉਨ੍ਹਾਂ ਦੀ ਟੀਮ “ਸੇਰੂਮੇਨੋਗ੍ਰਾਮ” ਵਿਕਸਤ ਕਰ ਰਹੇ ਹਨ। ਇਹ ਇੱਕ ਅਜਿਹਾ ਡਾਇਗਨੌਸਟਿਕ ਟੂਲ ਹੈ ਜਿਸ ਨੂੰ ਲੈ ਕੇ ਉਨ੍ਹਾਂ ਦਾ ਦਾਅਵਾ ਹੈ ਕਿ ਇਹ ਸਹੀ ਢੰਗ ਨਾਲ ਅੰਦਾਜ਼ਾ ਲਗਾ ਸਕਦਾ ਹੈ ਕਿ ਕੀ ਕਿਸੇ ਵਿਅਕਤੀ ਨੂੰ ਉਸ ਦੇ ਕੰਨ ਦੀ ਮੈਲ਼ ਦੇ ਅਧਾਰ ਤੇ ਕੁਝ ਖ਼ਾਸ ਕਿਸਮ ਦਾ ਕੈਂਸਰ ਹੈ।
2019 ਦੇ ਇੱਕ ਅਧਿਐਨ ਵਿੱਚ, ਐਂਟੋਨੀਓਸੀ ਫਿਲਹੋ ਦੀ ਟੀਮ ਨੇ 52 ਕੈਂਸਰ ਮਰੀਜ਼ਾਂ ਤੋਂ ਕੰਨਾਂ ਦੀ ਮੈਲ਼ ਦੇ ਨਮੂਨੇ ਇਕੱਠੇ ਕੀਤੇ ਜਿਨ੍ਹਾਂ ਨੂੰ ਲਿੰਫੋਮਾ, ਕਾਰਸੀਨੋਮਾ ਜਾਂ ਲਿਊਕੇਮੀਆ ਦਾ ਪਤਾ ਲੱਗਿਆ ਸੀ।
ਖੋਜਕਾਰਾਂ ਨੇ 50 ਸਿਹਤਮੰਦ ਲੋਕਾਂ ਤੋਂ ਕੰਨਾਂ ਦੀ ਮੈਲ਼ ਵੀ ਇਕੱਠੀ ਕੀਤੀ। ਫਿਰ ਉਨ੍ਹਾਂ ਨੇ ਇੱਕ ਅਜਿਹੇ ਢੰਗ ਦੀ ਵਰਤੋਂ ਕਰ ਕੇ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਜੋ ਵਾਸ਼ਪਸ਼ੀਲ ਕਾਰਬਨਿਕ ਮਿਸ਼ਰਣਾਂ (VOCs) ਦੀ ਮੌਜੂਦਗੀ ਦਾ ਸਟੀਕ ਤੌਰ ʼਤੇ ਪਤਾ ਲਗਾ ਸਕਦਾ ਹੈ- ਇਹ ਇੱਕ ਅਜਿਹਾ ਰਸਾਇਣ ਹੈ ਜੋ ਹਾਵ ਵਿੱਚ ਆਸਾਨੀ ਨਾਲ ਵਾਸ਼ਪਿਤ ਹੋ ਜਾਂਦਾ ਹੈ।
ਖੋਜਕਾਰਾਂ ਨੇ ਕੰਨਾਂ ਦੀ ਮੈਲ਼ ਵਿੱਚ 27 ਮਿਸ਼ਰਣਾਂ ਦੀ ਪਛਾਣ ਕੀਤੀ ਜੋ ਕੈਂਸਰ ਦੀ ਜਾਂਚ ਲਈ ਇੱਕ ਕਿਸਮ ਦੇ “ਫਿੰਗਰਪ੍ਰਿੰਟ” ਵਜੋਂ ਕੰਮ ਕਰਦੇ ਹਨ।
ਦੂਜੇ ਸ਼ਬਦਾਂ ਵਿੱਚ, ਟੀਮ ਇਨ੍ਹਾਂ 27 ਅਣੂਆਂ ਦੀ ਗਾੜ੍ਹਾਪਣ ਦੇ ਆਧਾਰ ‘ਤੇ 100% ਸ਼ੁੱਧਤਾ ਨਾਲ ਭਵਿੱਖਬਾਣੀ ਕਰ ਸਕਦੀ ਹੈ ਕਿ ਕੀ ਕਿਸੇ ਨੂੰ ਕੈਂਸਰ ਹੈ (ਜਾਂ ਤਾਂ ਲਿੰਫੋਮਾ, ਕਾਰਸੀਨੋਮਾ, ਜਾਂ ਲਿਊਕੇਮੀਆ)।
ਦਿਲਚਸਪ ਗੱਲ ਇਹ ਹੈ ਕਿ ਇਹ ਟੈਸਟ ਵੱਖ-ਵੱਖ ਕਿਸਮਾਂ ਦੇ ਕੈਂਸਰ ਵਿੱਚ ਫਰਕ ਨਹੀਂ ਕਰ ਸਕਿਆ, ਜਿਸ ਤੋਂ ਪਤਾ ਲੱਗਦਾ ਹੈ ਕਿ ਅਣੂ ਇਨ੍ਹਾਂ ਸਾਰੀਆਂ ਕਿਸਮਾਂ ਦੇ ਕੈਂਸਰ ਸੈੱਲਾਂ ਦੁਆਰਾ ਜਾਂ ਉਨ੍ਹਾਂ ਦੇ ਜਵਾਬ ਵਿੱਚ ਪੈਦਾ ਹੁੰਦੇ ਹਨ।
ਐਂਟੋਨੀਓਸੀ ਫਿਲਹੋ ਕਹਿੰਦੇ ਹਨ, “ਹਾਲਾਂਕਿ ਕੈਂਸਰ ਵਿੱਚ ਸੈਂਕੜੇ ਬਿਮਾਰੀਆਂ ਦੀਆਂ ਸ਼੍ਰੇਣੀਆਂ ਸ਼ਾਮਲ ਹਨ, ਮੈਟਾਬੋਲਿਕ ਦ੍ਰਿਸ਼ਟੀਕੋਣ ਨਾਲ ਕੈਂਸਰ ਇੱਕ ਸਿੰਗਲ ਬਾਇਓਕੈਮੀਕਲ ਪ੍ਰਕਿਰਿਆ ਹੈ ਜਿਸਦਾ ਪਤਾ ਕਿਸੇ ਵੀ ਪੜਾਅ ‘ਤੇ ਖ਼ਾਸ ਵੀਓਸੀਐੱਸ ਦੇ ਮੁਲਾਂਕਣ ਦੁਆਰਾ ਲਗਾਇਆ ਜਾ ਸਕਦਾ ਹੈ।”
2019 ਵਿੱਚ, ਟੀਮ ਨੇ 27 ਵੀਓਸੀਐੱਸ ਦੀ ਪਛਾਣ ਕੀਤੀ ਪਰ ਉਹ ਵਰਤਮਾਨ ਵਿੱਚ ਇਨ੍ਹਾਂ ਵਿੱਚੋਂ ਕੁਝ ‘ਤੇ ਧਿਆਨ ਕੇਂਦਰਿਤ ਕਰ ਰਹੇ ਹਨ ਜੋ ਖ਼ਾਸ ਤੌਰ ‘ਤੇ ਕੈਂਸਰ ਸੈੱਲਾਂ ਦੁਆਰਾ ਉਨ੍ਹਾਂ ਦੇ ਵਿਲੱਖਣ ਮੈਟਾਬੋਲਿਜ਼ਮ ਦੇ ਹਿੱਸੇ ਵਜੋਂ ਪੈਦਾ ਕੀਤੇ ਜਾਂਦੇ ਹਨ।

ਤਸਵੀਰ ਸਰੋਤ, Getty Images
ਅਜੇ ਤੱਕ ਪ੍ਰਕਾਸ਼ਿਤ ਨਾ ਹੋਏ ਕੰਮ ਵਿੱਚ, ਐਂਟੋਨੀਓਸੀ ਫਿਲਹੋ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਵੀ ਦਿਖਾਇਆ ਹੈ ਕਿ ਸੇਰੂਮੇਨੋਗ੍ਰਾਮ ਪ੍ਰੀ-ਕੈਂਸਰਸ ਪੜਾਵਾਂ ਵਿੱਚ ਹੋਣ ਵਾਲੀਆਂ ਪਾਚਕ ਗੜਬੜੀਆਂ ਦਾ ਪਤਾ ਲਗਾਉਣ ਦੇ ਯੋਗ ਹੈ, ਜਿੱਥੇ ਸੈੱਲ ਅਸਧਾਰਨ ਤਬਦੀਲੀਆਂ ਪ੍ਰਦਰਸ਼ਿਤ ਕਰਦੇ ਹਨ ਜੋ ਸੰਭਾਵੀ ਤੌਰ ‘ਤੇ ਕੈਂਸਰ ਦਾ ਕਾਰਨ ਬਣ ਸਕਦੇ ਹਨ, ਪਰ ਅਜੇ ਤੱਕ ਕੈਂਸਰ ਵਾਲੇ ਨਹੀਂ ਹਨ।
ਐਂਟੋਨੀਓਸੀ ਫਿਲਹੋ ਕਹਿੰਦੇ ਹਨ, “ਇਹ ਦੇਖਦੇ ਹੋਏ ਕਿ ਦਵਾਈ ਦਰਸਾਉਂਦੀ ਹੈ ਕਿ ਪੜਾਅ 1 ‘ਤੇ ਨਿਦਾਨ ਕੀਤੇ ਗਏ ਜ਼ਿਆਦਾਤਰ ਕੈਂਸਰਾਂ ਦੀ ਇਲਾਜ ਦਰ 90% ਤੱਕ ਹੁੰਦੀ ਹੈ, ਇਹ ਮੰਨਿਆ ਜਾ ਸਕਦਾ ਹੈ ਕਿ ਸ਼ੁਰੂਆਤੀ ਪੜਾਵਾਂ ‘ਤੇ ਕੈਂਸਰ ਦੀ ਜਾਂਚ ਨਾਲ ਇਲਾਜ ਦੀ ਸਫ਼ਲਤਾ ਬਹੁਤ ਜ਼ਿਆਦਾ ਹੋਵੇਗੀ।”
ਖੋਜ ਸਮੂਹ ਇਸ ਗੱਲ ਦਾ ਵੀ ਅਧਿਐਨ ਕਰ ਰਿਹਾ ਹੈ ਕਿ ਕੀ ਪਾਰਕਿੰਸਨਸ ਅਤੇ ਅਲਜ਼ਾਈਮਰ ਵਰਗੀਆਂ ਨਿਊਰੋਡੀਜਨਰੇਟਿਵ ਬਿਮਾਰੀਆਂ ਦੀ ਸ਼ੁਰੂਆਤ ਵੱਲ ਲੈ ਜਾਣ ਵਾਲੇ ਪਾਚਕ ਬਦਲਾਅ ਨੂੰ ਵੀ ਅਜਿਹੇ ਯੰਤਰ ਦੁਆਰਾ ਕੈਪਚਰ ਕੀਤਾ ਜਾ ਸਕਦਾ ਹੈ, ਹਾਲਾਂਕਿ ਇਹ ਕੰਮ ਅਜੇ ਸ਼ੁਰੂਆਤੀ ਪੜਾਵਾਂ ਵਿੱਚ ਹੈ।
ਐਂਟੋਨੀਓਸੀ ਫਿਲਹੋ ਦਾ ਕਹਿਣਾ ਹੈ, “ਭਵਿੱਖ ਵਿੱਚ, ਅਸੀਂ ਉਮੀਦ ਕਰਦੇ ਹਾਂ ਕਿ ਸੇਰੂਮੇਨੋਗ੍ਰਾਮ ਇੱਕ ਰੁਟੀਨ ਡਾਇਗਨੌਸਟਿਕ ਜਾਂਚ ਬਣ ਜਾਵੇਗਾ, ਤਰਜੀਹੀ ਤੌਰ ‘ਤੇ ਹਰ ਛੇ ਮਹੀਨਿਆਂ ਵਿੱਚ, ਜੋ ਕਿ ਕੰਨ ਦੀ ਮੈਲ਼ ਦੇ ਇੱਕ ਛੋਟੇ ਜਿਹੇ ਹਿੱਸੇ ਨਾਲ, ਸ਼ੂਗਰ, ਕੈਂਸਰ, ਪਾਰਕਿੰਸਨਸ ਅਤੇ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਦਾ ਇੱਕੋ ਸਮੇਂ ਨਿਦਾਨ ਕਰਨ ਦੇ ਨਾਲ-ਨਾਲ ਹੋਰ ਸਿਹਤ ਸਥਿਤੀਆਂ ਦੇ ਨਤੀਜੇ ਵਜੋਂ ਹੋਣ ਵਾਲੀਆਂ ਪਾਚਕ ਤਬਦੀਲੀਆਂ ਦਾ ਮੁਲਾਂਕਣ ਕਰਨ ਦੀ ਆਗਿਆ ਦਿੰਦਾ ਹੈ।”
ਐਂਟੋਨੀਓਸੀ ਫਿਲਹੋ ਕਹਿੰਦੇ ਹਨ ਕਿ ਬ੍ਰਾਜ਼ੀਲ ਵਿੱਚ, ਅਮਰਾਲ ਕਾਰਵਾਲਹੋ ਹਸਪਤਾਲ ਨੇ ਹਾਲ ਹੀ ਵਿੱਚ ਕੈਂਸਰ ਦੇ ਇਲਾਜ ਲਈ ਇੱਕ ਡਾਇਗਨੌਸਟਿਕ ਅਤੇ ਨਿਗਰਾਨੀ ਤਕਨੀਕ ਵਜੋਂ ਸੇਰੂਮੇਨੋਗ੍ਰਾਮ ਨੂੰ ਅਪਣਾਇਆ ਹੈ।
ਮੁਸਾਹ ਨੂੰ ਇਹ ਵੀ ਉਮੀਦ ਹੈ ਕਿ ਉਨ੍ਹਾਂ ਦੀ ਖੋਜ ਇੱਕ ਦਿਨ ਮੇਨੀਅਰਜ਼ ਦੀ ਬਿਮਾਰੀ ਨਾਲ ਪੀੜਤ ਲੋਕਾਂ ਦੀ ਮਦਦ ਕਰੇਗੀ। ਇਹ ਇੱਕ ਅਜਿਹੀ ਸਥਿਤੀ ਹੈ ਜਿਸ ਦਾ ਇਸ ਵੇਲੇ ਕੋਈ ਇਲਾਜ ਨਹੀਂ ਹੈ।
ਉਹ ਪਹਿਲਾਂ ਕਲੀਨਿਕ ਵਿੱਚ ਮਰੀਜ਼ਾਂ ਦੇ ਇੱਕ ਵੱਡੇ ਨਮੂਨੇ ‘ਤੇ ਆਪਣੇ ਟੈਸਟ ਨੂੰ ਪ੍ਰਮਾਣਿਤ ਕਰਨ ਦੀ ਉਮੀਦ ਕਰਦੇ ਹਨ, ਫਿਰ ਇੱਕ ਡਾਇਗਨੌਸਟਿਕ ਟੈਸਟ ਤਿਆਰ ਕਰੇਨਗੇ ਜਿਸਨੂੰ ਡਾਕਟਰ ਆਪਣੇ ਦਫ਼ਤਰਾਂ ਵਿੱਚ ਵਰਤ ਸਕਦੇ ਹਨ।
ਮੁਸਾਹ ਕਹਿੰਦਾ ਹੈ, “ਅਸੀਂ ਇਸ ਵੇਲੇ ਇੱਕ ਟੈਸਟ ਕਿੱਟ ਵਿਕਸਤ ਕਰਨ ‘ਤੇ ਕੰਮ ਕਰ ਰਹੇ ਹਾਂ ਜੋ ਕਿ ਕੋਵਿਡ-19 ਟੈਸਟਿੰਗ ਲਈ ਖਰੀਦੀਆਂ ਜਾ ਸਕਣ ਵਾਲੀਆਂ ਓਵਰ-ਦੀ-ਕਾਊਂਟਰ ਕਿਸਮ ਦੀਆਂ ਕਿੱਟਾਂ ਦੇ ਸਮਾਨ ਹੋਵੇਗੀ।”

ਤਸਵੀਰ ਸਰੋਤ, Getty Images
ਕੰਨਾਂ ਦੀ ਮੈਲ਼ ਨੂੰ ਸਮਝਣਾ
ਮੁਸਾਹ ਦੱਸਦੇ ਹਨ ਕਿ ਸਿਰਫ਼ ਇਹ ਦੇਖਣਾ ਕਿ ਤਿੰਨ ਫੈਟੀ ਐਸਿਡ ਆਮ ਕੰਨਾਂ ਦੀ ਮੈਲ਼ ਨਾਲੋਂ ਬਹੁਤ ਘੱਟ ਹਨ, ਕੁਝ ਸੁਰਾਗ਼ ਪ੍ਰਦਾਨ ਕਰ ਸਕਦੇ ਹਨ ਜਿਨ੍ਹਾਂ ਦੀ ਹੋਰ ਜਾਂਚ ਕੀਤੀ ਜਾ ਸਕਦੀ ਹੈ।
ਉਹ ਕਹਿੰਦੇ ਹਨ, “ਇਹ ਸਾਨੂੰ ਇਹ ਸਮਝਣ ਵਿੱਚ ਮਦਦ ਕਰ ਸਕਦਾ ਹੈ ਕਿ ਬਿਮਾਰੀ ਦਾ ਕਾਰਨ ਕੀ ਹੈ, ਜਾਂ ਸ਼ਾਇਦ ਇਹ ਵੀ ਸੁਝਾਅ ਦੇ ਸਕਦਾ ਹੈ ਕਿ ਇਸ ਦਾ ਇਲਾਜ ਕਿਵੇਂ ਕੀਤਾ ਜਾ ਸਕਦਾ ਹੈ।”
ਮੁਸਾਹ ਕਹਿੰਦੇ ਹਨ, “ਆਮ, ਸਿਹਤਮੰਦ ਕੰਨਾਂ ਦੀ ਮੈਲ਼ ਦੇ ਰਸਾਇਣਕ ਪ੍ਰੋਫਾਈਲ ਨੂੰ ਸਮਝਣ ਲਈ ਅਜੇ ਵੀ ਬਹੁਤ ਸਾਰਾ ਕੰਮ ਕਰਨ ਦੀ ਲੋੜ ਹੈ ਅਤੇ ਇਹ ਕਿਵੇਂ ਵੱਖ-ਵੱਖ ਤਰੀਕਿਆਂ ਨਾਲ ਬਦਲਦਾ ਹੈ। ਪਰ ਉਸ ਨੂੰ ਉਮੀਦ ਹੈ ਕਿ ਇੱਕ ਦਿਨ ਇਸ ਦਾ ਨਿਯਮਿਤ ਤੌਰ ‘ਤੇ ਹਸਪਤਾਲਾਂ ਵਿੱਚ ਬਿਮਾਰੀਆਂ ਦਾ ਪਤਾ ਲਗਾਉਣ ਲਈ ਵਿਸ਼ਲੇਸ਼ਣ ਕੀਤਾ ਜਾ ਸਕੇਗਾ, ਜਿਵੇਂ ਖੂਨ ਹੁੰਦਾ ਹੈ।”
“ਕੰਨਾਂ ਦੀ ਮੈਲ਼, ਵਰਤਣ ਲਈ ਇੱਕ ਸੱਚਮੁੱਚ ਸ਼ਾਨਦਾਰ ਮੈਟ੍ਰਿਕਸ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਲਿਪਿਡ ਵਾਲਾ ਹੁੰਦਾ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਲਿਪਿਡ ਮੈਟਾਬੋਲਿਜ਼ਮ ਦੇ ਅਸੰਤੁਲਨ ਦਾ ਨਤੀਜਾ ਹੁੰਦੀਆਂ ਹਨ।
ਯੂਕੇ ਦੀ ਮੈਨਚੈਸਟਰ ਯੂਨੀਵਰਸਿਟੀ ਵਿੱਚ ਇੱਕ ਰਸਾਇਣ ਵਿਗਿਆਨੀ ਅਤੇ ਮਾਸ ਸਪੈਕਟ੍ਰੋਮੈਟਰੀ ਦੀ ਪ੍ਰੋਫੈਸਰ, ਪਰਡਿਤਾ ਬੈਰਨ ਖ਼ਾਸ ਤੌਰ ‘ਤੇ ਕੰਨਾਂ ਦੀ ਮੈਲ਼ ਦਾ ਅਧਿਐਨ ਨਹੀਂ ਕਰਦੇ ਹਨ ਪਰ ਜੈਵਿਕ ਅਣੂਆਂ ਦਾ ਵਿਸ਼ਲੇਸ਼ਣ ਕਰਦੇ ਹਨ ਅਤੇ ਜਾਂਚ ਕਰਦੇ ਹਨ ਕਿ ਕੀ ਉਨ੍ਹਾਂ ਦੀ ਵਰਤੋਂ ਬਿਮਾਰੀਆਂ ਦਾ ਪਤਾ ਲਗਾਉਣ ਲਈ ਕੀਤੀ ਜਾ ਸਕਦੀ ਹੈ।
ਉਹ ਇਸ ਗੱਲ ਨਾਲ ਸਹਿਮਤ ਹਨ ਕਿ, ਘੱਟੋ ਘੱਟ ਸਿਧਾਂਤਕ ਤੌਰ ‘ਤੇ, ਇਹ ਸਮਝ ਵਿੱਚ ਆਉਂਦਾ ਹੈ ਕਿ ਇਹ ਪਦਾਰਥ ਬਿਮਾਰੀ ਦੇ ਲੱਛਣਾਂ ਦੀ ਭਾਲ ਕਰਨ ਲਈ ਇੱਕ ਚੰਗੀ ਜਗ੍ਹਾ ਹੋਵੇਗੀ।
ਬੈਰਨ ਦਾ ਕਹਿਣਾ ਹੈ, “ਖੂਨ ਵਿੱਚ ਪਾਏ ਜਾਣ ਵਾਲੇ ਮਿਸ਼ਰਣ ਪਾਣੀ ਵਿੱਚ ਘੁਲਣਸ਼ੀਲ ਹੁੰਦੇ ਹਨ, ਜਦਕਿ ਕੰਨਾਂ ਦੀ ਮੈਲ਼ ਇੱਕ ਬਹੁਤ ਹੀ ਲਿਪਿਡ ਵਾਲਾ ਪਦਾਰਥ ਹੈ ਅਤੇ ਲਿਪਿਡ ਪਾਣੀ ਨੂੰ ਪਸੰਦ ਨਹੀਂ ਕਰਦੇ।”
“ਇਸ ਲਈ ਜੇਕਰ ਤੁਸੀਂ ਸਿਰਫ਼ ਖੂਨ ਦਾ ਅਧਿਐਨ ਕਰਦੇ ਹੋ, ਤਾਂ ਤੁਹਾਨੂੰ ਸਿਰਫ਼ ਅੱਧੀ ਤਸਵੀਰ ਮਿਲਦੀ ਹੈ। ਲਿਪਿਡ ਕੋਲੇ ਦੀ ਖਾਨ ਵਿੱਚ ਕਿਸੇ ਹੀਰੇ ਵਾਂਗ ਹੈ। ਉਹ ਸਭ ਤੋਂ ਪਹਿਲਾਂ ਬਦਲਣਾ ਸ਼ੁਰੂ ਕਰਦੇ ਹਨ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI