SOURCE : SIKH SIYASAT


December 21, 2024 | By

ਜਲੰਧਰ – ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਤੌਰ ਜਥੇਦਾਰ ਵਜੋਂ ਕੰਮ-ਕਾਜ ‘ਤੇ 15 ਦਿਨਾਂ ਦੀ ਰੋਕ ਲਗਾਉਣ ਨੂੰ ਬਦਲੇ ਦੀ ਭਾਵਨਾ ਤਹਿਤ ਕੀਤੀ ਗਈ ਕਾਰਵਾਈ ਕਰਾਰ ਦਿੰਦਿਆਂ ਦਲ ਖਾਲਸਾ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਉਹ ਸੱਚ-ਝੂਠ ਦਾ ਨਿਤਾਰਾ ਕਰਨ ਲਈ ਜਾਂਚ ਆਪਣੇ ਹੱਥਾਂ ਵਿੱਚ ਲੈਣ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਤਿੰਨ ਮੈਂਬਰੀ ਪੜਤਾਲਿਆ ਕਮੇਟੀ ਨੂੰ ਭੰਗ ਕਰ ਦੇਣ ।

ਪਾਰਟੀ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਆਪ ਸੱਚਾਈ ਦਾ ਪਤਾ ਲਗਾਉਣਾ ਚਾਹੀਦਾ ਹੈ,  ਘੱਟੋ-ਘੱਟ, ਇਸ ਨਾਲ ਅਹੁਦੇ ਦੀ ਮਹੱਤਤਾ ਅਤੇ ਵਕਾਰ ਬਣਿਆ ਰਹੇਗਾ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਉਹਨਾਂ ਕਿਹਾ ਕਿ ਜਦੋਂ ਤੋਂ ਪੰਜ ਸਿੰਘ ਸਾਹਿਬਾਨ ਨੇ ਅਕਾਲੀ ਦਲ ਨੂੰ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਵਿੱਚੋਂ ਕੱਢਣ ਦੇ ਨਿਰਦੇਸ਼ ਦਿੱਤੇ ਅਤੇ ਅਕਾਲ ਤਖ਼ਤ ਦੀ ਫ਼ਸੀਲ ਤੋਂ ਅਕਾਲੀ ਲੀਡਰਸ਼ਿਪ ਨੂੰ ਸਖ਼ਤ ਲਹਿਜੇ ਵਿੱਚ ਤਾੜਨਾ ਕੀਤੀ ਸੀ ਕਿ ਮੌਜੂਦਾ ਲੀਡਰਸ਼ਿਪ ਅਕਾਲੀ ਮਾਮਲਿਆਂ ਨੂੰ ਚਲਾਉਣ ਦਾ ਨੈਤਿਕ ਅਧਿਕਾਰ ਗੁਆ ਚੁੱਕੀ ਹੈ, ਉਸ ਦਿਨ ਤੋਂ ਗਿਆਨੀ ਹਰਪ੍ਰੀਤ ਸਿੰਘ ਦਾ ਜਾਣਾ ਲਗਭਗ ਤੈਅ ਸੀ।

ਸੁਖਬੀਰ ਸਿੰਘ ਬਾਦਲ ਅਤੇ ਵਲਟੋਹਾ ਦੋਵੇਂ ਬਹੁਤ ਹੀ ਹੰਕਾਰੀ ਵਿਅਕਤੀ ਹਨ ਅਤੇ ਉਨ੍ਹਾਂ ਕੋਲੋਂ ਇਹ ਉਮੀਦ ਸੀ ਕਿ ਉਹ ਸਮਾਂ ਆਉਣ ‘ਤੇ ਜਥੇਦਾਰਾਂ ਨੂੰ ਟਾਰਗੇਟ ਕਰਨਗੇ। ਉਹਨਾਂ ਕਿਹਾ ਕਿ ਇੱਕ ਸਮੇਂ ਇੱਕ ਜਥੇਦਾਰ ਨੂੰ ਫ਼ਾਰਗ ਕਰਨ ਪਿੱਛੇ ਬਾਦਲ ਗਰੁੱਪ ਦੀ ਰਣਨੀਤੀ ਲੱਗਦੀ ਹੈ।  ਅਕਾਲੀਆਂ ਦਾ ਆਪਣੇ ‘ਪੰਥਕ ਏਜੰਡੇ’ ਨੂੰ ਛੱਡਣ ਅਤੇ ਨਿਘਾਰ ਦਾ ਸਾਹਮਣਾ ਕਰਨ ਦੇ ਬਾਵਜੂਦ ਧਾਰਮਿਕ ਮਾਮਲਿਆਂ ਅਤੇ ਪੰਥਕ ਰਾਜਨੀਤੀ ਵਿੱਚ ਦਖ਼ਲਅੰਦਾਜ਼ੀ ਜਾਰੀ ਰੱਖੀ  ਹੈ।

Kanwarpal Singh Dal Khalsa

ਦਲ ਖਾਸਲਾ ਆਗੂ ਕੰਵਰਪਾਲ ਸਿੰਘ

ਉਹਨਾਂ ਕਿਹਾ ਕਿ ਭਾਵੇਂ ਕਿ ਦਾਗ਼ੀ ਅਕਾਲੀ ਲੀਡਰਸ਼ਿਪ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਲਾਂਭੇ ਕਰਨ ‘ਤੇ ਤੁਲੀ ਹੋਈ ਹੈ, ਪਰ ਤਖ਼ਤ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ-ਮੁਕਤੀ ਦੀ ਅਧਿਕਾਰਤ ਸੰਸਥਾ ਸ਼੍ਰੋਮਣੀ ਕਮੇਟੀ ਦੇ ਮੁਖੀ ਹੋਣ ਦੇ ਨਾਤੇ, ਸਰਦਾਰ ਧਾਮੀ  ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਮਾਣ-ਸਨਮਾਨ ਨਾਲ ਆਪਣੇ ਬਾਰੇ ਆਪ ਫੈਸਲਾ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਦੋਸ਼ਾਂ ਦੀ ਜਾਂਚ ਲਈ ਚੋਣਵੇਂ ਤੌਰ ‘ਤੇ 3 ਮੈਂਬਰੀ ਪੈਨਲ ਦੀ ਚੋਣ ਕਰਨਾ ਜਥੇਦਾਰਾਂ ਦੇ ਅਹੁਦੇ ਦਾ ਅਪਮਾਨ ਹੈ। ਇਸ ਤੋਂ ਇਲਾਵਾ ਜਥੇਦਾਰ ਹਰਪ੍ਰੀਤ ਸਿੰਘ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਅਤੇ ਪੰਜ ਪਿਆਰਿਆਂ ਦੀ ਹਜ਼ੂਰੀ ਵਿੱਚ ਆਪਣੇ ਉੱਪਰ ਲੱਗੇ ਦੋਸ਼ਾਂ ਦਾ ਬਾ-ਦਲੀਲ ਜੁਆਬ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਸੀ ਕਿ ਉਹ ਜਥੇਦਾਰਾਂ ਦੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕਹੇ ਬੋਲਾਂ ਨੂੰ ਆਧਾਰ ਮੰਨਦਿਆਂ ਸ਼ਿਕਾਇਤਕਰਤਾ ਦੀ ਸ਼ਿਕਾਇਤ ਨੂੰ ਰੱਦ ਕਰ ਦਿੰਦੇ।

ਦਲ ਖਾਲਸਾ ਆਗੂ ਨੇ ਕਿਹਾ ਕਿ ਸਰਦਾਰ ਧਾਮੀ, ਉਹ ਗਲਤੀਆਂ ਨਾ ਦੁਹਰਾਓਣ ਜੋ ਉਹਨਾਂ ਦੇ ਪਹਿਲੇ ਪ੍ਰਧਾਨਾਂ ਨੇ ਕੀਤੀਆਂ ਹਨ। ਜਥੇਦਾਰਾਂ ਦੇ ਅਹੁਦਿਆਂ ‘ਤੇ ਅਕਾਲੀ ਸਿਆਸਤਦਾਨਾਂ ਦੀ ਜਿਸ ਤਰ੍ਹਾਂ ਦੀ ਜਕੜ ਤੇ ਪਕੜ ਚੱਲ ਆ ਰਹੀ ਹੈ, ਉਸ ਨੇ ਨਾ ਸਿਰਫ਼ ਜਥੇਦਾਰਾਂ ਦੀ ਭਰੋਸੇਯੋਗਤਾ ਨੂੰ ਢਾਹ ਲਾਈ ਹੈ, ਸਗੋਂ ਉਨ੍ਹਾਂ ਨੂੰ ਸਿਆਸੀ ਆਕਾਵਾਂ ਦੇ ਅਧੀਨ ਕਰ ਦਿੱਤਾ ਹੈ, ਜਿਸ ਰੁਝਾਨ ਨੂੰ ਪਲਟਾਉਣ ਦੀ ਲੋੜ ਹੈ। ਪਿਛਲੇ ਤਿੰਨ ਦਹਾਕਿਆਂ ਤੋਂ, ਦਲ ਖਾਲਸਾ ਅਤੇ ਹੋਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਤੋਂ ਤਖਤ ਜਥੇਦਾਰਾਂ ਦੇ ਅਹੁਦੇ ਲਈ ਸੇਵਾ-ਨਿਯਮ ਬਣਾਉਣ ਦੀ ਮੰਗ ਕਰ ਰਹੀਆਂ ਹਨ ਪਰ ਇਸ ਮੰਗ ‘ਤੇ ਕਮੇਟੀ ਵੱਲੋਂ ਕੋਈ ਗੌਰ ਨਹੀਂ ਕੀਤਾ ਗਿਆ। ਜੇਕਰ ਜਥੇਦਾਰ ਦੀ ਨਿਯੁਕਤੀ, ਸੇਵਾ ਮੁਕਤੀ, ਕਾਰਜ ਤੇ ਅਧਿਕਾਰ ਖੇਤਰ ਸੰਬੰਧੀ ਕਾਰਜ-ਪ੍ਰਣਾਲੀ ਹੋਂਦ ਵਿੱਚ ਹੁੰਦੀ ਤਾਂ ਬਾਰ-ਬਾਰ ਅਜਿਹੇ ਹਾਲਾਤ ਪੈਦਾ ਹੋਣ ‘ਤੇ ਸਿੱਖ ਅਵਾਮ ਨੂੰ ਨਿਰਾਸ਼ਾਜਨਕ ਸਥਿਤੀ ਤੋਂ ਬਚਾਇਆ ਜਾ ਸਕਦਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:



ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।


Related Topics: , , , , ,

SOURCE : SIKH SIYASAT