Source :- BBC PUNJABI
ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਨਵੇਂ ਸਾਲ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਡੇਗਣ ਲਈ ਬੇਭਰੋਸਗੀ ਮਤਾ ਪੇਸ਼ ਕਰਨਗੇ।
ਐਨਡੀਪੀ ਨੇਤਾ ਜਗਮੀਤ ਸਿੰਘ ਦੀ ਨੀਤੀ ਦਾ ਇਹ ਨਵਾਂ ਮੌੜ ਹੈ। ਐਨਡੀਪੀ ਉਹ ਪਾਰਟੀ ਹੈ ਜਿਸ ਨੇ ਸਾਂਝੀਆਂ ਰਾਜਨੀਤਿਕ ਤਰਜੀਹਾਂ ‘ਤੇ ਸਮਰਥਨ ਦੇ ਬਦਲੇ ਟਰੂਡੋ ਦੀ ਘੱਟ ਗਿਣਤੀ ਸਰਕਾਰ ਨੂੰ ਸਮਰਥਨ ਦਿੱਤਾ ਸੀ।
ਤਿੰਨ ਮੁੱਖ ਵਿਰੋਧੀ ਪਾਰਟੀਆਂ ਵਿੱਚੋਂ ਅਜਿਹਾ ਕਦਮ ਚੁੱਕਣ ਵਾਲੀ ਐਨਡੀਪੀ ਆਖਰੀ ਪਾਰਟੀ ਹੈ, ਭਾਵ ਪ੍ਰਧਾਨ ਮੰਤਰੀ ਟਰੂਡੋ ਦੀ ਹੁਣ ਅਵਿਸ਼ਵਾਸ ਮਤੇ ਤੋਂ ਬਚਣ ਦੀ ਸੰਭਾਵਨਾ ਨਹੀਂ ਹੈ।
ਜਗਮੀਤ ਸਿੰਘ ਦੀ ਇਹ ਘੋਸ਼ਣਾ ਟਰੂਡੋ ਲਈ ਇੱਕ ਮੁਸ਼ਕਲ ਹਫ਼ਤੇ ਦੇ ਅੰਤ ਵਿੱਚ ਆਈ ਹੈ।
ਹਫਤੇ ਦੀ ਸ਼ੁਰੁਆਤ ‘ਚ ਪਾਰਟੀ ਦੇ ਸਭ ਤੋਂ ਸੀਨੀਅਰ ਕੈਬਨਿਟ ਮੰਤਰੀ ਵੱਲੋਂ ਦਿੱਤੇ ਗਏ ਅਸਤੀਫੇ ਤੋਂ ਬਾਅਦ, ਟਰੂਡੋ ਆਪਣੀ ਹੀ ਲਿਬਰਲ ਪਾਰਟੀ ਤੋਂ ਅਸਤੀਫ਼ੇ ਦੇਣ ਦੀਆਂ ਵੱਧ ਰਹੀਆਂ ਮੰਗਾ ਦਾ ਸਾਹਮਣਾ ਕਰ ਰਹੇ ਹਨ।
ਐਕਸ ‘ਤੇ ਪੋਸਟ ਕੀਤੇ ਗਏ ਇੱਕ ਪੱਤਰ ਵਿੱਚ, ਸਿੰਘ ਨੇ ਕਿਹਾ, “ਲਿਬਰਲਸ ਇੱਕ ਹੋਰ ਮੌਕੇ ਦੇ ਹੱਕਦਾਰ ਨਹੀਂ ਹਨ।”
ਉਨ੍ਹਾਂ ਅੱਗੇ ਲਿਖਿਆ “ਹਾਊਸ ਆਫ ਕਾਮਨਜ਼ ਦੀ ਅਗਲੀ ਬੈਠਕ ਵਿੱਚ ਬੇਭਰੋਸਗੀ ਦਾ ਪ੍ਰਸਤਾਵ ਪੇਸ਼ ਕੀਤਾ ਜਾਵੇਗਾ।”
ਕੈਨੇਡਾ ਦੀਆਂ ਅਗਲੀਆਂ ਚੋਣਾਂ ਅਕਤੂਬਰ ਨੂੰ ਜਾਂ ਇਸ ਤੋਂ ਪਹਿਲਾਂ ਹੋਣੀਆਂ ਹਨ।
ਲਿਬਰਲਸ ਘੱਟ-ਗਿਣਤੀ ਦੇ ਨਾਲ ਸੱਤਾ ‘ਤੇ ਕਾਬਜ਼ ਹਨ ਅਤੇ ਜੇਕਰ ਕੈਨੇਡਾ ਦੀ ਪਾਰਲੀਮੈਂਟ ਦੇ ਬਹੁਤੇ ਮੈਂਬਰ ਇਸ ਮਤੇ ਦੇ ਹੱਕ ਵਿੱਚ ਵੋਟ ਦਿੰਦੇ ਹਨ ਤਾਂ ਅਗੇਤਰੀ ਚੋਣਾਂ ਹੋ ਸਕਦੀਆਂ ਹਨ।
ਕੀ ਡਿੱਗ ਜਾਵੇਗੀ ਟਰੂਡੋ ਸਰਕਾਰ ?
ਹਾਊਸ ਆਫ ਕਾਮਨਜ਼ ਇਸ ਸਮੇਂ ਛੁੱਟੀਆਂ ‘ਤੇ ਹੈ ਪਰ ਜਨਵਰੀ ਦੇ ਅਖੀਰ ਵਿਚ ਉਹ ਦੁਬਾਰਾ ਬੈਠਣਗੇ।
ਤਿੰਨੋਂ ਮੁੱਖ ਵਿਰੋਧੀ ਪਾਰਟੀਆਂ ਦੇ ਕਹਿਣਾ ਕਿ ਉਹ ਚਾਹੁੰਦੇ ਹਨ ਕਿ ਟਰੂਡੋ ਦੀ ਸਰਕਾਰ ਡਿੱਗ ਜਾਵੇ।
ਕੰਜ਼ਰਵੇਟਿਵ ਨੇਤਾ ਪਿਏਰੇ ਪੋਇਲੀਵਰੇ ਨੇ ਵਾਰ-ਵਾਰ ਜਿੰਨੀ ਜਲਦੀ ਹੋ ਸਕੇ ਚੋਣਾਂ ਦੀ ਮੰਗ ਕੀਤੀ ਹੈ, ਜਦਕਿ ਬਲਾਕ ਕਿਊਬੇਕੋਇਸ ਨੇਤਾ ਯਵੇਸ-ਫ੍ਰਾਂਕੋਇਸ ਬਲੈਂਚੇਟ ਨੇ ਕਿਹਾ ਕਿ 2025 ਦੀਆਂ ਚੋਣਾਂ ਨੂੰ ਸ਼ੁਰੂ ਕਰਨ ਲਈ ਜਿੰਨੀ ਜਲਦੀ ਹੋ ਸਕੇ ਭਰੋਸੇ ਦਾ ਮਤਾ ਪੇਸ਼ ਕੀਤਾ ਜਾਣਾ ਚਾਹੀਦਾ ਹੈ।
ਸਿੰਘ ਦਾ ਇਹ ਐਲਾਨ ਇਸ ਹਫ਼ਤੇ ਟਰੂਡੋ ਨੂੰ ਉਨ੍ਹਾਂ ਦੇ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਦੇ ਅਸਤੀਫ਼ੇ ਤੋਂ ਬਾਅਦ ਮਿਲੇ ਸਿਆਸੀ ਝਟਕਿਆਂ ਦੀ ਲੜੀ ਵਿੱਚ ਸਭ ਤੋਂ ਤਾਜ਼ਾ ਝਟਕਾ ਹੈ।
ਫ੍ਰੀਲੈਂਡ ਨੇ ਸੋਮਵਾਰ ਨੂੰ ਇੱਕ ਆਰਥਿਕ ਬਿਆਨ ਦੇਣ ਤੋਂ ਕੁਝ ਘੰਟੇ ਪਹਿਲਾਂ ਇੱਕ ਜਨਤਕ ਪੱਤਰ ਵਿੱਚ ਅਸਤੀਫਾ ਦੇ ਦਿੱਤਾ।
ਇਸ ਵਿੱਚ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਲਡ ਟਰੰਪ ਦੁਆਰਾ ਦਰਪੇਸ਼ ਟੈਰਿਫ ਧਮਕੀਆਂ ਦੇ ਮੱਦੇਨਜ਼ਰ “ਕੈਨੇਡਾ ਲਈ ਸਭ ਤੋਂ ਉੱਤਮ ਮਾਰਗ” ‘ਤੇ ਉਨ੍ਹਾਂ ਅਤੇ ਟਰੂਡੋ ਦਰਮਿਆਨ ਰਾਜਨੀਤਿਕ ਅਸਹਿਮਤੀ ਦਾ ਹਵਾਲਾ ਦਿੱਤਾ ਗਿਆ।
ਟਰੰਪ ਨੇ ਦੇਸ਼ ਦੀਆਂ ਸਾਂਝੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ‘ਤੇ ਕੰਮ ਨਾ ਕੀਤੇ ਜਾਣ ਤੱਕ ਆਯਾਤ ਕੀਤੇ ਕੈਨੇਡੀਅਨ ਸਮਾਨ ‘ਤੇ 25% ਦਾ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਅਰਥਸ਼ਾਸਤਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਟੈਰਿਫ ਕੈਨੇਡਾ ਦੀ ਆਰਥਿਕਤਾ ਨੂੰ ਕਾਫ਼ੀ ਨੁਕਸਾਨ ਪਹੁੰਚਾਉਣਗੇ।
ਫ੍ਰੀਲੈਂਡ ਨੇ ਕਿਹਾ ਕਿ ਟੈਰਿਫ ਕੈਨੇਡਾ ਲਈ ਇੱਕ “ਗੰਭੀਰ ਚੁਣੌਤੀ” ਹੈ ਅਤੇ ਇਲਜ਼ਾਮ ਲਗਾਇਆ ਕਿ ਪ੍ਰਧਾਨ ਮੰਤਰੀ ਟਰੂਡੋ ਦੀਆਂ “ਰਾਜਨੀਤਿਕ ਚਾਲਾਂ” ਦੇਸ਼ ਨੂੰ ‘ਮਹਿੰਗੀਆਂ” ਪੈ ਰਹੀਆਂ ਹਨ।
ਟਰੂਡੋ ਲੰਬੇ ਸਮੇਂ ਤੋਂ ਅਸਤੀਫਾ ਦੇਣ ਦੀਆਂ ਵਧਦੀਆਂ ਮੰਗਾਂ ਦਾ ਸਾਹਮਣਾ ਕਰ ਹਨ, ਇਨ੍ਹਾਂ ਵਿੱਚ ਉਨ੍ਹਾਂ ਦੀ ਆਪਣੀ ਲਿਬਰਲ ਪਾਰਟੀ ਦੇ ਮੈਂਬਰਾਂ ਵੀ ਸ਼ਾਮਲ ਹਨ।
ਗਲੋਬ ਐਂਡ ਮੇਲ ਦੇ ਅੰਕੜਿਆਂ ਅਨੁਸਾਰ, ਹੁਣ ਤੱਕ 153 ਮੈਂਬਰਾਂ ਵਿੱਚੋਂ ਘੱਟੋ-ਘੱਟ 19 ਨੇ ਜਨਤਕ ਤੌਰ ‘ਤੇ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਕਿਹਾ ਹੈ।
ਉਨ੍ਹਾਂ ਵਿੱਚੋਂ ਤਾਜ਼ਾ ਰੌਬਰਟ ਓਲੀਫੈਂਟ ਹਨ, ਜੋ ਕਿ ਟੋਰਾਂਟੋ ਤੋਂ ਡੌਨ ਵੈਲੀ ਵੈਸਟ ਦੇ ਰਾਈਡਿੰਗ ਲਿਬਰਲ ਮੈਂਬਰ ਹੈ।
ਓਲੀਫੈਂਟ ਨੇ ਸ਼ੁੱਕਰਵਾਰ ਨੂੰ ਇੱਕ ਜਨਤਕ ਪੱਤਰ ਵਿੱਚ ਲਿਖਿਆ ਕਿ ਉਨ੍ਹਾਂ ਦੇ ਹਲਕੇ ਲਿਬਰਲ ਸਰਕਾਰ ਨੇ ਆਪਣੇ ਨੌਂ ਸਾਲਾਂ ਦੇ ਕਾਰਜਕਾਲ ਵਿੱਚ “ਸਾਰਥਕ ਫਰਕ ਮਹਿਸੂਸ ਕਰਦੇ” ਹਨ, ਪਰ ਟਰੂਡੋ ਦੀ ਅਗਵਾਈ ਅਗਲੀਆਂ ਚੋਣਾਂ ਵਿੱਚ ਪਾਰਟੀ ਦੀ ਸਫਲਤਾ ਵਿੱਚ “ਮੁੱਖ ਰੁਕਾਵਟ” ਬਣ ਗਈ ਹੈ।
ਟਰੂਡੋ ਨੇ ਇਹਨਾਂ ਮੰਗਾ ਦਾ ਜਨਤਕ ਤੌਰ ‘ਤੇ ਜਵਾਬ ਨਹੀਂ ਦਿੱਤਾ ਹੈ, ਪਰ ਕਥਿਤ ਤੌਰ ‘ਤੇ ਉਨ੍ਹਾਂ ਨੇ ਪਾਰਟੀ ਦੇ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਇਸ ‘ਤੇ ਵਿਚਾਰ ਕਰਨ ਅਤੇ ਫੈਸਲਾ ਕਰਨ ਲੈਣ ਲਈ ਛੁੱਟੀਆਂ ਲੈਣਗੇ।
ਜੇਕਰ ਟਰੂਡੋ ਅਸਤੀਫਾ ਦੇ ਦਿੰਦੇ ਹਨ ਤਾਂ ਕੀ ਹੋਵੇਗਾ?
ਜੇਕਰ ਟਰੂਡੋ ਅਸਤੀਫਾ ਦੇ ਦਿੰਦੇ ਹਨ, ਤਾਂ ਲਿਬਰਲ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਲਈ ਇੱਕ ਅੰਤਰਿਮ ਨੇਤਾ ਦਾ ਨਾਮ ਦੇਣਗੇ ਜਦੋਂ ਕਿ ਪਾਰਟੀ ਇੱਕ ਵਿਸ਼ੇਸ਼ ਲੀਡਰਸ਼ਿਪ ਕਨਵੈਨਸ਼ਨ ਸਥਾਪਤ ਕਰੇਗੀ।
ਪਾਰਟੀ ਲਈ ਚੁਣੌਤੀ ਇਹ ਹੈ ਕਿ ਇਹਨਾਂ ਕਨਵੈਨਸ਼ਨਾਂ ਨੂੰ ਆਮ ਤੌਰ ‘ਤੇ ਪ੍ਰਬੰਧ ਕਰਨ ਲਈ ਮਹੀਨੇ ਲੱਗ ਜਾਂਦੇ ਹਨ ਅਤੇ ਜੇਕਰ ਉਸ ਤੋਂ ਪਹਿਲਾਂ ਕੋਈ ਚੋਣ ਹੁੰਦੀ ਹੈ, ਤਾਂ ਲਿਬਰਲਾਂ ਦੇ ਹੱਥਾਂ ਵਿੱਚ ਅੰਤ੍ਰਿਮ ਪ੍ਰਧਾਨ ਮੰਤਰੀ ਹੋਵੇਗਾ ਜੋ ਮੈਂਬਰਾਂ ਦੁਆਰਾ ਨਹੀਂ ਚੁਣਿਆ ਗਿਆ ਹੋਵੇਗਾ। ਕੈਨੇਡਾ ਵਿੱਚ ਅਜਿਹਾ ਕਦੇ ਨਹੀਂ ਹੋਇਆ।
ਲਿਬਰਲ ਆਮ ਨਾਲੋਂ ਛੋਟਾ ਸੰਮੇਲਨ ਚਲਾਉਣ ਦੀ ਕੋਸ਼ਿਸ਼ ਕਰ ਸਕਦੇ ਹਨ, ਪਰ ਇਹ ਉਹਨਾਂ ਉਮੀਦਵਾਰਾਂ ਦੇ ਵਿਰੋਧ ਦਾ ਕਾਰਨ ਬਣ ਸਕਦਾ ਹੈ।
ਅਜਿਹਾ ਕੋਈ ਤਰੀਕਾ ਨਹੀਂ ਹੈ ਕਿ ਫ੍ਰੀਲੈਂਡ ਨੂੰ ਸਥਾਈ ਤੌਰ ‘ਤੇ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਜਾ ਸਕਦਾ ਹੈ, ਕਿਉਂਕਿ ਪਰੰਪਰਾ ਇਹ ਹੁਕਮ ਦਿੰਦੀ ਹੈ ਕਿ ਅੰਤਰਿਮ ਨੇਤਾ ਪਾਰਟੀ ਦੀ ਅਗਵਾਈ ਕਰਨ ਲਈ ਉਮੀਦਵਾਰ ਵਜੋਂ ਨਹੀਂ ਪੇਸ਼ ਹੋ ਸਕਦਾ।
ਕੀ ਟਰੂਡੋ ਨੂੰ ਉਸਦੀ ਲਿਬਰਲ ਪਾਰਟੀ ਦੁਆਰਾ ਬਾਹਰ ਕੱਢਿਆ ਜਾ ਸਕਦਾ ਹੈ?
ਬ੍ਰਿਟੇਨ ਦੇ ਉਲਟ, ਜਿੱਥੇ ਪਾਰਟੀ ਨੇਤਾਵਾਂ ਦੀ ਚੋਣ ਸੰਸਦੀ ਕਾਕਸ ਦੁਆਰਾ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਜਲਦੀ ਹਟਾਇਆ ਜਾ ਸਕਦਾ ਹੈ, ਲਿਬਰਲ ਨੇਤਾ ਦੀ ਚੋਣ ਮੈਂਬਰਾਂ ਦੀ ਇੱਕ ਵਿਸ਼ੇਸ਼ ਸੰਮੇਲਨ ਦੁਆਰਾ ਕੀਤੀ ਜਾਂਦੀ ਹੈ। ਇਸ ਲਈ ਜੇਕਰ ਟਰੂਡੋ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਹਟਾਉਣ ਲਈ ਕੋਈ ਰਸਮੀ ਪਾਰਟੀ ਵਿਧੀ ਨਹੀਂ ਹੈ ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI