Source :- BBC PUNJABI

ਤਸਵੀਰ ਸਰੋਤ, Getty Images
- ਲੇਖਕ, ਦਿਲਨਵਾਜ਼ ਪਾਸ਼ਾ
- ਰੋਲ, ਬੀਬੀਸੀ ਪੱਤਰਕਾਰ
-
12 ਮਈ 2025, 17:45 IST
ਅਪਡੇਟ 50 ਮਿੰਟ ਪਹਿਲਾਂ
ਭਾਰਤ ਅਤੇ ਪਾਕਿਸਤਾਨ ਨੇ ਸ਼ਨੀਵਾਰ ਇੱਕ-ਦੂਜੇ ਦੇ ਫੌਜੀ ਹਵਾਈ ਅੱਡਿਆਂ ʼਤੇ ਹਮਲੇ ਅਤੇ ਨੁਕਸਾਨ ਪਹੁੰਚਾਉਣ ਦੇ ਦਾਅਵੇ ਕੀਤੇ।
ਦੋਵਾਂ ਦੇਸ਼ਾਂ ਵਿਚਕਾਰ ਤਣਾਅ ਆਪਣੇ ਸਿਖ਼ਰ ‘ਤੇ ਸੀ। ਇਸ ਦੌਰਾਨ, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਉਪ-ਰਾਸ਼ਟਰਪਤੀ ਜੇਡੀ ਵੈਂਸ ਸਰਗਰਮ ਹੋ ਗਏ।
ਉਨ੍ਹਾਂ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਨਾਲ ਗੱਲਬਾਤ ਕੀਤੀ।
ਸ਼ਨੀਵਾਰ ਦੁਪਹਿਰੇ ਭਾਰਤ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨਾਂ ਹਥਿਆਰਬੰਦ ਫੌਜਾਂ ਦੇ ਮੁਖੀਆਂ ਨਾਲ ਇੱਕ ਮੀਟਿੰਗ ਕੀਤੀ।
ਇਹ ਭਾਰਤ ਵੱਲੋਂ ਪਾਕਿਸਤਾਨ ਨਾਲ ਚੱਲ ਰਹੇ ਟਕਰਾਅ ਨੂੰ ਖ਼ਤਮ ਕਰਨ ਦਾ ਪਹਿਲਾ ਸੰਕੇਤ ਸੀ।
ਦੁਪਹਿਰ ਕਰੀਬ 3:30 ਵਜੇ, ਪਾਕਿਸਤਾਨ ਦੇ ਡੀਜੀਐੱਮਓ (ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨ) ਨੇ ਭਾਰਤ ਦੇ ਡੀਜੀਐੱਮਓ ਨਾਲ ਫ਼ੋਨ ‘ਤੇ ਗੱਲ ਕੀਤੀ।
ਇਸ ਗੱਲਬਾਤ ਵਿੱਚ, ਦੋਵੇਂ ਦੇਸ਼ ਜ਼ਮੀਨੀਂ, ਹਵਾਈ ਅਤੇ ਜਲ ਖੇਤਰਾਂ ਤੋਂ ਇੱਕ ਦੂਜੇ ਖ਼ਿਲਾਫ਼ ਫੌਜੀ ਕਾਰਵਾਈ ਰੋਕਣ ਲਈ ਸਹਿਮਤ ਹੋਏ।

ਤਸਵੀਰ ਸਰੋਤ, ANI
ਹਾਲਾਂਕਿ, ਭਾਰਤ ਅਤੇ ਪਾਕਿਸਤਾਨ ਵਿਚਕਾਰ ‘ਜੰਗਬੰਦੀ’ ਬਾਰੇ ਪਹਿਲੀ ਜਾਣਕਾਰੀ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਿੱਤੀ ਸੀ।
ਡੌਨਲਡ ਟਰੰਪ ਨੇ ਸ਼ਨੀਵਾਰ ਸ਼ਾਮ 5:30 ਵਜੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ‘ਤੇ ਇੱਕ ਪੋਸਟ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ “ਜੰਗਬੰਦੀ” ਦਾ ਐਲਾਨ ਕਰਦੇ ਹੋਏ ਦਾਅਵਾ ਕੀਤਾ ਕਿ ਅਮਰੀਕਾ ਨੇ “ਸਾਰੀ ਰਾਤ ਚੱਲੀ ਗੱਲਬਾਤ” ਵਿੱਚ ਵਿਚੋਲਗੀ ਕੀਤੀ ਸੀ।
ਟਰੰਪ ਨੇ ਦੋਵਾਂ ਦੇਸ਼ਾਂ ਨੂੰ ਵਧਾਈ ਦਿੰਦੇ ਹੋਏ ਲਿਖਿਆ, “ਇਹ ਅਮਰੀਕਾ ਦੀ ਵਿਚੋਲਗੀ ਵਿੱਚ ‘ਸਾਰੀ ਰਾਤ ਚੱਲੀ ਗੱਲਬਾਤ’ ਤੋਂ ਬਾਅਦ ਹੋਇਆ।”
ਭਾਰਤ ਅਤੇ ਪਾਕਿਸਤਾਨ ਵਿਚਾਲੇ ʻਜੰਗਬੰਦੀʼ ਨੂੰ ਲੈ ਕੇ ਇਹ ਪਹਿਲਾ ਜਨਤਕ ਐਲਾਨ ਸੀ ਜੋ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰਤ ਬਿਆਨਾਂ ਤੋਂ ਪਹਿਲਾਂ ਕੀਤਾ ਗਿਆ ਸੀ।
ਇਸ ਤੋਂ ਤੁਰੰਤ ਬਾਅਦ, ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ‘ਜੰਗਬੰਦੀ’ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕਾ, ਸਾਊਦੀ ਅਰਬ ਅਤੇ ਬ੍ਰਿਟੇਨ ਸਮੇਤ 30 ਤੋਂ ਵੱਧ ਦੇਸ਼ ਕੂਟਨੀਤਕ ਯਤਨਾਂ ਵਿੱਚ ਸ਼ਾਮਲ ਸਨ।

ਤਸਵੀਰ ਸਰੋਤ, Getty Images
ਭਾਰਤ ਨੇ ਅਮਰੀਕਾ ਦਾ ਜ਼ਿਕਰ ਨਹੀਂ ਕੀਤਾ
ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਸ਼ਨੀਵਾਰ ਸ਼ਾਮ 5:45 ਵਜੇ ਇੱਕ ਮੀਡੀਆ ਬ੍ਰੀਫਿੰਗ ਕੀਤੀ ਅਤੇ ਲੜਾਈ ਰੋਕਣ ਲਈ ਦੋਵਾਂ ਦੇਸ਼ਾਂ ਵਿਚਕਾਰ ਹੋਏ ਸਮਝੌਤੇ ਬਾਰੇ ਜਾਣਕਾਰੀ ਦਿੱਤੀ।
ਵਿਕਰਮ ਮਿਸਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਦੇ ਡੀਜੀਐੱਮਓ ਵੱਲੋਂ ਭਾਰਤੀ ਡੀਜੀਐੱਮਓ ਨੂੰ ਫ਼ੋਨ ਕਰਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਇੱਕ ਦੁਵੱਲੀ ਸਹਿਮਤੀ ਬਣ ਗਈ ਹੈ। ਉਨ੍ਹਾਂ ਨੇ ਅਮਰੀਕਾ ਜਾਂ ਕਿਸੇ ਹੋਰ ਦੇਸ਼ ਦਾ ਨਾਮ ਨਹੀਂ ਲਿਆ।
ਇਸ ਤੋਂ ਬਾਅਦ ਸੂਚਨਾ ਮੰਤਰਾਲੇ ਨੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਪਾਕਿਸਤਾਨ ਦੇ ਨਾਲ ਅੱਗੇ ਗੱਲਬਾਤ ਨੂੰ ਲੈ ਕੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।
ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ਨੀਵਾਰ ਸ਼ਾਮ 6 ਵਜੇ ਇੱਕ ਬਿਆਨ ਜਾਰੀ ਕਰ ਕੇ ‘ਜੰਗਬੰਦੀ’ ਦੀ ਪੁਸ਼ਟੀ ਕਰਦੇ ਹੋਏ ਕਿਹਾ, ‘ਅੱਤਵਾਦ’ ‘ਤੇ ਭਾਰਤ ਦੇ ਸਖ਼ਤ ਰੁਖ਼ ਨੂੰ ਦੁਹਰਾਇਆ ਅਤੇ ਭਾਰਤ ਤੇ ਪਾਕਿਸਤਾਨ ਵਿਚਕਾਰ ਦੁਵੱਲੀ ਸਹਿਮਤੀ ਬਾਰੇ ਗੱਲ ਕੀਤੀ।

ਤਸਵੀਰ ਸਰੋਤ, Getty Images
ਅਮਰੀਕਾ ਟਕਰਾਅ ਨੂੰ ਰੋਕਣ ਲਈ ਅੱਗੇ ਕਿਉਂ ਆਇਆ?
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਮਰੀਕਾ ਦੀ ਸਭ ਤੋਂ ਵੱਡੀ ਚਿੰਤਾ ਇਹ ਰਹੀ ਹੋਵੇਗੀ ਕਿ ਜੇਕਰ ਇਹ ਟਕਰਾਅ ਹੋਰ ਵਧਦਾ ਹੈ, ਤਾਂ ਪਾਕਿਸਤਾਨ ਕੁਝ ਅਜਿਹੇ ਕਦਮ ਚੁੱਕ ਸਕਦਾ ਹੈ ਜਿਸ ਨਾਲ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਤੇ ਕੌਮਾਂਤਰੀ ਮਾਮਲਿਆਂ ਦੇ ਮਾਹਰ ਪ੍ਰੋਫੈਸਰ ਚਿੰਤਾਮਣੀ ਮਹਾਪਾਤਰਾ ਕਹਿੰਦੇ ਹਨ, “ਅਮਰੀਕਾ ਨੂੰ ਚਿੰਤਾ ਸੀ ਕਿ ਜੇਕਰ ਇਹ ਟਕਰਾਅ ਹੋਰ ਵਧਦਾ ਹੈ ਅਤੇ ਪਾਕਿਸਤਾਨੀ ਫੌਜ ਸਾਹਮਣੇ ਸਥਿਤੀ ਗੰਭੀਰ ਹੋਈ ਤਾਂ ਪਾਕਿਸਤਾਨ ਕੋਈ ਵੀ ਕਦਮ ਚੁੱਕ ਸਕਦਾ ਹੈ।”
“ਅਜਿਹਾ ਲੱਗਦਾ ਹੈ ਕਿ ਅਮਰੀਕਾ ਨੇ ਪਾਕਿਸਤਾਨੀ ਫੌਜ ‘ਤੇ ਡੀਜੀਐੱਮਓ ਰਾਹੀਂ ਭਾਰਤ ਨਾਲ ਗੱਲ ਕਰਨ ਲਈ ਦਬਾਅ ਪਾਇਆ।”
ਸਾਬਕਾ ਭਾਰਤੀ ਡਿਪਲੋਮੈਟ ਅਤੇ ਕੌਮਾਂਤਰੀ ਮਾਮਲਿਆਂ ਦੇ ਮਾਹਰ ਰਾਜੀਵ ਭਾਟੀਆ ਦਾ ਵੀ ਮੰਨਣਾ ਹੈ ਕਿ ਅਮਰੀਕਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਟਕਰਾਅ ਤੋਂ ਚਿੰਤਤ ਸੀ ਅਤੇ ਇਸ ਲਈ ਜਦੋਂ ਸਥਿਤੀ ਗੰਭੀਰ ਹੋ ਗਈ, ਤਾਂ ਅਮਰੀਕਾ ਨੇ ਕੂਟਨੀਤਕ ਯਤਨ ਤੇਜ਼ ਕਰ ਦਿੱਤੇ।

ਭਾਟੀਆ ਕਹਿੰਦੇ ਹਨ, “ਹਰ ਪੱਧਰ ‘ਤੇ ਭਾਰਤ ਕਹਿ ਰਿਹਾ ਸੀ ਕਿ ਜੇਕਰ ਪਾਕਿਸਤਾਨ ਇਸ ਮਾਮਲੇ ਨੂੰ ਅੱਗੇ ਨਹੀਂ ਵਧਾਉਂਦਾ ਤਾਂ ਅਸੀਂ ਰੁਕ ਜਾਵਾਂਗੇ। ਪਰ ਜਦੋਂ ਹਾਲਾਤ ਨਹੀਂ ਸੁਧਰੇ ਤਾਂ ਇਹ ਸਪੱਸ਼ਟ ਹੋ ਗਿਆ ਕਿ ਸਥਿਤੀ ਹੁਣ ਬਹੁਤ ਗੰਭੀਰ ਹੋ ਗਈ ਹੈ।”
“ਜਨਤਕ ਤੌਰ ‘ਤੇ ਅਮਰੀਕਾ ਸ਼ਾਇਦ ਕਹਿ ਰਿਹਾ ਹੋਵੇਗਾ ਕਿ ਇਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਲੜਾਈ ਹੈ, ਦੋਵਾਂ ਦੇਸ਼ਾਂ ਨੂੰ ਖ਼ੁਦ ਇਸ ਦਾ ਹੱਲ ਲੱਭਣਾ ਪਵੇਗਾ, ਪਰ ਪਰਦੇ ਪਿੱਛੇ ਉਹ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਮਰੀਕਾ ਦੇ ਇਨ੍ਹਾਂ ਯਤਨਾਂ ਕਾਰਨ ਹੀ ਇਹ ਟਕਰਾਅ ਰੁਕਿਆ ਹੈ।”
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਵੱਲੋਂ ਖੁੱਲ੍ਹ ਕੇ ਅਮਰੀਕਾ ਦਾ ਧੰਨਵਾਦ ਕਹਿਣ ਅਤੇ ਭਾਰਤ ਦੇ ਇਸ ਨੂੰ ਲੈ ਕੇ ਕੁਝ ਨਾ ਕਹਿਣ ʼਤੇ ਪ੍ਰੋਫੈਸਰ ਮਹਾਪਾਤਰਾ ਕਹਿੰਦੇ ਹਨ, “ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਵੀ ਇਹ ਚਾਹ ਰਹੇ ਸਨ ਕਿ ਕੋਈ ਦਖ਼ਲ ਦੇਵੇ ਅਤੇ ਜੰਗਬੰਦੀ ਹੋ ਜਾਵੇ।”
“ਪਾਕਿਸਤਾਨ ਦਾ ਅਮਰੀਕਾ ਨੂੰ ਧੰਨਵਾਦ ਦੇਣਾ ਸਪੱਸ਼ਟ ਹੈ। ਪਰ ਭਾਰਤ ਨੇ ਕਿਸੇ ਕੋਲੋਂ ਵੀ ਜੰਗਬੰਦੀ ਦੀ ਮੰਗ ਨਹੀਂ ਕੀਤੀ ਸੀ।”
“ਭਾਰਤ ਚਾਹੁੰਦਾ ਸੀ ਕਿ ਪਾਕਿਸਤਾਨ ਤਣਾਅ ਘੱਟ ਕਰੇ। ਭਾਰਤ ਦਾ ਰੁਖ਼ ਪਹਿਲਾਂ ਹੀ ਸਪੱਸ਼ਟ ਸੀ ਕਿ ਉਹ ਪਾਕਿਸਤਾਨ ਦੀ ਫੌਜ ਜਾਂ ਆਮ ਲੋਕਾਂ ਦੇ ਵਿਰੁੱਧ ਨਹੀਂ ਹੈ ਬਲਕਿ ਉਸ ਦੀ ਮੁਹਿੰਮ ਅੱਤਵਾਦ ਦੇ ਖ਼ਿਲਾਫ਼ ਹੈ। ਭਾਰਤ ਨੇ ਅਮਰੀਕਾ ਦਾ ਸ਼ੁਕਰੀਆ ਅਦਾ ਇਸ ਲਈ ਨਹੀਂ ਕੀਤਾ ਹੈ ਕਿਉਂਕਿ ਇਸ ਸਥਿਤੀ ਵਿੱਚ ਅਮਰੀਕਾ ਨੇ ਭਾਰਤ ਲਈ ਕੁਝ ਨਹੀਂ ਕੀਤਾ।”
ਟਰੰਪ ਵੱਲੋਂ ਕਸ਼ਮੀਰ ਮੁੱਦੇ ‘ਤੇ ਮਦਦ ਦੀ ਪੇਸ਼ਕਸ਼
ਉੱਥੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ 11 ਮਈ ਨੂੰ ਟਰੁੱਥ ਸੋਸ਼ਲ ‘ਤੇ ਜਾਰੀ ਕੀਤੇ ਇੱਕ ਬਿਆਨ ਵਿੱਚ, ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਦੀ ‘ਮਜ਼ਬੂਤ ਲੀਡਰਸ਼ਿਪ’ ਨੂੰ ਹਮਲੇ ਨੂੰ ਰੋਕਣ ਲਈ ਵਧਾਈ ਦਿੱਤੀ।
ਇਸ ਬਿਆਨ ਵਿੱਚ ਟਰੰਪ ਨੇ ਕਿਹਾ, “ਮੈਂ ਇਨ੍ਹਾਂ ਦੋ ਮਹਾਨ ਦੇਸ਼ਾਂ ਨਾਲ ਮਿਲ ਕੇ ਕਸ਼ਮੀਰ ਮੁੱਦੇ, ਜੋ ਕਿ ਇੱਕ ਹਜ਼ਾਰ ਸਾਲਾਂ ਤੋਂ ਵਿਵਾਦ ਵਿੱਚ ਹੈ, ਉਸ ਦਾ ਹੱਲ ਕੱਢਣ ਦੀ ਆਸ ਕਰਦਾ ਹਾਂ ਤਾਂ ਜੋ ਖੇਤਰ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਕਾਇਮ ਰਹਿ ਸਕੇ ਅਤੇ ਅਮਰੀਕਾ ਤੇ ਦੁਨੀਆ ਦੇ ਹੋਰ ਦੇਸ਼ਾਂ ਨਾਲ ਵਪਾਰ ਵਧ ਸਕੇ!”
ਟਰੰਪ ਨੇ ਇਸ ਦੂਜੇ ਬਿਆਨ ਵਿੱਚ ਕਸ਼ਮੀਰ ਦੇ ਮੁੱਦੇ ਦੇ ਹੱਲ ਦੀ ਗੱਲ ਕੀਤੀ। ਕਸ਼ਮੀਰ ਅਜਿਹਾ ਮੁੱਦਾ ਹੈ ਜਿਸ ਨੂੰ ਲੈ ਕੇ ਭਾਰਤ ਕਿਸੇ ਤੀਜੇ ਦੇਸ਼ ਦੀ ਵਿਚੋਲਗੀ ਨੂੰ ਸਵੀਕਾਰ ਨਹੀਂ ਕਰਦਾ ਹੈ।
ʻਜੰਗਬੰਦੀʼ ਦੇ ਐਲਾਨ ਮਗਰੋਂ ਜਿੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਖੁੱਲ੍ਹ ਕੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਸ਼ੁਕਰੀਆ ਅਦਾ ਕੀਤਾ ਹੈ।
ਉੱਥੇ ਹੀ ਭਾਰਤ ਨੇ ਆਪਣੇ ਕਿਸੇ ਵੀ ਜਨਤਕ ਬਿਆਨ ਵਿੱਚ ਅਮਰੀਕਾ ਜਾਂ ਰਾਸ਼ਟਰਪਤੀ ਟਰੰਪ ਦੀ ਵਿਚੋਲਗੀ ਦਾ ਜ਼ਿਕਰ ਨਹੀਂ ਕੀਤਾ ਹੈ।
ਇਹ ਮੰਨਿਆ ਜਾ ਰਿਹਾ ਹੈ ਕਿ ਭਾਰਤ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਤਰਜੀਹ ਦੇਣ ਤੋਂ ਬਚ ਰਿਹਾ ਹੈ। ਉੱਥੇ ਹੀ ਵਿਸ਼ੇਸ਼ਲਕਾਂ ਦਾ ਮੰਨਣਾ ਹੈ ਕਿ ਟਰੰਪ ਦੇ ਜਨਤਕ ਤੌਰ ʼਤੇ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਸੰਘਰਸ਼ ਰੋਕਣ ਦਾ ਸਿਹਰਾ ਲੈਣ ਨਾਲ ਭਾਰਤ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ।
ਸਾਬਕਾ ਭਾਰਤੀ ਰਾਜਦੂਤ ਅਤੇ ਕੌਮਾਂਤਰੀ ਮਾਮਲਿਆਂ ਦੇ ਮਾਹਰ ਰਾਜੀਵ ਭਾਟੀਆ ਕਹਿੰਦੇ ਹਨ, “ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਚੋਲਗੀ ਨਹੀਂ ਕੀਤੀ ਹੈ, ਸਗੋਂ ਗੱਲਬਾਤ ਨੂੰ ਸੁਚਾਰੂ ਬਣਾਇਆ ਹੈ, ਯਾਨਿ ਕਿ ਗੱਲ ਕਰਵਾਈ ਹੈ।”

ਤਸਵੀਰ ਸਰੋਤ, Getty Images
ਟਰੰਪ ਨੇ ਪਹਿਲਾਂ ਬਿਆਨ ਕਿਉਂ ਦਿੱਤਾ?
ਟਰੰਪ ਨੇ ਆਪਣੇ ਦੂਜੇ ਬਿਆਨ ਵਿੱਚ ਕਸ਼ਮੀਰ ਦੇ ਮੁੱਦੇ ਦਾ ਵੀ ਜ਼ਿਕਰ ਕੀਤਾ ਹੈ। ਇਹ ਇੱਕ ਅਜਿਹਾ ਵਿਸ਼ਾ ਹੈ ਜਿਸ ਦਾ ਭਾਰਤ ਅੰਤਰਰਾਸ਼ਟਰੀਕਰਨ ਨਹੀਂ ਹੋਣ ਦੇਣਾ ਚਾਹੁੰਦਾ।
ਇਹ ਸਵਾਲ ਵੀ ਚੁੱਕਿਆ ਜਾ ਰਿਹਾ ਹੈ ਕਿ ਕੀ ਟਰੰਪ ਦਾ ਖ਼ੁਦ ਅੱਗੇ ਵਧ ਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਰੁਕਣ ਬਾਰੇ ਜਾਣਕਾਰੀ ਦੇਣਾ ਅਤੇ ਕਸ਼ਮੀਰ ‘ਤੇ ਟਿੱਪਣੀ ਕਰਨਾ ਭਾਰਤ ਦੇ ਮਾਮਲਿਆਂ ਵਿੱਚ ਇੱਕ ਤਰ੍ਹਾਂ ਦੀ ਦਖ਼ਲਅੰਦਾਜ਼ੀ ਹੈ ਜਾਂ ਹੱਦੋਂ ਵੱਧ ਪਹੁੰਚ?
ਰਾਜੀਵ ਭਾਟੀਆ ਦਾ ਮੰਨਣਾ ਹੈ ਕਿ ਟਰੰਪ ਆਪਣੇ ਵੱਲੋਂ ਕੁਝ ਵੀ ਕਹਿ ਸਕਦੇ ਹਨ ਪਰ ਅਹਿਮ ਗੱਲ ਇਹ ਹੈ ਕਿ ਭਾਰਤ ਉਨ੍ਹਾਂ ਦੇ ਸ਼ਬਦਾਂ ਨੂੰ ਕਿੰਨੀ ਮਹੱਤਤਾ ਦਿੰਦਾ ਹੈ।
ਰਾਜੀਵ ਭਾਟੀਆ ਕਹਿੰਦੇ ਹਨ, “ਟਰੰਪ ਵੱਲੋਂ ਪਹਿਲਾਂ ਜੰਗਬੰਦੀ ਦਾ ਐਲਾਨ ਕਰਨਾ ਇੱਕ ਤਰ੍ਹਾਂ ਦੀ ਵਧੀਕੀ ਹੈ ਪਰ ਅਮਰੀਕੀ ਮੀਡੀਆ ਬਹੁਤ ਸਰਗਰਮ ਰਹਿੰਦਾ ਹੈ ਅਤੇ ਹੋ ਸਕਦਾ ਹੈ ਟਰੰਪ ਨੇ ਇਸ ਲਈ ਹੀ ਪਹਿਲਾਂ ਜਾਣਕਾਰੀ ਸਾਂਝੀ ਕਰਕੇ ਸਿਹਰਾ ਲੈਣ ਦੀ ਕੋਸ਼ਿਸ਼ ਕੀਤੀ ਹੋਵੇਗੀ।”
ਭਾਟੀਆ ਕਹਿੰਦੇ ਹਨ, “ਹਾਲਾਂਕਿ, ਟਰੰਪ ਨੇ ਕਿਹਾ ਹੈ ਕਿ ਭਵਿੱਖ ਵਿੱਚ ਸਾਰੇ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ, ਕਸ਼ਮੀਰ ‘ਤੇ ਵੀ ਚਰਚਾ ਕੀਤੀ ਜਾਵੇਗੀ, ਪਰ ਮੈਨੂੰ ਨਹੀਂ ਲੱਗਦਾ ਕਿ ਅਜਿਹੀ ਕਿਸੇ ਗੱਲਬਾਤ ਲਈ ਕੋਈ ਸਹਿਮਤੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣ ਹੋਵੇਗੀ।”
“ਟਰੰਪ ਇੱਕ ਵੱਡੇ ਅਤੇ ਮਹੱਤਵਪੂਰਨ ਰਾਸ਼ਟਰ ਦੀ ਅਗਵਾਈ ਕਰਦੇ ਹਨ, ਉਹ ਆਪਣੇ ਵੱਲੋਂ ਕਹਿ ਸਕਦੇ ਹਨ। ਪਰ ਭਾਰਤ ਉਹ ਕਰੇਗਾ ਜੋ ਉਸ ਨੂੰ ਕਰਨਾ ਹੋਵੇਗਾ।”

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਤੇ ਕੌਮਾਂਤਰੀ ਮਾਮਲਿਆਂ ਦੇ ਮਾਹਰ, ਪ੍ਰੋਫੈਸਰ ਚਿੰਤਾਮਣੀ ਮਹਾਪਾਤਰਾ ਕਹਿੰਦੇ ਹਨ, “ਜੇਕਰ ਕੋਈ ਤੀਜਾ ਦੇਸ਼ ਕਸ਼ਮੀਰ ਮੁੱਦੇ ਵਿੱਚ ਦਖ਼ਲ ਦੇਣਾ ਚਾਹੁੰਦਾ ਹੈ, ਤਾਂ ਭਾਰਤ ਮਨ੍ਹਾਂ ਕਰ ਦੇਵੇਗਾ। ਪਰ ਇਹ ਟਕਰਾਅ ਕਸ਼ਮੀਰ ਬਾਰੇ ਨਹੀਂ ਸੀ, ਸਗੋਂ ਅੱਤਵਾਦ ਬਾਰੇ ਸੀ।”
“ਭਾਵੇਂ ਡੌਨਲਡ ਟਰੰਪ ਨੇ ਪਹਿਲਾਂ ਹੀ ਜਾਣਕਾਰੀ ਦੇ ਵੀ ਦਿੱਤੀ ਸੀ, ਇਸ ਨਾਲ ਭਾਰਤ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਟਰੰਪ ਦੀ ਦਖ਼ਲਅੰਦਾਜ਼ੀ ਜਾਂ ਉਨ੍ਹਾਂ ਦੀ ਹੱਦੋਂ ਵੱਧ ਪਹੁੰਚ ਬਾਰੇ ਸੋਸ਼ਲ ਮੀਡੀਆ ‘ਤੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਰਾਜਨੀਤਿਕ ਹਨ। ਇਸ ਸਥਿਤੀ ਵਿੱਚ, ਟਰੰਪ ਪ੍ਰਤੀ ਭਾਰਤ ਅਤੇ ਪਾਕਿਸਤਾਨ ਦੀਆਂ ਪ੍ਰਤੀਕਿਰਿਆਵਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ।”
ਤਾਂ ਕੀ ਭਾਰਤ ਅਮਰੀਕਾ ਦੇ ਯਤਨਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ ਜਾਂ ਡਾਊਨਪਲੇਅ ਕਰ ਰਿਹਾ ਹੈ? ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਜਿਹਾ ਨਹੀਂ ਹੈ।
ਕੌਮਾਂਤਰੀ ਮਾਮਲਿਆਂ ਦੀ ਜਾਣਕਾਰ ਸਤੂਤੀ ਬੈਨਰਜੀ ਕਹਿੰਦੇ ਹਨ, “ਮੈਨੂੰ ਨਹੀਂ ਲੱਗਦਾ ਹੈ ਕਿ ਭਾਰਤ ਅਮਰੀਕਾ ਦੀਆਂ ਕੋਸ਼ਿਸ਼ਾਂ ਨੂੰ ਡਾਊਨਪਲੇਅ ਕਰ ਰਿਹਾ ਹੈ। ਭਾਰਤ ਬਸ ਇਹ ਸਪੱਸ਼ਟ ਕਰ ਰਿਹਾ ਹੈ ਕਿ ਅਸੀਂ ਗੱਲਬਾਤ ਲਈ ਮਦਦ ਤਾਂ ਸਵੀਕਾਰ ਕਰ ਸਕਦੇ ਹਾਂ ਪਰ ਗੱਲਬਾਤ ਸਿਰਫ਼ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੀ ਹੋਵੇਗੀ ਅਤੇ ਇਸ ਲਈ ਹੀ ਭਾਰਤ ਨੇ ਅਮਰੀਕਾ ਦੇ ਬਿਆਨਾਂ ʼਤੇ ਕੋਈ ਜਨਤਕ ਟਿੱਪਣੀ ਨਹੀਂ ਕੀਤੀ ਹੈ।”

ਤਸਵੀਰ ਸਰੋਤ, ANI
ਡੌਨਲਡ ਟਰੰਪ ਨੇ ਕਸ਼ਮੀਰ ਦਾ ਜ਼ਿਕਰ ਕਿਉਂ ਕੀਤਾ?
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀ ਕਸ਼ਮੀਰ ਮੁੱਦੇ ਦਾ ਜ਼ਿਕਰ ਕੀਤਾ ਹੈ ਅਤੇ ਇਸ ਨੂੰ ਹੱਲ ਕਰਨ ਵਿੱਚ ਮਦਦ ਦੀ ਪੇਸ਼ਕਸ਼ ਕੀਤੀ ਹੈ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਭਾਵੇਂ ਭਾਰਤ ਇਸ ਪਹਿਲ ਦਾ ਸਵਾਗਤ ਕਰੇ ਪਰ ਅਜਿਹਾ ਨਹੀਂ ਲੱਗਦਾ ਕਿ ਭਾਰਤ ਕਸ਼ਮੀਰ ਮੁੱਦੇ ‘ਤੇ ਕਿਸੇ ਵੀ ਵਿਦੇਸ਼ੀ ਦੇਸ਼ ਦੀ ਦਖ਼ਲਅੰਦਾਜ਼ੀ ਨੂੰ ਸਵੀਕਾਰ ਕਰੇਗਾ।
ਕੌਮਾਂਤਰੀ ਮਾਮਲਿਆਂ ਦੀ ਮਾਹਰ ਸਤੂਤੀ ਬੈਨਰਜੀ ਕਹਿੰਦੇ ਹਨ, “ਅਮਰੀਕੀ ਰਾਸ਼ਟਰਪਤੀ ਹੋਣ ਦੇ ਨਾਤੇ, ਉਹ ਪਹਿਲਾਂ ਹੀ ਰੂਸ ਅਤੇ ਅਮਰੀਕਾ ਵਿਚਕਾਰ ਸ਼ਾਂਤੀ ਲਿਆਉਣ ਦੀ ਗੱਲ ਚੁੱਕੇ ਹਨ, ਮੱਧ ਪੂਰਬ ਵਿੱਚ ਸ਼ਾਂਤੀ ਲਿਆਉਣ ਦੀ ਗੱਲ ਕਰ ਚੁੱਕੇ ਹਨ।”
“ਹੁਣ ਉਨ੍ਹਾਂ ਨੇ ਕਸ਼ਮੀਰ ਬਾਰੇ ਗੱਲ ਕੀਤੀ ਹੈ। ਇਹ ਮੁੱਦਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੈ। ਭਾਰਤ ਕਿਸੇ ਵੀ ਤੀਜੇ ਦੇਸ਼ ਦੇ ਦਖ਼ਲ ਨੂੰ ਸਵੀਕਾਰ ਨਾ ਕਰਨ ਦੇ ਆਪਣੇ ਸਟੈਂਡ ‘ਤੇ ਦ੍ਰਿੜ ਰਹੇਗਾ।”
ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਵਿੱਚ ਦਖ਼ਲ ਦਿੱਤਾ ਹੈ।
ਕਾਰਗਿਲ ਯੁੱਧ ਦੌਰਾਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਬਿਲ ਕਲਿੰਟਨ ਨੂੰ ਮਿਲਣ ਲਈ ਅਮਰੀਕਾ ਪਹੁੰਚੇ ਅਤੇ ਭਾਰਤ ਨਾਲ ਜੰਗਬੰਦੀ ਦੀ ਮੰਗ ਕੀਤੀ।
ਫਿਰ ਬਿਲ ਕਲਿੰਟਨ ਨੇ ਦਖ਼ਲ ਦਿੱਤਾ ਸੀ ਅਤੇ ਅਟਲ ਬਿਹਾਰੀ ਵਾਜਪਾਈ ਨੂੰ ਕਿਹਾ ਸੀ ਕਿ ਜੰਗ ਰੁਕਣੀ ਚਾਹੀਦੀ ਹੈ। ਇਸ ਤੋਂ ਬਾਅਦ, ਭਾਰਤ ਅਤੇ ਪਾਕਿਸਤਾਨ ਨੇ ਕਾਰਗਿਲ ਯੁੱਧ ਵਿੱਚ ਜੰਗਬੰਦੀ ਦਾ ਐਲਾਨ ਕੀਤਾ।

ਤਸਵੀਰ ਸਰੋਤ, Reuters
ਡੌਨਲਡ ਟਰੰਪ ਤੋਂ ਪਹਿਲਾਂ ਵੀ ਕਈ ਅਮਰੀਕੀ ਰਾਸ਼ਟਰਪਤੀਆਂ ਨੇ ਕਸ਼ਮੀਰ ਮੁੱਦੇ ‘ਤੇ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਰ ਭਾਰਤ ਨੇ ਅਜਿਹੀਆਂ ਕੋਸ਼ਿਸ਼ਾਂ ਨੂੰ ਬਹੁਤਾ ਮਹੱਤਵ ਨਹੀਂ ਦਿੱਤਾ।
ਪ੍ਰੋਫੈਸਰ ਚਿੰਤਾਮਣੀ ਮਹਾਪਾਤਰਾ ਕਹਿੰਦੇ ਹਨ, “ਡੌਨਲਡ ਟਰੰਪ ਤੋਂ ਪਹਿਲਾਂ ਵੀ, ਕਈ ਅਮਰੀਕੀ ਰਾਸ਼ਟਰਪਤੀਆਂ ਨੇ ਕਸ਼ਮੀਰ ਮੁੱਦੇ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਾਕਿਸਤਾਨ ਹਮੇਸ਼ਾ ਅਮਰੀਕਾ ਤੋਂ ਕਸ਼ਮੀਰ ਮੁੱਦੇ ਵਿੱਚ ਦਖ਼ਲ ਦੇਣ ਦੀ ਲਾਬਿੰਗ ਕਰਦਾ ਹੈ।”
“ਪਰ ਭਾਰਤ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ ਹੈ। ਭਾਰਤ ਇਸ ਸਮੇਂ ਕਸ਼ਮੀਰ ਮੁੱਦੇ ਵਿੱਚ ਕਿਸੇ ਵੀ ਬਾਹਰੀ ਦਖ਼ਲ ਨੂੰ ਸਵੀਕਾਰ ਨਹੀਂ ਕਰੇਗਾ।”
ਵਿਸ਼ਲੇਸ਼ਕ ਮੰਨਦੇ ਹਨ ਕਿ ਅਮਰੀਕੀ ਰਾਸ਼ਟਰਪਤੀ ਦੇ ਬਿਆਨ ਨੂੰ ਇਸ ਸੰਕੇਤ ਵਜੋਂ ਦੇਖਿਆ ਜਾ ਸਕਦਾ ਹੈ ਕਿ ਪਾਕਿਸਤਾਨ ਕਸ਼ਮੀਰ ਦੇ ਮੁੱਦੇ ਦਾ ਕੌਮਾਂਤਰੀਕਰਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਮਹਾਪਾਤਰਾ ਕਹਿੰਦੇ ਹਨ, “ਪਾਕਿਸਤਾਨ ਹਮੇਸ਼ਾ ਕਸ਼ਮੀਰ ਮੁੱਦੇ ਦਾ ਅੰਤਰਰਾਸ਼ਟਰੀਕਰਨ ਕਰਨਾ ਚਾਹੁੰਦਾ ਰਿਹਾ ਹੈ। ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਟਰੰਪ ਦਾ ਬਿਆਨ ਇਸ ਗੱਲ ਦਾ ਸੰਕੇਤ ਹੈ ਕਿ ਪਾਕਿਸਤਾਨ ਇਸ ਮੁੱਦੇ ਦਾ ਅੰਤਰਰਾਸ਼ਟਰੀਕਰਨ ਕਰਨ ਵਿੱਚ ਸਫ਼ਲ ਹੋ ਰਿਹਾ ਹੈ।”
“ਪਾਕਿਸਤਾਨ ਇਹ ਜਾਣਦਾ ਹੈ ਕਿ ਭਾਰਤ ਇਸ ਮਾਮਲੇ ਵਿੱਚ ਕਿਸੇ ਤੀਜੇ ਦੇਸ਼ ਦੀ ਦਖ਼ਲਅੰਦਾਜ਼ੀ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗਾ। ਅਜਿਹੀ ਸਥਿਤੀ ਵਿੱਚ, ਪਾਕਿਸਤਾਨ ਦੁਨੀਆ ਨੂੰ ਇਹ ਦਿਖਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਕਸ਼ਮੀਰ ਮੁੱਦੇ ‘ਤੇ ਗੱਲ ਕਰਨਾ ਚਾਹੁੰਦਾ ਹੈ ਪਰ ਭਾਰਤ ਇਸ ‘ਤੇ ਗੱਲ ਨਹੀਂ ਕਰਨਾ ਚਾਹੁੰਦਾ।”

ਤਸਵੀਰ ਸਰੋਤ, Reuters
ਪਰ ਕੀ ਟਰੰਪ ਕਸ਼ਮੀਰ ‘ਤੇ ਵਿਚੋਲਗੀ ਕਰਨ ਲਈ ਗੰਭੀਰ ਹਨ?
ਪ੍ਰੋਫੈਸਰ ਮਹਾਪਾਤਰਾ ਕਹਿੰਦੇ ਹਨ, “ਕਸ਼ਮੀਰ ‘ਤੇ ਟਰੰਪ ਦਾ ਬਿਆਨ ਬਹੁਤ ਗੰਭੀਰ ਨਹੀਂ ਹੈ। ਡੌਨਲਡ ਟਰੰਪ ਦੀ ਨੀਤ ਗ਼ਲਤ ਨਹੀਂ ਹੈ। ਉਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਇੱਕ ਸਮਝੌਤਾ ਕਰਵਾਉਣ ਦੀ ਗੱਲ ਕਰ ਰਹੇ ਹਨ। ਇਹ ਇਰਾਦਾ ਸਹੀ ਹੈ ਪਰ ਇਸ ਵਿੱਚ ਬਹੁਤੀ ਗੰਭੀਰਤਾ ਨਹੀਂ ਹੈ।”
ਵਿਸ਼ਲੇਸ਼ਕਾਂ ਦਾ ਇਹ ਵੀ ਮੰਨਣਾ ਹੈ ਕਿ ਅਮਰੀਕਾ ਦੇ ਪਾਕਿਸਤਾਨ ਨਾਲ ਸਬੰਧ ਭਾਰਤ ਨਾਲ ਸਬੰਧਾਂ ਨਾਲੋਂ ਵੱਖਰੇ ਹਨ। ਅਜਿਹੀ ਸਥਿਤੀ ਵਿੱਚ, ਅਮਰੀਕਾ ਦੇ ਸਾਹਮਣੇ ਚੁਣੌਤੀ ਇਹ ਹੈ ਕਿ ਦੋਵੇਂ ਦੇਸ਼ਾਂ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਸਾਧ ਕੇ ਰੱਖੇ।
ਸਤੂਤੀ ਕਹਿੰਦੇ ਹਨ, “ਭਾਰਤ ਨੂੰ ਪਾਕਿਸਤਾਨ ਦੇ ਨਾਲ ਅਮਰੀਕਾ ਦੇ ਰਿਸ਼ਤੇ ਨਾਲ ਕੋਈ ਸਮੱਸਿਆ ਨਹੀਂ ਹੈ। ਭਾਰਤ ਦੇ ਪਾਕਿਸਤਾਨ ਨਾਲ ਕੁਝ ਮੁੱਦੇ ਹਨ ਅਤੇ ਭਾਰਤ ਚਾਹੁੰਦਾ ਹੈ ਕਿ ਪਾਕਿਸਤਾਨ ਵੱਲੋਂ ਅੱਤਵਾਦ ਖ਼ਤਮ ਹੋਵੇ। ਅਮਰੀਕਾ ਇਸ ਵਿੱਚ ਕਿਸ ਤਰ੍ਹਾਂ ਦੀ ਮਦਦ ਕਰ ਸਕਦਾ ਹੈ ਕਿ ਇਹ ਅਮਰੀਕਾ ਨੂੰ ਦੇਖਣਾ ਹੋਵੇਗਾ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI