Source :- BBC PUNJABI

ਗੁਰਪਤਵੰਤ ਸਿੰਘ ਪੰਨੂ ਭਾਰਤ ਵਿੱਚ ਪਾਬੰਦੀਸ਼ੁਦਾ ‘ਸਿੱਖਸ ਫਾਰ ਜਸਟਿਸ’ ਜਥੇਬੰਦੀ ਨਾਲ ਜੁੜੇ ਹੋਏ ਹਨ

ਤਸਵੀਰ ਸਰੋਤ, Gurpatwant Pannun/FB

ਇੱਕ ਘੰਟਾ ਪਹਿਲਾਂ

ਭਾਰਤ ਦੇ ਗ੍ਰਹਿ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਅਮਰੀਕੀ ਪ੍ਰਸ਼ਾਸਨ ਵੱਲੋਂ ਅਪਰਾਧਿਕ ਗਰੁੱਪਾਂ, ਅੱਤਵਾਦੀ ਜਥੇਬੰਦੀਆਂ ਤੇ ਡਰੱਗਸ ਮਾਫੀਆ ਬਾਰੇ ਦਿੱਤੀ ਜਾਣਕਾਰੀ ਦੀ ਜਾਂਚ ਲਈ ਜੋ ਕਮੇਟੀ ਬਣਾਈ ਸੀ ਉਸ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਹੈ।

ਹਾਲਾਂਕਿ ਇਸ ਜਾਰੀ ਬਿਆਨ ਵਿੱਚ ਖਾਲਿਸਤਾਨੀ ਪੱਖੀ ਗੁਰਪਤਵੰਤ ਪੰਨੂ ਦਾ ਨਾਮ ਤਾਂ ਨਹੀਂ ਲਿਆ ਗਿਆ ਹੈ ਪਰ ਇੱਥੇ ਇਹ ਜ਼ਿਕਰਯੋਗ ਹੈ ਕਿ ਗੁਰਪਤਵੰਤ ਪੰਨੂ ਦੇ ਕਤਲ ਦੀ ਨਾਕਾਮ ਕੋਸ਼ਿਸ਼ ਦੇ ਮਾਮਲੇ ਵਿੱਚ ਹੀ ਭਾਰਤ ਸਰਕਾਰ ਵੱਲੋਂ ਉੱਚ ਪੱਧਰੀ ਕਮੇਟੀ ਬਣਾਈ ਗਈ ਸੀ।

ਇਸ ਕਮੇਟੀ ਨੇ ਅਕਤੂਬਰ 2024 ਵਿੱਚ ਅਮਰੀਕਾ ਦਾ ਦੌਰਾ ਵੀ ਕੀਤਾ ਸੀ।

ਅਸਲ ਵਿੱਚ ਅਮਰੀਕਾ ਵੱਲੋਂ 2023 ਦੇ ਅਖ਼ੀਰ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇੱਕ ਭਾਰਤੀ ਅਧਿਕਾਰੀ ਵੱਲੋਂ ਨਿਖਿਲ ਗੁਪਤਾ ਨਾਂ ਦੇ ਭਾਰਤੀ ਨਾਗਰਿਕ ਨੂੰ ਅਮਰੀਕਾ ਵਿੱਚ ਰਹਿੰਦੇ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦਾ ਠੇਕਾ ਦਿੱਤਾ ਗਿਆ ਸੀ।

ਇਸ ਮਗਰੋਂ ਭਾਰਤ ਨੇ ਇਨ੍ਹਾਂ ਇਲਜ਼ਾਮਾਂ ਦੀ ਜਾਂਚ ਲਈ ਇੱਕ ਜਾਂਚ ਕਮੇਟੀ ਗਠਨ ਕਰਨ ਦੀ ਗੱਲ ਕੀਤੀ ਸੀ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਗ੍ਰਹਿ ਮੰਤਰਾਲੇ ਨੇ ਬਿਆਨ ਵਿੱਚ ਹੋਰ ਕੀ ਕਿਹਾ

ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਹੈ

ਤਸਵੀਰ ਸਰੋਤ, Ministry of Home Affairs

ਬੁੱਧਵਾਰ ਨੂੰ ਜਾਰੀ ਇਸ ਬਿਆਨ ਵਿੱਚ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਨਵੰਬਰ 2023 ਵਿੱਚ ਇੱਕ ਉੱਚ ਪੱਧਰੀ ਕਮੇਟੀ ਬਣਾਈ ਗਈ ਸੀ। ਇਹ ਕਮੇਟੀ ਇਸ ਲਈ ਬਣਾਈ ਗਈ ਸੀ ਕਿਉਂਕਿ ਅਮਰੀਕਾ ਵੱਲੋਂ ਅਪਰਾਧਿਕ ਗੁਟਾਂ ਤੇ ਅੱਤਵਾਦੀ ਸੰਗਠਨਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ ਜੋ ਭਾਰਤ ਤੇ ਅਮਰੀਕਾ ਦੋਵਾਂ ਦੀ ਸੁਰੱਖਿਆ ਲਈ ਖ਼ਤਰਾ ਸਨ।

ਬਿਆਨ ਵਿੱਚ ਅੱਗੇ ਕਿਹਾ ਹੈ, “ਕਮੇਟੀ ਨੇ ਆਪਣੀ ਖੁਦ ਦੀ ਜਾਂਚ ਕੀਤੀ ਤੇ ਇਸ ਵਿੱਚ ਅਮਰੀਕਾ ਵੱਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ ਹੈ। ਦੋਵਾਂ ਦੇਸਾਂ ਦੀਆਂ ਟੀਮਾਂ ਨੇ ਇੱਕ ਦੂਜੇ ਦੇ ਮੁਲਕਾਂ ਵਿੱਚ ਦੌਰੇ ਵੀ ਕੀਤੇ। ਵੱਖ-ਵੱਖ ਏਜੰਸੀਆਂ ਦੇ ਅਫ਼ਸਰਾਂ ਨੇ ਕਈ ਤਰੀਕੇ ਦੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ।”

“ਇੱਕ ਲੰਬੀ ਜਾਂਚ ਤੋਂ ਬਾਅਦ ਕਮੇਟੀ ਨੇ ਸਰਕਾਰ ਨੂੰ ਆਪਣੀ ਜਾਂਚ ਰਿਪੋਰਟ ਸੌਂਪ ਦਿੱਤੀ ਹੈ। ਇਸ ਰਿਪੋਰਟ ਵਿੱਚ ਇੱਕ ਵਿਅਕਤੀ ਖਿਲਾਫ ਐਕਸ਼ਨ ਲੈਣ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਵਿਅਕਤੀ ਦੇ ਪਹਿਲਾਂ ਤੋਂ ਹੀ ਅਪਰਾਧਿਕ ਲਿੰਕ ਹੋਣ ਤੇ ਪਹਿਲਾਂ ਦੀਆਂ ਗਤੀਵਿਧੀਆਂ ਵਿੱਚ ਸ਼ਮੂਲੀਅਤ ਹੋਣ ਦੀ ਜਾਣਕਾਰੀ ਜਾਂਚ ਵਿੱਚ ਸਾਹਮਣੇ ਆਈ ਹੈ। ਕਮੇਟੀ ਨੇ ਛੇਤੀ ਤੋਂ ਛੇਤੀ ਇਸ ਵਿਅਕਤੀ ਖਿਲਾਫ਼ ਐਕਸ਼ਨ ਲੈਣ ਦੀ ਸਿਫਾਰਿਸ਼ ਕੀਤੀ ਹੈ।”

ਹਾਲਾਂਕਿ ਰਿਪੋਰਟ ਵਿੱਚ ਕਿਸ ਵਿਅਕਤੀ ਦਾ ਨਾਮ ਹੈ ਇਸ ਬਾਰੇ ਬਿਆਨ ਵਿੱਚ ਕੋਈ ਜ਼ਿਕਰ ਨਹੀਂ ਹੈ।

ਇਸ ਤੋਂ ਇਲਾਵਾ ਕਮੇਟੀ ਨੇ ਪ੍ਰਕਿਰਿਆਵਾਂ ਵਿੱਚ ਸੁਧਾਰ ਕਰਨ ਦੀ ਸਿਫਾਰਿਸ਼ ਵੀ ਕੀਤੀ ਹੈ।

ਇਸ ਤੋਂ ਪਹਿਲਾਂ ਅਮਰੀਕੀ ਅਦਾਲਤ ਵਿੱਚ ਦਾਇਰ ਇਲਜ਼ਾਮਾਂ ਮੁਤਾਬਕ ਭਾਰਤੀ ਨਾਗਰਿਕ ਨਿਖਿਲ ਗੁਪਤਾ ਉੱਤੇ ਇੱਕ ਲੱਖ ਡਾਲਰ (ਤਕਰੀਬਨ 83 ਲੱਖ ਰੁਪਏ) ਦੀ ਨਕਦੀ ਬਦਲੇ ਅਮਰੀਕੀ ਨਾਗਰਿਕ ਦੇ ਕਤਲ ਦਾ ਠੇਕਾ ਦੇਣ ਦੇ ਇਲਜ਼ਾਮ ਲਗਾਏ ਗਏ ਸਨ।

ਮੀਡੀਆ ਰਿਪੋਰਟਾਂ ਮੁਤਾਬਕ ਉਹ ਨਾਗਿਰਕ ਗੁਰਪਤਵੰਤ ਪੰਨੂ ਹੀ ਸੀ।

ਨਿਖਿਲ ਗੁਪਤਾ ਕੌਣ ਹੈ

ਗੁਰਪਤਵੰਤ ਸਿੰਘ ਪੰਨੂ

ਤਸਵੀਰ ਸਰੋਤ, Getty Images

ਅਮਰੀਕੀ ਅਦਾਲਤ ‘ਚ ਦਾਇਰ ਇਲਜ਼ਾਮਾਂ ‘ਚ ਭਾਰਤੀ ਨਾਗਰਿਕ ਨਿਖਿਲ ਗੁਪਤਾ ‘ਤੇ ਇੱਕ ਲੱਖ ਡਾਲਰ (ਤਕਰੀਬਨ 83 ਲੱਖ ਰੁਪਏ) ਦੀ ਨਕਦੀ ਬਦਲੇ ਅਮਰੀਕੀ ਨਾਗਰਿਕ ਦੇ ਕਤਲ ਦਾ ਠੇਕਾ ਦੇਣ ਦੇ ਇਲਜ਼ਾਮ ਲਗਾਏ ਗਏ ਸਨ।

ਅਦਾਲਤ ਵਿਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ ਨਿਖਿਲ ਗੁਪਤਾ ਨੇ ਭਾਰਤ ਸਰਕਾਰ ਲਈ ਕੰਮ ਕਰਨ ਵਾਲੇ ਇੱਕ ਅਧਿਕਾਰੀ ਦੇ ਨਿਰਦੇਸ਼ਾਂ ‘ਤੇ ਅਮਰੀਕਾ ਵਿੱਚ ਇੱਕ ਹਿੱਟਮੈਨ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਇੱਕ ਸਿੱਖ ਵੱਖਵਾਦੀ ਨੇਤਾ ਨੂੰ ਮਾਰਨ ਦਾ ਠੇਕਾ ਦਿੱਤਾ।

ਇਲਜ਼ਾਮ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਭਾਰਤੀ ਅਧਿਕਾਰੀ ਨਾਲ ਗੱਲਬਾਤ ਦੌਰਾਨ ਨਿਖਿਲ ਗੁਪਤਾ ਨੇ ਦੱਸਿਆ ਸੀ ਕਿ ਉਹ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਕੌਮਾਂਤਰੀ ਤਸਕਰੀ ਵਿੱਚ ਸ਼ਾਮਲ ਸੀ।

ਦਸਤਾਵੇਜ਼ ਦੇ ਅਨੁਸਾਰ, ਜਿਸ ਹਿੱਟਮੈਨ ਨਾਲ ਨਿਖਿਲ ਗੁਪਤਾ ਨੇ ਸੰਪਰਕ ਕੀਤਾ, ਉਹ ਅਮਰੀਕੀ ਖ਼ੁਫ਼ੀਆ ਵਿਭਾਗ ਦਾ ਇੱਕ ਅੰਡਰਕਵਰ ਏਜੰਟ ਸੀ।

ਇਸ ਏਜੰਟ ਨੇ ਨਿਖਿਲ ਗੁਪਤਾ ਦੀਆਂ ਸਾਰੀਆਂ ਗਤੀਵਿਧੀਆਂ ਅਤੇ ਗੱਲਬਾਤ ਰਿਕਾਰਡ ਕੀਤੀ ਅਤੇ ਇਸੇ ਆਧਾਰ ‘ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ।

ਮਈ 2024 ਵਿੱਚ ਨਿਖਿਲ ਗੁਪਤਾ ਦੀ ਅਮਰੀਕਾ ਨੂੰ ਹਵਾਲਗੀ ਦੇਣ ਨੂੰ ਚੈੱਕ ਗਣਰਾਜ ਦੀ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਸੀ।

ਚੈੱਕ ਗਣਰਾਜ ਦੀਆਂ ਸੁਰੱਖਿਆ ਏਜੰਸੀਆਂ ਨੇ ਨਿਖਿਲ ਗੁਪਤਾ ਨੂੰ 16 ਜੂਨ ਨੂੰ ਅਮਰੀਕਾ ਹਵਾਲੇ ਕੀਤਾ ਸੀ।

ਇਸ ਮਾਮਲੇ ਵਿੱਚ 17 ਜੂਨ ਨੂੰ ਨਿਖਿਲ ਗੁਪਤਾ ਨੂੰ ਮੈਨਹਟਨ ਦੀ ਸੰਘੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਵਿਕਾਸ ਯਾਦਵ ਦਾ ਨਾਂ ਆਇਆ ਸੀ ਸਾਹਮਣੇ

ਐੱਫਬੀਆਈ ਨੇ ਵਿਕਾਸ ਯਾਦਵ ਦੀ ਗ੍ਰਿਫ਼ਤਾਰੀ ਲਈ ਪੋਸਟਰ ਵੀ ਜਾਰੀ ਕੀਤਾ ਹੈ

ਤਸਵੀਰ ਸਰੋਤ, www.fbi.gov

ਇਸ ਦੇ ਨਾਲ ਹੀ ਅਮਰੀਕਾ ਦੇ ਨਿਆਂ ਵਿਭਾਗ ਨੇ ਇੱਕ ਇਸੇ ਮਾਮਲੇ ਵਿੱਚ ਭਾਰਤ ਸਰਕਾਰ ਦੇ ਇੱਕ ਸਾਬਕਾ ਅਧਿਕਾਰੀ ‘ਤੇ ਇਲਜ਼ਾਮ ਤੈਅ ਕੀਤੇ ਸਨ। ਉਕਤ ਮੁਲਜ਼ਮ ਦੀ ਪਛਾਣ ਵਿਕਾਸ ਯਾਦਵ ਵਜੋਂ ਹੋਈ ਸੀ।

ਐੱਫਬੀਆਈ ਨੇ ਵਿਕਾਸ ਯਾਦਵ ਦੀ ਗ੍ਰਿਫ਼ਤਾਰੀ ਲਈ ਪੋਸਟਰ ਵੀ ਜਾਰੀ ਕੀਤਾ ਸੀ।

ਮੀਡੀਆ ਰਿਪੋਰਟਾਂ ਵਿੱਚ ਜੋ ਅਮਰੀਕੀ ਨਾਗਰਿਕ ਨਿਸ਼ਾਨੇ ਉੱਤੇ ਸੀ ਉਸ ਦੀ ਪਛਾਣ ਗੁਰਪਤਵੰਤ ਸਿੰਘ ਪੰਨੂ ਵਜੋਂ ਹੋਈ ਸੀ।

ਇਸ ਮਾਮਲੇ ਬਾਰੇ ਬੋਲਦਿਆਂ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਸੀ ਕਿ ਅਮਰੀਕਾ ਵੱਲੋਂ ਜਿਸ ਵਿਅਕਤੀ ਦੀ ਇਸ ਮਾਮਲੇ ਵਿੱਚ ਪਛਾਣ ਕੀਤੀ ਗਈ ਹੈ ਉਹ ਹੁਣ ਭਾਰਤ ਸਰਕਾਰ ਲਈ ਕੰਮ ਨਹੀਂ ਕਰਦਾ ਹੈ।

ਇਹ ਵੀ ਪੜ੍ਹੋ:

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI