Source :- BBC PUNJABI
- ਲੇਖਕ, ਜੈਸਿਕਾ ਮਰਫੀ
- ਰੋਲ, ਬੀਬੀਸੀ ਨਿਊਜ਼
-
7 ਜਨਵਰੀ 2025
ਅਪਡੇਟ 33 ਮਿੰਟ ਪਹਿਲਾਂ
ਜਸਟਿਨ ਟਰੂਡੋ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਵਜੋਂ ਨੌਂ ਸਾਲ ਪੂਰੇ ਹੋਣ ਜਾ ਰਹੇ ਹਨ। ਇਸ ਵਿਚਾਲੇ ਉਨ੍ਹਾਂ ਨੇ ਗਵਰਨਿੰਗ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ।
ਇਸ ਦਾ ਮਤਲਬ ਹੈ ਕਿ ਆਮ ਚੋਣਾਂ ਵਿੱਚ ਮੁਕਾਬਲਾ ਕਰਨ ਲਈ ਉਨ੍ਹਾਂ ਦੀ ਪਾਰਟੀ ਨੂੰ ਹੁਣ ਇੱਕ ਨਵਾਂ ਆਗੂ ਲੱਭਣਾ ਪਵੇਗਾ, ਜਦਕਿ ਇਨ੍ਹਾਂ ਚੋਣਾਂ ਵਿੱਚ ਪੋਲ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦੀ ਪਾਰਟੀ ਹਾਰ ਵੱਲ ਵਧ ਰਹੀ ਹੈ।
ਇਸ ਸਭ ਦੇ ਵਿਚਾਲੇ ਕੁਝ ਆਗੂ ਅਜਿਹੇ ਹਨ ਜਿਨ੍ਹਾਂ ਦੀ ਲਿਬਰਲ ਲੀਡਰਸ਼ਿਪ ਦੀ ਦੌੜ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਇਨ੍ਹਾਂ ਆਗੂਆਂ ਵਿੱਚ ਕੈਨੇਡਾ ਦੀ ਭਾਰਤੀ ਮੂਲ ਦੀ ਮੰਤਰੀ ਅਨੀਤਾ ਆਨੰਦ ਵੀ ਸ਼ਾਮਲ ਸੀ।
ਪਰ ਹਾਲ ਹੀ ‘ਚ ਉਨ੍ਹਾਂ ਨੇ ਇੱਕ ਜਨਤਕ ਬਿਆਨ ਜਾਰੀ ਕਰਕੇ ਇਹ ਐਲਾਨ ਕੀਤਾ ਕਿ ਉਹ ਲਿਬਰਲ ਪਾਰਟੀ ਦਾ ਅਗਲਾ ਨੇਤਾ ਬਣਨ ਦੀ ਦੌੜ ‘ਚ ਸ਼ਾਮਲ ਨਹੀਂ ਹੋਣਗੇ ਅਤੇ ਓਕਵਿਲ ਲਈ ਵੀ ਸੰਸਦ ਮੈਂਬਰ ਵਜੋਂ ਦੁਬਾਰਾ ਚੋਣ ਨਹੀਂ ਲੜਨਗੇ।
ਅਨੀਤਾ ਆਨੰਦ ਨੇ ਆਪਣੇ ਬਿਆਨ ‘ਚ ਕੀ ਕਿਹਾ?
ਕੈਨੇਡਾ ਦੇ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ 12 ਜਨਵਰੀ 2025 ਨੂੰ ਇੱਕ ਬਿਆਨ ਜਾਰੀ ਕਰਕੇ ਪ੍ਰਧਾਨ ਮੰਤਰੀ ਦੀ ਦੌੜ ‘ਚੋਂ ਬਾਹਰ ਹੋਣ ਦਾ ਐਲਾਨ ਕੀਤਾ।
ਉਹ ਲਿਖਦੇ ਹਨ, “2019 ਤੋਂ ਮੈਨੂੰ ਓਕਵਿਲ ਦੇ ਸੰਸਦ ਮੈਂਬਰ ਅਤੇ ਕੈਬਨਿਟ ਮੈਂਬਰ ਵਜੋਂ ਸੇਵਾ ਕਰਨ ਦਾ ਮਾਣ ਮਿਲਿਆ। ਇਨ੍ਹਾਂ ਅਹੁਦਿਆਂ ‘ਤੇ ਰਹਿੰਦਿਆਂ ਮੈਂ ਕੈਨੇਡਾ ਨੂੰ ਸੁਰੱਖਿਅਤ, ਮਜ਼ਬੂਤ ਅਤੇ ਆਜ਼ਾਦ ਰੱਖਣ ਲਈ ਸਭ ਕੁਝ ਕੀਤਾ। ਮੈਂ ਜਨਤਕ ਖ਼ੇਤਰ ‘ਚ ਦਾਖਲ ਹੋਈ ਕਿਉਂਕਿ ਆਪਣੇ ਭਾਈਚਾਰੇ ਅਤੇ ਦੇਸ਼ ਲਈ ਇੱਕ ਸਾਰਥਕ ਯੋਗਦਾਨ ਪਾਉਣ ਦਾ ਉਦੇਸ਼ ਸੀ, ਜੋ ਮੇਰੇ ਮਾਪਿਆਂ ਤੋਂ ਮੇਰੇ ਅੰਦਰ ਆਇਆ, ਜਿਨ੍ਹਾਂ ਨੇ ਮੇਰੇ ਜਨਮ ਤੋਂ ਪਹਿਲਾਂ ਕੈਨੇਡਾ ‘ਚ ਪਰਵਾਸ ਕਰ ਲਿਆ ਸੀ।”
ਉਹ ਕਹਿੰਦੇ ਹਨ, “ਭਾਵੇਂ ਮੇਰੀ ਜ਼ਿੰਦਗੀ ਦਾ ਇਹ ਹਿੱਸਾ ਚੁਣੌਤੀਆਂ ਭਰਿਆ ਰਿਹਾ, ਪਰ ਸਭ ਦੇ ਸਹਿਯੋਗ ਨਾਲ ਕੰਮ ਕਰਕੇ ਕੈਨੇਡੀਅਨਾਂ ਦੇ ਹੱਕ ‘ਚ ਨਤੀਜੇ ਪ੍ਰਦਾਨ ਕਰਨ ਨੂੰ ਲੈ ਕੇ ਸੰਤੁਸ਼ਟ ਹਾਂ।”
ਅਨੀਤਾ ਨੇ ਅੱਗੇ ਲਿਖਿਆ, “ਅੱਜ ਮੈਂ ਐਲਾਨ ਕਰਦੀ ਹਾਂ ਕਿ ਮੈਂ ਲਿਬਰਲ ਪਾਰਟੀ ਦਾ ਅਗਲਾ ਨੇਤਾ ਬਣਨ ਦੀ ਦੌੜ ਵਿੱਚ ਸ਼ਾਮਲ ਨਹੀਂ ਹੋਵਾਂਗੀ ਅਤੇ ਓਕਵਿਲ ਲਈ ਸੰਸਦ ਮੈਂਬਰ ਵਜੋਂ ਦੁਬਾਰਾ ਚੋਣ ਨਹੀਂ ਲੜਾਂਗੀ। ਮੈਂ ਅਗਲੀਆਂ ਚੋਣਾਂ ਤੱਕ ਇੱਕ ਜਨਤਕ ਅਹੁਦੇਦਾਰ ਵਜੋਂ ਆਪਣੀ ਭੂਮਿਕਾ ਨੂੰ ਪੂਰੇ ਸਤਿਕਾਰ ਨਾਲ ਨਿਭਾਉਂਦੀ ਰਹਾਂਗੀ।”
“ਹੁਣ ਜਦੋਂ ਪ੍ਰਧਾਨ ਮੰਤਰੀ ਨੇ ਆਪਣੇ ਜੀਵਨ ਦੇ ਅਗਲੇ ਅਧਿਆਇ ਵਿੱਚ ਜਾਣ ਦਾ ਫੈਸਲਾ ਕਰ ਲਿਆ ਹੈ, ਮੈਂ ਇਹ ਮਹਿਸੂਸ ਕੀਤਾ ਕਿ ਮੇਰੇ ਲਈ ਵੀ ਇਹੀ ਸਹੀ ਸਮਾਂ ਹੈ ਕਿ ਮੈਂ ਅਧਿਆਪਨ, ਖੋਜ ਅਤੇ ਜਨਤਕ ਨੀਤੀ ਵਿਸ਼ਲੇਸ਼ਣ ਦੇ ਆਪਣੇ ਪੁਰਾਣੇ ਪੇਸ਼ੇਵਰ ਜੀਵਨ ਵੱਲ ਮੁੜ ਜਾਵਾਂ।”
ਉਨ੍ਹਾਂ ਨੇ ਅੰਤ ‘ਚ ਕਿਹਾ ਕਿ ਮੇਰਾ ਸੰਸਦ ਮੈਂਬਰ ਵਜੋਂ ਲਿਬਰਲ ਟੀਮ ਵਿੱਚ ਸਵਾਗਤ ਕਰਨ ਅਤੇ ਮੈਨੂੰ ਕੈਬਨਿਟ ‘ਚ ਪ੍ਰਮੁੱਖ ਵਿਭਾਗ ਸੌਂਪਣ ਲਈ ਮੈਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਦਿਲੋਂ ਧੰਨਵਾਦੀ ਕਰਦੀ ਹਾਂ।
ਕੌਣ ਹਨ ਅਨੀਤਾ ਆਨੰਦ?
ਅਨੀਤਾ ਆਨੰਦ ਨੂੰ ਅਕਸਰ ਲਿਬਰਲ ਪਾਰਟੀ ਦੇ ਵਧੇਰੇ ਉਤਸ਼ਾਹੀ ਮੈਂਬਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
57 ਸਾਲਾ ਪੇਸ਼ੇ ਤੋਂ ਵਕੀਲ ਅਨੀਤਾ ਅਨੰਦ ਸਿਆਸਤ ਵਿੱਚ 2019 ਵਿੱਚ ਆਏ, ਜਦੋਂ ਉਨ੍ਹਾਂ ਨੂੰ ਟੋਰਾਂਟੋ ਦੇ ਠੀਕ ਬਾਹਰ ਓਕਵਿਲੇ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ।
ਆਕਸਫੋਰਡ ਤੋਂ ਪੜ੍ਹਾਈ ਕਰ ਚੁੱਕੇ ਅਨੀਤਾ ਅਨੰਦ ਦਾ ਪਿਛੋਕੜ ਵਿੱਤੀ ਮਾਰਕੀਟ ਰੈਗੂਲੇਸ਼ਨ ਅਤੇ ਕਾਰਪੋਰੇਟ ਗਵਰਨੈਂਸ ਵਿੱਚ ਹੈ।
ਉਨ੍ਹਾਂ ਨੂੰ ਪਬਲਿਕ ਸਰਵਿਸ ਐਂਡ ਪ੍ਰੋਕਿਓਰਮੈਂਟ ਯਾਨਿ ਜਨਤਕ ਸੇਵਾ ਅਤੇ ਖਰੀਦ ਮੰਤਰੀ ਬਣਾਇਆ ਗਿਆ ਸੀ।
ਉਨ੍ਹਾਂ ਨੂੰ ਕੋਵਿਡ ਮਹਾਮਾਰੀ ਦੌਰਾਨ ਟੀਕੇ ਅਤੇ ਨਿੱਜੀ ਸੁਰੱਖਿਆ ਉਪਕਰਨਾਂ ਨੂੰ ਸੁਰੱਖਿਅਤ ਕਰਨ ਦਾ ਮਿਸ਼ਨ ਸੌਂਪਿਆ ਗਿਆ।
ਉਨ੍ਹਾਂ ਨੂੰ 2021 ਵਿੱਚ ਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਰੂਸ ਦੇ ਖ਼ਿਲਾਫ਼ ਜੰਗ ਵਿੱਚ ਯੂਕਰੇਨ ਲਈ ਸਹਾਇਤਾ ਪ੍ਰਦਾਨ ਕਰਨ ਦੇ ਕੈਨੇਡਾ ਦੇ ਯਤਨਾਂ ਦੀ ਅਗਵਾਈ ਕੀਤੀ ਅਤੇ ਜਿਨਸੀ ਦੁਰਵਿਹਾਰ ਵਿੱਚ ਫਸੇ ਕੈਨੇਡੀਅਨ ਆਰਮਡ ਫੋਰਸਿਜ਼ ਵਿੱਚ ਕਰਮਚਾਰੀ ਸੰਕਟ ਦੀ ਨਿਗਰਾਨੀ ਕੀਤੀ।
ਆਨੰਦ ਨੂੰ ਜਦੋਂ ਖਜ਼ਾਨਾ ਬੋਰਡ ਦੀ ਨਿਗਰਾਨੀ ਕਰਨ ਲਈ ਉਸ ਵਿਭਾਗ ਤੋਂ ਹਟਾ ਦਿੱਤਾ ਗਿਆ ਤਾਂ ਕਈ ਲੋਕਾਂ ਨੇ ਇਸ ਨੂੰ ਡਿਮੋਸ਼ਨ ਵਜੋਂ ਦੇਖਿਆ।
ਉਨ੍ਹਾਂ ਨੂੰ ਕੈਬਨਿਟ ਵਿੱਚ ਦਸੰਬਰ ਮਹੀਨੇ ਫੇਰਬਦਲ ਦੌਰਾਨ ਟਰਾਂਸਪੋਰਟ ਮੰਤਰੀ ਅਤੇ ਅੰਦਰੂਨੀ ਵਪਾਰ ਮੰਤਰੀ ਦੀ ਭੂਮਿਕਾ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।
ਅੱਗੇ ਪੜ੍ਹੋ ਹੋਰ ਕਿਹੜੇ ਆਗੂ ਲਿਬਰਲ ਪਾਰਟੀ ਦਾ ਅਗਲਾ ਨੇਤਾ ਬਣਨ ਦੀ ਦੌੜ ‘ਚ ਸ਼ਾਮਲ ਹਨ?
ਸਾਬਕਾ ਉੱਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ
ਟੋਰੰਟੋ ਦੀ ਸੰਸਦ ਮੈਂਬਰ ਕ੍ਰਿਸਟੀਆ ਫ੍ਰੀਲੈਂਡ ਟਰੂਡੋ ਦੀ ਟੀਮ ਦੇ ਸਭ ਤੋਂ ਜਾਣੇ-ਪਛਾਣੇ ਮੈਂਬਰਾਂ ਵਿੱਚੋਂ ਇੱਕ ਹੈ ਅਤੇ ਉਨ੍ਹਾਂ ਨੂੰ ਜਸਟਿਨ ਟਰੂਡੋ ਦੀ ਥਾਂ ਪ੍ਰਮੁੱਖ ਦਾਅਵੇਦਾਰਾਂ ਵਿੱਚੋਂ ਇੱਕ ਵਜੋਂ ਦੇਖਿਆ ਜਾ ਰਿਹਾ ਹੈ।
ਉਨ੍ਹਾਂ ਨੂੰ ਲੰਬੇ ਸਮੇਂ ਤੋਂ ਟਰੂਡੋ ਦੇ ਨੇੜਲੇ ਦਾਇਰੇ ਵਿੱਚ ਇੱਕ ਭਰੋਸੇਮੰਦ ਸੀਨੀਅਰ ਅਧਿਕਾਰੀ ਵਜੋਂ ਦੇਖਿਆ ਜਾਂਦਾ ਰਿਹਾ ਹੈ ਪਰ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਦਫਤਰ ਨਾਲ ਝਗੜੇ ਕਾਰਨ ਦਸੰਬਰ ਵਿੱਚ ਅਚਾਨਕ ਅਸਤੀਫਾ ਦੇ ਦਿੱਤਾ ਸੀ।
ਉਨ੍ਹਾਂ ਦੇ ਜਨਤਕ ਅਸਤੀਫ਼ੇ ਦੇ ਪੱਤਰ ਵਿੱਚ ਕੀਤੀ ਗਈ ਟਰੂਡੋ ਦੀ ਆਲੋਚਨਾ ਨੇ ਵੀ ਉਨ੍ਹਾਂ ‘ਤੇ ਦਬਾਅ ਪਾਇਆ, ਜਿਸ ਨਾਲ ਉਨ੍ਹਾਂ ਦਾ ਜਾਣਾ ਤੈਅ ਮੰਨਿਆ ਜਾ ਰਿਹਾ ਸੀ।
ਕ੍ਰਿਸਟੀਆ ਫ੍ਰੀਲੈਂਡ (56) ਨੇ ਪੱਛਮੀ ਸੂਬੇ ਅਲਬਰਟਾ ਵਿੱਚ ਇੱਕ ਯੂਕਰੇਨੀਅਨ ਮਾਂ ਦੇ ਘਰ ਜਨਮ ਲਿਆ, ਜੋ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਇੱਕ ਪੱਤਰਕਾਰ ਸਨ।
ਉਹ 2013 ਵਿੱਚ ਹਾਊਸ ਆਫ ਕਾਮਨ ਵਿੱਚ ਦਾਖਲ ਹੋਏ ਅਤੇ ਦੋ ਸਾਲ ਬਾਅਦ ਜਦੋਂ ਟਰੂਡੋ ਸੱਤਾ ਵਿੱਚ ਆਏ ਤੇ ਫ੍ਰੀਲੈਂਡ ਉਨ੍ਹਾਂ ਦੀ ਕੈਬਨਿਟ ਦਾ ਹਿੱਸਾ ਬਣੇ।
ਉਨ੍ਹਾਂ ਨੇ ਵਿਦੇਸ਼ ਮੰਤਰੀ ਦੇ ਅਹੁਦੇ ‘ਤੇ ਰਹਿ ਕੇ ਕੈਨੇਡਾ ਦੀ ਯੂਐੱਸ ਅਤੇ ਮੈਕਸਿਕੋ ਨਾਲ ਇੱਕ ਮੁਕਤ ਵਪਾਰ ਸਮਝੌਤੇ ਬਾਰੇ ਮੁੜ ਗੱਲਬਾਤ ਸ਼ੁਰੂ ਕਰਵਾਉਣ ‘ਚ ਮਦਦ ਕੀਤੀ।
ਬਾਅਦ ਵਿੱਚ ਉਹ ਉੱਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਬਣਨ ਵਾਲੀ ਪਹਿਲੀ ਮਹਿਲਾ ਬਣੇ। ਉਨ੍ਹਾਂ ਨੇ ਕੋਵਿਡ ਮਹਾਮਾਰੀ ਦੌਰਾਨ ਕੈਨੇਡਾ ਦੇ ਵਿੱਤੀ ਪ੍ਰਤੀਕਰਮ ਦੀ ਨਿਗਰਾਨੀ ਕੀਤੀ।
ਪਿਛਲੇ ਮਹੀਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੰਦਿਆਂ ਉਨ੍ਹਾਂ ਨੇ ਡੌਨਲਡ ਟਰੰਪ ਵੱਲੋਂ ਅਮਰੀਕੀ ਟੈਰਿਫ ਲਗਾਉਣ ਦੇ ਮਾਮਲੇ ਨਾਲ ਨਜਿੱਠਣ ਵਿੱਚ ਅਸਫਲ ਰਹਿਣ ‘ਤੇ ਟਰੂਡੋ ਦੀ ਆਲੋਚਨਾ ਕੀਤੀ ਸੀ।
ਗਲੋਬ ਅਤੇ ਮੇਲ ਦੀ 2019 ਦੀ ਇੱਕ ਪ੍ਰੋਫਾਈਲ ਵਿੱਚ ਕਿਹਾ ਗਿਆ ਕਿ ਫ੍ਰੀਲੈਂਡ ਹੀ ਲਿਬਰਲ ਪਾਰਟੀ ਦੀ ਇੱਕੋ-ਇੱਕ ਉਮੀਦ ਹੈ।
ਯੂਕਰੇਨ ਦੀ ਹਮਾਇਤ ਕਰਨ ‘ਤੇ ਫ੍ਰੀਲੈਂਡ ਨੇ ਕਈ ਖਿੱਤਿਆਂ ਵਿੱਚ ਆਪਣੀ ਥਾਂ ਬਣਾਈ, ਉਥੇ ਹੀ ਹਾਰਵਰਡ ਤੋਂ ਪੜ੍ਹੀ ਐੱਮਪੀ ਨੂੰ ਇਸ ਮੁੱਦੇ ‘ਤੇ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ। ਇਥੋਂ ਤੱਕ ਕਿ ਟਰੰਪ ਨੇ ਉਨ੍ਹਾਂ ਨੂੰ ‘ਜ਼ਹਿਰ ਫੈਲਾਉਣ ਵਾਲਾ ਵਿਅਕਤੀ’ ਤੱਕ ਕਹਿ ਦਿੱਤਾ।
ਸਾਬਕਾ ਕੇਂਦਰੀ ਬੈਂਕਰ ਮਾਰਕ ਕਾਰਨੇ
ਟਰੂਡੋ ਨੇ ਖੁਦ ਮੰਨਿਆ ਸੀ ਕਿ ਉਹ ਲੰਬੇ ਸਮੇਂ ਤੋਂ ਮਾਰਕ ਕਾਰਨੇ ਨੂੰ ਆਪਣੀ ਟੀਮ ਵਿੱਚ ਵਿੱਤ ਮੰਤਰੀ ਵਜੋਂ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਉਨ੍ਹਾਂ ਨੇ ਜੁਲਾਈ 2024 ਵਿੱਚ ਨਾਟੋ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਜਦੋਂ ਕੈਨੇਡਾ ਦੇ ਲੋਕਾਂ ਨੂੰ ਰਾਜਨੀਤੀ ਵਿੱਚ ਅੱਗੇ ਵਧਣ ਲਈ ਚੰਗੇ ਲੋਕਾਂ ਦੀ ਜ਼ਰੂਰਤ ਹੈ ਤਾਂ ਅਜਿਹੇ ਸਮੇਂ ਵਿੱਚ ਉਹ ਸਰਵੋਤਮ ਯੋਗਦਾਨ ਹੋਣਗੇ।”
ਹਾਲ ਦੇ ਮਹੀਨਿਆਂ ਵਿੱਚ ਟਰੂਡੋ ਦੇ ਵਿਸ਼ੇਸ਼ ਸਲਾਹਕਾਰ ਦੇ ਰੂਪ ਵਿੱਚ ਕੰਮ ਕਰ ਰਹੇ 59 ਸਾਲਾ ਕਾਰਨੇ ਨੂੰ ਲੰਬੇ ਸਮੇਂ ਤੋਂ ਸਿਖਰਲੇ ਅਹੁਦੇ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਹਾਰਵਰਡ ਤੋਂ ਪੜ੍ਹੇ ਕਾਰਨੇ ਨੇ ਕਦੇ ਵੀ ਕੋਈ ਜਨਤਕ ਅਹੁਦਾ ਨਹੀਂ ਸੰਭਾਲਿਆ ਹੈ ਪਰ ਉਨ੍ਹਾਂ ਦਾ ਇੱਕ ਮਜ਼ਬੂਤ ਆਰਥਿਕ ਪਿਛੋਕੜ ਹੈ। ਉਹ ਬੈਂਕ ਆਫ਼ ਕੈਨੇਡਾ ਅਤੇ ਬੈਂਕ ਆਫ਼ ਇੰਗਲੈਂਡ ਦੋਵਾਂ ਦੇ ਸਿਖਰਲੇ ਅਹੁਦਿਆਂ ‘ਤੇ ਸੇਵਾ ਨਿਭਾਅ ਰਹੇ ਹਨ।
ਕਾਰਨੇ ਕੁਝ ਲਿਬਰਲ ਨੀਤੀਆਂ ਦੇ ਸਮਰਥਕ ਹਨ, ਜਿਨ੍ਹਾਂ ਨੂੰ ਦੇਸ਼ ਦੇ ਰੂੜੀਵਾਦੀ ਹਲਕਿਆਂ ਵਿੱਚ ਨਾਪਸੰਦ ਕੀਤਾ ਗਿਆ, ਜਿਵੇਂ ਸੰਘੀ ਕਾਰਬਨ ਕਰ ਨੀਤੀ, ਪਾਰਟੀ ਦੀ ਜਲਵਾਯੂ ਨੀਤੀ, ਜਿਸ ਦੇ ਬਾਰੇ ਆਲੋਚਕਾਂ ਦਾ ਤਰਕ ਹੈ ਕਿ ਇਹ ਕੈਨੇਡਾ ਦੇ ਲੋਕਾਂ ਉਪਰ ਇੱਕ ਵਿੱਤੀ ਬੋਝ ਹੈ।
ਉਹ ਪਹਿਲਾਂ ਹੀ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰੇ ਪੋਇਲੀਵਰ ਦੀ ਆਲੋਚਨਾ ਕਰ ਚੁੱਕੇ ਹਨ ਕਿ ਦੇਸ਼ ਦੇ ਭਵਿੱਖ ਲਈ ਉਨ੍ਹਾਂ ਦਾ ਦ੍ਰਿਸ਼ਟੀਕੋਣ “ਬਿਨਾਂ ਯੋਜਨਾ” ਦੇ ਅਤੇ “ਸਿਰਫ਼ ਨਾਅਰੇ” ਹਨ।
ਉਨ੍ਹਾਂ ਕਿਹਾ, “ਮੈਂ ਗੱਲਬਾਤ ਵਿੱਚ ਵੀ ਉਹ ਵਿਅਕਤੀ ਹਾਂ ਜੋ ਅਸਲ ਵਿੱਚ ਕਾਰੋਬਾਰ ਵਿੱਚ ਰਿਹਾ ਹੈ, ਜੋ ਅਸਲ ‘ਚ ਕਾਰੋਬਾਰ ਵਿੱਚ ਹੈ ਅਤੇ ਫ਼ੈਸਲੇ ਲੈਂਦਾ ਹੈ।”
ਨਵੀਨਤਾ, ਵਿਗਿਆਨ ਅਤੇ ਉਦਯੋਗ ਮੰਤਰੀ ਫ੍ਰੈਂਕੋਇਸ-ਫਿਲਿਪ ਸ਼ੈਂਪੇਨ
ਸਾਬਕਾ ਕਾਰੋਬਾਰੀ ਅਤੇ ਅੰਤਰਰਾਸ਼ਟਰੀ ਵਪਾਰ ਮਾਹਰ ਫ੍ਰੈਂਕੋਇਸ-ਫਿਲਿਪ ਸ਼ੈਂਪੇਨ ਲਿਬਰਲ ਦੇ ਇਕ ਹੋਰ ਮੰਤਰੀ ਹਨ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਨਜ਼ਰ ਪਾਰਟੀ ਦੇ ਸਿਖਰਲੇ ਅਹੁਦਿਆਂ ਉਪਰ ਹੈ।
ਪਰ ਵੱਡੇ ਅਹੁਦੇ ਤੱਕ ਪਹੁੰਚਣ ਦਾ ਉਨ੍ਹਾਂ ਦਾ ਸਫ਼ਰ ਆਨੰਦ ਦੀ ਤੁਲਨਾ ਵਿੱਚ ਹੌਲੀ ਰਫ਼ਤਾਰ ਵਾਲਾ ਰਿਹਾ ਹੈ।
54 ਸਾਲਾ ਸ਼ੈਂਪੇਨ ਨੇ 2015 ਵਿੱਚ ਕਾਮਨਸ ਵਿੱਚ ਐਂਟਰੀ ਕੀਤੀ ਸੀ ਪਰ ਉਦੋਂ ਤੋਂ ਉਹ ਕੌਮਾਂਤਰੀ ਵਪਾਰ, ਵਿਦੇਸ਼ੀ ਮਾਮਲਿਆਂ ਅਤੇ ਹਾਲ ਹੀ ਵਿੱਚ ਨਵੀਨਤਾ, ਵਿਗਿਆਨ ਅਤੇ ਉਦਯੋਗ ਮੰਤਰੀ ਦੇ ਅਹੁਦੇ ‘ਤੇ ਰਹੇ।
ਪਰ ਕਈ ਚੀਜ਼ਾਂ ਹਨ, ਜੋ ਉਨ੍ਹਾਂ ਦੇ ਹੱਕ ਵਿੱਚ ਭੁਗਤਦੀਆਂ ਹਨ। ਸ਼ੈਂਪੇਨ ਕਿਊਬਿਕ ਤੋਂ ਹਨ, ਉਹ ਸੂਬਾ ਜਿਸ ਦੀ ਆਵਾਜ਼ ਅਕਸਰ ਫੈਡਰਲ ਕੈਨੇਡੀਅਨ ਚੋਣਾਂ ਵਿੱਚ ਫੈਸਲਾਕੁਨ ਰਹੀ ਹੈ।
ਉਨ੍ਹਾਂ ਨੂੰ ਕੁਝ ਮਾਹਿਰਾਂ ਨੇ “ਕੈਨੇਡਾ ਦਾ ਐਨਰਜੀਜ਼ਰ ਬੰਨੀ” ਵੀ ਕਿਹਾ ਹੈ, ਜਿਨ੍ਹਾਂ ਨੇ ਦੇਖਿਆ ਕਿ ਕਿਵੇਂ ਉਨ੍ਹਾਂ ਨੇ ਉਤਸ਼ਾਹ ਨਾਲ ਆਪਣੇ ਇਨੋਵੇਸ਼ਨ ਪੋਰਟਫੋਲੀਏ ਦੇ ਤਹਿਤ ਕੈਨੇਡਾ ਦੁਆਰਾ ਬਣਾਏ ਗਏ ਸਾਮਾਨ ਨੂੰ ਵੇਚਣ ਦੇ ਮਿਸ਼ਨ ਨਾਲ ਦੁਨੀਆ ਭਰ ਦੀ ਯਾਤਰਾ ਕੀਤੀ ਸੀ।
ਰਾਜਨੀਤਿਕ ਮਾਹਿਰ ਉਨ੍ਹਾਂ ਦੀ ਵਪਾਰਕ ਸੂਝ ਦੇ ਕਾਰਨ ਉਨ੍ਹਾਂ ਨੂੰ ਕੇਂਦਰਵਾਦੀ ਲੀਬਰਲਸ ਨੂੰ ਵਾਪਸ ਲੁਭਾਉਣ ਲਈ ਇੱਕ ਵਿਹਾਰਕ ਬਦਲ ਦੇ ਰੂਪ ਵਿੱਚ ਦੇਖਦੇ ਹਨ।
ਵਿਦੇਸ਼ ਮੰਤਰੀ ਮੇਲਨੀ ਜੌਲੀ
ਟਰੂਡੋ ਦੀ ਤਰ੍ਹਾਂ ਜੌਲੀ ਵੀ ਮੌਨਟਰੀਅਲ ਖੇਤਰ ਦੀ ਨੁਮਾਇੰਦਗੀ ਕਰਦੇ ਹਨ। 45 ਸਾਲਾ ਮੇਲਨੀ ਜੌਲੀ ਇੱਕ ਜਾਣਿਆ-ਪਛਾਣਿਆਂ ਚਿਹਰਾ ਹਨ, ਜੋ 2021 ਤੋਂ ਵਿਸ਼ਵ ਪੱਧਰ ‘ਤੇ ਕੈਨੇਡਾ ਦੀ ਨੁਮਾਇੰਦਗੀ ਕਰ ਰਹੇ ਹਨ।
ਮੌਜੂਦਾ ਵਿਦੇਸ਼ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੇ ਕੈਨੇਡਾ ਦੇ ਸਮਰਥਨ ਵਿੱਚ ਯੂਕਰੇਨ ਦੇ ਕਈ ਦੌਰੇ ਕੀਤੇ। ਜਦੋਂ ਇਜ਼ਰਾਇਲ-ਹਮਾਸ ਦੀ ਜੰਗ ਦੌਰਾਨ ਉਥੋਂ ਕੈਨੇਡਾ ਦੇ ਨਾਗਰਿਕਾਂ ਨੂੰ ਬਾਹਰ ਕੱਢਣ ਵਿੱਚ ਉਨ੍ਹਾਂ ਨੇ ਜੌਰਡਨ ਦੀ ਯਾਤਰਾ ਕੀਤੀ।
ਜੌਲੀ ਸਰਕਾਰ ਦੀਆਂ ਵਿਦੇਸ਼ ਨੀਤੀ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਦੇ ਕੇਂਦਰ ਵਿੱਚ ਰਹੇ ਹਨ, ਜਿਸ ਵਿੱਚ ਭਾਰਤੀ ਏਜੰਟਾਂ ਦੁਆਰਾ ਕੈਨੇਡਾ ਦੀ ਧਰਤੀ ‘ਤੇ ਇੱਕ ਸਿੱਖ ਵੱਖਵਾਦੀ ਨੇਤਾ ਦੀ ਕਥਿਤ ਹੱਤਿਆ ਕਾਰਨ ਪੈਦਾ ਹੋਇਆ ਕੂਟਨੀਤਿਕ ਸੰਕਟ ਵੀ ਸ਼ਾਮਲ ਹੈ।
ਆਕਸਫੋਰਡ ਤੋਂ ਪੜ੍ਹੇ ਹੋਏ ਵਕੀਲ ਜੌਲੀ ਇੱਕ ਚੰਗੀ ਤਰ੍ਹਾਂ ਜੁੜੇ ਹੋਏ ਫ੍ਰੈਂਕੋਫੋਨ ਸਿਆਸਤਦਾਨ ਹਨ, ਜੋ ਪਹਿਲਾਂ ਮੋਨਟਰੀਅਲ ਦੇ ਮੇਅਰ ਲਈ ਵੀ ਚੋਣ ਲੜੇ ਸਨ।
ਟਰੂਡੋ ਨੇ ਰਾਜਨੀਤੀ ਵਿੱਚ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਚੁਣਿਆ ਸੀ।
ਸੀਨੀਅਰ ਸਲਾਹਕਾਰਾਂ ਨੇ ਉਨ੍ਹਾਂ ਦੀ ਸੱਤ ਜਾਂ 700 ਲੋਕਾਂ ਦੇ ਕਮਰੇ ਵਿੱਚ ਕੰਮ ਕਰਨ ਦੀ ਸਮਰੱਥਾ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦੇ ਨਜ਼ਦੀਕੀ ਦੋਸਤਾਂ ਨੇ ਕੈਨੇਡੀਅਨ ਮੈਗਜ਼ੀਨ ਮੈਕਲੀਨਜ਼ ਨੂੰ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਲਿਬਰਲ ਪਾਰਟੀ ਦੇ ਨੇਤਾ ਲਈ ਚੋਣ ਲੜਨ ਦੀ ਇੱਛਾ ਰੱਖਦੇ ਹਨ।
ਵਿੱਤ ਅਤੇ ਅੰਤਰ-ਸਰਕਾਰੀ ਮਾਮਲਿਆਂ ਦੇ ਮੰਤਰੀ ਡੋਮਿਨਿਕ ਲੇਬਲੌਂਕ
57 ਸਾਲਾ ਲੇਬਲੌਂਕ ਟਰੂਡੋ ਦੇ ਸਭ ਤੋਂ ਨਜ਼ਦੀਕੀ ਅਤੇ ਸਭ ਤੋਂ ਭਰੋਸੇਮੰਦ ਸਹਿਯੋਗੀਆਂ ਵਿੱਚੋਂ ਇੱਕ ਹਨ।
ਉਨ੍ਹਾਂ ਦੀ ਦੋਸਤੀ ਡੂੰਘੀ ਹੈ, ਜਦੋਂ ਟਰੂਡੋ ਅਤੇ ਉਸ ਦੇ ਭੈਣ-ਭਰਾ ਛੋਟੇ ਸੀ ਤਾਂ ਉਦੋਂ ਲੇਬਲੌਂਕ ਨੇ ਉਨ੍ਹਾਂ ਦੀ ਦੇਖਭਾਲ ਵੀ ਕੀਤੀ ਸੀ।
ਉਨ੍ਹਾਂ ਕੋਲ ਮੁਸ਼ਕਲ ਪਲਾਂ ਵਿੱਚ ਵਿਭਾਗਾਂ ਨੂੰ ਸੰਭਾਲਣ ਦਾ ਹੁਨਰ ਹੈ, ਉਨ੍ਹਾਂ ਵਿੱਚ ਫ੍ਰੀਲੈਂਡ ਦੇ ਧਮਾਕੇਦਾਰ ਅਸਤੀਫ਼ੇ ਦੇ ਕੁਝ ਘੰਟਿਆਂ ਵਿੱਚ ਵਿੱਤ ਮੰਤਰੀ ਬਣਨਾ ਵੀ ਸ਼ਾਮਲ ਹੈ। ਲੇਬਲੌਂਕ ਨੇ ਨਵੰਬਰ ਵਿੱਚ ਟਰੰਪ ਨੂੰ ਮਿਲਣ ਲਈ ਟਰੂਡੋ ਦੇ ਨਾਲ ਮਾਰ-ਏ-ਲਾਗੋ ਜਾਣ ਦਾ ਮੁਸ਼ਕਿਲ ਕਾਰਜ ਵੀ ਸੰਭਾਲਿਆ।
ਸਾਬਕਾ ਵਕੀਲ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਸੰਸਦ ਮੈਂਬਰ ਰਹੇ ਹਨ। ਉਨ੍ਹਾਂ ਨੂੰ ਪਹਿਲੀ ਵਾਰ 2000 ਵਿੱਚ ਨਿਊ ਬਰੰਜ਼ਵਿਕ ਦੇ ਐਟਲਾਂਟਿਕ ਸੂਬੇ ਵਿੱਚ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਸੀ।
ਟਰੂਡੋ ਵਾਂਗ ਲੇਬਲੌਂਕ ਦਾ ਜਨਮ ਵੀ ਸਿਆਸੀ ਪਿਛੋਕੜ ਵਾਲੇ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਨੇ ਟਰੂਡੋ ਦੇ ਪਿਤਾ ਪ੍ਰਧਾਨ ਮੰਤਰੀ ਪੀਅਰ ਟਰੂਡੋ ਦੀ ਕੈਬਨਿਟ ਵਿੱਚ ਇੱਕ ਮੰਤਰੀ ਵਜੋਂ ਅਤੇ ਬਾਅਦ ਵਿੱਚ ਕੈਨੇਡਾ ਦੇ ਗਵਰਨਰ-ਜਨਰਲ ਵਜੋਂ ਸੇਵਾ ਨਿਭਾਈ।
ਲੇਬਲੌਂਕ ਨੇ ਪਾਰਟੀ ਦੀ ਅਗਵਾਈ ਕਰਨ ਦੀਆਂ ਇੱਛਾ ਦਿਖਾਈ ਹੈ। 2008 ਵਿੱਚ ਉਹ ਚੋਣ ਲੜ ਰਹੇ ਸਨ ਪਰ ਮਾਈਕਲ ਇਗਨਾਟੀਫ ਤੋਂ ਹਾਰ ਗਏ ਸਨ।
ਉਹ ਅਗਲੀ ਚੋਣ ਨਹੀਂ ਲੜੇ, ਜਿਸ ਵਿੱਚ ਟਰੂਡੋ ਜਿੱਤੇ ਸਨ।
ਕੈਂਸਰ ਦੇ ਇਲਾਜ ਤੋਂ ਬਾਅਦ ਉਹ ਠੀਕ ਹੋ ਰਹੇ ਹਨ ਅਤੇ ਉਹ ਨੂੰ ਇੱਕ ਮਿਲਣਸਾਰ ਅਤੇ ਮਜ਼ਬੂਤ ਸੰਚਾਰਕ ਆਗੂ ਵਜੋਂ ਜਾਣੇ ਜਾਂਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI