Source :- BBC PUNJABI

ਤਸਵੀਰ ਸਰੋਤ, Getty Images
3 ਮਿੰਟ ਪਹਿਲਾਂ
ਕੈਨੇਡਾ ਵਿੱਚ ਆਮ ਚੋਣਾਂ 28 ਅਪ੍ਰੈਲ ਨੂੰ ਹੋਣ ਜਾ ਰਹੀਆਂ ਹਨ।
ਇਨ੍ਹਾਂ ਚੋਣਾਂ ਦੇ ਐਲਾਨ ਅਤੇ ਸਾਬਕਾ ਪੀਐੱਮ ਜਸਟਿਨ ਟਰੂਡੋ ਦੇ ਅਸਤੀਫ਼ੇ ਤੋਂ ਪਹਿਲਾਂ ਨਿਘਾਰ ਵਿੱਚ ਨਜ਼ਰ ਆ ਰਹੀ ਲਿਬਰਲ ਪਾਰਟੀ ਦੀ ਸਥਿਤੀ ਵਿੱਚ ਹੁਣ ਹੈਰਾਨੀਜਨਕ ਸੁਧਾਰ ਹੋਇਆ ਹੈ।
ਕੈਨੇਡਾ ਦੀ ਸੀਬੀਸੀ ਨਿਊਜ਼ ਦੇ ਮੁਤਾਬਕ ਪੋਲਜ਼ ‘ਚ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ, ਪੀਏਰ ਪੋਲੀਏਵ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਤੋਂ ਕਈ ਅੰਕਾਂ ਨਾਲ ਅੱਗੇ ਲੰਘ ਚੁੱਕੀ ਹੈ।
ਕੈਨੇਡੀਆਈ ਮੀਡੀਆ ਵਿੱਚ ਪੀਏਰ ਪੋਲੀਏਵ ਦੀਆਂ ਵੱਡੀਆਂ ਸਿਆਸੀ ਰੈਲੀਆਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਕੈਨੇਡਾ ਦੀਆਂ ਚੋਣਾਂ ਵਿੱਚ ਕਿਹੜੇ ਪੰਜਾਬੀ ਤੇ ਭਾਰਤੀ ਮੂਲ ਦੇ ਚਿਹਰਿਆਂ ‘ਤੇ ਹੋਵੇਗੀ ਨਜ਼ਰ?

ਇਸ ਦੇ ਨਾਲ ਹੀ ਇਨ੍ਹਾਂ ਰੈਲੀਆਂ ਦਾ ਪੋਲਜ਼ ਅੰਕੜਿਆਂ ਵਿੱਚ ਨਾ ਤਬਦੀਲ ਹੋਣਾ ਵੀ ਓਨੀ ਹੀ ਚਰਚਾ ਵਿੱਚ ਹੈ।
ਕੰਜ਼ਰਵੇਟਿਵ ਸਰਕਾਰ ਵੇਲੇ ਕੈਨੇਡਾ ਦੇ ਪੀਐੱਮ ਰਹੇ ਸਟੀਫਨ ਹਾਰਪਰ ਵੀ ਪੀਏਰ ਦੇ ਸਮਰਥਨ ਵਿੱਚ ਆ ਚੁੱਕੇ ਹਨ।
ਮਾਰਕ ਅਤੇ ਪੋਲੀਏਵ ਸਣੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਜਗਮੀਤ ਸਿੰਘ ਵੀ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਹਨ, ਪਰ ਪੋਲਜ਼ ਉਨ੍ਹਾਂ ਦੇ ਪੱਖ ਵਿੱਚ ਨਹੀਂ ਹਨ। ਕਿਊਬੈਕ ਅਧਾਰਤ ਬਲੌਕ ਕੁਇਬੁਕਿਆ ਵੀ ਦੋੜ੍ਹ ਵਿੱਚ ਸ਼ਾਮਲ ਹਨ।
ਕੈਨੇਡਾ ਦੀਆਂ ਚੋਣਾਂ ਦੇ ਮੁੱਖ ਪੰਜਾਬੀ ਚਿਹਰੇ, ਚੋਣਾਂ ਦੇ ਮੁੱਖ ਮੁੱਦੇ ਕੀ ਹਨ, ਚੋਣ ਪ੍ਰਕਿਰਿਆ ਸਣੇ ਹੋਰ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਰਿਪੋਰਟ ਵਿੱਚ ਦੇਵਾਂਗੇ।

ਤਸਵੀਰ ਸਰੋਤ, Getty Images
ਜਗਮੀਤ ਸਿੰਘ
ਪੰਜਾਬੀ ਮੂਲ ਦੇ ਸਭ ਤੋਂ ਚਰਚਿਤ ਉਮੀਦਵਾਰ ਜਗਮੀਤ ਸਿੰਘ ਬਰਨਬੀ ਸੈਂਟਰ ਤੋਂ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਹਨ।
ਵੱਖ-ਵੱਖ ਪੋਲਜ਼ ਵਿੱਚ ਉਨ੍ਹਾਂ ਨੂੰ ਲਿਬਰਲ ਪਾਰਟੀ ਦੇ ਉਮੀਦਵਾਰ ਤੋਂ ਪਿੱਛੇ ਵਿਖਾਇਆ ਜਾ ਰਿਹਾ ਹੈ।
ਸੀਬੀਸੀ ਦੀ ਰਿਪੋਰਟ ਦੇ ਮੁਤਾਬਕ ਨਿਊ ਡੈਮੋਕ੍ਰੈਟਿਕ ਪਾਰਟੀ ਨੂੰ ਆਗਾਮੀ ਚੋਣਾਂ ਵਿੱਚ ਪਾਰਟੀ ਦੀਆਂ ਉਮੀਦਾਂ ਤੋਂ ਕਾਫੀ ਘੱਟ ਸੀਟਾਂ ਮਿਲਣ ਦੀ ਸੰਭਾਵਨਾ ਹੈ।
ਜਗਮੀਤ ਸਿੰਘ ਤਿੰਨ ਵਾਰ ਐੱਮਪੀ ਦੀ ਚੋਣ ਜਿੱਤ ਚੁੱਕੇ ਹਨ, ਇਸ ਵਾਰ ਦੀਆਂ ਚੋਣਾਂ ਉਨ੍ਹਾਂ ਲਈ ਫ਼ੈਸਲਾਕੁੰਨ ਹੋਣਗੀਆਂ।
ਜਗਮੀਤ ਸਿੰਘ ਜਿਸ ਹਲਕੇ ਤੋਂ ਪਿਛਲੀਆਂ ਚੋਣਾਂ ਜਿੱਤੇ ਸਨ, ਉਹ ਹਲਕਾ ਭੰਗ ਹੋ ਚੁੱਕਾ ਹੈ ਤੇ ਹੁਣ ਉਹ ਬਰਨਬੀ ਸੈਂਟਰ ਤੋਂ ਚੋਣ ਲੜ ਰਹੇ ਹਨ।
ਜਗਮੀਤ ਸਿੰਘ ਸਾਲ 2017 ਤੋਂ ਐੱਨਡੀਪੀ ਦੇ ਆਗੂ ਹਨ।
ਜਗਮੀਤ ਸਿੰਘ ਕੈਨੇਡਾ ਵਿੱਚ ਫੈਡਰਲ ਪਾਰਟੀ ਦੇ ਮੁਖੀ ਬਣਨ ਵਾਲੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਪਹਿਲੇ ਸਿਆਸਤਦਾਨ ਹਨ।

ਤਸਵੀਰ ਸਰੋਤ, Getty Images
ਟਿਮ ਉੱਪਲ
ਐਡਮੰਟਨ ਮਿੱਲ ਵੁੱਡਸ ਤੋਂ ਐੱਮਪੀ ਟਿਮ ਉੱਪਲ ਵੀ ਕੈਨੇਡਾ ਵਿੱਚ ਪੰਜਾਬੀ ਮੂਲ ਦੇ ਚਰਚਿਤ ਆਗੂਆਂ ਵਿੱਚੋਂ ਇੱਕ ਹਨ।
ਉਹ ਇਸ ਵੇਲੇ ਕੰਜ਼ਰਵੇਟਿਵ ਪਾਰਟੀ ਦੇ ਡਿਪਟੀ ਲੀਡਰ ਹਨ।
ਉਨ੍ਹਾਂ ਦੀ ਵੈੱਬਸਾਈਟ ਦੇ ਮੁਤਾਬਕ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ‘ਰੈਜ਼ੀਡੈਂਸ਼ੀਅਲ ਮੌਰਟਗੇਜ ਮੈਨੇਜਰ’ ਵਜੋਂ ਕੰਮ ਕਰਦੇ ਸਨ। ਉਹ ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਸਲਾਹਕਾਰ ਵੀ ਰਹਿ ਚੁੱਕੇ ਹਨ।
ਉਨ੍ਹਾਂ ਨੇ ਆਈਵੀ ਸਕੂਲ ਆਫ ਬਿਜ਼ਨਸ ਤੋਂ ਐੱਮਬੀਏ ਦੀ ਡਿਗਰੀ ਕੀਤੀ ਹੋਈ ਹੈ।

ਤਸਵੀਰ ਸਰੋਤ, Getty Images
ਸੁੱਖ ਧਾਲੀਵਾਲ
ਸੁੱਖ ਧਾਲੀਵਾਲ ਬ੍ਰਿਟਿਸ਼ ਕੋਲੰਬੀਆ ਦੀ ਸਰੀ-ਨਿਊਟਨ ਸੀਟ ਤੋਂ ਲਿਬਰਲ ਪਾਰਟੀ ਦੇ ਐੱਮਪੀ ਹਨ।
ਉਹ ਸਾਲ 2015 ਤੋਂ ਐੱਮਪੀ ਦੀ ਚੋਣ ਜਿੱਤਦੇ ਆ ਰਹੇ ਹਨ। ਇਸ ਤੋਂ ਪਹਿਲਾਂ ਉਹ ਨਿਊਟਨ-ਨੌਰਥ ਡੈਲਟਾ ਤੋਂ ਸਾਲ 2006 ਤੋਂ 2011 ਤੱਕ ਐੱਮਪੀ ਰਹਿ ਚੁੱਕੇ ਹਨ।
ਉਹ ਇੱਕ ਪੇਸ਼ੇਵਰ ਇੰਜੀਨੀਅਰ ਵਜੋਂ ਵੀ ਕੰਮ ਕਰਦੇ ਰਹੇ ਹਨ। ਉਹ ਆਪਣੇ ਹਲਕੇ ਵਿੱਚ ਪੰਜਾਬੀ ਭਾਈਚਾਰੇ ਦੇ ਇਕੱਠਾਂ ਵਿੱਚ ਅਕਸਰ ਨਜ਼ਰ ਆਉਂਦੇ ਹਨ।

ਤਸਵੀਰ ਸਰੋਤ, Getty Images
ਕਮਲ ਖਹਿਰਾ
ਬਰੈਂਪਟਨ ਵੈੱਸਟ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਕਮਲ ਖਹਿਰਾ ਨੂੰ ਮਾਰਕ ਕਾਰਨੀ ਵੱਲੋਂ ਸਿਹਤ ਮੰਤਰੀ ਬਣਾਇਆ ਗਿਆ ਹੈ।
ਕਮਲ ਖਹਿਰਾ ਪਹਿਲੀ ਵਾਰ 2015 ਵਿੱਚ ਸੰਸਦ ਮੈਂਬਰ ਚੁਣੇ ਗਏ ਸਨ।
ਉਹ ਪਹਿਲਾਂ ਮਿਨੀਸਟਰ ਆਫ਼ ਸੀਨੀਅਰਜ਼, ਅੰਤਰਰਾਸ਼ਟਰੀ ਵਿਕਾਸ ਮੰਤਰੀ ਦੇ ਸੰਸਦੀ ਸਕੱਤਰ, ਰਾਸ਼ਟਰੀ ਮਾਲ ਮੰਤਰੀ ਦੇ ਸੰਸਦੀ ਸਕੱਤਰ ਅਤੇ ਸਿਹਤ ਮੰਤਰੀ ਦੇ ਸੰਸਦੀ ਸਕੱਤਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ।
ਸੀਬੀਸੀ ਦੀ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਵਿੱਚ ਉਹ ਸਭ ਤੋਂ ਛੋਟੀ ਉਮਰ ਦੇ ਮੈਂਬਰ ਸਨ ਅਤੇ ਉਨ੍ਹਾਂ ਨੂੰ ਸੀਨੀਅਰ ਮੰਤਰੀ ਵਜੋਂ ਕੈਨੇਡਾ ਦੀ ਬਜ਼ੁਰਗ ਆਬਾਦੀ ਦੀ ਦੇਖਭਾਲ ਕਰਨ ਦਾ ਕੰਮ ਸੌਂਪਿਆ ਗਿਆ ਸੀ।
ਮਾਰਚ, 2020 ਵਿੱਚ ਕੋਵਿਡ ਮਹਾਂਮਾਰੀ ਦੌਰਾਨ ਬਰੈਂਪਟਨ ਵੈਸਟ ਤੋਂ ਜਿਹੜੇ ਲਿਬਰਲ ਸੰਸਦ ਮੈਂਬਰ ਮਹਾਂਮਾਰੀ ਦੀ ਜਕੜ ਵਿੱਚ ਆਏ ਉਨ੍ਹਾਂ ਵਿੱਚ ਕਮਲ ਇੱਕ ਸਨ।
ਸੀਬੀਸੀ ਦੀ ਰਿਪੋਰਟ ਮੁਤਾਬਕ ਉਸੇ ਸਾਲ ਉਨ੍ਹਾਂ ਦੇ ਪਿਤਾ ਅਤੇ ਚਾਚੇ ਦੀ ਕੁਝ ਹਫ਼ਤਿਆਂ ਦੇ ਅੰਦਰ-ਅੰਦਰ ਮੌਤ ਹੋ ਗਈ।
ਇਸ ਮਗਰੋਂ ਇੱਕ ਰਜਿਸਟਰਡ ਨਰਸ ਦੇ ਤੌਰ ‘ਤੇ, ਖਹਿਰਾ ਨੇ ਆਪਣੀਆਂ ਫਰੰਟ ਲਾਈਨ ‘ਤੇ ਆਪਣੀਆਂ ਸੇਵਾਵਾਂ ਦੇਣ ਦਾ ਫ਼ੈਸਲਾ ਲਿਆ ਸੀ।

ਤਸਵੀਰ ਸਰੋਤ, Getty Images
ਰਣਦੀਪ ਸਿੰਘ ਸਰਾਏ, ਸੋਨੀਆ ਸਿੱਧੂ ਅਤੇ ਰੂਬੀ ਸਹੋਤਾ
ਰਣਦੀਪ ਸਿੰਘ ਸਰਾਏ ਸਰੀ ਸੈਂਟਰ ਹਲਕੇ ਤੋਂ 2015 ਤੋਂ ਐੱਮਪੀ ਹਨ।
ਉਨ੍ਹਾਂ ਦੇ ਪਰਿਵਾਰ ਨੇ ਜਲੰਧਰ ਤੋਂ ਕੈਨੇਡਾ ਪਰਵਾਸ ਕੀਤਾ ਸੀ।
ਰਣਦੀਪ ਸਰਾਏ ਪੇਸ਼ੇ ਵਜੋਂ ਵਕੀਲ ਵੀ ਰਹੇ ਹਨ। ਉਨ੍ਹਾਂ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਬੈਚਲਰਜ਼ ਅਤੇ ਕੁਈਨਜ਼ ਯੂਨੀਵਰਸਿਟੀ ਤੋਂ ਐੱਲਐੱਲਬੀ ਦੀ ਡਿਗਰੀ ਕੀਤੀ ਹੈ।
ਇਸ ਤੋਂ ਇਲਾਵਾ ਬਰੈਂਪਟਨ ਸਾਊਥ ਤੋਂ ਉਮੀਦਵਾਰ ਸੋਨੀਆ ਸਿੱਧੂ ਅਤੇ ਬਰੈਂਪਟਨ ਨੌਰਥ ਤੋਂ ਉਮੀਦਵਾਰ ਰੂਬੀ ਸਹੋਤਾ ਵੀ ਮੁੱਖ ਪੰਜਾਬੀ ਉਮੀਦਵਾਰਾਂ ਵਿੱਚੋ ਇੱਕ ਹਨ।
ਕੈਨੇਡੀਆਈ ਚੋਣਾਂ ਵਿੱਚ ਮੁੱਖ ਮੁੱਦੇ ਕੀ ਹੋਣਗੇ?
1. ਡੌਨਲਡ ਟਰੰਪ ਦੇ ਕੈਨੇਡਾ ਪ੍ਰਤੀ ਰੁਖ਼ ਦਾ ਕੀ ਅਸਰ?
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਕੈਨੇਡਾ ਪ੍ਰਤੀ ਹਮਲਾਵਰ ਰੁਖ਼ ਤੋਂ ਬਾਅਦ ਸਰਕਾਰ ਨਵੇਂ ਸ਼ੁਰੂ ਹੋਏ ‘ਵਪਾਰ ਯੁੱਧ’ ਨਾਲ ਕਿਵੇਂ ਨਜਿੱਠੇਗੀ ਇਹ ਵੀ ਕੈਨੇਡਾ ਦੇ ਮੁੱਖ ਚੋਣ ਮੁੱਦਿਆਂ ਵਿੱਚ ਸ਼ਾਮਲ ਹੋ ਗਿਆ ਹੈ।
ਟਰੰਪ ਵੱਲੋਂ ਕੈਨੇਡੀਆਈ ਵਸਤਾਂ ਉੱਤੇ ਟੈਰਿਫ਼ ਲਾਉਣ ਦੀ ਧਮਕੀ ਦਿੱਤੀ ਗਈ, ਹਾਲਾਂਕਿ ਉਨ੍ਹਾਂ ਵੱਲੋਂ ਟੈਰਿਫ਼ ‘ਤੇ 90 ਦਿਨਾਂ ਦੀ ਰੋਕ ਲਾਉਣ ਦਾ ਐਲਾਨ ਕੀਤਾ ਗਿਆ ਹੈ।
ਅਮਰੀਕੀ ਰਾਸ਼ਟਰਪਤੀ ਵੱਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਕਹੇ ਜਾਣ ਉੱਤੇ ਕੈਨੇਡੀਆਈ ਸਿਆਸਤਦਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ।
ਮਾਰਕ ਕਾਰਨੀ ਨੇ ਪੀਐੱਮ ਬਣਨ ਮਗਰੋਂ ਕਿਹਾ ਕਿ ‘ਅਮਰੀਕਾ ਨਾਲ ਪੁਰਾਣਾ ਰਿਸ਼ਤਾ ਖ਼ਤਮ ਹੋ ਚੁੱਕਾ ਹੈ’ ਇਸ ਦੇ ਨਾਲ ਹੀ ਉਨ੍ਹਾਂ ਕਿਹਾ, ‘ਅਮਰੀਕੀ ਸਾਡੀ (ਕੈਨੇਡਾ) ਦੀ ਜੀਵਨ ਜਾਚ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਹਨ’।
ਪੀਏਰ ਪੋਲੀਏਵ ਅਤੇ ਮਾਰਕ ਕਾਰਨੀ ਦੋਵੇਂ ਇਹ ਦਾਅਵਾ ਕਰ ਰਹੇ ਹਨ ਕਿ ਉਹ ਟਰੰਪ ਕਰਕੇ ਖੜ੍ਹੇ ਹੋਏ ਖ਼ਤਰੇ ਨਾਲ ਵਧੇਰੇ ਬਿਹਤਰ ਤਰੀਕੇ ਨਾਲ ਨਜਿੱਠ ਸਕਦੇ ਹਨ।

2. ਘਰਾਂ ਦੀ ਘਾਟ, ਮਹਿੰਗਾਈ ਅਤੇ ਪਰਵਾਸ
ਕੈਨੇਡੀਅਨਾਂ ਦੀਆਂ ਮੁੱਖ ਘਰੇਲੂ ਚਿੰਤਾਵਾਂ- ਕਿਫਾਇਤੀ ਰਿਹਾਇਸ਼, ਸਿਹਤ ਸੰਭਾਲ- ਹਾਲ ਹੀ ਦੇ ਸਾਲਾਂ ਵਿੱਚ ਘਟੀਆਂ ਨਹੀਂ ਹਨ।
ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਕੈਨੇਡੀਆਈ ਵਪਾਰਾਂ ਉੱਤੇ ਖ਼ਤਰੇ, ਬੇਰੁਜ਼ਗਾਰੀ ਅਤੇ ਪਰਵਾਸੀਆਂ ਦੀ ਵੱਧਦੀ ਆਮਦ ਦੇ ਮੁੱਦਿਆਂ ਉੱਤੇ ਵਿਰੋਧੀ ਪਾਰਟੀਆਂ ਵੱਲੋਂ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ ਗਿਆ ਸੀ।
ਪਰ ਅਬਾਕਸ ਡੇਟਾ ਦੇ ਸੀਈਓ, ਪੋਲਸਟਰ ਡੇਵਿਡ ਕੋਲੇਟੋ ਨੇ ਦੱਸਿਆ ਸੀ ਕਿ ਕਿ ਇਹ ਚਿੰਤਾਵਾਂ ਅਮਰੀਕਾ ਨਾਲ ਵਪਾਰ ਯੁੱਧ ਦੇ “ਮੌਜੂਦਾ ਖ਼ਤਰੇ” ਹੇਠਾਂ ਦਬ ਗਈਆਂ ਹਨ।
ਉਨ੍ਹਾਂ ਕਿਹਾ ਸੀ, “ਭਾਵੇਂ ਰਹਿਣ-ਸਹਿਣ ਦੀ ਲਾਗਤ ਅਜੇ ਵੀ ਸਭ ਤੋਂ ਵੱਡਾ ਮੁੱਦਾ ਹੈ, ਪਰ ਇਹ ਇੰਨਾ ਵੱਡਾ ਮੁੱਦਾ ਵੀ ਨਹੀਂ ਹੈ ਕਿ ਇਸ ਕਰਕੇ ‘ਵਪਾਰ ਯੁੱਧ’ ਦੇ ਖ਼ਤਰੇ ਨੂੰ ਭੁੱਲਿਆ ਜਾਵੇ।”
ਇਸ ਲਈ ਪਾਰਟੀਆਂ ਅੱਗੇ ਇਹ ਚੁਣੌਤੀ ਹੋਵੇਗੀ ਕਿ ਉਹ ਇਨ੍ਹਾਂ ਚਿੰਤਾਵਾਂ ਨੂੰ ਹੱਲ ਕਰਨ ਲਈ ਠੋਸ ਨੀਤੀਆਂ ਬਣਾਉਣ ਪਰ ਇਹ ਸਭ ਉਨ੍ਹਾਂ ਨੂੰ ਵਿਆਪਕ ਆਰਥਿਕ ਖ਼ਤਰੇ ਦੇ ਸੰਦਰਭ ਵਿੱਚ ਹੀ ਤਿਆਰ ਕਰਨਾ ਪਵੇਗਾ।
ਇਸਦੇ ਨਾਲ ਹੀ ਕੈਨੇਡੀਆਈ ਸਰਕਾਰ ਵੱਲੋਂ ਬੀਤੇ ਮਹੀਨਿਆਂ ਦੌਰਾਨ ਆਪਣੇ ਪੀਆਰ, ਸਟਡੀ ਪਰਮਿਟ ਅਤੇ ਵਰਕ ਪਰਮਿਟ ਦੇ ਟੀਚਿਆਂ ਨੂੰ ਵੱਡੇ ਪੱਧਰ ਉੱਤੇ ਘਟਾਇਆ ਗਿਆ ਹੈ ਅਤੇ ਨਿਯਮ ਵੀ ਸਖ਼ਤ ਕੀਤੇ ਗਏ ਹਨ।

ਤਸਵੀਰ ਸਰੋਤ, Getty Images
ਕੈਨੇਡੀਆਈ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਮੁੱਦਾ ਕਿੰਨਾ ਗੰਭੀਰ?
ਹਾਲ ਹੀ ਵਿੱਚ ਉੱਚ ਸੁਰੱਖਿਆ ਕਲੀਅਰੈਂਸ ਵਾਲੇ ਇੱਕ ਸਰੋਤ ਦਾ ਹਵਾਲਾ ਦਿੰਦੇ ਹੋਏ ਕੈਨੇਡਾ ਦੇ ਗਲੋਬ ਐਂਡ ਮੇਲ ਅਖਬਾਰ ਨੇ ਇਲਜ਼ਾਮ ਲਗਾਏ ਸਨ ਕਿ ਭਾਰਤੀ ਏਜੰਟਾਂ ਵੱਲੋਂ 2022 ਵਿੱਚ ਪਾਰਟੀ ਦੇ ਲੀਡਰਸ਼ਿਪ ਚੋਣਾਂ ਸਮੇਂ ਪੀਏਰ ਪੋਲੀਏਵ ਲਈ ਕੈਨੇਡਾ ਦੇ ਏਸ਼ੀਆਈ ਭਾਈਚਾਰੇ ਦੇ ਕੋਲੋਂ ਫੰਡ ਇਕੱਠਾ ਕੀਤਾ ਗਿਆ ਸੀ ਅਤੇ ਲੋਕਾਂ ਨੂੰ ਸੰਗਠਿਤ ਕਰਨ ਵਿੱਚ ਭੂਮਿਕਾ ਅਦਾ ਕੀਤੀ ਗਈ ਸੀ।
ਹਾਲਾਂਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਪੀਏਰ ਪੋਲੀਏਵ ਜਾਂ ਉਨ੍ਹਾਂ ਦੀ ਟੀਮ ਕਥਿਤ ਦਖਲਅੰਦਾਜ਼ੀ ਬਾਰੇ ਪਹਿਲਾਂ ਹੀ ਜਾਣੂ ਸੀ।
ਇਸ ਮਗਰੋਂ ਭਾਰਤ ਦੀ ਕਥਿਤ ਦਖ਼ਲਅੰਦਾਜ਼ੀ ਦੇ ਇਲਜ਼ਾਮਾਂ ਦੀ ਚਰਚਾ ਵੱਡੇ ਪੱਧਰ ਉੱਤੇ ਹੋਈ ਸੀ।
ਕੈਨੇਡਾ ਦੀਆਂ ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਹਾਲ ਹੀ ਦੇ ਸਾਲਾਂ ਵਿੱਚ ਵੱਡਾ ਮੁੱਦਾ ਰਹੀ ਹੈ ਅਤੇ ਇਸ ਮੁੱਦੇ ਦੀ ਜਾਂਚ ਲਈ ਪਿਛਲੇ ਸਾਲ ਇੱਕ ਜਨਤਕ ਜਾਂਚ ਸ਼ੁਰੂ ਕੀਤੀ ਗਈ ਸੀ।
ਵਿਦੇਸ਼ੀ ਦਖ਼ਲਅੰਦਾਜ਼ੀ ਜਾਂਚ ਮੁਤਾਬਕ ਚੀਨ ਅਤੇ ਭਾਰਤ ਨੇ ਕੈਨੇਡਾ ਦੀਆਂ ਪਿਛਲੀਆਂ ਦੋ ਚੋਣਾਂ ਵਿੱਚ ਦਖ਼ਲਅੰਦਾਜ਼ੀ ਦੀ ਕੋਸ਼ਿਸ਼ ਕੀਤੀ ਸੀ।
ਜਾਂਚ ਰਿਪੋਰਟ ਵਿੱਚ ਕਿਹਾ ਗਿਆ ਕਿ ਵਿਦੇਸ਼ੀ ਦਖ਼ਲਅੰਦਾਜ਼ੀ ਦੀਆਂ ਕੋਸ਼ਿਸ਼ਾਂ ਪ੍ਰੇਸ਼ਾਨ ਕਰਨ ਵਾਲੀਆਂ ਹਨ ਅਤੇ ਹਾਲਾਂਕਿ ਇਸ ਦਾ ਪ੍ਰਭਾਵ ਘੱਟੋ-ਘੱਟ ਸੀ ਪਰ ਰਿਪੋਰਟ ਨੇ ਚੇਤਾਵਨੀ ਦਿੱਤੀ ਸੀ ਕਿ ਗਲਤ ਜਾਣਕਾਰੀ ਦੇਸ਼ ਦੇ ਲੋਕਤੰਤਰ ਲਈ ਖ਼ਤਰਾ ਪੈਦਾ ਕਰਦੀ ਹੈ।
ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਕੌਣ ਹਨ?
ਪੋਲਜ਼ ਦੇ ਅੰਕੜਿਆਂ ਮੁਤਾਬਕ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਲਈ ਮੁਕਾਬਲਾ ਮਾਰਕ ਕਾਰਨੀ ਅਤੇ ਪੀਏਰ ਪੋਲੀਏਵ ਵਿਚਕਾਰ ਹੋਵੇਗਾ।
ਜਾਣਦੇ ਹਾਂ ਇਨ੍ਹਾਂ ਦੋਵਾਂ ਦੇ ਪਿਛੋਕੜ ਬਾਰੇ –

ਤਸਵੀਰ ਸਰੋਤ, Getty Images
ਮਾਰਕ ਕਾਰਨੀ ਕੌਣ ਹਨ?
ਕਾਰਨੀ ਦਾ ਜਨਮ ਉੱਤਰ-ਪੱਛਮੀ ਟੈਰੀਟਰੀਜ਼ ਦੇ ਦੂਰ-ਦੁਰਾਡੇ ਉੱਤਰੀ ਸ਼ਹਿਰ ਫੋਰਟ ਸਮਿੱਟ ਵਿੱਚ ਹੋਇਆ ਸੀ।
ਹਾਲਾਂਕਿ, ਉਨ੍ਹਾਂ ਨੇ ਨਿਊਯਾਰਕ, ਲੰਡਨ ਅਤੇ ਟੋਕੀਓ ਵਰਗੀਆਂ ਥਾਵਾਂ ‘ਤੇ ਗੋਲਡਮੈਨ ਸੈਕਸ ਲਈ ਕੰਮ ਕਰਦੇ ਹੋਏ ਦੁਨੀਆਂ ਭਰ ਦੀ ਯਾਤਰਾ ਕੀਤੀ ਹੈ।
ਉਨ੍ਹਾਂ ਦੇ ਪਿਤਾ ਇੱਕ ਹਾਈ ਸਕੂਲ ਦੇ ਪ੍ਰਿੰਸੀਪਲ ਸਨ ਅਤੇ ਕਾਰਨੀ ਆਪ ਸਕਾਲਰਸ਼ਿਪ ‘ਤੇ ਹਾਰਵਰਡ ਯੂਨੀਵਰਸਿਟੀ ਪੜ੍ਹਨ ਗਏ ਸਨ ਜਿੱਥੇ ਉਨ੍ਹਾਂ ਨੇ ਆਈਸ ਹਾਕੀ ਵੀ ਖੇਡੀ।
ਸਾਲ 1995 ਵਿੱਚ ਉਨ੍ਹਾਂ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਵਿੱਚ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ।
2003 ਵਿੱਚ, ਉਨ੍ਹਾਂ ਨੇ ਬੈਂਕ ਆਫ਼ ਕੈਨੇਡਾ ਵਿੱਚ ਡਿਪਟੀ ਗਵਰਨਰ ਵਜੋਂ ਸ਼ਾਮਲ ਹੋਣ ਲਈ ਨਿੱਜੀ ਖੇਤਰ ਛੱਡ ਦਿੱਤਾ ਅਤੇ ਫਿਰ ਵਿੱਤ ਵਿਭਾਗ ਵਿੱਚ ਇੱਕ ਸੀਨੀਅਰ ਐਸੋਸੀਏਟ ਡਿਪਟੀ ਮੰਤਰੀ ਵਜੋਂ ਕੰਮ ਕੀਤਾ।
ਮਾਰਕ ਕਾਰਨੀ ਬੈਂਕ ਆਫ਼ ਇੰਗਲੈਂਡ ਦੇ ਸਾਬਕਾ ਮੁਖੀ ਹਨ।
ਮਾਰਕ ਕਾਰਨੀ 2013 ਵਿੱਚ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਬਣੇ ਸਨ ਅਤੇ ਇਸ ਦੇ 300 ਸਾਲ ਤੋਂ ਵੱਧ ਦੇ ਇਤਿਹਾਸ ਵਿੱਚ ਉਹ ਪਹਿਲੇ ਗੈਰ-ਬ੍ਰਿਟਿਸ਼ ਵਿਅਕਤੀ ਸਨ ਜਿਸ ਨੇ ਇਹ ਅਹੁਦਾ ਸੰਭਾਲਿਆ ਸੀ।

ਤਸਵੀਰ ਸਰੋਤ, Getty Images
ਪੀਏਰ ਪੋਲੀਏਵ ਕੌਣ ਹਨ?
45 ਸਾਲਾ ਪੀਏਰ ਪੋਲੀਏਵ ਦਾ ਜਨਮ ਕੈਨੇਡਾ ਦੇ ਪੱਛਮੀ ਸੂਬੇ ਅਲਬਰਟਾ ਵਿੱਚ ਹੋਇਆ ਸੀ। ਉਨ੍ਹਾਂ ਦੇ ਜਨਮ ਵੇਲੇ ਉਨ੍ਹਾਂ ਦੀ ਮਾਂ ਦੀ ਉਮਰ 16 ਸਾਲਾਂ ਦੀ ਸੀ।
ਉਨ੍ਹਾਂ ਨੂੰ ਦੋ ਸਕੂਲ ਟੀਚਰਾਂ ਵੱਲੋਂ ਗੋਦ ਲੈ ਲਿਆ ਗਿਆ ਸੀ ਤੇ ਉਹ ਕੈਲਗਰੀ ਵਿੱਚ ਵੱਡੇ ਹੋਏ ਸਨ।
ਉਨ੍ਹਾਂ ਨੇ ਬਚਪਨ ਤੋਂ ਹੀ ਸਿਆਸਤ ਵਿੱਚ ਦਿਲਸਚਪੀ ਵਿਖਾਉਣੀ ਸ਼ੁਰੂ ਕਰ ਦਿੱਤੀ ਸੀ। ਉਹ ਯੂਨੀਵਰਸਿਟੀ ਆਫ ਕੈਲਗਰੀ ਵਿੱਚ ‘ਇੰਟਰਨੈਸ਼ਨਲ ਰਿਲੇਸ਼ਨਜ਼’ ਦੀ ਪੜ੍ਹਾਈ ਕਰ ਰਹੇ ਸਨ ਜਦੋਂ ਉਹ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਸਟੌਕਵੈੱਲ ਡੇਅ ਨੂੰ ਮਿਲੇ।
ਉਨ੍ਹਾਂ ਨੇ ਪੋਲੀਏਵ ਨੂੰ ਕੈਂਪਸ ਆਊਟਰੀਚ ਵਿੱਚ ਮਦਦ ਕਰਨ ਲਈ ਕਿਹਾ।
ਉਹ ਸਫ਼ਲ ਰਹੇ ਅਤੇ ਪੋਲੀਏਵ ਉਨ੍ਹਾਂ ਦੇ ਅਸਿਸਟੈਂਟ ਵਜੋਂ ਓਟਵਾ ਪਹੁੰਚੇ। 25 ਸਾਲ ਦੀ ਉਮਰ ਵਿੱਚ ਪੋਲੀਏਵ ਨੇ ਐੱਮਪੀ ਦੀ ਚੋਣ ਜਿੱਤੀ।ਉਹ ਆਪਣੀ ਸੀਟ ਤੋਂ ਹੁਣ ਤੱਕ ਜਿੱਤਦੇ ਆ ਰਹੇ ਹਨ।
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

source : BBC PUNJABI