Source :- BBC PUNJABI

ਤਸਵੀਰ ਸਰੋਤ, X/Devendra Dadnavis
ਦਮਦਮੀ ਟਕਸਾਲ ਦੀ ਭਾਰਤੀ ਜਨਤਾ ਪਾਰਟੀ ਨਾਲ ‘ਇਕਸੁਰਤਾ ਅਤੇ ਸਾਂਝੀਆਂ ਗਤੀਵਿਧੀਆਂ’ ਨੇ ਪੰਥਕ ਅਤੇ ਸਿਆਸੀ ਹਲਕਿਆਂ ਵਿੱਚ ਗੰਭੀਰ ਚਰਚਾ ਛੇੜ ਦਿੱਤੀ ਹੈ।
ਇੱਕ ਪਾਸੇ, ਮਹਾਰਾਸ਼ਟਰ ਵਿੱਚ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾਂ, ਸੂਬੇ ਦੇ ਭਾਜਪਾਈ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਮੰਚ ਸਾਂਝੇ ਕਰ ਰਹੇ ਹਨ। ਉੱਥੇ ਦੂਜੇ ਪਾਸੇ, ਇੱਕ ਸਮੇਂ ਦਮਦਮੀ ਟਕਸਾਲ ਦੇ ਮੁਖੀ ਰਹੇ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਭਾਜਪਾ ਦੇ ਆਗੂ ‘ਅੱਤਵਾਦੀ’ ਕਰਾਰ ਦੇ ਰਹੇ ਹਨ।
ਪਿਛਲੇ ਦਿਨੀਂ ਹਿਮਾਚਲ ਪ੍ਰਦੇਸ਼ ਦੀ ਭਾਜਪਾ ਇਕਾਈ ਦੇ ਆਗੂਆਂ ਨੇ ਜਰਨੈਲ ਸਿੰਘ ਭਿੰਡਰਾਵਾਲੇ ਨੂੰ ‘ਅੱਤਵਾਦੀ’ ਦੱਸਦਿਆਂ ਉਨ੍ਹਾਂ ਦੀਆਂ ਫੋਟੋਆਂ ਵਾਲੇ ਝੰਡੇ ਲਗਾ ਕੇ ਪੰਜਾਬ ਤੋਂ ਆਉਣ ਵਾਲੇ ਨੌਜਵਾਨਾਂ ਨੂੰ ਅਮਨ ਕਾਨੂੰਨ ਲ਼ਈ ਖ਼ਤਰਾ ਦੱਸਿਆ ਸੀ, ਜੋ ਦੋਵਾਂ ਸੂਬਿਆਂ ਵਿੱਚ ਤਣਾਅ ਦਾ ਕਾਰਨ ਬਣ ਗਿਆ ਸੀ।
ਭਾਰਤ ਦੀ ਲੋਕ ਸਭਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਲੰਘੀ 21 ਮਾਰਚ ਨੂੰ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਬਾਰੇ ਟਿੱਪਣੀ ਕਰਦਿਆਂ, ਉਨ੍ਹਾਂ ਦੀ ਤੁਲਨਾ ਜਰਨੈਲ ਸਿੰਘ ਭਿੰਡਰਾਵਾਲੇ ਨਾਲ ਕੀਤੀ ਸੀ।
ਇਸ ਤੋਂ ਬਾਅਦ ਵੱਖ-ਵੱਖ ਪੰਥਕ ਸ਼ਖਸ਼ੀਅਤਾਂ ਨੇ ਅਮਿਤ ਸ਼ਾਹ ਦੀ ਲੋਕ ਸਭਾ ਵਿੱਚ ਕੀਤੀ ਗਈ ਇਸ ਟਿੱਪਣੀ ਦੀ ਕਰੜੀ ਨਿਖੇਧੀ ਕੀਤੀ ਸੀ।

ਤਸਵੀਰ ਸਰੋਤ, Getty Images
ਜੂਨ 1984 ਦੌਰਾਨ ਭਾਰਤੀ ਫੌਜ ਨੇ ਜਰਨੈਲ ਸਿੰਘ ਭਿੰਡਰਾਵਾਲਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਬਾਹਰ ਕੱਢਣ ਦੇ ਨਾਂ ਉੱਤੇ ਫੌਜੀ ਕਾਰਵਾਈ ਕੀਤੀ ਸੀ ਜਿਸ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।
ਸਿੱਖਾਂ ਦੀ ਸਿਰਮੌਰ ਸੰਸਥਾ ਅਕਾਲ ਤਖ਼ਤ ਸਾਹਿਬ ਤੋਂ ਜਰਨੈਲ ਸਿੰਘ ਭਿੰਡਰਾਵਾਲੇ ਨੂੰ ”ਸ਼ਹੀਦ” ਐਲਾਨਿਆ ਗਿਆ, ਜਦਕਿ ਭਾਰਤੀ ਜਨਤਾ ਪਾਰਟੀ ਉਨ੍ਹਾਂ ਨੂੰ ‘ਅੱਤਵਾਦੀ’ ਵੀ ਕਹਿ ਚੁੱਕੀ ਹੈ।
ਹੁਣ ਵਿਸਾਖੀ ਮੌਕੇ, ਹਰਨਾਮ ਸਿੰਘ ਧੁੰਮਾਂ ਭਾਜਪਾ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਮਹਾਰਾਸ਼ਟਰ ਦੇ ਮੁੰਬਈ ਸ਼ਹਿਰ ਵਿੱਚ ਸਨਮਾਨਿਤ ਕਰਦੇ ਨਜ਼ਰ ਆਏ ਹਨ।
ਇਸ ਤੋਂ ਪਹਿਲਾਂ ਮਹਾਰਾਸ਼ਟਰ ਵਿੱਚ ਹੀ ਪਿਛਲੇ ਵਰ੍ਹੇ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਟਕਸਾਲ ਮੁਖੀ ਨੇ ਭਾਜਪਾ ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ।
ਦਮਦਮੀ ਟਕਸਾਲ ਦੀ ਭਾਜਪਾ ਨਾਲ ਸਾਂਝ

ਤਸਵੀਰ ਸਰੋਤ, Getty Images
ਦਮਦਮੀ ਟਕਸਾਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਭਾਜਪਾ ਉੱਪਰ ਕੁਝ ਪੰਥਕ ਆਗੂਆਂ ਨੂੰ ‘ਮੋਹਰਾ’ ਬਣਾ ਕੇ ਅਕਾਲੀ ਦਲ ਨੂੰ ਖ਼ਤਮ ਕਰਨ ਦੀ ਸਾਜਿਸ਼ ਰਚਣ ਦਾ ਇਲਜ਼ਾਮ ਲਾਇਆ ਹੈ।
ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਇਹ ਕਿਆਸ-ਅਰਾਈਆਂ ਵੀ ਸ਼ੁਰੂ ਹੋ ਗਈਆਂ ਹਨ ਕਿ ਆਖ਼ਰਕਾਰ ਹਰਨਾਮ ਸਿੰਘ ਧੁੰਮਾਂ ਦੀ ਭਾਜਪਾ ਨਾਲ ਵਧੀ ‘ਨੇੜਤਾ’ ਦੇ ਸਿਆਸੀ ਮਾਅਨੇ ਕੀ ਹਨ।
ਪੰਥਕ ਹਲਕਿਆਂ ਵਿੱਚ ਇਹ ਸਵਾਲ ਕੀਤਾ ਜਾ ਰਿਹਾ ਹੈ ਕਿ ਜਿਹੜੀ ਦਮਦਮੀ ਟਕਸਾਲ ਅਕਾਲ ਤਖ਼ਤ ਉੱਤੇ ਫੌਜੀ ਕਾਰਵਾਈ ਲਈ ਭਾਜਪਾ ਨੂੰ ਵੀ ਜ਼ਿੰਮੇਵਾਰ ਦੱਸਦੀ ਰਹੀ ਹੈ, ਆਖ਼ਰਕਾਰ ਹਰਨਾਮ ਸਿੰਘ ਧੁੰਮਾਂ ਵੱਲੋਂ ਉਸ ਭਾਜਪਾ ਨੂੰ ਸਮਰਥਨ ਦੇਣ ਦੀ ਕੀ ਮਜਬੂਰੀ ਹੈ।
ਹਰਨਾਮ ਸਿੰਘ ਧੁੰਮਾਂ ਮਹਾਰਾਸ਼ਟਰ ਵਿੱਚ ਭਾਜਪਾ ਨੂੰ ਸਮਰਥਨ ਦੇ ਰਹੇ ਹਨ, ਪੰਜਾਬ ਵਿੱਚ ਉਹ ਅਕਾਲੀ ਦਲ ਦੀਆਂ ਪੰਥਕ ਵਿਰੋਧੀ ਧਿਰਾਂ ਦਾ ਸਾਥ ਦੇ ਰਹੇ ਹਨ।

ਤਸਵੀਰ ਸਰੋਤ, Getty Images
ਦਰਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਾਲ ਹੀ ਵਿੱਚ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਸੁਲਤਾਨ ਸਿੰਘ ਨੂੰ ਅਹੁਦੇ ਤੋਂ ਫ਼ਾਰਗ ਕੀਤਾ ਗਿਆ ਹੈ।
ਇਨਾਂ ਜਥੇਦਾਰਾਂ ਦੀ ਸੇਵਾ ਮੁਕਤੀ ਖਿਲਾਫ਼ ਅਕਾਲੀ ਦਲ ਦੀਆਂ ਵਿਰੋਧੀ ਪੰਥਕ ਧਿਰਾਂ ਵੱਲੋਂ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ, ਉਸ ਦੀ ਅਗਵਾਈ ਹਰਨਾਮ ਸਿੰਘ ਧੁੰਮਾਂ ਹੀ ਕਰ ਰਹੇ ਹਨ।
ਹਰਨਾਮ ਸਿੰਘ ਧੁੰਮਾਂ ਵੱਲੋਂ ਹੋਰਨਾਂ ਪੰਥਕ ਆਗੂਆਂ ਦੇ ਨਾਲ ਲੰਘੀ 28 ਮਾਰਚ ਨੂੰ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ, ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਧਰਨਾ ਦਿੱਤਾ ਗਿਆ ਸੀ।
ਇਸੇ ਗੱਲ ਨੂੰ ਵੀ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਹਰਨਾਮ ਸਿੰਘ ਧੁੰਮਾਂ ਤੇ ਭਾਜਪਾ ਵਿਰੁੱਧ ਬਿਆਨਬਾਜੀ ਕੀਤੀ ਜਾ ਰਹੀ ਹੈ।
ਅਕਾਲੀ ਦਲ ਦੀ ਲੀਡਰਸ਼ਿਪ ਮੰਨਦੀ ਹੈ ਕਿ ਜਦੋਂ ਤੋਂ 2020-21 ਦੇ ਕਿਸਾਨ ਅੰਦੋਲਨ ਦੌਰਾਨ ਅਕਾਲੀ ਦਲ ਨੇ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਗਠਜੋੜ ਨਾਲੋਂ ਨਾਤਾ ਤੋੜਿਆ ਹੈ, ਭਾਰਤੀ ਜਨਤਾ ਪਾਰਟੀ ਉਦੋਂ ਤੋਂ ਹੀ ਅਕਾਲੀ ਦਲ ਨੂੰ ਖ਼ਤਮ ਕਰਨ ਲਈ ਸਾਜਿਸ਼ਾਂ ਕਰ ਰਹੀ ਹੈ।
ਅਕਾਲੀ ਦਲ, ਮਾਹਰਾਸ਼ਟਰ ਵਿੱਚ ਹਰਨਾਮ ਸਿੰਘ ਧੁੰਮਾਂ ਦੀਆਂ ਭਾਜਪਾ ਨਾਲ ਸਾਂਝ ਅਤੇ ਪੰਜਾਬ ਵਿੱਚ ਤਖ਼ਤਾਂ ਤੋਂ ਹਟਾਏ ਗਏ ਜਥੇਦਾਰਾਂ ਨੂੰ ਇੱਕੋ ਕੜੀ ਨਾਲ ਜੋੜ ਰਿਹਾ ਹੈ। ਸੁਖਬੀਰ ਬਾਦਲ ਇਸ ਸਭ ਨੂੰ ‘ਕੇਂਦਰ ਦੀ ਸਾਜਿਸ਼’ ਦਾ ਹਿੱਸਾ ਦੱਸਦੇ ਹਨ।
ਦਮਦਮੀ ਟਕਸਾਲ ਦਾ ਕੀ ਹੈ ਪਿਛੋਕੜ

ਤਸਵੀਰ ਸਰੋਤ, Getty Images
ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 7 ਅਗਸਤ, 1706 ਨੂੰ ਦਮਦਮੀ ਟਕਸਾਲ ਦੀ ਸਥਾਪਨਾ ਕਰਕੇ ਬਾਬਾ ਦੀਪ ਸਿੰਘ ਨੂੰ ਇਸ ਟਕਸਾਲ ਦੇ ਪਹਿਲੇ ਮੁਖੀ ਥਾਪਿਆ ਸੀ।
ਇਸ ਵੇਲੇ ਦਮਦਮੀ ਟਕਸਾਲ ਦੀਆਂ ਸਰਗਰਮੀਆਂ ਦਾ ਮੁੱਖ ਕੇਂਦਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸਾਹਿਬ ਹੈ। ਇਹ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੂਰ ਉੱਤਰ ਦੀ ਦਿਸ਼ਾ ਵਾਲੇ ਪਾਸੇ ਵਸੇ ਕਸਬਾ ਮਹਿਤਾ ਵਿੱਚ ਸਥਿਤ ਹੈ।
ਇਸ ਦੀ ਉਸਾਰੀ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਦੀ ਯਾਦ ਵਿੱਚ 1969 ਦੇ ਨੇੜੇ-ਤੇੜੇ ਕਰਵਾਈ ਗਈ ਸੀ।
ਇਸ ਤੋਂ ਪਹਿਲਾਂ ਦਮਦਮੀ ਟਕਸਾਲ ਦੀਆਂ ਸਰਗਰਮੀਆਂ ਦਾ ਮੁੱਖ ਕੇਂਦਰ ਜ਼ਿਲਾ ਮੋਗਾ ਅਧੀਨ ਪੈਂਦੇ ਪਿੰਡ ਭਿੰਡਰ ਕਲਾਂ ਦਾ ਗੁਰਦੁਆਰਾ ਅਖੰਡ ਪ੍ਰਕਾਸ਼ ਸਾਹਿਬ ਸੀ।

ਤਸਵੀਰ ਸਰੋਤ, Jasvir Singh Rode/FB
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਦੱਸਦੇ ਹਨ, ”ਟਕਸਾਲ ਦਾ ਮੁੱਖ ਮੰਤਵ ਗੁਰਬਾਣੀ ਦੀ ਸੰਥਿਆ ਕਰਵਾਉਣਾ, ਆਲ੍ਹਾ ਦਰਜੇ ਦੇ ਕਥਾਵਾਚਕ ਬਣਾਉਣਾ ਅਤੇ ਕੀਰਤਨੀ ਜਥੇ ਤਿਆਰ ਕਰਨਾ ਹੈ।”
ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤੱਕ ਪੜ੍ਹਾਈ ਵੀ ਕਰਵਾਈ ਜਾਂਦੀ ਹੈ।
ਭਾਈ ਜਸਬੀਰ ਸਿੰਘ ਰੋਡੇ ਕਹਿੰਦੇ ਹਨ, “ਦਮਦਮੀ ਟਕਸਾਲ ਨੂੰ ਧਾਰਮਿਕ ਸਿੱਖਿਆ ਦੀ ਮੂਵਿੰਗ ਯੂਨੀਵਰਸਿਟੀ ਭਾਵ ਚਲਦੀ-ਫਿਰਦੀ ਯੂਨੀਵਰਸਿਟੀ ਵੀ ਕਿਹਾ ਜਾਂਦਾ ਹੈ।”
“ਟਕਸਾਲ ਤੋਂ ਪੜ੍ਹੇ ਵਿਦਵਾਨ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ ਅਤੇ ਹੋਰਨਾਂ ਗੁਰਧਾਮਾਂ ਦੇ ਹੈੱਡ ਗ੍ਰੰਥੀ ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ।”
ਅਸਲ ਵਿੱਚ ਦਮਦਮੀ ਟਕਸਾਲ ਆਪਣੀ ਸਥਾਪਨਾ ਤੋਂ ਲੈ ਕੇ ਸਿਰਫ਼ ਧਾਰਮਿਕ ਖੇਤਰ ਵਿੱਚ ਹੀ ਕਾਰਜਸ਼ੀਲ ਸੀ।
ਪਰ ਸਾਲ 1975 ਵਿੱਚ ਭਾਰਤ ਵਿੱਚ ਲੱਗੀ ਐਮਰਜੈਂਸੀ ਦੌਰਾਨ ਦਮਦਮੀ ਟਕਸਾਲ ਵੱਲੋਂ ਨਿਭਾਈ ਗਈ ਭੂਮਿਕਾ ਤੋਂ ਬਾਅਦ ਇਹ ਟਕਸਾਲ ਆਮ ਲੋਕਾਂ ਵਿੱਚ ਚਰਚਾ ‘ਚ ਆ ਗਈ।
ਟਕਸਾਲ ਦੀ ਕੇਂਦਰ ਸਰਕਾਰ ਨਾਲ ਕਸ਼ਮਕਸ਼ ਕਿਵੇਂ ਵਧੀ

ਤਸਵੀਰ ਸਰੋਤ, Getty Images
ਸਾਲ 1975 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਦੋਂ ਐਮਰਜੈਂਸੀ ਲਗਾਈ ਤਾਂ ਉਸ ਸਮੇਂ ਦਮਦਮੀ ਟਕਸਾਲ ਵੀ ਪੰਜਾਬ ਦੇ ਆਮ ਸਿਆਸੀ ਦਲਾਂ ਵਾਂਗ ਐਮਰਜੈਂਸੀ ਦੇ ਖਿਲਾਫ਼ ਮੈਦਾਨ ਵਿੱਚ ਨਿੱਤਰੀ ਸੀ।
ਦਮਦਮੀ ਟਕਸਾਲ ਦੇ ਉਸ ਵੇਲੇ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਵੱਲੋਂ ਐਮਰਜੈਂਸੀ ਸਮੇਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 37 ਜਲੂਸ ਕੱਢ ਕੇ ਧਾਰਮਿਕ ਪ੍ਰਚਾਰ ਕੀਤਾ ਗਿਆ ਸੀ ਅਤੇ ਨਾਲ ਹੀ ਲੋਕਤੰਤਰ ਦੀ ਬਹਾਲੀ ਲਈ ਵੀ ਸੁਨੇਹਾ ਦਿੱਤਾ ਗਿਆ ਸੀ।
ਦਮਦਮੀ ਟਕਸਾਲ ਅਤੇ ਕੇਂਦਰ ਸਰਕਾਰ ਵਿੱਚ ਉਸ ਵੇਲੇ ਤਣਾਅ ਪੈਦਾ ਹੋਇਆ, ਜਦੋਂ 1975 ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 300 ਸਾਲਾ ਸ਼ਹੀਦੀ ਦਿਵਸ ਮੌਕੇ ‘ਤੇ ਦਿੱਲੀ ਵਿਖੇ ਇੱਕ ਸਮਾਗਮ ਕੀਤਾ ਜਾ ਰਿਹਾ ਸੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਆਪਣੀ ਕਿਤਾਬ ‘ਸੁਹਿਰਦ ਸੰਤ ਖਾਲਸਾ’ ਵਿੱਚ ਲਿਖਦੇ ਹਨ ਕਿ ਜਦੋਂ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਸ ਧਾਰਮਿਕ ਮੰਚ ਉੱਪਰ ਆਏ ਤਾਂ ਉੱਥੇ ਮੌਜੂਦ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੀ ਖੜ੍ਹੇ ਹੋ ਕੇ ਉਨਾਂ ਦਾ ਸਵਾਗਤ ਕੀਤਾ।
ਉਹ ਲਿਖਦੇ ਹਨ, “ਇਸ ਮੌਕੇ ਦਮਦਮੀ ਟਕਸਾਲ ਦੇ ਉਸ ਵੇਲੇ ਦੇ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਇੱਕੋ-ਇੱਕ ਅਜਿਹੀ ਸ਼ਖਸ਼ੀਅਤ ਸਨ, ਜੋ ਇੰਦਰਾ ਗਾਂਧੀ ਦੇ ਆਉਣ ਉੱਪਰ ਖੜ੍ਹੇ ਨਹੀਂ ਹੋਏ ਸਨ।”
ਜਸਵੀਰ ਸਿੰਘ ਰੋਡੇ ਨੇ ‘ਬੀਬੀਸੀ’ ਨਾਲ ਗੱਲ ਕਰਦਿਆਂ ਦੱਸਿਆ ਕਿ ਦਿੱਲੀ ਦੇ ਇਸ ਸਮਾਗਮ ਵਿੱਚ ਜਦੋਂ ਸੰਤ ਕਰਤਾਰ ਸਿੰਘ ਖਾਲਸਾ ਨੇ ਆਪਣਾ ਭਾਸ਼ਣ ਦਿੱਤਾ ਤਾਂ ਉਨਾਂ ਕਿਹਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਕੋਈ ਵੀ ਵਿਅਕਤੀ ਵੱਡਾ ਨਹੀਂ ਹੋ ਸਕਦਾ, ਭਾਵੇਂ ਉਹ ਸਿਆਸੀ ਤੌਰ ‘ਤੇ ਕਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ।
“ਇਸ ਗੱਲ ਤੋਂ ਬਾਅਦ ਸੰਤ ਕਰਤਾਰ ਸਿੰਘ ਖਾਲਸਾ ਅਕਸਰ ਹੀ ਉਸ ਵੇਲੇ ਦੀ ਕੇਂਦਰ ਸਰਕਾਰ ਨੂੰ ਧਾਰਮਿਕ ਮੁੱਦਿਆਂ ਨੂੰ ਲੈ ਕੇ ਨਿਸ਼ਾਨੇ ‘ਤੇ ਲੈਂਦੇ ਰਹੇ।”
ਇਸ ਸਮੇਂ ਦਮਦਮੀ ਟਕਸਾਲ ਅਤੇ ਕੇਂਦਰ ਸਰਕਾਰ ਵਿੱਚ ਆਪਸੀ ਕਸ਼ਮਕਸ਼ ਵਧ ਗਈ ਸੀ ਅਤੇ ਪੰਜਾਬ ਦੇ ਬੁਨਿਆਦੀ ਮਸਲਿਆਂ ਦੇ ਸਥਾਈ ਹੱਲ ਦੀ ਗੱਲ ਪੰਜਾਬ ਵਿੱਚ ਚੱਲਣ ਲੱਗੀ ਸੀ।
ਜਿਸ ਵੇਲੇ ਸੰਤ ਕਰਤਾਰ ਸਿੰਘ ਖਾਲਸਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਧਾਰਮਿਕ ਮੁਹਿੰਮ ਚਲਾ ਰਹੇ ਸਨ, ਤਾਂ ਉਹ 16 ਅਗਸਤ 1977 ਨੂੰ ਅਚਾਨਕ ਵਾਪਰੇ ਇੱਕ ਸੜਕ ਹਾਦਸੇ ਵਿੱਚ ਅਕਾਲ ਚਲਾਣਾ ਕਰ ਗਏ।
ਜਰਨੈਲ ਸਿੰਘ ਭਿੰਡਰਾਂਵਾਲਾ ਦਾ ਜਨਤਕ ਉਭਾਰ

ਤਸਵੀਰ ਸਰੋਤ, SATPAL DANISH
ਸੰਤ ਕਰਤਾਰ ਸਿੰਘ ਖਾਲਸਾ ਦੇ ਸੜਕ ਹਾਦਸੇ ਵਿੱਚ ਅਕਾਲ ਚਲਾਣਾ ਕਰਨ ਤੋਂ ਬਾਅਦ ਜਰਨੈਲ ਸਿੰਘ ਭਿੰਡਰਾਂਵਾਲਾ ਸਰਬ ਸੰਮਤੀ ਨਾਲ ਦਮਦਮੀ ਟਕਸਾਲ ਦੇ 14ਵੇਂ ਮੁਖੀ ਥਾਪ ਦਿੱਤੇ ਗਏ।
ਜਰਨੈਲ ਸਿੰਘ ਭਿੰਡਰਾਂਵਾਲਾ ਦੇ ਦਮਦਮੀ ਟਕਸਾਲ ਦਾ ਮੁਖੀ ਬਣਨ ਤੋਂ ਤੁਰੰਤ ਮਗਰੋਂ ਹੀ ਪੰਜਾਬ ਵਿੱਚ ਨਿਰੰਕਾਰੀ ਮਿਸ਼ਨ ਦਾ ਦਮਦਮੀ ਟਕਸਾਲ ਨਾਲ ਕੁਝ ਧਾਰਮਿਕ ਮੁੱਦਿਆਂ ਨੂੰ ਲੈ ਕੇ ਟਕਰਾ ਵਧ ਗਿਆ।
ਜਸਵੀਰ ਸਿੰਘ ਰੋਡੇ ਦੱਸਦੇ ਹਨ, “ਆਖਰਕਾਰ ਮਾੜਾ ਭਾਣਾ ਵਾਪਰ ਗਿਆ। 13 ਅਪ੍ਰੈਲ 1978 ਨੂੰ ਵਿਸਾਖੀ ਵਾਲੇ ਦਿਨ ”ਨਕਲੀ ਨਿਰੰਕਾਰੀਆਂ” ਦੇ ਰੱਖੇ ਸਮਾਗਮ ਦਾ ਵਿਰੋਧ ਕਰਨ ਜਾ ਰਹੇ 13 ਸਿੰਘ ਸ਼ਹੀਦ ਹੋ ਗਏ ਸਨ।”
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ, ਜਰਨੈਲ ਸਿੰਘ ਭਿੰਡਰਾਂਵਾਲਾ ਦੇ ਸਕੇ ਭਤੀਜੇ ਹਨ।
1984 ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੋਏ ‘ਬਲੂ ਸਟਾਰ ਆਪ੍ਰੇਸ਼ਨ’ ਤੋਂ ਬਾਅਦ ਬਾਬਾ ਠਾਕੁਰ ਸਿੰਘ ਨੂੰ ਦਮਦਮੀ ਟਕਸਾਲ ਦਾ ਮੁਖੀ ਥਾਪਿਆ ਗਿਆ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਆਪ੍ਰੇਸ਼ਨ ਬਲੂ ਸਟਾਰ ਦੌਰਾਨ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਮੌਤ ਨਹੀਂ ਹੋਈ।
ਬਾਬਾ ਠਾਕੁਰ ਸਿੰਘ ਤੋਂ ਬਾਅਦ ਜਦੋਂ ਸਾਲ 2017 ਵਿੱਚ ਪੰਥਕ ਧਿਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਨਾਮ ਸਿੰਘ ਧੁੰਮਾ ਨੂੰ ਦਮਦਮੀ ਟਕਸਾਲ ਦੇ ਮੁਖੀ ਵਜੋਂ ਮਾਨਤਾ ਦਿੱਤੀ ਤਾਂ ਉਨ੍ਹਾਂ ਜਰਨੈਲ ਸਿੰਘ ਭਿੰਡਰਾਵਾਲਾ ਨੂੰ ”ਸ਼ਹੀਦ” ਐਲਾਨਿਆ।

ਦਮਦਮੀ ਟਕਸਾਲ ਦਾ ਰਵਾਇਤੀ ਤੇ ਮੌਜੂਦਾ ਸਟੈਂਡ
ਸਿੱਖ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਦਮਦਮੀ ਟਕਸਾਲ ਆਪਣੀ ਸਥਾਪਨਾ ਤੋਂ ਲੈ ਕੇ ਕਦੇ ਵੀ ਕਿਸੇ ਸਿਆਸੀ ਦਲ ਦੀ ਜ਼ਾਹਰੀ ਤੌਰ ‘ਤੇ ਸਮਰਥਕ ਨਹੀਂ ਰਹੀ ਹੈ।
ਦਮਦਮੀ ਟਕਸਾਲ ਦੀ ਸਿਆਸੀ ਸੋਚ ਪੰਥਕ ਧਿਰਾਂ ਨਾਲ ਜੁੜੀ ਰਹੀ ਹੈ ਅਤੇ ਇਹ ਪੰਜਾਬ ਦੇ ਮੁੱਦਿਆਂ ਉੱਤੇ ਲੱਗਣ ਵਾਲੇ ਕਈ ਸਿਆਸੀ ਮੋਰਚਿਆਂ ਵਿੱਚ ਅੱਗੇ ਹੋ ਕੇ ਰੋਲ ਨਿਭਾਉਂਦੀ ਰਹੀ ਹੈ।
ਪਰ ਟਕਸਾਲ ਦੇ ਮੌਜੂਦਾ ਮੁਖੀ ਹਰਨਾਮ ਸਿੰਘ ਧੁੰਮਾਂ ਵੱਲੋਂ ਹੁਣ ਭਾਰਤੀ ਜਨਤਾ ਪਾਰਟੀ ਦਾ ਕੁਝ ਥਾਵਾਂ ਉੱਤੇ ਖੁੱਲ੍ਹ ਕੇ ਸਮਰਥਨ ਕਰਨ ਨਾਲ ਇਹ ਤਸਵੀਰ ਬਦਲਦੀ ਨਜ਼ਰ ਆ ਰਹੀ ਹੈ।
ਕਈ ਪੰਥਕ ਮਾਹਰ ਮੰਨਦੇ ਹਨ ਕਿ ਇਸ ਤਸਵੀਰ ਦੇ ਆਉਣ ਵਾਲੇ ਸਮੇਂ ਵਿੱਚ ਕੀ ਸਿਆਸੀ ਸਿੱਟੇ ਨਿਕਲਦੇ ਹਨ ਅਤੇ ਪੰਜਾਬ ਦੀ ਸਿਆਸੀ ਤਸਵੀਰ ਬਦਲਦੀ ਹੈ ਜਾਂ ਨਹੀਂ, ਇਹ ਤਾਂ ਸਮਾਂ ਹੀ ਦੱਸ ਸਕੇਗਾ।

ਤਸਵੀਰ ਸਰੋਤ, SAD MEDIA
ਪਰ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਹਾਰਾਸ਼ਟਰ ਵਿੱਚ ਧੁੰਮਾ ਦਾ ਭਾਜਪਾ ਨਾਲ ਨਜ਼ਰ ਆਉਣਾ ਅਤੇ ਪੰਜਾਬ ਵਿੱਚ ਅਹੁਦੇ ਤੋਂ ਹਟਾਏ ਗਏ ਜਥੇਦਾਰਾਂ ਦੇ ਸਮਰਥਨ ਵਿੱਚ ਨਿਤਰਨ ਨੂੰ, ਅਕਾਲੀ ਦਲ ਖਿਲਾਫ਼ ਭਾਜਪਾ ਦੀ ਸਾਜਿਸ਼ ਦੱਸਦੇ ਹਨ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਸ਼ੁਰੂ ਤੋਂ ਹੀ ਸਿੱਖ ਸੰਸਥਾਵਾਂ ਦੀ ਮਾਣ-ਮਰਿਆਦਾ ਨੂੰ ਕਮਜ਼ੋਰ ਕਰਨ ਦੀਆਂ ਚਾਲਾਂ ਚੱਲਦੀ ਆ ਰਹੀ ਹੈ।
ਉਨ੍ਹਾਂ ਕਿਹਾ, “ਇਨਾਂ ਚਾਲਾਂ ਤਹਿਤ ਹੀ ਕੇਂਦਰ ਸਰਕਾਰ ਵੱਲੋਂ ਪਹਿਲਾਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧਕੀ ਬੋਰਡ ਵੱਖ ਕੀਤਾ ਗਿਆ ਅਤੇ ਫਿਰ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਵੀ ਵੱਖਰਾ ਬੋਰਡ ਬਣਾ ਕੇ ਤਖ਼ਤ ਸਾਹਿਬ ਦੇ ਸਮੁੱਚੇ ਪ੍ਰਬੰਧ ਸਰਕਾਰ ਦੇ ਸਪੁਰਦ ਕਰ ਦਿੱਤੇ ਗਏ।”
“ਇਸੇ ਤਰ੍ਹਾਂ ਕੇਂਦਰ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਕੀਤੀ ਗਈ ਹੈ।”
ਸੁਖਬੀਰ ਸਿੰਘ ਬਾਦਲ ਇਲਜ਼ਾਮ ਲਾਉਂਦੇ ਹਨ ਕਿ “ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਇਸ ਕੰਮ ਲਈ ਕੁਝ ਪੰਥਕ ਆਗੂਆਂ ਨੂੰ ਮੋਹਰਾ ਬਣਾਇਆ ਜਾ ਰਿਹਾ।”
ਟਕਸਾਲ ਮੁਖੀ ਹਰਨਾਮ ਸਿੰਘ ਧੁੰਮਾਂ ਦਾ ਤਰਕ

ਤਸਵੀਰ ਸਰੋਤ, Talwinder singh Butter/BBC
ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਹਰਨਾਮ ਸਿੰਘ ਧੁੰਮਾਂ ਕਹਿੰਦੇ ਹਨ ਕਿ ਟਕਸਾਲ ਆਪਣੇ ਅਕੀਦੇ ਮੁਤਾਬਿਕ ਵਿਦਿਆਰਥੀਆਂ ਨੂੰ ਉਚੇਰੀ ਪੜ੍ਹਾਈ ਕਰਾਉਣ ਤੋਂ ਇਲਾਵਾ ਗੁਰਮਤਿ ਵਿੱਦਿਆ ਨਾਲ ਜੋੜਨ ਦਾ ਕਾਰਜ ਬਾਖੂਬੀ ਨਿਭਾਅ ਰਹੀ ਹੈ।
ਉਨਾਂ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਹੈ ਕਿ ਜਦੋਂ ਦਮਦਮੀ ਟਕਸਾਲ ਦੇ ਕਿਸੇ ਮੁਖੀ ਉੱਪਰ ਸਰਕਾਰਾਂ ਨਾਲ ਰਲ਼ੇ ਹੋਣ ਜਾਂ ਕਿਸੇ ਪਾਰਟੀ ਵਿਸ਼ੇਸ਼ ਨਾਲ ਗੰਢ-ਤੁੱਪ ਕਰਨ ਦੇ ਇਲਜ਼ਾਮ ਲੱਗੇ ਹੋਣ।
ਉਨ੍ਹਾਂ ਕਿਹਾ, “ਸਿਆਸੀ ਆਗੂ ਤਾਂ ਆਪਣੇ ਸਿਆਸੀ ਮੁਫ਼ਾਦਾਂ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਵੀ ਕਿਸੇ ਵੇਲੇ ਕਾਂਗਰਸ ਪਾਰਟੀ ਦਾ ਏਜੰਟ ਕਹਿੰਦੇ ਰਹੇ ਹਨ, ਜਦਕਿ ਇਹ ਇੱਕ ਧਾਰਮਿਕ ਸ਼ਖਸ਼ੀਅਤ ਦਾ ਅਪਮਾਨ ਅਤੇ ਕੋਰਾ ਝੂਠ ਸੀ।”
ਉਹ ਕਹਿੰਦੇ ਹਨ, “ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਿੱਖ ਧਰਮ ਲਈ ਸਰਬ-ਉਚ ਹਨ। ਉਨਾਂ ਦਾ ਸਤਿਕਾਰ ਬਹਾਲ ਕਰਨ ਲਈ ਟਕਸਾਲ ਵੱਲੋਂ ਸੰਘਰਸ਼ ਨਿਰੰਤਰ ਜਾਰੀ ਰਹੇਗਾ।”
“ਇਸੇ ਸੰਦਰਭ ਵਿੱਚ 27 ਅਪ੍ਰੈਲ ਨੂੰ ਦਮਦਮੀ ਟਕਸਾਲ ਦੇ ਹੈੱਡ ਕੁਆਰਟਰ, ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਪੰਥਕ ਜਥੇਬੰਦੀਆਂ ਦਾ ਇਕੱਠ ਰੱਖਿਆ ਗਿਆ ਹੈ ਤਾਂ ਕਿ ਫ਼ਾਰਗ ਕੀਤੇ ਗਏ ਤਖ਼ਤਾਂ ਦੇ ਜਥੇਦਾਰਾਂ ਦੀ ਬਹਾਲੀ ਲਈ ਅਗਲੇ ਸੰਘਰਸ਼ ਦੀ ਰੂਪ-ਰੇਖਾ ਤਿਆਰ ਕੀਤੀ ਜਾ ਸਕੇ।”
ਹਰਨਾਮ ਸਿੰਘ ਧੁੰਮਾਂ ਕਹਿੰਦੇ ਹਨ, “ਮਹਾਰਾਸ਼ਟਰ ਦੀ ਸਿੱਖ ਸੰਗਤ ਦੇ ਕਈ ਅਹਿਮ ਮਸਲੇ ਸਰਕਾਰ ਦੇ ਹੱਲ ਕਰਨ ਯੋਗ ਹਨ। ਉਥੋਂ ਦੀ ਸਰਕਾਰ ਨੇ ਇਹ ਮਸਲੇ ਪਹਿਲ ਦੇ ਆਧਾਰ ਉੱਪਰ ਹੱਲ ਕਰਨ ਦੀ ਗੱਲ ਕਹੀ ਹੈ।”
“ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਗੁਰਤਾ ਗੱਦੀ ਦਿਵਸ ਮੌਕੇ ਸਰਕਾਰੀ ਭਾਈਵਾਲੀ ਨਾਲ ਸਮਾਰੋਹ ਕਰਾਉਣ ਦੀ ਹਾਮੀ ਭਰੀ ਹੈ।”
ਉਨਾਂ ਕਿਹਾ ਕਿ ਦਮਦਮੀ ਟਕਸਾਲ ਦਾ ਮੁੱਖ ਕਾਰਜ ਗੁਰਮਤਿ ਦਾ ਪ੍ਰਚਾਰ ਅਤੇ ਸਿੱਖ ਸਿਧਾਂਤਾਂ ਨੂੰ ਦੁਨੀਆਂ ਦੇ ਹਰ ਕੋਨੇ ਵਿੱਚ ਪਹੁੰਚਾਉਣ ਦਾ ਹੈ।
“ਜੇਕਰ ਕਿਸੇ ਸਰਕਾਰ ਦੇ ਸਹਿਯੋਗ ਨਾਲ ਇਹ ਕਾਰਜ ਪੂਰੇ ਹੁੰਦੇ ਹਨ ਤਾਂ ਅਜਿਹਾ ਕਹਿਣਾ ਪੂਰਨ ਤੌਰ ‘ਤੇ ਗਲਤ ਹੈ ਕਿ ਦਮਦਮੀ ਟਕਸਾਲ ਕਿਸੇ ਤਰੀਕੇ ਭਾਜਪਾ ਨਾਲ ਰਲ਼ ਕੇ ਸਿੱਖ ਸਿਧਾਂਤਾਂ ਦਾ ਘਾਣ ਕਰ ਰਹੀ ਹੈ।”
ਸਿੱਖ ਬੁੱਧੀਜੀਵੀ ਕੀ ਕਹਿੰਦੇ ਹਨ

ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਪੰਥਕ ਹਲਕਿਆਂ ਵਿੱਚ ਸਿੱਖ ਚਿੰਤਕ ਅਤੇ ਇਤਿਹਾਸਕਾਰ ਵਜੋਂ ਜਾਣੇ ਜਾਂਦੇ ਹਨ।
ਜਦੋਂ ਉਨਾਂ ਨੂੰ ਪੁੱਛਿਆ ਗਿਆ ਕਿ ਦਮਦਮੀ ਟਕਸਾਲ ਵੱਲੋਂ ਭਾਜਪਾ ਨੂੰ ਸਮਰਥਨ ਦੇਣ ਦੇ ਕੀ ਮਾਅਨੇ ਹਨ ਤਾਂ ਉਨਾਂ ਸਪਸ਼ਟ ਸ਼ਬਦਾਂ ਵਿੱਚ ਕਿਹਾ, “ਸਿੱਖ ਕੌਮ ਅਤੇ ਪੰਥ ਇਸ ਨੂੰ ਕਿਸੇ ਹਾਲਤ ਵਿੱਚ ਪ੍ਰਵਾਨ ਨਹੀਂ ਕਰੇਗਾ।”
ਉਨਾਂ ਕਿਹਾ, “ਸਿੱਖ ਕੌਮ ਦੀ ਬੁਨਿਆਦ ਗੁਰੂ ਗ੍ਰੰਥ ਅਤੇ ਗੁਰੂ ਪੰਥ ਉੱਪਰ ਟਿਕੀ ਹੋਈ ਹੈ। ਇਹ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੇ ਵਰਤਾਰੇ ਦਾ ਪ੍ਰਤੀਕ ਹੈ।”
“ਗੈਰ-ਸਿਧਾਂਤਕ ਹਮਾਇਤ ਲੈਣ ਜਾਂ ਦੇਣ ਨਾਲ ਕਿਸੇ ਵੀ ਸਿਆਸੀ ਦਲ ਨੂੰ ਪੰਜਾਬ ਵਿੱਚ ਸਿੱਖ ਵੋਟ ਮਿਲਣ ਦੀ ਕਾਫ਼ੀ ਘੱਟ ਆਸ ਹੈ।”
ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਆਪਣੀ ਗੱਲ ਜਾਰੀ ਰੱਖਦੇ ਹੋਏ ਕਹਿੰਦੇ ਹਨ, “ਪੰਜਾਬ ਵਿੱਚ ਸਿੱਖ ਮਸਲੇ ਅਤੇ ਕਿਸਾਨ ਮਸਲੇ ਬੇਹਦ ਭਾਰੂ ਤੇ ਗੰਭੀਰ ਹਨ।”
“ਅਸਲ ਵਿੱਚ ਲਾਜ਼ਮੀ ਤੌਰ ‘ਤੇ ਸਮਝਣ ਵਾਲੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਮਹਾਰਾਸ਼ਟਰ ਵਿੱਚ ਸਮਰਥਨ ਦੇਣ ਦਾ ਫੈਸਲਾ ਕੇਵਲ ਹਰਨਾਮ ਸਿੰਘ ਧੁੰਮਾਂ ਦਾ ਮੰਨਿਆ ਜਾ ਸਕਦਾ ਹੈ, ਨਾ ਕਿ ਸਮੁੱਚੀ ਦਮਦਮੀ ਟਕਸਾਲ ਦਾ।”
“ਅਜਿਹੇ ਆਧਾਰਹੀਨ ਸਮਰਥਨ ਦੇ ਕੋਈ ਮਾਅਨੇ ਨਹੀਂ ਹਨ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI