Source :- BBC PUNJABI
ਤਸਵੀਰ ਸਰੋਤ, Gurpreet Singh Sekhon/FB
ਫਿਰੋਜ਼ਪੁਰ ਪੁਲਿਸ ਨੇ ਗੁਰਪ੍ਰੀਤ ਸਿੰਘ ਸੇਖੋਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਮੁਤਾਬਕ ਗੁਰਪ੍ਰੀਤ ਸਿੰਘ ਸੇਖੋਂ ਨੂੰ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਪ੍ਰੀਵੈਂਟਿਵ ਕਸਟਡੀ ਵਿੱਚ ਲਿਆ ਹੈ।
ਕਈ ਅਪਰਾਧਿਕ ਮਾਮਲਿਆਂ ਵਿੱਚ ਪੰਜਾਬ ਪੁਲਿਸ ਨੂੰ ਲੋੜੀਂਦੇ ਰਹੇ ਗੁਰਪ੍ਰੀਤ ਸਿੰਘ ਸੇਖੋਂ ਹੁਣ ਸਿਆਸਤ ਵਿੱਚ ਸਰਗਰਮ ਹਨ। ਕਿਸੇ ਸਮੇਂ ਪੰਜਾਬ ਪੁਲਿਸ ਦੀ ‘ਮੋਸਟ ਵਾਂਟੰਡ’ ਸੂਚੀ ਵਿੱਚ ਸ਼ਾਮਲ ਰਹੇ ਸੇਖੋਂ ਹੁਣ ਆਪਣੇ ਇਲਾਕੇ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਕਰਕੇ ਚਰਚਾ ਵਿੱਚ ਹਨ।
ਸੇਖੋਂ ਦੀ ਪਤਨੀ ਅਤੇ ਇੱਕ ਹੋਰ ਰਿਸ਼ਤੇਦਾਰ ਜ਼ਿਲ੍ਹਾ ਪਰਿਸ਼ਦ ਚੋਣਾਂ ਲੜ ਰਹੀਆਂ ਹਨ ਅਤੇ ਸੇਖੋਂ ਉਨ੍ਹਾਂ ਦੀ ਚੋਣ ਪ੍ਰਚਾਰ ਮੁਹਿੰਮ ਦੀ ਅਗਵਾਈ ਕਰ ਰਹੇ ਹਨ। ਇਹ ਚੋਣਾਂ 14 ਦਸੰਬਰ ਨੂੰ ਹੋਣੀਆਂ ਹਨ ਅਤੇ ਸੇਖੋਂ ਨੂੰ ਚੋਣਾਂ ਤੋਂ ਦੋ ਦਿਨ ਪਹਿਲਾਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਸੇਖੋਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਪਿੱਛੇ ਸਿਆਸੀ ਹਿੱਤ ਹੋਣ ਦਾ ਇਲਜ਼ਾਮ ਲਾਏ ਹਨ। ਸੇਖੋਂ ਦੀਆਂ ਬਾਲਗ਼ ਧੀਆਂ ਨੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਉੱਤੇ ਪੋਸਟ ਪਾ ਕੇ ਅਜਿਹੇ ਇਲਜ਼ਾਮ ਲਾਏ ਹਨ।
ਇਸ ਤੋਂ ਇਲਾਵਾ ਸੇਖੋਂ ਦੀ ਵਕੀਲ ਨੇ ਵੀ ਇਲਜ਼ਾਮ ਲਾਇਆ ਕਿ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਪ੍ਰਚਾਰ ਨੂੰ ਪ੍ਰਭਾਵਤ ਕਰਨ ਲਈ ਪੁਲਿਸ ਕਾਰਵਾਈ ਕੀਤੀ ਗਈ ਹੈ।
ਹਾਲਾਂਕਿ ਪੁਲਿਸ ਨੇ ਇਸ ਨੂੰ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਪੀਵੈਂਟਿਵ ਐਕਸ਼ਨ ਦੱਸਿਆ ਹੈ।
ਤਸਵੀਰ ਸਰੋਤ, Gurpreet Singh Sekhon/FB
ਪੁਲਿਸ ਨੇ ਹੁਣ ਕੀ ਕਾਰਵਾਈ ਕੀਤੀ
ਗੁਰਪ੍ਰੀਤ ਸੇਖੋਂ ਨੇ ਵੀ ਬੀਤੀ ਰਾਤ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਵੀਡੀਓ ਪੋਸਟ ਪਾ ਕੇ ਖ਼ਦਸ਼ਾ ਜ਼ਾਹਿਰ ਕੀਤਾ ਸੀ ਕਿ ਉਸ ਉੱਤੇ ਪੁਲਿਸ ਕਾਰਵਾਈ ਹੋ ਸਕਦੀ ਹੈ।
ਫ਼ਿਰੋਜ਼ਪੁਰ ਦੇ ਕੁੱਲਗੜ੍ਹੀ ਥਾਣੇ ਦੇ ਐੱਸਐੱਚਉ ਸਬ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸੇਖੋਂ ਨੂੰ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਪ੍ਰੀਵੈਂਟਿਵ ਕਸਟਡੀ ਵਿੱਚ ਲਿਆ ਹੈ।
ਉਨ੍ਹਾਂ ਦੱਸਿਆ, “ਸੇਖੋਂ ਅਤੇ ਉਸ ਦੇ ਦੋ ਸਾਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸਾਨੂੰ ਸ਼ਿਕਾਇਤ ਮਿਲੀ ਸੀ ਕਿ ਆਗਾਮੀ ਦਿਨਾਂ ਵਿੱਚ ਚੋਣਾਂ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਦੀ ਸਥਿਤੀ ਖ਼ਰਾਬ ਹੋ ਸਕਦੀ ਹੈ।”
“ਸੇਖੋਂ ਨੂੰ ਬੀਐੱਨਐੱਸ ਐਕਟ ਦੀ ਧਾਰਾ 126 ਅਤੇ 170 ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ।”
ਬੀਐੱਨਐੱਸ ਐਕਟ ਲਾਗੂ ਹੋਣ ਤੋਂ ਪਹਿਲਾਂ ਅਜਿਹੇ ਮਾਮਲਿਆਂ ਵਿੱਚ ਸੀਆਰਪੀਸੀ ਦੀ ਧਾਰਾ 107 ਅਤੇ 151 ਧਾਰਾ ਲੱਗਦੀ ਸੀ।
ਸੇਖੋਂ ਦੇ ਵਕੀਲ ਅਰਸ਼ ਰੰਧਾਵਾ ਨੇ ਕਿਹਾ, “ਸੇਖੋਂ ਨੂੰ ਸਿਆਸੀ ਮੰਤਵ ਨਾਲ ਹਿਰਾਸਤ ਵਿੱਚ ਲਿਆ ਗਿਆ ਹੈ। ਪਰਿਵਾਰ ਨੂੰ ਪਰੇਸ਼ਾਨ ਕਾਰਨ ਅਤੇ ਚੋਣ ਮੁਹਿੰਮ ਵਿੱਚ ਰੁਕਾਵਟ ਪਾਉਣ ਲਈ ਸੇਖੋਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।”
ਸੇਖੋਂ ਦੀ ਅਪਰਾਧਿਕ ਪਿਛੋਕੜ ਕੀ ਹੈ
ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮੁੱਦਕੀ ਕਸਬੇ ਦੇ ਰਹਿਣ ਵਾਲੇ ਸੇਖੋਂ ਦੀ ਨਾਭਾ ਜ਼ੇਲ ਬ੍ਰੇਕ ਕਾਂਡ ਤੋਂ ਲੈ ਕੇ ਸੁੱਖਾ ਕਾਲਵਾਂ ਕਤਲਕਾਂਡ ਵਰਗੇ ਕਈ ਵੱਡੇ ਅਪਰਾਧਿਕ ਮਾਮਲਿਆਂ ਵਿੱਚ ਕਥਿਤ ਸ਼ਮੂਲੀਅਤ ਰਹੀ ਹੈ।
ਮੁੱਦਕੀ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਘੱਲ-ਖੁਰਦ ਥਾਣੇ ਅਧੀਨ ਆਉਂਦਾ ਹੈ ਅਤੇ ਥਾਣੇ ਦੇ ਰਿਕਾਰਡ ਮੁਤਾਬਕ ਗੁਰਪ੍ਰੀਤ ਸੇਖੋਂ ਉੱਤੇ ਕੁੱਲ 47 ਮੁਕੱਦਮੇ ਦਰਜ ਸਨ। ਇਨ੍ਹਾਂ ਵਿੱਚ ਵਧੇਰੇ ਪਰਚੇ ਕਤਲ ਜਾਂ ਕਤਲ ਦੀ ਕੋਸ਼ਿਸ਼ ਦੇ ਇਲਜ਼ਾਮਾਂ ਤਹਿਤ ਦਰਜ ਸਨ।
ਥਾਣਾ ਘੱਲ ਖੁਰਦ ਦੇ ਐੱਸਐੱਚਓ ਗੁਰਜੰਟ ਸਿੰਘ ਮੁਤਾਬਕ ਸੇਖੋਂ ਨੂੰ ਨਾਭਾ ਜ਼ੇਲ ਬ੍ਰੇਕ ਕਾਂਡ ਵਿੱਚ ਦਸ ਸਾਲ ਦੀ ਸਜ਼ਾ ਹੋ ਚੁੱਕੀ ਹੈ ਅਤੇ ਹੁਣ ਉਹ ਪਿਛਲੇ ਦੋ ਸਾਲਾਂ ਤੋਂ ਜ਼ਮਾਨਤ ਉੱਤੇ ਬਾਹਰ ਹਨ।
ਉਹ ਦੱਸਦੇ ਹਨ ਕਿ ਰਿਕਾਰਡ ਮੁਤਾਬਕ ਸੇਖੋਂ ਉੱਤੇ ਦਰਜ ਵਧੇਰੇ ਕੇਸਾਂ ਦਾ ਨਿਪਟਾਰਾ ਹੋ ਚੁੱਕਾ ਹੈ।
ਸੇਖੋਂ ਦੇ ਵਕੀਲ ਅਰਸ਼ ਰੰਧਾਵਾ ਨੇ ਕਿਹਾ, “ਗੁਰਪ੍ਰੀਤ ਸਿੰਘ ਸੇਖੋਂ ਪਿਛਲੇ ਦੋ ਸਾਲਾਂ ਤੋਂ ਆਪਣੀ ਪੁਰਾਣੀ ਜ਼ਿੰਦਗੀ ਨੂੰ ਛੱਡ ਸਮਾਜ ਸੇਵਾ ਵਿੱਚ ਰੁੱਝੇ ਹੋਏ ਹਨ।”
ਉਹ 22 ਨਵੰਬਰ 2023 ਤੋਂ ਜੇਲ੍ਹ ਤੋਂ ਬਾਹਰ ਹਨ।
ਤਸਵੀਰ ਸਰੋਤ, Gurpreet Singh Sekhon/FB
ਗੁਰਪ੍ਰੀਤ ਸੇਖੋਂ ਦੀ ਪਤਨੀ ਮਨਦੀਪ ਕੌਰ ਬਜੀਦਪੁਰ ਜ਼ੋਨ ਅਤੇ ਰਿਸ਼ਤੇਦਾਰ ਕੁਲਜੀਤ ਕੌਰ ਫਿਰੋਜ਼ਸ਼ਾਹ ਜ਼ੋਨ ਤੋਂ ਜ਼ਿਲ੍ਹਾ ਪਰਿਸ਼ਦ ਦੀ ਚੋਣਾਂ ਲੜ ਰਹੀ ਹੈ।
ਗੁਰਪ੍ਰੀਤ ਕੌਰ ਸੇਖੋਂ ਨਿੱਜੀ ਤੋਰ ਉੱਤੇ ਪਿੰਡ-ਪਿੰਡ ਜਾ ਕੇ ਚੋਣ ਪ੍ਰਚਾਰ ਕਰ ਰਿਹਾ ਹੈ। ਇਨ੍ਹਾਂ ਉਮੀਦਵਾਰਾਂ ਦੇ ਹਰ ਪੋਸਟਰ ਉੱਤੇ ਗੁਰਪ੍ਰੀਤ ਸੇਖੋਂ ਦੀ ਤਸਵੀਰ ਹੈ।
ਨਾਭਾ ਜ਼ੇਲ੍ਹ ਬ੍ਰੇਕ ਕਾਂਡ ਕਿਵੇਂ ਹੋਇਆ ਸੀ
ਨਾਭਾ ਜ਼ੇਲ ਬ੍ਰੇਕ ਕਾਂਡ ਨਵੰਬਰ 27, 2016 ਨੂੰ ਵਾਪਰਿਆ ਸੀ। 15 ਮੁਲਜ਼ਮਾਂ ਨੇ ਉੱਚ ਸੁਰੱਖਿਆ ਵਾਲੀ ਜੇਲ੍ਹ ਨਾਭਾ ‘ਤੇ ਹਮਲਾ ਕੀਤਾ ਅਤੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇਐੱਲਐਫ਼) ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਸਮੇਤ ਚਾਰ ਗੈਂਗਸਟਰਾਂ ਅਤੇ ਦੋ ਹੋਰ ਨੂੰ ਜੇਲ੍ਹ ਵਿੱਚੋਂ ਭਜਾਉਣ ਵਿੱਚ ਕਾਮਯਾਬ ਰਹੇ ਸਨ।
ਮੁਲਜ਼ਮ ਪੁਲਿਸ ਵਰਦੀ ਵਿੱਚ ਆਏ ਸਨ ਅਤੇ ਉਨ੍ਹਾਂ ਨੇ ਜੇਲ੍ਹ ਗਾਰਡਾਂ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਕੇ ਛੇ ਕਥਿਤ ‘ਮੋਸਟ ਵਾਂਟੇਡ’ ਮੁਲਜ਼ਮਾਂ ਨੂੰ ਛੁਡਵਾ ਲਿਆ ਸੀ। ਇਨ੍ਹਾਂ 6 ਮੁਲਜ਼ਮਾਂ ਵਿੱਚੋਂ ਇੱਕ ਗੁਰਪ੍ਰੀਤ ਸਿੰਘ ਸੇਖੋਂ ਵੀ ਸੀ।
ਪੁਲਿਸ ਵੱਲੋਂ ਗੁਰਪ੍ਰੀਤ ਸੇਖੋਂ ਨੂੰ ਇਸ ਮਾਮਲੇ ਦੇ ਕਥਿਤ ਮਾਸਟਰ ਮਾਈਂਡ ਦੱਸਿਆ ਗਿਆ ਸੀ।
ਤਸਵੀਰ ਸਰੋਤ, Gurpreet Singh Sekhon/FB
ਸੁੱਖਾ ਕਾਹਲਵਾਂ ਕਤਲ ਕਾਂਡ
ਗੁਰਪ੍ਰੀਤ ਸੇਖੋਂ ਦਾ ਨਾਮ ਸੁਖਬੀਰ ਸਿੰਘ ਉਰਫ਼ ਸੁੱਖਾ ਕਾਹਲਵਾਂ ਦੇ ਕਤਲ ਵਿੱਚ ਜੁੜਿਆ ਸੀ ਅਤੇ ਇਸ ਮਾਮਲੇ ਵਿੱਚ ਸੇਖੋਂ ਉੱਤੇ ਕੇਸ ਵੀ ਦਰਜ ਹੋਇਆ ਸੀ।
ਸੁੱਖਾ ਕਾਹਲਵਾਂ ਨੂੰ ਪੁਲਿਸ ਵੱਲੋਂ ਪੁਲਿਸ ਵੈਨ ਵਿੱਚ ਫਗਵਾੜਾ ਤੋਂ ਨਾਭਾ ਜੇਲ੍ਹ ਲੈ ਕੇ ਜਾ ਰਹੇ ਸਨ। ਜਦੋਂ ਕਾਫ਼ਲਾ ਗੁਰਾਇਆ ਕੋਲ ਪਹੁੰਚਿਆ ਤਾਂ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ।
ਇਸ ਹਮਲੇ ਵਿੱਚ ਪੁਲਿਸ ਦੀ ਮੌਜੂਦਗੀ ਵਿੱਚ ਸੁੱਖਾ ਕਾਹਲਵਾਂ ਦਾ ਕਤਲ ਕਰ ਦਿੱਤਾ ਗਿਆ ਸੀ।
ਗੁਰਪ੍ਰੀਤ ਸੇਖੋਂ ਦਾ ਸੰਬੰਧ ਪੰਜਾਬ ਦੇ ਕਥਿਤ ਗੈਂਗਸਟਰ ਸ਼ੇਰਾ ਖੁੱਬਣ ਅਤੇ ਵਿੱਕੀ ਗੌਂਡਰ ਨਾਲ ਵੀ ਦੱਸਿਆ ਜਾਂਦਾ ਰਿਹਾ ਹੈ। ਜਦੋਂ ਗੁਰਪ੍ਰੀਤ ਸੇਖੋਂ ਨਾਭਾ ਜੇਲ੍ਹ ਵਿੱਚੋਂ ਫਰਾਰ ਹੋਇਆ ਤਾਂ ਵਿੱਕੀ ਗੌਂਡਰ ਵੀ ਨਾਲ ਫਰਾਰ ਹੋਇਆ ਸੀ।
ਇਸ ਤੋਂ ਇਲਾਵਾ ਸੁੱਖਾ ਕਾਹਲਵਾਂ ਨਾਲ ਵੀ ਪਹਿਲਾਂ ਉਨ੍ਹਾਂ ਦੀ ਦੋਸਤੀ ਦੱਸੀ ਜਾਂਦੀ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI







