Source :- BBC PUNJABI

ਤਸਵੀਰ ਸਰੋਤ, Getty Images
ਇੱਕ ਘੰਟਾ ਪਹਿਲਾਂ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਸੱਦੇ ‘ਤੇ ਕੈਨੇਡਾ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਇਸ ਮਹੀਨੇ ਅਲਬਰਟਾ ਸੂਬੇ ਦੇ ਕਨਾਨਾਸਕਿਸ ਵਿੱਚ ਹੋਣ ਵਾਲੇ ਜੀ-7 ਸੰਮੇਲਨ ਵਿੱਚ ਹਿੱਸਾ ਲੈਣਗੇ।
ਅਮਰੀਕਾ, ਫਰਾਂਸ, ਬ੍ਰਿਟੇਨ, ਜਾਪਾਨ, ਇਟਲੀ, ਜਰਮਨੀ ਅਤੇ ਕੈਨੇਡਾ ਦੇ ਸਿਖਰਲੇ ਆਗੂਆਂ ਦੀ ਇਸ ਸੰਮੇਲਨ ਵਿੱਚ ਸ਼ਮੂਲੀਅਤ ਹੁੰਦੀ ਹੈ, ਪਰ ਜੀ-7 ਦੀ ਮੇਜ਼ਬਾਨੀ ਕਰਨ ਵਾਲੇ ਦੇਸ਼ ਇਸ ਸਮੂਹ ਤੋਂ ਇਲਾਵਾ ਹੋਰ ਦੇਸ਼ਾਂ ਨੂੰ ਵੀ ਸੱਦਾ ਦਿੰਦੇ ਹਨ।
ਪ੍ਰਧਾਨ ਮੰਤਰੀ ਮੋਦੀ ਲਗਭਗ ਦਸ ਸਾਲਾਂ ਬਾਅਦ ਕੈਨੇਡਾ ਦਾ ਦੌਰਾ ਕਰਨਗੇ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਅਪ੍ਰੈਲ 2015 ਵਿੱਚ ਕੈਨੇਡਾ ਗਏ ਸਨ। ਉਸ ਸਮੇਂ ਸਟੀਫਨ ਹਾਰਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਸਨ।
ਸਾਲ 2023 ਵਿੱਚ ਖਾਲਿਸਤਾਨ ਸਮਰਥਕ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ, ਭਾਰਤ ਅਤੇ ਕੈਨੇਡਾ ਦੇ ਸਬੰਧ ਹੁਣ ਤੱਕ ਦੇ ਸਭ ਤੋਂ ਮਾੜੇ ਦੌਰ ‘ਚ ਹਨ।
ਅਜਿਹੀ ਸਥਿਤੀ ਵਿੱਚ, ਇਸ ਸੱਦੇ ਨੂੰ ਭਾਰਤ ਅਤੇ ਕੈਨੇਡਾ ਦੇ ਆਪਸੀ ਸਬੰਧਾਂ ਦੇ ਦ੍ਰਿਸ਼ਟੀਕੋਣ ਤੋਂ ਇੱਕ ਮਹੱਤਵਪੂਰਨ ਮੋੜ ਵਜੋਂ ਦੇਖਿਆ ਜਾ ਰਿਹਾ ਹੈ।
ਇੱਕ ਪਾਸੇ ਜੀ-7 ਲਈ ਭਾਰਤ ਨੂੰ ਮਿਲੇ ਸੱਦੇ ਨੂੰ ਇੱਕ ਉਮੀਦ ਵਜੋਂ ਦੇਖਿਆ ਜਾ ਰਿਹਾ ਕਿ ਇਸ ਨਾਲ ਦੋਵੇਂ ਦੇਸ਼ਾਂ ਦੇ ਰਿਸ਼ਤੇ ਸੁਧਰ ਸਕਦੇ ਹਨ। ਪਰ ਦੂਜੇ ਪਾਸੇ ਕੈਨੇਡਾ ਦੀਆਂ ਸਿੱਖ ਸੰਸਥਾਵਾਂ ਇਸ ਦਾ ਵਿਰੋਧ ਕਰ ਰਹੀਆਂ ਹਨ।
ਵਿਰੋਧ ਕਰ ਰਹੀਆਂ ਸਿੱਖ ਜਥੇਬੰਦੀਆਂ ਕੀ ਕਹਿ ਰਹੀਆਂ

ਤਸਵੀਰ ਸਰੋਤ, Getty Images
ਸੀਬੀਸੀ ਦੀ ਖ਼ਬਰ ਮੁਤਾਬਕ, ਟੋਰਾਂਟੋ ਸਥਿਤ ਸਿੱਖ ਫੈਡਰੇਸ਼ਨ ਨੇ ਇਸ ਹਫ਼ਤੇ ਕਿਹਾ ਕਿ “ਜਦੋਂ ਤੱਕ ਭਾਰਤ ਕੈਨੇਡਾ ਵਿੱਚ ਅਪਰਾਧਿਕ ਜਾਂਚ ਵਿੱਚ ਮਹੱਤਵਪੂਰਨ ਸਹਿਯੋਗ ਨਹੀਂ ਕਰਦਾ, ਉਦੋਂ ਤੱਕ ਕੈਨੇਡਾ ਨੂੰ ਕਿਸੇ ਵੀ ਅਜਿਹੇ ਸੱਦੇ ਨੂੰ ਰੋਕ ਦੇਣਾ ਚਾਹੀਦਾ ਹੈ।”
ਸਿੱਖ ਸੰਸਥਾਵਾਂ ਦਾ ਇਸ਼ਾਰਾ ਉਨ੍ਹਾਂ ਇਲਜ਼ਾਮਾਂ ਵੱਲ ਹੈ ਜੋ ਪਿਛਲੇ ਸਮੇਂ ਵਿੱਚ ਟਰੂਡੋ ਸਰਕਾਰ ਵੇਲੇ ਭਾਰਤ ‘ਤੇ ਲਗਾਏ ਗਏ ਸਨ ਅਤੇ ਜਿਨ੍ਹਾਂ ਮੁਤਾਬਕ ਇੱਕ ਸਿੱਖ ਕਾਰਕੁਨ ਦੇ ਕਤਲ ਦੇ ਮਾਮਲੇ ‘ਚ ਭਾਰਤ ਦਾ ਹੱਥ ਹੋਣ ਦੀ ਗੱਲ ਕਹੀ ਗਈ ਸੀ।
ਵਿਰੋਧ ਕਰਨ ਵਾਲੀਆਂ ਸਿੱਖ ਜਥੇਬੰਦੀਆਂ ਦਾ ਤਰਕ ਹੈ ਕਿ ਸੰਘੀ ਸਰਕਾਰ ਦੇ ਇਸ ਫੈਸਲੇ ਤੋਂ ਜਾਪਦਾ ਹੈ ਕਿ ਉਹ ਮਨੁੱਖੀ ਅਧਿਕਾਰਾਂ ਤੋਂ ਪਹਿਲਾਂ ਆਰਥਿਕ ਚਿੰਤਾਵਾਂ ਨੂੰ ਤਰਜੀਹ ਦੇ ਰਹੀ ਹੈ।

ਸੀਬੀਸੀ ਦੀ ਖ਼ਬਰ ਮੁਤਾਬਕ, ਸਿੱਖ ਫੈਡਰੇਸ਼ਨ ਆਫ ਕੈਨੇਡਾ ਨੇ ਇਸ ਸੱਦੇ ਨੂੰ ਇੱਕ “ਇੱਕ ਗੰਭੀਰ ਅਪਮਾਨ” ਕਰਾਰ ਦਿੱਤਾ ਹੈ।
ਲਿਬਰਲ ਸੰਸਦ ਮੈਂਬਰ ਸੁੱਖ ਧਾਲੀਵਾਲ, ਜੋ ਸਰੀ-ਨਿਊਟਨ ਦੀ ਨੁਮਾਇੰਦਗੀ ਕਰਦੇ ਹਨ ਜਿੱਥੇ ਨਿੱਝਰ ਨੂੰ ਗੋਲੀ ਮਾਰੀ ਗਈ ਸੀ, ਉਨ੍ਹਾਂ ਕਿਹਾ ਕਿ ਉਹ ਇਸ ਦਾ ਸਮਰਥਨ ਨਹੀਂ ਕਰਦੇ, ਉਨ੍ਹਾਂ ਨੇ ਇਸ ਫੈਸਲੇ ਬਾਅਦ ਆਪਣੇ ਹਲਕੇ ਦੇ ਲੋਕਾਂ ਵੱਲੋਂ ਜ਼ਾਹਿਰ ਕੀਤੀਆਂ ਚਿੰਤਾਵਾਂ ਦਾ ਵੀ ਜ਼ਿਕਰ ਕੀਤਾ।
ਕੈਨੇਡਾ ਵਿੱਚ ਪੰਜਾਬੀ ਤੀਜੀ ਸਭ ਤੋਂ ਵੱਧ ਵਰਤੀ ਜਾਣ ਵਾਲੀ ਭਾਸ਼ਾ ਹੈ। ਕੈਨੇਡਾ ਦੀ ਕੁੱਲ ਆਬਾਦੀ ਦਾ 1.3 ਫੀਸਦੀ ਹਿੱਸਾ ਪੰਜਾਬੀ ਸਮਝਦਾ ਅਤੇ ਬੋਲਦਾ ਹੈ। ਪੰਜਾਬ ਤੋਂ ਇਲਾਵਾ, ਕੈਨੇਡਾ ਵਿੱਚ ਸਭ ਤੋਂ ਵੱਧ ਸਿੱਖ ਹਨ।
ਕੈਨੇਡਾ ਵਿੱਚ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ। ਅਜਿਹੀ ਸਥਿਤੀ ਵਿੱਚ, ਜੀ-7 ਸੰਮੇਲਨ ਦੌਰਾਨ ਵਿਰੋਧ ਪ੍ਰਦਰਸ਼ਨ ਹੋਣ ਦੀ ਸੰਭਾਵਨਾ ਹੈ।
ਵਿਸ਼ਵ ਸਿੱਖ ਸੰਗਠਨ (ਕੈਨੇਡਾ) ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਕਿਹਾ, “ਇਹ ਕੈਨੇਡਾ ਵਿੱਚ ਰਹਿਣ ਵਾਲੇ ਸਿੱਖਾਂ ਨਾਲ ਵਿਸ਼ਵਾਸਘਾਤ ਹੈ। ਅਤੇ ਇਹ ਸਿਰਫ਼ ਭਾਈਚਾਰੇ ਨਾਲ ਹੀ ਨਹੀਂ ਸਗੋਂ ਕੈਨੇਡਾ ਦੀਆਂ ਕਦਰਾਂ-ਕੀਮਤਾਂ ਨਾਲ ਵੀ ਵਿਸ਼ਵਾਸਘਾਤ ਹੈ।”
ਵਿਰੋਧੀ ਧਿਰ ਨੇ ਕੀ ਕਿਹਾ

ਤਸਵੀਰ ਸਰੋਤ, Getty Images
ਇਸ ਪੂਰੇ ਮਾਮਲੇ ‘ਚ ਫਿਲਹਾਲ ਵਿਰੋਧੀ ਧਿਰ ਨੇ ਸਰਕਾਰ ਦੇ ਪੱਖ ‘ਚ ਆਪਣੀ ਗੱਲ ਰੱਖੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕੈਨੇਡਾ ਨੂੰ ਭਾਰਤ ਨਾਲ ਕੰਮ ਕਰਨ ਦੀ ਲੋੜ ਹੈ।
ਇਸ ਬਾਰੇ ਜਦੋਂ ਕੰਜ਼ਰਵੇਟਿਵ ਆਗੂ ਪੀਅਰੇ ਪੋਇਲੀਵਰ ਤੋਂ ਸਵਾਲ ਹੋਇਆ ਕਿ ਜਦੋਂ ਅਜੇ ਨਿੱਝਰ ਮਾਮਲੇ ‘ਚ ਕੈਨੇਡਾ ਦੇ ਰਾਇਲ ਮਾਊਂਟਿਡ ਪੁਲਿਸ ਜਾਂਚ ਜਾਰੀ ਹੈ ਤਾਂ ਕੀ ਜਿਹੇ ‘ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ-7 ਲਈ ਸੱਦਾ ਦੇਣਾ ਠੀਕ ਹੈ, ਤਾਂ ਉਨ੍ਹਾਂ ਉਨ੍ਹਾਂ ਜਵਾਬ ਦਿੱਤਾ ਕਿ ਉਹ ਸਮਝਦੇ ਹਨ ਕਿ ਇਹ ਸੱਦਾ ਦੇਣਾ ਜ਼ਰੂਰੀ ਸੀ।
ਉਨ੍ਹਾਂ ਕਿਹਾ, ”ਭਾਰਤ ਪਿਛਲੀਆਂ 6-7 ਜੀ-7 ਕਾਨਫਰੰਸਾਂ ‘ਚ ਸ਼ਾਮਲ ਰਿਹਾ ਹੈ। ਉਹ ਦੁਨੀਆਂ ਵਿੱਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਵੱਡੀ ਅਰਥਵਿਵਸਥਾ ਹੈ।”
”ਅਸੀਂ ਭਾਰਤ ਨੂੰ ਆਪਣੀ ਕੁਦਰਤੀ ਗੈਸ ਅਤੇ ਸਿਵਿਲੀਅਨ ਨਿਊਕਲੀਅਰ ਪਾਵਰ ਟੈਕਨੋਲਾਜੀ ਅਤੇ ਹੋਰ ਪ੍ਰੋਜੈਕਟ ਵੇਚਣੇ ਹਨ। ਨਾਲ ਹੀ ਅਸੀਂ ਵਪਾਰ ਅਤੇ ਸੁਰੱਖਿਆ ਸਬੰਧੀ ਕੰਮ ਕਰਨੇ ਹਨ। ਇਸ ਲਈ ਅਸੀਂ ਸਮਝਦੇ ਹਾਂ ਕਿ ਇਹ ਸੱਦਾ ਦੇਣਾ ਜ਼ਰੂਰੀ ਸੀ।”
ਉਨ੍ਹਾਂ ਕਿਹਾ, ”ਪਰ ਨਾਲ ਹੀ ਅਸੀਂ ਚਾਹੁੰਦੇ ਹਾਂ ਕਿ ਜਦੋਂ ਜਦੋਂ ਪ੍ਰਧਾਨ ਮੰਤਰੀ ਕਾਰਨੀ, ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕਰਨ ਤਾਂ ਉਹ ਸੁਰੱਖਿਆ ਮੁੱਦਿਆਂ ‘ਨੂੰ ਵੀ ਚੁੱਕਣ।”
ਮਾਰਕ ਕਾਰਨੀ ਨੇ ਕੀ ਕਿਹਾ ਸੀ

ਤਸਵੀਰ ਸਰੋਤ, Getty Images
ਲੰਘੇ ਸ਼ੁੱਕਰਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਮੋਦੀ ਨੂੰ ਦਿੱਤੇ ਸੱਦੇ ਬਾਰੇ ਪ੍ਰਤੀਕਿਰਿਆ ਦਿੱਤੀ ਸੀ।
ਇਸ ਦੌਰਾਨ ਉਨ੍ਹਾਂ ਕਿਹਾ ਕਿ ”ਕੈਨੇਡਾ ਜੀ-7 ਦੇ ਮੇਜ਼ਬਾਨ ਦੀ ਭੂਮਿਕਾ ‘ਚ ਹੈ। ਜੀ-7 ਦੇ ਸਾਡੇ ਬਾਕੀ ਸਹਿਯੋਗੀਆਂ ਨਾਲ ਜੋ ਚਰਚਾ ਹੋਈ ਹੈ, ਉਨ੍ਹਾਂ ਵਿੱਚ ਊਰਜਾ ਸੁਰੱਖਿਆ, ਡਿਜੀਟਲ ਭਵਿੱਖ ਅਤੇ ਮਹੱਤਵਪੂਰਨ ਖਣਿਜਾਂ ਸਮੇਤ ਹੋਰ ਕਈ ਮੁੱਦੇ ਸ਼ਾਮਲ ਹਨ।”
ਉਨ੍ਹਾਂ ਕਿਹਾ, ”ਅਜਿਹੇ ਕਈ ਦੇਸ਼ ਹਨ ਜਿਨ੍ਹਾਂ ਨੇ ਇੱਥੇ ਚਰਚਾ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਸਬੰਧੀ ਫੈਸਲਾ ਸਾਰੇ ਮੇਜ਼ਬਾਨ ਦੇਸ਼ ਸਹਿਮਤੀ ਨਾਲ ਕਰਦੇ ਹਨ।”
ਭਾਰਤ ਬਾਰੇ ਬੋਲਦਿਆਂ ਉਨ੍ਹਾਂ ਕਿਹਾ, ”ਭਾਰਤ ਦੁਨੀਆਂ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਪ੍ਰਭਾਵੀ ਰੂਪ ‘ਚ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ, ਜੋ ਕਿ ਕਈ ਸਪਲਾਈ ਚੇਨਸ ਦਾ ਕੇਂਦਰ ਹੈ।”
”ਇਸ ਤੋਂ ਇਲਾਵਾ, ਅਸੀਂ ਦੁਵੱਲੇ ਪੱਧਰ ‘ਤੇ ਲਾਅ ਇੰਫੋਰਸਮੈਂਟ ਡਾਇਲਾਗ ਜਾਰੀ ਰੱਖਣ ਬਾਰੇ ਵੀ ਸਹਿਮਤ ਹੋਏ ਹਾਂ।”
ਕਾਰਨੀ ਨੇ ਕਿਹਾ ਕਿ ”ਮੈਂ ਇਸੇ ਪ੍ਰਸੰਗ ‘ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਹੈ ਅਤੇ ਉਨ੍ਹਾਂ ਨੇ ਇਸਨੂੰ ਸਵੀਕਾਰ ਕਰ ਲਿਆ ਹੈ।”
ਜਦੋਂ ਮਾਰਕ ਕਾਰਨੀ ਨੂੰ ਖਾਲਿਸਤਾਨੀ ਸਮਰਥਕਾਂ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਬਾਰੇ ਪੁੱਛਿਆ ਗਿਆ ਕਿ ਕੀ ਉਹ ਸੋਚਦੇ ਹਨ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਸ਼ਾਮਲ ਸੀ?
ਇਸ ‘ਤੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ, “ਸਭ ਤੋਂ ਪਹਿਲਾਂ, ਇੱਕ ਕਾਨੂੰਨੀ ਪ੍ਰਕਿਰਿਆ ਹੈ ਜੋ ਅਜੇ ਵੀ ਚੱਲ ਰਹੀ ਹੈ। ਕੈਨੇਡਾ ਵਿੱਚ ਜਾਂਚ ਕੀਤੇ ਜਾ ਰਹੇ ਮੁੱਦਿਆਂ ‘ਤੇ ਟਿੱਪਣੀ ਕਰਨਾ ਸਹੀ ਨਹੀਂ ਹੈ।”
ਹਰਦੀਪ ਨਿੱਝਰ ਕਤਲ ਮਾਮਲਾ

ਤਸਵੀਰ ਸਰੋਤ, FB/Virsa Singh Valtoha
45 ਸਾਲ ਦੇ ਹਰਦੀਪ ਸਿੰਘ ਨਿੱਝਰ ਨੂੰ ਕੈਨੇਡਾ ਦੇ ਸਰੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ 18 ਜੂਨ 2023 ਨੂੰ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਕਤਲ ਵਿੱਚ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦੇ ਇਲਜ਼ਾਮ ਲਾਏ ਗਏ ਸਨ। ਉਸ ਤੋਂ ਬਾਅਦ ਹੀ ਦੋਵਾਂ ਦੇਸਾਂ ਦੇ ਕੂਟਨੀਤਿਕ ਰਿਸ਼ਤਿਆ ਵਿੱਚ ਕਾਫ਼ੀ ਤਲਖ਼ੀ ਆ ਗਈ ਸੀ।
ਸਤੰਬਰ 2023 ਵਿੱਚ, ਟਰੂਡੋ ਨੇ ਦਾਅਵਾ ਕੀਤਾ ਸੀ ਕਿ ਕੈਨੇਡਾ ਕੋਲ ‘ਭਰੋਸੇਯੋਗ ਸਬੂਤ’ ਹਨ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟ ਸ਼ਾਮਲ ਸਨ।
ਹਾਲਾਂਕਿ ਭਾਰਤ ਲਗਾਤਾਰ ਅਜਿਹੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੰਦਾ ਰਿਹਾ ਹੈ।
ਹੁਣ ਤੱਕ ਇਸ ਮਾਮਲੇ ‘ਚ ਕੈਨੇਡਾ ਪੁਲਿਸ ਵੱਲੋਂ 4 ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ। ਜਿਨ੍ਹਾਂ ਦੇ ਨਾਮ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨ ਪ੍ਰੀਤ ਸਿੰਘ (28) ਅਤੇ ਅਮਨਦੀਪ ਸਿੰਘ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI