Source :- BBC PUNJABI

ਇਸੇ ਸਾਲ, ਜਨਵਰੀ ਮਹੀਨੇ ਵਿੱਚ ਸਮੁੰਦਰ ਵਿੱਚ ਗੁਆਚੀ ਇੱਕ ਪਰਵਾਸੀ ਕਿਸ਼ਤੀ ਨੂੰ 14 ਦਿਨਾਂ ਦੇ ਭਿਆਨਕ ਹਾਲਾਤਾਂ ਤੋਂ ਬਾਅਦ ਉੱਤਰੀ ਅਫ਼ਰੀਕੀ ਤੱਟ ਤੋਂ ਬਚਾਇਆ ਗਿਆ ਸੀ।
ਇਸ ਯਾਤਰਾ ਦੌਰਾਨ ਲਗਭਗ 50 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਅਜਿਹੇ ਸਨ ਜਿਨ੍ਹਾਂ ਨੂੰ ਮਨੁੱਖੀ ਤਸਕਰਾਂ ਨੇ ਇਹ ਝੂਠ ਬੋਲਿਆ ਸੀ ਕਿ ਉਹ ਉਨ੍ਹਾਂ ਨੂੰ ਸੁਰੱਖਿਅਤ ਅਤੇ ਕਾਨੂੰਨੀ ਰਸਤੇ ਰਾਹੀਂ ਯੂਰਪ ਲੈ ਕੇ ਜਾਣਗੇ।
ਬੀਬੀਸੀ ਵੈਰੀਫਾਈ ਨੇ ਅਜਿਹੇ ਤਸਕਰਾਂ ਵਿੱਚੋਂ ਇੱਕ ਦਾ ਪਤਾ ਲਗਾਇਆ ਹੈ ਅਤੇ ਤਿੰਨ ਮਹਾਂਦੀਪਾਂ ਵਿੱਚ ਉਸਦੀਆਂ ਗਤੀਵਿਧੀਆਂ ਦਾ ਦਸਤਾਵੇਜ਼ੀਕਰਨ ਕੀਤਾ ਹੈ।
ਮਨੁੱਖੀ ਤਸਕਰ ਦੇ ਵੀਡੀਓ ਤੋਂ ਕੀ ਪਤਾ ਲੱਗਿਆ

ਤਸਵੀਰ ਸਰੋਤ, TikTok/Fadi Gujjar
ਮੌਰੀਤਾਨੀਆ ਦੀ ਰਾਜਧਾਨੀ ਨੂਆਕਚੋਟ ਵਿੱਚ ਇੱਕ ਬੀਚ ਦੇ ਕਿਨਾਰੇ ਰੈਸਟੋਰੈਂਟ ਵਿੱਚ ਤਿੰਨ ਆਦਮੀਆਂ ਦੇ ਇੱਕ ਵੀਡੀਓ ਵਿੱਚ ਪੰਜਾਬੀ ਰੈਪ ਸੰਗੀਤ ਚੱਲਦਾ ਸੁਣਾਈ ਦਿੰਦਾ ਹੈ।
ਫਿਰ ਇੱਕ ਤੋਂ ਬਾਅਦ ਇੱਕ, ਉਹ ਤਿੰਨੇ ਵਿਅਕਤੀ ਕੈਮਰੇ ਵੱਲ ਦੇਖ ਕੇ ਮੁਸਕਰਾਉਂਦੇ ਹਨ ਅਤੇ ਫਿਰ ਗੱਲਾਂ ਕਰਨ ਅਤੇ ਹੱਸਣ ਲਈ ਇੱਕ-ਦੂਜੇ ਵੱਲ ਮੁੜ ਜਾਂਦੇ ਹਨ।
ਇਹ ਸਪਸ਼ਟ ਹੈ ਕਿ ਤਿੰਨੇ ਦੋਸਤ ਹਨ। ਉਨ੍ਹਾਂ ਵਿੱਚੋਂ ਦੋ, ਸੂਫੀਆਨ ਅਲੀ ਅਤੇ ਆਤਿਫ ਸ਼ਹਿਜ਼ਾਦ, ਪੇਂਡੂ ਪਾਕਿਸਤਾਨ ਨਾਲ ਸਬੰਧਿਤ ਹਨ ਅਤੇ ਚਚੇਰੇ ਭਰਾ ਹਨ।
ਪਰ ਜਿਹੜਾ ਆਦਮੀ ਗੱਲਬਾਤ ਵਿੱਚ ਜ਼ਿਆਦਾ ਹਾਵੀ ਨਜ਼ਰ ਆਉਂਦਾ ਹੈ, ਉਹ ਫਾਦੀ ਗੁੱਜਰ ਹੈ, ਇੱਕ ਮਨੁੱਖੀ ਤਸਕਰ।
ਇਹ ਵੀਡੀਓ ਗੁੱਜਰ ਦੇ ਟਿੱਕਟੌਕ ਅਕਾਊਂਟ ‘ਤੇ ਪੋਸਟ ਕੀਤਾ ਗਿਆ ਹੈ। ਇਹ ਬੀਬੀਸੀ ਵੈਰੀਫਾਈ ਦੁਆਰਾ ਵਿਸ਼ਲੇਸ਼ਣ ਕੀਤੇ ਗਏ 450 ਤੋਂ ਵੱਧ ਕਲਿੱਪਾਂ ਵਿੱਚੋਂ ਇੱਕ ਵੀਡੀਓ ਹੈ ਜੋ ਉਸ ਦੀਆਂ ਗਤੀਵਿਧੀਆਂ ਅਤੇ ਦੂਜੇ ਆਦਮੀਆਂ ਨਾਲ ਉਸਦੇ ਨਜ਼ਦੀਕੀ ਸਬੰਧਾਂ ਬਾਰੇ ਸਬੂਤ ਦਿੰਦਾ ਹੈ।
ਜਿਸ ਕਿਸ਼ਤੀ ‘ਤੇ ਯਾਤਰਾ ਕਰ ਰਹੇ ਸੀ, ਉਸੇ ‘ਤੇ ਕੁੱਟ-ਕੁੱਟ ਕੇ ਮਾਰ ਦਿੱਤਾ
ਇਸ ਵੀਡੀਓ ਨੂੰ ਔਨਲਾਈਨ ਪੋਸਟ ਕੀਤੇ ਜਾਣ ਦੇ ਇੱਕ ਮਹੀਨੇ ਦੇ ਅੰਦਰ ਹੀ ਅਲੀ ਅਤੇ ਸ਼ਹਿਜ਼ਾਦ ਦੀ ਮੌਤ ਹੋ ਗਈ ਸੀ। ਜਿਸ ਕਿਸ਼ਤੀ ਰਾਹੀਂ ਉਹ ਯਾਤਰਾ ਕਰ ਰਹੇ ਸਨ, ਉਸੇ ਕਿਸ਼ਤੀ ‘ਤੇ ਉਨ੍ਹਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ।
ਗੁੱਜਰ ਨੇ ਹੀ ਉਨ੍ਹਾਂ ਦੋਵਾਂ ਨੂੰ ਉਸ ਕਿਸ਼ਤੀ ਰਾਹੀਂ ਯਾਤਰਾ ‘ਤੇ ਭੇਜਿਆ ਸੀ ਅਤੇ ਇਸ ਦੇ ਲਈ ਪੈਸੇ ਵੀ ਲਏ ਸਨ। ਉਸ ਨੇ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਇੱਕ ਸੁਰੱਖਿਅਤ ਰਸਤੇ ਰਾਹੀਂ ਯੂਪਰ ਭੇਜ ਰਾਹ ਹੈ, ਪਰ ਅਜਿਹਾ ਨਹੀਂ ਹੋਇਆ।
ਇਸ ਦੌਰਾਨ, ਗੁੱਜਰ ਵੀ ਭੱਜ ਗਿਆ ਅਤੇ ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐਫਆਈਏ) ਇਸ ਦੁਖਦ ਘਟਨਾ ਵਿੱਚ ਉਸ ਦੀ ਸ਼ਮੂਲੀਅਤ ਕਾਰਨ ਉਸ ਦੀ ਭਾਲ਼ ਕਰ ਰਹੀ ਹੈ।
ਜਦੋਂ ਬੀਬੀਸੀ ਵੈਰੀਫਾਈ ਨੇ ਹਾਦਸੇ ‘ਚ ਬਚੇ ਲੋਕਾਂ ਤੋਂ ਪ੍ਰਾਪਤ ਇੱਕ ਫੋਨ ਨੰਬਰ ‘ਤੇ ਉਸ ਨਾਲ ਸੰਪਰਕ ਕੀਤਾ, ਤਾਂ ਗੁੱਜਰ ਨੇ ਵਾਰ-ਵਾਰ ਵੌਇਸ ਨੋਟਸ ਭੇਜਦੇ ਹੋਏ ਕਿਹਾ ਕਿ ਹਾਦਸੇ ਵਿੱਚ ਬਚੇ ਲੋਕ ਉਸ ਦੇ ਨਾਮ ਦੀ “ਦੁਰਵਰਤੋਂ” ਕਰ ਰਹੇ ਹਨ ਅਤੇ ਉਹ ਇਹ ਸਭ ਅੱਲ੍ਹਾ ਦੇ ਹੱਥਾਂ ਵਿੱਚ ਛੱਡ ਆਇਆ ਸੀ।
ਫਾਦੀ, ਖਾਨਾਬਦੋਸ਼ ਤਸਕਰ

ਤਸਵੀਰ ਸਰੋਤ, TikTok/Fadi Gujjar
ਫਾਦੀ ਗੁੱਜਰ ਪਾਕਿਸਤਾਨ ਦੇ ਪੰਜਾਬ ਖੇਤਰ ਦੇ ਜੌਰਾਹ ਦਾ ਰਹਿਣ ਵਾਲਾ ਹੈ। ਉਸ ਦੀ ਉਮਰ ਲਗਭਗ 30 ਸਾਲ ਹੈ ਅਤੇ ਉਸਦਾ ਅਸਲੀ ਨਾਮ ਖਾਵਰ ਹਸਨ ਹੈ – ਹਾਲਾਂਕਿ ਉਸਨੂੰ ਬਿਸ਼ੀ ਗੁੱਜਰ ਵੀ ਕਿਹਾ ਜਾਂਦਾ ਹੈ।
ਬੀਬੀਸੀ ਨੇ ਪਹਿਲਾਂ ਜਿਨ੍ਹਾਂ ਪਾਕਿਸਤਾਨੀ ਤਸਕਰਾਂ ਬਾਰੇ ਰਿਪੋਰਟ ਦਿੱਤੀ ਸੀ, ਉਹ ਯੂਰਪ ਜਾਣ ਵਾਲੇ ਗੈਰ-ਕਾਨੂੰਨੀ ਰੂਟਾਂ ਦਾ ਆਨਲਾਈਨ ਇਸ਼ਤਿਹਾਰ ਦਿੰਦੇ ਰਹੇ ਹਨ ਅਤੇ ਇਸ ਬਾਰੇ ਸ਼ੇਖੀਆਂ ਵੀ ਮਾਰਦੇ ਰਹੇ ਹਨ।
ਪਰ ਗੁੱਜਰ ਇਸ ਮਾਮਲੇ ‘ਚ ਸੁਚੇਤ ਰਿਹਾ। ਉਸ ਦੀ ਔਨਲਾਈਨ ਮੌਜੂਦਗੀ ਬਹੁਤ ਸੀਮਿਤ ਹੈ ਅਤੇ ਉਸ ਦੀਆਂ ਜਿਨ੍ਹਾਂ ਵੀ ਯਾਤਰਾਵਾਂ ਦੀ ਜਾਣਕਾਰੀ ਔਨਲਾਈਨ ਮੌਜੂਦ ਹੈ, ਉਨ੍ਹਾਂ ਦੇ ਵੀਡੀਓ ਬਹੁਤ ਚੰਗੇ ਤਰ੍ਹਾਂ ਨਾਲ ਐਡਿਟ ਕੀਤੇ ਹੋਏ ਹਨ।
ਬੀਬੀਸੀ ਵੈਰੀਫਾਈ ਕੀਤੇ ਗਏ ਉਸ ਦੇ ਲਗਭਗ ਸਾਰੇ ਗਾਹਕ ਜੌਰਾਹ ਨਾਲ ਸਬੰਧਿਤ ਹਨ। ਇੰਝ ਜਾਪਦਾ ਹੈ ਕਿ ਉਸਦੀਆਂ ਸੇਵਾਵਾਂ ਦੇ ਇਸ਼ਤਿਹਾਰ ਮੂੰਹ-ਜ਼ਬਾਨੀ ਫੈਲਦੇ ਸਨ।
ਫੇਸਬੁੱਕ ‘ਤੇ ਉਸਦਾ ਮੌਜੂਦਾ ਸਥਾਨ ਇਸਤਾਂਬੁਲ, ਤੁਰਕੀ ਵਿੱਚ ਹੈ – ਜੋ ਕਿ ਤੇਜ਼ ਪੈਸਾ ਕਮਾਉਣ ਦੀ ਕੋਸ਼ਿਸ਼ ਕਰਨ ਵਾਲੇ ਤਸਕਰਾਂ ਲਈ ਇੱਕ ਢੁਕਵੀਂ ਥਾਂ ਮੰਨਿਆ ਜਾਂਦਾ ਹੈ।
ਟਿੱਕਟੌਕ ‘ਤੇ ਪੋਸਟ ਕੀਤੇ ਗਏ ਵੀਡੀਓ ਅਨੁਸਾਰ ਜੁਲਾਈ 2022 ਤੋਂ ਉਹ ਇਸ ਸ਼ਹਿਰ ਵਿੱਚ ਹੈ, ਜਿਸ ਵਿੱਚ ਉਸ ਨੂੰ ਇੱਥੋਂ ਦੀ ਮਸ਼ਹੂਰ ਇਤਿਹਾਸਿਕ ਥਾਂ ਹਾਗੀਆ ਸੋਫੀਆ ਅਤੇ ਇੱਕ ਪਾਕਿਸਤਾਨੀ ਸੁਪਰਮਾਰਕੀਟ ਦੇ ਬਾਹਰ ਦੇਖਿਆ ਜਾ ਸਕਦਾ ਹੈ।
ਇੱਕ ਹੋਰ ਥਾਂ ਵੀ ਸਾਹਮਣੇ ਆਈ ਹੈ – ਪੱਛਮੀ ਅਫਰੀਕਾ ਦੇ ਐਟਲਾਂਟਿਕ ਤੱਟ ‘ਤੇ ਮੌਰੀਤਾਨੀਆ – ਜੋ ਕਿ ਉਸਦੇ ਕੰਮ ਦਾ ਕੇਂਦਰ ਹੈ ਅਤੇ ਉਹ ਜਗ੍ਹਾ ਹੈ ਜਿੱਥੋਂ ਪਰਵਾਸੀ ਕਿਸ਼ਤੀ ਨੇ ਆਪਣੀ ਖ਼ਤਰਨਾਕ ਯਾਤਰਾ ਸ਼ੁਰੂ ਕੀਤੀ ਸੀ।
ਖ਼ਤਰਨਾਕ ਯਾਤਰਾ

ਤਸਵੀਰ ਸਰੋਤ, Getty Images
ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ (ਆਈਓਐਮ) ਦਾ ਕਹਿਣਾ ਹੈ ਕਿ 2023 ਤੋਂ ਮੌਰੀਤਾਨੀਆ ਮਨੁੱਖੀ ਤਸਕਰੀ ਦਾ ਕੇਂਦਰ ਬਣ ਗਿਆ ਹੈ ਕਿਉਂਕਿ ਦੂਜੇ ਰੂਟਾਂ ‘ਤੇ ਹੁਣ ਸਖ਼ਤੀ ਹੋ ਗਈ ਹੈ।
ਇਹ ਰਸਤਾ ਜਾਨਲੇਵਾ ਹੈ। ਆਈਓਐਮ ਦੇ ਅੰਕੜੇ ਦਰਸਾਉਂਦੇ ਹਨ ਕਿ ਇਸ ਸਾਲ ਇਸ ਵਿੱਚ 170 ਲੋਕਾਂ ਦੀ ਮੌਤ ਹੋ ਗਈ ਹੈ ਜਾਂ ਉਹ ਲਾਪਤਾ ਹੋ ਗਏ ਹਨ, ਜਿਨ੍ਹਾਂ ਵਿੱਚ 14 ਬੱਚੇ ਸ਼ਾਮਲ ਹਨ।
ਯੂਰਪ ਵਿੱਚ ਆਰਥਿਕ ਮੌਕਿਆਂ ਦੀ ਭਾਲ਼ ਕਰਦੇ ਬਹੁਤ ਸਾਰੇ ਪਾਕਿਸਤਾਨੀ ਜ਼ਿੰਦਗੀ ਦਾ ਜੋਖਮ ਲੈਣ ਲਈ ਵੀ ਤਿਆਰ ਹਨ। ਯੂਰਪ ਵਿੱਚ ਪਹਿਲਾਂ ਤੋਂ ਰਹਿ ਰਹੇ ਅਜਿਹੇ ਹੀ ਲੋਕ ਔਨਲਾਈਨ ਇੰਝ ਦਿਖਾਉਂਦੇ ਹਨ ਕਿ ਉਨ੍ਹਾਂ ਦਾ ਜੀਵਨ ਐਸ਼ ਦਾ ਹੈ।
ਗੁੱਜਰ ਵਰਗੇ ਤਸਕਰ, ਜਿਨ੍ਹਾਂ ਦਾ ਮੁਨਾਫ਼ਾ ਦੇਣ ਵਾਲਾ ਕਾਰੋਬਾਰ ਲੋਕਾਂ ਦੀਆਂ ਇੱਛਾਵਾਂ ਨਾਲ ਜੁੜਿਆ ਹੋਇਆ ਹੈ, ਇਸਦਾ ਫਾਇਦਾ ਉਠਾਉਂਦੇ ਹਨ।
ਜ਼ਿੰਦਗੀ ਦਾ ਜੂਆ ਖੇਡਦੇ ਪਰਵਾਸੀ

ਤਸਵੀਰ ਸਰੋਤ, Getty Images
ਇਹ ਪਰਵਾਸੀ ਆਪਣੀ ਜ਼ਿੰਦਗੀ ਦਾ ਜੂਆ ਖੇਡ ਰਹੇ ਹਨ, ਆਪਣੇ ਪਰਿਵਾਰਾਂ ਦੀ ਬੱਚਤ ਲਗਾ ਕੇ ਜਾਂ ਵੇਚ ਕੇ ਯਾਤਰਾ ਕਰ ਰਹੇ ਹਨ। ਜਿਨ੍ਹਾਂ ਬਚੇ ਹੋਏ ਲੋਕਾਂ ਨਾਲ ਅਸੀਂ ਗੱਲ ਕੀਤੀ, ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਗੁੱਜਰ ਨੂੰ ਔਸਤਨ 13,000 ਡਾਲਰ ਦਿੱਤੇ ਸਨ।
ਪਾਕਿਸਤਾਨ ਤੋਂ ਮੌਰੀਤਾਨੀਆ ਲਈ ਵੀ ਕੋਈ ਸਿੱਧੀਆਂ ਉਡਾਣਾਂ ਨਹੀਂ ਹਨ, ਇਸ ਲਈ ਕੁਝ ਪਰਵਾਸੀ ਇਥੋਪੀਆ ਜਾਂ ਮੱਧ ਪੂਰਬ ਰਾਹੀਂ ਹੋ ਕੇ ਗਏ। ਉੱਥੋਂ, ਲਗਭਗ ਸਾਰੇ ਹੀ ਮੌਰੀਤਾਨੀਆ ਵਿੱਚੋਂ ਲੰਘਣ ਤੋਂ ਪਹਿਲਾਂ ਸੜਕ ਰਾਹੀਂ ਜਾਂ ਸੇਨੇਗਲ ਨਦੀ ਦੇ ਨਾਲ ਇੱਕ ਛੋਟੀ ਕਿਸ਼ਤੀ ਰਾਹੀਂ ਯਾਤਰਾ ਕਰਦੇ ਹੋਏ ਸੇਨੇਗਲ ਗਏ ਸਨ।
ਬੀਬੀਸੀ ਵੈਰੀਫਾਈ ਦੁਆਰਾ ਇੱਕ ਸਰੋਤ ਰਾਹੀਂ ਪ੍ਰਾਪਤ ਕੀਤੀ ਗਈ ਗੁੱਜਰ ਦੀ ਯਾਤਰਾ ਸਬੰਧੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਇਸ ਤਸਕਰ ਨੇ 2024 ਵਿੱਚ ਦੋ ਵਾਰ ਸੇਨੇਗਲ ਦੇ ਡਾਕਾਰ ਹਵਾਈ ਅੱਡੇ ਵਿੱਚ ਦਾਖਲ ਹੋਣ ਲਈ ਇਹੀ ਰਸਤਾ ਅਪਣਾਇਆ ਸੀ।
ਕਈ ਵੀਡੀਓਜ਼ ਵਿੱਚ ਉਹ ਅਕਤੂਬਰ 2024 ਤੋਂ ਮੌਰੀਤਾਨੀਆ ਦੀ ਰਾਜਧਾਨੀ ਨੂਆਕਚੌਟ ਵਿੱਚ ਵੀ ਨਜ਼ਰ ਆਉਂਦਾ ਹੈ। ਹਾਲਾਂਕਿ ਇਨ੍ਹਾਂ ਵੀਡੀਓਜ਼ ਨੂੰ ਔਨਲਾਈਨ ਅਪਲੋਡ ਕਰਨ ਦੀ ਮਿਤੀ ਉਸ ਸਮੇਂ ਤੋਂ ਵੱਖਰੀ ਹੋ ਸਕਦੀ ਹੈ, ਜਦੋਂ ਉਹਨਾਂ ਨੂੰ ਫਿਲਮਾਇਆ ਗਿਆ ਸੀ।
ਅਲੀ ਅਤੇ ਸ਼ਹਿਜ਼ਾਦ ਦੁਆਰਾ ਟਿੱਕਟੌਕ ‘ਤੇ ਪੋਸਟ ਕੀਤੀਆਂ ਗਈਆਂ ਹੋਰ ਕਲਿੱਪਾਂ ਵਿੱਚ ਗੁੱਜਰ ਅਗਸਤ 2024 ਦੇ ਸ਼ੁਰੂ ਵਿੱਚ ਮੌਰੀਤਾਨੀਆ ਵਿੱਚ ਨਜ਼ਰ ਆਇਆ। ਵੀਡੀਓ ਵਿੱਚ ਇਹ ਤਿੰਨੋਂ ਨੂਆਕਚੌਟ ਦੀਆਂ ਇਮਾਰਤਾਂ ਦੀਆਂ ਛੱਤਾਂ ‘ਤੇ ਅਤੇ ਸ਼ਹਿਰ ਦੇ ਆਲੇ-ਦੁਆਲੇ ਦੇ ਰੈਸਟੋਰੈਂਟਾਂ ਵਿੱਚ ਦਿਖਾਈ ਦਿੰਦੇ ਹਨ – ਇੱਕ ਅਜਿਹੀ ਲਗਜ਼ਰੀ ਚੀਜ਼ ਹੈ ਜਿਸ ਦਾ ਅਨੰਦ ਦੂਜੇ ਪਰਵਾਸੀ ਨਹੀਂ ਚੁੱਕ ਸਕਦੇ।
ਉਨ੍ਹਾਂ ਦੋਵਾਂ ਦੇ ਔਨਲਾਈਨ ਅਕਾਊਂਟਸ ਤੋਂ ਮਿਲੇ ਵੀਡੀਓਜ਼ ਤੋਂ ਪਤਾ ਚੱਲਦਾ ਹੈ ਕਿ ਉਹ ਦੋਵੇਂ ਕਾਫੀ ਕਰੀਬੀ ਸਨ ਅਤੇ ਇੱਕੋ ਪਿੰਡ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਚਾਚਾ, ਅਹਿਸਾਨ ਸ਼ਹਿਜ਼ਾਦ ਚੌਧਰੀ ਨੇ ਬੀਬੀਸੀ ਵੈਰੀਫਾਈ ਨੂੰ ਪੁਸ਼ਟੀ ਕੀਤੀ ਕਿ ਉਨ੍ਹਾਂ ਦਾ ਭਤੀਜਾ ਸੂਫੀਆਨ ਅਲੀ, ਗੁੱਜਰ ਦਾ ਦੋਸਤ ਸੀ।
ਝੂਠੇ ਵਾਅਦੇ
ਖੁਸ਼ਕਿਸਮਤੀ ਨਾਲ ਉਜ਼ੈਰ ਭੱਟ ਇਸ ਭਿਆਨਕ ਕਿਸ਼ਤੀ ਹਾਦਸੇ ਵਿੱਚ ਬਚ ਗਏ ਸਨ।
ਉਨ੍ਹਾਂ ਨੇ ਬੀਬੀਸੀ ਵੈਰੀਫਾਈ ਨੂੰ ਦੱਸਿਆ ਕਿ ਗੁੱਜਰ ਨੇ ਉਨ੍ਹਾਂ ਨੂੰ ਯੂਰਪ ਜਾਣ ਲਈ ਸੁਰੱਖਿਅਤ ਅਤੇ ਕਾਨੂੰਨੀ ਰਸਤੇ ਦਾ ਝੂਠਾ ਵਾਅਦਾ ਕੀਤਾ ਸੀ।
ਉਨ੍ਹਾਂ ਨੇ ਬੀਬੀਸੀ ਵੈਰੀਫਾਈ ਨੂੰ ਗੁੱਜਰ ਦੇ ਅਸਲੀ ਨਾਮ, ਖਾਵਰ ਹਸਨ ਦੇ ਨਾਮ ‘ਤੇ ਇੱਕ ਬੈਂਕ ਖਾਤੇ ਵਿੱਚ ਟ੍ਰਾਂਸਫਰ ਕੀਤੇ ਗਏ ਫੰਡਾਂ ਦੇ ਸਬੂਤ ਵੀ ਭੇਜੇ ਹਨ।
ਉਜ਼ੈਰ ਦੱਸਦੇ ਹਨ ਕਿ ਪਰ ਜਦੋਂ ਉਹ ਮੌਰੀਤਾਨੀਆ ਪਹੁੰਚੇ, ਤਾਂ ਤਸਕਰ ਆਪਣੇ ਵਾਅਦੇ ਤੋਂ ਮੁੱਕਰ ਗਿਆ।
ਉਜ਼ੈਰ ਯਾਦ ਕਰਦਿਆਂ ਦੱਸਦੇ ਹਨ ਕਿ “ਉਸਨੇ ਕਿਹਾ ਕਿ ਇੱਥੋਂ ਹਵਾਈ ਯਾਤਰਾ ਕੰਮ ਨਹੀਂ ਕਰੇਗੀ। ਮੈਂ ਤੁਹਾਨੂੰ ਇੱਕ ਵੱਡੇ ਸਮੁੰਦਰੀ ਜਹਾਜ਼ ਰਾਹੀਂ ਭੇਜਾਂਗਾ। ਇਸ ਲਈ ਕਿਰਪਾ ਕਰਕੇ ਤੁਸੀਂ ਸਹਿਯੋਗ ਕਰੋ, ਤੁਹਾਡਾ [ਯੂਰਪ ਦਾ] ਵੀਜ਼ਾ ਨਹੀਂ ਆਵੇਗਾ।”
ਅੰਤ ਵਿੱਚ ਉਜ਼ੈਰ ਨੇ ਹਾਰ ਮੰਨ ਲਈ।

ਅਲੀ, ਸ਼ਹਿਜ਼ਾਦ ਅਤੇ ਉਜ਼ੈਰ ਦੇ ਨਾਲ-ਨਾਲ, ਬੀਬੀਸੀ ਵੈਰੀਫਾਈ ਨੇ ਦੋ ਹੋਰ ਪ੍ਰਵਾਸੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੇ ਗੁੱਜਰ ਨੂੰ ਇਸ ਯਾਤਰਾ ਲਈ ਭੁਗਤਾਨ ਕੀਤਾ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਵਾਰ ਜਦੋਂ ਉਹ ਨੂਆਕਚੌਟ ਪਹੁੰਚ ਗਏ ਤਾਂ ਉਨ੍ਹਾਂ ਨੂੰ “ਸੇਫ਼ ਹਾਓਸੇਜ਼” ਵਿੱਚ ਰੱਖਿਆ ਗਿਆ ਸੀ – ਇਹ ਇੱਕ ਅਜਿਹਾ ਸ਼ਬਦ ਜੋ ਅਣਜਾਣੀਆਂ ਗਲੀਆਂ ਵਿੱਚ ਸਥਿਤ ਇਮਾਰਤਾਂ ਲਈ ਵਰਤਿਆ ਜਾਂਦਾ ਹੈ, ਜਿੱਥੇ ਪਰਵਾਸੀਆਂ ਨੂੰ ਤਸਕਰਾਂ ਦੁਆਰਾ ਗੈਰ-ਕਾਨੂੰਨੀ ਤੌਰ ‘ਤੇ ਰੱਖਿਆ ਜਾਂਦਾ ਹੈ।
ਇੱਕ ਹੋਰ ਵਿਅਕਤੀ, ਜੋ ਇੱਕ ਵੱਖਰੇ ਏਜੰਟ ਰਾਹੀਂ ਆਏ ਸਨ, ਨੇ ਕਿਹਾ ਕਿ ਉਹ ਵੀ ਗੁੱਜਰ ਦੁਆਰਾ ਚਲਾਏ ਜਾ ਰਹੇ ਸੇਫ਼ ਹਾਓਸੇਜ਼ ਵਿੱਚ ਰਹੇ ਸਨ।
ਬੀਬੀਸੀ ਵੈਰੀਫਾਈ ਨੇ ਨੂਆਕਚੌਟ ਬੰਦਰਗਾਹ ਦੇ ਨੇੜੇ ਇੱਕ ਖੇਤਰ ਵਿੱਚ ਇੱਕ ਸਥਾਨ ਦੀ ਪੁਸ਼ਟੀ ਕੀਤੀ। ਬਚੇ ਹੋਏ ਲੋਕਾਂ ਦਾ ਕਹਿਣਾ ਹੈ ਕਿ ਉਸ ਥਾਂ ‘ਤੇ ਗੁੱਜਰ ਕਦੇ-ਕਦਾਈਂ ਜਾਂਦਾ ਸੀ।
ਕਿਸ਼ਤੀ ਦੀ ਖ਼ਤਰਨਾਕ ਯਾਤਰਾ

ਹਾਦਸੇ ਵਿੱਚ ਬਚੇ ਹੋਏ ਲੋਕਾਂ ਨੇ ਬੀਬੀਸੀ ਵੈਰੀਫਾਈ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ 2 ਜਨਵਰੀ ਨੂੰ ਸਵੇਰੇ ਨੂਆਕਚੌਟ ਤੋਂ ਮੱਛੀ ਫੜ੍ਹਨ ਵਾਲੀ ਇੱਕ ਛੋਟੀ ਕਿਸ਼ਤੀ ਵਿੱਚ ਰਵਾਨਾ ਹੋਏ ਸਨ। ਕਿਸ਼ਤੀ ਵਿੱਚ ਸਵਾਰ ਜ਼ਿਆਦਾਤਰ ਲੋਕਾਂ ਨੇ ਪਾਕਿਸਤਾਨ ਵਿੱਚ ਆਪਣੇ ਜੱਦੀ ਸ਼ਹਿਰਾਂ ਵਿੱਚ ਤਸਕਰਾਂ ਨੂੰ ਇਸ ਯਾਤਰਾ ਲਈ ਭੁਗਤਾਨ ਕੀਤਾ ਸੀ।
ਪਰ ਤਿੰਨ ਦਿਨਾਂ ਦੀ ਇਹ ਯਾਤਰਾ, ਸਮੁੰਦਰ ਵਿੱਚ ਗੁਆਚੀ ਦੋ ਹਫ਼ਤਿਆਂ ਦੀ ਇੱਕ ਘਾਤਕ ਯਾਤਰਾ ਵਿੱਚ ਬਦਲ ਗਈ।
ਉਜ਼ੈਰ ਕਹਿੰਦੇ ਹਨ ਕਿ ਜਿਸ ਦਿਨ ਤੋਂ ਉਹ ਬੰਦਰਗਾਹ ਛੱਡ ਕੇ ਆਏ ਸਨ, ਪਰਸਵਾਸੀ “ਕਿਸ਼ਤੀ ਵਿੱਚੋਂ ਲਗਾਤਾਰ ਪਾਣੀ ਕੱਢ ਰਹੇ ਸਨ”। ਇੱਕ ਹੋਰ ਆਦਮੀ, ਬਿਲਾਲਵਾਲ ਇਕਬਾਲ ਨੇ ਯਾਦ ਕੀਤਾ ਕਿ ਯਾਤਰੀਆਂ ਨੇ ਛੇਤੀ ਹੀ “ਸਮੁੰਦਰ ਦਾ ਪਾਣੀ ਪੀਣਾ ਸ਼ੁਰੂ ਕਰ ਦਿੱਤਾ ਅਤੇ ਇਸਨੂੰ ਪੀਣ ਤੋਂ ਬਾਅਦ, ਲੋਕ ਜਿਵੇਂ ਭਮੱਤਰ ਗਏ”।
‘ਉਨ੍ਹਾਂ ਨੇ ਮੇਰੇ ਅੰਗੂਠਿਆਂ ‘ਤੇ ਹਥੌੜੇ ਨਾਲ ਮਾਰਿਆ’

ਬਚੇ ਲੋਕਾਂ ਦੇ ਅਨੁਸਾਰ, ਕਿਸ਼ਤੀ ਵਿੱਚ ਸਵਾਰ ਚਾਲਕ ਦਲ, ਤਸਕਰਾਂ ਦੁਆਰਾ ਨਿਯੁਕਤ ਪੱਛਮੀ ਅਫ਼ਰੀਕੀ ਸਨ ਜੋ ਪਾਕਿਸਤਾਨੀ ਪਰਵਾਸੀਆਂ ਨੂੰ ਭੁੱਖਾ-ਪਿਆਸਾ ਰੱਖਦੇ ਸਨ ਅਤੇ ਉਨ੍ਹਾਂ ਨੂੰ ਰੋਜ਼ਾਨਾ ਕੁੱਟਦੇ ਸਨ।
ਇਕਬਾਲ ਨੇ ਬੀਬੀਸੀ ਵੈਰੀਫਾਈ ਨੂੰ ਦੱਸਿਆ, “ਮੈਂ ਉਨ੍ਹਾਂ ਦੀਆਂ ਪਾਣੀ ਦੀਆਂ ਬੋਤਲਾਂ ਵਿੱਚੋਂ ਇੱਕ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੇਰੇ ਸਿਰ ‘ਤੇ ਰੱਸੀ ਨਾਲ ਮਾਰਿਆ ਅਤੇ ਮੈਂ ਪਿੱਛੇ ਵੱਲ ਨੂੰ ਧੱਕਿਆ ਗਿਆ। ਫਿਰ ਉਨ੍ਹਾਂ ਨੇ ਮੇਰੇ ਅੰਗੂਠਿਆਂ ‘ਤੇ ਹਥੌੜੇ ਨਾਲ ਮਾਰਿਆ, ਮੇਰੇ ਉਹ ਜ਼ਖ਼ਮ ਅਜੇ ਵੀ ਹਨ।”
ਮ੍ਰਿਤਕ ਦੇ ਚਾਚੇ ਨੇ ਦੱਸਿਆ ਕਿ ਸੂਫ਼ੀਆਨ ਅਲੀ ਅਤੇ ਆਤਿਫ਼ ਸ਼ਹਿਜ਼ਾਦ ਦੀ ਮੌਤ ਵੀ ਚਾਲਕ ਦਲ ਵੱਲੋਂ ਕੁੱਟ-ਕੁੱਟ ਕੇ ਮਾਰਨ ਤੋਂ ਬਾਅਦ ਹੋਈ। ਉਹ ਕਹਿੰਦੇ ਹਨ ਕਿ ਜੋ ਲੋਕ ਬਚੇ ਹਨ ਉਨ੍ਹਾਂ ਨੇ ਹੀ ਦੱਸਿਆ ਕਿ ਕਿਹੜੇ ਹਾਲਾਤਾਂ ਵਿੱਚ ਉਨ੍ਹਾਂ ਦੋਵਾਂ ਦੀ ਮੌਤ ਹੋਈ ਸੀ।
ਕੁਝ ਹੋਰ ਭੁੱਖਮਰੀ, ਡੀਹਾਈਡਰੇਸ਼ਨ (ਪਾਣੀ ਦੀ ਕਮੀ) ਅਤੇ ਹਾਈਪੋਥਰਮੀਆ (ਤੇਜ਼ੀ ਨਾਲ ਸਰੀਰ ਦਾ ਤਾਪਮਾਨ ਗਿਰਨਾ) ਕਾਰਨ ਮਰ ਗਏ।
ਜਿਹੜੇ ਅਜੇ ਵੀ ਜ਼ਿੰਦਾ ਹਨ, ਜਿਨ੍ਹਾਂ ਵਿੱਚ ਚਾਲਕ ਦਲ ਵੀ ਸ਼ਾਮਲ ਹੈ, ਉਨ੍ਹਾਂ ਨੇ ਵੀ ਹਾਰ ਮੰਨ ਲਈ ਸੀ ਪਰ ਫਿਰ ਉਨ੍ਹਾਂ ਨੇ ਇੱਕ ਬਹੁਤ ਵੱਡਾ ਮੱਛੀ ਫੜ੍ਹਨ ਵਾਲਾ ਜਹਾਜ਼ ਦੇਖਿਆ। ਉਜ਼ੈਰ ਭੱਟ ਸਮੁੰਦਰ ਵਿੱਚ ਛਾਲ ਮਾਰ ਗਏ ਅਤੇ ਮਦਦ ਲਈ ਉਸ ਵੱਲ ਤੈਰ ਕੇ ਗਏ।
ਤੱਟ ਰੱਖਿਅਕ ਨੇ ਜਹਾਜ਼ ਨੂੰ ਨਿਰਦੇਸ਼ ਦਿੱਤੇ ਕਿ ਉਹ ਪਰਵਾਸੀਆਂ ਦੀ ਕਿਸ਼ਤੀ ਨੂੰ 60 ਮੀਲ ਦੂਰ ਦਖਲਾ ਬੰਦਰਗਾਹ ‘ਤੇ ਲੈ ਜਾਣ। ਆਈਓਐਮ ਦੇ ਅਨੁਸਾਰ, 15 ਲਾਸ਼ਾਂ ਜਹਾਜ਼ ‘ਤੇ ਮਿਲੀਆਂ ਜਦੋਂ ਕਿ 35 ਲੋਕ ਸਮੁੰਦਰ ਵਿੱਚ ਲਾਪਤਾ ਸਨ ਅਤੇ ਉਨ੍ਹਾਂ ਨੂੰ ਮ੍ਰਿਤਕ ਮੰਨਿਆ ਗਿਆ।
ਗੁੱਜਰ ਅਜੇ ਵੀ ਫਰਾਰ

ਤਸਵੀਰ ਸਰੋਤ, Getty Images
ਪਾਕਿਸਤਾਨੀ ਅਧਿਕਾਰੀਆਂ ਨੇ ਗੁੱਜਰ ਨੂੰ ਇਸ ਦਰਦਨਾਕ ਹਾਦਸੇ ਵਿੱਚ ਸ਼ਾਮਲ ਦਸ ਤਸਕਰਾਂ ਵਿੱਚੋਂ ਇੱਕ ਵਜੋਂ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿੱਚੋਂ ਕੁਝ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਪਰ ਗੁੱਜਰ ਅਜੇ ਪੁਲਿਸ ਦੇ ਹੱਥ ਨਹੀਂ ਆਇਆ ਹੈ।
ਬੀਬੀਸੀ ਵੈਰੀਫਾਈ ਨੇ ਉਸਦੀਆਂ ਸਭ ਤੋਂ ਤਾਜ਼ਾ ਟਿੱਕਟੌਕ ਪੋਸਟਾਂ ਦੀ ਮਦਦ ਨਾਲ ਬਾਕੂ, ਅਜ਼ਰਬਾਈਜਾਨ ਦੀ ਲੋਕੇਸ਼ਨ ਨੋਟ ਕੀਤੀ ਹੈ – ਹਾਲਾਂਕਿ ਅਸੀਂ ਇਹ ਯਕੀਨੀ ਤੌਰ ‘ਤੇ ਨਹੀਂ ਕਹਿ ਸਕਦੇ ਕਿ ਕੀ ਉਹ ਅਜੇ ਵੀ ਉੱਥੇ ਹੈ ਜਾਂ ਨਹੀਂ।
ਜਦੋਂ ਤੋਂ ਕਿਸ਼ਤੀ ਦੇ ਬਚਾਅ ਦੀ ਖ਼ਬਰ ਆਈ ਹੈ, ਉਸਦੀ ਮਾਂ ਅਤੇ ਉਸਦੇ ਇੱਕ ਭਰਾ ਨੂੰ ਪਾਕਿਸਤਾਨ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਜਿਨ੍ਹਾਂ ‘ਤੇ ਇਲਜ਼ਾਮ ਹੈ ਕਿ ਯੂਰਪ ਜਾਣ ਦੇ ਚਾਹਵਾਨ ਲੋਕਾਂ ਤੋਂ ਗੁੱਜਰ ਵੱਲੋਂ ਉਹੀ ਦੋਵੇਂ ਪੈਸੇ ਇਕੱਠੇ ਕਰਦੇ ਸਨ।
ਬੀਬੀਸੀ ਵੈਰੀਫਾਈ ਨੇ ਕਿਸ਼ਤੀ ਯਾਤਰਾ ‘ਤੇ ਸਵਾਰ ਪਰਿਵਾਰਾਂ ਦੁਆਰਾ ਪਾਕਿਸਤਾਨੀ ਪੰਜਾਬ ਵਿੱਚ ਦਾਇਰ ਛੇ ਪੁਲਿਸ ਰਿਪੋਰਟਾਂ ਵੀ ਦੇਖੀਆਂ ਹਨ।
ਇਨ੍ਹਾਂ ਵਿੱਚ ਇਲਜ਼ਾਮ ਹਨ ਕਿ ਗੁੱਜਰ ਨੇ ਜਨਵਰੀ ਦੀ ਘਟਨਾ ਵਿੱਚ ਆਪਣੀ ਭੂਮਿਕਾ ਲਈ 75,000 ਡਾਲਰ ਇਕੱਠੇ ਕੀਤੇ ਸਨ।
ਪੁਲਿਸ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਤਿੰਨ ਲੋਕਾਂ ਨੇ ਪੂਰਾ ਭੁਗਤਾਨ ਕੀਤਾ ਸੀ, ਜਦਕਿ ਬਾਕੀ ਤਿੰਨਾਂ ਨੇ ਸਿਰਫ਼ ਡਿਪੋਜ਼ਿਟ ਜਮ੍ਹਾਂ ਕਰਵਾਇਆ ਸੀ।
ਸਾਡਾ ਮੰਨਣਾ ਹੈ ਕਿ ਜਨਵਰੀ ਵਿੱਚ ਕਿਸ਼ਤੀ ਹਾਦਸੇ ਤੋਂ ਬਾਅਦ ਗੁੱਜਰ ਅਜੇ ਵੀ ਯੂਰਪ ਦੀ ਯਾਤਰਾ ‘ਤੇ ਲੋਕਾਂ ਨੂੰ ਭੇਜ ਰਿਹਾ ਸੀ।
ਮਾਰਚ ਵਿੱਚ ਇੱਕ ਬੀਬੀਸੀ ਦੇ ਅੰਡਰਕਵਰ ਰਿਪੋਰਟਰ ਨੇ ਬਚੇ ਲੋਕਾਂ ਤੋਂ ਪ੍ਰਾਪਤ ਕੀਤੇ ਫ਼ੋਨ ਨੰਬਰ ਦੀ ਵਰਤੋਂ ਕਰਕੇ ਗੁੱਜਰ ਨਾਲ ਸੰਪਰਕ ਕੀਤਾ। ਇਸ ਗੱਲਬਾਤ ਵਿੱਚ ਗੁੱਜਰ ਨੇ ਕਿਹਾ ਕਿ ਉਹ “ਕਿਸੇ ਨੂੰ ਜਾਣਦਾ ਸੀ” ਜੋ ਯਾਤਰਾ ਦਾ ਪ੍ਰਬੰਧ ਕਰਨ ਵਿੱਚ ਮਦਦ ਕਰੇਗਾ, ਪਰ ਉਸਨੇ ਸਿੱਧੇ ਤੌਰ ‘ਤੇ ਖੁਦ ਸ਼ਾਮਲ ਹੋਣ ਦੀ ਪੇਸ਼ਕਸ਼ ਨਹੀਂ ਕੀਤੀ।
ਦਿਲੇ ਯਾਲਸਿਨ, ਜਾਵੇਦ ਸੂਮਰੋ ਅਤੇ ਜੋਸ਼ੂਆ ਚੀਥਮ ਦੁਆਰਾ ਐਡੀਸ਼ਨਲ ਰਿਪੋਰਟਿੰਗ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI