Source :- BBC PUNJABI

ਬਲੰਟ

ਤਸਵੀਰ ਸਰੋਤ, PA Media

ਮਹਾਰਾਣੀ ਐਲੀਜ਼ਾਬੈਥ II ਨੂੰ ਇੱਕ ਦਹਾਕੇ ਤੱਕ ਰਸਮੀਂ ਤੌਰ ʼਤੇ ਇਹ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਦੇ ਸਭ ਤੋਂ ਸੀਨੀਅਰ ਦਰਬਾਰੀਆਂ ਵਿੱਚੋਂ ਇੱਕ ਨੇ ਸੋਵੀਅਤ ਜਾਸੂਸ ਹੋਣ ਬਾਰੇ ਕਬੂਲਿਆ ਹੈ।

ਇਸ ਜਾਣਕਾਰੀ ਦਾ ਹਾਲ ਹੀ ਦੇ ਐੱਮ15 ਫਾਈਲਾਂ ਵਿੱਚ ਖੁਲਾਸਾ ਕੀਤਾ ਗਿਆ ਹੈ।

ਕਲਾ ਇਤਿਹਾਸਕਾਰ ਐਂਥਨੀ ਬਲੰਟ ਦਹਾਕਿਆਂ ਤੱਕ ਮਹਾਰਾਣੀ ਦੀਆਂ ਤਸਵੀਰਾਂ ਦੇ ਸਰਵੇਅਰ ਰਹੇ ਤੇ ਅਧਿਕਾਰਤ ਰਾਇਲ ਆਰਟ ਸੰਗ੍ਰਹਿ ਦੀ ਨਿਗਰਾਨੀ ਕਰਦੇ ਰਹੇ ਸਨ।

ਉਨ੍ਹਾਂ ਨੇ ਸਾਲ 1964 ਵਿੱਚ ਮੰਨਿਆ ਕਿ ਉਹ 1930 ਦੇ ਦਹਾਕੇ ਤੋਂ ਸੋਵੀਅਤ ਏਜੰਟ ਰਹੇ ਹਨ।

ਐੱਮ15 ਵੱਲੋਂ ਜਾਰੀ ਕੀਤੇ ਕਾਗ਼ਜ਼ ਦਰਸਾਉਂਦੇ ਹਨ ਕਿ ਬਲੰਟ ਨੇ ਇਹ ਕਬੂਲ ਕੀਤਾ ਸੀ ਕਿ ਉਨ੍ਹਾਂ ਨੇ ਦੂਜੀ ਵਿਸ਼ਵ ਜੰਗ ਦੌਰਾਨ ਰੂਸ ਲਈ ਜਾਸੂਸੀ ਕੀਤੀ ਸੀ।

ਪਰ ਇਸ ਬਾਰੇ ਮਰਹੂਮ ਮਹਾਰਾਣੀ ਨੂੰ ਕਰੀਬ 9 ਸਾਲਾਂ ਤੱਕ ਰਸਮੀਂ ਤੌਰ ʼਤੇ ਨਹੀਂ ਦੱਸਿਆ ਗਿਆ ਸੀ।

ਨੈਸ਼ਨਲ ਆਰਕਾਈਵ ਨੂੰ ਜਾਰੀ ਕੀਤੀਆਂ ਗਈਆਂ ਗੁਪਤ ਫਾਇਲਾਂ ਅਨੁਸਾਰ, ਜਦੋਂ ਉਨ੍ਹਾਂ ਨੂੰ 1970ਵਿਆਂ ਵਿੱਚ ਪੂਰੀ ਕਹਾਣੀ ਦੱਸੀ ਗਈ ਤਾਂ ਉਨ੍ਹਾਂ ਨੇ ਆਪਣੇ ਅਡੋਲ ਸੁਭਾਅ ਵਜੋਂ ਇਸ ਨੂੰ “ਬਹੁਤ ਸ਼ਾਂਤੀ ਨਾਲ ਅਤੇ ਬਿਨਾਂ ਹੈਰਾਨ ਹੋਏ ਲਿਆ।”

ਬੀਬੀਸੀ ਪੰਜਾਬੀ

ਕਦੋਂ ਦਿੱਤੀ ਮਹਾਰਾਣੀ ਨੂੰ ਜਾਣਕਾਰੀ

ਮਹਾਰਾਣੀ ਨੂੰ ਰਸਮੀਂ ਤੌਰ ʼਤੇ ਜਾਣਕਾਰੀ ਦੇਣ ਦਾ ਫ਼ੈਸਲਾ ਵ੍ਹਾਈਟਹਾਲ ਵਿੱਚ ਵਧਦੀਆਂ ਚਿੰਤਾਵਾਂ ਵਿਚਾਲੇ ਆਇਆ ਸੀ ਜਦੋਂ ਕੈਂਸਰ ਨਾਲ ਪੀੜਤ ਬਲੰਟ ਬੇਹੱਦ ਬਿਮਾਰ ਸਨ ਅਤੇ ਮੰਨਿਆ ਜਾ ਰਿਹਾ ਸੀ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਸੱਚ ਜ਼ਰੂਰ ਸਾਹਮਣੇ ਆਵੇਗਾ।

ਪੱਤਰਕਾਰ ਪਹਿਲਾਂ ਹੀ ਕਹਾਣੀ ਦੀ ਜਾਂਚ ਕਰ ਰਹੇ ਸਨ ਅਤੇ ਹੁਣ ਉਨ੍ਹਾਂ ਨੂੰ ਮਾਣਹਾਨੀ ਦੀ ਵੀ ਕੋਈ ਚਿੰਤਾ ਨਹੀਂ ਸੀ।

ਬਲੰਟ ‘ਤੇ ਪਹਿਲੀ ਵਾਰ ਸ਼ੱਕ 1951 ਵਿੱਚ ਹੋਇਆ, ਜਦੋਂ ਉਨ੍ਹਾਂ ਦੇ ਸਾਥੀ ਜਾਸੂਸ ਗਾਈ ਬਰਗੇਸ ਅਤੇ ਡੌਨਲਡ ਮੈਕਲੀਨ ਸੋਵੀਅਤ ਯੂਨੀਅਨ ਭੱਜ ਗਏ ਸਨ।

ਉਹ 1930 ਦੇ ਦਹਾਕੇ ਵਿੱਚ ਕੈਂਬਰਿਜ ਵਿੱਚ ਇਕੱਠੇ ਰਹਿਣ ਤੋਂ ਬਾਅਦ ਬਰਗੇਸ ਦੇ ਕਰੀਬੀ ਦੋਸਤ ਰਹੇ ਸਨ, ਜਿਸ ਨੂੰ ਅਖੌਤੀ ਕੈਂਬਰਿਜ ਫਾਈਵ ਜਾਸੂਸਾਂ ਦੇ ਸਮੂਹ ਦਾ ਹਿੱਸਾ ਵੀ ਕਿਹਾ ਜਾਂਦਾ ਸੀ।

ਦੂਜੀ ਵਿਸ਼ਵ ਜੰਗ ਦੌਰਾਨ ਬਲੰਟ ਨੇ ਐੱਮ15 ਲਈ ਕੰਮ ਕੀਤਾ ਅਤੇ 1951 ਵਿੱਚ ਸੁਰੱਖਿਆ ਸੇਵਾਵਾਂ ਨੇ ਉਨ੍ਹਾਂ ਦਾ 11 ਵਾਰ ਇੰਟਰਵਿਊ ਲਿਆ ਪਰ ਹਮੇਸ਼ਾ ਜਾਸੂਸੀ ਤੋਂ ਇਨਕਾਰ ਕੀਤਾ।

ਫਿਰ ਅਮਰੀਕਾ ਦੇ ਮਾਈਕਲ ਸਟ੍ਰੇਟ ਨੇ ਐੱਫਬੀਆਈ ਨੂੰ ਦੱਸਿਆ ਕਿ ਉਨ੍ਹਾਂ ਨੂੰ ਬਲੰਟ ਨੇ ਖ਼ੁਦ ਇੱਕ ਰੂਸੀ ਏਜੰਟ ਵਜੋਂ ਭਰਤੀ ਕੀਤਾ ਸੀ।

ਸਰ ਐਂਥਨੀ ਬੰਲਟ ਦੀ ਰਿਪੋਰਟ ਦਾ ਇੱਕ ਹਿੱਸਾ

ਤਸਵੀਰ ਸਰੋਤ, PA Media

ਇਹ ਵੀ ਪੜ੍ਹੋ-

ਬਲੰਟ ਦਾ ਇਕਬਾਲਨਾਮਾ

ਅਪ੍ਰੈਲ 1965 ਵਿੱਚ ਐੱਮ15 ਦੇ ਪੁੱਛਗਿੱਛ ਕਰਨ ਵਾਲੇ ਆਰਥਰ ਮਾਰਟਿਨ ਨੇ ਬਲੰਟ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕੇਸ ਤੋਂ ਰਾਹਤ ਦੇਣ ਦਾ ਵਾਅਦਾ ਕੀਤਾ।

ਇਨ੍ਹਾਂ ਫਾਇਲਾਂ ਵਿੱਚ ਪਹਿਲੀ ਵਾਰ ਉਨ੍ਹਾਂ ਦਾ ਇਕਬਾਲਨਾਮਾ ਸ਼ਾਮਲ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਜੰਗ ਦੌਰਾਨ ਕੀਤੇ ਗਏ ਕੰਮਾਂ ਦੇ ਨਾਲ-ਨਾਲ ਜੰਗ ਤੋਂ ਬਾਅਦ ਰੂਸੀ ਖ਼ੁਫ਼ੀਆ ਸੇਵਾ ਨਾਲ ਰਾਬਤੇ ਦੀ ਗੱਲ ਵੀ ਸਵੀਕਾਰ ਵੀ ਕੀਤੀ।

ਬਲੰਟ ਨੇ ਦੱਸਿਆ ਕਿ ਬਰਗੇਸ ਅਤੇ ਮੈਕਲੇਨ ਦੇ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਮੁਲਾਕਾਤ ਪੀਟਰ ਨਾਮ ਦੇ ਰੂਸੀ ਵਿਅਕਤੀ ਨਾਲ ਹੋਈ ਸੀ ਪਰ ਉਨ੍ਹਾਂ ਨੂੰ ਯਾਦ ਨਹੀਂ ਸੀ ਕਿ ਅਸਲ ਵਿੱਚ ਕਿਉਂ ਮੁਲਾਕਾਤ ਹੋਈ।

ਉਨ੍ਹਾਂ ਦਾ ਕਹਿਣਾ ਸੀ ਕਿ ਉਸ ਅਖੌਤੀ ਪੀਟਰ ਨੇ ਉਨ੍ਹਾਂ ਨੂੰ ਵੀ ਭੱਜਣ ਲਈ ਉਤਸ਼ਾਹਿਤ ਕੀਤਾ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ।

ਪੁੱਛਗਿੱਛ ਕਰਨ ਵਾਲੇ ਨੇ ਦੱਸਿਆ ਕਿ ਬਲੰਟ ਜਦੋਂ ਬੋਲ ਰਹੇ ਸਨ ਤਾਂ ਉਹ ਇੰਨੇ ਵੀ ʻਆਰਾਮ ਨਾਲʼ ਨਹੀਂ ਬੋਲ ਰਹੇ ਸਨ ਬਲਕਿ ਹਰ ਸਵਾਲ ਤੋਂ ਬਾਅਦ “ਇੱਕ ਲੰਬਾ ਵਕਫ਼ਾ ਆਉਂਦਾ ਸੀ” ਅਤੇ ਉਸ ਵੇਲੇ “ਇੰਝ ਜਾਪਦਾ ਸੀ ਕਿ ਉਹ ਜਵਾਬ ਦੇਣ ਲਈ ਆਪਣੇ-ਆਪ ਨਾਲ ਜੱਦੋ-ਜਹਿਦ ਕਰ ਰਿਹਾ ਸੀ।”

ਬਲੰਟ ਦੇ ਇੱਕ ਪ੍ਰਮੁੱਖ ਅਹੁਦੇ ʼਤੇ ਹੋਣ ਦੇ ਬਾਵਜੂਦ ਐੱਮ15 ਦੇ ਬਾਹਰ ਬਹੁਤ ਘੱਟ ਲੋਕਾਂ ਨੂੰ ਇਸ ਇਕਬਾਲਨਾਮੇ ਬਾਰੇ ਦੱਸਿਆ ਗਿਆ ਸੀ।

ਗ੍ਰਹਿ ਸਕੱਤਰ ਅਤੇ ਉਨ੍ਹਾਂ ਨੇ ਸਭ ਤੋਂ ਸੀਨੀਅਰ ਸਿਵਿਲ ਸੇਵਕ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਸੀ।

ਐਲੀਜ਼ਾਬੈਥ

ਤਸਵੀਰ ਸਰੋਤ, Getty Images

ਮਹਾਰਾਣੀ ਦੇ ਨਿੱਜੀ ਸਕੱਤਰ ਨੂੰ ਸਿਰਫ਼ ਇਹੀ ਦੱਸਿਆ ਗਿਆ ਸੀ ਕਿ ਬਲੰਟ ਨੂੰ ਫਸਾਇਆ ਗਿਆ ਹੈ ਅਤੇ ਐੱਮ15 ਉਨ੍ਹਾਂ ਕੋਲੋਂ ਪੁੱਛਗਿੱਛ ਦਾ ਇਰਾਦਾ ਰੱਖਦੀ ਹੈ।

ਸਮਝੌਤਾ ਇਸ ਗੱਲ ʼਤੇ ਹੋਇਆ ਕਿ ਜੇਕਰ ਬਲੰਟ ਗੰਭੀਰ ਤੌਰ ʼਤੇ ਬਿਮਾਰ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਅਧਿਕਾਰਤ ਤੌਰ ʼਤੇ ਜਾਣਕਾਰੀ ਦਿੱਤੀ ਜਾਵੇਗੀ ਕਿਉਂਕਿ ਮੀਡੀਆ ਵਿੱਚ ਉਨ੍ਹਾਂ ਦੇ ਅਤੀਤ ਬਾਰੇ ਖ਼ਬਰਾਂ ਛਪ ਸਕਦੀਆਂ ਹਨ।

ਮਾਰਚ 1973 ਵਿੱਚ ਇੱਕ ਹੋਰ ਫਾਈਲ ਵਿੱਚ ਦਰਜ ਹੈ ਕਿ ਮਹਾਰਾਣੀ ਦੇ ਨਿੱਜੀ ਸਕੱਤਰ ਨੇ ਬਲੰਟ ਮਾਮਲੇ ਬਾਰੇ ਉਨ੍ਹਾਂ ਨਾਲ ਗੱਲ ਕੀਤੀ ਸੀ।

ਉਨ੍ਹਾਂ ਨੇ ਪੜਿਆ, “ਉਨ੍ਹਾਂ ਬੜੇ ਹੀ ਧੀਰਜ ਨਾਲ ਅਤੇ ਬਿਨਾਂ ਹੈਰਾਨ ਹੋਏ ਇਸ ਨੂੰ ਸੁਣਿਆ। ਉਨ੍ਹਾਂ ਨੇ ਯਾਦ ਕੀਤਾ ਕਿ ਬਰਗੇਸ ਅਤੇ ਮੈਕਲੀਨ ਮਾਮਲੇ ਤੋਂ ਬਾਅਦ ਉਹ ਸ਼ੱਕ ਦੇ ਘੇਰੇ ਵਿੱਚ ਆਏ ਸਨ।”

ਬਲੰਟ ਦੀ ਜੀਵਨੀ ਲਿਖਣ ਵਾਲੀ ਮਿਰਾਂਡਾ ਕਾਰਟਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ “ਅੰਦਾਜ਼ਾ” ਦਾ ਹੈ ਕਿ ਮਹਾਰਾਣੀ II ਨੂੰ 1965 ਤੋਂ ਬਾਅਦ ਹੀ ਗ਼ੈਰ-ਰਸਮੀ ਤੌਰ ʼਤੇ ਜਾਣਕਾਰੀ ਦਿੱਤੀ ਗਈ ਸੀ।

ਉਨ੍ਹਾਂ ਦਾ ਮੰਨਣਾ ਹੈ ਕਿ ਅਧਿਕਾਰੀ “ਸੰਭਾਵੀ ਇਨਕਾਰ ਦਾ ਪਰਦਾ ਪਾਉਣਾ ਚਾਹੁੰਦੇ ਸਨ।” ਮਹਾਰਾਣੀ ਨੇ ਇਸ ਖ਼ਬਰ ਨੂੰ “ਧੀਰਜ ਨਾਲ ਅਤੇ ਬਿਨਾਂ ਹੈਰਾਨ ਹੋਏ ਲਿਆ” ਇਸ ਤੋਂ ਕਾਰਟਰ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ।

ਬਲੰਟ ਦੇ ਅਤੀਤ ਬਾਰੇ ਖੁਲਾਸਾ ਪ੍ਰਧਾਨ ਮੰਤਰੀ ਮਾਰਗਰੇਟ ਥੇਚਰ ਨੇ ਸਾਲ 1979 ਵਿੱਚ ਇੱਕ ਕਾਮਨ ਸਟੇਟਮੈਂਟ (ਸਾਂਝੇ ਬਿਆਨ) ਵਿੱਚ ਕੀਤਾ। ਉਨ੍ਹਾਂ ਦਾ 75 ਸਾਲਾਂ ਦੀ ਉਮਰ ਵਿੱਚ 1983 ਵਿੱਚ ਉਸ ਵੇਲੇ ਦੇਹਾਂਤ ਹੋ ਗਿਆ ਜਦੋਂ ਉਨ੍ਹਾਂ ਦੀ ਨਾਈਟਹੁੱਡ ਦੀ ਉਪਾਧੀ ਖੋਹ ਲਈ ਗਈ।

ਐਂਥਨੀ ਬਲੰਟ

ਤਸਵੀਰ ਸਰੋਤ, Getty Images

ਐੱਮ15 ਵੱਲੋਂ ਜਾਰੀ ਕੀਤੇ ਹੋਰ ਦਸਤਾਵੇਜ਼ਾਂ ਵਿੱਚ ਖੁਲਾਸਾ-

  • ਕੈਂਬਰਿਜ ਦੇ ਜਾਸੂਸ ਕਿਮ ਫਿਲਬੀ ਨੇ ਆਖ਼ਰਕਾਰ ਕਬੂਲਿਆ ਕਿ ਉਨ੍ਹਾਂ ਸਾਲਾਂ ਤੱਕ ਰੂਸ ਦੇ ਏਜੰਟ ਰਹੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਐਲਾਨ ਕੀਤਾ ਕਿ ਉਹ ਇਹ ਸਭ ਮੁੜ ਕਰ ਸਕਦੇ ਹਨ।
  • ਬਲੰਟ ਨੂੰ ਡਰ ਸੀ ਕਿ ਜਦੋਂ ਉਹ ਆਪਣੇ ਸਾਥੀ ਬਰਗੇਸ ਅਤੇ ਮੈਕਲਨ ਨਾਲ ਰੂਸ ਭੱਜਣ ਤੋਂ ਇਨਕਾਰ ਕਰੇਗਾ ਤਾਂ ਉਸ ਦਾ ਕੇਜੀਬੀ ਹੈਂਡਲਰ ਹਿੰਸਕ ਹੋ ਸਕਦਾ ਹੈ।
  • ਫਿਲਸ ਸਟਾਰ ਡਰਕ ਬੋਗਾਰਡ ਨੂੰ ਐੱਮ15 ਨੇ ਚੇਤਾਵਨੀ ਦਿੱਤੀ ਕਿ ਉਹ ਕੇਜੀਬੀ ਵੱਲੋਂ ਸਮਲਿੰਗੀਆਂ ਨੂੰ ਫਸਾਉਣ ਦੇ ਯਤਨਾਂ ਕਰਕੇ ਨਿਸ਼ਾਨੇ ʼਤੇ ਆ ਸਕਦੇ ਹਨ।
  • ਐੱਮ15 ਦੇ ਮੋਹਰੀ ਪੁੱਛਗਿੱਛ ਕਰਤਾ ਫਿਲਬੀ ਤੋਂ ਹੈਰਾਨ ਸਨ ਕਿ ਉਨ੍ਹਾਂ ਨੇ ਸਵੀਕਾਰ ਕਰਦੇ ਹੋਏ ਨਿਰਧਾਰਿਤ ਨਹੀਂ ਕਰ ਸਕੇ ਕਿ ਉਹ ਸੋਵੀਅਤ ਜਾਸੂਸ ਸਨ ਜਾਂ ਨਹੀਂ।
ਦਸਤਾਵੇਜ਼

ਤਸਵੀਰ ਸਰੋਤ, PA Media

ਸਰਕਾਰੀ ਵਿਭਾਗ ਦੇ ਉਲਟ ਐੱਮ15 ਸੂਚਨਾ ਦੀ ਸੁਤੰਤਰਤਾ ਦੇ ਐਕਟ ਦੇ ਅਧੀਨ ਨਹੀਂ ਹੈ।

ਉਹ ਆਪਣੇ ਪੁਰਾਲੇਖਾਂ ਨੂੰ ਆਪਣੀ ਮਰਜ਼ੀ ਅਨੁਸਾਰ ਜਾਰੀ ਕਰਦਾ ਹੈ ਅਤੇ ਕੁਝ ਫਾਈਲਾਂ ਨੂੰ ਅੰਸ਼ਕ ਤੌਰ ‘ਤੇ ਸੋਧਿਆ ਜਾਂਦਾ ਹੈ।

ਅੱਜ ਜਾਰੀ ਕੀਤੇ ਗਏ ਕੁਝ ਦਸਤਾਵੇਜ਼ ਰਾਸ਼ਟਰੀ ਪੁਰਾਲੇਖਾਂ ਵਿਖੇ ਇੱਕ ਆਉਣ ਵਾਲੀ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ ਕੀਤੇ ਜਾਣਗੇ।

ਐੱਮ15 ਦੇ ਡਾਇਰੈਕਟਰ ਜਰਨਲ ਸਿਰ ਕੈਨ ਮੈਕਲੰਮ ਦਾ ਕਹਿਣਾ ਹੈ, “ਹਾਲਾਂਕਿ ਸਾਡਾ ਜ਼ਿਆਦਾਤਰ ਕੰਮ ਗੁਪਤ ਹੀ ਰਹਿਣਾ ਹੈ ਚਾਹੀਦਾ ਹੈ ਪਰ ਇਹ ਪ੍ਰਦਰਸ਼ਨੀ ਦਰਸਾਉਂਦੀ ਹੈ ਕਿ ਜਿੱਥੇ ਵੀ ਸੰਭਵ ਹੋ ਸਕੇ ਸਾਹਮਣੇ ਆਉਣ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI