Source :- BBC PUNJABI
ਦਸੰਬਰ ਵਿੱਚ ਜਾਰੀ ਕੀਤੀ ਇੱਕ ਸਰਕਾਰੀ ਨਿਗਰਾਨੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੁੱਲ 24 ਲੱਖ ਕੈਨੇਡੀਅਨ ਪਰਿਵਾਰ ਅਜਿਹੇ ਘਰਾਂ ਵਿੱਚ ਰਹਿ ਰਹੇ ਹਨ ਜੋ ਬਹੁਤ ਛੋਟੇ ਹਨ, ਜਿਨ੍ਹਾਂ ਨੂੰ ਮੁਰੰਮਤ ਦੀ ਬੇਹੱਦ ਲੋੜ ਹੈ।
ਮਕਾਨਾਂ ਦੀ ਇਹ ਘਾਟ ਅਜਿਹੇ ਸਮੇਂ ਵਿੱਚ ਸਾਹਮਣੇ ਆਈ, ਜਦੋਂ ਮਹਿੰਗਾਈ ਕੈਨੇਡਾ ਦੇ ਨਾਗਰਿਕਾਂ ਨੂੰ ਬੁਰੀ ਤਰ੍ਹਾਂ ਮਾਰ ਰਹੀ ਹੈ। ਮਕਾਨਾਂ ਦੀ ਘਾਟ ਤੇ ਮਹਿੰਗਾਈ ਦੇ ਦੋਵਾਂ ਮੁੱਦਿਆਂ ਲਈ ਜਿਸ ਕਾਰਕ ਨੂੰ ਜਿੰਮੇਵਾਰ ਸਮਝਿਆ ਜਾ ਰਿਹਾ ਹੈ, ਉਹ ਤੀਜਾ ਮਸਲਾ ਪਰਵਾਸ ਦਾ ਹੈ।
ਪਹਿਲੀ ਵਾਰ, ਜ਼ਿਆਦਾਤਰ ਕੈਨੇਡੀਅਨ, ਜਿਨ੍ਹਾਂ ਨੇ ਲੰਬੇ ਸਮੇਂ ਤੋਂ ਨਵੇਂ ਆਏ ਲੋਕਾਂ ਦਾ ਸੁਆਗਤ ਕੀਤਾ ਹੈ, ਉਹ ਹੁਣ ਸਵਾਲ ਕਰ ਰਹੇ ਹਨ ਕਿ ਉਨ੍ਹਾਂ ਦੇ ਸ਼ਹਿਰਾਂ ਦਾ ਪ੍ਰਬੰਧਨ ਕਿਵੇਂ ਹੋ ਰਿਹਾ ਹੈ।
ਦੂਜੇ ਪੱਛਮੀ ਦੇਸ਼ਾਂ ਵਿੱਚ ਸਿਆਸਤ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਦੇ ਆਲੇ-ਦੁਆਲੇ ਧਰੁਵੀ ਬਹਿਸਾਂ ਵਿੱਚ ਉਲਝੀ ਹੋਈ ਹੈ, ਪਰ ਕੈਨੇਡਾ ਨੇ ਇਸ ਮੁੱਦੇ ਨੂੰ ਵੱਡੇ ਪੱਧਰ ‘ਤੇ ਨਜ਼ਰਅੰਦਾਜ਼ ਕੀਤਾ ਸੀ, ਸ਼ਾਇਦ ਇਸ ਦੀ ਭੂਗੋਲਿਕ ਸਥਿਤੀ ਦੇ ਕਾਰਨ।
ਹਾਲਾਂਕਿ, ਹੁਣ ਕੈਨੇਡੀਅਨ ਸਰਕਾਰ ਤੇ ਸਮਾਜ ਦੇ ਰਵੱਈਏ ‘ਚ ਕਾਫੀ ਬਦਲਾਅ ਨਜ਼ਰ ਆ ਰਿਹਾ ਹੈ।
ਡਾਟਾ ਅਤੇ ਖੋਜ ਫਰਮ ਐਨਵਾਇਰੋਨਿਕਸ ਦੁਆਰਾ ਕੀਤੇ ਗਏ ਇੱਕ ਸਰਵੇਖਣ ਅਨੁਸਾਰ, 27 ਫੀਸਦ ਕੈਨੇਡੀਅਨਾਂ ਨੇ ਕਿਹਾ ਕਿ 2022 ਵਿੱਚ ਦੇਸ ਵਿੱਚ ਬਹੁਤ ਜ਼ਿਆਦਾ ਪਰਵਾਸੀ ਆਏ ਅਤੇ 2024 ਤੱਕ ਇਹ ਗਿਣਤੀ ਵਧ ਕੇ 58 ਫੀਸਦ ਹੋ ਗਈ।
ਪਰਵਾਸ ਖ਼ਿਲਾਫ਼ ਕਈ ਵਿਰੋਧੀ ਗਰੁੱਪ ਵੀ ਉੱਭਰ ਕੇ ਸਾਹਮਣੇ ਆਏ ਹਨ। ਓਟਾਵਾ, ਵੈਨਕੂਵਰ, ਕੈਲਗਰੀ ਅਤੇ ਮੁਲਕ ਭਰ ਵਿੱਚ ਹੋਰ ਥਾਵਾਂ ‘ਤੇ ਇਮੀਗ੍ਰੇਸ਼ਨ ਵਿਰੋਧੀ ਮਾਰਚ ਕੀਤੇ ਗਏ ਹਨ।
ਇੱਕ ਸਾਫਟਵੇਅਰ ਇੰਜੀਨੀਅਰ ਅਤੇ ਕੌਸਟ ਆਫ ਲਿਵਿੰਗ ਕੈਨੇਡਾ ਦੇ ਸੰਸਥਾਪਕ ਪੀਟਰ ਕ੍ਰੈਟਜ਼ਰ ਦਾ ਕਹਿਣਾ ਹੈ, “ਮੈਂ ਕਹਾਂਗਾ ਕਿ ਇਹ ਬਹੁਤ ਵਰਜਿਤ ਸੀ, ਜਿਵੇਂ ਕਿ ਕਿਸੇ ਨੇ ਅਸਲ ਵਿੱਚ ਇਸ ਬਾਰੇ ਗੱਲ ਨਹੀਂ ਕੀਤੀ ਹੋਵੇ। ਪਰ ਚੀਜ਼ਾਂ ਸੱਚਮੁੱਚ ਸਥਿਰ ਹੋ ਗਈਆਂ ਹਨ।”
ਦਰਅਸਲ ਕੌਸਟ ਆਫ ਲਿਵਿੰਗ ਕੈਨੇਡਾ ਦੀ ਇੱਕ ਸੰਸਥਾ ਹੈ, ਜੋ 2024 ਵਿੱਚ ਬਣੀ ਸੀ।
ਉਨ੍ਹਾਂ ਨੇ ਕਿਹਾ ਕਿ ਬਰੈਂਪਟਨ ਵਿੱਚ ਕਿਰਾਏ ਦਾ ਬਾਥਰੂਮ ਮਿਲਣ ਵਰਗੀਆਂ ਕਹਾਣੀਆਂ ਨੇ ਇਸ ਨੂੰ ਹੋਰ ਤੇਜ਼ ਕੀਤਾ ਹੈ। “ਲੋਕ ਕਹਿ ਸਕਦੇ ਹਨ ਕਿ ਇਹ ਸਭ ਕਿਸੇ ਸਬੂਤ ਵਾਂਗ ਹਨ। ਪਰ ਸਬੂਤ ਆਉਂਦੇ ਰਹਿੰਦੇ ਹਨ। ਤੁਸੀਂ ਇਸ ਨੂੰ ਵਾਰ-ਵਾਰ ਦੇਖ ਸਕੇ ਹੋ।”
ਵਾਤਾਵਰਨ ਵਿਗਿਆਨ ਦੇ ਕਾਰਜਕਾਰੀ ਨਿਰਦੇਸ਼ਕ ਕੀਥ ਨਿਊਮੈਨ ਦਾ ਕਹਿਣਾ ਹੈ, “ਲੋਕ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਹਨ ਕਿ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਕਿਵੇਂ ਸੰਭਾਲਿਆ ਜਾਵੇ ਅਤੇ ਸਾਡਾ ਮੰਨਣਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਲੋਕਾਂ ਨੇ ਸਿਸਟਮ ਦੇ ਪ੍ਰਬੰਧਨ ਬਾਰੇ ਸੱਚਮੁੱਚ ਸੋਚਿਆ ਹੈ।”
ਕੈਨੇਡਾ ਦੀ ਸਿਆਸਤ ਵਿੱਚ ਕਦੇ ਗੋਲਡਨ ਬੁਆਏ ਮੰਨੇ ਗਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੁਣ ਇਮੀਗ੍ਰੇਸ਼ਨ ਪੱਧਰਾਂ ‘ਤੇ ਵਿਆਪਕ ਅਸੰਤੁਸ਼ਟੀ ਵਿਚਾਲੇ ਇੱਕ ਮਹੱਤਵਪੂਰਨ ਚੋਣ ਸਾਲ ਦੌਰਾਨ 6 ਜਨਵਰੀ ਨੂੰ ਅਸਤੀਫਾ ਦੇ ਦਿੱਤਾ।
ਉਨ੍ਹਾਂ ਦੇ ਅਸਤੀਫੇ ਤੋਂ ਪਹਿਲਾਂ ਉਨ੍ਹਾਂ ਦੀ ਪ੍ਰਵਾਨਗੀ ਦਾ ਪੱਧਰ ਸਿਰਫ਼ 22 ਫੀਸਦ ਸੀ, ਜੋ ਕਿ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ ਪਹਿਲੇ ਸਾਲ ਨਾਲੋਂ ਬਹੁਤ ਘੱਟ ਹੈ, ਜਦੋਂ ਉਸ ਸਾਲ 65 ਫੀਸਦ ਵੋਟਰਾਂ ਨੇ ਕਿਹਾ ਕਿ ਉਹ ਉਨ੍ਹਾਂ ਦੀ ਹਮਾਇਤ ਵਿੱਚ ਹਨ।
ਹਾਲਾਂਕਿ ਇਮੀਗ੍ਰੇਸ਼ਨ ਉਨ੍ਹਾਂ ਦੀ ਘੱਟ ਪ੍ਰਵਾਨਗੀ ਰੇਟਿੰਗ ਜਾਂ ਉਨ੍ਹਾਂ ਦੇ ਅਸਤੀਫ਼ੇ ਦਾ ਮੁੱਖ ਕਾਰਨ ਨਹੀਂ ਸੀ।
ਉਨ੍ਹਾਂ ਨੇ “ਅੰਦਰੂਨੀ ਲੜਾਈਆਂ” ਦਾ ਹਵਾਲਾ ਦਿੱਤਾ। ਉਨ੍ਹਾਂ ‘ਤੇ ਮਹਿੰਗਾਈ ਅਤੇ ਰਿਹਾਇਸ਼ ਬਾਰੇ ਵੱਧ ਰਹੀਆਂ ਚਿੰਤਾਵਾਂ ਨਾਲ ਨਜਿੱਠਣ ਵਿੱਚ ਬਹੁਤ ਹੌਲੀ ਹੋਣ ਦਾ ਇਲਜ਼ਾਮ ਲੱਗਿਆ, ਜਿਸ ਲਈ ਬਹੁਤ ਸਾਰੇ ਲੋਕਾਂ ਨੇ ਅੰਸ਼ਕ ਤੌਰ ‘ਤੇ ਇਮੀਗ੍ਰੇਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਓਨਟਾਰੀਓ ਦੇ ਕਿੰਗਸਟਨ ਵਿੱਚ ਕੁਇਨਜ਼ ਯੂਨੀਵਰਸਿਟੀ ਦੇ ਸਿਆਸੀ ਅਧਿਐਨ ਵਿਭਾਗ ਦੇ ਮੁਖੀ ਪ੍ਰੋਫੈਸਰ ਜੋਨਾਥਨ ਰੋਜ਼ ਕਹਿੰਦੇ ਹਨ, “ਹਾਲਾਂਕਿ ਅਸਤੀਫ਼ੇ ਦਾ ਤੁਰੰਤ ਕਾਰਨ ਇਮੀਗ੍ਰੇਸ਼ਨ ਮੁੱਦਾ ਨਹੀਂ ਸੀ, ਪਰ ਸੋਨੇ ਤੇ ਸੁਹਾਗੇ ਵਾਂਗ ਹੋ ਸਕਦਾ ਹੈ।”
ਟਰੂਡੋ ਦੇ ਪ੍ਰਸ਼ਾਸਨ ਦੇ ਅਧੀਨ, ਕੈਨੇਡੀਅਨ ਸਰਕਾਰ ਨੇ ਮਹਾਂਮਾਰੀ ਤੋਂ ਬਾਅਦ ਜਾਣਬੁੱਝ ਕੇ ਦੇਸ਼ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਕਰਨ ਦਾ ਫੈਸਲਾ ਕੀਤਾ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਹੁਨਰਮੰਦ ਪਰਵਾਸੀਆਂ ਦੇ ਨਾਲ-ਨਾਲ ਵਿਦੇਸ਼ੀ ਵਿਦਿਆਰਥੀਆਂ ਅਤੇ ਅਸਥਾਈ ਕਰਮਚਾਰੀਆਂ ਲਈ ਕੋਟਾ ਵਧਾਉਣ ਨਾਲ ਆਰਥਿਕਤਾ ਨੂੰ ਹੁਲਾਰਾ ਮਿਲੇਗਾ।
ਜੋ ਆਬਾਦੀ 10 ਸਾਲ ਪਹਿਲਾਂ ਸਾਢੇ ਤਿੰਨ ਕਰੋੜ ਸੀ ਉਹ ਹੁਣ ਵਧ ਕੇ 4 ਕਰੋੜ ਤੋਂ ਵੱਧ ਹੋ ਗਈ ਹੈ।
ਇਸ ਵਾਧੇ ਲਈ ਇਮੀਗ੍ਰੇਸ਼ਨ ਮੁੱਖ ਤੌਰ ‘ਤੇ ਜ਼ਿੰਮੇਵਾਰ ਸੀ। ਕੈਨੇਡਾ ਦੀ ਨੈਸ਼ਨਲ ਸਟੈਟਿਸਟਿਕਸ ਏਜੰਸੀ ਦੇ ਅੰਕੜੇ ਦਰਸਾਉਂਦੇ ਹਨ ਕਿ 2024 ਵਿੱਚ 90 ਫੀਸਦ ਤੋਂ ਵੱਧ ਆਬਾਦੀ ਦਾ ਵਾਧਾ ਇਮੀਗ੍ਰੇਸ਼ਨ ਕਾਰਨ ਹੋਇਆ।
ਸਮੁੱਚੇ ਪਰਵਾਸ ਪੱਧਰ ਦੇ ਨਾਲ-ਨਾਲ ਸ਼ਰਨਾਰਥੀਆਂ ਦੀ ਗਿਣਤੀ ਵੀ ਵਧੀ ਹੈ। 2013 ਵਿੱਚ ਕੈਨੇਡਾ ਵਿੱਚ 10,365 ਸ਼ਰਨਾਰਥੀ ਬਿਨੈਕਾਰ ਸਨ ਅਤੇ ਇਹ ਸੰਖਿਆ 2023 ਤੱਕ ਵਧ ਕੇ 143,770 ਹੋਣ ਦੀ ਉਮੀਦ ਹੈ।
ਪ੍ਰੋਫ਼ੈਸਰ ਰੋਜ਼ ਨੇ ਦਲੀਲ ਦਿੱਤੀ ਕਿ ਇਮੀਗ੍ਰੇਸ਼ਨ ਪ੍ਰਤੀ ਵੋਟਰਾਂ ਦੀ ਅਸੰਤੁਸ਼ਟੀ ਟਰੂਡੋ ਦੇ ਪਤਨ ਦੇ “ਕਾਰਨਾਂ ਦਾ ਸਭ ਤੋਂ ਵੱਡਾ ਕਾਰਕ” ਸੀ। “ਇਹ ਜਨਤਕ ਰਾਇ ਨੂੰ ਸਮਝਣ ਵਿੱਚ ਉਨ੍ਹਾਂ ਦੀ ਅਸਮਰੱਥਾ ਨੂੰ ਦਰਸਾਉਂਦਾ ਹੈ।”
ਇਹ ਅਸਪੱਸ਼ਟ ਹੈ ਕਿ ਟਰੂਡੋ ਦੀ ਲਿਬਰਲ ਪਾਰਟੀ ਵਿੱਚੋਂ ਕੌਣ ਉਨ੍ਹਾਂ ਦੀ ਥਾਂ ਲਵੇਗਾ, ਪਰ ਆਗਾਮੀ ਚੋਣਾਂ ਤੋਂ ਪਹਿਲਾਂ, ਓਪੀਨੀਅਨ ਪੋਲ ਕੰਜ਼ਰਵੇਟਿਵ ਪਾਰਟੀ ਦੇ ਹੱਕ ਵਿੱਚ ਹਨ, ਜਿਸ ਦੇ ਆਗੂ ਪਿਅਰੇ ਪੋਲੀਵੀਅਰ ਨਵੇਂ ਆਉਣ ਵਾਲਿਆਂ ਦੀ ਗਿਣਤੀ, ਨਵੇਂ ਘਰਾਂ ਦੀ ਉਸਾਰੀ ਨਾਲੋਂ ਘੱਟ ਰੱਖਣ ਦੀ ਵਕਾਲਤ ਕਰ ਰਹੇ ਹਨ।
ਪ੍ਰੋਫੈਸਰ ਰੋਜ਼ ਦਾਅਵਾ ਕਰਦੇ ਹਨ ਕਿ ਜਦੋਂ ਦੇ ਨਵੰਬਰ ਵਿੱਚ ਡੌਨਲਡ ਟਰੰਪ ਨੇ ਅਮਰੀਕਾ ਦੀਆਂ ਚੋਣਾਂ ਜਿੱਤੀਆਂ ਹਨ ਉਦੋਂ ਤੋਂ ਪੋਲੀਵੀਅਰ “ਪਰਵਾਸ ਬਾਰੇ ਜ਼ਿਆਦਾ ਗੱਲ ਕਰ ਰਹੇ ਹਨ। ਇਸ ਲਈ ਹੋ ਸਕਦਾ ਹੈ ਕਿ ਉਹ ਵੋਟਰਾਂ ਦੇ ਦਿਮਾਗ਼ ਵਿੱਚ ਮੋਹਰੀ ਹੋਣ।”
ਯਕੀਨੀ ਤੌਰ ʼਤੇ ਟਰੰਪ ਦੀ ਦੂਜੀ ਆਮਦ ਕੈਨੇਡਾ ਵਿੱਚ ਭਖ਼ ਰਹੇ ਮੁੱਦਿਆਂ ਉੱਤੇ ਤੇਲ ਪਾਉਣ ਲਈ ਤਿਆਰ ਹੈ, ਭਾਵੇਂ ਪ੍ਰਧਾਨ ਮੰਤਰੀ ਕੋਈ ਵੀ ਹੋਵੇ।
ਉਨ੍ਹਾਂ ਦੀ ਜਿੱਤ ਦੇਸ਼ ਵਿੱਚੋਂ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਬਾਹਰ ਕੱਢਣ ਦੇ ਵਾਅਦੇ ਦਾ ਹੀ ਹਿੱਸਾ ਹੈ ਅਤੇ ਜਦੋਂ ਤੋਂ ਉਹ ਜਿੱਤੇ ਹਨ, ਉਹ ਲਗਾਤਾਰ ਕਹਿ ਰਹੇ ਹਨ ਕਿ ਫੌਜ ਦੀ ਭਰਤੀ ਕਰਨਗੇ ਅਤੇ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਕੌਮੀ ਐਮਰਜੈਂਸੀ ਦਾ ਵੀ ਐਲਾਨ ਕਰਨਗੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਜਦੋਂ ਤੱਕ ਸਰਹੱਦ ʼਤੇ ਸਖ਼ਤੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਕੈਨੇਡਾ ਦੇ ਸਮਾਨ ʼਤੇ 25 ਫੀਸਦ ਟੈਰਿਫ ਵਧਾਉਣ ਦੀ ਯੋਜਨਾ ਦਾ ਵੀ ਐਲਾਨ ਕੀਤਾ ਹੈ
ਸਰਹੱਦ ʼਤੇ ਡਰੋਨ, ਕੈਮਰੇ ਅਤੇ ਪੁਲਿਸ ਦਾ ਪ੍ਰਬੰਧ
ਕੈਨੇਡਾ ਅਤੇ ਅਮਰੀਕਾ ਦੁਨੀਆਂ ਦੀ ਸਭ ਤੋਂ ਵੱਡੀ ਅਸੁਰੱਖਿਅਤ ਸਰਹੱਦ ਸਾਂਝੀ ਕਰਦੇ ਹਨ। ਇਸ ਦੀ ਲੰਬਾਈ ਕਰੀਬ 9000 ਕਿਲੋਮੀਟਰ ਹੈ ਅਤੇ ਇਸ ਦਾ ਵਧੇਰੇ ਹਿੱਸਾ ਸੰਘਣੇ ਜੰਗਲਾਂ ਵਿੱਚੋਂ ਹੋ ਕੇ ਲੰਘਦਾ ਹੈ।
ਅਮਰੀਕਾ ਦੀ ਦੱਖਣੀ ਸਰਹੱਦ ਵਾਂਗ ਇੱਥੇ ਕੋਈ ਕੰਧ ਨਹੀਂ ਹੈ। ਇਹ ਲੰਬੇ ਸਮੇਂ ਤੋਂ ਓਟਵਾ ਅਤੇ ਵਾਸ਼ਿੰਗਟਨ ਵਿਚਕਾਰ ਮਾਣ ਵਾਲਾ ਬਿੰਦੂ ਰਿਹਾ ਹੈ ਅਤੇ ਉਨ੍ਹਾਂ ਦੇ ਨਜ਼ਦੀਕੀ ਸਬੰਧਾਂ ਦੀ ਨਿਸ਼ਾਨੀ ਵੀ।
2017 ਵਿੱਚ ਪਹਿਲੀ ਵਾਰ ਟਰੰਪ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਸ਼ਰਨ ਦੇ ਦਾਅਵਿਆਂ ਦੀ ਗਿਣਤੀ ਅਸਮਾਨੀ ਚੜ੍ਹ ਗਈ। ਇਨ੍ਹਾਂ ਵਿੱਚੋਂ ਹਜ਼ਾਰਾਂ ਲੋਕ ਸਰਹੱਦ ਪਾਰ ਕਰ ਕੇ ਕੈਨੇਡਾ ਵਿੱਚ ਦਾਖ਼ਲ ਹੋਏ।
ਕੈਨੇਡਾ ਸਰਕਾਰ ਦੇ ਅਨੁਸਾਰ, ਅਜਿਹੇ ਦਾਅਵਿਆਂ ਦੀ ਗਿਣਤੀ 2016 ਵਿੱਚ 24,000 ਤੋਂ ਵੱਧ ਕੇ 2018 ਤੱਕ 55,000 ਪ੍ਰਤੀ ਸਾਲ ਹੋ ਗਈ ਹੈ। ਲਗਭਗ ਸਾਰੇ ਦਾਅਵੇ ਅਰਜ਼ੀਆਂ ਨਿਊਯਾਰਕ ਸਟੇਟ ਤੋਂ ਕੈਨੇਡੀਅਨ ਸੂਬੇ ਕਿਊਬਕ ਤੱਕ ਪਹੁੰਚੀਆਂ।
2023 ਵਿੱਚ, ਕੈਨੇਡਾ ਅਤੇ ਅਮਰੀਕਾ ਇੱਕ ਸਖ਼ਤ ਸਰਹੱਦੀ ਸੌਦੇ ਲਈ ਸਹਿਮਤ ਹੋਏ, ਜਿਸ ਵਿੱਚ ਜ਼ਿਆਦਾਤਰ ਪਰਵਾਸੀਆਂ ਨੂੰ ਇੱਕ ਦੇਸ ਤੋਂ ਦੂਜੇ ਦੇਸ ਵਿੱਚ ਜ਼ਮੀਨੀ ਸਰਹੱਦਾਂ ਪਾਰ ਕਰਨ ਤੋਂ ਰੋਕਿਆ ਗਿਆ।
ਸਮਝੌਤੇ ਦੇ ਤਹਿਤ, ਅਮਰੀਕਾ ਜਾਂ ਕੈਨੇਡਾ ਵਿੱਚ ਸਰਹੱਦ ਦੇ ਕਿਸੇ ਵੀ ਹਿੱਸੇ ਨੂੰ ਪਾਰ ਕਰਨ ਦੇ 14 ਦਿਨਾਂ ਦੇ ਅੰਦਰ ਅਧਿਕਾਰੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਪਰਵਾਸੀਆਂ ਨੂੰ ਉਸ ਦੇਸ ਵਿੱਚ ਵਾਪਸ ਭੇਜਣਾ ਹੋਵੇਗਾ, ਜਿੱਥੇ ਉਹ ਪਹਿਲਾਂ ਦਾਖ਼ਲ ਹੋਏ ਸਨ ਅਤੇ ਉੱਥੇ ਹੀ ਸ਼ਰਨ ਲਈ ਬੇਨਤੀ ਕੀਤੀ ਜਾ ਸਕਦੀ ਹੈ।
ਟਰੂਡੋ ਅਤੇ ਜੋ ਬਾਈਡਨ ਨੇ ਇਸ ਸਮਝੌਤੇ ʼਤੇ ਮੁੜ ਕੰਮ ਕੀਤਾ। ਸਮਝੌਤਾ ਇਸ ਵਿਚਾਰ ‘ਤੇ ਅਧਾਰਤ ਹੈ ਕਿ ਅਮਰੀਕਾ ਅਤੇ ਕੈਨੇਡਾ ਦੋਵੇਂ ਸ਼ਰਨ ਮੰਗਣ ਵਾਲਿਆਂ ਲਈ ਸੁਰੱਖਿਅਤ ਮੁਲਕ ਹਨ।
ਇਸ ਵਾਰ, ਕੈਨੇਡਾ ਦੀ ਰਾਸ਼ਟਰੀ ਪੁਲਿਸ ਫੋਰਸ, ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (ਆਰਸੀਐੱਮਪੀ) ਨੇ ਕਿਹਾ ਹੈ ਕਿ ਉਸ ਨੇ ਟਰੰਪ ਦੇ ਸਹੁੰ ਚੁੱਕਣ ਤੋਂ ਬਹੁਤ ਪਹਿਲਾਂ ਸਰਹੱਦ ‘ਤੇ ਪਰਵਾਸੀਆਂ ਦੀ ਵਧਦੀ ਗਿਣਤੀ ਲਈ ਅਚਨਚੇਤ ਯੋਜਨਾਵਾਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ।
ਇਸ ਵਿੱਚ ਡਰੋਨ ਅਤੇ ਨਾਈਟ ਵਿਜ਼ਨ ਗੌਗਲ ਤੋਂ ਲੈ ਕੇ ਜੰਗਲ ਵਿੱਚ ਲੁਕੇ ਨਿਗਰਾਨੀ ਕੈਮਰਿਆਂ ਤੱਕ ਬਹੁਤ ਸਾਰੀਆਂ ਨਵੀਆਂ ਤਕਨੀਕਾਂ ਸ਼ਾਮਲ ਹਨ।
ਆਰਸੀਐੱਮਪੀ ਦੇ ਬੁਲਾਰੇ ਚਾਰਲਸ ਪੋਇਰੀਅਰ ਨੇ ਨਵੰਬਰ ਵਿੱਚ ਚੇਤਾਵਨੀ ਦਿੱਤੀ ਸੀ, “ਸਭ ਤੋਂ ਮਾੜੀ ਸਥਿਤੀ ਉਦੋਂ ਹੋਵੇਗੀ ਜਦੋਂ ਲੋਕ ਵੱਡੀ ਗਿਣਤੀ ਵਿੱਚ ਹਰ ਥਾਂ ਤੋਂ ਸਰਹੱਦ ਪਾਰ ਕਰਨਗੇ। ਜੇਕਰ ਮੰਨੀਏ ਕਿ ਸਾਡੇ ਇੱਥੇ ਇੱਕ ਦਿਨ ਵਿੱਚ 100 ਲੋਕ ਸਰਹੱਦ ਪਾਰ ਕਰਦੇ ਹਨ ਅਤੇ ਦਾਖ਼ਲ ਹੁੰਦੇ ਹਨ, ਤਾਂ ਸਾਡੇ ਅਫਸਰਾਂ ਨੂੰ ਅਸਲ ਵਿੱਚ ਹਰ ਇੱਕ ਨੂੰ ਗ੍ਰਿਫਤਾਰ ਕਰਨ ਲਈ ਬਹੁਤ ਲੰਬੀ ਦੂਰੀ ਤੈਅ ਕਰਨੀ ਪਵੇਗੀ ਅਤੇ ਇਹ ਉਨ੍ਹਾਂ ਲਈ ਮੁਸ਼ਕਲ ਭਰਿਆ ਹੋਵੇਗਾ।”
ਹੁਣ, ਕੇਂਦਰੀ ਸਰਕਾਰ ਨੇ ਆਪਣੀ ਸਰਹੱਦ ਸੁਰੱਖਿਆ ਯੋਜਨਾ ਲਈ ਵਾਧੂ 1.3 ਅਰਬ ਕੈਨੇਡੀਅਨ ਡਾਲਰ ਦੇਣ ਦਾ ਵਾਅਦਾ ਕੀਤਾ ਹੈ।
‘ਅਸੀਂ ਆਪਣਾ ਭਵਿੱਖ ਵਾਪਸ ਚਾਹੁੰਦੇ ਹਾਂ!’
ਹਰ ਕੋਈ ਵਧੀ ਹੋਈ ਇਮੀਗ੍ਰੇਸ਼ਨ ਨੂੰ ਹਾਲ ਹੀ ਦੇ ਰਿਹਾਇਸ਼ੀ ਸੰਕਟ ਦਾ ਜ਼ਿੰਮੇਵਾਰ ਨਹੀਂ ਮੰਨਦਾ। ਟੋਰਾਂਟੋ ਦੀ ਮੇਅਰ ਓਲੀਵੀਆ ਚੋਅ ਨੇ ਦਲੀਲ ਦਿੱਤੀ ਕਿ ਇਹ “30 ਸਾਲਾਂ ਦੀ ਮਿਹਨਤ” ਕਾਰਨ ਹੋਇਆ ਹੈ ਕਿਉਂਕਿ ਸਿਆਸਤਦਾਨ ਕਿਫਾਇਤੀ ਰਿਹਾਇਸ਼ ਬਣਾਉਣ ਵਿੱਚ ਅਸਫ਼ਲ ਰਹੇ ਹਨ।
ਨਿਸ਼ਚਿਤ ਤੌਰ ‘ਤੇ ਦੇਸ ਦਾ ਨਵੇਂ ਲੋਕਾਂ ਦਾ ਸੁਆਗਤ ਕਰਨ ਦਾ ਲੰਮਾ ਇਤਿਹਾਸ ਰਿਹਾ ਹੈ।
ਨਿਊਮੈਨ ਦੱਸਦੇ ਹਨ, “ਕੈਨੇਡਾ ਦੀ ਲਗਭਗ 50 ਫੀਸਦ ਆਬਾਦੀ ਪਹਿਲੀ ਜਾਂ ਦੂਜੀ ਪੀੜ੍ਹੀ ਹੈ। ਇਸ ਦਾ ਮਤਲਬ ਹੈ ਕਿ ਜਾਂ ਤਾਂ ਉਹ ਕਿਸੇ ਹੋਰ ਦੇਸ ਤੋਂ ਆਏ ਹਨ, ਜਾਂ ਉਨ੍ਹਾਂ ਦੇ ਮਾਤਾ-ਪਿਤਾ ਵਿੱਚੋਂ ਇੱਕ ਜਾਂ ਦੋਵੇਂ ਕਿਸੇ ਹੋਰ ਦੇਸ ਤੋਂ ਆਏ ਹਨ। ਟੋਰਾਂਟੋ ਅਤੇ ਵੈਨਕੂਵਰ ਵਿੱਚ ਇਹ 80 ਫੀਸਦ ਤੋਂ ਵੱਧ ਹੈ।”
ਉਹ ਦਲੀਲ ਦਿੰਦੇ ਹਨ ਕਿ ਇਹ ਕੈਨੇਡਾ ਨੂੰ “ਇੱਕ ਸਮਾਨ ਆਬਾਦੀ ਵਾਲੇ ਸਥਾਨ ਤੋਂ ਬਹੁਤ ਵੱਖਰਾ ਸਥਾਨ” ਬਣਾਉਂਦਾ ਹੈ।
ਨਿਊਮੈਨ 40 ਸਾਲਾਂ ਤੋਂ ਨਵੇਂ ਆਉਣ ਵਾਲਿਆਂ ਲੋਕਾਂ ਪ੍ਰਤੀ ਰਵੱਈਏ ਦੀ ਜਾਂਚ ਕਰਨ ਵਾਲੇ ਸਰਵੇਖਣਾਂ ਵਿੱਚ ਸ਼ਾਮਲ ਰਹੇ ਹਨ।
ਉਹ ਕਹਿੰਦੇ ਹਨ, “ਜੇਕਰ ਤੁਸੀਂ ਕੈਨੇਡੀਅਨਾਂ ਨੂੰ ਪੁੱਛੋ, ਕੈਨੇਡਾ ਬਾਰੇ ਸਭ ਤੋਂ ਮਹੱਤਵਪੂਰਨ ਜਾਂ ਵਿਲੱਖਣ ਚੀਜ਼ ਕੀ ਹੈ ਜਾਂ ਕਿਹੜੀ ਚੀਜ਼ ਦੇਸ਼ ਨੂੰ ਵਿਲੱਖਣ ਬਣਾਉਂਦੀ ਹੈ? ਪਹਿਲਾ ਜਵਾਬ ‘ਬਹੁ-ਸੱਭਿਆਚਾਰਵਾਦ’ ਜਾਂ ‘ਵਿਭਿੰਨਤਾ’ ਹੋਵੇਗਾ।”
ਫਿਰ ਵੀ, ਉਹ ਕਹਿੰਦੇ ਹਨ ਕਿ ਜਨਤਕ ਰਾਇ ਵਿੱਚ ਤਬਦੀਲੀ ਅਤੇ ਇਮੀਗ੍ਰੇਸ਼ਨ ਬਾਰੇ ਚਿੰਤਾਵਾਂ ਵਿੱਚ ਵਾਧਾ “ਨਾਟਕੀ” ਰਿਹਾ ਹੈ।
ਉਹ ਆਖਦੇ ਹਨ, “ਹੁਣ ਨਾ ਸਿਰਫ ਵਿਆਪਕ ਜਨਤਕ ਚਿੰਤਾ ਹੈ, ਬਲਕਿ ਬਹੁਤ ਜ਼ਿਆਦਾ ਖੁੱਲੀ ਚਰਚਾ ਵੀ ਹੈ। ਇਸ ਬਾਰੇ ਹੋਰ ਸਵਾਲ ਪੁੱਛੇ ਜਾ ਰਹੇ ਹਨ ਕਿ ਸਿਸਟਮ ਕਿਵੇਂ ਕੰਮ ਕਰ ਰਿਹਾ ਹੈ? ਇਹ ਕਿਵੇਂ ਕੰਮ ਨਹੀਂ ਕਰ ਰਿਹਾ ਹੈ?”
ਟੋਰਾਂਟੋ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਵਿੱਚ ਭੀੜ ਹੱਥਾਂ ਨਾਲ ਪੇਂਟ ਕੀਤੇ ਪੋਸਟਰਾਂ ਨਾਲ ਇੱਕਠੀ ਹੋਈ, ਜਿਨ੍ਹਾਂ ਵਿੱਚੋਂ ਕੁਝ ਵਿੱਚ ਲਿਖਿਆ ਸੀ, “ਅਸੀਂ ਆਪਣਾ ਭਵਿੱਖ ਵਾਪਸ ਚਾਹੁੰਦੇ ਹਾਂ!” ਅਤੇ ” ਮਾਸ ਇਮੀਗ੍ਰੇਸ਼ਨ ਨੂੰ ਖ਼ਤਮ ਕਰੋ”।
ਕ੍ਰੈਟਜ਼ਰ ਦੇ ਸਮੂਹ ਨੇ ਇਨ੍ਹਾਂ ਵਿੱਚੋਂ ਕੁਝ ਵਿੱਚ ਹਿੱਸਾ ਲਿਆ ਹੈ। ਉਹ ਦਲੀਲ ਦਿੰਦੇ ਹਨ, “ਸਾਨੂੰ ਇਮੀਗ੍ਰੇਸ਼ਨ ‘ਤੇ ਇੱਕ ਕੈਪ ਲਗਾਉਣ ਦੀ ਲੋੜ ਹੈ। ਸਾਨੂੰ ਇਸ ਵਿੱਚ ਦੇਰੀ ਕਰਨ ਦੀ ਜ਼ਰੂਰਤ ਹੈ ਤਾਂ ਕਿ ਮਜ਼ਦੂਰੀ ਅਤੇ ਕਿਰਾਏ ਦੀ ਲਾਗਤ ਦਾ ਬਰਾਬਰ ਹੋ ਸਕੇ।”
ਸੋਸ਼ਲ ਮੀਡੀਆ ‘ਤੇ ਨਵੇਂ ਲੋਕਾਂ ਖ਼ਿਲਾਫ਼ ਇਲਜ਼ਾਮ ਵੀ ਲੱਗ ਰਹੇ ਹਨ। ਪਿਛਲੀਆਂ ਗਰਮੀਆਂ ਵਿੱਚ ਵਾਸਾਗਾ ਬੀਚ, ਓਨਟਾਰੀਓ ਵਾਸੀ ਅਖਵਾਉਣ ਵਾਲੀ ਨਤਾਸ਼ਾ ਵ੍ਹਾਈਟ ਨੇ ਟਿਕਟੌਕ ‘ਤੇ ਦਾਅਵਾ ਕੀਤਾ ਸੀ ਕਿ ਕੁਝ ਨਵੇਂ ਲੋਕ ਬੀਚ ‘ਤੇ ਟੋਏ ਪੁੱਟ ਰਹੇ ਸਨ ਅਤੇ ਉਨ੍ਹਾਂ ਵਿੱਚ ਸ਼ੌਚ ਕਰ ਰਹੇ ਸਨ।
ਪੋਸਟ ਨੂੰ ਲੱਖਾਂ ਲੋਕਾਂ ਨੇ ਦੇਖਿਆ ਅਤੇ ਪਰਵਾਸੀਆਂ ਖ਼ਿਲਾਫ਼ ਨਫ਼ਰਤ ਦਾ ਇੱਕ ਤੂਫ਼ਾਨ ਪੈਦਾ ਕੀਤਾ, ਕਈਆਂ ਨੇ ਕਿਹਾ ਕਿ ਨਵੇਂ ਲੋਕਾਂ ਨੂੰ “ਘਰ ਜਾਣਾ ਚਾਹੀਦਾ ਹੈ”
ਟੈਂਟ ਵਾਲੇ ਸ਼ਹਿਰ ਅਤੇ ਮੁਕੰਮਲ ਬੇਘਰਾਂ ਵਾਲੇ ਆਸਰੇ
ਜਿਨ੍ਹਾਂ ਲੋਕਾਂ ਨਾਲ ਮੈਂ ਗੱਲਬਾਤ ਕੀਤੀ, ਜਿਨ੍ਹਾਂ ਨੇ ਸ਼ਰਨ ਮੰਗਣ ਵਾਲਿਆਂ ਨਾਲ ਨੇੜਿਓਂ ਕੰਮ ਕੀਤਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਵਧੇਰੇ ਸਰਹੱਦੀ ਸੁਰੱਖਿਆ ਦੀ ਲੋੜ ਬਾਰੇ ਵਧ ਰਹੀਆਂ ਚਿੰਤਾਵਾਂ ਕਾਰਨ ਸ਼ਰਨਾਰਥੀਆਂ ਵਿੱਚ ਅਸੁਰੱਖਿਆ ਅਤੇ ਡਰ ਦੀ ਭਾਵਨਾ ਪੈਦਾ ਹੋ ਰਹੀ ਹੈ।
ਮੌਂਟਰੀਅਲ ਵਿੱਚ ਸ਼ਰਨਾਰਥੀ ਕੇਂਦਰ ਦੇ ਕਾਰਜਕਾਰੀ ਨਿਰਦੇਸ਼ਕ ਅਬਦੁੱਲਾ ਦਾਊਦ ਦਾ ਮੰਨਣਾ ਹੈ ਕਿ ਉਹ ਕਮਜ਼ੋਰ ਸ਼ਰਨਾਰਥੀ ਜਿਨ੍ਹਾਂ ਨਾਲ ਉਹ ਕੰਮ ਕਰਦੇ ਹਨ, ਅਮਰੀਕੀ ਚੋਣਾਂ ਤੋਂ ਬਾਅਦ ਪਰਵਾਸੀ ਗਿਣਤੀ ‘ਤੇ ਧਿਆਨ ਕੇਂਦਰਿਤ ਹੋਣ ਕਰ ਕੇ ਆਪਣੇ-ਆਪ ਨੂੰ ਅਲੱਗ-ਥਲੱਗ ਮਹਿਸੂਸ ਕਰਦੇ ਹਨ।
ਉਹ ਆਖਦੇ ਹਨ, “ਉਹ ਯਕੀਨੀ ਤੌਰ ‘ਤੇ ਵਧੇਰੇ ਚਿੰਤਤ ਹਨ। ਮੈਨੂੰ ਲੱਗਦਾ ਹੈ ਕਿ ਉਹ ਆ ਰਹੇ ਹਨ ਅਤੇ ਉਹ ਮਹਿਸੂਸ ਕਰ ਰਹੇ ਹਨ, ‘ਠੀਕ ਹੈ, ਕੀ ਮੇਰਾ ਇੱਥੇ ਸਵਾਗਤ ਕੀਤਾ ਜਾਵੇਗਾ? ਕੀ ਮੈਂ ਸਹੀ ਜਗ੍ਹਾ ‘ਤੇ ਹਾਂ ਜਾਂ ਨਹੀਂ?”
ਸ਼ਰਨਾਰਥੀ ਵਜੋਂ ਕੈਨੇਡਾ ਵਿੱਚ ਰਹਿਣ ਦੀ ਆਸ ਰੱਖਣ ਵਾਲੇ ਲੋਕ ਉਦੋਂ ਤੱਕ ਅਧਿਕਾਰਤ ਇਮੀਗ੍ਰੇਸ਼ਨ ਬੰਦੋਬਸਤ ਸੇਵਾਵਾਂ ਤੱਕ ਨਹੀਂ ਪਹੁੰਚ ਸਕਦੇ ਜਦੋਂ ਤੱਕ ਇਹ ਫ਼ੈਸਲਾ ਨਹੀਂ ਕੀਤਾ ਜਾਂਦਾ ਕਿ ਉਨ੍ਹਾਂ ਨੂੰ ਅਸਲ ਵਿੱਚ ਸ਼ਰਨ ਦੀ ਲੋੜ ਹੈ ਵੀ।
ਇਸ ਪ੍ਰਕਿਰਿਆ ਵਿੱਚ ਪਹਿਲਾਂ ਦੋ ਹਫ਼ਤੇ ਲੱਗਦੇ ਸਨ ਪਰ ਹੁਣ ਇਸ ਵਿੱਚ ਤਿੰਨ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ।
ਟੋਰਾਂਟੋ ਵਿੱਚ ਨਵੇਂ ਆਏ ਸ਼ਰਨਾਰਥੀਆਂ ਨੂੰ ਰੱਖਣ ਲਈ ਟੈਂਟ ਸਿਟੀ ਅਤੇ ਫੂਡ ਬੈਂਕ ਖੁੱਲ੍ਹ ਗਏ ਹਨ।
ਸ਼ਹਿਰ ਦੇ ਬੇਘਰੇ ਆਸਰੇ ਅਕਸਰ ਭਰੇ ਹੋਏ ਦੱਸੇ ਜਾਂਦੇ ਹਨ। ਪਿਛਲੀਆਂ ਸਰਦੀਆਂ ਵਿੱਚ, ਦੋ ਸ਼ਰਨਾਰਥੀ ਬਿਨੈਕਾਰਾਂ ਦੀ ਟੋਰਾਂਟੋ ਦੀਆਂ ਸੜਕਾਂ ‘ਤੇ ਸੌਣ ਤੋਂ ਬਾਅਦ ਬਰਫ਼ ਵਿੱਚ ਜੰਮ ਕੇ ਮੌਤ ਹੋ ਗਈ ਸੀ।
ਖੁਦ 13 ਸਾਲ ਦੀ ਉਮਰ ਵਿੱਚ ਹਾਂਗਕਾਂਗ ਤੋਂ ਕੈਨੇਡਾ ਆਉਣ ਵਾਲੀ ਟੋਰਾਂਟੋ ਦੀ ਮੇਅਰ ਓਲੀਵੀਆ ਚੋਅ ਆਖਦੇ ਹਨ, “ਲੋਕਾਂ ਨੂੰ ਪਤਾ ਲੱਗ ਰਿਹਾ ਹੈ ਕਿ ਦੋ-ਤਿੰਨ ਨੌਕਰੀਆਂ ਕਰਨ ਦੇ ਬਾਵਜੂਦ, ਉਨ੍ਹਾਂ ਕੋਲ ਕਿਰਾਏ ਦਾ ਭੁਗਤਾਨ ਕਰਨ ਲਈ ਅਤੇ ਬੱਚਿਆਂ ਦਾ ਢਿੱਡ ਭਰਨ ਦੇ ਪੈਸੇ ਨਹੀਂ ਹਨ।”
“ਮੈਂ ਇਸ ਮੁਸ਼ਕਲ ਨੂੰ ਸਮਝਦੀ ਹਾਂ, ਜੋ ਬਰਦਾਸ਼ਤਯੋਗ ਨਹੀਂ ਹੈ ਅਤੇ ਬੇਦਖ਼ਲ ਕੀਤੇ ਜਾਣ ਦੇ ਡਰ ਵੀ ਮੈਂ ਸਮਝਦੀ ਹਾਂ। ਪਰ ਇਸ ਲਈ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਦੋਸ਼ੀ ਠਹਿਰਾਉਣਾ ਗ਼ਲਤ ਹੈ।”
ਟਰੂਡੋ: ‘ਅਸੀਂ ਸਹੀ ਸੰਤੁਲਨ ਨਹੀਂ ਬਣਾ ਸਕੇ’
ਜਿਵੇਂ-ਜਿਵੇਂ ਨਿਰਾਸ਼ਾ ਵਧਦੀ ਗਈ, ਟਰੂਡੋ ਨੇ ਅਕਤੂਬਰ ਵਿੱਚ ਇੱਕ ਵੱਡੀ ਤਬਦੀਲੀ ਦਾ ਐਲਾਨ ਕੀਤਾ, ਉਹ ਸੀ ਤਿੰਨ ਸਾਲਾਂ ਵਿੱਚ ਇਮੀਗ੍ਰੇਸ਼ਨ ਟੀਚਿਆਂ ਵਿੱਚ 20 ਫੀਸਦ ਦੀ ਕਮੀ।
ਉਨ੍ਹਾਂ ਨੇ ਮੰਨਿਆ, “ਜਿਵੇਂ ਕਿ ਅਸੀਂ ਮਹਾਂਮਾਰੀ ਤੋਂ ਉਭਰ ਕੇ ਆਏ ਹਾਂ, ਅਸੀਂ ਕਿਰਤ ਲੋੜਾਂ ਨੂੰ ਪੂਰਾ ਕਰਨ ਅਤੇ ਆਬਾਦੀ ਦੇ ਵਾਧੇ ਨੂੰ ਕਾਇਮ ਰੱਖਣ ਵਿਚਕਾਰ ਸਹੀ ਸੰਤੁਲਨ ਬਣਾਉਣ ਦੇ ਯੋਗ ਨਹੀਂ ਹੋਏ।”
ਉਨ੍ਹਾਂ ਕਿਹਾ ਕਿ ਉਹ ਹਰ ਪੱਧਰ ਦੀਆਂ ਸਰਕਾਰਾਂ ਨੂੰ ਸਮਾਂ ਦੇਣਾ ਚਾਹੁੰਦੇ ਹਨ ਤਾਂ ਜੋ ਉਹ ਵੱਧ ਤੋਂ ਵੱਧ ਲੋਕਾਂ ਨੂੰ ਸਮਾਂ ਸਕਣ।
ਪਰ, ਹੁਣ ਜਿਵੇਂ ਕਿ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਹੈ, ਕੀ ਇਹ ਕਾਫ਼ੀ ਹੈ? ਅਤੇ ਕੀ ਟਰੰਪ ਦੀ ਪ੍ਰਧਾਨਗੀ ਅਤੇ ਸਰਹੱਦ ਦੇ ਉਸ ਪਾਸੇ ਵਧ ਰਹੀ ਪਰਵਾਸੀ ਵਿਰੋਧੀ ਭਾਵਨਾ ਕੈਨੇਡਾ ਵਿੱਚ ਹੋਰ ਫੈਲਣ ਦਾ ਖ਼ਤਰਾ ਹੈ?
ਦਾਊਦ ਦਾ ਆਪਣਾ ਨਜ਼ਰੀਆ ਹੈ। ਉਹ ਕਹਿੰਦੇ ਹਨ, “ਬਦਕਿਸਮਤੀ ਨਾਲ ਮੈਨੂੰ ਲੱਗਦਾ ਹੈ ਕਿ ਟਰੰਪ ਦੀ ਪ੍ਰਧਾਨਗੀ ਦਾ ਕੈਨੇਡੀਅਨ ਰਾਜਨੀਤੀ ‘ਤੇ ਪ੍ਰਭਾਵ ਪਿਆ ਹੈ। ਮੈਨੂੰ ਲਗਦਾ ਹੈ ਕਿ ਬਹੁਤ ਸਾਰੇ ਸਿਆਸੀ ਆਗੂ ਇਸ ਨੂੰ ਡਰ ਫੈਲਾਉਣ ਦੇ ਤਰੀਕੇ ਵਜੋਂ ਵਰਤ ਰਹੇ ਹਨ।”
ਦੂਜਿਆਂ ਨੂੰ ਘੱਟ ਯਕੀਨ ਹੈ ਕਿ ਇਸ ਦਾ ਕੋਈ ਬਹੁਤ ਜ਼ਿਆਦਾ ਪ੍ਰਭਾਵ ਪਵੇਗਾ। ਓਲੀਵੀਆ ਦਾ ਕਹਿਣਾ ਹੈ, “ਕੈਨੇਡੀਅਨ ਇਸ ਤੋਂ ਬਿਹਤਰ ਹਨ। ਸਾਨੂੰ ਯਾਦ ਹੈ ਕਿ ਸ਼ਰਨਾਰਥੀਆਂ ਦੀਆਂ ਲਗਾਤਾਰ ਲਹਿਰਾਂ ਨੇ ਟੋਰਾਂਟੋ ਅਤੇ ਕੈਨੇਡਾ ਨੂੰ ਬਣਾਉਣ ਵਿੱਚ ਮਦਦ ਕੀਤੀ ਹੈ।”
ਅਗਲੀਆਂ ਚੋਣਾਂ ਤੋਂ ਪਹਿਲਾਂ ਆਬਾਦੀ ਦੇ ਵਾਧੇ ਬਾਰੇ ਬਹਿਸਾਂ ਕਰਨ ਵਾਲੇ ਸਿਆਸਤਦਾਨਾਂ ਨੂੰ ਇਸ ਤੱਥ ਦਾ ਅਹਿਸਾਸ ਹੋਵੇਗਾ ਕਿ ਅੱਧੇ ਕੈਨੇਡੀਅਨ ਖ਼ੁਦ ਪਹਿਲੀ ਅਤੇ ਦੂਜੀ ਪੀੜ੍ਹੀ ਦੇ ਪਰਵਾਸੀ ਹਨ।
ਪ੍ਰੋਫੈਸਰ ਜੋਨਾਥਨ ਰੋਜ਼ ਕਹਿੰਦੇ ਹਨ, “ਜੇਕਰ ਕੰਜ਼ਰਵੇਟਿਵ ਪਾਰਟੀ ਅਗਲੀ ਚੋਣ ਜਿੱਤ ਜਾਂਦੀ ਹੈ, ਤਾਂ ਅਸੀਂ ਇਮੀਗ੍ਰੇਸ਼ਨ ਵਿੱਚ ਕਮੀ ਦੀ ਉਮੀਦ ਕਰ ਸਕਦੇ ਹਾਂ।”
ਪਰ ਉਹ ਕਹਿੰਦੇ ਹਨ ਕਿ ਪੋਲੀਵਰ ਨੂੰ “ਥੋੜ੍ਹੇ ਬਿਹਤਰ ਰਾਹ ʼਤੇ” ਤੁਰਨਾ ਪੇਵਗਾ।
ਪ੍ਰੋਫ਼ੈਸਰ ਰੋਜ਼ ਦਾ ਕਹਿਣਾ ਹੈ, “ਕਿਉਂਕਿ ਟੋਰਾਂਟੋ ਅਤੇ ਵੈਨਕੂਵਰ ਵਿੱਚ ਪਰਵਾਸੀ-ਭਾਰੀ ਖੇਤਰ (ਹਲਕੇ) ਕਿਸੇ ਵੀ ਚੋਣ ਜਿੱਤ ਲਈ ਅਹਿਮ ਹੋਣਗੇ, ਉਨ੍ਹਾਂ ਨੂੰ ਇਮੀਗ੍ਰੇਸ਼ਨ ਵਿਰੋਧੀ ਨਹੀਂ ਦੇਖਿਆ ਜਾ ਸਕਦਾ ਹੈ, ਇਸ ਦੀ ਬਜਾਇ, ਉਹ ਆਰਥਿਕ ਅਤੇ ਰਿਹਾਇਸ਼ੀ ਨੀਤੀ ਦੇ ਅਨੁਕੂਲ ਇਸ ਨੂੰ ਸਿਰਫ਼ ਪੁਨਰਗਠਨ ਕਰ ਰਹੇ ਹਨ।”
ਵੱਡੀ ਗਿਣਤੀ ਵਿੱਚ ਕੈਨੇਡੀਅਨ, ਜਿਸ ਵਿੱਚ ਕਾਰੋਬਾਰੀ ਨੇਤਾਵਾਂ ਅਤੇ ਅਕਾਦਮਿਸ਼ਨ ਵੀ ਸ਼ਾਮਲ ਹਨ, ਦਾ ਮੰਨਣਾ ਹੈ ਕਿ ਮੁਲਕ ਨੂੰ ਕੈਨੇਡਾ ਦੀ ਘਟਦੀ ਜਨਮ ਦਰ ਨੂੰ ਹੱਲ ਕਰਨ ਲਈ ਇੱਕ ਮਜ਼ਬੂਤ ਵਿਕਾਸ ਨੀਤੀ ਨੂੰ ਜਾਰੀ ਰੱਖਣਾ ਚਾਹੀਦਾ ਹੈ।
ਸੈਂਚੁਰੀ ਇਨੀਸ਼ੀਏਟਿਵ ਦੀ ਲੀਜ਼ਾ ਲਾਲੈਂਡੇ ਕਹਿੰਦੇ ਹਨ, “ਮੈਨੂੰ ਕੈਨੇਡੀਅਨਾਂ ਤੋਂ ਬਹੁਤ ਉਮੀਦਾਂ ਹਨ।”
ਸੰਸਥਾ ਅਜਿਹੀਆਂ ਨੀਤੀਆਂ ਦੀ ਵਕਾਲਤ ਕਰਦੀ ਹੈ ਜੋ 2100 ਤੱਕ ਕੈਨੇਡਾ ਦੀ ਆਬਾਦੀ ਨੂੰ 100 ਮਿਲੀਅਨ ਤੱਕ ਵਧਾਉਣ ਦੀ ਆਗਿਆ ਦੇਵੇਗੀ।
ਉਹ ਕਹਿੰਦੇ ਹਨ, “ਮੈਨੂੰ ਲਗਦਾ ਹੈ ਕਿ ਅਸੀਂ ਹੁਣ ਉੱਥੋਂ ਅੱਗੇ ਵਧਾਂਗੇ, ਜਿੱਥੇ ਅਸੀਂ ਹਾਂ।”
“ਮੈਨੂੰ ਲੱਗਦਾ ਹੈ ਕਿ ਅਸੀਂ ਅਸਲ ਵਿੱਚ ਸਿਰਫ਼ ਕਿਫਾਇਤੀ ਅਤੇ ਰਹਿਣ-ਸਹਿਣ ਦੀ ਲਾਗਤ ਬਾਰੇ ਚਿੰਤਾ ਵਿੱਚ ਹਾਂ, ਨਾਲ ਸਹਿਜੇ ਪਰਵਾਸੀਆਂ ਬਾਰੇ। ਸਾਡਾ ਮੰਨਣਾ ਹੈ ਕਿ ਉਹ ਸਾਡੇ ਸੱਭਿਆਚਾਰ ਲਈ ਬਹੁਤ ਮਹੱਤਵਪੂਰਨ ਹਨ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI