Source :- BBC PUNJABI
ਇੱਕ ਬੀਬੀਸੀ ਜਾਂਚ ਵਿੱਚ ਖੁਲਾਸਾ ਹੋਇਆ ਕਿ ਇੱਕ ਟੈਟੂ ਕਲਾਕਾਰ ਨੇ ਇੱਕ ਕਾਸਮੈਟਿਕ ਕਲੀਨਿਕ ਖੋਲ੍ਹਿਆ ਜਿੱਥੇ ਆਪਣੇ-ਆਪ ਨੂੰ ਇੱਕ ਮਾਹਰ ਡਾਕਟਰ ਦੱਸਿਆ। ਜਦੋਂ ਇੱਕ ਔਰਤ ਨੇ ਉਸ ਤੋਂ ਫ਼ੇਸ ਫ਼ਿਲਰ ਕਰਵਾਏ ਤਾਂ ਉਸ ਦਾ ਚਿਹਰਾ ਹੀ ਠੀਕ ਹੋਣ ਦੀ ਬਜਾਇ ਖ਼ਰਾਬ ਹੋ ਗਿਆ।
ਇੱਕ ਪ੍ਰਮੁੱਖ ਡਾਕਟਰ ਚੇਤਾਵਨੀ ਦਿੰਦਾ ਹੈ ਕਿ ਸੁੰਦਰਤਾ ਉਦਯੋਗ ਨੂੰ ਨਿਯੰਤ੍ਰਿਤ ਕਰਨ ਦੀਆਂ ਯੋਜਨਾਵਾਂ ਵਿੱਚ ਦੇਰੀ ਹੋ ਰਹੀ ਹੈ ਜਿਸ ਨਾਲ ਵਿਗਾੜ ਵੱਧ ਸਕਦਾ ਹੈ।
ਐਂਡਰੀਆ ਨੂੰ ਘਰ ਤੋਂ ਬਾਹਰ ਨਿਕਲਣ ਲੱਗਿਆਂ ਆਪਣਾ ਚਿਹਰਾ ਢੱਕਣਾ ਪੈਂਦਾ ਹੈ।
ਕਾਸਮੈਟਿਕ ਪ੍ਰਕਿਰਿਆ ਤੋਂ ਦੋ ਸਾਲ ਬਾਅਦ, ਐਂਡਰੀਆ ਨੂੰ ਚਿੰਤਾ ਹੈ ਕਿ ਲੋਕ ਉਨ੍ਹਾਂ ਦਾ ਚਿਹਰਾ ਦੇਖ ਕੇ ਹੱਸਣਗੇ।
ਉਨ੍ਹਾਂ ਬੀਬੀਸੀ ਨੂੰ ਕਿਹਾ, “ਮੈਂ ਆਪਣਾ ਚਿਹਰਾ ਦੇਖਦੀ ਹਾਂ ਤਾਂ… ਕੁਝ ਭਿਆਨਕ, ਘਿਣਾਉਣਾ ਨਜ਼ਰ ਆਉਂਦਾ ਹੈ।”
“ਮੈਂ ਹਰ ਰੋਜ਼ ਇੱਕ ਡਰਾਉਣਾ ਸੁਫ਼ਨਾ ਜਿਉਂਦੀ ਹਾਂ।”
ਆਨਲਾਈਨ ਜਾਣਕਾਰੀ ਗੁੰਮਰਾਹਕੁੰਨ ਸੀ
60 ਸਾਲਾ ਬਜ਼ੁਰਗ ਦਸੰਬਰ 2021 ਵਿੱਚ ਬ੍ਰੈਸਟ ਫ਼ਿਲਰ ਅਪਲਾਈ ਕਰਨ ਲਈ ਯੂਕੇ ਦੇ ਹਲ ਇਲਾਕੇ ਦੇ ਰੀਸ਼ੇਪ ਯੂ ਕਾਸਮੈਟਿਕ ਕਲੀਨਿਕ ਗਏ ਸਨ।
ਉਹ ਕਹਿੰਦੇ ਹਨ ਕਿ ਹੈ ਕਿ ਉਨ੍ਹਾਂ ਨੇ ਕਲੀਨਿਕ ਬਾਰੇ ਜਿੰਨਾ ਸੰਭਵ ਸੀ ਉਹ ਜਾਣਕਰੀ ਹਾਸਿਲ ਕੀਤੀ ਸੀ। ਉਨ੍ਹਾਂ ਦੀ ਵੈੱਬਸਾਈਟ ਉੱਤੇ ਪੜ੍ਹਿਆ ਸੀ ਅਤੇ ਭਰੋਸਾ ਉਸ ਸਮੇਂ ਬਣਿਆ ਜਦੋਂ ਉਨ੍ਹਾਂ ਨੇ ਪੜ੍ਹਿਆ ਕਿ ਕਲੀਨਿਕ ਨੇ ਇੰਗਲੈਂਡ ਬਿਜ਼ਨਸ ਅਵਾਰਡਜ਼ ਦੌਰਾਨ ‘ਬੈਸਟ ਅਸਥੈਟਿਕ ਕਲੀਨਿਕ, ਯੌਰਕਸ਼ਾਇਰ 2022’ ਜਿੱਤਿਆ ਹੈ।
ਉਨ੍ਹਾਂ ਨੂੰ ਕਲੀਨਿਕ ਵਿੱਚ ਸੀਨ ਸਕੌਟ ਨੇ ਦੇਖਿਆ ਸੀ।
ਉਸ ਸਮੇਂ “ਰੀਸ਼ੇਪ ਯੂ ਐਂਡ ਫ਼ੇਸਿਜ਼ ਬਾਇ ਸੀਨ” ਦੀਆਂ ਸੋਸ਼ਲ ਮੀਡੀਆ ਪੋਸਟਾਂ ਉੱਤੇ ਡਾਕਟਰ ਸੀਨ ਸਕੌਟ ਨੂੰ ਕਲੀਨਿਕਲ ਡਾਇਰੈਕਟਰ ਦੱਸਿਆ ਗਿਆ ਸੀ।
ਜਨਵਰੀ ਅਤੇ ਅਪ੍ਰੈਲ 2023 ਵਿੱਚ ਉਨ੍ਹਾਂ ਹੀ ਸੋਸ਼ਲ ਮੀਡੀਆ ਅਕਾਉਂਟਸ ‘ਤੇ ਪੋਸਟ ਕੀਤੇ ਗਏ ਵੀਡੀਓਜ਼ ਵਿੱਚ ਕਲੀਨਿਕ ਦੇ ਇੱਕ ਦਰਵਾਜ਼ੇ ‘ਤੇ ਲਟਕਦੀ ਇੱਕ ਤਖ਼ਤੀ ਦਿਖਾਈ ਗਈ ਸੀ, ਜਿਸ ‘ਤੇ ਡਾਕਟਰ ਸੀਨ ਸਕੌਟ, ਪੀਐੱਚਡੀ, ਕਲੀਨਿਕਲ ਡਾਇਰੈਕਟਰ ਲਿਖਿਆ ਹੁੰਦਾ ਹੈ।
ਹਾਲਾਂਕਿ, ਬੀਬੀਸੀ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਸਕੌਟ ਕੋਲ ਕੋਈ ਡਾਕਟਰੀ ਸਿਖਲਾਈ ਨਹੀਂ ਹੈ।
ਸਕੌਟ ਨੇ ਕਿਹਾ ਕਿ ਉਨ੍ਹਾਂ ਨੇ ‘ਅਣਜਾਣੇ ਵਿੱਚ’ ਆਨਲਾਈਨ ਬਿਜ਼ਨਸ ਕੰਸਲਟੈਂਸੀ ਵਿੱਚ ਇੱਕ ਆਨਰੇਰੀ ਡਾਕਟਰੇਟ ਖ਼ਰੀਦੀ ਸੀ ਜਿਸ ਦਾ ਸਰਟੀਫ਼ੀਕੇਟ ਆਪਣੇ ਕਲੀਨਿਕ ਵਿੱਚ ਟੰਗ ਦਿੱਤਾ ਸੀ।
ਸਕੌਟ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਆਪਣੀ ਪਛਾਣ ਕਦੀ ਵੀ ਇੱਕ ਡਾਕਟਰ ਦੀ ਨਹੀਂ ਦੱਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੀ ਗਾਹਕਾਂ ਨੇ ਪੁੱਛਿਆ ਸਕੌਟ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਕੋਲ ਦਵਾਈ ਦਾ ਅਭਿਆਸ ਕਰਨ ਦੇ ਯੋਗ ਨਹੀਂ ਹੈ।
ਉਹ ਕਹਿੰਦੇ ਹਨ ਕਿ ਉਨ੍ਹਾਂ ਨੇ 2024 ਵਿੱਚ ਹਲ ਸਿਟੀ ਕੌਂਸਲ (ਐੱਚਸੀਸੀ) ਦੀ ਸਲਾਹ ‘ਤੇ ਜਾਅਲੀ ਟਾਈਟਲ ਦੀ ਵਰਤੋਂ ਬੰਦ ਕਰ ਦਿੱਤੀ ਸੀ, ਕਿਉਂਕਿ ਅਥਾਰਟੀ ਨੇ ਇਸ ‘ਗੁੰਮਰਾਹਕੁੰਨ’ ਕਰਾਰ ਦਿੱਤਾ ਸੀ।
ਐਂਡਰੀਆ ਦਾ ਦਾਅਵਾ ਹੈ ਕਿ ਸਕੌਟ ਨੇ ਦਸੰਬਰ 2021 ਵਿੱਚ ਜਦੋਂ ਉਨ੍ਹਾਂ ਦੇ ਪਹਿਲੀ ਵਾਰ ਬਰੈਸ ਫ਼ਿਲਰ ਕੀਤੇ ਸਨ ਤਾਂ ਐਂਟੀਬਾਇਓਟਿਕਸ ਲੈਣ ਲਈ ਦਿੱਤੇ ਸਨ।
ਅਤੇ ਮਹੀਨੇ ਬਾਅਦ ਜਦੋਂ ਦੂਜੀ ਵਾਰ ਫ਼ੀਲਿੰਗ ਕੀਤੀ ਗਈ ਉਸ ਸਮੇਂ ਵੀ ਐਂਟੀਬਾਇਓਟਿਕਸ ਦਿੱਤੇ ਸਨ।
ਐਂਡਰੀਆ ਮੰਨਦੇ ਹਨ, “ਮੈਂ ਉਸ ਹਰ ਗੱਲ ‘ਤੇ ਭਰੋਸਾ ਕੀਤਾ ਜੋ ਉਸਨੇ ਮੈਨੂੰ ਦੱਸੀ … ਕਿਉਂਕਿ ਉਹ ਡਾਕਟਰ ਸੀ,”
ਜਨਰਲ ਮੈਡੀਕਲ ਕੌਂਸਲ, ਜੋ ਯੂਕੇ ਵਿੱਚ ਡਾਕਟਰਾਂ ਨੂੰ ਨਿਯੰਤ੍ਰਿਤ ਕਰਦੀ ਹੈ, ਦਾ ਕਹਿਣਾ ਹੈ ਕਿ ਸਿਰਫ਼ ‘ਮੈਡੀਕਲ ਪੇਸ਼ੇਵਰ’ ਹੀ ਐਂਟੀਬਾਇਓਟਿਕਸ ਅਤੇ ਬੋਟੌਕਸ ਦੀ ਪ੍ਰੀਕਿਰਿਆ ਕਰ ਸਕਦੇ ਹਨ।
ਉਨ੍ਹਾਂ ਨੂੰ ਵੀ ਅਜਿਹਾ ਤਾਂ ਹੀ ਕਰਨਾ ਚਾਹੀਦਾ ਹੈ ਜੇਕਰ ਉਨ੍ਹਾਂ ਨੂੰ ਮਰੀਜ਼ ਬਾਰੇ ਮੁਕੰਮਲ ਜਾਣਕਾਰੀ ਹੈ।
ਸਕੌਟ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਐਂਟੀਬਾਇਓਟਿਕਸ ਜਾਂ ਬੋਟੌਕਸ ਦੀ ਤਜਵੀਜ਼ ਨਹੀਂ ਦਿੱਤੀ ਸੀ। ਬਲਕਿ ਇਸ ਦੀ ਬਜਾਇ ਇੱਕ ਆਨਲਾਈਨ ਦਵਾਈ ਲੈਣ ਲਈ ਇੱਕ “ਲਾਇਸੰਸਸ਼ੁਦਾ ਫਾਰਮੇਸੀ ਵਿੱਚ ਰਜਿਸਟਰਡ ਦਵਾਈ” ਦੀ ਵਰਤੋਂ ਕੀਤੀ।
ਐਂਡਰੀਆ ਕਹਿੰਦੇ ਹਨ ਕਿ ਬ੍ਰੈਸਟ ਫਿਲਰ ਕਰਵਾਉਣ ਤੋਂ ਦੋ ਮਹੀਨੇ ਬਾਅਦ, ਸਕੌਟ ਨੇ ਉਨ੍ਹਾਂ ਨੂੰ ਚਿਹਰੇ ਦੇ ਫਿਲਰ ਕਰਵਾਉਣ ਲਈ ਉਤਸ਼ਾਹਿਤ ਕੀਤਾ।
ਡਰਮਲ ਫਿਲਰਜ਼ ਹਾਈਲੂਰੋਨਿਕ ਐਸਿਡ ਦੇ ਟੀਕੇ ਹੁੰਦੇ ਹਨ, ਜੋ ਝੁਰੜੀਆਂ ਨੂੰ ਭਰਨ ਅਤੇ ਟਿਸ਼ੂ ਵਿੱਚ ਵਾਲੀਅਮ ਲਿਆਉਣ ਲਈ ਵਰਤੇ ਜਾਂਦੇ ਹਨ।
ਐਂਡਰੀਆ ਦਾ ਕਹਿਣਾ ਹੈ ਕਿ ਸਕੌਟ ਨੇ ਉਸ ਨੂੰ ਦੱਸਿਆ ਕਿ ਉਸ ਦੀਆਂ ਦੋਵੇਂ ਗੱਲ੍ਹਾਂ ਇੱਕੋ ਜਿਹੀਆਂ ਨਜ਼ਰ ਨਹੀਂ ਆਉਂਦੀਆਂ ਅਤੇ ਉਹ ਦੋਵਾਂ ਨੂੰ ਇਲਾਜ਼ ਜਰੀਏ ਬਰਾਬਰ ਕਰਨ ਵਿੱਚ ਮਦਦ ਕਰ ਸਕਦਾ ਹੈ।
ਉਨ੍ਹਾਂ ਨੇ ਆਪਣੀਆਂ ਗੱਲ੍ਹਾਂ, ਠੋਡੀ ਅਤੇ ਜਬਾੜੇ ‘ਤੇ ਫਿਲਰਜ਼ ਲਗਵਾਏ ਸਨ। ਪਰ ਪਹਿਲਾਂ ਉਨ੍ਹਾਂ ਦੇ ਚਿਹਰੇ ਉੱਤੇ ਸੋਜ਼ ਆਉਣ ਲੱਗੀ ਅਤੇ ਫ਼ਿਰ ਕਾਲੇ ਧੱਬੇ ਦਿਖਾਈ ਦੇਣ ਲੱਗੇ।
ਐਂਡਰੀਲਾ ਕਹਿੰਦੇ ਹਨ ਕਿ ਉਦੋਂ ਤੋਂ ਹੀ ਇਹ ‘ਸਧਾਰਨ’ ਪ੍ਰਕਿਰਿਆ ਬੇਚੈਨ ਕਰਨ ਵਾਲੇ ਇਲਾਜਾਂ ਦੀ ਲੰਬੀ ਸੂਚੀ ਵਿੱਚ ਬਦਲ ਗਈ।
ਐਂਡਰੀਆ ਦਾ ਕਹਿਣਾ ਹੈ ਕਿ ਸਕੌਟ ਨੇ ਉਨ੍ਹਾਂ ਨੂੰ ਕਿਹਾ ਕਿ ਕਿਸੇ ਕੀੜੇ ਦੇ ਕੱਟਣ ਨਾਲ ਸੋਜ ਹੋਈ ਸੀ ਅਤੇ ਐਂਡਰੀਆ ਨੂੰ ਹੋਰ ਇਲਾਜ ਕਰਵਾਉਣ ਲਈ ਉਤਸ਼ਾਹਿਤ ਕੀਤਾ ਗਿਆ ਸੀ।
ਸਕੌਟ ਨੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ,”ਜਦੋਂ ਕੋਈ ਗਾਹਕ ਸੋਜ, ਸੱਟ ਜਾਂ ਕਿਸੇ ਹੋਰ ਮਾੜੇ ਪ੍ਰਭਾਵਾਂ ਦੇ ਸੰਕੇਤ ਦਿਖਾ ਰਿਹਾ ਹੋਵੇ ਤਾਂ ਅਸੀਂ ਕਦੇ ਵੀ ਕੋਈ ਇਲਾਜ ਨਹੀਂ ਕਰਦੇ।”
ਸਕੌਟ ਦੇ ਮੁਤਾਬਕ, ਐਂਡਰੀਆ ਦੀਆਂ ਸਿਰਫ਼ ਸ਼ੁਰੂਆਤੀ ਸ਼ਿਕਾਇਤਾਂ ਇਹ ਸਨ ਕਿ ਉਹ ਇਲਾਜ ਤੋਂ ‘ਬਹੁਤ ਨਾਖੁਸ਼’ ਸੀ ਅਤੇ ਇਹੀ ਕਾਰਨ ਸੀ ਕਿ ਉਹ ਕਲੀਨਿਕ ‘ਤੇ ਵਾਰ-ਵਾਰ ਆਏ ਸਨ।
ਸਕੌਟ ਨੇ ਦਾਅਵਾ ਕੀਤਾ ਕਿ ਐਂਡਰੀਆ ਇਲਾਜ ਲਈ ਹੋਰ ਕਲੀਨਿਕਾਂ ‘ਤੇ ਵੀ ਗਏ ਸਨ, ਜਿਸ ਨਾਲ ਉਨ੍ਹਾਂ ਦੀ ਚਮੜੀ ਨੂੰ ਨੁਕਸਾਨ ਪਹੁੰਚਿਆ ਸੀ। ਸਕੌਟ ਨੇ ਕਿਹਾ ਕਿ ਉਨ੍ਹਾਂ ਦੇ ਕਲੀਨਿਕ ਨੇ ਇਸ ਨੁਕਸਾਨ ਦਾ ਇਲਾਜ ਕੀਤਾ ਸੀ।
ਐਂਡਰੀਆ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਸਕੌਟ ਨੂੰ ਮਿਲਣ ਤੋਂ ਤਿੰਨ ਸਾਲ ਪਹਿਲਾਂ, ਸਿਰਫ ਇੱਕ ਡਰਮਲ ਫਿਲਰ ਕਰਵਾਇਆ ਸੀ, ਜਿਸ ਤੋਂ ਉਹ ਖੁਸ਼ ਸੀ।
ਸਕੌਟ 2019 ਵਿੱਚ ਰੀਸ਼ੇਪ ਯੂ ਖੋਲ੍ਹਣ ਤੋਂ ਪਹਿਲਾਂ 33 ਸਾਲਾਂ ਤੱਕ ਇੱਕ ਟੈਟੂ ਕਲਾਕਾਰ ਸਨ। ਉਹ ਇੱਕ ਅਸਥੈਟਿਕ ਟਰੇਨਿੰਕ ਕੰਪਨੀ, ਯੌਰਕਸ਼ਾਇਰ ਅਸਥੈਟਿਕਸ ਟ੍ਰੇਨਿੰਗ ਅਕੈਡਮੀ ਵੀ ਚਲਾਉਂਦੇ ਸਨ।
ਐਂਡਰੀਆ ਦਾ ਇਲਾਜ ਸ਼ੁਰੂ ਕਰਨਾ
10 ਮਹੀਨਿਆਂ ਦੌਰਾਨ, ਐਂਡਰੀਆ ਨੇ ਸਕੌਟ ਨਾਲ 30 ਤੋਂ ਵੱਧ ਮੁਲਾਕਾਤਾਂ ਕੀਤੀਆਂ, ਜਿਸ ਵਿੱਚ ਫਿਲਰ, ਬਟੌਕਸ ਅਤੇ ਥਰੈਡਜ਼ ਸ਼ਾਮਲ ਹਨ।
ਸਕੌਟ ਨੇ ਦਾਅਵਾ ਕੀਤਾ ਕਿ ਇਨ੍ਹਾਂ ਮੀਟਿੰਗਾਂ ਦੌਰਾਨ ਸਿਰਫ਼ ਟਰੀਟਮੈਂਟ ਹੀ ਕੀਤਾ ਗਿਆ।
ਐਂਡਰੀਆ ਨੇ ਇਲਾਜ ਲਈ ਗਹਿਣੇ ਵੇਚੇ ਅਤੇ ਪੈਸੇ ਉਧਾਰ ਲਏ, ਜੋ ਹਜ਼ਾਰਾਂ ਪੌਂਡ ਤੱਕ ਪਹੁੰਚ ਗਏ ਪਰ ਨਤੀਜਾ ਸਾਜਗਰ ਨਾ ਨਿਕਲਿਆ।
ਐਂਡਰੀਆ ਕਹਿੰਦੇ ਹਨ ਕਿ ਅਕਤੂਬਰ 2022 ਵਿੱਚ, ਉਹ ਹਸਪਤਾਲ ਗਏ ਅਤੇ ਆਪਣੀਆਂ ਮੁਸ਼ਕਿਲਾਂ ਦੇ ਇਲਾਜ ਦੇ ਰਾਹ ‘ਤੇ ਤੁਰੇ।
ਬੀਬੀਸੀ ਨੇ ਉਨ੍ਹਾਂ ਦੇ ਪਲਾਸਟਿਕ ਸਰਜਨ ਦੀ ਲਿਖੀ ਸਲਾਹ ਪੜ੍ਹੀ। ਇਸ ਵਿੱਚ ਸਾਫ਼ ਸੀ ਕਿ ਐਂਡਰੀਆ ਦਾ ਇਹ ਹਾਲ ਕਾਸਮੈਟਿਕ ਪ੍ਰਕਿਰਿਆਵਾਂ ਕਾਰਨ ਹੋਇਆ ਸੀ।
ਐਂਡਰੀਆ ਦੀ ਜਾਂਚ ਕਰਨ ਵਾਲੇ ਇੱਕ ਕਾਸਮੈਟਿਕ ਮਾਹਰ ਨੇ ਕਿਹਾ ਕਿ ਉਸ ਦੇ ਦਾਗ਼ ਸੰਭਾਵਤ ਤੌਰ ‘ਤੇ ਕਿਸੇ ਲਾਗ਼ ਦਾ ਨਤੀਜਾ ਹਨ, ਜੋ ਕਿ ਕਾਸਮੈਟਿਕ ਪ੍ਰਕਿਰਿਆਵਾਂ ਕਾਰਨ ਹੋ ਸਕਦੀ ਹੈ।
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਚੰਗੀ ਤਕਨੀਕ ਵਾਲੇ ਸਾਫ਼ ਵਾਤਾਵਰਣ ਵਿੱਚ ਇਸ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।
ਬੀਬੀਸੀ ਸਕੌਟ ਬਾਰੇ ਘੱਟੋ-ਘੱਟ ਤਿੰਨ ਹੋਰ ਸ਼ਿਕਾਇਤਾਂ ਅਤੇ ਗ਼ਲਤ ਰੇਟਿੰਗ ਦੀ ਵਰਤੋਂ ਤੋਂ ਜਾਣੂ ਹੈ।
ਉਨ੍ਹਾਂ ਵਿੱਚੋਂ ਦੋ ਨੇ ਸੇਵ ਫੇਸ ਰਜਿਸਟਰਡ ਪ੍ਰੈਕਟੀਸ਼ਨਰ ਸਰਵਿਸਜ਼ ਵੱਲ ਇਸ਼ਾਰਾ ਕੀਤਾ, ਜੋ ਕਿ ਯੂਕੇ ਵਿੱਚ ਗ਼ੈਰ-ਸਰਜੀਕਲ ਕਾਸਮੈਟਿਕ ਇਲਾਜ ਮੁਹੱਈਆ ਕਰਵਾਉਣ ਪੇਸ਼ੇਵਰ ਡਾਕਟਰਾਂ ਦਾ ਪੰਜੀਕਰਨ ਕਰਦੀ ਹੈ।
ਸੇਵ ਫੇਸ ਦੇ ਡਾਇਰੈਕਟਰ ਐਸ਼ਟਨ ਕੋਲਿਨਜ਼ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਕੌਟ ਦੇ ‘ਮਾੜੇ ਅਭਿਆਸਾਂ’ ਦੀ ਰਿਪੋਰਟ ਕੀਤੀ ਸੀ, ਉਨ੍ਹਾਂ ਨੇ ਸਕੌਟ ਦੀ ਚੋਣ ਇਸ ਲਈ ਕੀਤੀ ਕਿਉਂਕਿ ਉਨ੍ਹਾਂ ਨੂੰ ਭਰੋਸਾ ਸੀ ਕਿ ਉਹ ਇੱਕ ਡਾਕਟਰ ਹੈ।
ਐੱਚਸੀਸੀ ਸਿਹਤ ਅਤੇ ਸੁਰੱਖਿਆ ਅਧਿਕਾਰੀਆਂ ਨੇ 2024 ਵਿੱਚ ਸਕੌਟ ਦੇ ਕਥਿਤ ਕਲੀਨਿਕ ਦਾ ਦੌਰਾ ਕੀਤਾ। ਇਸ ਤੋਂ ਬਾਅਦ ਹੀ ਉਸ ਦੇ ਪ੍ਰਮਾਣ ਪੱਤਰਾਂ ਬਾਰੇ ਚਿੰਤਾਵਾਂ ਪੈਦਾ ਹੋਈਆਂ।
ਬੋਰਡ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਦਿੱਕਤਾਂ ਦਾ ਖ਼ਦਸ਼ਾ ਹੋਇਆ, ਜਿਨ੍ਹਾਂ ਵਿੱਚ ਸੁਧਾਰ ਦੀ ਲੋੜ ਹੈ।
ਪਰ ਕੋਈ ਰਸਮੀ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਕੰਪਨੀ ਇਸਦੀਆਂ ਬੇਨਤੀਆਂ ਨੂੰ ਸਵੀਕਾਰ ਕਰ ਰਹੀ ਸੀ।
‘ਮੈਂ ਕੀਮਤੀ ਸਬਕ ਸਿੱਖੇ’
ਸਕੌਟ ਨੇ ਬੀਬੀਸੀ ਨੂੰ ਦੱਸਿਆ ਕਿ ਕਲੀਨਿਕ ਨੇ ਸਲਾਹ ਦੀ ਪਾਲਣਾ ਕੀਤੀ ਹੈ ਅਤੇ ਸਾਰੀਆਂ ਪ੍ਰਕਿਰਿਆਵਾਂ ਦੀ ਪੂਰੀ ਸਮੀਖਿਆ ਕੀਤੀ ਹੈ।
ਉਨ੍ਹਾਂ ਨੇ ਅੱਗੇ ਕਿਹਾ,”ਹਾਲਾਂਕਿ ਅਸੀਂ ਪਹਿਲਾਂ ਕੁਝ ਗ਼ਲਤੀਆਂ ਕੀਤੀਆਂ, ਪਰ ਅਸੀਂ ਹਮੇਸ਼ਾ ਆਪਣੇ ਗਾਹਕਾਂ ਲਈ ਕੰਮ ਕਰਨ ਲਈ ਆਪਣੀ ਸਮਰੱਥਾ ਦਾ 100 ਫ਼ੀਸਦ ਲਗਾਇਆ ਹੈ।”
“ਅਸੀਂ ਕੀਮਤੀ ਸਬਕ ਸਿੱਖੇ ਹਨ।”
ਸਾਲਾਂ ਤੋਂ ਸੁੰਦਰਤਾ ਉਦਯੋਗ ਬਾਰੇ ਚੇਤਾਵਨੀਆਂ ਜਾਰੀ ਕੀਤੀਆਂ ਜਾਂਦੀਆਂ ਰਹੀਆਂ ਹਨ।
2013 ਵਿੱਚ, ਕਾਸਮੈਟਿਕਸ ਰੈਗੂਲੇਸ਼ਨ ਦੀ ਸਮੀਖਿਆ ਨੇ ਸਿੱਟਾ ਕੱਢਿਆ ਕਿ ਡਰਮਲ ਫਿਲਰ ‘ਇੱਕ ਸੰਭਾਵਿਤ ਸੰਕਟ’ ਸਨ। ਕਿਉਂਕਿ ਕੋਈ ਵੀ ਉਨ੍ਹਾਂ ਦਾ ਅਭਿਆਸ ਕਰ ਸਕਦਾ ਹੈ। ਇਸ ਲਈ ਕਿਸੇ ਕਿਸਮ ਦੇ ਪਹਿਲਾਂ ਗਿਆਨ, ਸਿਖਲਾਈ ਜਾਂ ਅਨੁਭਵ ਦੀ ਲੋੜ ਨਹੀਂ ਹੈ।
2022 ਵਿੱਚ, ਹੈਲਥ ਐਂਡ ਕੇਅਰ ਐਕਟ ਨੇ ਸਰਕਾਰ ਨੂੰ ਇੰਗਲੈਂਡ ਵਿੱਚ ਗ਼ੈਰ-ਸਰਜੀਕਲ ਕਾਸਮੈਟਿਕ ਪ੍ਰਕਿਰਿਆਵਾਂ ਲਈ ਲਾਇਸੈਂਸ ਲੈਣ ਦੀ ਲੋੜ ਬਾਰੇ ਸਿਫ਼ਾਰਿਸ਼ ਕੀਤੀ ਸੀ। ਇਹ ਕਾਨੂੰਨ ਅਜੇ ਤੱਕ ਲਾਗੂ ਨਹੀਂ ਹੋਇਆ ਹੈ।
ਕਿਸੇ ਕਾਸਮੈਟਿਕ ਪ੍ਰਕਿਰਿਆ ਤੋਂ ਪਹਿਲੀ ਮੌਤ 2024 ਵਿੱਚ ਯੂਕੇ ਵਿੱਚ ਦਰਜ ਕੀਤੀ ਗਈ ਸੀ।
ਈਸਟ ਯੌਰਕਸ਼ਾਇਰ ਵਿੱਚ ਇੱਕ ਕਾਸਮੈਟਿਕ ਡਾਕਟਰ ਅਤੇ ਜੁਆਇੰਟ ਕੌਂਸਲ ਆਫ਼ ਕਾਸਮੈਟਿਕ ਪ੍ਰੈਕਟੀਸ਼ਨਰਜ਼ (ਜੇਸੀਸੀਪੀ) ਦੇ ਇੱਕ ਮੈਂਬਰ, ਡਾਕਟਰ ਪੌਲ ਚਾਰਲਸਨ ਨੇ ਚੇਤਾਵਨੀ ਦਿੱਤੀ ਹੈ,”ਜਦੋਂ ਤੱਕ ਸਰਕਾਰ ਕਾਨੂੰਨ ਨਹੀਂ ਬਣਾਉਂਦੀ, ਹੋਰ ਮੌਤਾਂ ਅਤੇ ਵਧੇਰੇ ਵਿਗਾੜ ਹੋਣ ਦੀ ਸੰਭਾਵਨਾ ਹੈ।”
ਉਨ੍ਹਾਂ ਕਿਹਾ ਕਿ ਜੇ ਸਰਕਾਰ ਚਾਹੇ ਤਾਂ ਛੇ ਮਹੀਨਿਆਂ ਵਿੱਚ ਅਜਿਹਾ ਕਰ ਸਕਦੀ ਹੈ।
ਜੇਸੀਸੀਪੀ ਨੇ ਕਿਹਾ ਕਿ ਇਸ ਨੂੰ ਚੱਲ ਰਹੀਆਂ ਮਾੜੀਆਂ ਪ੍ਰੈਕਟਿਸਜ਼ ਬਾਰੇ ਸ਼ਿਕਾਇਤਾਂ ਮਿਲ ਰਹੀਆਂ ਹਨ।
ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਦੇ ਬੁਲਾਰੇ ਨੇ ਕਿਹਾ, “ਕਾਸਮੈਟਿਕਸ ਸੈਕਟਰ ਵਿੱਚ ਨਾਕਾਫ਼ੀ ਸਿਖਲਾਈ ਪ੍ਰਾਪਤ ਓਪਰੇਟਰਾਂ ਵੱਲੋਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਜੋਖ਼ਮ ਵਿੱਚ ਪਾਇਆ ਜਾ ਰਿਹਾ ਹੈ।”
ਉਹ ਕਾਸਮੈਟਿਕ ਪ੍ਰਕਿਰਿਆਵਾਂ ਬਾਰੇ ਸੋਚ ਰਹੇ ਕਿਸੇ ਵੀ ਵਿਅਕਤੀ ਨੂੰ ਇੱਕ ਨਾਮਵਰ, ਬੀਮਾਯੁਕਤ ਅਤੇ ਯੋਗਤਾ ਪ੍ਰਾਪਤ ਡਾਕਟਰ ਦੀ ਤੱਕ ਪਹੁੰਚ ਕਰਨ ਦੀ ਤਾਕੀਦ ਕਰਦੇ ਹਨ।
ਐਂਡਰੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਸੱਟ ਲੱਗੀ ਹੈ।
ਉਹ ਕਹਿੰਦੇ ਹਨ, “ਮੈਂ ਦੁਬਾਰਾ ਕਦੇ ਅਜਿਹਾਂ ਨਹੀਂ ਕਰਵਾਵਾਂਗੀ ਅਤੇ ਮੈਂ ਕਦੇ ਵੀ ਕਿਸੇ ਨੂੰ ਅਜਿਹਾ ਕਰਨ ਦੀ ਸਿਫਾਰਸ਼ ਵੀ ਨਹੀਂ ਕਰਾਂਗੀ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI