Source :- BBC PUNJABI

ਭਾਰਤ ਪਾਕ ਤਣਾਅ

ਤਸਵੀਰ ਸਰੋਤ, Getty Images

ਇੱਕ ਘੰਟਾ ਪਹਿਲਾਂ

ਪਹਿਲਗਾਮ ਵਿੱਚ ਸੁਰੱਖਿਆ ਕਰਮੀ

ਤਸਵੀਰ ਸਰੋਤ, Getty Images

ਸੋਮਵਾਰ ਦੇਰ ਸ਼ਾਮ ਜਲੰਧਰ ਦੇ ਮੰਡ ਪਿੰਡ ਨੇੜੇ ਰਾਤ 9:20 ਵਜੇ ਦੇ ਕਰੀਬ ਹਥਿਆਰਬੰਦ ਬਲਾਂ ਨੇ ਇੱਕ ਨਿਗਰਾਨੀ ਡਰੋਨ ਨੂੰ ਨਸ਼ਟ ਕੀਤਾ ਹੈ।

ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਮਲਬੇ ਦਾ ਪਤਾ ਲਗਾਉਣ ਲਈ ਇੱਕ ਮਾਹਰ ਟੀਮ ਤੈਨਾਤ ਕੀਤੀ ਗਈ ਹੈ।

ਡੀਸੀ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ, “ਜਲੰਧਰ ਵਿੱਚ ਰਾਤ 10 ਵਜੇ ਤੋਂ ਬਾਅਦ ਕੋਈ ਡਰੋਨ ਗਤੀਵਿਧੀ ਨਹੀਂ ਦੇਖੀ ਗਈ।”

ਉਨ੍ਹਾਂ ਨਾਗਰਿਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ।

ਕੁਝ ਇਲਾਕਿਆਂ ਵਿੱਚ ਅਜਿਹੀਆਂ ਘਟਨਾਵਾਂ ਦੀਆਂ ਰਿਪੋਰਟਾਂ ਤੋਂ ਬਾਅਦ, ਉਨ੍ਹਾਂ ਨੇ ਵਸਨੀਕਾਂ ਨੂੰ ਪਟਾਕੇ ਨਾ ਚਲਾਉਣ ਦੀ ਅਪੀਲ ਵੀ ਕੀਤੀ।

ਉਨ੍ਹਾਂ ਚੇਤਾਵਨੀ ਦਿੱਤੀ, “ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਸਖ਼ਤ ਪੁਲਿਸ ਕਾਰਵਾਈ ਕੀਤੀ ਜਾਵੇਗੀ।”

ਲੰਘੀ ਰਾਤ ਸਾਵਧਾਨੀ ਦੇ ਤੌਰ ‘ਤੇ, ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਬਿਜਲੀ ਸਪਲਾਈ ਥੋੜ੍ਹੇ ਸਮੇਂ ਲਈ ਬੰਦ ਕੀਤੀ ਗਈ ਸੀ।

ਬੀਬੀਸੀ ਸਹਿਯੋਗੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਅਧਿਕਾਰੀਆਂ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਮਲਬਾ ਮਿਲਦਾ ਹੈ ਤਾਂ ਉਸ ਦੇ ਨੇੜੇ ਨਾ ਜਾਣ ਅਤੇ ਤੁਰੰਤ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਸੂਚਨਾ ਦੇਣ।

ਜੰਮੂ-ਕਸ਼ਮੀਰ ਦੇ ਸਾਂਬਾ ਵਿੱਚ ਦਿਖੇ ਸ਼ੱਕੀ ਡਰੋਨ

ਭਾਰਤੀ ਫੌਜ ਮੁਤਾਬਕ, ਜੰਮੂ-ਕਸ਼ਮੀਰ ਦੇ ਸਾਂਭਾ ਇਲਾਕੇ ਵਿੱਚ ਕੁਝ ਸ਼ੱਕੀ ਡਰੋਨ ਦੇਖੇ ਗਏ। ਹਾਲਾਂਕਿ ਇਹ ਸਾਫ ਨਹੀਂ ਹੈ ਕਿ ਡਰੋਨ ਕਿਸ ਵੱਲੋਂ ਆਏ ਸਨ।

ਖ਼ਬਰ ਏਜੰਸੀ ਏਐੱਨਆਈ ਵੱਲੋਂ ਇਸ ਬਾਬਤ ਇੱਕ ਵੀਡੀਓ ਵੀ ਸ਼ੇਅਰ ਕੀਤੀ ਗਈ।

ਏਅਰਇੰਡੀਆ ਅਤੇ ਇੰਡੀਗੋ ਨੇ ਚੰਗੀਗੜ੍ਹ ਤੇ ਅੰਮ੍ਰਿਤਸਰ ਸਣੇ 8 ਥਾਵਾਂ ‘ਤੇ ਉਡਾਨਾਂ ਰੱਦ ਕੀਤੀਆਂ

ਏਅਰ ਇੰਡੀਆ

ਤਸਵੀਰ ਸਰੋਤ, ANI

ਏਅਰ ਇੰਡੀਆ ਨੇ ਯਾਤਰਾ ਸਲਾਹਕਾਰੀ ਜਾਰੀ ਕੀਤੀ ਹੈ।

ਏਅਰ ਇੰਡੀਆ ਨੇ ਐਕਸ ਉੱਤੇ ਲਿਖਿਆ, “ਤਾਜ਼ਾ ਘਟਨਾਕ੍ਰਮ ਦੇ ਮੱਦੇਨਜ਼ਰ ਅਤੇ ਤੁਹਾਡੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਮੰਗਲਵਾਰ, 13 ਮਈ ਨੂੰ ਜੰਮੂ, ਲੇਹ, ਜੋਧਪੁਰ, ਅੰਮ੍ਰਿਤਸਰ, ਭੁਜ, ਜਾਮਨਗਰ, ਚੰਡੀਗੜ੍ਹ ਅਤੇ ਰਾਜਕੋਟ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।”

ਇੰਡੀਗੋ ਏਅਰਲਾਈਨਜ਼ ਨੇ ਵੀ ਮੰਗਲਵਾਰ ਇਨ੍ਹਾਂ ਹੀ ਅੱਠ ਹਵਾਈ ਅੱਡਿਆਂ ਦੀਆਂ ਉਡਾਨਾਂ ਰੱਦ ਕਰਨ ਦਾ ਐਲਾਨ ਕੀਤਾ ਹੈ।

ਇੰਡੀਗੋ ਏਅਰਲਾਈਨ ਵਲੋਂ ਜਾਰੀ ਕੀਤੀ ਗਈ ਐਡਵਾਇਜ਼ਰੀ

ਤਸਵੀਰ ਸਰੋਤ, ANI

ਇੰਡੀਗੋ ਨੇ ਲਿਖਿਆ,”ਅਸੀਂ ਸਮਝਦੇ ਹਾਂ ਕਿ ਇਹ ਤੁਹਾਡੀਆਂ ਯਾਤਰਾ ਯੋਜਨਾਵਾਂ ਵਿੱਚ ਕਿਵੇਂ ਵਿਘਨ ਪਾ ਸਕਦਾ ਹੈ ਅਤੇ ਹੋਈ ਅਸੁਵਿਧਾ ਲਈ ਸਾਨੂੰ ਅਫ਼ਸੋਸ ਹੈ।”

“ਸਾਡੀਆਂ ਟੀਮਾਂ ਸਥਿਤੀ ਦੀ ਸਰਗਰਮੀ ਨਾਲ ਨਿਗਰਾਨੀ ਕਰ ਰਹੀਆਂ ਹਨ ਅਤੇ ਤੁਹਾਨੂੰ ਤੁਰੰਤ ਹੋਰ ਅਪਡੇਟਾਂ ਬਾਰੇ ਸੂਚਿਤ ਕਰਨਗੀਆਂ।”

“ਹਵਾਈ ਅੱਡੇ ਜਾਣ ਤੋਂ ਪਹਿਲਾਂ, ਕ੍ਰਿਪਾ ਕਰਕੇ ਸਾਡੀ ਵੈੱਬਸਾਈਟ ਜਾਂ ਐਪ ‘ਤੇ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਕਰੋ।

ਬਿਆਨ ਵਿੱਚ ਅੱਗੇ ਕਿਹਾ ਗਿਆ ਹੈ,”ਜੇਕਰ ਤੁਹਾਨੂੰ ਸਹਾਇਤਾ ਦੀ ਲੋੜ ਹੈ, ਤਾਂ ਮੈਸੇਜ ਜਾਂ ਕਾਲ ਜ਼ਰੀਏ ਜਾਣਕਾਰੀ ਲਈ ਜਾ ਸਕਦੀ ਹੈ।”

ਆਈਪੀਐਲ 17 ਮਈ ਨੂੰ ਮੁੜ ਸ਼ੁਰੂ ਹੋਵੇਗਾ, ਫਾਈਨਲ 3 ਜੂਨ ਨੂੰ

ਆਈਪੀਐੱਲ 2925

ਤਸਵੀਰ ਸਰੋਤ, Getty Images

ਭਾਰਤ ਪਾਕਿਸਤਾਨ ਤਣਾਅ ਦੇ ਚਲਦਿਆਂ ਮੁਲਤਵੀ ਕੀਤੇ ਗਈ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ 2025) 17 ਮਈ ਤੋਂ ਮੁੜ ਸ਼ੁਰੂ ਹੋਵੇਗੀ। ਇਸ ਸੀਜ਼ਨ ਦਾ ਫਾਈਨਲ 3 ਜੂਨ ਨੂੰ ਹੋਵੇਗਾ।

ਆਈਪੀਐੱਲ ਨੇ ਇਹ ਜਾਣਕਾਰੀ ਆਪਣੇ ਐਕਸ ਹੈਂਡਲ ਉੱਤੇ ਸਾਂਝੀ ਕੀਤੀ ਹੈ।

8 ਮਈ ਨੂੰ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਾਲੇ ਮੈਚ ਰੱਦ ਹੋਣ ਤੋਂ ਬਾਅਦ ਆਈਪੀਐੱਲ ਨੂੰ ਇੱਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਗਿਆ ਸੀ।

ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਆਈਪੀਐੱਲ ਵਿੱਚ ਪੰਜਾਬ ਅਤੇ ਦਿੱਲੀ ਦਾ ਮੈਚ ਚੱਲ ਰਿਹਾ ਸੀ ਅਤੇ ਇਸੇ ਦੌਰਾਨ ਸਟੇਡੀਅਮ ਵਿੱਚ ਬਲੈਕਆਊਟ ਹੋ ਗਿਆ ਅਤੇ ਮੈਚ ਰੱਦ ਕਰ ਦਿੱਤਾ ਗਿਆ।

ਭਾਰਤੀ ਰੱਖਿਆ ਮੰਤਰਾਲੇ ਦੇ ਅਨੁਸਾਰ, 8 ਮਈ ਦੀ ਰਾਤ ਨੂੰ, ਪਾਕਿਸਤਾਨ ਨੇ ਭਾਰਤ ਵਿੱਚ ਕਈ ਥਾਵਾਂ ‘ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ ਸੀ।

ਆਪ੍ਰੇਸ਼ਨ ਸਿੰਦੂਰ ਅਤੇ ਪਾਕਿਸਤਾਨ ਦੇ ਹਮਲਿਆਂ ‘ਤੇ ਬੋਲੇ ਪੀਐੱਮ ਮੋਦੀ

ਪੀਐੱਮ ਮੋਦੀ

ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਸ਼ਾਮ ਪਹਿਲੀ ਵਾਰ ਦੇਸ਼ ਨੂੰ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਅਸੀਂ ਸਾਰਿਆਂ ਨੇ ਪਿਛਲੇ ਦਿਨਾਂ ਵਿੱਚ ਦੇਸ਼ ਦੀ ਤਾਕਤ ਅਤੇ ਸੰਜਮ ਦੇਖਿਆ ਹੈ। ਸਭ ਤੋਂ ਪਹਿਲਾਂ, ਮੈਂ ਹਰ ਭਾਰਤੀ ਵੱਲੋਂ ਸ਼ਕਤੀਸ਼ਾਲੀ ਭਾਰਤੀ ਫੌਜ, ਸਾਡੀਆਂ ਖ਼ੁਫ਼ੀਆ ਏਜੰਸੀਆਂ ਅਤੇ ਸਾਡੇ ਵਿਗਿਆਨੀਆਂ ਨੂੰ ਸਲਾਮ ਕਰਦਾ ਹਾਂ।”

“ਮੈਂ ਆਪ੍ਰੇਸ਼ਨ ਸਿੰਦੂਰ ਦੀ ਪ੍ਰਾਪਤੀ ਲਈ ਸਾਡੇ ਬਹਾਦੁਰ ਫੌਜੀਆਂ ਵੱਲੋਂ ਦਿਖਾਈ ਗਈ ਅਥਾਹ ਬਹਾਦਰੀ ਨੂੰ ਸਲਾਮ ਕਰਦਾ ਹਾਂ। ਅੱਜ, ਮੈਂ ਉਨ੍ਹਾਂ ਦੀ ਬਹਾਦਰੀ ਅਤੇ ਹਿੰਮਤ ਨੂੰ ਆਪਣੇ ਦੇਸ਼ ਦੀ ਹਰ ਮਾਂ ਅਤੇ ਭੈਣ ਨੂੰ ਸਮਰਪਿਤ ਕਰਦਾ ਹਾਂ।”

ਉਨ੍ਹਾਂ ਇਹ ਵੀ ਕਿਹਾ, “ਆਪ੍ਰੇਸ਼ਨ ਸਿੰਦੂਰ ਤਹਿਤ ਭਾਰਤੀ ਫੌਜ ਦਾ ਆਪ੍ਰੇਸ਼ਨ ਅਜੇ ਸਿਰਫ਼ ਮੁਲਤਵੀ ਹੋਇਆ ਹੈ।”

ਪੀਐਮ ਮੋਦੀ ਨੇ ਕਿਹਾ, “ਆਉਣ ਵਾਲੇ ਦਿਨਾਂ ਵਿੱਚ ਪਾਕਿਸਤਾਨ ਦੇ ਹਰ ਕਦਮ ਨੂੰ ਇਸ ਕਸੌਟੀ ʼਤੇ ਪਰਖਿਆ ਜਾਵੇਗਾ ਕਿ ਉਹ ਕੀ ਰਵੱਈਆ ਅਪਣਾਉਂਦਾ ਹੈ।”

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਫ਼ੌਜ ਨੇ ਬਹੁਤ ਬਹਾਦਰੀ ਦਿਖਾਈ। ਅਸੀਂ ਫ਼ੌਜ ਨੂੰ ਅੱਤਵਾਦੀਆਂ ਨੂੰ ਖ਼ਤਮ ਕਰਨ ਲਈ ਖੁੱਲ੍ਹੀ ਛੁੱਟੀ ਦੇ ਦਿੱਤੀ। ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਸਾਹਮਣੇ ਮਾਰ ਦਿੱਤਾ ਗਿਆ। ਦੇਸ਼ ਦੀ ਸਦਭਾਵਨਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਆਪ੍ਰੇਸ਼ਨ ਸਿੰਦੂਰ ਨਿਆਂ ਦਾ ਇੱਕ ਅਟੁੱਟ ਵਾਅਦਾ ਹੈ।”

ਮੋਦੀ ਨੇ ਅੱਗੇ ਕਿਹਾ, “ਭਾਰਤੀ ਫੌਜਾਂ ਨੇ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ‘ਤੇ ਸਟੀਕਤਾ ਨਾਲ ਹਮਲਾ ਕੀਤਾ। ਅੱਤਵਾਦੀਆਂ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਭਾਰਤ ਇੰਨਾ ਵੱਡਾ ਫ਼ੈਸਲਾ ਲੈ ਸਕਦਾ ਹੈ। ਜਦੋਂ ਦੇਸ਼ ਸਰਵਉੱਚ ਹੁੰਦਾ ਹੈ, ਤਾਂ ਅਜਿਹੇ ਸਖ਼ਤ ਫ਼ੈਸਲੇ ਲਏ ਜਾਂਦੇ ਹਨ।”

ਪੀਐੱਮ ਮੋਦੀ ਨੇ ਕਿਹਾ, “ਅੱਤਵਾਦੀਆਂ ਨੇ ਸੋਚਿਆ ਵੀ ਨਹੀਂ ਸੀ ਕਿ ਭਾਰਤ ਇੰਨਾ ਵੱਡਾ ਫੈਸਲਾ ਲੈ ਸਕਦਾ ਹੈ। ਅੱਤਵਾਦੀਆਂ ਨੇ ਸਾਡੀਆਂ ਭੈਣਾਂ ਦੇ ਸਿੰਦੂਰ ਨੂੰ ਉਜਾੜਿਆ ਸੀ, ਇਸ ਲਈ ਭਾਰਤ ਨੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਭਾਰਤ ਨੇ 100 ਤੋਂ ਵੱਧ ਭਿਆਨਕ ਅੱਤਵਾਦੀਆਂ ਨੂੰ ਮਾਰ ਦਿੱਤਾ। ਭਾਰਤ ਦੀ ਇਸ ਕਾਰਵਾਈ ਤੋਂ ਪਾਕਿਸਤਾਨ ਬੌਖ਼ਲਾ ਗਿਆ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI